Sunday, 8 September 2013

ਜੀਜਾ ਵਾਰ ਨੱਤੀਆਂ ਦਾ ਜੋੜਾ



ਸਮਾਜ ਰੂਪੀ ਫੁਲਵਾੜੀ ਵਿੱਚ ਰਿਸ਼ਤਿਆਂ ਰੂਪੀ ਅਨੇਕਾਂ ਸੋਹਣੇ-ਸੋਹਣੇ ਫੁੱਲ ਆਪੋ-ਆਪਣੀ ਮਹਿਕ ਬਿਖੇਰ ਰਹੇ ਹਨ। ਵੱਖ-ਵੱਖ ਰਿਸ਼ਤੇ ਜਿੱਥੇ ਸਾਨੂੰ ਸਾਡੇ ਫ਼ਰਜ਼ਾਂ ਦਾ ਅਹਿਸਾਸ ਕਰਵਾਉਂਦੇ ਹਨ, ਉੱਥੇ ਇਨ੍ਹਾਂ ਵਿੱਚੋਂ ਕਈ ਹਾਸਰਸ ਭਰਪੂਰ ਰਿਸ਼ਤੇ ਸਾਡੇ ਮਨ ਨੂੰ ਅਜੀਬ ਜਿਹਾ ਸਕੂਨ ਵੀ ਦਿੰਦੇ ਹਨ। ਆਪਸੀ ਨੋਕ-ਝੋਕ ਅਤੇ ਹਾਸੇ-ਠੱਠੇ ਵਾਲੇ ਰਿਸ਼ਤਿਆਂ ਦਾ ਜ਼ਿਕਰ ਕਰਦਿਆਂ ਸਾਡੀ ਜ਼ਬਾਨ ਉੱਤੇ ਜੀਜੇ-ਸਾਲੀ ਦਾ ਨਾਂ ਆਪਣੇ-ਆਪ ਹੀ ਆ ਜਾਂਦਾ ਹੈ। ਇਸ ਰਿਸ਼ਤੇ ਨੂੰ ਸਾਡੇ ਸਮਾਜ ਵਿੱਚ ਵਿਸ਼ੇਸ਼ ਮਾਨਤਾ ਦਿੱਤੀ ਗਈ ਹੈ। ਪਤਨੀ ਦੀ ਭੈਣ ਨੂੰ ਸਾਲੀ ਕਿਹਾ ਜਾਂਦਾ ਹੈ ਅਤੇ ਭੈਣ ਦੇ ਘਰਵਾਲੇ ਨੂੰ ਜੀਜਾ। ਇਸ ਰਿਸ਼ਤੇ ਵਿੱਚ ਇੱਕ ਅਜੀਬ ਜਿਹੀ ਮਿਠਾਸ, ਆਪਸੀ ਮੋਹ ਅਤੇ ਮੁਹੱਬਤਾਂ ਦਾ ਰਸ ਚੋਅ-ਚੋਅ ਪੈਂਦਾ ਹੈ। ਸਾਲੀ ਦਾ ਨਾਂ ਜ਼ਿਹਨ ਵਿੱਚ ਆਉਂਦਿਆਂ ਹੀ ਦਿਲ ਨੂੰ ਇੱਕ ਵੱਖਰੀ ਜਿਹੀ ਖ਼ੁਸ਼ੀ ਦਾ ਅਹਿਸਾਸ ਹੋਣ ਲੱਗਦਾ ਹੈ। ਸਾਰੀ ਦੁਨੀਆਂ ਸਤਰੰਗੀ ਪੀਂਘ ਜਿਹੀ ਦਿਖਾਈ ਦਿੰਦੀ ਹੈ। ਬੱਚੇ ਆਪਣੀ ਮਾਂ ਦੀ ਭੈਣ ਨੂੰ ਮਾਸੀ ਕਹਿ ਕੇ ਬੁਲਾਉਂਦੇ ਹਨ। ਮਾਸੀ ਸ਼ਬਦ ਦਾ ਅਰਥ ਹੈ ਮਾਂ ਵਰਗੀ। ਇਸ ਲਈ ਜੇ ਸਾਲੀ ਨੂੰ ਅੱਧੇ ਘਰਵਾਲੀ ਕਹਿ ਲਿਆ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ।
ਵਿਆਹ ਸਮੇਂ ਨਿਭਾਈਆਂ ਜਾਣ ਵਾਲੀਆਂ ਅਨੇਕਾਂ ਰਸਮਾਂ ਵਿੱਚ ਸਾਲੀ ਦੀ ਅਹਿਮ ਭੂਮਿਕਾ ਹੁੰਦੀ ਹੈ। ਇਨ੍ਹਾਂ ਰਸਮਾਂ ਵਿੱਚੋਂ ਹੀ ਇੱਕ ਮੁੱਖ ਰਸਮ ਹੈ ਰਿਬਨ ਕਟਵਾਉਣ ਦੀ। ਇਸ ਰਸਮ ਰਾਹੀਂ ਜਿੱਥੇ ਲਾੜੇ ਦੀ ਅਕਲ ਅਤੇ ਬੋਲਚਾਲ ਦੇ ਸਲੀਕੇ ਦੀ ਪਰਖ ਕੀਤੀ ਜਾਂਦੀ ਹੈ, ਉੱਥੇ ਹੀ ਸਾਲੀਆਂ ਵੱਲੋਂ ਅਨੇਕਾਂ ਮਖ਼ੌਲ ਅਤੇ ਹਾਸਾ-ਠੱਠਾ ਕਰਕੇ ਮਾਹੌਲ ਨੂੰ ਖ਼ੁਸ਼ਗਵਾਰ ਬਣਾਇਆ ਜਾਂਦਾ ਹੈ। ਬਰਾਤ ਦੇ ਕੁੜੀ ਵਾਲਿਆਂ ਦੇ ਘਰ ਪੁੱਜਣ ਸਮੇਂ ਸਾਲੀਆਂ ਵੱਲੋਂ ਇੱਕ ਖ਼ੂਬਸੂਰਤ ਰਿਬਨ ਉੱਪਰ ‘ਨਾਕਾ ਸਾਲੀਆਂ ਦਾ’ ਜਾਂ ‘ਜੀ ਆਇਆਂ ਨੂੰ’ ਆਦਿ ਸ਼ਬਦ ਲਿਖ ਕੇ ਰਿਬਨ ਨੂੰ ਦੋਵਾਂ ਸਿਰਿਆਂ ਤੋਂ ਫੜ ਕੇ ਬਰਾਤੀਆਂ ਦਾ ਰਸਤਾ ਰੋਕਿਆ ਜਾਂਦਾ ਹੈ। ਕਾਫ਼ੀ ਚਿਰ ਮਿਹਣੋ-ਮਿਹਣੀ ਹੋਣ ਤੋਂ ਬਾਅਦ ਸਾਲੀਆਂ ਵੱਲੋਂ ਮਨਮਰਜ਼ੀ ਦਾ ਸ਼ਗਨ (ਲਾਗ) ਲੈ ਕੇ ਲਾੜੇ ਨੂੰ ਰਿਬਨ ਕੱਟਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਲਾੜੇ ਵੱਲੋਂ ਰਿਬਨ ਕੱਟਣ ਤੋਂ ਬਾਅਦ ਹੀ ਬਰਾਤੀ ਕੁੜੀ ਦੇ ਘਰ ਅੰਦਰ ਢੁੱਕਦੇ ਹਨ। ਇਹ ਰਸਮ ਸਾਰੇ ਵਿਆਹ ਦਾ ਮੁੱਖ ਆਕਰਸ਼ਣ ਹੁੰਦੀ ਹੈ।  ਜਦੋਂ ਲਾੜੇ ਅਤੇ ਲਾੜੀ ਦੇ ਆਨੰਦ ਕਾਰਜ ਜਾਂ ਫੇਰੇ ਹੋ ਰਹੇ ਹੁੰਦੇ ਹਨ ਤਾਂ ਉਸ ਸਮੇਂ ਸਾਲੀਆਂ ਬੜੀ ਚਲਾਕੀ ਨਾਲ ਲਾੜੇ ਦੀਆਂ ਜੁੱਤੀਆਂ ਚੁੱਕ ਕੇ ਲੁਕੋ ਲੈਂਦੀਆਂ ਹਨ ਅਤੇ ਕਾਫ਼ੀ ਮਿੰਨਤਾਂ-ਤਰਲੇ ਕਰਨ ਤੋਂ ਬਾਅਦ ਸ਼ਗਨ ਲੈ ਕੇ ਵਾਪਸ ਕਰ ਦਿੰਦੀਆਂ ਹਨ। ਇਸ ਤੋਂ ਇਲਾਵਾ ਲਾੜੇ ਨੂੰ ਮੱਠੜੀਆਂ ਚਬਾਉਣ ਦੀ ਰਸਮ ਵੀ ਸਾਲੀ ਵੱਲੋਂ ਹੀ ਨਿਭਾਈ ਜਾਂਦੀ ਹੈ। ਇਸ ਸਮੇਂ ਜਿੱਥੇ ਲਾੜੇ ਦੀ ਮੱਠੜੀਆਂ ਨਾਲ ਖ਼ੂਬ ਸੇਵਾ ਕੀਤੀ ਜਾਂਦੀ ਹੈ, ਉੱਥੇ ਹੀ ਉਸ ਨੂੰ ਦੋਹਿਆਂ ਰਾਹੀਂ ਅਨੇਕਾਂ ਤਰ੍ਹਾਂ ਦੇ ਨਿਹੋਰੇ ਵੀ ਮਾਰੇ ਜਾਂਦੇ ਹਨ:
ਚੱਬ ਚੱਬ ਵੇ ਲਾੜਿਆਂ ਮੱਠੜੀਆਂ। 
ਤੇਰੀ ਭੈਣ ਵਿਕੇਂਦੀ ਹੱਟੜੀਆਂ।
ਬਰਾਤ ਦੀ ਵਿਦਾਇਗੀ ਤੋਂ ਕੁਝ ਸਮਾਂ ਪਹਿਲਾਂ ਸਾਲੀ ਵੱਲੋਂ ਨਵ-ਵਿਆਹੇ ਜੀਜੇ ਦੇ ਹੱਥਾਂ ਉੱਪਰ ਮਹਿੰਦੀ ਲਾਉਣ ਦੀ ਰਸਮ ਵੀ ਨਿਭਾਈ ਜਾਂਦੀ ਹੈ। ਇਸ ਸਮੇਂ ਵੀ ਸਾਲੀਆਂ ਵੱਲੋਂ ਖ਼ੂਬ ਮਸ਼ਕਰੀਆਂ ਕੀਤੀਆਂ ਜਾਂਦੀਆਂ ਹਨ:
ਜੀਜਾ ਜੁੜ ਜਾ ਮੰਜੀ ਦੇ ਨਾਲ, ਮੰਜੀ ਤੇਰੀ ਕੀ ਲੱਗਦੀ
ਫਿਰ ਸਾਲੀ ਜਵਾਬ ਦਿੰਦੀ ਹੋਈ ਕਹਿੰਦੀ ਹੈ:
ਨੀਂ ਕਿਵੇਂ ਜੁੜਜਾਂ ਮੰਜੀ ਦੇ ਨਾਲ, ਮੰਜੀ ਮੇਰੀ ਭੈਣ ਲੱਗਦੀ
ਕਈ ਵਾਰ ਆਪਣੇ ਆਪ ਨੂੰ ਬੜਾ ਚਤੁਰ-ਚਲਾਕ ਸਮਝਣ ਵਾਲੇ ਜੀਜੇ ਨੂੰ ਸਾਲੀ ਵੱਲੋਂ ਕੋਈ ਅਜਿਹੀ ਅਜੀਬੋ-ਗ਼ਰੀਬ ਜਿਹੀ ਬੁਝਾਰਤ ਪਾ ਕੇ ਬੁੱਝਣ ਲਈ ਕਿਹਾ ਜਾਂਦਾ ਹੈ ਜਿਸ ਦਾ ਉਸ ਕੋਲ ਕੋਈ ਵੀ ਜਵਾਬ ਨਹੀਂ ਹੁੰਦਾ। ਅੰਤ ਉਸ ਨੂੰ ਆਪਣੀ ਹਾਰ ਕਬੂਲਣੀ ਪੈਂਦੀ ਹੈ।
