Tuesday, 17 September 2013

ਪੰਜਾਬੀ ਲੋਕ ਕਥਾਵਾਂ ਦੇ ਰੂਪ



ਪੰਜਾਬੀ ਲੋਕ ਕਥਾਵਾਂ ਪੰਜਾਬੀ ਲੋਕ ਧਾਰਾ ਦਾ ਇੱਕ ਅਨਿੱਖੜਵਾਂ ਅੰਗ ਹੈ। ਲੋਕ ਸਾਹਿਤ ਦੇ ਵਿਭਿੰਨ ਪ੍ਰਕਾਰ ਦੇ ਲੱਛਣ ਲੋਕ ਕਾਵਿ ਰੂਪਾਂ ਵਾਂਗ ਲੋਕ ਕਥਾਵਾਂ ਦੇ ਵਿੱਚ ਵੀ ਮਿਲਦੇ ਹਨ। ਇਹ ਲੋਕ ਕਥਾਵਾਂ ਜਿੱਥੇ ਇੱਕ ਪਾਸੇ ਲੋਕ ਮਾਨਸਿਕਤਾ ਦੀ ਪ੍ਰਤੀਨਿਧਤਾ ਕਰਦੀਆਂ ਹਨ, ਉੱਥੇ ਦੂਜੇ ਪਾਸੇ ਇਹ ਲੋਕ ਸਮੂਹਿਕਤਾ ਦੇ ਗੁਣਾਂ ਦੀਆਂ ਧਾਰਨੀ ਵੀ ਹੁੰਦੀਆਂ ਹਨ। ਇਸ ਦੀ ਵਿਲੱਖਣਤਾ ਅਤੇ ਅਲੌਕਿਕਤਾ ਪਰੰਪਰਾ ਦੇ ਪੌਰਾਣਿਕ ਦੇ ਨਾਲ ਜੁੜੀ ਹੁੰਦੀ ਹੈ। ਇਸ ਵਿਸ਼ੇਸ਼ਤਾ ਦੇ ਕਾਰਨ ਹੀ ਆਧੁਨਿਕ ਪੰਜਾਬੀ ਕਥਾਵਾਂ ਦੇ ਵਿੱਚ ਵੀ ਹਰਮਨ ਪਿਆਰਤਾ ਦਾ ਗੁਣ ਵੇਖਣ ਨੂੰ ਮਿਲ ਜਾਂਦਾ ਹੈ। ਇਨ੍ਹਾਂ ਲੋਕ ਕਥਾਵਾਂ ਦਾ ਸਬੰਧ ਬਿਰਤਾਂਤ ਦੇ ਨਾਲ ਹੁੰਦਾ ਹੈ। ਬਿਰਤਾਂਤ ਕਿਸੇ ਲੋਕ ਕਥਾ ਦਾ ਉਹ ਹਿੱਸਾ ਹੁੰਦਾ ਹੈ ਜੋ ਕਿ ਵਿਚਾਰ ਦੀ ਪੇਸ਼ਕਾਰੀ ਵੱਲ ਕੇਂਦਰਤ ਕੀਤਾ ਗਿਆ ਹੁੰਦਾ ਹੈ। ਇਨ੍ਹਾਂ ਲੋਕ ਕਥਾਵਾਂ ਦਾ ਕੇਂਦਰ ਬਿੰਦੂ ਸਿੱਖਿਆ, ਉਦੇਸ਼ ਜਾਂ ਨਸੀਹਤ ਦੇਣਾ ਹੁੰਦਾ ਹੈ ਅਤੇ ਬਿਰਤਾਂਤ ਦੇ ਪੱਖ ਤੋਂ ਰੌਚਿਕਤਾ, ਉਤਸੁਕਤਾ ਅਤੇ ਨਾਟਕੀਅਤਾ ਵਰਗੇ ਗੁਣ ਲੋਕ ਕਥਾਵਾਂ ਵਿੱਚ ਮੌਜੂਦ ਹੁੰਦੇ ਹਨ। ਪੰਜਾਬੀ ਲੋਕ ਕਥਾਵਾਂ ਵਿੱਚ ਤਣਾਅ ਅਤੇ ਟਕਰਾਅ ਨਾਲੋਂ ਨਾਟਕੀ ਦ੍ਰਿਸ਼ ਵਧੇਰੇ ਮਹੱਤਵ ਰੱਖਦੇ ਹਨ। ਪੰਜਾਬੀ ਲੋਕ ਕਥਾਵਾਂ ਵਿੱਚ ਬਿਰਤਾਂਤ ਦੇ ਮੁੱਖ ਲੱਛਣ ਗਤੀ ਦਾ ਨਿਭਾਅ ਵਧੇਰੇ ਸੁਚੇਤ ਹੋ ਕੇ ਕੀਤਾ ਜਾਂਦਾ ਹੈ। ਇਸ ਦੇ ਨਾਲ ਲੋਕ ਮਨ ਵੀ ਉਨ੍ਹਾਂ ਦੀ ਇਸ ਗਤੀ ਨੂੰ ਸਵੀਕਾਰ ਕਰ ਲੈਂਦਾ ਹੈ।
ਪੰਜਾਬੀ ਲੋਕ ਕਥਾਵਾਂ ਦੇ ਅੰਤਰਗਤ ਬਿਰਤਾਂਤ ਜੁਗਤਾਂ ਦੀ ਆਪਣੀ ਵਿਲੱਖਣਤਾ ਹੈ। ਕਈ ਵਾਰ ਇਸ ਨੂੰ ਅਲੌਕਿਕ ਪਾਤਰਾਂ ਦੇ ਪਰਿਪੇਖ ਵਿੱਚ ਵਿਚਾਰਿਆ ਜਾਂਦਾ ਹੈ ਅਤੇ ਕਈ ਵਾਰ ਨਿਰਭੈ ਯੋਧਿਆਂ ਦੇ ਕਾਰਨਾਮਿਆਂ ਨਾਲ ਸੁਚੱਜਤਾ ਕਰਕੇ ਪੇਸ਼ ਕੀਤਾ ਜਾਂਦਾ ਹੈ। ਕਿਸੇ ਵੀ ਹਾਲਤ ਵਿੱਚ ਲੋਕ ਕਹਾਣੀ, ਲੋਕ ਮਨ ਜਾਂ ਲੋਕ ਚਿੱਤ ਦੀ ਪ੍ਰਤੀਨਿਧਤਾ ਕਰਦੀ ਹੈ ਅਤੇ ਨਾਲ-ਨਾਲ ਹੀ ਪਰੰਪਰਾ ਦੇ ਕਿਸੇ ਵਿਸ਼ੇਸ਼ ਅੰਸ਼ ਬਾਰੇ ਜਾਣਕਾਰੀ ਦਿੰਦੀ ਹੈ। ਇਨ੍ਹਾਂ ਲੋਕ ਕਹਾਣੀਆਂ ਦਾ ਸੁਭਾਅ ਵਿਆਖਿਆ ਮੂਲਕ ਹੁੰਦਾ ਹੈ। ਇਨ੍ਹਾਂ ਰਾਹੀਂ ਜੀਵਨ ਦੇ ਕਿਸੇ ਨਾ ਕਿਸੇ ਪਹਿਲੂ ਦਾ ਸਥਾਪਤ ਸਦੀਵੀ ਮੁੱਲਾਂ ਦੇ ਪ੍ਰਸੰਗ ਵਿੱਚ ਗਿਆਨ ਦਾ ਸੰਚਾਰ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਵਿਅੰਗ, ਚੋਟ ਅਤੇ ਕਟਾਖਸ਼ ਦੇ ਸਥਾਨ ’ਤੇ ਬੜੇ ਮੋਟੇ ਜਿਹੇ ਢੰਗ ਨਾਲ ਇਹ ਲੋਕ ਕਥਾਵਾਂ ਆਪਣੇ ਮੰਤਵ ਦੀ ਪੂਰਤੀ ਕਰਦੀਆਂ ਹਨ। ਪੰਜਾਬੀ ਲੋਕ ਕਥਾਵਾਂ ਦੇ ਸੱਭਿਆਚਾਰਕ ਪਰਿਪੇਖ ਨੂੰ ਸਮਝਣ ਲਈ ਇਸ ਦੀਆਂ ਵਿਭਿੰਨ ਵੰਨਗੀਆਂ ਦਾ ਉਲੇਖ ਕਰਨਾ ਉੱਚਿਤ ਹੋਵੇਗਾ।
