Monday, 9 September 2013

ਪੰਜਾਬੀ ਲੋਕ ਗੀਤਾਂ ਵਿੱਚ ਪੰਛੀ



ਅਸੀਂ ਜਿਸ ਇਲਾਕੇ ਦੇ ਵਸਨੀਕ ਹੁੰਦੇ ਹਾਂ, ਉੱਥੋਂ ਦੇ ਵੰਨ-ਸੁਵੰਨੇ ਰੁੱਖ, ਪਸ਼ੂ ਪੰਛੀ ਅਤੇ ਫੁੱਲ ਬੂਟੇ ਸਹਿਜੇ ਹੀ ਸਾਡਾ ਧਿਆਨ ਆਪਣੇ ਵੱਲ ਖਿੱਚ ਲੈਂਦੇ ਹਨ। ਫੁੱਲ ਰੰਗ ਅਤੇ ਸੁਗੰਧ ਦਾ ਜਿਸ ਤਰ੍ਹਾਂ ਦਾ ਸਬੰਧ ਹੁੰਦਾ ਹੈ, ਠੀਕ ਪੰਛੀਆਂ ਅਤੇ ਮਨੁੱਖ ਦਾ ਨਾਤਾ ਵੀ ਕੁਝ ਉਸੇ ਤਰ੍ਹਾਂ ਦਾ ਹੈ। ਭਾਸ਼ਾ ਵਿਗਿਆਨੀਆਂ ਅਨੁਸਾਰ ਮਨੁੱਖਾਂ ਨੇ ਬੋਲਣਾ ਸਿੱਖਿਆ ਹੀ ਪੰਛੀਆਂ ਦੀਆਂ ਮਨਮੋਹਕ ਆਵਾਜ਼ਾਂ ਦੀ ਨਕਲ ਕਰਕੇ ਹੈ। ਪੰਛੀਆਂ ਦਾ ਜ਼ਿਕਰ ਸਾਡੇ ਲੋਕ ਸਾਹਿਤ ਤੋਂ ਇਲਾਵਾ ਧਰਮ ਗ੍ਰੰਥਾਂ ਵਿੱਚ ਵੀ ਆਉਂਦਾ ਹੈ। ਸਾਡੇ ਬਾਲ ਸਾਹਿਤਕਾਰ ਤਾਂ ਕਈ ਵਾਰ ਰਚਨਾਵਾਂ ਵਿੱਚ ਚਿੜੀ ਬਣ ਕੇ ਉੱਡਣ ਦੀ ਤਮੰਨਾ ਪ੍ਰਗਟਾਉਂਦੇ ਹਨ ਕਿ ਜੇ ਉਹ ਚਿੜੀ ਵਾਂਗ ਹੋਣ ਤਾਂ ਉਹ ਬਹੁਤ ਦੂਰ ਦੁਰੇਡੀਆਂ ਥਾਵਾਂ ਵੱਲ ਉਡਾਰੀ ਭਰ ਜਾਣ ਅਤੇ ਇੱਕ ਅਨੋਖੀ ਤੇ ਨਵੀਂ ਦੁਨੀਆਂ ਦੇ ਦਰਸ਼ਨ ਕਰਨ। ਪੰਛੀਆਂ ਦੀ ਆਮਦ ਕਰਕੇ ਹੀ ਸਾਡੇ ਵਿਹੜੇ ਅਤੇ ਬਨੇਰੇ ਮਨਮੋਹਕ ਲੱਗਦੇ ਹਨ। ਲਿਖਤੀ ਰੂਪ ਵਿੱਚ ਪੰਜਾਬੀ ਸਾਹਿਤ ਜਦੋਂ ਦਾ ਉਪਲਬਧ ਹੈ, ਪੰਛੀਆਂ ਸਬੰਧੀ ਜਾਣਕਾਰੀ ਵੀ ਉਦੋਂ ਦੀ ਹੀ ਪ੍ਰਾਪਤ ਹੈ। ਪੰਜਾਬ ਦੇ ਪਿੰਡਾਂ ਵਿੱਚ ਵਿਚਰਦੇ ਆਮ ਪੰਛੀਆਂ ਸਬੰਧੀ ਜੋ ਲੋਕ-ਗੀਤ ਪ੍ਰਾਪਤ ਹਨ, ਉਹ ਪਾਠਕਾਂ ਦੇ ਸਨਮੁੱਖ ਹਨ:
‘ਮੋਰ’: ਮੋਰ ਭਾਰਤ ਦਾ ਕੌਮੀ ਪੰਛੀ ਹੈ। ਮੋਰ ਨੂੰ ਆਪਣੀ ਸੁੰਦਰਤਾ ਸਦਕਾ ਕੌਮੀ ਪੰਛੀ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ। ਇਸ ਦੀ ਚੁੰਝ ਤੋਂ ਲੈ ਕੇ ਪੂਛ ਦੇ ਸਿਰੇ ਤਕ ਦੀ ਲੰਬਾਈ ਲਗਪਗ ਛੇ ਫੁੱਟ ਹੁੰਦੀ ਹੈ। ਜਿੰਨੇ ਸੋਹਣੇ ਅਤੇ ਰੰਗ-ਬਰੰਗੇ ਖੰਭ ਇਸ ਪੰਛੀ ਦੇ ਹੁੰਦੇ ਹਨ, ਓਨੇ ਹੋਰ ਕਿਸੇ ਪੰਛੀ ਦੇ ਸੰਸਾਰ ਭਰ ਵਿੱਚ ਸ਼ਾਇਦ ਹੀ ਹੁੰਦੇ ਹੋਣਗੇ। ਸਕੂਲਾਂ ਦੇ ਵਿਦਿਆਰਥੀ ਮੋਰ ਦੇ ਖੰਭਾਂ ’ਤੇ ਬੇਥਾਹ ਵਿਸ਼ਵਾਸ ਕਰਦੇ ਹਨ ਤਾਹੀਓਂ ਉਹ ਹਮੇਸ਼ਾਂ ਆਪਣੀਆਂ ਪੁਸਤਕਾਂ ਵਿੱਚ ਮੋਰ ਦੇ ਖੰਭ ਰੱਖਦੇ ਹਨ। ਉਨ੍ਹਾਂ ਨੂੰ ਯਕੀਨ ਹੁੰਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੀ ਵਿਦਿਆ ਤੇਜ਼ ਹੋਵੇਗੀ।
ਸਾਉਣ ਵਿੱਚ ਬੱਦਲ ਗਰਜਦੇ ਹਨ, ਬਿਜਲੀ ਲਿਸ਼ਕੋਰਾਂ ਮਾਰਦੀ ਹੈ, ਛਮ ਛਮ ਬਰਸਾਤ ਹੁੰਦੀ ਹੈ, ਮੋਰ ਪੈਲਾਂ ਪਾਉਂਦੇ ਹਨ। ਮੌਸਮ ਸੁਹਾਵਣਾ ਅਤੇ ਰੰਗੀਨ ਹੁੰਦਾ ਹੈ। ਫੇਰ ਭਲਾ ਕੋਈ ਗੱਭਰੂ ਖੇਤ ਦੀ ਵੱਟ ’ਤੇ ਖੜ੍ਹ ਕੇ ਭੱਤਾ ਲੈ ਕੇ ਆ ਰਹੀ ਨਾਜ਼ੋ ਨੂੰ ਕਹੇ ਬਿਨਾਂ ਰਹਿ ਨਹੀਂ ਸਕਦਾ:
ਸਿੱਖ ਲੈ ਕਲਿਹਰੀਆ ਮੋਰਾ
ਤੁਰਨਾ ਤੋਰ ਪੰਜਾਬਣ ਦੀ।
