ਜੁੱਤੀ ਕਸੂਰੀ ਪੈਰੀਂ ਨਾ ਪੂਰੀ
Posted On June - 29 - 2013
ਉਂਜ ਤਾਂ ਵੱਖ-ਵੱਖ ਕਿਸਮਾਂ ਦੇ ਸੈਂਡਲ, ਬੂਟ, ਗੁਰਗਾਬੀਆਂ, ਚੱਪਲਾਂ, ਵਿਭਿੰਨ ਮੌਕਿਆਂ ’ਤੇ ਪੈਰਾਂ ਦਾ ਸ਼ਿੰਗਾਰ ਬਣਦੀਆਂ ਨੇ ਪਰ ਜੋ ਰੋਅਬ ਪੰਜਾਬੀ ਜੁੱਤੀ ਜਮਾ ਪਾਉਂਦੀ ਹੈ, ਉਹ ਸ਼ਾਇਦ ਕਿਸੇ ਹੋਰ ਪੈਰ ਦੇ ਪਹਿਰਾਵੇ ਨੂੰ ਨਸੀਬ ਨਹੀਂ। ਇਨ੍ਹਾਂ ਵਿੱਚ ਖੁੱਸਾ, ਜਲਸਾ, ਲੱਕੀ, ਪਿਸ਼ੌਰੀ ਕੁਝ ਉੱਭਰਵੀਆਂ ਕਿਸਮਾਂ ਹਨ ਤੇ ਇਨ੍ਹਾਂ ਨੂੰ ਪੰਜਾਬ ਦੇ ਤਕਰੀਬਨ ਹਰ ਸ਼ਹਿਰ/ਕਸਬੇ ਦੇ ਕਾਰੀਗਰ ਆਪਣੀ-ਆਪਣੀ ਕਲਾਤਮਕ ਸਮਰੱਥਾ ਮੁਤਾਬਕ ਥੋੜ੍ਹੀ-ਬਹੁਤੀ ਟੇਢ-ਮੇਢ ਕਰਕੇ ਬਣਾਉਂਦੇ ਹਨ ਤੇ ਇਸ ਦੀ ਪਕਿਆਈ/ਹੰਢਣਸਾਰਤਾ ਇਸ ਵਿੱਚ ਵਰਤੇ ਜਾਂਦੇ ਸਾਜ਼ੋ-ਸਾਮਾਨ ’ਤੇ ਮੁਨੱਸਰ ਕਰਦੀ ਹੈ। ਫਿਰ ਵੀ ਮਜੀਠਾ, ਪੱਟੀ, ਕਸੂਰ, ਮੁਕਤਸਰ ਆਦਿ ਕੁਝ ਸ਼ਹਿਰ ਤੇ ਕਸਬੇ ਹਨ ਜੋ ਆਪਣੀ ਮੁਹਾਰਤ ਸਦਕਾ ਇਸ ਕਾਰੋਬਾਰ ਵਿੱਚ ਉਚੇਚਾ ਥਾਂ ਰੱਖਦੇ ਹਨ। ਜੇ ਗੱਭਰੂ ਨੇ ਕੁੜਤਾ-ਚਾਦਰਾ ਪਹਿਨਿਆ ਹੈ ਤਾਂ ਮੇਲ ਪੰਜਾਬੀ ਜੁੱਤੀ ਦਾ ਹੀ ਬਣੇਗਾ ਤੇ ਜੇ ਮੁਟਿਆਰ ਜੰਪਰ ਨਾਲ ਪਟਿਆਲਾ ਸਲਵਾਰ ਪਾਉਂਦੀ ਹੈ ਤਾਂ ਉਹਦਾ ਰੋਅਬ ਤਾਂ ਹੀ ਨਿਖਰੇਗਾ ਜੇ ਪੈਰੀਂ ਪੰਜਾਬੀ ਜੁੱਤੀ ਪਾਈ ਹੋਵੇ।
