Sunday, 22 September 2013

ਇਸਲਾਮ ਵਿੱਚ ਰੋਜ਼ੇ ਦੀ ਕਦਰੋ-ਕੀਮਤ


ਫਾਕਾ ਕਰਨਾ ਚੰਗੀ ਗੱਲ ਹੈ।ਤਿੰਨ ਚਾਰ ਦਿਨ ਛੱਡ ਕੇ ਇੱਕ ਵਕਤ ਭੁੱਖੇ ਰਹਿਣਾ ਮਿਹਦੇ ਨੂੰ ਠੀਕ ਰੱਖਦਾ ਹੈ।ਇਹ ਇਨਸਾਨ ਨੂੰ ਤੰਦਰੁਸਤ ਰਹਿਣ ਵਿੱਚ ਮਦਦ ਦਿੰਦਾ ਹੈ।ਜੇਕਰ ਫਾਕਾ (ਭੁੱਖ) ਬਰਦਾਸ਼ਤ ਕਰਨ ਦੀ ਆਦਤ ਹੈ ਤਾਂ ਅਸੀਂ ਕਿਸੇ ਵੀ ਸਫਰ ਵਿੱਚ ਪ੍ਰੇਸ਼ਾਨ ਨਹੀਂ ਹੋ ਸਕਦੇ।
ਇਸ ਤੋਂ ਇਲਾਵਾ ਭੁੱਖ ਬਰਦਾਸ਼ਤ ਕਰਨ ਨਾਲ ਸਾਡੇ ਅੰਦਰ ਉਨਾਂ ਗਰੀਬਾਂ ਪ੍ਰਤੀ ਹਮਦਰਦੀ ਪੈਦਾ ਹੁੰਦੀ ਹੈ ਜੋ ਭੁੱਖੇ ਰਹਿਣ ਲਈ ਮਜਬੂਰ ਹਨ।ਕਿਉਂਕਿ ਭੁੱਖ ਨਾਲ ਰੂਹਾਨੀ ਤਾਜ਼ਗੀ ਮਿਲਦੀ ਹੈ ਅਤੇ ਰੱਬ ਦੀ ਯਾਦ ਵਿੱਚ ਦਿਲ ਲਗਦਾ ਹੈ।ਇਸਲਾਮ ਧਰਮ ਵਿੱਚ ਇਸ ਆਦਤ ਦੀ ਬੜੀ ਤਾਰੀਫ ਕੀਤੀ ਗਈ ਹੈ।ਪਰ ਇਹ ਜ਼ਰੂਰੀ ਹੈ ਇਹ ਸਭ ਕੁੱਝ ਕਰਨਾ, ਰੱਬ ਦੇ ਹੁਕਮ ਅਤੇ ਹਜ਼ਰਤ ਮੁਹੰਮਦ (ਸਲ.) ਦੇ ਤਰੀਕੇ ਮੁਤਾਬਿਕ ਹੋਵੇ।ਇਸਲਾਮ ਅਨੁਸਾਰ ਆਖਰਤ ਦੀ ਜ਼ਿੰਦਗੀ ਦੁਨੀਆਂ ਦੀ ਜ਼ਿੰਦਗੀ ਦੇ ਮੁਕਾਬਿਲ ਬਹੁਤ ਵੱਡੀ ਹੈ, ਇਸ ਲਈ ਸਾਡਾ ਭੁੱਖਾ ਰਹਿਣਾ ਅਜਿਹਾ ਹੋਵੇ ਜੋ ਆਖਰਤ ਵਿੱਚ ਕੰਮ ਆ ਸਕੇ।ਜਿਸ ਨਾਲ ਰੱਬ ਸੱਚਾ ਸਾਡੇ ਲਈ ਜੰਨਤ ਦੇ ਦਰਵਾਜ਼ੇ ਖੋਲ ਦੇਵੇ।ਰੋਜ਼ਾ ਆਪਣੇ-ਆਪ ਨੂੰ ਸੱਚੇ ਰੱਬ ਲਈ ਹਰ ਚੀਜ਼ ਤੋਂ ਅਲੱਗ ਕਰ ਲੈਣ ਅਤੇ ਮੁਕੰਮਲ ਤੋਰ ਤੇ ਰੱਬ ਵੱਲ ਮੁੜਨ ਦਾ ਨਾਂ ਹੈ।ਇਸਲਾਮ ਵਿੱਚ ਨਮਾਜ਼ ਤੋਂ ਬਾਅਦ ਰੋਜ਼ੇ ਦਾ ਹੀ ਨੰਬਰ ਆਉਂਦਾ ਹੈ, ਜੋ ਅੱਲਾ ਨੇ ਮੁਸਲਮਾਨਾਂ ਲਈ ਜ਼ਰੂਰੀ(ਫਰਜ਼) ਕੀਤੇ ਹਨ।ਨਮਾਜ਼ ਦੀ ਤਰਾਂ ਇਹ ਇਬਾਦਤ ਵੀ ਸ਼ੁਰੂ ਦਿਨ ਤੋਂ ਸਾਰੇ ਨਬੀਆਂ ਦੇ ਪੈਰੋਕਾਰਾਂ ਤੇ ਫਰਜ਼ ਰਹੀ ਹੈ।ਪਿਛਲੀਆਂ ਸਾਰੀਆਂ ਉੱਮਤਾਂ ਇਸੇ ਤਰਾਂ ਰੋਜ਼ੇ ਰੱਖਦੀਆਂ ਸਨ, ਜਿਸ ਤਰਾਂ “ਉਮੱਤੇ ਮੁਹੰਮਦੀਆ” ਰੱਖਦੀ ਹੈ।ਅੱਜ ਵੀ ਅਕਸਰ ਧਰਮਾਂ ‘ਚ ਰੋਜ਼ਾ ਕਿਸੇ ਨਾ ਕਿਸੇ ਸ਼ਕਲ ‘ਚ ਜ਼ਰੂਰ ਮੌਜੂਦ ਹੈ।
ਰੋਜ਼ਾ ਹਰ ਸਾਲ ਪੂਰੇ ਇੱਕ ਮਹੀਨੇ ਲਈ “ਸ਼ਰੀਅਤ-ੲ-ਮੁਹੰਮਦੀਆ” ਅਨੁਸਾਰ ਆਪਣੀ ਜ਼ਿੰਦਗੀ ਨੂੰ ਗੁਜ਼ਾਰਨ ਦੇ ਮਕਸਦ ਨਾਲ ਟ੍ਰੇਨਿੰਗ ਪੀਰੀਅਡ ਲੈ ਕੇ ਆਉਂਦਾ ਹੈ।ਪੂਰਾ ਮਹੀਨਾ ਸਵੇਰੇ ਸਹਿਰੀ ਲਈ ਉੱਠੋ, ਤੈਅਸ਼ੂਦਾ ਸਮੇਂ ਤੇ ਖਾਣਾ-ਪੀਣਾ ਛੱਡ ਦਿਓ, ਦਿਨ ਭਰ ਇਹ ਕੰਮ ਕਰ ਸਕਦੇ ਹੋ ਤੇ ਇਹ ਨਹੀਂ ਕਰ ਸਕਦੇ, ਸ਼ਾਮ ਨੂੰ ਫਿਰ ਤੈਅਸ਼ੂਦਾ ਸਮੇਂ ਤੇ ਰੋਜ਼ਾ ਇਫਤਾਰ(ਖੋਲੋ) ਕਰੋ, ਫਿਰ ਤਰਾਵੀਹ ਲਈ ਮਸਜਿਦ ‘ਚ ਜਾਓ ਆਦਿ।ਇਸੇ ਤਰਾਂ ਹਰ ਸਾਲ ਮੁਸਲਮਾਨਾਂ ਨੂੰ ਇੱਕ ਫੌਜੀ ਦੀ ਤਰਾਂ ਸਖਤ ਕਾਨੂੰਨਾਂ ਤਹਿਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਫਿਰ ਸਾਲ ਦੇ ਬਾਕੀ ਗਿਆਰਾਂ ਮਹੀਨਿਆਂ ਲਈ ਅਜ਼ਾਦ ਛੱਡ ਦਿੱਤਾ ਜਾਂਦਾ ਹੈ ਤਾਂਕਿ ਜੋ ਟ੍ਰੇਨਿੰਗ ਉਸ ਨੇ ਇੱਕ ਮਹੀਨੇ ‘ਚ ਲਈ ਹੈ ਉਸ ਦਾ ਫਾਇਦਾ ਖੁਦ ਨੂੰ ਤੇ ਦੂਜੇ ਲੋਕਾਂ ਨੂੰ ਪਹੁੰਚ ਸਕੇ ਅਤੇ ਜੇ ਕੋਈ ਇਸ ਵਿੱਚ ਕਮੀ ਰਹਿ ਗਈ ਹੈ ਤਾਂ ਅਗਲੇ ਸਾਲ ਦੀ ਟ੍ਰੇਨਿੰਗ ‘ਚ ਪੂਰੀ ਕੀਤੀ ਜਾਵੇ।ਅਲਾਮਾ ਇਬਨੇ ਜਾਫਰੀ “ਬਸਤਾਨ-ਉਲ-ਵਾਜ਼ੇਨ” ਵਿੱਚ ਲਿਖਦੇ ਹਨ ਕਿ ਸਾਲ ਦੇ ਬਾਰਾਂ ਮਹੀਨੇ ਹਜ਼ਰਤ ਯਾਕੂਬ(ਅਲੈਹ.) ਦੇ ਬਾਰਾਂ ਪੁੱਤਰਾਂ ਦੀ ਤਰਾਂ ਹਨ।ਉਨਾਂ ‘ਚੋਂ ਜਿਵੇਂ ਹਜ਼ਰਤ ਯੂਸਫ(ਅਲੈਹ.) ਉਨਾਂ ਨੂੰ ਸਭ ਤੋਂ ਵੱਧ ਪਿਆਰੇ ਸਨ, ਉਸੇ ਤਰਾਂ ਅੱਲਾ ਨੂੰ ਵੀ ਰਮਜ਼ਾਨ ਦਾ ਮਹੀਨਾ ਸਾਰੇ ਮਹੀਨਿਆਂ ਤੋਂ ਜ਼ਿਆਦਾ ਮਹਿਬੂਬ ਹੈ।ਯੂਸਫ(ਅਲੈਹ.) ਦੀ ਦੂਆ ਸਦਕਾ ਜਿਸ ਤਰਾਂ ਅੱਲਾ ਨੇ ਉਸ ਦੇ ਬਾਕੀ ਗਿਆਰਾਂ ਭਰਾਵਾਂ ਨੂੰ ਮੁਆਫ ਕਰ
ਦਿੱਤਾ ਸੀ, ਠੀਕ ਉਸੇ ਤਰਾਂ ਸੱਚਾ ਰੱਬ ਰਮਜ਼ਾਨ ਦੀ ਬਦੌਲਤ ਬਾਕੀ ਗਿਆਰਾਂ ਮਹੀਨਿਆਂ ਦੇ ਗੁਨਾਹ(ਪਾਪ) ਬਖਸ਼ ਦੇਵੇਗਾ।ਹਜ਼ਰਤ ਮੁਹੰਮਦ ਸਲ. ਫਰਮਾਉਂਦੇ ਹਨ ਕਿ ਰਜਬ ਅੱਲਾ ਦਾ ਮਹੀਨਾ ਹੈ, ਸ਼ਬਾਨ ਮੇਰਾ ਮਹੀਨਾ ਹੈ ਅਤੇ ਰਮਜ਼ਾਨ ਮੇਰੀ ਉੱਮਤ ਦਾ ਮਹੀਨਾ ਹੈ।ਰਜਬ ਦਾ ਦਰਜਾ ਬਾਕੀ ਮਹੀਨਿਆਂ ‘ਚ ਐਸਾ ਹੈ, ਜੈਸਾ ਕੁਰਆਨ ਸ਼ਰੀਫ ਦਾ ਬਾਕੀ ਕਿਤਾਬਾਂ ‘ਚ।ਸ਼ਬਾਨ ਦਾ ਦਰਜਾ ਬਾਕੀ ਮਹੀਨਿਆਂ ‘ਚ ਐਸਾ ਹੈ, ਜੈਸਾ ਸਾਰਿਆਂ ਨਬੀਆਂ ‘ਚ ਮੇਰਾ ਅਤੇ ਰਮਜ਼ਾਨ ਦਾ ਦਰਜਾ ਬਾਕੀ ਮਹੀਨਿਆਂ ‘ਚ ਐਸਾ ਹੈ, ਜੈਸਾ ਅੱਲਾ ਦਾ ਪੂਰੀ ਇਨਸਾਨੀਅਤ ‘ਚ।ਹਜ਼ੁਰ ਸਲ. ਨੇ ਹੋਰ ਫਰਮਾਯਾ ਕਿ ਜੇਕਰ ਮੇਰੀ ਉੱਮਤ ਨੂੰ ਪਤਾ ਚੱਲ ਜਾਵੇ ਕਿ ਰਮਜ਼ਾਨ ਕੀ ਚੀਜ਼ ਹੈ ਤਾਂ ਮੇਰੀ ਉੱਮਤ ਇਹ ਤਮੰਨਾ ਕਰੇਗੀ ਕਿ ਸਾਰਾ ਸਾਲ ਰਮਜ਼ਾਨ ਹੀ ਹੋ ਜਾਵੇ।
