Sunday, 8 September 2013

ਸੌਂਕਣ ਵਸਦੀ ਲਲਕਾਰ ਕੇ !




ਸੌਂਕਣ ਸ਼ਬਦ ਪੜ੍ਹਦਿਆਂ-ਸੁਣਦਿਆਂ ਹੀ ਕਿਸੇ ਘਰ ਵਿੱਚ ਹੁੰਦੇ ਕਲੇਸ਼ ਦਾ ਖ਼ਿਆਲ ਮਨ ਵਿੱਚ ਘੁੰਮ ਜਾਂਦਾ ਹੈ ਕਿਉਂਕਿ ਸਾਡੇ ਸਮਾਜ ਵੱਲੋਂ ਇਸ ਰਿਸ਼ਤੇ ਨੂੰ ਦੇਖਿਆ ਹੀ ਇਸ ਨੁਕਤਾ-ਨਿਗਾਹ ਨਾਲ ਜਾਂਦਾ ਹੈ। ਇਸ ਨੂੰ ਨਾਂਹ-ਪੱਖੀ ਤੇ ਈਰਖਾ ਭਰਿਆ ਮੰਨਿਆ ਜਾਂਦਾ ਹੈ। ਸੌਂਕਣ, ਪਤੀ ਦੀ ਦੂਜੀ ਪਤਨੀ ਜਾਂ ਦੂਜੀ ਵੱਲੋਂ ਪਹਿਲੀ ਪਤਨੀ ਨੂੰ ਕਿਹਾ ਜਾਂਦਾ ਹੈ। ਜਿਵੇਂ ਬਾਕੀ ਰਿਸ਼ਤੇ ਬਹੁ-ਪਸਾਰੀ ਹੁੰਦੇ ਹਨ, ਇਹ ਰਿਸ਼ਤਾ ਉਨ੍ਹਾਂ ਤੋਂ ਵੱਖਰਾ ਹੈ। ਇਹ ਰਿਸ਼ਤਾ ਕੇਵਲ, ਇੱਕ ਪਤੀ ਦੀਆਂ ਸ਼ਾਦੀ-ਸ਼ੁਦਾ ਪਤਨੀਆਂ ਦਾ ਆਪਸੀ ਰਿਸ਼ਤਾ ਹੁੰਦਾ ਹੈ। ਇਸ ਰਿਸ਼ਤੇ ਵਿੱਚ ਕਈ ਵਾਰ ਪਤੀ ਮਾਲਕ ਤੇ ਖ਼ੁਦ-ਮੁਖ਼ਤਿਆਰ ਹੁੰਦਾ ਹੋਇਆ ਵੀ ਇੱਕ ਵਸਤੂ ਵਰਗਾ ਹੋ ਕੇ ਰਹਿ ਜਾਂਦਾ ਹੈ। ਉਸ ’ਤੇ ਦੋਵੇਂ ਜਾਂ ਵੱਧ ਪਤਨੀਆਂ ਆਪਣਾ-ਆਪਣਾ ਹੱਕ ਜਤਾਉਂਦੀਆਂ ਹਨ। ਇਹ ਹੱਕ ਸਮਾਜ ਤੇ ਭਾਈਚਾਰੇ ਨੇ ਉਨ੍ਹਾਂ ਨੂੰ ਦਿੱਤਾ ਹੁੰਦਾ ਹੈ। ਇਹੋ ਕਾਰਨ ਹੈ ਕਿ ਇਸ ਰਿਸ਼ਤੇ ਵਿੱਚ ਅਣਬਣ ਦੀ ਕੰਡਿਆਲੀ ਤੇ ਕਿਸੇ ਝਿੰਗ-ਝਾਫੇ ਵਰਗੀ ਸੋਚ ਮਨਾਂ ਵਿੱਚ ਗੱਡੀ ਜਾਂਦੀ ਹੈ। ਇਹ ਰਿਸ਼ਤਾ ਹਮੇਸ਼ਾਂ ਕੌੜਾ, ਖੜਕਵਾਂ ਤੇ ਕੜਕਵਾਂ ਕਰਕੇ ਹੀ ਜਾਣਿਆ ਜਾਂਦਾ ਹੈ ਪਰ ਇਸ ਦਾ ਦੂਜਾ ਪਹਿਲੂ ਵੀ ਹੈ ਜੋ ਸਬਰ-ਸਬੂਰੀ ਵਾਲ਼ਾ, ਚੁੱਪ-ਚਾਪ ਜ਼ੁਲਮ ਸਿਤਮ ਜਰ ਜਾਣ ਵਾਲਾ ਤੇ ਘੁਟ-ਘੁਟ ਕੇ ਮਰ ਜਾਣ ਵਾਲਾ ਵੀ ਹੈ।
ਇਸ ਰਿਸ਼ਤੇ ਨਾਲ ਕਈ ਵਹਿਮ-ਭਰਮ ਜੁੜੇ ਹੋਏ ਹਨ। ਕਿਹਾ ਜਾਂਦਾ ਹੈ ਕਿ ਸੌਂਕਣ ਤਾਂ ਮਿੱਟੀ ਦੀ ਵੀ ਮਾੜੀ ਹੁੰਦੀ ਹੈ। ਇਸ ਦੀ ਮਿਸਾਲ ਹੈ ਕਿ ਮਰ ਚੁੱਕੀ ਸੌਂਕਣ ਦੀ ਵਿਛੜੀ ਰੂਹ ਨੂੰ ਵੀ ਮਾੜੀ ਹੀ ਗਿਣਿਆ ਜਾਂਦਾ ਹੈ। ਉਸ ਤੋਂ ਬਚਾਅ ਕਰਨ ਲਈ ਸੌਂਕਣ ਆਪਣੇ ਗਲ਼ੇ ਵਿੱਚ ‘ਸੌਂਕਣ ਮੂਹਰਾ’ ਪਾ ਕੇ ਰੱਖਦੀ ਹੈ। ਚਾਂਦੀ ਦਾ ਤਵੀਤ ਬਣਾ ਕੇ ਉਸ ਉੱਤੇ ਸੌਂਕਣ ਦਾ ਨਾਂ ਲਿਖਵਾ ਲਿਆ ਜਾਂਦਾ ਹੈ ਤੇ ਕਾਲ਼ੀ ਡੋਰ ਵਿੱਚ ਪਰੋ ਹੋ ਕੇ ਉਹ ਗਲ਼ ਵਿੱਚ ਪਾਇਆ ਜਾਂਦਾ ਹੈ। ਇਸ ਨੂੰ ‘ਸੌਂਕਣ ਮੂਹਰਾ’ ਕਿਹਾ ਜਾਂਦਾ ਹੈ। ਇਸ ਪਿੱਛੇ ਕਿਹੜੀ ਭਾਵਨਾ ਕੰਮ ਕਰਦੀ ਹੈ? ਇਹ ਵੀ ਸੋਚਣਾ ਬਣਦਾ ਹੈ। ਜਿਉਂਦੀ ਜਾਗਦੀ ਸੌਂਕਣ ਨੂੰ ਤਾਂ ਦੁਸ਼ਮਣ ਮੰਨਿਆ ਹੀ ਜਾਂਦਾ ਹੈ ਪਰ ਅਫ਼ਸੋਸ ਜੱਗ ਤੋਂ ਜਾ ਚੁੱਕੀ ਸੌਂਕਣ ਨਾਲ਼ ਵੀ ਦੁਸ਼ਮਣੀ ਵਾਲੀ ਸੋਚ ਪਾਲੀ ਜਾਂਦੀ ਹੈ। ਕਮਜ਼ੋਰ ਮਾਨਸਿਕਤਾ ਜਾਂ ਅੰਧ-ਵਿਸ਼ਵਾਸ ਵਾਲੀ ਸੋਚ ਅਧੀਨ ਇਸ ਦਾ ਇਹ ਭਾਵ ਹੀ ਹੋ ਸਕਦਾ ਹੈ ਕਿ ਸੌਂਕਣ ਦੀ ਆਤਮਾ ਨੂੰ ਇਸ ਤਵੀਤ ਵਿੱਚ ਕੈਦ ਕਰ ਲਿਆ ਹੈ ਤੇ ਹੁਣ ਉਹ ਕੋਈ ਦੁੱਖ-ਤਕਲੀਫ਼ ਨਹੀਂ ਦੇ ਸਕਦੀ। ਆਮ ਤੌਰ ’ਤੇ ਆਪਣੇ ਕਿਸੇ ਪਿਆਰੇ ਨੂੰ ਗਲ਼ ਦਾ ਤਵੀਤ ਬਣਾ ਕੇ ਗਲ਼ ’ਚ ਪਾਉਣ ਜਾਂ ਉਸ ਦੇ ਗਲ਼ ਦਾ ਤਵੀਤ ਬਣ ਜਾਣ ਦੀ ਇੱਛਾ ਕੀਤੀ ਜਾਂਦੀ ਹੈ। ਕੋਈ ਕਹਿੰਦਾ ਹੈ-
‘‘ਤੇਰੇ ਗਲ਼ ਦਾ ਤਵੀਤ ਬਣ ਜਾਵਾਂ
 ਡੋਰ ’ਚ ਪਰੋ ਲੈ ਕੁੜੀਏ।’’
ਸਾਡੇ ਸਮਾਜ ਵਿੱਚ ਆਈ ਜਾਗੂਰਕਤਾ ਤੇ ਕਾਨੂੰਨ ਨੇ ਹੁਣ ਸੌਂਕਣ ਦਾ ਰਿਸ਼ਤਾ ਖ਼ਤਮ ਕਰ ਦਿੱਤਾ ਹੈ। ਮਰਦ ਨੂੰ ਦੂਜਾ ਵਿਆਹ ਕਰਵਾਉਣ ਲਈ ਕਈ ਕਾਨੂੰਨੀ ਅੜਚਣਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੋਰਟ -ਕਚਹਿਰੀਆਂ ਦੀ ਖੱਜਲ਼-ਖੁਆਰੀ ਤੋਂ ਬਿਨਾਂ ਪੈਸਾ ਵੀ ਖ਼ਰਚਣਾ ਪੈਂਦਾ ਹੈ। ਇਸ ਲਈ ਮਰਦ ਦੂਜਾ ਵਿਆਹ ਕਰਵਾਉਣ ਤੋਂ ਪਹਿਲਾਂ ਜੇ ਸੌ ਵਾਰੀ ਨਹੀਂ ਤਾਂ ਪੰਜਾਹ ਵਾਰੀ ਜ਼ਰੂਰ ਸੋਚਦਾ ਹੋਵੇਗਾ। ਜਿੱਥੇ ਮਸਲਾ ਬਹੁਤ ਹੀ ਗਹਿਰ ਗੰਭੀਰ ਹੋ ਜਾਵੇ, ਉੱਥੇ ਦੂਜੇ ਵਿਆਹ ਦਾ ਫ਼ੈਸਲਾ ਹੋ ਹੀ ਜਾਂਦਾ ਹੈ। ਇੱਥੇ ਇਹ ਗੱਲ ਵੀ ਨਜ਼ਰ-ਅੰਦਾਜ਼ ਨਹੀਂ ਕੀਤੀ ਜਾ ਸਕਦੀ ਕਿ ਲੁਕਵੇਂ ਰੂਪ ਵਿੱਚ ਸੌਂਕਣ (ਪਤੀ ਦੀ ਪ੍ਰੇਮਿਕਾ) ਅੱਜ ਵੀ ਮੌਜੂਦ ਹੈ।
ਪਿਛਲੇ ਸਮਿਆਂ ਵਿੱਚ ਦੋ-ਤਿੰਨ ਵਿਆਹ ਕਰਵਾਉਣੇ ਵੱਡੇ ਘਰਾਂ ਦੇ ਕਾਕਿਆਂ ਦੇ ਸ਼ੌਕ ਹੁੰਦੇ ਸਨ ਤੇ ਇਹ ‘ਸਰਦਾਰੀ’ ਦੇ ਪ੍ਰਤੀਕ ਮੰਨੇ ਜਾਂਦੇ ਸਨ। ਮਰਦ ਦੇ ਦੂਜਾ ਜਾਂ ਤੀਜਾ ਵਿਆਹ ਕਰਵਾਉਣ ਨੂੰ ਘਰ ਦੀ ਸ਼ਾਨ ਸਮਝਿਆ ਜਾਂਦਾ ਸੀ। ਸਮਾਜ ਦੀਆਂ ਨਜ਼ਰਾਂ ਵਿੱਚ ਵੀ ਇਹਨੂੰ ਮਾੜਾ ਨਹੀਂ ਸੀ ਗਿਣਿਆ ਜਾਂਦਾ। ਕਈ ਵਾਰ ਦੂਜਾ ਵਿਆਹ ਔਲਾਦ ਦੀ ਅਣਹੋਂਦ ਕਾਰਨ ਵੀ ਕੀਤਾ ਜਾਂਦਾ ਹੈ ਕਿਉਂਕਿ ਉਹ ਸਾਇੰਸ ਦਾ ਯੁੱਗ ਨਹੀਂ ਸੀ। ਔਲਾਦ ਨਾ ਹੋਣ ਲਈ ਔਰਤ ਨੂੰ ਹੀ ਜ਼ਿੰਮੇਵਾਰ ਸਮਝਿਆ ਜਾਂਦਾ ਸੀ। ਇਸੇ ਲਾਲਸਾ ਵਿੱਚ ਮਰਦ ਕਈ ਵਿਆਹ ਕਰਵਾ ਲੈਂਦਾ ਪਰ ਔਲਾਦ ਦਾ ਮੂੰਹ ਫਿਰ ਵੀ ਦੇਖਣ ਨੂੰ ਨਸੀਬ ਨਾ ਹੁੰਦਾ। ਰਾਜੇ-ਮਹਾਰਾਜਿਆਂ ਦੇ ਵੀ ਕਿੰਨੇ-ਕਿੰਨੇ ਵਿਆਹ ਹੁੰਦੇ। ਕਈ ਰਾਜਿਆਂ ਦੇ ਸੈਂਕੜੇ ਵਿਆਹ ਵੀ ਹੁੰਦੇ ਜਾਂ ਜ਼ੋਰ-ਜਬਰੀ ਪਤਨੀਆਂ ਬਣਾ ਲਈਆਂ ਜਾਂਦੀਆਂ। ਕੋਈ ਮਹਾਰਾਣੀ, ਕੋਈ ਪਟਰਾਣੀ ਹੁੰਦੀ, ਕੋਈ ਰਾਣੀ ਤੇ ਕੁਝ ਵਿਚਾਰੀਆਂ ਰਖੇਲਾਂ ਹੀ ਹੁੰਦੀਆਂ। ਸੋਚਣ ਵਾਲੀ ਗੱਲ ਇਹ ਹੈ ਕਿ ਹੁੰਦੀਆਂ ਤਾਂ ਉਹ ਵੀ ਇੱਕੋ ਪਤੀ ਦੀਆਂ ਪਤਨੀਆਂ ਸਨ ਤੇ ਇਸ ਤਰ੍ਹਾਂ ਉਹ ਵੀ ਸੌਂਕਣਾਂ ਦੇ ਰਿਸ਼ਤੇ ਦੇ ਘੇਰੇ ਵਿੱਚ ਆਉਂਦੀਆਂ ਸਨ। ਕਈ ਵਾਰ ਰਾਣੀਆਂ-ਮਹਾਰਾਣੀਆਂ ਵੀ ਸੌਂਕਣਾਂ ਵਾਲੀ ਦੁਸ਼ਮਣੀ ਪਾਲ ਲੈਂਦੀਆਂ। ਇਤਿਹਾਸ ਗਵਾਹ ਹੈ ਕਿ ਉਨ੍ਹਾਂ ਵਿੱਚ ਵੀ ਮਰਨ ਮਰਾਉਣ ਦੀ ਨੌਬਤ ਆ ਜਾਂਦੀ। ਆਮ ਔਰਤ ਨਾਲੋਂ ਉਨ੍ਹਾਂ ਦੀ ਦਸ਼ਾ ਵੱਖਰੀ ਸੀ, ਨਾ ਸਮਾਜ ਦਾ ਡਰ ਨਾ ਘਰੇਲੂ ਜ਼ਿੰਮੇਵਾਰੀਆਂ। ਉਹ ਸੌਂਕਣਾਂ ਹੁੰਦੀਆਂ ਹੋਈਆਂ ਵੀ ਉਹੋ ਜਿਹਾ ਸੰਤਾਪ ਨਾ ਭੋਗਦੀਆਂ ਜੋ ਇੱਕ ਆਮ ਔਰਤ ਭੋਗਦੀ ਹੈ। ਰਾਜਿਆਂ ਦੀਆਂ ਰਾਣੀਆਂ ਦੇ ਸੌਂਕਣਾਂ ਦੇ ਦੁੱਖ ਵੱਖਰੀ ਕਿਸਮ ਦੇ ਹੁੰਦੇ ਅਤੇ ਆਮ ਘਰਾਂ ਦੀਆਂ ਸੌਂਕਣਾਂ ਦੇ ਹੋਰ ਤਰ੍ਹਾਂ। ਸਾਡੇ ਸਮਾਜ ਵਿੱਚ ਆਮ ਤੌਰ ’ਤੇ  ਸੌਂਕਣ ਔਲਾਦ ਦੀ ਥੁੜ ਵਿੱਚ ਵਿਆਹੀ ਜਾਂਦੀ ਹੈ। ਕਦੇ ਕਿਸੇ ਅਣਜੋੜ ਵਿਆਹ ਕਾਰਨ ਵੀ ਮਰਦ ਦੂਜਾ ਵਿਆਹ ਕਰਵਾ ਲੈਂਦਾ। ਜਿਵੇਂ ਪਤੀ ਬਹੁਤ ਸੋਹਣਾ ਸੁਨੱਖਾ ਤੇ ਛੈਲ ਛਬੀਲਾ ਪਰ ਪਤਨੀ ਅਕਲੋਂ ਤੇ ਸ਼ਕਲੋਂ ਬਿਲਕੁਲ ਹੀ ਸਿਫ਼ਰ। ਕਦੇ ਇਹ ਕਾਰਨ ਵੀ ਬਣਦਾ ਕਿ ਪਤੀ ਪੂਰਾ ਵੈਲੀ ਤੇ ਸ਼ੌਕੀ ਤੇ ਪਤਨੀ ਬਹੁਤ ਸਾਊ। ਉਸ ਹਾਲਤ ਵਿੱਚ ਪਤਨੀ, ਪਤੀ ਤੋਂ ਡਰਦੀ ਰਹਿੰਦੀ ਤੇ ਉਹ ਬਾਹਰ ਮਨ ਆਈਆਂ ਕਰਦਾ ਉਹਦੇ ਹੱਥੋਂ ਨਿੱਕਲ ਜਾਂਦਾ , ਫਿਰ ਪਤਨੀ ਝੂਰਦੀ ਰਹਿੰਦੀ। ਸਾਊ ਮੁਟਿਆਰ ਮਨੋ-ਮਨੀ ਇਹ ਝੇੜੇ ਕਰਦੀ ਰਹਿ ਜਾਂਦੀ ਤੇ ਵਿਗੜਿਆਂ ਚੋਬਰ ਦੂਜਾ ਵਿਆਹ ਕਰਵਾ ਲੈਂਦਾ। ਪਹਿਲਾਂ ਹੀ ਝੁਰ-ਝੁਰ ਕੇ ਦਿਨ ਕੱਟਣੀ ਨਾਰ ਨੂੰ ਸੌਂਕਣ ਹੋਰ ਵੀ ਦਬੱਲ ਕੇ ਰੱਖਦੀ ਤੇ ਉਹ ਵਿਚਾਰੀ ਦਿਲ ਦਾ ਦੁੱਖ ਰੋਂਦੀ-
ਸੱਗੀ ਘੜਾਈ ਵੇ ਸਿੰਘ ਜੀ ਪਹਿਨਣ ਦੇ ਵਾਸਤੇ,
ਪਹਿਨਣ ਨਾ ਦੇਂਦੀ ਵੇ ਸੌਂਕਣ ਵਸਦੀ ਲਲਕਾਰ ਕੇ,
ਸਬਰ ਸਬੂਰੀ ਵੇ ਸਿੰਘ ਜੀ ਸਤਿਗੁਰ ਦੇ ਵਾਸਤੇ।
ਸੌਂਕਣਾਂ ਜਦੋਂ ਅਜਿਹੇ ਵਿਗੜੇ ਪਤੀ ਦੇ ਲੱਛਣ ਦੇਖਦੀਆਂ ਕਿ ਉਹ ਦੋ-ਦੋ ਨਾਰਾਂ ਹੋਣ ’ਤੇ ਵੀ ਬਿਗਾਨੀਆਂ ਨਾਰਾਂ ਤਾੜਦਾ ਫਿਰਦਾ ਹੈ ਤਾਂ ਉਹ ਏਕਾ ਵੀ ਕਰ ਲੈਂਦੀਆਂ ਤੇ ਉਹਨੂੰ ਬੰਦਾ ਬਣਾ ਦਿੰਦੀਆਂ। ਅਜਿਹਾ ਲੋਕ ਗੀਤ ਇਸ ਦੀ ਗਵਾਹੀ ਭਰਦਾ ਹੈ-