ਫਿਰ ਇਹੋ ਜਿਹੇ ਖ਼ੁਸ਼ਗਵਾਰ ਮੌਸਮ ਵਿੱਚ ਨਾਜ਼ੋ ਵੀ ਬੋਲੇ ਬਗੈਰ ਨਹੀਂ ਰਹਿ ਸਕਦੀ:
ਕਲਿਹਰੀਆ ਮੋਰਾ ਵੇ
ਮੈਂ ਨਾ ਤੇਰੇ ਰਹਿੰਦੀ।
‘ਤੋਤਾ’: ਤੋਤੇ ਅਤੇ ਮੈਨਾ ਦੇ ਬੋਲਾਂ ਤੋਂ ਤਾਂ ਅਸੀਂ ਸਾਰੇ ਬੜੀ ਚੰਗੀ ਤਰ੍ਹਾਂ ਜਾਣੂ ਹਾਂ। ਤੋਤੇ ਕਈ ਵਾਰੀ ਸਾਡੀ ਬੋਲੀ ਵਿੱਚ ਸਾਡੀਆਂ ਨਕਲਾਂ ਵੀ ਲਾਹੁੰਦੇ ਹਨ। ਜੋ ਲੋਕ ‘ਆਜ਼ਾਦੀ’ ਦੀ ਕੀਮਤ ਨਹੀਂ ਜਾਣਦੇ ਉਹ ਇਨ੍ਹਾਂ ਨੂੰ ਪਿੰਜਰੇ ਵਿੱਚ ਪਾ ਕੇ ਰੱਖਦੇ ਹਨ। ਇਸ ਤੋਂ ਇਲਾਵਾ ਇੱਕ ਪੁਸਤਕ ‘ਤੋਤਾ ਮੈਨਾ’ ਵਿੱਚ ਔਰਤਾਂ ਅਤੇ ਮਰਦਾਂ ਦੀਆਂ ‘ਵਫ਼ਾ ਤੇ ਬੇਵਫਾਈ’ ਦੀਆਂ ਕਹਾਣੀਆਂ ਵੀ ਤੋਤਾ ਅਤੇ ਮੈਨਾ ਦੀ ਜ਼ੁਬਾਨੀ ਹੀ ਸੁਣਾਈਆਂ ਗਈਆਂ ਹਨ।
ਸਾਉਣ ਮਹੀਨੇ ‘ਤੀਆਂ’ ਵਿੱਚ ਪੀਂਘ ਪਾਉਣ ਲਈ ਜਾਂ ਤਾਂ ਪਿੱਪਲ ਦੀ ਚੋਣ ਕੀਤੀ ਜਾਂਦੀ ਹੈ ਜਾਂ ਫਿਰ ਨਿੰਮ ਦੀ। ਪਿੰਡ ਦਾ ਕੋਈ ਪ੍ਰਾਹੁਣਾ ਜਦੋਂ ਕਿਸੇ ਮੁਟਿਆਰ ਨੂੰ ਧਰਤੀ-ਅਸਮਾਨ ਛੂੰਹਦੀ ਵੇਖਦਾ ਹੈ ਤਾਂ ਦਿਲ ’ਤੇ ਹੱਥ ਰੱਖ ਕੇ ਇਹ ਸੋਚਦਾ ਹੈ:
ਤੋਤਾ ਪੀ ਗਿਆ ਗੁਲਾਬੀ ਰੰਗ ਤੇਰਾ
ਨੀਂ ਨਿੰਮ ਨਾਲ ਝੂਟਦੀਏ।
ਜੋਬਨ ਰੁੱਤੇ ਆਈ ਬਾਜਰੇ ਦੀ ਫ਼ਸਲ ਨੂੰ ਜਦੋਂ ਤੋਤੇ ਖ਼ਰਾਬ ਕਰ ਰਹੇ ਹੁੰਦੇ ਹਨ ਤਾਂ ਇਹ ਵੇਖ ਕੇ ਅੱਲ੍ਹੜ ਮੁਟਿਆਰ ਤੋਤਿਆਂ ਨੂੰ ਜਿਵੇਂ ਅਰਜੋਈ ਕਰਦੀ ਹੈ:
ਅਸੀਂ ਬਾਜਰੇ ਤੋਂ ਘੱਗਰਾ ਸਵਾਉਣਾ
ਸਿੱਟੇ ਨਾ ਉਜਾੜੋ ਤੋਤਿਓ।
ਅੱਧ ਪਚੱਧੇ ਫਲ ਖਾ ਕੇ ਥੱਲ੍ਹੇ ਸੁੱਟਣਾ ਤੋਤਿਆਂ ਦਾ ਸੁਭਾਅ ਹੈ ਪਰ ਫਿਰ ਵੀ ਇਨ੍ਹਾਂ ਬਗੈਰ ਰੁੱਖ ਬਾਗ਼ ਸ਼ੋਭਦੇ ਨਹੀਂ:
ਅੰਬ ਦੀ ਟਾਹਣੀ ਤੋਤਾ ਬੈਠਾ
ਅੰਬ ਪੱਕਣ ਨਾ ਦੇਵੇ
ਸੋਹਣੀ ਭਾਬੋ ਨੂੰ
ਦਿਓਰ ਵਸਣ ਨਾ ਦੇਵੇ।
‘ਕੋਇਲ’: ਕੋਇਲ ਦੀ ਕੂ ਕੂ ਤਾਂ ਸਭਨਾਂ ਲਈ ਕੋਈ ਅਣਪਛਾਣੀ ਆਵਾਜ਼ ਨਹੀਂ। ਕੋਇਲ ਵੇਖਣ ਵਿੱਚ ਘੱਟ ਹੀ ਨਜ਼ਰ ਆਉਂਦੀ ਹੈ। ਇਹ ਬੇਹੱਦ ਆਲਸੀ ਪੰਛੀ ਹੈ। ਇੱਥੋਂ ਤਕ ਕਿ ਆਪਣਾ ਆਲ੍ਹਣਾ ਵੀ ਆਪ ਨਹੀਂ ਬਣਾ ਸਕਦੀ। ਕੋਇਲ ਦੀ ਚਲਾਕੀ ਬੜੀ ਮਸ਼ਹੂਰ ਹੈ ਕਿਉਂਕਿ ਇਹ ਆਪਣੇ ਆਂਡੇ ਵੀ ਕਾਂ ਦੇ ਆਲ੍ਹਣੇ ਵਿੱਚ ਜਾ ਕੇ ਦੇ ਆਉਂਦੀ ਹੈ ਤੇ ਕਾਂ ਹੀ ਭੁਲੇਖੇ ਨਾਲ ਇਸ ਦੇ ਬੋਟਾਂ ਦੀ ਪਾਲਣਾ ਕਰਦਾ ਹੈ।
ਸਾਉਣ ਮਹੀਨੇ ਵਿੱਚ ਕੋਇਲ ਬੜੀ ਮਦਮਸਤ ਹੋ ਕੇ ਵਿਚਰਦੀ ਹੈ। ਇਸੇ ਮਹੀਨੇ ਮੁਟਿਆਰਾਂ ਵੀ ਆਪਣੇ ਦਿਲ ਦੀਆਂ ਘੁੰਡੀਆਂ ਖੋਲ੍ਹਣ ਲਈ ਬੇਕਰਾਰ ਹੁੰਦੀਆਂ ਹਨ:
ਹਾੜ੍ਹ ਮਹੀਨੇ ਬੋਲਣ ਚਿੜੀਆਂ
ਸਾਉਣ ਮਹੀਨੇ ਕੋਇਲਾਂ।
ਵਿੱਚ ਗਿੱਧੇ ਤੂੰ ਲਾਈ ਛਹਿਬਰ
ਕਿਵੇਂ ਮੈਂ ਤੈਨੂੰ ਮੋਹ ਲਾਂ।
ਸੁਣ ਲੈ ਹੀਰੇ ਨੀਂ
ਦਿਲ ਦੀਆਂ ਘੁੰਡੀਆਂ ਖੋਲ੍ਹਾਂ।
ਜਦੋਂ ਕੋਇਲ ਦੀ ਕੂਕ ਵਾਤਾਵਰਣ ਨੂੰ ਚੀਰਦੀ ਹੈ ਤਾਂ ਉਹ ਟੁੱਟੇ ਹੋਏ ਦਿਲਾਂ ’ਤੇ ਇੱਕ ਚੋਟ ਜਿਹੀ ਕਰਦੀ ਪ੍ਰਤੀਤ ਹੁੰਦੀ ਹੈ। ਦੁਖੀ ਹੋਇਆ ਦਿਲ ਆਪਣੀ ਵੇਦਨਾ ਇਸ ਪ੍ਰਕਾਰ ਪ੍ਰਗਟ ਕਰਦਾ ਹੈ:
ਝਾਵਾਂ ਝਾਵਾਂ ਝਾਵਾਂ
ਜੁੱਤੀ ਮੇਰੀ ਮਖ਼ਮਲ ਦੀ
ਮੈਂ ਡਰਦੀ ਨਾ ਪਾਵਾਂ।
ਨੀਂ ਪੁੱਤ ਮੇਰੇ ਸਹੁਰੇ ਦਾ
ਲੱਗੀ ਲਾਮ ਤੇ ਲਵਾ ਲਿਆ ਨਾਮਾ।
ਜਾਂਦਾ ਹੋਇਆ ਦੱਸ ਨਾ ਗਿਆ
ਹੁਣ ਚਿੱਠੀਆਂ ਕਿੱਧਰ ਨੂੰ ਪਾਵਾਂ।
ਕੋਇਲਾਂ ਕੂਕਦੀਆਂ
ਕਦੇ ਬੋਲ ਵੇ ਚੰਦਰਿਆ ਕਾਵਾਂ।
‘ਚਿੜੀ’: ਚਿੜੀ ਜਿੰਨਾ ਸਾਡੀ ਜ਼ਿੰਦਗੀ ਦਾ ਨੇੜਲਾ ਪੰਛੀ ਹੈ, ਓਨਾ ਕੋਈ ਪੰਛੀ ਨਹੀਂ। ਕੁੜੀਆਂ ਤੇ ਚਿੜੀਆਂ ਦੀ ਸਾਂਝ ਬੜੀ ਡੂੰਘੀ ਹੁੰਦੀ ਹੈ। ਚਿੜੀਆਂ ਦਾ ਉੱਡਣਾ ਅਤੇ ਕੁੜੀਆਂ ਦਾ ਵਿਛੜਨਾ ਇੱਕ ਸਮਾਨ ਹੀ ਗਿਣਿਆ ਜਾਂਦਾ ਹੈ। ਕੋਈ ਨਵ ਵਿਆਹੀ ਮੁਟਿਆਰ ਜਦੋਂ ਆਪਣੇ ਸਹੁਰੇ ਘਰ ਚਲੀ ਜਾਂਦੀ ਹੈ ਅਤੇ ਨਵੇਂ ਵਾਤਾਵਰਣ ਵਿੱਚ ਉਸ ਦਾ ਦਿਲ ਨਹੀਂ ਲੱਗਦਾ, ਫਿਰ ਉਹ ਚਿੜੀ ਰਾਹੀਂ ਹੀ ਆਪਣੇ ਪੇਕਿਆਂ ਨੂੰ ਯਾਦ ਕਰਦੀ ਹੈ:
ਉੱਡ ਉੱਡ ਚਿੜੀਏ ਨੀਂ
ਉੱਡ ਬਹਿਜਾ ਰੇਤੇ।
ਮੇਰੀ ਅੰਮੜੀ ਬਾਝੋਂ ਨੀਂ
ਕੌਣ ਕਰਦਾ ਈ ਚੇਤੇ।
ਮੇਰੇ ਬਾਬਲ ਧਰਮੀ ਵੀਰੇ ਦੂਰ ਵੇ
ਪ੍ਰਦੇਸਣ ਬੈਠੀ ਝੂਰੇ।
ਕੁੜੀਆਂ ਭਾਵੇਂ ਅਮੀਰਾਂ ਦੀਆਂ ਹੋਣ ਜਾਂ ਫਿਰ ਗ਼ਰੀਬਾਂ ਦੀਆਂ, ਅਖੀਰ ਉਨ੍ਹਾਂ ਪਰਾਈਆਂ ਹੋਣਾ ਹੀ ਹੁੰਦਾ ਹੈ:
ਸਾਡਾ ਚਿੜੀਆਂ ਦਾ ਚੰਬਾ ਵੇ
ਬਾਬਲ ਅਸਾਂ ਉੱਡ ਜਾਣਾ।
ਸਾਡੀ ਲੰਮੀ ਉਡਾਰੀ ਵੇ
ਬਾਬਲ ਕਿਹੜੇ ਦੇਸ਼ ਜਾਣਾ।
‘ਕਬੂਤਰ’: ਕਬੂਤਰ ਲੋਕਾਈ ਲਈ ਮਨਪ੍ਰਚਾਵੇ ਦਾ ਸਾਧਨ ਹਨ। ਰਿਆਸਤੀ ਸਮਿਆਂ ਵਿੱਚ ਰਾਜੇ ਮਹਾਰਾਜੇ ਇਨ੍ਹਾਂ ਤੋਂ ਦੂਤਾਂ ਅਤੇ ਚਿੱਠੀ ਪੱਤਰਾਂ ਦਾ ਕੰਮ ਲੈਂਦੇ ਰਹੇ ਹਨ। ਪੁਰਾਣੇ ਕਿਲ੍ਹੇ, ਹਵੇਲੀਆਂ ਅਤੇ ਖੂਹ ਦੀਆਂ ਟਿੰਡਾਂ ਇਨ੍ਹਾਂ ਦੀਆਂ ਮਨਭਾਉਂਦੀਆਂ ਰਿਹਾਇਸ਼ੀ ਥਾਵਾਂ ਸਨ। ਚਿੱਟੇ ਰੰਗ ਦੇ ਕਬੂਤਰਾਂ ਨੂੰ ਘਰਾਂ ਵਿੱਚ ਖੁੱਡੇ ਬਣਾ ਕੇ ਰੱਖਣ ਦਾ, ਸ਼ਰਤਾਂ ਲਾ ਕੇ ਉਡਾਉਣ ਦਾ, ਬਾਜ਼ੀ ਲਾਉਣ ਦਾ ਅਤੇ ਛਤਰੀ ’ਤੇ ਬਿਠਾਉਣ ਦਾ ਵੀ ਰਿਵਾਜ ਹੈ। ਕਬੂਤਰ ਦੀ ਅੱਖ ਮਟਕਣ ਅਤੇ ਗੁਟਕਣ ਲੋਹੜਿਆਂ ਦੇ ਅੰਦਾਜ਼ ਦੀ ਹੁੰਦੀ ਹੈ। ਸ਼ਾਇਦ ਇਸ ਕਰਕੇ ਕਿਸੇ ਚੰਚਲ ਮੁਟਿਆਰ ਨੂੰ ਕਬੂਤਰੀ ਨਾਲ ਤੁਲਨਾਇਆ ਹੈ:
ਮਾਰੀ ਇਸ਼ਕ ਦੀ ਖਾ ਗਈ ਲੋਟਣੀ
ਜਿਉਂ ਸੀ ਕਬੂਤਰ ਲੈਰੀ।
ਘਸ ਕੇ ਟੁੱਟ ਜਾਣਗੇ
‘ਚੰਦ’ ਡੰਡੀਆਂ ਦੇ ਵੈਰੀ।
ਮਾਹੀਆ ਜੇ ਮੈਂ ਕਬੂਤਰੀ ਹੋਵਾਂ
ਤੇਰੇ ਪਿੱਛੇ ਪਿੱਛੇ ਉੱਡਦੀ ਆਵਾਂ।
ਜਿਹੜੇ ਰੁੱਖ ਆਣ ਕੇ ਬਹੇਂ 
ਉਸ ਰੁੱਖ ’ਤੇ ਆਲ੍ਹਣਾ ਪਾਵਾਂ।
ਮਾਹੀਆ ਜੇ ਮੈਂ ਕਬੂਤਰੀ ਹੋਵਾਂ।

- ਭੁਪਿੰਦਰ ਸਿੰਘ ਆਸ਼ਟ
* ਸੰਪਰਕ: 94632-65532


No comments:

Post a Comment