ਮੋਟੀ ਧੌੜੀ ਦੀ ਸਾਦੀ ਪਰ ਪੁਖ਼ਤਾ ਪੰਜਾਬੀ ਜੁੱਤੀ ਸੁੱਚੇ ਤਿੱਲੇ ਦੀ ਕੋਮਲ ਮੁਲਾਇਮ ਤੇ ਵੰਨ-ਸੁਵੰਨੇ ਡਿਜ਼ਾਈਨਾਂ ਵਿੱਚ ਬਹੁਤ ਮਹਿੰਗੇ ਮੁੱਲ ਤਕ ਮਿਲਦੀ ਹੈ। ਅੰਬੀਆਂ, ਲਹਿਰੀਆਂ, ਡੱਬੀਆਂ, ਧਾਰੀਆਂ ਦੇ ਡਿਜ਼ਾਇਨਾਂ ਲਈ ਵੰਨ-ਸੁਵੰਨੇ ਸਿਤਾਰੇ, ਬੋਰ, ਮੋਤੀ ਆਦਿ ਜੜ ਕੇ ਇਨ੍ਹਾਂ ਜੁੱਤੀਆਂ ਦੀ ਖ਼ੂਬਸੂਰਤੀ ਤੈਅ ਕੀਤੀ ਜਾਂਦੀ ਹੈ। ਕਾਲੇ, ਚਿੱਟੇ ਜਾਂ ਭੂਰੇ ਰੰਗਾਂ ਦੇ ਚਮੜੇ ਉੱਪਰ ਉਹਦੇ ਨਾਲ ਸੱਜਦੀ-ਫੱਬਦੀ ਕਢਾਈ ਕੀਤੀ ਜਾਂਦੀ ਹੈ। ਪੰਜਾਬ ਵਿੱਚ ਜਿੱਥੇ ਬੱਕਰੇ ਭੇਡੂ ਦੀ ਖੱਲ ਵਧੇਰੇ ਵਰਤੀ ਜਾਂਦੀ ਹੈ, ਉੱਥੇ ਰਾਜਸਥਾਨੀ ਇਲਾਕਿਆਂ ਵਿੱਚ ਊਠ ਦੀ ਖੱਲ ਵਧੇਰੇ ਵਰਤੀ ਜਾਂਦੀ ਹੈ ਕਿਉਂਕਿ ਇਨ੍ਹਾਂ ਜੁੱਤੀਆਂ ਦੀ ਵੰਨ-ਸੁਵੰਨਤਾ ਸਦੀਆਂ ਤੋਂ ਕਾਰੀਗਰੀ ਦਾ ਖ਼ੂਬਸੂਰਤ ਮੁਜੱਸਮਾ ਰਿਹਾ ਹੈ। ਇਸ ਲਈ ਪੰਜਾਬੀ ਦਾ ਲੋਕ ਸੱਭਿਆਚਾਰ ਵੀ ਇਸ ਪਹਿਰਾਵੇ ਤੋਂ ਪ੍ਰਭਾਵ ਕਬੂਲਣੋਂ ਕੋਰਾ ਨਹੀਂ ਰਿਹਾ। ਪੰਜਾਬੀ ਦਾ ਇੱਕ ਲੋਕ ਗੀਤ ਹਾਲੇ ਵੀ ਸਾਡੇ ਕੰਨਾਂ ਵਿੱਚ ਰਸ ਘੋਲਦਾ ਹੈ:
ਹਾਏ ਰੱਬਾ ਵੇ ਸਾਨੂੰ ਟੁਰਨਾ ਪਿਆ।
ਪੰਜਾਬਣ ਮੁਟਿਆਰ ਆਪਣੇ ਪਤੀ ਤੋਂ ਜਿੱਥੇ ਸੋਹਣੇ ਕੱਪੜਿਆਂ ਤੇ ਵੰਨ-ਸੁਵੰਨੇ ਗਹਿਣਿਆਂ ਦੀ ਮੰਗ ਕਰਦੀ ਹੈ, ਉੱਥੇ ਤਿੱਲੇਦਾਰ ਜੁੱਤੀ ਦੀ ਫਰਮਾਇਸ਼ ਵੀ ਵਿਸ਼ੇਸ਼ ਤੌਰ ’ਤੇ ਕਰਦੀ ਹੈ:
ਜੁੱਤੀ ਤਿੱਲੇ ਦੀ ਲਿਆ ਦੇ ਪਹਿਲਾਂ
ਨਰਮੇ ਨੂੰ ਫੇਰ ਵੇਚ ਲਈਂ।
ਪੰਜਾਬਣ ਮੁਟਿਆਰ ਦਾ ਪਤੀ ਜੇ ਘਰ ਨਾ ਹੋਵੇ ਤਾਂ ਜਿੱਥੇ ਹੋਰ ਹਾਰ ਸ਼ਿੰਗਾਰ ਉਸ ਨੂੰ ਫਾਲਤੂ ਪ੍ਰਤੀਤ ਹੁੰਦੇ ਨੇ ਉੱਥੇ ਮਖਮਲੀ ਜੁੱਤੀ ਦਾ ਪਹਿਨਣ ਵੀ ਚੰਗਾ ਨਹੀਂ ਲੱਗਦਾ। ਇਹ ਅਹਿਸਾਸ ਲੋਕ ਗੀਤ ਵਿੱਚ ਇਉਂ ਝਲਕਦਾ ਹੈ:
ਝਾਵਾਂ ਝਾਵਾਂ ਝਾਵਾਂ
ਜੁੱਤੀ ਮੇਰੀ ਮਖ਼ਮਲ ਦੀ
ਮੈਂ ਡਰਦੀ ਪੈਰ ਨਾ ਪਾਵਾਂ
ਪੁੱਤ ਮੇਰੇ ਸਹੁਰੇ ਦਾ
ਲੱਗੀ ਲਾਮ ਤੇ ਲੁਆ ਲਿਆ ਨਾਵਾਂ
ਜਾਂਦਾ ਹੋਇਆ ਦੱਸ ਨਾ ਗਿਆ
ਮੈਂ ਚਿੱਠੀਆਂ ਕਿੱਧਰ ਨੂੰ ਪਾਵਾਂ।
ਪੰਜਾਬਣ ਆਪਣੇ ਹੁਸਨ ਦੀ ਤਾਰੀਫ਼ ਕਰਨ ਵਿੱਚ ਕਿਸੇ ਵੀ ਮੌਕੇ ਨੂੰ ਹੱਥੋਂ ਨਹੀਂ ਜਾਣ ਦਿੰਦੀ। ਜਦੋਂ ਜੁੱਤੀ ਦੇ ਲਿਸ਼ਕੋਰੇ ਪੈਂਦੇ ਹੋਣ ਤਾਂ ਕੁਝ ਬੋਲ ਆਪ ਮੁਹਾਰੇ ਮੂੰਹੋਂ ਨਿਕਲਦੇ ਨੇ:
ਜੁੱਤੀ ਖੱਲ ਦੀ ਮਰੋੜਾ ਨਹੀਓਂ ਝੱਲਦੀ,
ਤੋਰ ਪੰਜਾਬਣ ਦੀ।
ਸੱਸਾਂ, ਨੂੰਹਾਂ ਨੂੰ ਜਿੱਥੇ ਸੱਜਣ-ਫੱਬਣ ਤੋਂ ਵਰਜਦੀਆਂ ਹਨ, ਉੱਥੇ ਜੁੱਤੀ ਪਾਉਣ ਤੋਂ ਵੀ ਰੋਕਦੀਆਂ ਹਨ। ਆਪਣਾ ਰੋਸਾ ਉਹ ਮੁਟਿਆਰ ਕੁਝ ਇੰਜ ਬਿਆਨ ਕਰ ਜਾਂਦੀ ਹੈ:
ਮੇਰੀ ਸੱਸ ਬੜੀ ਕੁਪੱਤੀ,
ਮੈਨੂੰ ਪਾਉਣ ਨਾ ਦੇਵੇ ਜੁੱਤੀ,
ਮੈਂ ਵੀ ਜੁੱਤੀ ਪਾਉਣੀ ਆ,
ਮੁੰਡਿਆ ਰਾਜ਼ੀ ਰਹੁ ਜਾਂ ਗੁੱਸੇ
ਤੇਰੀ ਮਾਂ ਖੜਕਾਉਣੀ ਆ।
ਸ਼ਖ਼ਸੀਅਤ ਦਾ ਨਿਖਾਰ ਸੋਹਣੀ-ਫਬਵੀਂ ਜੁੱਤੀ ਨਾਲ ਵੀ ਜੁੜਿਆ ਹੁੰਦਾ ਹੈ। ਤੋਰ ਦੀ ਮਟਕ ਦਾ ਰਹੱਸ ਵੀ ਇਸ ਵਿੱਚ ਹੈ। ਪੰਜਾਬੀ ਮੁਟਿਆਰ ਦੀ ਇਲਤਜ਼ਾ ਕੁਝ ਇਵੇਂ ਪ੍ਰਗਟ ਹੁੰਦੀ ਹੈ:
ਜੁੱਤੀ ਨੂੰ ਲਵਾ ਦੇ ਘੁੰਗਰੂ
ਜੇ ਤੂੰ ਮੇਰੀ ਤੋਰ ਵੇਖਣੀ।
No comments:
Post a Comment