Tuesday, 17 September 2013

ਪੰਜਾਬੀ ਲੋਕ ਸੰਗੀਤ ਵਿਰਾਸਤ -1



ਪੰਜਾਬੀ ਲੋਕ ਸੰਗੀਤ ਵਿਰਾਸਤ ਪੰਜਾਬੀ ਸੱਭਿਆਚਾਰ ਦੀ ਵਿਸ਼ੇਸ਼ ਕਲਾਤਮਕ ਧਾਰਾ ਹੈ। ਇਸ ਵਿਸ਼ਾਲ, ਵੰਨ-ਸਵੰਨੀ ਅਤੇ ਅਖੁੱਟ ਸੰਗੀਤ ਵਿਰਾਸਤ ਨੇ ਜਿੱਥੇ ਵਿਸ਼ਵ ਦੀਆਂ ਲੋਕ ਸੰਗੀਤ ਪਰੰਪਰਾਵਾਂ ਵਿੱਚ ਆਪਣੀ ਨਿਵੇਕਲੀ ਥਾਂ ਬਣਾਈ ਹੈ, ਉੱਥੇ ਇਸ ਨੇ ਹਿੰਦੁਸਤਾਨੀ ਸੰਗੀਤ ਅਤੇ ਇਸ ਦੀ ਸ਼ਾਸਤਰੀ ਪਰੰਪਰਾ ਨੂੰ ਆਪਣੀ ਅਨਮੋਲ ਸੰਗੀਤ ਨਿਧੀ ਦੁਆਰਾ ਵੀ ਮਾਲਾ-ਮਾਲ  ਕੀਤਾ ਹੈ। ਪੰਜਾਬੀ ਲੋਕ ਜੀਵਨ ਵਿੱਚ ਜਨਮ ਦੇ ਗੀਤਾਂ, ਲੋਰੀਆਂ ਤੋਂ ਲੈ ਕੇ ਅੰਤਲੇ ਸਮੇਂ ਉੱਤੇ ਅਲਾਹੀਆਂ ਜਾਣ ਵਾਲੀਆਂ ਅਲਾਹੁਣੀਆਂ ਤੇ ਵੈਣ, ਪੰਜਾਬੀ ਲੋਕ ਮਨ ਦੇ ਅਨੇਕ ਪਰਤੀ ਉਦਗਾਰਾਂ ਤੇ ਭਾਵਾਂ ਨੂੰ ਪੰਜਾਬੀ ਲੋਕ ਸੰਗੀਤ ਦੇ ਵਿਵਿਧ ਰੂਪਾਂ ਦੁਆਰਾ ਮੂਰਤੀਮਾਨ ਕਰਦੀ ਹੈ। ਪੰਜਾਬੀ ਲੋਕ ਸੰਗੀਤ ਨੇ ਮੌਲਿਕ ਤੇ ਨਿਵੇਕਲੀਆਂ ਸੁਰਾਵਲੀਆਂ, ਤਾਲ ਲਹਿਰੀਆਂ, ਗਾਇਨ ਦੇ ਨਿਬੱਧ ਅਨਿਬੱਧ ਰੂਪਾਂ, ਧੁਨਾਂ, ਸਾਜ਼ਾਂ ਆਦਿ ਦੇ ਵਿਸ਼ਾਲ ਸਰਮਾਏ ਦੁਆਰਾ ਸਮੁੱਚੇ ਭਾਰਤੀ ਤੇ ਵਿਸ਼ਵ ਸੰਗੀਤ ਵਿੱਚ ਇੱਕ ਵਿਲੱਖਣ ਪਛਾਣ ਬਣਾਈ ਹੈ। ਹਿੰਦੁਸਤਾਨੀ ਸੰਗੀਤ ਵਿੱਚ ਪੰਜਾਬੀ ਸੰਗੀਤ ਪਰੰਪਰਾ ਤੋਂ ਗਾਇਨ ਤੇ ਵਾਦਨ ਦੇ ਵਿਭਿੰਨ ਰੂਪਾਂ ਤੋਂ ਇਲਾਵਾ ਪੰਜਾਬ ਅੰਗ ਬੀਜ ਰੂਪ ਵਿੱਚ ਪੰਜਾਬੀ ਲੋਕ ਸੰਗੀਤ ਦੀ ਮੌਲਿਕਤਾ ਵਿੱਚੋਂ ਹੀ ਉਗਸਿਆ ਹੈ। ਇਸ ਦੇ ਨਾਲ ਹੀ ਪੰਜਾਬੀ ਲੋਕ ਸੰਗੀਤ ਵਿਰਾਸਤ ਨੇ ਗੁਰਮਤਿ ਸੰਗੀਤ ਤੇ ਸੂਫ਼ੀ ਸੰਗੀਤ ਵਰਗੀਆਂ ਗੌਰਵਸ਼ਾਲੀ ਪੰਜਾਬੀ ਸੰਗੀਤ ਪਰੰਪਰਾਵਾਂ ਨੂੰ ਵਿਕਸਤ ਤੇ ਸਰੂਪਤ ਕਰਨ ਵਿੱਚ ਵੀ ਵਿਸ਼ੇਸ਼ ਭੂਮਿਕਾ ਨਿਭਾਈ ਹੈ।
ਪੰਜਾਬੀਆਂ ਦੀਆਂ ਅਨੇਕ ਪੀੜ੍ਹੀਆਂ ਨੇ ਪੰਜਾਬੀ ਲੋਕ ਸੰਗੀਤ ਵਿਰਾਸਤ ਨੂੰ ਵਿਵਹਾਰਿਕ ਰੂਪ ਵਿੱਚ ਸੰਜੋਇਆ ਹੈ। ਨਿਤਾਪ੍ਰਤੀ ਦੇ ਕਾਰ-ਵਿਹਾਰ ਕਰਦਿਆਂ ਗੀਤ ਸੰਗੀਤ ਦੀਆਂ ਅਨੇਕ ਰਚਨਾਵਾਂ ਦੇ ਬੋਲ, ਸੁਰ, ਤਾਲ, ਸਹਿਜ ਸੁਭਾਵਿਕ ਰੂਪ ਵਿੱਚ ਵਿਸ਼ੇਸ਼ ਕਿਸਮ ਦੇ ਸੰਗੀਤਕ ਰੂਪ ਵਜੋਂ ਸਰੂਪਿਤ ਹੁੰਦੇ ਹਨ, ਜਿੰਨਾਂ ਦਾ ਪੇਸ਼ਕਾਰੀ ਦੇ ਪੱਧਰ ’ਤੇ ਵਾਰ-ਵਾਰ ਗਾਇਨ ਇਨ੍ਹਾਂ ਨੂੰ ਸ਼ੈਲੀਗਤ ਵਿਸ਼ਿਸ਼ਟਤਾ ਪ੍ਰਦਾਨ ਕਰਵਾਉਂਦਾ ਰਿਹਾ ਹੈ।
ਡਾ. ਗੁਰਨਾਮ ਸਿੰਘ
ਪੰਜਾਬੀ ਸੱਭਿਆਚਾਰ ਦੇ ਅਧਿਐਨਕਾਰਾਂ ਨੇ ਲੋਕ ਸਾਹਿਤ ਦਾ ਅਧਿਐਨ ਕਰਦਿਆਂ ਲੋਕ ਗੀਤਾਂ ਦੇ ਸੰਗ੍ਰਿਹਾਂ ਸਮੇਂ ਕੇਵਲ ਬੋਲਾਂ ਦੇ ਕਾਵਿਕ ਪੱਖ ਨੂੰ ਹੀ ਸੰਭਾਲਣ ਦਾ ਉਪਰਾਲਾ ਕੀਤਾ ਹੈ, ਜਿਸ ਨਾਲ ਇਨ੍ਹਾਂ ਗੀਤਾਂ ਦੀ ਵਿਸ਼ਾਲ ਸੰਗੀਤ ਨਿਧੀ ਗੌਣ ਹੋ ਕੇ ਰਹਿ ਗਈ ਹੈ। ਪੁਸਤਕਾਂ ਦੇ ਪੰਨਿਆਂ ਉੱਤੇ ਨਿਰਜਿੰਦ ਤੇ ਖਾਮੋਸ਼ ਇਨ੍ਹਾਂ ਗੀਤਾਂ ਦੀ ਬਾਤ ਪਾਉਂਦਿਆਂ ਅਧਿਐਨਕਾਰਾਂ ਨੇ ਬੋਲ ਤੇ ਧੁਨ ਦੇ ਮਹੱਤਵ ਨੂੰ ਪਛਾਣਿਆ ਤਾਂ ਹੈ ਪਰ ਇਨ੍ਹਾਂ ਦੀ ਇਕਮਿਕਤਾ, ਇਕਸੁਰਤਾ ਅਤੇ ਅਨਿੱਖੜ ਅੰਤਰੀਵੀ ਸਾਂਝ ਉਨ੍ਹਾਂ ਦੇ ਅਧਿਐਨ ਵਜੋਂ ਬਾਹਰੀ ਵਸਤ ਰਹੀ ਹੈ। ਕਾਰਨ ਉਨ੍ਹਾਂ ਦਾ ਨਿਰੋਲ ਸਾਹਿਤਕ ਤੇ ਸੱਭਿਆਚਾਰਕ ਦ੍ਰਿਸ਼ਟੀਕੋਣ ਹੀ ਹੋ ਸਕਦਾ ਹੈ, ਜਿਸ ਵਿੱਚੋਂ ਸੰਗੀਤਕ ਤੱਤਾਂ ਦੀ ਸੂਖ਼ਮ ਸੂਝ ਤੇ ਪਛਾਣ ਦੀ ਅਣਹੋਂਦ ਨੇ ਸਮੁੱਚ ਵਿੱਚ ਪੰਜਾਬੀ ਲੋਕ ਸੰਗੀਤ ਵਿਰਾਸਤ ਦੀ ਇਹ ਮੌਲਿਕ ਵਿਸ਼ਿਸ਼ਟਤਾ ਉਜਾਗਰ ਨਹੀਂ ਕੀਤੀ। ਪੰਜਾਬੀ ਲੋਕ ਸੰਗੀਤ ਵਿਰਾਸਤ ਵਿੱਚ ਗਾਇਨ, ਵਾਦਨ ਤੇ ਨ੍ਰਿਤ ਦਾ ਸਮੁੱਚਾ ਸੰਗੀਤ ਆਪਣੇ ਅਨੇਕ ਗੀਤਾਂ, ਧੁਨਾਂ, ਤਾਲਾਂ, ਸਾਜ਼ਾਂ ਸਹਿਤ ਰੂਪਮਾਨ ਹੁੰਦਾ ਹੈ। ਵੱਖ-ਵੱਖ ਸਮਿਆਂ ਉੱਤੇ ਇਨ੍ਹਾਂ ਦੀਆਂ ਵਿਅਕਤੀਗਤ ਅਤੇ ਸਮੂਹਿਕ ਪੇਸ਼ਕਾਰੀਆਂ ਨੂੰ ਮਿਲੀ ਲੋਕ ਪ੍ਰਵਾਨਤਾ ਨੇ ਪ੍ਰਮਾਣਿਕ ਰੂਪ ਪ੍ਰਦਾਨ ਕਰਵਾਇਆ। ਪੇਸ਼ਕਾਰੀਆਂ ਦੇ ਚੰਗੇ ਮੌਕੇ ਮਿਥਣ ਤੇ ਘੜਨ ਦੇ ਨਾਲ-ਨਾਲ ਇਸ ਦੇ ਪ੍ਰਸਤੁਤਕਾਰਾਂ ਨੂੰ ਮਿਲੀ ਵਡਿਆਈ ਤੇ ਮੌਲਿਕ ਵਿਸ਼ੇਸ਼ਤਾ ਦੇ ਫਲਸਰੂਪ ਲੋਕ ਸੰਗੀਤ ਦੇ ਕਸਬੀ ਕਲਾਕਾਰ ਵੀ ਪੰਜਾਬੀ ਸੱਭਿਆਚਾਰ ਵਿੱਚ ਪਛਾਣੇ ਜਾਣ ਲੱਗੇ। ਸਿੱਟੇ ਵਜੋਂ ਅੱਜ ਸਾਡੇ ਕੋਲ ਪੰਜਾਬੀ ਲੋਕ ਸੰਗੀਤ ਵਿਰਾਸਤ ਦੇ ਪ੍ਰਸਤੁਤਕਾਰਾਂ ਦੀਆਂ ਕਈ ਸੰਗੀਤ ਪਰੰਪਰਾਵਾਂ ਸਦੀਆਂ ਦਾ ਸਫ਼ਰ ਤੈਅ ਕਰਕੇ ਸਾਡੇ ਤਕ ਪਹੁੰਚੀਆਂ ਹਨ। ਇਨ੍ਹਾਂ ਲੋਕ ਸੰਗੀਤਕਾਰਾਂ ਦੀਆਂ ਕਈ-ਕਈ ਪੀੜ੍ਹੀਆਂ ਤੇ ਘਰਾਣੇ ਇਸ ਸੰਗੀਤਕ ਨਿਧੀ ਨੂੰ ਆਉਣ ਵਾਲੀਆਂ ਪੀੜ੍ਹੀਆਂ ਤਕ ਪਹੁੰਚਾਉਣ ਲਈ ਨਿਰੰਤਰ ਕਾਰਜਸ਼ੀਲ ਹਨ।
ਪੰਜਾਬੀ ਲੋਕ ਸੰਗੀਤ ਵਿਰਾਸਤ ਦੇ ਵੱਡੇ ਖੇਤਰ ਨੂੰ ਸਮਝਣ ਲਈ ਇਸ ਨੂੰ ਗਾਇਨ, ਵਾਦਨ ਅਤੇ ਨ੍ਰਿਤ ਦੀ ਦ੍ਰਿਸ਼ਟੀ ਤੋਂ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ। ਭਾਰਤੀ ਸੰਗੀਤ ਵਿੱਚ ਗਾਇਨ ਵਾਦਨ ਅਤੇ ਨ੍ਰਿਤ ਦੇ ਸਮੂਹ ਨੂੰ ਸੰਗੀਤ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਰਿਹਾ ਹੈ ਭਾਵੇਂ ਕਿ ਵਰਤਮਾਨ ਸਮੇਂ ਇਹ ਤਿੰਨੇ ਸੰਗੀਤ ਪਰੰਪਰਾਵਾਂ ਸੁਤੰਤਰ ਰੂਪ ਵਿੱਚ ਵਿਕਸਿਤ ਹੋ ਚੁੱਕੀਆਂ ਹਨ ਪਰ ਪੰਜਾਬੀ ਲੋਕ ਸੰਗੀਤ ਵਿਰਾਸਤ ਦੇ ਸੰਦਰਭ ਵਿੱਚ ਗਾਇਨ, ਵਾਦਨ ਅਤੇ ਨ੍ਰਿਤ ਦਾ ਅੰਤਰ ਸਬੰਧ ਅਜੇ ਵੀ ਨਜ਼ਰੀਂ ਆਉਂਦਾ ਹੈ।
ਪੰਜਾਬੀ ਲੋਕ ਸੰਗੀਤ ਵਿਰਾਸਤ ਵਿੱਚ ਲੋਕ ਗਾਇਕੀ ਦੀ ਪ੍ਰਧਾਨਤਾ ਹੈ। ਲੋਕ ਸਾਜ਼ਾਂ ਉੱਤੇ ਵਾਦਨ ਇਸ ਲੋਕ ਗਾਇਕੀ ਦਾ ਸਹਾਇਕ ਰੂਪ ਵਿੱਚ ਅਨੁਕਰਨ ਹੀ ਕਰਦਾ ਹੈ ਅਤੇ ਆਪੋ-ਆਪਣੇ ਸੁਰਾਤਮਕ ਤੇ ਤਾਲਾਤਮਕ ਸਮਰੱਥ ਗੁਣਾਂ ਨਾਲ ਸ਼ਿੰਗਾਰਦਾ ਵੀ ਹੈ। ਲੋਕ ਨਾਚਾਂ ਦੀਆਂ ਮੁਦਰਾਵਾਂ ਵੀ ਮੂਲ ਤੌਰ ’ਤੇ ਲੋਕ ਗੀਤਾਂ ਤੇ ਲੋਕ ਕਥਾਵਾਂ ਉੱਤੇ ਆਧਾਰਿਤ ਹੁੰਦੀਆਂ ਹਨ।
ਕਵੀਸ਼ਰੀ ਵਿੱਚ ਦਹੂਦ, ਦਰੋਪਦੀ ਦਾ ਕਿੱਸਾ, ਕੌਲਾਂ, ਅਨਿਰੁਧ ਉਖਾਂ, ਜਾਨੀ ਚੋਰ, ਰਾਜਾ ਨਲ ਦਮਯੰਤੀ, ਮਹਾਂਭਾਰਤ, ਚੰਦਰਾਵਤੀ, ਸੇਹਰਾ, ਪ੍ਰਹਿਲਾਦ, ਰਾਜਾ ਹਰੀਸ਼ ਚੰਦਰ, ਪ੍ਰਿਥੀ ਸਿੰਘ ਰਾਠੌਰ, ਉਦੈ ਸਿੰਘ ਰਾਠੌਰ ਅਤੇ ਦੇਸ਼-ਭਗਤਾਂ ਦੇ ਕਾਰਨਾਮੇ ਤੇ ਸਿੱਖ ਇਤਿਹਾਸ ਆਦਿ ਵਿਸ਼ੇਸ਼ ਹਨ।
ਢਾਡੀ ਪਰੰਪਰਾ ਵਿੱਚ ਹੀਰ, ਮਿਰਜ਼ਾ, ਦੁੱਲਾ, ਪੂਰਨ, ਮਲਕੀ ਕੀਮਾ, ਸੱਸੀ, ਗੁਰੂਆਂ ਅਤੇ ਸਿੱਖ ਯੋਧਿਆਂ ਦੀਆਂ ਵਾਰਾਂ ਆਦਿ ਅਜੇ ਵੀ ਸੁਣੀਆਂ ਜਾ ਸਕਦੀਆਂ ਹਨ।
ਤੂੰਬੇ ਤਾਰੇ ਦੀ ਗਾਇਕੀ ਵਿੱਚ ਹੀਰ, ਮਿਰਜ਼ਾ ਸਾਹਿਬਾਂ, ਕੌਲਾਂ, ਸੋਹਣੀ, ਪੂਰਨ, ਤਾਰਾ ਰਾਣੀ ਆਦਿ ਅਤੇ ਕਿੰਗ/ਤੂੰਬੀ ਗਾਇਕ ਵਿੱਚ ਹੀਰ, ਸੋਹਣੀ, ਸੱਸੀ, ਮਿਰਜ਼ਾ, ਜੈਮਲ ਫੱਤਾ, ਢੋਲ ਸੰਮੀ, ਖ਼ਲਕ ਸ਼ੇਰ, ਗੌਂਸਪਾਕ ਪੀਰ, ਰਾਜਾ ਗੋਪੀ ਚੰਦ, ਦਹੂਦ ਬਾਦਸ਼ਾਹ, ਜੁਗਨੀ, ਜਿੰਦੂਆ, ਰੋਡਾ ਜਲਾਲੀ, ਮਾਹੀਆ, ਟੱਪੇ, ਬੋਲੀਆਂ, ਰਾਜਾ ਰਸਾਲੂ, ਪੀਰ, ਹਰਨੀ ਆਦਿ ਦਾ ਮਿਸਾਲੀ ਤੇ ਮਿਆਰੀ ਗਾਇਨ ਕਰਦੇ ਹਨ।