ਰੱਬ ਨੇ ਰਮਜ਼ਾਨ ਦੇ ਮਹੀਨੇ ਵਿੱਚ ਸਵੇਰੇ ਪੋਹ ਫੁੱਟਣ ਤੋਂ ਸੂਰਜ ਛਿਪਣ ਤੱਕ ਭੁੱਖੇ ਰਹਿਣ ਅਤੇ ਨਫਸਾਨੀ ਚਾਹਤਾਂ ਤੋਂ ਦੂਰ ਰਹਿਣ ਦਾ ਹੁਕਮ ਦਿੱਤਾ ਹੈ, ਇਸ ਦਾ ਨਾਂ ਹੀ ਰੋਜ਼ਾ ਹੈ।ਹੁਣ ਮਸਲਾ ਇਹ ਉੱਠਦਾ ਹੈ ਕਿ ਰੱਬ ਸਾਨੂੰ ਭੁੱਖਾ ਕਿਉਂ ਰੱਖਣਾ ਚਾਹੁੰਦਾ ਹੈ ਅਤੇ ਇਸ ਦੇ ਬਦਲਾ ਰੱਬ ਸਾਨੂੰ ਕੀ ਦੇਣਾ ਚਾਹੁੰਦਾ ਹੈ।ਰੱਬ ਫਰਮਾਉਂਦਾ ਹੈ ਮੈਂ ਇਨਸਾਨ ਨੂੰ ਨੇਕ ਅਤੇ ਪਰਹੇਜ਼ਗਾਰ ਬਨਾਉਣਾ ਚਾਹੁੰਦਾ ਹਾਂ।ਇਸੇ ਲਈ ਰੱਬ ਨੇ ਸਾਨੂੰ ਰੋਜ਼ੇ ਦਾ ਹੁਕਮ ਦਿੱਤਾ ਹੈ।ਯਾਦ ਰਹੇ ਰੱਬ ਕਿਸੇ ਨੂੰ ਬਰਬਾਦ ਨਹੀਂ ਕਰਨਾ ਚਾਹੁੰਦਾ।ਰੱਬ ਨੇ ਇਨਸਾਨ ਨੂੰ ਰੋਜ਼ੇ ਦੇ ਬਦਲੇ ਵੱਡੇ-ਵੱਡੇ ਇਨਾਮ ਦੇਣ ਦਾ ਵਾਅਦਾ ਕੀਤਾ ਹੈ।ਰੱਬ ਕਹਿੰਦਾ ਹੈ ਕਿ ਹਰੇਕ ਨੇਕ ਕੰਮ ਦਾ ਸਵਾਬ (ਬਦਲਾ) ਦਸ ਗੁਣਾ ਹੁੰਦਾ ਹੈ ਅਤੇ ਇਸ ਤੋਂ ਵੱਧ ਸੱਤ ਸੌ ਗੁਣਾ ਤੱਕ ਹੋ ਸਕਦਾ ਹੈ।ਪਰ ਰੋਜ਼ਾ ਇਸ ਤੋਂ ਅਲੱਗ ਹੈ।ਇਸ ਦੇ ਸਵਾਬ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ।ਕੁੱਝ ਇਲਮ ਦੇ ਜਾਨਣ ਵਾਲੇ ਇਉਂ ਕਹਿੰਦੇ ਹਨ ਕਿ ਬੰਦਾ ਜਦੋਂ ਰੋਜ਼ਾ ਰੱਖਦਾ ਹੈ ਤਾਂ ਉਹ ਭੁੱਖਾ ਰਹਿਣ ਦੇ ਨਾਲ-ਨਾਲ ਕਈ ਤਰਾਂ ਦੀਆਂ ਨਫਸਾਨੀ ਚਾਹਤਾਂ ਤੋਂ ਵੀ ਦੂਰ ਰਹਿੰਦਾ ਹੈ।ਇਸ ਤੋਂ ਇਲਾਵਾ ਆਮ ਦਿਨਾਂ ਤੋਂ ਜ਼ਿਆਦਾ ਨਫਲ (ਨਮਾਜ਼ਾਂ) ਪੜਦਾ ਹੈ, ਰੱਬ ਦਾ ਜ਼ਿਕਰ ਕਰਦਾ ਹੈ, ਰਾਤ ਸਮੇਂ ਤਰਾਵੀਹ (ਰਮਜ਼ਾਨ ਦੇ ਮਹੀਨੇ ਦੀ ਖਾਸ ਨਮਾਜ਼) ਪੜਦਾ ਹੈ ਭਾਵ ਇੰਨਾ ਸਵਾਬ ਕਮਾਉਂਦਾ ਹੈ ਕਿ ਜਿਸ ਨੂੰ ਫਰਿਸ਼ਤੇ ਲਿਖਣ ਤੋਂ ਕਾਸਿਰ (ਬੇਬੱਸ) ਹੋ
