Wednesday, 18 September 2013

ਪੰਜਾਬੀ ਲੋਕ ਜੀਵਨ ਵਿੱਚ ਸਾਉਣ ਮਹੀਨਾ



ਸਾਉਣ ਦਾ ਮਹੀਨਾ ਪੰਜਾਬੀ ਜਨ-ਜੀਵਨ ਦੀ ਤੋਰ ਨਾਲ ਵਿਸ਼ੇਸ਼ ਸਬੰਧ ਰੱਖਦਾ ਹੈ। ਇਸ ਮਹੀਨੇ ਦਾ ਨਾਂ ਲੈਂਦਿਆਂ ਹੀ, ਕੀ ਬੱਚਾ, ਕੀ ਜੁਆਨ, ਕੀ ਮੁਟਿਆਰ ਅਤੇ ਕੀ ਬੁਢਾਪੇ ਦੀ ਦਹਿਲੀਜ਼ ’ਤੇ ਆਣ ਖਲੋਤੇ ਭਾਵ ਹਰ ਵਰਗ ਦਾ ਤਨ-ਮਨ ਖੀਵਾਂ ਹੋ ਉੱਠਦਾ ਹੈ ਅਤੇ ਖ਼ੁਸ਼ੀਆਂ-ਖੇੜਿਆਂ ਨੂੰ ਮਾਨਣ ਦੀ ਚਾਹਤ ਪੈਦਾ ਹੋ ਜਾਂਦੀ ਹੈ। ਇੱਥੇ ਹੀ ਬਸ ਨਹੀਂ, ਇਸ ਮਹੀਨੇ ਦਾ ਸਬੰਧ ਤਿੱਥਾਂ-ਤਿਉਹਾਰਾਂ ਨਾਲ ਵੀ ਖ਼ੂਬ ਜੁੜਿਆ ਹੋਇਆ ਹੈ, ਜਿਸ ਵਿੱਚੋਂ ਪੰਜਾਬੀ ਦੇ ਜੀਵਨ ਦੀ ਰੰਗੀਲੀ ਆਭਾ ਨੂੰ ਵੀ ਵੇਖਿਆ ਅਤੇ ਮਾਣਿਆ ਜਾ ਸਕਦਾ ਹੈ।
ਸਾਉਣ ਦਾ ਮਹੀਨਾ ਵਰਖਾ-ਰੁੱਤ ਦਾ ਕੇਂਦਰੀ ਮਹੀਨਾ ਹੈ। ਆਮ ਤੌਰ ’ਤੇ ਭਾਵੇਂ ਇਹ ਕਹਿ ਲਿਆ ਜਾਂਦਾ ਹੈ ਕਿ ‘ਗਰਮੀਆਂ’ ਅਤੇ ‘ਸਰਦੀਆਂ’ ਦੋ ਹੀ ਰੁੱਤਾਂ ਹਨ ਪਰ ਅਜਿਹਾ ਕਹਿਣਾ ਅਤੇ ਮੰਨਣਾ ਸੱਚ ਨਹੀਂ ਹੈ। ਪੰਜਾਬ ਵਿੱਚ ਇੱਕ ਸਾਲ (ਬਾਰ੍ਹਾਂ-ਮਹੀਨਿਆਂ) ਵਿੱਚ ਛੇ ਰੁੱਤਾਂ ਮਾਣਨ ਨੂੰ ਮਿਲਦੀਆਂ ਹਨ। ਇਨ੍ਹਾਂ ਛੇ ਰੁੱਤਾਂ ਸਬੰਧੀ ਸਾਡੇ ਧਾਰਮਿਕ ਗ੍ਰੰਥਾਂ ਵਿੱਚ ਵੀ ਵਰਣਨ ਮਿਲਦਾ ਹੈ। ਰਿਸ਼ੀਆਂ-ਮੁਨੀਆਂ, ਸੰਤਾਂ, ਸੂਫ਼ੀਆਂ, ਗੁਰੂਆਂ, ਪੀਰਾਂ-ਫ਼ਕੀਰਾਂ ਦੇ ਰਚੇ ਅਲੌਕਿਕ ਸਾਹਿਤ ਅਤੇ ਬਾਣੀ ਵਿੱਚੋਂ ਮਿਲਦੇ ਦ੍ਰਿਸ਼ਟਾਂਤ ਅਤੇ ਬਿਰਤਾਂਤ ਵੀ ਉਕਤ ਕਥਨ ਦੀ ਸੱਚਾਈ ਨੂੰ ਪ੍ਰਗਟ ਕਰਦੇ ਹਨ। ਵਿਭਿੰਨ ਸਾਹਿਤ ਰੂਪਾਂ ਜਿਵੇਂ¸ ਬਾਰਾਂ-ਮਾਹ, ਕਿੱਸਾ-ਕਾਵਿ, ਰਿਤੂ-ਵਰਨਣ ਆਦਿ ਵਿੱਚ ਛਿਆਂ ਰੁੱਤਾਂ ਬਾਬਤ ਖ਼ੂਬ ਜਾਣਕਾਰੀ ਉਪਲਬਧ ਹੈ। ਮਨੁੱਖੀ ਭਾਵਾਂ, ਉਦਗਾਰਾਂ, ਪਿਆਰ, ਵਿਛੋੜਾ, ਗੁੱਸਾ, ਸਾਂਝ-ਸਥਾਪਤੀ ਆਦਿ ਹਾਵਾਂ-ਭਾਵਾਂ ਦਾ ਸੰਚਾਰ ਰੁੱਤਾਂ ਦੇ ਵਿਖਿਆਣ ਕਰਨ ਦੀ ਜੁਗਤ ਵਿੱਚੋਂ ਉਭਾਰਿਆ ਗਿਆ ਹੈ। ਸਾਉਣ ਮਹੀਨਾ ਤਾਂ ਇਨ੍ਹਾਂ ਸਭਨਾਂ ਜੀਵਨ-ਪਹਿਲੂਆਂ ਸਬੰਧੀ ਭਰਪੂਰ ਅਤੇ ਸਰਸ਼ਾਰ ਹੋਇਆ ਪਿਆ ਦ੍ਰਿਸ਼ਟੀਗੋਚਰ ਹੁੰਦਾ ਹੈ।