‘‘ਸੂਰਜ ਚੜ੍ਹਿਆ ਸਾਹਮਣੇ ਤੁਸੀਂ ਧੁੱਪੇ ਜੀ ਖੜ੍ਹੀਆਂ
ਗੋਰੀਏ ਨੀਂ ਨਾਰਾਂ ਦੋ-ਦੋ ਭਲੀਆਂ ਕਿਹੜੀ ਪਕਾਵੇ ਰੋਟੀਆਂ ਕਿਹੜੀ ਚੌਂਕੇ ਵੇ ਚੜ੍ਹੀਆਂ
ਚਾਕਰਾ ਵੇ ਨਾਰਾਂ ਦੋ-ਦੋ ਬੁਰੀਆਂ ਵੇ ਹੋ।
ਵੱਡੀ ਪਕਾਵੇ ਰੋਟੀਆਂ ਨੀਂ ਛੋਟੀ ਚੌਂਕੇ ਨੀਂ ਚੜ੍ਹੀਆਂ
ਗੋਰੀਏ ਨੀਂ ਨਾਰਾਂ ਦੋ-ਦੋ ਭਲੀਆਂ
ਵੱਡੀ ਨੇ ਫੜ ਲਿਆ ਜੂੜਿਓਂ ਛੋਟੀ ਪੰਜ ਸੱਤ ਜੜੀਆਂ
ਨੀਂ ਨਾਰਾਂ ਦੋ-ਦੋ ਬੁਰੀਆਂ ਵੇ ਹੋ।
ਮੂਰਖਾ ਵੇ ਨਾਰਾਂ ਦੋ-ਦੋ ਬੁਰੀਆਂ ਵੇ ਹੋ।
ਪਤਾ ਨਹੀਂ ਕਿਉਂ ਸਾਡੇ ਸੱਭਿਆਚਾਰ ਵਿੱਚ ਸੌਂਕਣ ਦਾ ਨਾਂ ਸੱਸ ਤੇ ਮਤਰੇਈ ਮਾਂ ਵਾਂਗੰੂ ਹੀ ਬਦਨਾਮ ਹੈ ਹਾਲਾਂਕਿ ਸਾਰੀਆਂ ਸੌਂਕਣਾਂ ਜਾਂ ਸਾਰੀਆਂ ਮਤਰੇਈਆਂ ਮਾਵਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਸੌਂਕਣ ਦਾ ਡਰ ਵੀ ਸੱਸਾਂ ਦੇ ਡਰ ਵਾਂਗੂੰ ਹੀ ਕੁੜੀਆਂ-ਕੱਤਰੀਆਂ ਦੇ ਮਨਾਂ ਵਿੱਚ ਬੈਠ ਜਾਂਦਾ ਹੈ। ਵਿਆਹੀ ਵਰੀ ਕੁੜੀ ਸੌਂਕਣ ਦਾ ਨਾਂ ਸੁਣ ਕੇ ਹੀ ਕੁਝ ਖਾ ਕੇ ਮਰ ਜਾਣ ਦੀ ਸੋਚਣ ਲੱਗਦੀ ਵੰਨਗੀ ਲਈ ਗਿੱਧੇ ਦੇ ਗੀਤ ਦੇ ਬੋਲ ਪੇਸ਼ ਹਨ-
‘‘ਮੇਰੇ ਬਾਲਮਾ ਜੀ ਤੂੰ ਨੌਕਰੀ ਨੂੰ ਜਾਊਂਗਾ,
ਮੇਰੇ ਬਾਲਮਾ ਜੀ ਤੂੰ ਮੈਨੂੰ ਕੀ ਲਿਆਊਂਗਾ?