ਪੰਜਾਬੀ ਲੋਕ ਕਥਾਵਾਂ ਦੇ ਸੱਭਿਆਚਾਰਕ ਪ੍ਰਚਾਰ ਵਿੱਚ ਸਭ ਤੋਂ ਪਹਿਲਾਂ ਪਰੀ ਕਹਾਣੀਆਂ ਦਾ ਉਲੇਖ ਕਰਨਾ ਉੱਚਿਤ ਹੋਵੇਗਾ। ਇਨ੍ਹਾਂ ਲੋਕ ਕਥਾਵਾਂ ਵਿੱਚ ਪੇਸ਼ ਕੀਤੇ ਪਾਤਰ ਸਾਧਾਰਨ ਜੀਵਨ ਦੇ ਜਿਉਂਦੇ ਜਾਗਦੇ ਵਿਚਰਦੇ ਪਾਤਰ ਨਹੀਂ ਸਗੋਂ ਅਲੌਕਿਕ ਸਰੂਪ ਵਾਲੇ ਹੁੰਦੇ ਹਨ। ਇਨ੍ਹਾਂ ਲੋਕ ਕਥਾਵਾਂ ਵਿੱਚ ਪਰੀਆਂ, ਦੇਵਤਿਆਂ, ਜਿੰਨ ਆਦਿ ਵਰਗੇ ਅਮਾਨਵੀ ਪਾਤਰਾਂ ਦਾ ਬਿਰਤਾਂਤ ਹੁੰਦਾ ਹੈ। ਪਰੀ ਸ਼ਬਦ ਫਾਰਸੀ ਦਾ ਹੈ ਜਿਸ ਦੀ ਵਿਰਤੀ ਪ੍ਰਦੰਬ ਤੋਂ ਹੋਈ ਹੈ। ਇਸ ਦੇ ਸ਼ਾਬਦਿਕ ਅਰਥ ਉੱਡਣਾ ਹਨ। ਆਮ ਲੋਕਾਂ ਦਾ ਵਿਸ਼ਵਾਸ ਹੈ ਕਿ ਪਰੀ ਉਹ ਜੋਤੀ ਹੈ ਜੋ ਆਪਣੇ ਪਰਾਂ ਨਾਲ ਆਕਾਸ਼ ਵਿੱਚ ਉੱਡ ਸਕਦੀ ਹੈ। ਪਰੀ ਦਾ ਇਹ ਸੰਕਲਪ ਦੂਰ ਦੇ ਸੰਕਲਪ ਨਾਲ ਪੇਸ਼ ਹੈ। ਭਾਰਤੀ ਪਰੰਪਰਾ ਵਿੱਚ ਮਿਤੋ ਉਪਦੇਸ਼, ਪੰਜਤੰਤਰ ਅਜਿਹੇ ਮੂਲ ਗ੍ਰੰਥ ਹਨ, ਜੋ ਇਨ੍ਹਾਂ ਰਚਨਾਵਾਂ ਦਾ ਅਸੀਮਤ ਸੰਗ੍ਰਹਿ ਹੈ। ਸਾਮੀ ਪਰੰਪਰਾ ਵਿੱਚ ਅਲਫ ਲੈਲਾ ਵਰਗੇ ਗ੍ਰੰਥ ਅਜਿਹੀਆਂ ਘਟਨਾਵਾਂ ਦੀ ਪ੍ਰਤੀਨਿਧਤਾ ਕਰਦੇ ਹਨ ਜਿਹੜੇ ਪਰੀ ਕਥਾਵਾਂ ਨਾਲ ਸਬੰਧਤ ਹਨ। ਭਾਰਤੀ ਮੂਲ ਤੇ ਸਾਮੀ ਸੂਤ ਦੀਆਂ ਇਨ੍ਹਾਂ ਪਰੀ ਕਥਾਵਾਂ ਦਾ ਸੁਭਾਅ ਦੁੂਹਰਾ ਹੈ। ਇੱਕ ਪਾਸੇ ਬਾਹਰੀ ਤੌਰ ’ਤੇ ਇਸ ਵਿੱਚ ਅਲੌਕਿਕ ਤੇ ਜਮਾਤੀ ਪਾਤਰ ਹਨ ਤੇ ਦੂਜੇ ਪਾਸੇ ਇਨ੍ਹਾਂ ਰਾਹੀਂ ਦਿੱਤਾ ਸੰਦੇਸ਼ ਮਾਨਵੀ ਹੈ। ਸੰਭਵ ਹੀ ਇਨ੍ਹਾਂ ਪਰੀ ਕਥਾਵਾਂ ਦੀ ਹਰਮਨ ਪਿਆਰਤਾ, ਆਕਰਸ਼ਣ, ਮਨੋਰੰਜਨ ਯੁਕਤ ਕਰਨ ਲਈ ਇਨ੍ਹਾਂ ਕਥਾਵਾਂ ਦੇ ਪਾਤਰ ਅਲੌਕਿਕ ਚਿਤਰੇ ਗਏ ਹਨ। ਮਨੁੱਖ ਅੰਦਰ ਇੱਕ ਵਿਸ਼ੇਸ਼ ਕਿਸਮ ਦੀ ਅਲੌਕਿਕਤਾ ਨੂੰ ਪ੍ਰਗਟ ਕਰਨ ਲਈ ਇਨ੍ਹਾਂ ਦਾ ਬਾਹਰੀ ਵਿਹਾਰ ਅਲੌਕਿਕ ਰੱਖਿਆ ਗਿਆ ਹੈ। ਇਸ ਤਰ੍ਹਾਂ ਪਰੀ ਕਥਾਵਾਂ ਸਾਡੇ ਸੱਭਿਆਚਾਰ ਦਾ ਉਹ ਪ੍ਰਾਚੀਨ ਸਰੋਤ ਹਨ, ਜਿਨ੍ਹਾਂ ਸਮੇਂ-ਸਮੇਂ ’ਤੇ ਸੱਭਿਆਚਾਰਕ ਤੇ ਆਧੁਨਿਕ ਸਮੇਂ ਦੇ ਸਮਕਾਲੀ ਸਰੋਕਾਰਾਂ ਨਾਲ ਮਨੁੱਖ ਨੂੰ ਜੋੜਨ ਲਈ ਇੱਕ ਮਹੱਤਵਪੂਰਨ ਪ੍ਰੇਰਨਾ ਦਿੱਤੀ ਹੈ।
ਲੋਕ ਨਾਟ ਨੂੰ ਲੋਕ ਧਾਰਾ ਵਿੱਚ ਲੋਕ ਕਲਾ ਦੇ ਪ੍ਰਸੰਗ ਵਿੱਚ ਸਮਝਿਆ ਤੇ ਗ੍ਰਹਿਣ ਕੀਤਾ ਜਾਂਦਾ ਹੈ। ਕਿਸੇ ਵੀ ਕਲਾ ਦਾ ਮੁੱਢਲਾ ਲੱਛਣ ਸੁਹਜ ਸਵਾਦ ਪੈਦਾ ਕਰਨਾ ਹੈ। ਮੌਲਿਕਤਾ, ਨਵੀਨਤਾ ਤੇ ਵਿਲੱਖਣਤਾ ਸਾਹਿਤ ਕਲਾ ਦੀਆਂ ਕੁਝ ਹੋਰ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਲੋਕ ਕਲਾ ਦੇ ਖੇਤਰ ਸੁਹਜ ਸਵਾਦ ਹੈ, ਉਪਯੋਗੀ ਕਲਾ ਦਾ ਨਿਖੇੜਾ ਨਹੀਂ ਕੀਤਾ ਜਾਂਦਾ। ਇਹ ਜੀਵਨ ਵਿੱਚ ਬਹੁਤ ਸਹਿਜ ਰੂਪ ਵਿੱਚ ਰਚੀ ਹੁੰਦੀ ਹੈ। ਜੀਵਨ ਦੀਆਂ ਲੋੜਾਂ ਨਾਲ ਸਬੰਧਤ ਹੋਣ ਕਾਰਨ ਇਸ ਵਿੱਚ ਸੁਭਾਵਿਕਤਾ ਸ਼ਾਮਲ ਹੋ ਜਾਂਦੀ ਹੈ। ਲੋਕ ਕਲਾ ਦੇ ਬਹੁਤ ਸਾਰੇ ਖੇਤਰਾਂ ਜਿਵੇਂ ਨ੍ਰਿਤਕਾਰੀ, ਸੰਗੀਤਕਾਰੀ, ਚਿੱਤਰਕਾਰੀ ਦੇ ਲੱਛਣ ਲੋਕ ਨਾਚ ਦੇ ਨਾਲ, ਲੋਕ ਨਾਟ ਵੀ ਲੋਕ ਕਲਾ ਦਾ ਪ੍ਰਮੁੱਖ ਖੇਤਰ ਹੈ।
ਪੰਜਾਬੀ ਲੋਕ ਕਥਾਵਾਂ ਵਿੱਚ ਦੂਜੀ ਵੰਨਗੀ ਜਨੌਰ ਕਥਾਵਾਂ ਨਾਲ ਸਬੰਧਤ ਹੈ। ਇਨ੍ਹਾਂ ਕਥਾਵਾਂ ਦਾ ਪ੍ਰਮੁੱਖ ਪਾਤਰ ਪਸ਼ੂ-ਪੰਛੀ ਹੀ ਹੁੰਦੇ ਹਨ। ਇਹ ਪਸ਼ੂ-ਪੰਛੀ ਮਨੁੱਖੀ ਸੰਸਾਰ ਨਾਲ ਸਮਾਨਤਾ ਰੱਖਣ ਦੇ ਬਾਵਜੂਦ ਵੱਖਰੀ ਨੁਹਾਰ ਵਾਲੇ ਹੁੰਦੇ ਹਨ ਪਰ ਕਥਾ ਵਿੱਚ ਕਾਰਜਸ਼ੀਲ ਪਸ਼ੂ-ਪੰਛੀ ਕਿਸੇ ਨਾ ਕਿਸੇ ਮਨੁੱਖੀ ਜੀਵਨ ਮੁੱਖ ਅਤੇ ਵਤੀਰੇ ਦੀ ਪ੍ਰਤੀਨਿਧਤਾ ਕਰਦਾ ਹੈ। ਜਨੌਰਾਂ ਨਾਲ ਸਬੰਧਤ ਇਹ ਲੋਕ ਕਥਾਵਾਂ ਦੀ ਬਹੁਤ ਪ੍ਰਾਚੀਨ ਵੰਨਗੀ ਹੈ। ਫੋਕਲੋਰ ਦੇ ਵਿਸ਼ਵਕੋਸ਼ ਅਨੁਸਾਰ ਇਹ ਲੋਕ ਕਹਾਣੀਆਂ ਦਾ ਪ੍ਰਾਚੀਨਤਮ ਰੂਪ ਹੈ। ਜਨੌਰ ਕਥਾਵਾਂ ਦੀਆਂ ਅੱਗੋਂ ਅਨੇਕਾਂ ਉਪ ਵੰਨਗੀਆਂ ਮਿਲਦੀਆਂ ਹਨ ਜਿਵੇਂ ਨੀਤੀ ਕਥਾਵਾਂ, ਪਸ਼ੂ ਪਾਤਰ ਆਦਿ। ਮਨੁੱਖੀ ਸੱਭਿਅਤਾ ਦੇ ਆਰੰਭ ਵਿੱਚ ਧਰਮ ਆਪਣੇ ਬੀਜ ਰੂਪ ਵਿੱਚ ਵਿਦਵਾਨ ਹੁੰਦਾ ਹੈ। ਸਾਡੇ ਧਾਰਮਿਕ ਪ੍ਰਤੀਕਾਂ ਵਿੱਚ ਬਹੁਤ ਸਾਰੇ ਜਾਨਵਰਾਂ ਦੇ ਤੌਰ ’ਤੇ ਪੇਸ਼ ਨਹੀਂ ਹੁੰਦੇ ਸਗੋਂ ਆਪਣੇ ਪੂਰਨ ਅਸਾਧਾਰਨ ਰੂਪ ਵਿੱਚ ਸਾਹਮਣੇ ਆਉਂਦੇ ਹਨ। ਉਦਾਹਰਣ ਵਜੋਂ ਹੰਸ ਨਾਲ ਸਬੰਧਤ ਬਹੁਤ ਸਾਰੀਆਂ ਪੰਜਾਬੀ ਵਿੱਚ ਲੋਕ ਕਥਾਵਾਂ ਹਨ। ਬਗਲੇ ਨੂੰ ਲੋਕ ਕਥਾਵਾਂ ਵਿੱਚ ਨਾਂਹ-ਪੱਖੀ ਦ੍ਰਿਸ਼ਟੀਕੋਣ ਤੋਂ ਚਿਤਰਿਆ ਗਿਆ ਹੈ ਜਿਹੜਾ ਕਿ ਚਲਾਕ ਸ਼ਿਕਾਰੀ ਦਾ ਪ੍ਰਤੀਕ ਬਣ ਕੇ ਸਾਹਮਣੇ ਆਇਆ ਹੈ। ਇਸੇ ਪ੍ਰਕਾਰ ਚਿੜੀ ਤੇ ਕਾਂ ਨਾਲ ਸਬੰਧਤ ਕਈ ਲੋਕ ਕਥਾਵਾਂ ਮਿਲਦੀਆਂ ਹਨ ਜਿਸ ਵਿੱਚ ਕਾਂ ਦਾ ਸ਼ਿਕਾਰੀ ਤੇ ਚਿੜੀ ਦੀ ਸ਼ਮੂਲੀਅਤ ਦਾ ਵਰਣਨ ਹੁੰਦਾ ਹੈ।
ਇਸੇ ਪ੍ਰਕਾਰ ਧਰਮ ਨਾਲ ਸਬੰਧਤ ਕਥਾਵਾਂ ਵਿੱਚ ਬਹੁਤ ਸਾਰੇ ਜਨੌਰਾਂ ਦਾ ਵਰਨਣ ਵੇਖਣ ਨੂੰ ਮਿਲਦਾ ਹੈ। ਉਦਾਹਰਣ ਵਜੋਂ ਗਾਂ, ਬੈਲ, ਨੰਦੀ, ਬਾਜ ਆਦਿ। ਇਸ ਪ੍ਰਕਾਰ ਇਹ ਜਨੌਰ ਕਥਾਵਾਂ ਕੇਵਲ ਜਾਨਵਰੀ ਵਿਹਾਰ ਨਾਲ ਸਬੰਧ ਨਹੀਂ ਰੱਖਦੀਆਂ ਸਗੋਂ ਇਨ੍ਹਾਂ ਦਾ ਮਾਨਵੀਕਰਨ ਹੋਇਆ ਹੁੰਦਾ ਹੈ ਤੇ ਇਸ ਮਾਨਵੀਕਰਨ ਦੀ ਪ੍ਰਕਿਰਿਆ ਵਿੱਚ ਉਹ ਕਿਸੇ ਨਾ ਕਿਸੇ ਜੀਵਨ ਮੁੱਲ ਨੂੰ ਉਜਾਗਰ ਕਰਦੀਆਂ ਹਨ। ਜੀਵਨ ਮੁੱਲ ਦਾ ਇੱਕ ਸੱਭਿਆਚਾਰ ਪਰਿਪੇਖ ਹੈ। ਟੀ.ਐਸ. ਈਲੀਅਟ ਨੇ ਸੱਭਿਆਚਾਰ ਦੇ ਸੰਕਲਪ ਨੂੰ ਦਰਸਾਉਂਦੇ ਹੋਏ ਇਸ ਨੂੰ ਇੱਕ ਜੀਵਨ ਜਾਚ ਦਾ ਨਾਂ ਦਿੱਤਾ ਹੈ। ਇਹ ਜੀਵਨ ਜਾਚ ਹੀ ਹੈ ਜਿਸ ਨੂੰ ਵੱਖ-ਵੱਖ ਪਹਿਲੂਆਂ ਤੇ ਦ੍ਰਿਸ਼ਟੀ ਬਿੰਦੂਆਂ ਤੋਂ ਇਹ ਜਨੌਰ ਕਥਾਵਾਂ ਰੂਪਮਾਨ ਕਰਦੀਆਂ ਹਨ।
ਪੰਜਾਬੀ ਲੋਕ ਕਥਾਵਾਂ ਵਿੱਚ ਆਰਤੀ ਵੰਗਨੀ ਪ੍ਰਤਿ ਕਥਾਵਾਂ ਦੀ ਹੈ। ਇਹ ਪ੍ਰਤਿ ਕਥਾਵਾਂ ਮਨੁੱਖ ਦੀ ਬਲਬਾਨਤਾ ਅਤੇ ਰਹੱਸਮਈ ਸ਼ਕਤੀਆਂ ਨੂੰ ਸੁਲਝਣ ਦੀ ਭਾਵਨਾ ਤੇ ਰਹਾਉਣ ਦੀ ਦ੍ਰਿੜ੍ਹਤਾ ਵਿੱਚ ਪੈਦਾ ਹੋਈਆਂ ਹਨ। ਇਨ੍ਹਾਂ ਪ੍ਰਤਿ ਕਥਾਵਾਂ ਦੇ ਪਾਤਰ ਭੂਤ-ਪ੍ਰੇਤ, ਦੈਂਤ, ਸਲੇਡੇ ਆਦਿ ਅਮਾਨਵੀ ਹੋਣ ਕਾਰਨ ਅੱਧ ਦੈਵੀ ਸ਼ਕਤੀਆਂ ਦੇ ਮਾਲਕ ਹੁੰਦੇ ਹਨ। ਕਿਸੇ ਵਿਗਿਆਨਕ ਮਨ ਲਈ ਤਾਂ ਇਹ ਗੱਲ ਭਰਮ ਜਾਂ ਛਲਾਵਾ ਹੋ ਸਕਦੀ ਹੈ ਪਰ ਲੋਕ ਮਨ ਲਈ ਇਨ੍ਹਾਂ ਦੀ ਹੋਂਦ ਵਾਸਤਵਿਕ ਹੁੰਦੀ ਹੈ। ਪ੍ਰਤਿ ਕਥਾਵਾਂ ਦੀ ਰਚਨਾ ਸੰਸਾਰ ਪ੍ਰਤਿ ਕਥਾਵਾਂ, ਜਨੌਰ ਕਥਾਵਾਂ, ਦੰਡ ਕਥਾਵਾਂ ਅਤੇ ਨੀਤੀ ਕਥਾਵਾਂ ਤੋਂ ਵਿਲੱਖਣ ਤੇ ਵਿਕਰਾਲ ਹੁੰਦਾ ਹੈ। ਇਹ ਪ੍ਰੇਤ ਕਥਾਵਾਂ ਮਨੁੱਖ ਦੀ ਪ੍ਰਕਿਰਤੀ ਨਾਲ ਸਦਾ ਹੀ ਲੜਾਈ ਅਤੇ ਉਸ ਉੱਤੇ ਨਿਯੰਤਰਨ ਪਾਉਣ ਦੀ ਜਗਿਆਸਾ ਵਿੱਚ ਪੈਦਾ ਹੋਈਆਂ ਹਨ। ਪ੍ਰਕਿਰਤੀ ਆਪਣੀ ਸ਼ਕਤੀ ਦਾ ਪ੍ਰਗਟਾਵਾ ਸਮੇਂ-ਸਮੇਂ ’ਤੇ ਕਰਦੀ ਹੈ ਅਤੇ ਮਨੁੱਖ ਨੂੰ ਆਪਣੀ ਸਦੀਵਤਾ ਤੇ ਬਲਵਾਨਤਾ ਨਾਲ ਮਨਾਉਣਾ ਚਾਹੁੰਦੀ ਹੈ।
- ਗਗਨਜੀਤ ਵੀਰ ਕੌਰ
* ਮੋਬਾਈਲ:98888-05544

No comments:

Post a Comment