ਕਵੀਸ਼ਰੀ, ਢਾਡੀ ਪਰੰਪਰਾ, ਕਿੰਗ, ਤੂੰਬੀ ਤੇ ਤੂੰਬੇ ਵਾਲੀ ਲੋਕ ਗਾਇਕੀ ਤੇ ਗਾਇਕ ਪੀੜ੍ਹੀ ਦਰ ਪੀੜ੍ਹੀ ਲੋਕਾਂ ਸਾਹਵੇਂ ਵਿਕਸਿਤ ਹੁੰਦੇ ਆਏ ਹਨ। ਵਰਤਮਾਨ ਸਮੇਂ ਵਿਗਿਆਨਕ ਯੁੱਗ ਦੀ ਆਮਦ, ਪਿੰਡਾਂ ਦੇ ਸ਼ਹਿਰੀਕਰਨ ਅਤੇ ਸਮੁੱਚੇ ਭਾਈਚਾਰੇ ਦੇ ਵਿਸ਼ਵੀਕਰਨ ਉਪਰੰਤ ਬਦਲਦੇ ਹਾਲਾਤ ਵਿੱਚ ਨਵੀਂ ਪੀੜ੍ਹੀ ਦੇ ਪੰਜਾਬੀਆਂ ਦੇ ਚੇਤਨ-ਅਵਚੇਤਨ ਵਿੱਚੋਂ ਲੋਕ ਗੀਤਾਂ ਦਾ ਭੰਡਾਰ ਭਾਵੇਂ ਲੁਪਤ ਹੁੰਦਾ ਜਾ ਰਿਹਾ ਹੈ ਫਿਰ ਵੀ ਲੋਕ ਸੰਗੀਤ ਪੇਸ਼ ਕਰਨ ਵਾਲੀਆਂ ਲੋਕ ਗਾਇਕਾਂ ਦੀਆਂ ਪੀੜ੍ਹੀਆਂ ਕੋਲ ਪੰਜਾਬੀ ਲੋਕ ਗਾਇਨ ਦਾ ਵਿਸ਼ਾਲ ਭੰਡਾਰ ਸਜੀਵ ਰੂਪ ਵਿੱਚ ਅਜੇ ਵੀ ਤੋਂ ਸੁਰੱਖਿਅਤ ਪਿਆ ਹੈ।
ਪੰਜਾਬੀ ਲੋਕ ਗਾਇਕੀ ਦੀਆਂ ਵੱਖ-ਵੱਖ ਗਾਇਨ ਪ੍ਰਣਾਲੀਆਂ ਅਧੀਨ ਵੱਖ-ਵੱਖ ਸਾਜ਼ਾਂ ਦੇ ਵਾਦਨ ਦੀ ਦੂਜੀ ਵਡੇਰੀ ਪਰੰਪਰਾ ਰਹੀ ਹੈ। ਇੱਥੋਂ ਤਕ ਕਿ ਇਨ੍ਹਾਂ ਗਾਇਕਾਂ ਦੀ ਗਾਇਨ ਪ੍ਰਣਾਲੀ ਦਾ ਨਾਮਕਰਨ ਵਧੇਰੇ ਕਰਕੇ ਉਨ੍ਹਾਂ ਦੇ ਸਾਜ਼ਾਂ ਉੱਤੇ ਹੀ ਆਧਾਰਿਤ ਹੁੰਦਾ ਹੈ ਜਿਵੇਂ ਢਾਡੀ, ਤੂੰਬੇ ਤਾਰੇ ਵਾਲੇ ਗਾਇਕ ਆਦਿ। ਇਹ ਗਾਇਕ ਮੁੱਖ ਤੌਰ ’ਤੇ ਧੁਨ ਦਾ ਅਨੁਕਰਨ ਕਰਨ ਲਈ ਸੁਰ ਸਾਜ਼ ਅਤੇ ਲੈਅ ਤਾਲ ਦੇਣ ਲਈ ਵੱਖ-ਵੱਖ ਤਾਲ ਸਾਜ਼ਾਂ ਦਾ ਪ੍ਰਯੋਗ ਕਰਦੇ ਹਨ। ਸੁਰ ਦੇਣ ਵਾਲੇ ਸਾਜ਼ਾਂ ਵਿੱਚ ਤੂੰਬਾ, ਤੂੰਬੀ, ਕਿੰਗ, ਸਾਰੰਗੀ, ਅਲਗੋਜ਼ੇ, ਆਦਿ ਸਾਜ਼ ਆਉਂਦੇ ਹਨ ਅਤੇ ਤਾਲ ਦੇਣ ਵਾਲੇ ਸਾਜ਼ਾਂ ਵਿੱਚ ਢੱਡ, ਢੋਲਕ, ਢੋਲ, ਡੌਰੂ, ਡੱਫ/ਟਮਕੀ ਆਦਿ ਸਾਜ਼ ਸ਼ਾਮਿਲ ਹਨ।
ਪੰਜਾਬੀ ਲੋਕ ਸੰਗੀਤ ਵਿਰਾਸਤ ਦੀ ਪਛਾਣ ਦੀ ਤੀਜੀ ਵਡੇਰੀ ਧਾਰਾ ਪੰਜਾਬ ਦੇ ਲੋਕ ਨਾਚ ਹਨ। ਪੰਜਾਬੀ ਜਨ-ਜੀਵਨ ਦੇ ਲੋਕ ਮਨ ਸੰਗ ਰਚੀਆਂ-ਮਿਚੀਆਂ ਭਾਵਪੂਰਨ ਅਦਾਵਾਂ ਉੱਤੇ ਆਧਾਰਿਤ ਭਿੰਨ-ਭਿੰਨ ਨਾਚ ਮੁਦਰਾਵਾਂ ਗਾਇਨ ਅਤੇ ਵਾਦਨ ਦੀਆਂ ਵਿਸ਼ੇਸ਼ ਸੰਗੀਤ ਰਚਨਾਵਾਂ ਸੰਗ ਵਿਕਸਤ ਹੋਈਆਂ ਹਨ।
ਲੋਕ ਨਾਚਾਂ ਨਾਲ ਤਾਲ ਦੇਣ ਲਈ ਵੱਖ-ਵੱਖ ਤਾਲ ਸਾਜ਼ਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜਿਵੇਂ- ਢੋਲ, ਢੋਲਕ, ਬੁਗਦੂ, ਘੜਾ, ਗੜਵਾ, ਸੱਪ, ਕਾਟੋ, ਕਿਰਲਾ, ਚਿਮਟਾ ਆਦਿ। ਇਹ ਤਾਲ ਸਾਜ਼ ਮੂਲ ਤੌਰ ’ਤੇ ਸਬੰਧਤ ਲੋਕ ਧੁਨ ਦੇ ਤਾਲ ਦਾ ਵਾਦਨ ਹੀ ਕਰਦੇ ਹਨ ਪਰ ਇਨ੍ਹਾਂ ਤਾਲਾਂ ਦੇ ਸਥਾਪਤ ਤੇ ਪ੍ਰਮਾਣਿਕ ਰੂਪ ਹਰ ਤਾਲ ਸਾਜ਼ ਦਾ ਆਪਣਾ ਸਰੂਪ, ਸੁਭਾਅ ਤੇ ਵਾਦਨ ਵਿਧੀ ਹੈ ਜਿਸ ਨੂੰ ਪੰਜਾਬੀ ਲੋਕ ਨਾਚਾਂ ਦੇ ਪ੍ਰਸੰਗ ਵਿੱਚ ਵਿਸ਼ਲੇਸ਼ਣ ਕੀਤਾ ਜਾਣਾ ਇਸ  ਕੁੱਲ ਪਰੰਪਰਾ ਦੀ     ਪਛਾਣ ਲਈ ਜ਼ਰੂਰੀ ਹੈ।

ਮੋਬਾਈਲ:98880-71992

                                                                                       ਡਾ. ਗੁਰਨਾਮ ਸਿੰਘ

No comments:

Post a Comment