ਜਾਂਦੇ ਹਨ।ਇਸ ਕਰਕੇ ਰੱਬ ਨੇ ਇਹ ਜ਼ਿੰਮੇਵਾਰੀ ਆਪ ਲਈ ਹੈ ਕਿ ਰੋਜ਼ਾਦਾਰ ਨੂੰ ਸਵਾਬ ਮੈਂ ਖੁਦ ਦੇਵਾਂਗਾ।ਇਸਲਾਮ ਦੇ ਆਖਰੀ ਨਬੀ ਹਜ਼ਰਤ ਮੁਹੰਮਦ (ਸਲ.) ਫਰਮਾਉਂਦੇ ਹਨ ਕਿ ਜੰਨਤ ਦੇ ਅੱਠ ਦਰਵਾਜ਼ਿਆਂ ਵਿੱਚੋਂ ਇੱਕ ਦਰਵਾਜ਼ਾ ਸਿਰਫ ਰੋਜ਼ੇਦਾਰਾਂ ਲਈ ਹੈ ਅਤੇ ਜੋ ਬੰਦਾ ਇੱਕ ਵਾਰ ਇਸ ਦਰਵਾਜ਼ੇ ਵਿੱਚੋਂ ਲੰਘ ਗਿਆ ਤਾਂ ਉਸ ਨੂੰ ਕਦੇ ਵੀ ਭੁੱਖ ਜਾਂ ਪਿਆਸ ਮਹਿਸੂਸ ਨਹੀਂ ਹੋਵੇਗੀ।ਇਸੇ ਤਰਾਂ ਹਜ਼ੂਰ (ਸਲ.) ਫਰਮਾਉਂਦੇ ਹਨ ਕਿ ਰੋਜ਼ਾਦਾਰ ਲਈ ਰੱਬ ਵੱਲੋਂ ਦੋ ਖਾਸ ਮਿਹਰਬਾਨੀਆਂ ਹਨ, ਜਿਨਾਂ ਵਿੱਚੋਂ ਇੱਕ ਰੋਜ਼ਾ ਖੁੱਲਣ ਸਮੇਂ ਅਤੇ ਦੂਜੀ ਮਿਹਰਬਾਨੀ ਉਦੋਂ ਹੋਵੇਗੀ ਜਦੋਂ ਮਰਨ ਉਪਰੰਤ ਰੱਬ ਨਾਲ ਮੁਲਾਕਾਤ ਹੋਵੇਗੀ ਜੋ ਕਿ ਆਖਰਤ ਦੀਆਂ ਮਿਹਰਬਾਨੀਆਂ ‘ਚੋਂ ਸਭ ਤੋਂ ਵੱਡੀ ਮਿਹਰਬਾਨੀ ਹੈ।ਇਸ ਤੋਂ ਇਲਾਵਾ ਰੋਜ਼ਾ ਰੱਬ ਅੱਗੇ ਰੋਜ਼ਾਦਾਰ ਦੀ ਸਿਫਾਰਸ਼ ਕਰਦਾ ਹੋਇਆ ਕਹੇਗਾ ਕਿ ਮੈਂਨੇ ਇਸ ਨੂੰ ਭੁੱਖਾ ਰੱਖਿਆ ਅਤੇ ਹਰੇਕ ਨਫਸਾਨੀ ਚਾਹਤ ਤੋਂ ਦੂਰ ਰੱਖਿਆ ਇਸ ਲਈ ਤੂੰ ਇਸ ਨੂੰ ਮੁਆਫ ਕਰਦੇ।
ਸੱਚਾ ਰੱਬ ਸਾਨੂੰ ਇਸ ਮਹੀਨੇ ਦੀਆਂ ਬਰਕਤਾਂ ਤੋਂ ਮਾਲਾ-ਮਾਲ ਫਰਮਾਵੇ ਅਤੇ ਇਸ ਮਹੀਨੇ ‘ਚ ਜ਼ਿਆਦਾ ਤੋਂ ਜ਼ਿਆਦਾ ਇਬਾਦਤ ਕਰਨ ਦਾ ਬਲ ਬਖਸ਼ੇ….(ਆਮੀਨ)
ਪ੍ਰਿੰਸੀਪਲ ਯਾਸੀਨ ਅਲੀ
ਮਾਲੇਰਕੋਟਲਾ (ਸੰਗਰੂਰ)
ਮੋਬ. 92565-57957    
by: ਕੌਮੀ ਏਕਤਾ ਨਿਊਜ਼ ਬੀਊਰੋ

No comments:

Post a Comment