ਮੇਰੀ ਗੋਰੀਏ ਨੀਂ ਮੈਂ ਨੌਕਰੀ ਨੂੰ ਜਾਊਂਗਾ,
ਤੈਨੂੰ ਗੋਰੀਏ ਨੀਂ ਦੋ ਸੌਂਕਣਾਂ ਲਿਆਊਂਗਾ
ਮੇਰੇ ਬਾਲਮਾ ਜੀ ਜ਼ਹਿਰ ਵਿਸ਼ ਖਾਊਂਗੀ,
ਮੇਰੇ ਬਾਲਮਾ ਜੀ ਮੈਂ ਜਦ ਮਰ ਜਾਊਂਗੀ ’’
ਲਕੀਰ ਦੇ ਫ਼ਕੀਰ ਬਣ ਜਾਣਾ ਸਾਡੇ ਪੰਜਾਬੀਆਂ ਦੇ ਸੁਭਾਅ ਦੀ ਕਮਜ਼ੋਰੀ ਹੈ। ਉਸੇ ਅਧੀਨ ਅਸੀਂ ਸੌਂਕਣਾਂ ਨੂੰ ਇੱਕ ਦੂਜੀ ਦੀ ਦੁਸ਼ਮਣ ਸਮਝਦੇ ਹਾਂ। ਕਈ ਵਾਰ ਦੋ ਔਰਤਾਂ ਨੂੰ ਲੜਦਿਆਂ ਦੇਖ ਕੇ ਕਿਹਾ ਜਾਂਦਾ ਹੈ ਕਿ ਇਹ ਤਾਂ ਸੌਂਕਣਾਂ ਵਾਂਗ ਲੜਦੀਆਂ ਨੇ। ਪੰਜਾਬੀ ਕਹਾਵਤ ਹੈ ‘ਸੌਂਕਣ ਸੱਲ ਸ਼ਰੀਕੇ ਹਾਵਾ’ ਪਰ ਸੌਂਕਣਾਂ ਵੀ ਅਕਸਰ ਤਾਂ ਇਨਸਾਨ ਹੀ ਹੁੰਦੀਆਂ ਹਨ। ਅੱਜ ਦੇ ਮਾਹੌਲ ਬਾਰੇ ਸੋਚਦਿਆਂ ਤਾਂ ਹੈਰਾਨੀ ਹੁੰਦੀ ਹੈ ਕਿ ਉਹ ਫਿਰ ਵੀ ਨਿਭ ਜਾਂਦੀਆਂ ਸਨ। ਅਜੋਕੇ ਸਮੇਂ ਦਰਾਣੀ-ਜਠਾਣੀ ਨਾਲ ਵੀ ਕਿਸੇ ਦੀ ਬਹੁਤੀ ਨਹੀਂ ਬਣਦੀ। ਉਨ੍ਹਾਂ ਦੀ ਸੁੱਖ ਸਹੂਲਤਾਂ ਭਰੀ ਜ਼ਿੰਦਗੀ ਨਾਲ ਇੱਕ ਦੂਜੀ ਨੂੰ ਸੱਲ ਵਰਗਾ ਅਹਿਸਾਸ ਹੋਈ ਜਾਂਦਾ ਹੈ ਤੇ ਸ਼ਰੀਕੇ ਦਾ ਨਹੀਂ ਗੁਆਂਢੀਆਂ ਦਾ ਹੀ ‘ਹਾਵਾ’ ਮਾਰੀ ਜਾਂਦਾ ਹੈ। ਸੌਂਕਣਾਂ ਦੀ ਗੱਲ ਤਾਂ ਦੂਰ ਹੈ, ਪਤੀ-ਪਤਨੀ ਹੀ ਕਈ ਵਾਰ‘ਸੌਂਕਣ’ ਬਣ ਬੈਠਦੇ ਹਨ। ਆਪਣੀ ਜ਼ਿੰਦਗੀ ਨਰਕ ਬਣਾ ਲੈਂਦੇ ਹਨ । ਕਈ ਅੱਜ ਵੀ ਪ੍ਰਤੱਖ ਵਿੱਚ ਨਹੀਂ ਓਹਲੇ-ਚੋਰੀ ਪਤਨੀ ਦੀ ਸੌਂਕਣ ਰੱਖਣ ਦਾ ਸ਼ੌਕ ਪਾਲਦੇ ਹਨ। ਅੰਤ ਵਿੱਚ ਇਹੋ ਕਹਾਂਗੀ-‘‘ਮੂਰਖਾ ਵੇ ਨਾਰਾਂ ਦੋ-ਦੋ ਬੁਰੀਆਂ।’’

* ਸੰਪਰਕ:98728-98599

   

                                                                                ਪਰਮਜੀਤ ਕੌਰ ਸਰਹਿੰਦ

No comments:

Post a Comment