Wednesday, 18 September 2013

ਮੌਜੂਦਾ ਪੰਜਾਬੀ ਗਾਇਕੀ ਵਿਚਲਾ ਨਾਇਕ



ਨਾਇਕ, ਆਦਿ ਕਾਲ ਤੋਂ ਹੀ ਸਮਾਜ ਨੂੰ ਸੇਧ ਦੇਣ ਵਾਲਾ ਅਜਿਹਾ ਪਾਤਰ ਰਿਹਾ ਹੈ ਜਿਹੜਾ ਕਿ ਨਿਰਸੁਆਰਥ ਭਾਵਨਾ ਨਾਲ ਪਰ-ਹਿੱਤ ਲਈ ਕਾਰਜ ਕਰਦਾ ਹੈ। ਉਹ ਆਕਰਸ਼ਕ ਗੁਣਾਂ ਦਾ ਧਾਰਨੀ ਹੁੰਦਾ ਹੈ। ਉਸ ਲਈ ਕੁਝ ਵੀ ਅਸੰਭਵ ਨਹੀਂ ਹੁੰਦਾ। ਨਾਇਕ, ਖਲਨਾਇਕ ਅਤੇ ਦੁਸ਼ਟ ਪਾਤਰਾਂ ਦੁਆਰਾ ਕੀਤੇ ਜਾ ਰਹੇ ਦੁਸ਼-ਕਾਰਜਾਂ ਨੂੰ ਨਾ ਸਿਰਫ਼ ਰੋਕਦਾ ਹੈ, ਬਲਕਿ ਉਸ ਦੇ ਕੁ-ਪ੍ਰਭਾਵ ਤੋਂ ਸਮਾਜ ਨੂੰ ਬਚਾਉਂਦਾ ਵੀ ਹੈ। ਨਾਇਕ ਵਿੱਚ ਵੀਰ, ਯੋਧਾ, ਬਲਵਾਨ ਅਤੇ ਆਦਰਸ਼ਕ ਗੁਣਾਂ ਨੂੰ ਆਦਿ ਕਾਲ ਤੋਂ ਹੀ ਮਾਨਤਾ ਮਿਲਦੀ ਰਹੀ ਹੈ। ਸੰਸਕ੍ਰਿਤ ਸਾਹਿਤਯਚਾਰੀਆਂ ਨੇ ਆਪਣੇ ਗ੍ਰੰਥਾਂ ਵਿੱਚ ਨਾਇਕ ਦੇ ਵਿਭਿੰਨ ਗੁਣਾਂ ਨੂੰ ਵਡਿਆਇਆ ਹੈ। ਨਾਇਕ ਵਿੱਚ ਬਾਕੀ ਸਾਰੇ ਗੁਣਾਂ ਤੋਂ ਪਹਿਲਾਂ ਇੱਕ ਯੋਗ ਆਗੂ ਵਾਲੇ ਗੁਣ ਹੋਣੇ ਚਾਹੀਦੇ ਹਨ, ਜਿਸ ਨਾਲ ਉਹ ਸਮਾਜ ਨੂੰ ਸੁਚੱਜੀ ਸੇਧ ਦੇ ਸਕੇ। ਨਾਇਕ ਦੀ ਆਦਰਸ਼ਤਾ ਉਸ ਨੂੰ ਆਮ ਲੋਕਾਂ ਨਾਲੋਂ ਵਖਰਿਆ ਕੇ ਜਨ ਮਾਨਸ ਦੀ ਸਥਾਪਤ ਮਾਨਸਿਕਤਾ ਦਾ ਹਿੱਸਾ ਬਣਾਉਂਦੀ ਹੈ। ਸੰਸਾਰ ਦਾ ਕੋਈ ਵੀ ਨਾਇਕ ਕਦੇ ਵੀ ਸਥਾਪਤੀ ਦੇ ਖੰਡਾਂ ਤੋਂ ਪਾਰ ਨਹੀਂ ਵਿਚਰਦਾ। ਨਾਇਕਤਵ ਦੇ ਆਦਰਸ਼ ਸਮਾਜਿਕ ਵਧੇਰੇ ਅਤੇ ਵਿਅਕਤੀਗਤ ਘੱਟ ਹੁੰਦੇ ਹਨ। ਨਾਇਕਤਵ ਦੇ ਆਧਾਰ ਜ਼ਮੀਨੀ ਹਕੀਕਤ ਨਾਲ ਸਬੰਧਤ ਹੋਣ ਕਾਰਨ ਸਮਾਜ ਨਾਲ ਜੁੜੇ ਹੋਣ ਦੀ ਬਜਾਏ ਇੱਕ ਸਮਾਜ ਨਾਲ ਜੁੜੇ ਹੁੰਦੇ ਹਨ। ਨਾਇਕ ਤ੍ਰੈ-ਕਾਲ ਵਿੱਚ ਫੈਲਦਾ ਹੈ। ਕਿਸੇ ਵੀ ਨਾਇਕ ਨੂੰ ਇੱਕ ਸੀਮਤ ਕਾਲ ਚੱਕਰ ਵਿੱਚ ਬੰਨ੍ਹ ਕੇ ਨਹੀਂ ਰੱਖਿਆ ਜਾ ਸਕਦਾ।
ਅਜੋਕੇ ਦੌਰ ਦੌਰਾਨ ਪੰਜਾਬੀ ਵਿੱਚ ਕੀਤੀ ਜਾ ਰਹੀ ਗਾਇਕੀ, ਅਜਿਹੇ ਪਾਤਰ ਸਿਰਜ ਰਹੀ ਹੈ ਜਿਸ ਨਾਲ ਆਮ ਲੋਕ ਸਦ-ਪ੍ਰਭਾਵਿਤ ਹੋਣ ਦੀ ਬਜਾਏ ਕੁਰਾਹੇ ਪੈ ਰਹੇ ਹਨ। ਅਜੋਕੇ ਦੌਰ ਵਿੱਚ ਗਾਇਕੀ ਆਪਣੇ ਉਸ ਨਿਮਨਤਰ ਸਤਰ ਤਕ ਪਹੁੰਚ ਚੁੱਕੀ ਹੈ ਜਿੱਥੋਂ ਨਾਇਕਤਵ ਦੇ ਆਦਰਸ਼ ਖੰਡਿਤ ਮਾਨਸਿਕਤਾ ਵਾਲੇ ਸਰੋਤਿਆਂ ਦੇ ਹੱਕ ਵਿੱਚ ਆ ਚੁੱਕੇ ਹਨ। ਅਜੋਕੀ ਪੰਜਾਬੀ ਗਾਇਕੀ ਵਿਚਲਾ ਮੁੱਖ ਪਾਤਰ (ਜਿਸ ਨੂੰ ਵਿਚਲਤ ਮਾਨਸਿਕਤਾ ਵਾਲੇ ਲੋਕ, ਨਾਇਕ ਵਜੋਂ ਮਾਨਤਾ ਦਿੰਦੇ ਹਨ) ਉਹ ਨਹੀਂ ਜਿਸ ਦੇ ਆਪਣੇ ਆਦਰਸ਼ ਹਨ ਬਲਕਿ ਉਹ ਤਾਂ ਅਜਿਹਾ ਪਾਤਰ ਹੈ ਜਿਹੜਾ ਨਾਇਕਾ ਦੀ ਪ੍ਰਾਪਤੀ ਲਈ ਉਸ ਦੇ ਸਬੰਧੀਆਂ ਦੇ ਕਤਲ ਕਰਨ ਦੀਆਂ ਤਦਬੀਰਾਂ ਬੁਣਦਾ ਹੈ। ਪੰਜਾਬੀ ਗਾਇਕੀ ਵਿਚਲਾ ਮੁੱਖ ਪਾਤਰ ਸ਼ਰਾਬ ਦੀਆਂ ਭੱਠੀਆਂ ਚਲਾਉਂਦਾ ਹੈ ਪਰ ਉਸ ਦੇ ਅਖੌਤੀ ਰੋਅਬ ਕਾਰਨ ਪੁਲੀਸ ਉਸ ਨੂੰ ਕੁਝ ਨਹੀਂ ਕਹਿੰਦੀ, ਇਸ ਨੂੰ ਉਸ ਦੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ। ਅਜਿਹੇ ਪਾਤਰ ਨੂੰ ਗਾਇਕ ਅਤੇ ਲੇਖਕ, ਸਮਾਜ ਵਿੱਚ ਨਾਇਕ ਵਜੋਂ ਪੇਸ਼ ਕਰ ਰਹੇ ਹਨ। ਅਜੋਕੀ ਪੰਜਾਬੀ ਗਾਇਕੀ ਵਿਚਲਾ ਨਾਇਕ ਉਹ ਹੈ ਜਿਹੜਾ ਇੱਕ ਤੋਂ ਵਧੀਕ ਨਾਇਕਾਵਾਂ ਨੂੰ ਆਪਣੇ ਝੂਠੇ ਪ੍ਰੇਮ ਜਾਲ ਵਿੱਚ ਫਸਾਉਣ ਵਿੱਚ ਮਾਹਿਰ ਹੈ ਅਤੇ ਇਸ ਕਾਰਜ ਵਿੱਚ ਉਸ ਦੇ ਦੋਸਤ ਉਸ ਦੀ ਸਹਾਇਤਾ ਕਰਦੇ ਹਨ। ਲੰਡੀ ਜੀਪ, ਗੰਡਾਸੀ, ਦੋਨਾਲੀ, ਦਾਰੂ ਦੀ ਬੋਤਲ, ਕਲੱਬ ਅਤੇ ਪੈਸੇ ਆਦਿ ਉਸ ਦੇ ਸ਼ੌਕ ਹਨ। ਬੁਲਟ ਮੋਟਰਸਾਈਕਲ ’ਤੇ ਕੁੜੀਆਂ ਦੇ ਕਾਲਜ ਦੇ ਬਾਹਰ ਗੇੜੀਆਂ ਲਾਉਣ, ਰਾਹ ਚਲਦੀ ਕੁੜੀ ਨੂੰ ਛੇੜਨ ਅਤੇ ਕੁੜੀ ਦੇ ਸਾਕ-ਸਬੰਧੀਆਂ ਨਾਲ ਮਾਰ-ਕੁਟਾਈ ਆਦਿ ਨੂੰ ਮੁੱਖ ਪਾਤਰ ਦੀ ਸ਼ਾਨ ਵਜੋਂ ਜਾਣਿਆ ਜਾਂਦਾ ਹੈ। ਉਸ ਦਾ ਅਜਿਹਾ ਵਿਹਾਰ ਤੰਗ ਮਾਨਸਿਕਤਾ ਵਾਲੇ ਲੋਕਾਂ ਦੇ ਉਪ-ਸਮੂਹ ਤੋਂ ਪ੍ਰਵਾਨਗੀ ਵੀ ਪ੍ਰਾਪਤ ਕਰ ਲੈਂਦਾ ਹੈ।
ਘਰੇਲੂ ਕੰਮ ਕਰਨੇ ਜਾਂ ਪੜ੍ਹਾਈ ਕਰਨੀ ਉਸ ਲਈ ਹੱਤਕ ਦੇ ਸਮਾਨ ਹੈ। ਕਾਲਜ ਵਿੱਚ ਜਾਣਾ ਉਸ ਲਈ ਸਿਰਫ਼ ਸ਼ੌਕ ਹੈ ਅਤੇ ਉੱਥੇ ਉਸ ਨਾਲ ਸਹਿ ਪਾਤਰਾਂ ਦੀ ਪੂਰੀ ਫ਼ੌਜ ਉਸ ਦੇ ਆਲੇ-ਦੁਆਲੇ ਨੂੰ ਘੇਰੀ ਖਲੋਤੀ ਰਹਿੰਦੀ ਹੈ। ਮੋਬਾਈਲ ਫੋਨ ਅਤੇ ਮੋਟਰਸਾਈਕਲ ਹੋਣਾ ਉਸ ਲਈ ਵੱਕਾਰ ਦਾ ਵਿਸ਼ਾ ਹੈ। ਸਾਫ਼-ਸੁਥਰੇ ਕੱਪੜੇ ਪਾ ਕੇ ਪਿੰਡ ਦੀਆਂ ਗਲੀਆਂ ਵਿੱਚ ਘੁੰਮਣਾ ਅਤੇ ਸ਼ਹਿਰ ਦੇ ਚੌਕਾਂ ਵਿੱਚ ਖੜਨਾ ਉਸ ਦੀ ਸ਼ਾਨ ਨੂੰ ਵਧਾਉਂਦੇ ਹਨ। ਮਾਤਾ-ਪਿਤਾ ਦੀ ਸੇਵਾ ਜਾਂ ਸਮਾਜ ਲਈ ਕੋਈ ਕਾਰਜ ਕਰਨ ਬਾਰੇ ਤਾਂ ਉਹ ਸੁਪਨੇ ਵਿੱਚ ਵੀ ਸੋਚ ਨਹੀਂ ਸਕਦਾ। ਜ਼ਿਆਦਾ ਤੋਂ ਜ਼ਿਆਦਾ ਜੇ ਕੁਝ ਕਰਨਾ ਹੈ ਤਾਂ ਪੰਜਾਬੀ ਗਾਇਕੀ ਵਿਚਲਾ ਅਜੋਕਾ ਅਖੌਤੀ ਨਾਇਕ, ਕਾਲਜ ਜਾਂ ਯੂਨੀਵਰਸਿਟੀ ਸਟੂਡੈਂਟ ਫੈਡਰੇਸ਼ਨ ਦੀਆਂ ਚੋਣਾਂ ਲੜ ਸਕਦਾ ਹੈ ਅਤੇ ਇਸ ਵਿੱਚ ਵੀ ਜੇ ਕੋਈ ਉਸ ਦੇ ਇਸ ਕੰਮ ਵਿੱਚ ਅੜਿੱਕਾ ਬਣਨ ਦੀ ਕੋਸ਼ਿਸ਼ ਕਰਦਾ ਹੈ ਤਾਂ ਮੁੱਖ-ਪਾਤਰ ਉਸ ਦਾ ਗਲਾ ਵੱਢਣ ਨੂੰ ਇੱਕ ਮਿੰਟ ਨਹੀਂ ਲਾਉਂਦਾ। ਲੋਕ ਉਸ ਦੇ ਅਜਿਹੇ ਵਿਹਾਰ ਦੀ ਵਾਹ-ਵਾਹੀ ਕਰਕੇ ਉਸ ਨੂੰ ਸਮਾਜ ਵਿੱਚ ਚਰਚਾ ਦਾ ਵਿਸ਼ਾ ਬਣਾ ਦਿੰਦੇ ਹਨ। ਅਜਿਹੀ ਕਥਿਤ ਵਾਹ-ਵਾਹੀ ਅਤੇ ਚਰਚਾ ਕਰਾਉਣ ਦਾ ਚਾਹਵਾਨ ਮੁੱਖ ਪਾਤਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁਨਕਰ ਹੋ ਕੇ ਸਮਾਜਿਕ ਵਿਕਾਸ ਵਿੱਚ ਅੜਿੱਕਾ ਬਣ ਜਾਂਦਾ ਹੈ।
ਅਜੋਕੀ ਪੰਜਾਬੀ ਗਾਇਕੀ ਵਿਚਲਾ ਮੁੱਖ ਪਾਤਰ ਕਾਲਜ ਯੂਨੀਵਰਸਿਟੀ ਵਿੱਚ ਪੜ੍ਹਨ ਨੂੰ ਨਹੀਂ, ਬਲਕਿ ਸਮੂਹ ਬਣਾ ਕੇ ਕੰਟੀਨ ਵਿੱਚ ਬੈਠਣ ਜਾਂ ਫਿਰ ਲੜਾਈਆਂ ਲੜਨ ਨੂੰ ਤਰਜੀਹ ਦਿੰਦਾ ਹੈ। ਡਰਨਾ ਉਸ ਦੇ ਸੁਭਾਅ ਦਾ ਅੰਗ ਨਹੀਂ ਕਿਉਂਕਿ ਉਸ ਦੇ ਮਿੱਤਰਾਂ ਦੀ ਮੰਡਲੀ ਬਹੁਤ ਵੱਡੀ ਹੈ। ਵੱਖ-ਵੱਖ ਤਰ੍ਹਾਂ ਦੇ ਫੈਸ਼ਨ ਕਰਨੇ, ਭਾਂਤ-ਭਾਂਤ ਦੇ ਕੱਪੜੇ ਪਾਉਣੇ ਅਤੇ ਵਾਲਾਂ ਨੂੰ ਵਿਭਿੰਨ ਤਰ੍ਹਾਂ ਦੇ ਉਪਕਰਨਾਂ ਅਤੇ ਉਤਪਾਦਾਂ ਦੀ ਸਹਾਇਤਾ ਨਾਲ ਸੈੱਟ ਕਰਨਾ ਉਸ ਦੇ ਰੋਜ਼ਾਨਾ ਦੇ ਕੰਮਾਂ ਵਿੱਚ ਪਹਿਲ ’ਤੇ ਆਧਾਰਿਤ ਹੈ। ਬਾਪੂ ਦੇ ਪੈਸੇ ’ਤੇ ਐਸ਼ ਕਰਨਾ ਨੂੰ ਉਹ ਆਪਣਾ ਹੱਕ ਸਮਝਦਾ ਹੈ।
ਅਜੋਕੀ ਪੰਜਾਬੀ ਗਾਇਕੀ ਦਾ ਮੁੱਖ ਪਾਤਰ ਕਿਸੇ ਵੀ ਤਰ੍ਹਾਂ ਨਾਲ ਅਜਿਹਾ ਪ੍ਰਭਾਵ ਨਹੀਂ ਦੇਣਾ ਚਾਹੁੰਦਾ ਜਿਸ ਨਾਲ ਉਹ ਸਾਧਾਰਨ ਮਨੁੱਖਾਂ ਦੀ ਸ਼੍ਰੇਣੀ ਵਿੱਚ ਆਵੇ। ਦਿੱਖ ਦੀ ਪੱਧਰ ’ਤੇ ਅਸਾਧਾਰਨਤਾ ਉਸ ਲਈ ਅਤਿ-ਲੋੜੀਂਦੀ ਹੈ। ਉਸ ਦੀ ਅਸਾਧਾਰਨਤਾ ਆਦਰਸ਼ ਰਹਿਤ ਹੋਣ ਕਰਕੇ ਨਾਇਕਤਵ ਦਾ ਦਰਜਾ ਪ੍ਰਾਪਤ ਨਹੀਂ ਕਰਦੀ। ਉਸ ਦੀ ਦਿੱਖ ਵਿਚਲਾ ਖੋਖਲਾਪਣ ਮੁੱਖ ਪਾਤਰ ਅਤੇ ਬੁੱਧੀਜੀਵੀ ਸਰੋਤੇ ਦੇ ਦਰਮਿਆਨ ਇੱਕ ਖਲਾਅ ਪੈਦਾ ਕਰ ਦਿੰਦਾ ਹੈ। ਅਜੋਕੀ ਗਾਇਕੀ ਵਿੱਚ ਲੇਖਕ/ਗਾਇਕ ਦੁਆਰਾ ਪ੍ਰਸਤੁਤ ਕੀਤੇ ਜਾ ਰਹੇ ਸੰਕਲਪਹੀਣ ਬਿਊਰਿਆਂ ਨੂੰ ਸਰੋਤਿਆਂ ਦਾ ਉਹ ਵਰਗ ਸਿਰੇ ਤੋਂ ਨਕਾਰ ਦਿੰਦਾ ਹੈ, ਜਿਸ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲ ਪਿਆਰ ਹੈ। ਇਸ ਵਿੱਚ ਕੁਝ ਇੱਕ ਗਾਇਕਾਂ (ਗੁਰਦਾਸ ਮਾਨ) ਨੂੰ ਜ਼ਰੂਰ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਉਹ ਦਰਜਾ ਹਾਸਲ ਹੈ, ਜਿਸ ਨੂੰ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦੀ ਪਹਿਲੀ ਪਸੰਦ ਕਿਹਾ ਜਾ ਸਕਦਾ ਹੈ।
ਅਜੋਕੀ ਪੰਜਾਬੀ ਗਾਇਕੀ ਵਿੱਚ ਬਹੁ-ਭਾਵੀ ਸ਼ਬਦਾਂ ਦੇ ਪ੍ਰਯੋਗ ਨੂੰ ਤਵੱਜੋਂ ਦਿੱਤੀ ਜਾਂਦੀ ਹੈ। ਅਰਥ ਅਪਕਰਸ਼ ਦੀ ਇਹ ਦਿਸ਼ਾ ਗਾਇਨ ਵਿੱਚ ਪੇਸ਼ ਹੋ ਰਹੇ ਮੁੱਖ ਪਾਤਰ ਦੀ ਦਸ਼ਾ ਨੂੰ ਹੋਰ ਤਰਸਯੋਗ ਬਣਾ ਦਿੰਦੀ ਹੈ। ਅਰਥਾਂ ਦੇ ਅਨਰਥ ਗਾਇਕੀ ਦੇ ਨਾਲ-ਨਾਲ ਸਮਾਜ ਨੂੰ ਵੀ ਕੁਰਾਹੇ ਪਾ ਰਹੇ ਹਨ। ਅਜੋਕੀ ਪੰਜਾਬੀ ਗਾਇਕੀ ਵਿੱਚੋਂ ਗਾਇਨ ਵਾਲਾ ਸੁਹਜ ਤੱਤ ਵੀ ਗਾਇਬ ਹੋ ਚੁੱਕਾ ਹੈ, ਜਿਸ ਦੀ ਹੋਂਦ ਗਾਇਨ ਨੂੰ ਕਲਾ ਦਾ ਦਰਜਾ ਦਿਵਾਉਂਦੀ ਹੈ। ਅਜੋਕੇ ਮੰਡੀ ਦੇ ਦੌਰ ਵਿੱਚ ਲੇਖਕ ਅਤੇ ਗਾਇਕ ਉਪਭੋਗਤਾਵਾਦੀ ਮੰਡੀ ਦੀ ਦੌੜ ਵਿੱਚ ਫਸ ਕੇ ਸਹਿਜ ਅਤੇ ਸੁਹਜ ਦੇ ਤੱਤ ਨੂੰ ਗਾਇਕੀ ਵਿੱਚੋਂ ਗੁਆ ਚੁੱਕੇ ਹਨ। ਪੈਸੇ ਅਤੇ ਮਸ਼ਹੂਰੀ ਦੀ ਅੰਨ੍ਹੀ ਦੌੜ ਵਿੱਚ ਅਸ਼ਲੀਲਤਾ ਅਤੇ ਫੂਹੜਤਾ ਦੇ ਪੱਖ ਨੂੰ ਵਧਾ ਕੇ ਬਾਕੀ ਦਿਸ਼ਾਵਾਂ ਤੋਂ ਇਸ ਨੂੰ ਖੋਖਲਾ ਕਰ ਦਿੰਦੀ ਹੈ। ਕਲਾਕਾਰੀ ਵਿੱਚੋਂ ਕਲਾ ਵਾਲੇ ਪੱਖ ਨੂੰ ਖਾਰਜ ਕਰਦੇ ਹੋਏ ਇਹ ਲੋਕ ਦੌਲਤ ਅਤੇ ਸ਼ੋਹਰਤ ਨੂੰ ਹੀ ਆਪਣਾ ਸਭ ਕੁਝ ਤਸੱਵਰ ਕਰ ਲੈਂਦੇ ਹਨ ਜਿਸ ਲਈ ਉਹ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ਰਹਿੰਦੇ ਹਨ।  ਨਾਇਕਤਵ ਦੇ ਝੂਠੇ ਦਾਅਵੇ ਨਾਲ ਗੀਤ ਦਾ ਮੁੱਖ ਪਾਤਰ, ਆਪਣੇ ਸਕੇ-ਸਬੰਧੀਆਂ ਪ੍ਰਤੀ ਵੀ ਦੁਰਭਾਵਨਾ ਰੱਖਦਾ ਹੈ। ਮਾਂ-ਪਿਓ, ਭੈਣ-ਭਰਾ ਅਤੇ ਹੋਰ ਰਿਸ਼ਤੇ-ਨਾਤੇ ਉਸ ਲਈ ਇੱਕ ਬੋਝ ਦੇ ਸਾਮਾਨ ਹਨ। ਅਜੋਕੇ ਸਮਾਜ ਵਿੱਚ ਰਿਸ਼ਤਿਆਂ ’ਚ ਆ ਰਹੀ ਤਰੇੜ ਇਸ ਨਾਲ ਦੁਪਾਸੀਂ ਜੁੜਦੀ ਹੈ। ਇੱਕ ਤਾਂ ਇਹ ਕਿ ਗਾਇਕੀ ਵਿੱਚ ਅਜਿਹੀ ਪੇਸ਼ਕਾਰੀ ਸਮਾਜ ਦੇ ਉਸ ਵਰਗ ਨੂੰ ਆਪਣੇ ਨਾਲ ਜੋੜਦੀ ਹੈ ਜਿਸ ਨੇ ਆਪਣੇ ਵਾਸਤਵਿਕ ਜੀਵਨ ਵਿੱਚ ਸਮਾਜਿਕ ਰਿਸ਼ਤਿਆਂ ਨੂੰ ਤਿਲਾਂਜਲੀ ਦੇ ਦਿੱਤੀ ਹੈ। ਰਿਸ਼ਤੇ ਅਤੇ ਉਨ੍ਹਾਂ ਨਾਲ ਜੁੜੀਆਂ ਭਾਵਨਾਵਾਂ ਅਜਿਹੇ ਲੋਕਾਂ ਲਈ ਕੋਈ ਮਾਅਨੇ ਨਹੀਂ ਰੱਖਦੀਆਂ। ਇਸ ਲਈ ਅਜਿਹੇ ਗੀਤਾਂ ਦਾ ਮੁੱਖ ਪਾਤਰ ਸਮਾਜ ਦੇ ਇੱਕ ਵਰਗ ਵਿਸ਼ੇਸ਼ ਲਈ ਨਾਇਕ ਬਣ ਜਾਂਦਾ ਹੈ। ਸਥਿਤੀ ਦਾ ਦੂਜਾ ਪੱਖ ਇਹ ਹੈ ਕਿ ਅਜੋਕੇ ਗੀਤਾਂ ਵਿਚਲੀ ਇਹ ਪੇਸ਼ਕਾਰੀ ਸਮਾਜ ਦੇ ਉਸ ਵਰਗ ਤੋਂ ਪ੍ਰਭਾਵਤ ਹੋ ਕੇ ਹੀ ਕੀਤੀ ਜਾਂਦੀ ਹੈ ਜਿਹੜੇ ਅਜਿਹੇ ਵਰਤਾਰੇ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਅਤੇ ਖਾਸ ਪੱਖ ਮੰਨ ਕੇ ਅਪਣਾ ਲੈਂਦੇ ਹਨ। ਅਜਿਹਾ ਕੁਝ ਖਾਸ ਲੋਕਾਂ ਨੂੰ ਪ੍ਰਭਾਵਤ ਕਰਨ ਲਈ ਹੀ ਕੀਤਾ ਜਾਂਦਾ ਹੈ। ਪੰਜਾਬੀ ਸਮਾਜ ਵਿਚਲੇ ਰਿਸ਼ਤਿਆਂ ਦੀ ਪਾਕ-ਪਵਿੱਤਰਤਾ ਨੂੰ ਅਜੋਕੀ ਗਾਇਕੀ ਨੇ ਬੁਰੀ ਤਰ੍ਹਾਂ ਬਦਨਾਮ ਕਰ ਦਿੱਤਾ ਹੈ। ਜੀਜਾ-ਸਾਲੀ, ਦਿਓਰ-ਭਾਬੀ ਆਦਿ ਰਿਸ਼ਤਿਆਂ ਨੂੰ ਅੱਜ ਸਮਾਜ ਦਾ ਹਰ ਵਿਅਕਤੀ ਬੁਰੀ ਨਜ਼ਰ ਨਾਲ ਹੀ ਦੇਖਦਾ ਹੈ। ਅਜੋਕੀ ਗਾਇਕੀ ਵਿੱਚ ਨਾਇਕ ਬਣਿਆ ਮੁੱਖ ਪਾਤਰ ਇਸੇ ਵਿੱਚ ਆਪਣੀ ਸ਼ੇਖੀ ਸਮਝਦਾ ਹੈ।
ਕਿਹਾ ਜਾ ਸਕਦਾ ਹੈ ਕਿ ਅਜੋਕੀ ਗਾਇਕੀ ਵਿੱਚ ਨਾਇਕ ਹੈ ਹੀ ਨਹੀਂ। ਨਾਇਕਤਵ ਦੇ ਆਦਰਸ਼ਕ ਗੁਣਾਂ ਨੂੰ ਤਾਂ ਅਜੋਕੀ ਗਾਇਕੀ ਦਾ ਮੁੱਖ ਪਾਤਰ ਜਾਣਦਾ ਵੀ ਨਹੀਂ। ਇਹ ਉਹ ਪਾਤਰ ਹੈ ਜਿਹੜਾ ਸਮਾਜ ਦੇ ਕਿਸੇ ਇੱਕ ਵਰਗ ਨੂੰ ਕੁਝ ਸਮੇਂ ਲਈ ਭ੍ਰਮਿਤ ਤਾਂ ਕਰ ਸਕਦਾ ਹੈ ਪਰ ਕਿਸੇ ਵਿਅਕਤੀ ਨੂੰ ਨਾ ਤਾਂ ਕੋਈ ਸੇਧ ਦੇ ਸਕਦਾ ਹੈ ਤੇ ਨਾ ਹੀ ਅਗਵਾਈ ਦੇ ਸਕਦਾ ਹੈ। ਲੇਖਕ ਅਤੇ ਗਾਇਕ ਦੀ ਵਿਕਿਰਤ ਮਾਨਸਿਕਤਾ ਨੂੰ ਦਰਸਾਉਂਦੀ ਅੱਜ ਦੀ ਗਾਇਕੀ ਸਮਾਜ ਵਿੱਚ ਅਜਿਹਾ ਖਲਾਅ ਪੈਦਾ ਕਰ ਰਹੀ ਹੈ ਜਿਸ ਦੀ ਭਰਪਾਈ ਆਉਣ ਵਾਲੀਆਂ ਕਈ ਪੀੜ੍ਹੀਆਂ ਨੂੰ ਕਰਨੀ ਪਵੇਗੀ। ਅਜੋਕੀ ਪੰਜਾਬੀ ਗਾਇਕੀ ਵਿਚਲਾ ਮੁੱਖ ਪਾਤਰ ਸਮਾਜ ਨੂੰ ਏਨਾ ਜ਼ਿਆਦਾ ਦੂਸ਼ਿਤ ਕਰਦਾ ਹੈ ਕਿ ਇਸ ਨੂੰ ਖਲ-ਪਾਤਰ ਦੀ ਸੰਗਿਆ ਦੇਣੀ ਅਨਉÎੱਚਿਤ ਨਹੀਂ ਹੋਵੇਗੀ।
-ਡਾ. ਵਿਸ਼ਾਲ ਕੁਮਾਰ

No comments:

Post a Comment