Saturday, 21 September 2013

ਧਰਤੀ ਮਾਂ ਦੀ ਬੋਲੀ



ਪੰਜਾਬ ਦੇ ਜਾਇਆਂ ਵਾਂਗ ਇਸ ਦੀ ਬੋਲੀ ਵੀ ਖੁੱਲ੍ਹੇ-ਖੁਲਾਸੇ ਸੁਭਾਅ ਦੀ ਹੈ। ਪੰਜਾਬੀ ਬੋਲੀ ਦਾ ਇਤਿਹਾਸ ਸਰਬ-ਸਾਂਝ ਦਾ ਅਨੂਠਾ ਇਤਿਹਾਸ ਹੈ। ਕਿਸੇ ਸਮੇਂ ਸਿੰਧ ਤੋਂ ਜਮਨਾ ਤੀਕ ਭਾਵ ਦਿੱਲੀ ਤੋਂ ਪਿਸ਼ਾਵਰ ਤਕ ਸੱਤ ਦਰਿਆਵਾਂ ਨਾਲ ਸਿੰਜੀ ਜਾਂਦੀ ਰਹੀ ਜ਼ਰਖ਼ੇਜ਼ ਧਰਤੀ ਨੇ ਹਮੇਸ਼ਾਂ ਵੱਖ-ਵੱਖ ਫ਼ਿਰਕਿਆਂ ਅਤੇ ਕੌਮਾਂ ਦੇ ਬਾਸ਼ਿੰਦਿਆਂ ਨੂੰ ਰੈਣ-ਬਸੇਰਾ ਬਖ਼ਸ਼ਿਆ ਹੈ। ਮਿੱਸੇ ਸੱਭਿਆਚਾਰ ਦੀ ਬੋਲੀ ਵੀ ਮਿੱਸੀ ਹੁੰਦੀ ਹੈ, ਜਿਸ ਨੂੰ ਸਦੀਆਂ ਦੇ ਸਫ਼ਰ ਬਾਅਦ ਟਕਸਾਲੀ ਰੂਪ ਮਿਲਦਾ ਹੈ। ਇਸ ਭਾਗਭਰੀ ਧਰਤੀ ਦੀ ਗੋਦ ਵਿੱਚ ਕਿਸੇ ਵੀ ਕੌਮੀਅਤ ਦਾ ਸ਼ਬਦ ‘ਚਾਰ ਦਿਨ’ ਖੇਡ ਗਿਆ ਤਾਂ ਉਸ ਨਾਲ ਪੰਜਾਬ ਅਤੇ ਪੰਜਾਬੀ ਭਾਸ਼ਾ ਨੇ ਕਦੇ ਮਤਰੇਆਂ ਵਾਲਾ ਸਲੂਕ ਨਹੀਂ ਕੀਤਾ। ਦੂਜੀਆਂ ਭਾਸ਼ਾਵਾਂ ਦੇ ਸ਼ਬਦ ਪੰਜਾਬੀ ਦੇ ਪੈਰਾਂ ਵਿੱਚ ਪੰਜੇਬਾਂ ਬਣ ਗਏ। ਕੁਝ ‘ਵਿਦਵਾਨਾਂ ਦੀ ਟਕਸਾਲ’ ਵਿੱਚ ਉਚੇਚ ਨਾਲ ਘੜੇ ਗਏ ਸ਼ਬਦ ਲੋਕ-ਭਾਸ਼ਾ ਦੀਆਂ ਬੇੜੀਆਂ ਬਣ ਗਏ। ਇੱਥੇ ਪਾਤਰ ਦੀ ਕਾਵਿ-ਟੁਕੜੀ ਦਾ ਹਵਾਲਾ ਦੇਣਾ ਕੁਥਾਵਾਂ ਨਹੀਂ ਹੋਵੇਗਾ: ਭਾਸ਼ਾ ਨੂੰ ਭਾਸ਼ਾ ਵਿਗਿਆਨੀ ਨਹੀਂ, ਉਹ ਲੋਕ ਬਣਾਉਂਦੇ ਨੇ, ਜਿਹੜੇ ਜੂਝਦੇ ਨੇ ਖੇਤਾਂ ਵਿੱਚ, ਕਾਰਖਾਨਿਆਂ ਵਿੱਚ, ਵਰਕਸ਼ਾਪਾਂ ਵਿੱਚ…। ਬੋਲੀ ਜਾਂ ਭਾਸ਼ਾ ਬਾਰੇ ਬਸ ਇੰਨੀ ਕੁ ਖੁੱਲ੍ਹ ਜਾਇਜ਼ ਹੈ: ਬੂਹੇ-ਦਰਵਾਜ਼ੇ ਭਾਵੇਂ ਬੰਦ ਰਹਿਣ ਪਰ ਰੋਸ਼ਨਦਾਨ ਅਤੇ ਖਿੜਕੀਆਂ ਜ਼ਰੂਰ ਖੁੱਲ੍ਹੀਆਂ ਰਹਿਣੀਆਂ ਚਾਹੀਦੀਆਂ ਹਨ।

ਪੰਜਾਬ ਦਾ ਨਾਂ ਫ਼ਾਰਸੀ ਦੇ ਦੋ ਸ਼ਬਦਾਂ ‘ਪੰਜ’ ਅਤੇ ‘ਆਬ’ (ਪਾਣੀ) ਦੇ ਮਿਲਣ ਨਾਲ ਬਣਿਆ ਹੈ। ਇਸ ਤੋਂ ਸਪਸ਼ਟ ਹੈ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ’ਚੋਂ ਕੋਈ ਵੀ ਸ਼ਬਦ ਇੱਥੋਂ ਦੀ ਮੂਲ ਭਾਸ਼ਾ ਦਾ ਨਹੀਂ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲ ਤਖ਼ਤ, ਤਨਖ਼ਾਹ, ਤਨਖ਼ਾਹੀਆ, ਪੰਥ, ਮਸਕੀਨ, ਗੁਰੂ, ਗੁਰਦੁਆਰਾ, ਗੁਰਮੁਖ, ਗੁਰਮੁਖੀ, ਦਰਬਾਰ, ਸਰਦਾਰ, ਦਸਤਾਰ,ਆਲਮਗੀਰ, ਅਸਥਾਨ, ਅਰਦਾਸ, ਲੰਗਰ, ਰਹਿਰਾਸ, ਬਹਾਦਰ, ਰੱਬ, ਰੁਮਾਲਾ, ਰੂਹਾਨੀ, ਮੋਦੀ (ਖਾਨਾ), ਕੌਮ, ਖ਼ਾਲਸਾ, ਸਿਰੋਪਾਓ, ਸਾਹਿਬਜ਼ਾਦਾ, ਸਵਾਰੀ, ਸ਼ਹਾਦਤ, ਸ਼ਹੀਦ, ਸ਼ਹੀਦ-ਏ-ਆਜ਼ਮ, ਫ਼ਤਿਹ, ਸੱਚੇ ਪਾਤਸ਼ਾਹ, ਡੇਰਾ, ਮਹਾਰਾਜ ਦੀ ਸਵਾਰੀ, ਕਲਗੀ, ਸੰਤ-ਸਿਪਾਹੀ, ਦਮਾਮਾ ਅਤੇ ਮੀਰੀ-ਪੀਰੀ ਵਰਗੇ ਪਵਿੱਤਰ ਸ਼ਬਦ ਵੀ ਠੇਠ ਪੰਜਾਬੀ ਦੇ ਨਹੀਂ ਹਨ। ਅਰਬੀ-ਫ਼ਾਰਸੀ ਅਤੇ ਸੰਸਕ੍ਰਿਤ ਆਦਿ ਭਾਸ਼ਾਵਾਂ ਵਿੱਚੋਂ ਨਿਕਲੇ ਅਣਗਿਣਤ ਸ਼ਬਦ ਹੁਣ ਪੰਜਾਬੀ ਦੇ ਟਕਸਾਲੀ ਸ਼ਬਦ ਬਣ ਚੁੱਕੇ ਹਨ ਜਿਨ੍ਹਾਂ ਨੂੰ ਪੰਜਾਬੀ ਦੇ ਸ਼ਬਦਕੋਸ਼ ਵਿੱਚੋਂ ਮਨਫ਼ੀ ਕਰਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਤੁਰਕੀ ਦੇ ਕਈ ਸ਼ਬਦ ਬਰਾਸਤਾ ਫ਼ਾਰਸੀ, ਪੰਜਾਬੀ ਵਿੱਚ ਆਏ ਜਦੋਂਕਿ ਕੁਝ ਸ਼ਬਦ ਸਿੱਧੇ ਹੀ ਸਾਡੀ ਭਾਸ਼ਾ ਵਿੱਚ ਸ਼ਾਮਲ ਹੋ ਗਏ ਸਮਝੇ ਜਾਂਦੇ ਹਨ। ਗ਼ੁਲਾਮ ਅਤੇ ਖ਼ਿਲਜੀ ਵੰਸ਼ਾਂ ਦੇ ਬਾਦਸ਼ਾਹ ਤੁਰਕ ਸਨ ਜਿਨ੍ਹਾਂ ਨੇ ਕਈ ਵਰ੍ਹੇ ਹਿੰਦੁਸਤਾਨ ’ਤੇ ਰਾਜ ਕੀਤਾ ਅਤੇ ਉਨ੍ਹਾਂ ਦੀ ਫ਼ੌਜ ਵਿੱਚ ਵੀ ਤੁਰਕ ਹੁੰਦੇ ਸਨ।
ਗੁਰੂ ਸਾਹਿਬਾਨ ਵਾਸਤੇ ਕੋਈ ਭਾਸ਼ਾ ਬੇਗਾਨੀ ਜਾਂ ਓਪਰੀ ਨਹੀਂ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਵਿੱਚੋਂ ਅਜਿਹੀ ਸਾਂਝੀਵਾਲਤਾ ਦੇ ਦਰਸ਼ਨ ਸਹਿਜੇ ਹੀ ਹੋ ਜਾਂਦੇ ਹਨ। ਅੰਗਰੇਜ਼ੀ ਵੀ ਤਾਂ 350 ਤੋਂ ਵੱਧ ਭਾਸ਼ਾਵਾਂ ਦੇ ਅਣਗਿਣਤ ਸ਼ਬਦ ਅਪਣਾ ਕੇ ਅਮੀਰ ਹੋਈ ਹੈ। ਅੰਗਰੇਜ਼ੀ ਵਿੱਚ ਪੰਜਾਬੀ ਦੇ ਕਈ ਸ਼ਬਦ ਤਤਸਮ ਰੂਪ ਵਿੱਚ ਅਪਣਾਏ ਗਏ ਹਨ। ਸ਼ਬਦਾਂ ਦੀਆਂ ਪੈੜਾਂ ਨੱਪਣ ਵਾਲੇ ਵਿਗਿਆਨੀ ਜਾਣਦੇ ਹਨ ਕਿ ਕਿੰਨੇ ਸ਼ਬਦ ਤਦਭਵ ਤੇ ਤਤਸਮ ਰੂਪ ਵਿੱਚ ਤੁਰਕੀ, ਪਾਲੀ, ਯੂਨਾਨੀ, ਅਰਬੀ, ਫ਼ਾਰਸੀ, ਪਸ਼ਤੋ, ਬ੍ਰਿਜ-ਭਾਸ਼ਾ, ਪੁਰਤਗਾਲੀ, ਅੰਗਰੇਜ਼ੀ, ਹਿੰਦੀ ਅਤੇ ਸਾਧੂ-ਭਾਸ਼ਾਵਾਂ ਵਿੱਚੋਂ ਆ ਕੇ ਪੰਜਾਬੀ ਵਿੱਚ ਅਛੋਪਲੇ ਜਿਹੇ ਘੁਲ-ਮਿਲ ਗਏ ਹਨ।