ਪੰਜਾਬੀ ਲੋਕ-ਜੀਵਨ ਸ਼ੈਲੀ ਵਿੱਚ ਹਰ ਰੁੱਤ-ਮਹੀਨੇ ਦਾ ਆਪੋ ਆਪਣਾ ਵਿਸ਼ੇਸ਼ ਮਹੱਤਵ ਹੈ। ਕੋਈ ਗਰਮੀ ਨਾਲ ਸਬੰਧਤ ਹੈ, ਕੋਈ ਬਸੰਤ ਨਾਲ, ਕੋਈ ਸਰਦੀ ਨਾਲ ਅਤੇ ਕੋਈ ਗੁਲਾਬੀ ਠੰਢ ਨਾਲ ਪਰ ਸਾਉਣ ਮਹੀਨਾ ਤਾਂ ਨਿਰੋਲ ਮੀਂਹ ਦਾ ਮਹੀਨਾ ਹੈ। ਲੋਕ ਬੜੇ ਚਾਵਾਂ ਨਾਲ ਇਸ ਮਹੀਨੇ ਦੀ ਉਡੀਕ ਕਰਦੇ ਹਨ। ਇਸ ਮਹੀਨੇ ਦੇ ਆਰੰਭ ਦਾ ਦ੍ਰਿਸ਼ ਇਨ੍ਹਾਂ ਲੋਕ-ਬੋਲਾਂ ਰਾਹੀਂ ਸਾਕਾਰ ਹੁੰਦਾ ਵੇਖੋ¸
(ੳ) ਲੱਖ ਖ਼ੁਸ਼ੀਆਂ ਤੇ ਸੱਧਰਾਂ ਲੈ ਕੇ, ਚੜ੍ਹਿਆ ਸਾਉਣ ਮਹੀਨਾ।
ਕੂ ਕੂ ਕਰਕੇ ਕੋਇਲਾਂ ਕੂਕਣ, ਬੀਂਡੇ ਵਾਂਗਰ ਬੀਨਾ।
(ਅ) ਸਾਉਣ ਮਹੀਨਾ ਭਾਗੀਂ ਭਰਿਆ, ਠੰਡੀਆਂ ਵਗਣ ਹਵਾਵਾਂ,
ਧੰਨ ਭਾਗ ਦੁਨੀਆਂ ਦੇ, ਖੇਤੀਂ ਆਈਆਂ ਬਹਾਰਾਂ।
ਸਾਉਣ ਮਹੀਨਾ ਧਰਤੀ ਪੂਜਣ ਦਾ ਮਹੀਨਾ ਹੈ। ਅਸਮਾਨ ਅਤੇ ਧਰਤੀ ਦਾ ਮਿਲਣ ਮੀਂਹ ਦੇ ਮਾਧਿਅਮ ਰਾਹੀਂ ਹੁੰਦਾ ਹੈ, ਜਿਸ ਦੇ ਸਿੱਟੇ ਵਜੋਂ ਧਰਤੀ ਉਪਰ ਅਨਾਜ-ਪੈਦਾਵਾਰ ਦੇ ਆਸਾਰ ਬੱਝਦੇ ਹਨ। ਇਹ ਅਨਾਜ ਅਤੇ ਹਰਿਆਵਲ ਸਭਨਾਂ ਜੀਵ-ਪ੍ਰਾਣੀਆਂ ਵਾਸਤੇ ਪ੍ਰਾਣ-ਆਧਾਰ ਬਣਦੀ ਹੈ। ਜਾਨ ਹੈ ਤਾਂ ਜਹਾਨ ਹੈ। ਜਾਨ ਅਤੇ ਜਹਾਨ ਦੇ ਸਬੰਧਾਂ ਵਿੱਚੋਂ ਖ਼ੁਸ਼ੀ, ਚੈਨ, ਵੰਸ਼-ਉਤਪਤੀ ਪੈਦਾ ਹੁੰਦੇ ਹਨ। ਇਹੋ ਸਰੋਕਾਰ ਅੱਗੇ ਜਾ ਕੇ ਮਨੁੱਖੀ ਜੀਵਨ ਦੀ ਖ਼ੁਸ਼ਹਾਲੀ ਦਾ ਕਾਰਨ ਬਣਦੇ ਹਨ। ਇਸੇ ਕਰਕੇ ਸਾਉਣ ਮਹੀਨਾ ਭਾਗਾਂ-ਭਰਿਆ ਮੰਨਿਆ ਜਾਂਦਾ ਹੈ। ਇਹ ਮਹੀਨਾ ਇਸ ਕਰਕੇ ਵੀ ਭਾਗੀਂ ਭਰਿਆ ਹੈ ਕਿਉਂਕਿ ਇਸ ਮਹੀਨੇ ਤੋਂ ਪਹਿਲਾਂ ਗੁਜ਼ਰੇ ਜੇਠ-ਹਾੜ੍ਹ ਦੇ ਮਹੀਨੇ ਕੜਾਕੇ ਦੀ ਗਰਮੀ ਦੇ ਮਹੀਨੇ ਹੁੰਦੇ ਹਨ। ਅਤਿ ਦੀ ਗਰਮੀ ਵਿੱਚ ਲੂੱਆਂ ਚੱਲਣ ਸਦਕਾ ਹਰਿਆਵਲ ਖ਼ਤਮ ਹੋ ਚੁੱਕੀ ਹੁੰਦੀ ਹੈ, ਧਰਤੀ ਪਿਆਸ ਨਾਲ ਸੁੱਕ ਚੁੱਕੀ ਹੁੰਦੀ ਹੈ। ਪਸ਼ੂ-ਪੰਛੀ ਗੱਲ ਕੀ ਮਨੁੱਖ ਜਾਤੀ  ਕੁਮਲਾ ਕੇ ਪਰੇਸ਼ਾਨ ਹੋ ਚੁੱਕੀ ਹੁੰਦੀ ਹੈ ਅਤੇ ਸਾਉਣ ਮਹੀਨੇ ਦੀ ਠੰਢੀ ਹਵਾ, ਜੋ ਸਿੱਲ੍ਹ ਨਾਲ ਭਰਪੂਰ ਹੁੰਦੀ ਹੈ ਅਤੇ ਜਿਸ ਵਿੱਚ ਮੀਂਹ ਦੀ ਪੂਰਨ-ਸੰਭਾਵਨਾ ਹੁੰਦੀ ਹੈ, ਸਭਨਾਂ ਵਾਸਤੇ ‘ਧੰਨ ਭਾਗ’ ਦਾ ਸਰੋਤ ਬਣਦੀ ਹੈ।
ਸਾਉਣ ਦਾ ਮੀਂਹ ਪੈਣ ਨਾਲ ਸੁੱਕ ਰਹੀ ਫ਼ਸਲ ਅਤੇ ਪਿਆਸ ਨਾਲ ਸੜ ਰਹੀ ਧਰਤੀ ਮੁੜ ਮੌਲਣ ਲੱਗ ਪੈਂਦੀ ਹੈ। ਮੌਲਣਾ-ਖ਼ੁਸ਼ੀਆਂ ਦਾ ਹੀ ਪ੍ਰਗਟਾਵਾ ਹੈ ਅਤੇ ਇਹ ਖ਼ੁਸ਼ੀ ਕੇਵਲ ਮਨੁੱਖ ਤਕ ਹੀ ਸੀਮਤ ਨਹੀਂ ਰਹਿੰਦੀ, ਸਗੋਂ ਕੁਦਰਤ ਅਤੇ ਹੋਰ ਅਨੇਕਾਂ ਕਿਸਮਾਂ ਦੇ ਜੀਵ-ਜੰਤੂ ਵੀ ਇਸ ਨੂੰ ਖ਼ੂਬ ਮਾਣਦੇ ਹਨ। ਕੁਝ ਕੁ ਅਜਿਹੀਆਂ ਲੋਕ-ਬੋਲੀਆਂ ਜੋ ਪੰਜਾਬਣ-ਮੁਟਿਆਰਾਂ ਮਾਣਦੀਆਂ ਹੋਈਆਂ ਕਦੇ ਵੀ ਨਹੀਂ ਥੱਕਦੀਆਂ, ਸੁਣਨਯੋਗ ਹਨ:
ਆਓ ਨੀਂ ਕੁੜੀਓ, ਹੱਸੀਏ, ਖੇਡੀਏ, ਪਿੱਪਲੀ ਪੀਘਾਂ ਪਾਈਏ,
ਸਾਵਣ ਸਈਓ ਕਦ ਕਦ ਆਉਣਾ, ਰੱਜ ਕੇ ਸ਼ਗਨ ਮਨਾਈਏ।
ਮਰਦ-ਜਾਤੀ ਦੇ ਕਾਰ-ਵਿਹਾਰ ਵੀ ਸਾਉਣ ਮਹੀਨੇ ਨਾਲ ਖ਼ੂਬ ਜੁੜੇ ਹੋਏ ਹਨ। ਉਦਾਹਰਣ ਵਜੋਂ ਇੱਕ ਭਰਾ ਆਪਣੇ ਦੂਜੇ ਭਰਾ ਨੂੰ ਆਖਦਾ ਹੈ:
ਸਾਉਣ ਮਹੀਨੇ ਬੱਦਲ ਪੈ ਗਿਆ, ਹਲ ਜੋੜ ਕੇ ਜਾÂੀਂ,
ਦਸ ਘੁਮਾਂ ਦਾ ਵਾਹਣ ਆਪਣਾ, ਬਾਜਰਾ ਬੀਜ ਕੇ ਆਈਂ।
ਨੱਕਿਆਂ ਦਾ ਤੂੰ ਫ਼ਿਕਰ ਨਾ ਕਰੀਂ, ਨੱਕੇ ਨੋੜਾਂ ਮੈਂ ਤੜਕੇ,
ਵੀਰ ਨੂੰ ਵਾਰ ਮਿਲੇ, ਵੱਟ ’ਤੇ ਗੋਪੀਆ ਧਰ ਕੇ।
ਸੁੱਕੇ ਸਾਉਣ ਦਾ ਸੰਤਾਪ ਜਦੋਂ ਕਿਸਾਨੀ ਨੂੰ ਹੰਢਾਉਣਾ ਪੈ ਜਾਂਦਾ ਹੈ ਤਾਂ ਹੋਰ ਕਈ ਮੁਸ਼ਕਿਲਾਂ ਅਤੇ ਸਮੱਸਿਆਵਾਂ ਸਹਿਜ-ਜੀਵਨ ਤੋਰ ਨੂੰ ਆ ਪ੍ਰਭਾਵਿਤ ਕਰਦੀਆਂ ਹਨ। ਮਾਲਵੇ ਵਿੱਚ ਇੱਕ ਬੋਲੀ ਪ੍ਰਚਲਤ ਹੈ:
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ, ਪਿੰਡ ਸੁਣੀਂਦਾ ਚੀਮਾ,
ਸਾਉਣ ਮਹੀਨੇ ਮੀਂਹ ਨਾ ਪੈਂਦਾ, ਸੁੱਕੀਆਂ ਵਾਹੁਣ ਜ਼ਮੀਨਾਂ,
ਤੂੜੀ ਖਾ ਖਾ ਬਲਦ ਹਾਰ ਗਏ, ਗੱਭਰੂ ਗਿੱਝ ਗਏ ’ਫੀਮਾਂ,
ਤੇਰੀ ਬੈਠਕ ਨੇ, ਪੱਟਿਆ ਕਬੂਤਰ ਚੀਨਾ…।
ਸਾਉਣ ਮਹੀਨੇ ਵਿੱਚ ਪ੍ਰਮੁੱਖ ਤਿੱਥ-ਤਿਉਹਾਰ ਅਤੇ ਹੋਰ ਖ਼ੁਸ਼ੀਆਂ-ਖੇੜਿਆਂ ਦਾ ਆਰੰਭ ਮਹੀਨੇ ਦੇ ਪਹਿਲੇ ਦਿਨ (ਸੰਗਰਾਂਦ) ਤੋਂ ਹੀ ਧਾਰਮਿਕ ਆਸਥਾ ਵਿੱਚ ਹੋ ਜਾਂਦਾ ਹੈ। ਹੋਰ ਤਿੱਥਾਂ-ਤਿਉਹਾਰਾਂ ਵਿੱਚੋਂ ਤੀਆਂ, ਰੱਖੜੀ ਆਦਿ ਤਾਂ ਵਿਸ਼ੇਸ਼ ਮਹੱਤਤਾ ਦੇ ਲਖਾਇਕ ਹਨ। ਇਨ੍ਹਾਂ ਤੋਂ ਇਲਾਵਾ ਛਿੰਝਾਂ, ਅਖਾੜਿਆਂ, ਸਥਾਨਕ ਮੇਲਿਆਂ ਅਤੇ ਜਲਸਿਆਂ ਆਦਿ ਦੀ ਪਰੰਪਰਾ ਵੀ ਪੰਜਾਬ ਦੇ ਵਿਭਿੰਨ ਖਿੱਤਿਆਂ ਵਿੱਚ ਪ੍ਰਚਲਤ ਹੈ। ਅਜੋਕੇ ਸਮਿਆਂ ਵਿੱਚ ਦੂਰ-ਦੁਰਾਡੇ ਦੇ ਦੇਸ਼ਾਂ ਵਿੱਚ, ਜਿੱਥੇ ਵੀ ਪੰਜਾਬੀ ਪੁੱਜੇ ਹਨ, ਉੱਥੇ ਘੋਲ, ਕਬੱਡੀਆਂ, ਤੀਆਂ-ਤੀਜ ਦੀਆਂ ਮਨਾ ਕੇ ਆਪਣੇ ਵਿਰਸੇ ਪ੍ਰਤੀ ਜਾਗਰੂਕਤਾ ਦੇ ਪ੍ਰਮਾਣ ਪ੍ਰਗਟ ਕਰ ਰਹੇ ਹਨ। ਇਹ ਸਭ ਖ਼ੁਸ਼ੀਆਂ ਅਤੇ ਲੋਕ-ਮਿਲਣੀਆਂ ਦੇ ਸੁਹਾਵਣੇ ਮੌਕੇ ਹਨ, ਜਿਨ੍ਹਾਂ ਵਿੱਚ ਪੰਜਾਬੀਆਂ ਦੀ ਰੂਹ ਸਾਹ ਲੈਂਦੀ ਪ੍ਰਤੀਤ ਹੁੰਦੀ ਹੈ।
ਮਨੋਵਿਗਿਆਨਕ ਦ੍ਰਿਸ਼ਟੀ ਤੋਂ ਸਾਉਣ ਮਹੀਨੇ ਦਾ ਸਬੰਧ ਮੁਟਿਆਰਾਂ ਤੇ ਔਰਤਾਂ ਦੇ ਹਾਵਾਂ-ਭਾਵਾਂ, ਉਮੰਗਾਂ, ਖਾਹਿਸ਼ਾਂ, ਉਦਰੇਵਿਆਂ, ਤਰਸੇਵਿਆਂ, ਮਿਲਾਪ-ਵਿਛੋੜਿਆਂ ਨਾਲ ਅਤੇ ਇਸ ਤੋਂ ਇਲਾਵਾ ਉਨ੍ਹਾਂ ਦੇ ਸੁਹਜ-ਸ਼ਿੰਗਾਰ ਨਾਲ ਵੀ ਸਬੰਧਤ ਹੈ। ਵਿਆਹੀਆਂ ਹੋਈਆਂ ਮੁਟਿਆਰਾਂ ਇਸ ਮਹੀਨੇ, ਸਹੁਰੇ-ਘਰਾਂ ਤੋਂ ਆਪਣੇ ਪੇਕੇ ਘਰੀਂ ਆਉਣਾ ਵਧੇਰੇ ਪਸੰਦ ਕਰਦੀਆਂ ਹਨ। ਭਾਵੇਂ ਪੇਕਿਆਂ ਦੇ ਪੱਖ ਦੀਆਂ ਕਈ ਮਜਬੂਰੀਆਂ ਹੋਣ, ਉਨ੍ਹਾਂ ਦਾ ਚਿੱਤ ਪੇਕਿਆਂ ਦੇ ਘਰੀਂ ਕਿਸੇ ਨਾ ਕਿਸੇ ਬਹਾਨੇ ਜਾਣ ਨੂੰ ਕਰਦਾ ਹੀ ਰਹਿੰਦਾ ਹੈ। ਸਹੁਰਿਆਂ ਦੇ ਘਰ, ਉਨ੍ਹਾਂ ਨੂੰ ਪੇਕਿਆਂ ਜਿੰਨੀ ਖੁੱਲ੍ਹ ਨਹੀਂ ਹੁੰਦੀ, ਕਈ ਪ੍ਰਕਾਰ ਦੀ ਰਸਮੀ ਲਾਜ ਉਨ੍ਹਾਂ ਨੂੰ ਬੇਵੱਸ ਰੱਖਦੀ ਹੈ। ਇਸੇ ਬੇਵਸੀ ਤੋਂ ਰਾਹਤ ਲਈ ਉਹ ਆਪਣੇ ਪੇਕੀਂ ਸੁਨੇਹੇ ਭੇਜਦੀਆਂ ਹਨ ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਦਾ ਬਾਪ, ਭਰਾ ਜਾਂ ਭਤੀਜਾ ਆ ਕੇ ਲੈ ਜਾਵੇ ਤੇ ਉਹ ਸਖੀ-ਸਹੇਲੀਆਂ ਨਾਲ ਪੇਕੇ ਘਰ ਨੱਚ-ਟੱਪ, ਗਾ ਕੇ ਸਾਉਣ ਮਹੀਨੇ ਦਾ ਅਨੰਦ ਮਾਣ ਸਕਣ। ਸਹੁਰੇ ਘਰੋਂ ਧੀ ਦੀ ਅਰਜੋਈ ਇਨ੍ਹਾਂ ਲੋਕ-ਬੋਲਾਂ ਥਾਣੀਂ ਮਾਪੀ ਜਾ ਸਕਦੀ ਹੈ:
ਭੇਜ ਨੀਂ ਅੰਮਾਂ ਰਾਣੀਏ ਸੂਹੜੇ, ਸੂਹਿਆਂ ਦੇ ਦਿਨ ਚਾਰ, ਸਾਵਣ ਆਇਆ।
ਜਾਂ ਫਿਰ ਇਹ ਬੋਲ ਵੇਖੋ¸
ਮਾਏ ਪੀਹੜੇ ਬੈਠੀਏ ਨੀਂ, ਧੀਆਂ ਕਿਉਂ ਦਿੱਤੀਆਂ ਦੂਰ, ਸਾਵਣ ਆਇਆ।
ਧੀ ਕੋਲ ਬਾਪ ਜਾਂ ਵੀਰ ਦਾ ਇਸ ਮਹੀਨੇ ਆਉਣਾ, ਧੀ-ਭੈਣ ਲਈ ਖ਼ੁਸ਼ੀਆਂ ਦਾ ਅੰਬਾਰ ਲੱਗ ਜਾਣ ਤੁੱਲ ਹੋ ਨਿੱਬੜਦਾ ਹੈ।
ਸਾਉਣ ਮਹੀਨੇ ਨਾਲ ਸਬੰਧਤ ਬਹੁਤ ਸਾਰੇ ਟੱਪੇ, ਬੋਲੀਆਂ ਅਤੇ ਲੰਮੇ ਲੋਕ-ਗੀਤ ਉਪਲੱਬਧ ਹਨ, ਜਿਨ੍ਹਾਂ ਵਿੱਚੋਂ ‘ਤੀਆਂ’ ਦਾ ਵਿਸ਼ੇਸ਼ ਵਰਣਨ ਹੈ। ‘ਤੀਆਂ’ ਜਾਂ ‘ਸਾਂਵੇਂ’ ਦੋ ਵੱਖ-ਵੱਖ ਸੰਕਲਪ ਜਾਂ ਧਾਰਨਾਵਾਂ ਨਹੀਂ, ਸਗੋਂ ਇੱਕੋ ਹੀ ਭਾਵ-ਅਰਥੀ ਸ਼ਬਦ ਹਨ। ਮਾਝੇ ਦੇ ਇਲਾਕੇ ਵਿੱਚ ਆਮ ਤੌਰ ’ਤੇ ‘ਸਾਂਵੇਂ’ ਆਖ ਲਿਆ ਜਾਂਦਾ ਰਿਹਾ ਹੈ ਅਤੇ ਮਾਲਵੇ ਤੇ ਦੁਆਬੇ ਵਿੱਚ ‘ਤੀਆਂ’ ਕਹਿ ਲਿਆ ਜਾਂਦਾ ਰਿਹਾ ਹੈ। ਸਾਂਵੇਂ ਜਾਂ ਤੀਆਂ ਚੰਨ-ਵਰ੍ਹੇ ਦਾ ਤਿਉਹਾਰ ਹੈ। ਇਹ ਤਿਉਹਾਰ ਸਾਉਣ ਮਹੀਨੇ ਦੀ ਤੀਜ ਤੋਂ ਸ਼ੁਰੂ ਹੋ ਕੇ ਸਾਉਣ ਦੀ ਪੁੰਨਿਆ ਤਕ ਤੇਰਾਂ (13) ਦਿਨਾਂ ਤਕ ਚੱਲਦਾ ਰਹਿੰਦਾ ਹੈ। ਇਸ ਤਿਉਹਾਰ ਦਾ ਵਧੇਰੇ ਸਬੰਧ ਧੀਆਂ-ਭੈਣਾਂ ਨਾਲ ਜੋੜਿਆ ਗਿਆ ਹੈ। ਇਸ ਦੀ ਪ੍ਰਾਚੀਨਤਾ ਸਬੰਧੀ ਪੰਜਾਬੀ ਦੀ ਇੱਕ ਕਹਾਵਤ ਪ੍ਰਚਲਤ ਹੈ ਕਿ ‘ਧੀਆਂ ਜੰਮੀਆਂ, ਤੀਆਂ ਆਰੰਭੀਆਂ’ ਭਾਵ ਧੀਆਂ ਦੇ ਜਨਮ ਸਮੇਂ ਤੋਂ ਹੀ ਤੀਆਂ ਦੇ ਤਿਉਹਾਰ ਦਾ ਆਰੰਭ ਹੋ ਜਾਂਦਾ ਹੈ।
ਅਸਲ ਵਿੱਚ ਤੀਆਂ ਦਾ ਇਹ ਤਿਉਹਾਰ ਨਿਸ਼ੰਗਤਾ ਸਹਿਤ ਨੱਚਣ-ਟੱਪਣ ਅਤੇ ਜੀਵਨ ਤੇ ਰਸਮੀ ਰੁਝੇਵਿਆਂ ਪ੍ਰਤੀ ਬੇਧਿਆਨੇ ਹੋ ਕੇ ਖ਼ੁਸ਼ੀਆਂ ਸਾਂਝੀਆਂ ਕਰਨ ਅਤੇ ਇਨ੍ਹਾਂ ਨੂੰ ਮਾਨਣ ਦਾ ਤਿਉਹਾਰ ਹੈ। ਸਾਉਣ ਮਹੀਨੇ ਦੀ ਪਹਿਲੀ ਵਾਛੜ ਨਾਲ ਹੀ ਜਿੱਥੇ ਧਰਤੀ ਉਪਰ ਹਰਿਆਲੀ ਪਸਰਨੀ ਸ਼ੁਰੂ ਹੋ ਜਾਂਦੀ ਹੈ, ਉੱਥੇ ਨਾਰੀ-ਜਾਤੀ ਲਈ ਇਸ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਕੀ ਬੁੱਢੜੀ, ਕੀ ਮੁਟਿਆਰ ਅਤੇ ਕੀ ਬਾਲੜੀ? ਸਭਨਾਂ ਦਾ ਜੀਅ ਨੱਚਣ ਨੂੰ ਕਰ ਆਉਂਦਾ ਹੈ ਅਤੇ ਇਹ ਅਗੰਮੀ ਬੋਲ ਹਵਾਵਾਂ ਵਿੱਚ ਮਿਸ਼ਰੀ ਘੋਲਦੇ ਪ੍ਰਤੀਤ ਹੁੰਦੇ ਹਨ:
ਸਾਉਣ ਦਾ ਮਹੀਨਾ, ਬਾਗਾਂ ਵਿੱਚ ਬੋਲਣ ਮੋਰ ਵੇ,
ਮੈਂ ਨਹੀਂ ਸਹੁਰੇ ਜਾਣਾ, ਗੱਡੀ ਨੂੰ ਖਾਲੀ ਮੋੜ ਵੇ।
ਸਮਾਜਿਕ ਪੱਖੋਂ ਸਾਉਣ ਵਿੱਚ ਤੀਆਂ ਦਾ ਤਿਉਹਾਰ ਸੱਜ-ਵਿਆਹੀਆਂ ਅਤੇ ਅਣ-ਮੁਕਲਾਈਆਂ ਲਈ ਸ਼ਗਨਾਂ-ਭਰਪੂਰ ਤਿਉਹਾਰ ਹੈ। ਪੀਂਘਾਂ ਝੂਟਦੀਆਂ ਇਨ੍ਹਾਂ ਮੁਟਿਆਰਾਂ ਨੂੰ ਸਵਰਗੀ ਹੁਲਾਰੇ ਮਿਲਦੇ ਪ੍ਰਤੀਤ ਹੁੰਦੇ ਹਨ। ‘ਪੀਂਘ ਦਾ ਹੁਲਾਰਾ’, ‘ਪੀਂਘ ਚੜ੍ਹਾਉਣੀ’, ‘ਪੀਂਘ ਚੜ੍ਹਨੀ’, ‘ਝੂਟੇ ਲੈਣੇ’ ਆਦਿ ਮੁਹਾਵਰੇ ਪੰਜਾਬੀ ਜਨ-ਜੀਵਨ ਵਿੱਚ ਬੜੇ ਡੂੰਘੇ, ਸਾਰਥਕ ਅਤੇ ਭਾਵ-ਪੂਰਤ ਅਰਥ ਰੱਖਦੇ ਹਨ। ਅਜਿਹੀ ਅਵਸਥਾ ਵਿੱਚ ਵਿਚਰ ਰਹੀਆਂ ਪੰਜਾਬਣਾਂ ਦੇ ਇਰਦ-ਗਿਰਦ ਖਿੜਿਆ ਆਲਾ-ਦੁਆਲਾ, ਪੈਲਾਂ ਪਾਉਂਦੇ ਮੋਰ, ਪੀਆ-ਪੀਆ ਬੋਲਦੇ ਪਪੀਹੇ, ਕੂਕਦੀਆਂ ਕੋਇਲਾਂ, ਉਨ੍ਹਾਂ ਨੂੰ ਦੂਰ ਬੈਠੇ ਮਾਹੀ ਦਾ ਪਿਆਰ ਯਾਦ ਕਰਵਾਉਣ ਲੱਗ ਪੈਂਦੀਆਂ ਹਨ। ਸਬੰਧਤ ਲੋਕ-ਗੀਤਾਂ ਵਿੱਚੋਂ ਕੁਝ ਟੂਕਾਂ ਦਰਜ ਹਨ:
ਰਲ ਆਓ ਸਈਓ ਨੀਂ, ਸਭੇ ਤੀਆਂ ਖੇਡ ਜਾਈਏ,
ਹੁਣ ਆ ਗਿਆ ਸਾਵਣ ਨੀਂ, ਪੀਂਘਾਂ ਪਿੱਪਲੀਂ ਜਾ ਕੇ ਪਾਈਏ।
ਪਈ ਕੂ ਕੂ ਕਰਦੀ ਨੀਂ, ਸਈਓ ਕੋਇਲ ਹੰਝੂ ਡੋਲ੍ਹੇ,
ਇਹ ਕੇਹਾ ਪਪੀਹਾ ਨੀਂ, ਭੈੜਾ ‘ਪੀਆ-ਪੀਆ’ ਬੋਲੇ।
ਲੈ ਪੈਲ਼ਾਂ ਪਾਂਦੇ ਨੀਂ, ਬਾਗੀਂ ਮੋਰਾਂ ਸ਼ੋਰ ਮਚਾਇਆ।
ਖਿੜ-ਖਿੜ ਫੁੱਲਾਂ ਨੇ, ਸਾਨੂੰ ਮਾਹੀ ਯਾਦ ਕਰਾਇਆ।
ਸਾਉਣ ਮਹੀਨਾ ਅਜਿਹਾ ਮਹੀਨਾ ਹੈ, ਜਦੋਂ ਸਾਰੀ ਦੀ ਸਾਰੀ ਕਾਇਨਾਤ ਹਰਿਆਵਲ-ਭਰਪੂਰ ਹੋ ਜਾਂਦੀ ਹੈ। ਫ਼ਸਲਾਂ, ਪੱਠੇ, ਦਰੱਖਤ ਸਭ ਲਲਕਾਰੇ ਮਾਰਦੇ ਹੋਏ ਲਗਰਾਂ ਛੱਡ ਰਹੇ ਹੁੰਦੇ ਹਨ। ਕਮਾਦ, ਚਰ੍ਹੀਂ, ਬਾਜਰੇ, ਝੋਨੇ, ਬਾਸਮਤੀਆਂ ਆਦਿ ਫ਼ਸਲਾਂ ਦੀ ਤਾਂ ਲਹਿਰ-ਬਹਿਰ ਲੱਗੀ ਹੁੰਦੀ ਹੈ। ਕਿਸਾਨੀ ਚਿਹਰੇ ਖਿੜੀ ਗੁਲਜ਼ਾਰ ਦੇ ਭਾਂਤੀ ਨਜ਼ਰੀਂ ਪੈਂਦੇ ਹਨ। ਲੋਕ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾ-ਬਣਾ ਖਾਂਦੇ-ਪੀਂਦੇ ਹਨ। ਖੀਰਾਂ-ਪੂੜੇ ਤਾਂ ਸਾਉਣ ਮਹੀਨੇ ਦੀ ਸਹਿਜ-ਖੁਰਾਕ ਵੀ ਹੈ ਅਤੇ ਉਚੇਚ ਨਾਲ ਤਿਆਰ ਕੀਤੀ ਖੁਰਾਕ ਵੀ, ਜੋ ਲੋਕ ਅਜਿਹੀ ਖੁਰਾਕ ਨਹੀਂ ਖਾਂਦੇ ਜਾਂ ਖਾਣ ਤੋਂ ਅਸਮਰੱਥ ਰਹਿ ਜਾਂਦੇ ਹਨ, ਉਨ੍ਹਾਂ ਨੂੰ ਲੋਕ-ਬੋਲਾਂ ਦੇ ਮਾਧਿਅਮ ਰਾਹੀਂ ਕਈ ਖਰੀਆਂ-ਖਰੀਆਂ ਵੀ ਸੁਣਨੀਆਂ ਪੈਂਦੀਆਂ ਹਨ, ਜਿਨ੍ਹਾਂ ਦਾ ਜ਼ਿਕਰ ਸਾਡੇ ਲੋਕ-ਅਖਾਣਾਂ ਵਿੱਚ ਆਮ ਵੇਖਿਆ ਜਾ ਸਕਦਾ ਹੈ, ਜਿਵੇਂ:
ਸਾਉਣ ਖੀਰ ਨਾ ਖਾਧੀ ਆ, ਕਿਉਂ ਜੰਮਿਉਂ ਅਪਰਾਧੀਆ।