ਅੱਠ ਪੱਤਣ ਨੌਂ ਬੇੜੀਆਂ, ਜੀਜਾ ਜੀ ਪਾਣੀ ਘੁੰਮਰ ਘੇਰ।
ਜੇ ਤੂੰ ਏਨਾ ਚਤੁਰ ਹੈ, ਦੱਸ ਪਾਣੀ ਕਿਤਨੇ ਸੇਰ।
ਹਰ ਗੱਭਰੂ ਦੀ ਇਹ ਦਿਲੀ ਤਮੰਨਾ ਹੁੰਦੀ ਹੈ ਕਿ ਸਹੁਰੇ ਘਰ ਵਿੱਚ ਉਸ ਦੀ ਇੱਕ ਸੋਹਣੀ ਸੁਨੱਖੀ ਛੋਟੀ ਸਾਲੀ ਜ਼ਰੂਰ ਹੋਵੇ, ਜੋ ਉਸ ਨਾਲ ਨਿੱਕੇ-ਨਿੱਕੇ ਹਾਸੇ-ਮਜ਼ਾਕ ਕਰਕੇ ਉਸ ਦਾ ਜੀਅ ਲਵਾਈ ਰੱਖੇ। ਸਾਲੀ ਤੋਂ ਬਿਨਾਂ ਸਹੁਰਿਆਂ ਦਾ ਘਰ ਸੁੰਨਾ-ਸੁੰਨਾ ਲੱਗਦਾ ਹੈ। ਗੱਭਰੂ ਦੇ ਦਿਲ ਦੀ ਵੇਦਨਾ ਨੂੰ ਇੱਕ ਗੀਤ ਦੇ ਬੋਲਾਂ ਰਾਹੀਂ ਇਸ ਤਰ੍ਹਾਂ ਰੂਪਮਾਨ ਕੀਤਾ ਗਿਆ ਹੈ।
ਸਹੁਰਿਆਂ ਦੇ ਘਰ ਜੀਅ ਨਹੀਓਂ ਲੱਗਦਾ 
ਵੇਖ ਕੇ ਵਿਹੜਾ ਖਾਲੀ
ਸਹੁਰੇ ਤਾਂ ਜਚਦੇ ਜੇ ਕਰੇ ਕਲੋਲਾਂ ਸਾਲੀ।
ਜੀਜੇ-ਸਾਲੀ ਦੇ ਆਪਸੀ ਮੋਹ-ਪਿਆਰ ਨੂੰ ਇੱਕ ਰਿੱਛ ਦੀ ਕਹਾਣੀ ਰਾਹੀਂ ਬੜੇ ਕਲਾਤਮਕ ਢੰਗ ਨਾਲ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ। ਕਹਿੰਦੇ ਹਨ ਕਿ ਜਦੋਂ ਕਦੇ ਰਿੱਛ ਮਦਾਰੀ ਨਾਲ ਗੁੱਸੇ-ਗਿਲੇ ਹੋ ਜਾਂਦਾ ਹੈ ਅਤੇ ਤਮਾਸ਼ਾ ਕਰਨ ਤੋਂ ਇਨਕਾਰ ਕਰ ਦੇਵੇ ਤਾਂ ਉਸ ਨੂੰ ਮਨਾਉਣ ਲਈ ਮਦਾਰੀ ਉਸ ਦੇ ਕੰਨ ਵਿੱਚ ਆਖਦਾ ਹੈ ਕਿ ਉਹ ਉਸ ਨੂੰ ਉਸ ਦੇ ਸਹੁਰੇ ਘਰ ਲੈ ਕੇ ਜਾਵੇਗਾ ਜਿੱਥੇ ਉਸ ਦੀ (ਰਿੱਛ ਦੀ) ਸਾਲੀ ਉਸ ਦਾ ਇੰਤਜ਼ਾਰ ਕਰ ਰਹੀ ਹੈ। ਸਾਲੀ ਦਾ ਨਾਂ ਸੁਣਦਿਆਂ ਹੀ ਰਿੱਛ ਇੱਕ ਲੱਤ ਉੱਤੇ ਹੋ ਕੇ ਨੱਚਣਾ ਸ਼ੁਰੂ ਕਰ ਦਿੰਦਾ ਹੈ, ਇਸ ਕਰਕੇ ਹੀ ਤਾਂ ਕਿਹਾ ਜਾਂਦਾ ਹੈ ਕਿ ਸਾਲੀ ਦੇ ਨਾਂ ’ਤੇ ਤਾਂ ਰਿੱਛ ਵੀ ਨੱਚ ਪੈਂਦਾ ਹੈ, ਫਿਰ ਬੰਦਾ ਕਿਹੜੇ ਬਾਗ ਦੀ ਮੂਲੀ ਆ। ਹਰ ਸਾਲੀ ਨੂੰ ਆਪਣਾ ਜੀਜਾ ਬੜਾ ਚੰਗਾ ਲੱਗਦਾ ਹੈ ਅਤੇ ਹੋਰਨਾਂ ਦੇ ਜੀਜਿਆਂ ਵਿੱਚ ਅਨੇਕਾਂ ਨੁਕਸ ਦਿਖਾਈ ਦਿੰਦੇ ਹਨ। ਸਾਲੀ ਆਪਣੇ ਜੀਜੇ ਦੀਆਂ ਸਿਫ਼ਤਾਂ ਇਸ ਤਰ੍ਹਾਂ ਕਰਦੀ ਹੈ:-
ਹੋਰਾਂ ਦੇ ਜੀਜੇ ਲੰਮ-ਸਲੰਮੇ, ਮੇਰਾ ਜੀਜਾ ਮੇਚ ਦਾ ਨੀਂ।
ਜੀ.ਟੀ. ਰੋਡ ’ਤੇ ਪਕੌੜੇ ਵੇਚਦਾ ਨੀਂ।
ਖ਼ੁਸ਼ੀ ਦਾ ਕੋਈ ਵੀ ਮੌਕਾ ਹੋਵੇ, ਗਿੱਧੇ ਤੋਂ ਬਿਨਾਂ ਅਧੂਰਾ ਸਮਝਿਆ ਜਾਂਦਾ ਹੈ ਪਰ ਜੇ ਗਿੱਧੇ ਵਿਚ ਸਾਲੀ ਨੱਚ-ਨੱਚ ਕੇ ਹਨੇਰੀਆਂ ਲਿਆਈ ਜਾ ਰਹੀ ਹੋਵੇ ਅਤੇ ਉਸ ਦਾ ਕੰਜੂਸ ਜੀਜਾ ਕੋਲ ਖੜ੍ਹ ਕੇ ਬਿਟ-ਬਿਟ ਤੱਕ ਰਿਹਾ ਹੋਵੇ ਤਾਂ ਸਾਲੀ ਦੇ ਮੂੰਹੋਂ ਸੁਭਾਵਿਕ ਹੀ ਇਹ ਬੋਲ ਨਿਕਲ ਜਾਂਦੇ ਹਨ:
ਜੀਜਾ ਲੱਕ ਨੂੰ ਖੁਰਕਦਾ ਆਵੇ ਮੇਰੇ ਭਾਅ ਦਾ ਨੋਟ ਕੱਢਦਾ।
ਸਾਲੀ ਨੂੰ ਆਪਣੇ ਜੀਜੇ ਦੇ ਉੱਚੇ ਅਹੁਦੇ ਦਾ ਬੜਾ ਮਾਣ ਹੁੰਦਾ ਹੈ। ਉਹ ਹਰ ਸਮੇਂ ਇਸ ਗਰੂਰ ਵਿੱਚ ਡੁੱਬੀ ਰਹਿੰਦੀ ਹੈ ਜੇ ਉਸ ਨੂੰ ਕੋਈ ਹਾਸੇ ਮਜ਼ਾਕ ਵਿੱਚ ਵੀ ਕੁਝ ਆਖ ਦੇਵੇ ਤਾਂ ਉਸ ਦਾ ਗੁੱਸਾ ਸੱਤ ਅਸਮਾਨੀਂ ਚੜ੍ਹ ਜਾਂਦਾ ਹੈ, ਉਹ ਜੀਜੇ ਦੀ ਅਫ਼ਸਰੀ ਅਹੁਦੇ ਦਾ ਰੋਹਬ ਇਸ ਤਰ੍ਹਾਂ ਝਾੜਦੀ ਹੈ:
ਕਿਉਂ ਤੂੰ ਮੈਨੂੰ ਟਿੱਚਰਾਂ ਕਰਦੈਂ ਮਾਰੂੰ ਲੱਤ ਪੰਜੇਬਾਂ ਵਾਲੀ।
ਕੈਦ ਕਰਾਦੂੰਗੀ ਮੈਂ ਡਿਪਟੀ ਦੀ ਸਾਲੀ
ਪੁਰਾਣੇ ਸਮੇਂ ਵਿੱਚ ਸਾਲੀਆਂ ਵੱਲੋਂ ਹਾਸੇ-ਠੱਠੇ ਤੋਂ ਇਲਾਵਾ ਜੀਜੇ ਨਾਲ ਹੋਰ ਵੀ ਕਈ ਤਰ੍ਹਾਂ ਦੇ ਮਜ਼ਾਕ ਕੀਤੇ ਜਾਂਦੇ ਸਨ। ਕਈ ਵਾਰ ਨਵੇਂ-ਨਵੇਂ ਸਹੁਰੇ ਘਰ ਆਏ ਜੀਜੇ ਲਈ ਸਾਲੀਆਂ ਵੱਲੋਂ ਰੱਸੀਆਂ ਦਾ ਵਿਰਲਾ-ਵਿਰਲਾ ਤਾਣਾ ਪਾ ਕੇ ਇੱਕ ਖਾਸ ਕਿਸਮ ਦਾ ਮੰਜਾ ਤਿਆਰ ਕੀਤਾ ਜਾਂਦਾ ਸੀ। ਉਸ ਉੱਪਰ ਸੋਹਣੀ ਜਿਹੀ ਦਰੀ ਅਤੇ ਚਾਦਰ ਵਿਛਾ ਕੇ ਸਾਲੀ ਵੱਲੋਂ ਬੜੇ ਆਦਰ-ਮਾਣ ਨਾਲ ਜੀਜੇ ਨੂੰ ਉਸ ਮੰਜੇ ਉੱਪਰ ਬੈਠਣ ਲਈ ਕਿਹਾ ਜਾਂਦਾ ਸੀ। ਸਾਲੀ ਨਾਲ ਗੱਲਾਂ ਵਿੱਚ ਮਸਤ ਹੋਇਆ ਜੀਜਾ ਜਿਉਂ ਹੀ ਮੰਜੇ ਉੱਤੇ ਬੈਠਣ ਦਾ ਯਤਨ ਕਰਦਾ ਹੈ ਤਾਂ ਉਹ ਧੜੰਮ ਕਰਕੇ ਡਿੱਗ ਪੈਂਦਾ ਸੀ। ਜੀਜੇ ਦੀਆਂ ਅਜਿਹੀਆਂ ਕਲਾਬਾਜ਼ੀਆਂ ਨੂੰ ਦੇਖ ਕੇ ਪੂਰੇ ਘਰ ਵਿੱਚ ਹਾਸਿਆਂ ਦਾ ਹੜ੍ਹ ਆ ਜਾਂਦਾ ਸੀ। ਜੀਜਾ ਸਾਲੀ ਦੀ ਅਜਿਹੀ ਹਰਕਤ ਦਾ ਕਦੇ ਵੀ ਗੁੱਸਾ ਨਹੀਂ ਸੀ ਕਰਦਾ, ਸਗੋਂ ਉਹ ਆਪ ਵੀ ਨਿੰਮੋਝੂਣਾ ਜਿਹਾ ਹੋਇਆ ਸਾਲੀਆਂ ਨਾਲ ਹੱਸਣ ਲੱਗ ਪੈਂਦਾ ਸੀ। ਅੱਜ-ਕੱਲ੍ਹ ਅਜਿਹੇ ਹਾਸੇ-ਮਖੌਲ ਸਾਡੀ ਜ਼ਿੰਦਗੀ ’ਚੋਂ ਮਨਫ਼ੀ ਹੁੰਦੇ ਜਾ ਰਹੇ ਹਨ। ਕੁਝ ਅਖੌਤੀ ਕਲਮਕਾਰਾਂ ਅਤੇ ਗਾਇਕਾਂ ਵੱਲੋਂ ਆਪਣੀ ਘਟੀਆ ਅਤੇ ਤੰਗ ਸੋਚ ਦਾ ਪ੍ਰਗਟਾਵਾ ਕਰਦਿਆਂ ਇਸ ਰਿਸ਼ਤੇ ਨੂੰ ਕਲੰਕਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅੱਜ ਜੀਜੇ ਸਾਲੀ ਦੇ ਹਾਸੇ-ਮਜ਼ਾਕ ਨੂੰ ਗ਼ਲਤ ਰੰਗਤ ਦੇ ਕੇ ਇਸ ਰਿਸ਼ਤੇ ਦੀ ਹੰਢਣਸਾਰਤਾ ਉੱਤੇ ਅਨੇਕਾਂ ਪ੍ਰਸ਼ਨਚਿੰਨ੍ਹ ਲਾਏ ਜਾ ਰਹੇ ਸਨ। ਹਰ ਰਿਸ਼ਤੇ ਦਾ ਆਪਣਾ ਇੱਕ ਦਾਇਰਾ ਹੁੰਦਾ ਹੈ। ਸਾਨੂੰ ਉਸ ਦਾਇਰੇ ਵਿੱਚ ਰਹਿ ਕੇ ਹੀ ਉਸ ਰਿਸ਼ਤੇ ਨੂੰ ਨਿਭਾਉਣ ਦਾ ਯਤਨ ਕਰਨਾ ਚਾਹੀਦਾ ਹੈ। ਇਸ ਦਾਇਰੇ ਦਾ ਉਲੰਘਣ ਕਰਨ ’ਤੇ ਰਿਸ਼ਤਿਆਂ ਵਿਚਲੀ ਮਿਠਾਸ ਕੁੜੱਤਣ ਵਿੱਚ ਬਦਲਦਿਆਂ ਰਤਾ ਵੀ ਦੇਰ ਨਹੀਂ ਲੱਗਦੀ।
ਭਵਿੱਖ ਵਿੱਚ ਇਸ ਵਿਲੱਖਣ ਰਿਸ਼ਤੇ ਦੇ ਲੋਪ ਹੋਣ ਦੇ ਆਸਾਰ ਦਿਨੋ-ਦਿਨ ਵਧਦੇ ਜਾ ਰਹੇ ਹਨ ਕਿਉਂਕਿ ਗਰਭ ਟੈਸਟਾਂ ਰਾਹੀਂ ਧੀਆਂ ਨੂੰ ਕੁੱਖਾਂ ਵਿੱਚ ਮਾਰਨ ਵਰਗੀ ਨਾਮੁਰਾਦ ਬੀਮਾਰੀ ਸਾਡੇ ਸਮਾਜ ਵਿੱਚ ਲਗਾਤਾਰ ਵਧਦੀ ਜਾ ਰਹੀ ਹੈ। ਇਸ ਕਾਰਨ ਜੇ ਕੁੜੀਆਂ ਹੀ ਨਾ ਰਹੀਆਂ ਤਾਂ ਫਿਰ ਕੌਣ ਕਿਸੇ ਨੂੰ ਸਾਲੀ ਆਖੂ ਅਤੇ ਕੌਣ ਕਿਸੇ ਨੂੰ ਜੀਜਾ? ਸਮਾਜ ਵਿੱਚ ਇਸ ਰਿਸ਼ਤੇ ਦੀ ਹੋਂਦ ਨੂੰ ਕਾਇਮ ਰੱਖਣ ਲਈ ਸਾਨੂੰ ਸਭ ਨੂੰ ਮਿਲ ਕੇ ਭਰੂਣ ਹੱਤਿਆ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।

-ਜੁਗਿੰਦਰਪਾਲ ਕਿਲ੍ਹਾ ਨੌਂ
* ਸੰਪਰਕ: 98155-92951


No comments:

Post a Comment