ਗੁਆਂਢੀ ਦਾ ਰੂਪ ਨਹੀਂ ਮੱਤ ਆ ਜਾਂਦੀ ਹੈ। ਮੱਤ ਵਿੱਚ ਬੋਲੀ ਵੀ ਸ਼ਾਮਲ ਹੈ। ਫ਼ਾਰਸੀ, ਇਰਾਨ ਦੇ ਲੋਕਾਂ ਦੀ ਬੋਲੀ ਹੈ ਜੋ ਗਿਆਰ੍ਹਵੀਂ ਤੋਂ ਲੈ ਕੇ ਉੱਨੀਵੀਂ ਸਦੀ ਤਕ ਲਗਪਗ ਅੱਠ ਸੌ ਸਾਲ ਪੰਜਾਬ ਦੀ ਰਾਜ-ਭਾਸ਼ਾ ਰਹੀ। ਇਸ ਵਿੱਚੋਂ ਲੋਕ-ਬੋਲੀ ਉਰਦੂ ਪੈਦਾ ਹੋਈ ਜਿਹੜੀ ਲੰਮਾ ਸਮਾਂ ਸਰਕਾਰੀ ਕੰਮ-ਕਾਰ ਲਈ ਵਰਤੀ ਜਾਂਦੀ ਰਹੀ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਸਰਕਾਰੀ ਭਾਸ਼ਾ ਪੰਜਾਬੀ ਨਹੀਂ ਸਗੋਂ ਫ਼ਾਰਸੀ ਸੀ। ਫ਼ਾਰਸੀ ਅਤੇ ਪੰਜਾਬੀ ਦੀ ਪਿਓਂਦ ਤੋਂ ਬਾਅਦ ਅਣਗਿਣਤ ਸਮਾਸੀ ਸ਼ਬਦ ਹੋਂਦ ਵਿੱਚ ਆਏ ਜੋ ਆਮ ਲੋਕਾਂ ਦੀ ਬੋਲ-ਚਾਲ ਦਾ ਹਿੱਸਾ ਬਣ ਗਏ। ਇਹ ਫ਼ਾਰਸੀ ਦਾ ਹੀ ਪ੍ਰਭਾਵ ਸੀ ਕਿ ਪੰਜਾਬੀ ਦੇ ਜੱਜੇ, ਸੱਸੇ, ਖੱਖੇ, ਗੱਗੇ ਅਤੇ ਫੱਫੇ ਪੈਰੀਂ ਬਿੰਦੀਆਂ ਪੈ ਗਈਆਂ (ਜ਼, ਸ਼, ਖ਼, ਗ਼, ਫ਼)। ਅਰਬ ਵਾਸੀ ਲੋਕਾਂ ਦੀ ਧਾਰਮਿਕ ਭਾਸ਼ਾ ਅਰਬੀ ਦਾ ਪੰਜਾਬੀ ’ਤੇ ਪ੍ਰਭਾਵ ਪੈਣਾ ਵੀ ਕੁਦਰਤੀ ਸੀ। ਸਾਧੂ-ਭਾਸ਼ਾ (ਸੰਤ-ਭਾਸ਼ਾ) ਜਾਂ ‘ਸਾਧੂਕੜੀ’ ਨੇ ਪੰਜਾਬੀ ਵਿੱਚ ਸਫ਼ਿਆਨਾ ਤੇ ਸੂਫ਼ੀਆਨਾ ਰੰਗ ਭਰ ਦਿੱਤਾ। ਇਸ ਨੂੰ ਨਾਥਾਂ-ਜੋਗੀਆਂ ਤੇ ਪੀਰਾਂ-ਫ਼ਕੀਰਾਂ ਵੱਲੋਂ ਅਪਨਾਉਣ ਕਰਕੇ ਹਿੰਦੁਸਤਾਨ ਦੀ ਸ੍ਰੇਸ਼ਟ ਭਾਸ਼ਾ ਸਮਝਿਆ ਜਾਣ ਲੱਗਿਆ। ਇਹ ਉਹ ਸਮਾਂ ਸੀ ਜਦੋਂ ਪੰਜਾਬ ਦੇ ਮੂਲ ਵਾਸੀ ਪਸ਼ਤੋ (ਸੂਬਾ ਸਰਹੱਦ ਦੇ ਅਫ਼ਗ਼ਾਨਿਸਤਾਨ ਵਿੱਚ ਵਸਦੇ ਪਠਾਣਾਂ ਦੀ ਬੋਲੀ), ਅਰਬੀ, ਫ਼ਾਰਸੀ ਆਦਿ ਵਿਦੇਸ਼ੀ ਭਾਸ਼ਾਵਾਂ ਦੇ ਪ੍ਰਭਾਵ ਹੇਠੋਂ ਨਿਕਲ ਰਹੇ ਸਨ। ‘ਸਪਤ ਸਿੰਧੂ’, ‘ਪੰਜ-ਨਦ’, ਫਿਰ ਢਾਈ ਨਦੀਆਂ ਤੋਂ ਬਾਅਦ ਇੱਕ ਨਵੰਬਰ 1966 ਨੂੰ ਬਚਿਆ-ਖੁਚਿਆ ਪੰਜਾਬ ਫਿਰ ਤਿੰਨ ਟੁਕੜਿਆਂ ਵਿੱਚ ਵੰਡਿਆ ਗਿਆ। ਸਮੇਂ ਨੇ ਪੰਜਾਬ ਨਾਲ ਕਦੇ ਨਿਆਂ ਨਹੀਂ ਕੀਤਾ। ਭਾਸ਼ਾ ਬਾਰੇ ਕਿਹਾ ਜਾਂਦਾ ਹੈ ਕਿ ਇਹ ਮਨੁੱਖੀ ਨਸਲ ਦੀ ਖ਼ੂਬਸੂਰਤ ਯਾਦ ਹੈ। ਸੈਮੂਅਲ ਜੌਨਸਨ ਭਾਸ਼ਾ ਨੂੰ ‘ਕੌਮਾਂ ਦਾ ਵਿਰਸਾ’ ਦੱਸਦਾ ਹੈ। ਟੁਕੜਿਆਂ ਵਿੱਚ ਵੰਡੀ ਗਈ ਪੰਜਾਬੀਅਤ ਬਾਰੇ ਕੀ ਕਹੀਏ?
ਡਾ.ਜੀਤ ਸਿੰਘ ਸੀਤਲ ਦੇ ਕਥਨ  ਅਨੁਸਾਰ, ਹਰ ਦੇਸ਼ ਦੀ ਭਾਸ਼ਾ ਅੱਡ-ਅੱਡ ਹੁੰਦੀ ਹੈ। ਇਹ ਉਸ ਕੌਮ ਦਾ ਅਜਾਇਬਘਰ ਹੁੰਦੀ ਹੈ ਜਾਂ ਇੱਕ ਅਜਿਹੇ ਨਗਰ ਵਾਂਗ, ਜਿਸ ਦੀ ਉਸਾਰੀ ਵਿੱਚ ਉਸ ਥਾਂ ਦੇ ਹਰ ਵਾਸੀ ਨੇ ਕੋਈ ਨਾ ਕੋਈ ਇੱਟ ਚਿਣੀ ਹੁੰਦੀ ਹੈ। ਦੂਜੀਆਂ ਭਾਸ਼ਾਵਾਂ ਦੀ ਜਾਣਕਾਰੀ ਹੋਣ ਬਾਰੇ ਗੋਇਟੇ ਕਹਿੰਦਾ ਹੈ, “ਜਿਹੜਾ ਪੁਰਸ਼ ਵਿਦੇਸ਼ੀ ਭਾਸ਼ਾਵਾਂ ਤੋਂ ਅਣਜਾਣ ਹੁੰਦਾ ਹੈ, ਉਹ ਆਪਣੀ ਭਾਸ਼ਾ ਵੀ ਨਹੀਂ ਜਾਣ ਸਕਦਾ।” ਡਾ.