ਜੇ ਇਨ੍ਹੀਂ ਦਿਨੀਂ ਹੱਟੀਆਂ ਵਾਲੇ ਗੁੜ ਆਦਿ ਦਾ ਭਾਅ ਵਧਾ ਦੇਣ ਤਾਂ ਲੋਕ-ਬੋਲਾਂ ਰਾਹੀਂ ਉਨ੍ਹਾਂ ਨੂੰ ਵੀ ਝੰਜੋੜਿਆ ਜਾਂਦਾ ਹੈ ਅਤੇ ਆਪਣੀ ਖਾਣ-ਪਾਣ ਦੀ ਪਰੰਪਰਾ ਨੂੰ ਜ਼ਰੂਰ ਬਰਕਰਾਰ ਰੱਖਿਆ ਜਾਂਦਾ ਹੈ। ਆਮ ਪ੍ਰਚਲਤ ਬੋਲ ਹਨ:
ਸਾਉਣ ਮਹੀਨੇ ਤਾਂ ਲੁੱਟਦੇ ਬਾਣੀਏ, ਨਵੀਆਂ ਹੱਟੀਆਂ ਪਾ ਕੇ।
ਅੱਗੇ ਤਾਂ ਗੁੜ ਧੜੀਏ ਵਿਕਦਾ, ਹੁਣ ਕਿਉਂ ਦਿੰਦੇ ਘਟਾ ਕੇ।
ਕੁੜੀਆਂ-ਮੁੰਡੇ ਜਿਦ ਪਏ ਕਰਦੇ, ਪੂੜੇ ਦਿਓ ਪਕਾ ਕੇ।
ਬਾਣੀਓ ਤਰਸ ਕਰੋ, ਗੁੜ ਵੇਚੋ ਭਾਅ ਘਟਾ ਕੇ…।
ਇਸ ਤਰ੍ਹਾਂ ਪਲ ਬੀਤ ਜਾਂਦੇ ਹਨ, ਦਿਨ ਬੀਤ ਜਾਂਦੇ ਹਨ, ਮਹੀੇਨਾ ਬੀਤ ਜਾਂਦਾ ਹੈ, ਰੁੱਤਾਂ ਤੇ ਸਾਲ ਲੰਘ ਜਾਂਦੇ ਹਨ, ਉਮਰਾਂ ਬੀਤ ਜਾਂਦੀਆਂ ਹਨ ਪਰ ਸਾਉਣ ਮਹੀਨੇ ਦੇ ਉਹ ਪਲ, ਉਹ ਦਿਨ, ਉਹ ਮੌਕੇ ਜੋ ਰਲ-ਮਿਲ ਕੇ ਬਿਤਾਏ ਹੁੰਦੇ ਹਨ, ਨਾ ਗੱਭਰੂਆਂ ਨੂੰ ਭੁੱਲਦੇ ਹਨ ਤੇ ਨਾ ਮੁਟਿਆਰਾਂ ਨੂੰ ਵਿਸਰਦੇ ਹਨ ਅਤੇ ਨਾ ਮਾਪਿਆਂ ਤੇ ਨਾ ਸਹੁਰਿਆਂ ਨੂੰ ਭੁੱਲਦੇ ਹਨ। ਨਿੱਤ ਨਵੇਂ ਦਿਨ, ਨਵੀਂ ਰੁੱਤ ਵਿੱਚ ਇਹ ਕਦੇ ਪੁਰਾਣੇ ਨਹੀਂ ਹੁੰਦੇ, ਸਗੋਂ ਨਵੇਂ ਤੋਂ ਨਵੇਂ ਅਹਿਸਾਸ, ਖ਼ੁਸ਼ੀਆਂ ਤੇ ਖੇੜਿਆਂ ਦੇ ਬੀਜ ਲੋਕ-ਮਾਨਸਿਕਤਾ ਵਿੱਚ ਬੀਜ ਜਾਂਦੇ ਹਨ। ਨਿਰਸੰਦੇਹ ਸਾਉਣ ਦਾ ਮਹੀਨਾ ਪੰਜਾਬੀਆਂ ਵਿੱਚ ਹੀ ਨਹੀਂ, ਸਮੁੱਚੀ ਮਨੁੱਖਤਾ ਦੇ ਭਾਗਾਂ ਵਿੱਚ ਰੰਗ ਭਰਦਾ ਹੈ। ਧਰਤੀ ਮੌਲਦੀ ਹੈ, ਜਵਾਨੀ ਹੁਲਾਰਾ ਲੈਂਦੀ ਹੈ, ਟਹਿਕਦੀ-ਮਹਿਕਦੀ ਅਤੇ ਖਿੜਦੀ ਹੈ। ਰੱਬ ਕਰੇ! ਸਾਉਣ ਮਹੀਨਾ ਸਭਨਾਂ ਦਾ ਦਿਲ ਠਾਰੇ, ਖ਼ੁਸ਼ਹਾਲੀ ਲਿਆਵੇ ਅਤੇ ਦੁਨੀਆਂ ਭਰ ਵਿੱਚ ਅਮਨ-ਸ਼ਾਂਤੀ ਦਾ ਛਰਾਟਾ ਮਾਰੇ।
-ਡਾ. ਜਗੀਰ ਸਿੰਘ ਨੂਰ
*  ਮੋਬਾਈਲ:98142-09732

No comments:

Post a Comment