ਸੀਤਲ ਪੰਜਾਬੀ ਭਾਸ਼ਾ ਨੂੰ ਸਮੁੱਚੇ ਪੰਜਾਬੀਆਂ ਦੀ ਬੋਲੀ ਕਹਿੰਦੇ ਹਨ ਜਿਹੜੀ ਜਦ ਤੋਂ ਪੰਜਾਬ ਭੂਗੋਲਿਕ ਤੌਰ ’ਤੇ ਹੋਂਦ ਵਿੱਚ ਆਇਆ, ਉਸ ਸਮੇਂ ਤੋਂ ਬੋਲੀ ਜਾ ਰਹੀ ਹੈ। ‘ਆਰੀਆ ਦੇ ਆਉਣ ਤੋਂ ਪਹਿਲਾਂ ਇਹ ਦਰਾਵੜਾਂ ਦੀ ਪਿਆਰੀ ਸੀ ਅਤੇ ਪਿੱਛੋਂ ਆਮ ਆਰੀਆ ਜਨਤਾ ਦੀ ਬੋਲੀ ਬਣ ਗਈ। …ਗੁਰੂ ਕਾਲ, ਪੰਜਾਬੀ ਦਾ ਸੋਨ-ਸੁਨਹਿਰੀ ਕਾਲ ਸੀ। ਇਸ ਦੇ ਨਾਲ-ਨਾਲ ਮੁਸਲਮਾਨਾਂ ਦੀ ਆਮਦ ਤੋਂ ਪਿੱਛੋਂ ਮੁਸਲਮਾਨ ਫ਼ਕੀਰਾਂ ਅਤੇ ਸੂਫ਼ੀ-ਦਰਵੇਸ਼ਾਂ ਨੇ ਪੰਜਾਬੀ ਦਾ ਆਸਰਾ ਲਿਆ। ਉਨ੍ਹਾਂ ਨੇ ਕੋਈ 700 ਸਾਲ ਇਸ ਦਾ ਪ੍ਰਯੋਗ ਕੀਤਾ ਅਤੇ ਇਸ ਨੂੰ ਵੱਡਾ ਸੂਫ਼ੀ ਖ਼ਜ਼ਾਨਾ ਬਖ਼ਸ਼ਿਆ। ਬਾਬਾ ਫ਼ਰੀਦ ਦੇ ਵੱਡੇ-ਵਡੇਰੇ ਇਰਾਨ ਦੇ ਸਨ ਜਿੱਥੇ ਅਰਬੀ-ਫ਼ਾਰਸੀ ਦਾ ਬੋਲਬਾਲਾ ਸੀ। ਫਿਰ ਵੀ ਉਨ੍ਹਾਂ ਨੇ ਆਮ ਲੋਕਾਂ ਦੀ ਜ਼ਬਾਨ ਵਿੱਚ ਬਾਣੀ ਰਚੀ, ਜੋ ਪੰਜਾਬੀ ਵਿਰਾਸਤ ਦਾ ਅਮੁੱਲਾ ਖ਼ਜ਼ਾਨਾ ਬਣ ਗਿਆ।  ਪੰਜਾਬ, ਭਾਰਤ ਦੀ ਭਗਉਤੀ ਭੁਜਾ ਹੈ, ਇਸੇ ਲਈ ਇੱਥੇ ਬੀਰ-ਕਾਵਿ ਦੇ ਸੋਮੇ ਫੁੱਟ ਨਿਕਲੇ’। ਪੰਜਾਬੀ ਨੂੰ, ਪੰਜਾਬ ਦੇ ਲੋਕਾਂ ਦੀ ਸਮੁੱਚੀ ਭਾਸ਼ਾ ਮੰਨਦਿਆਂ ਉਹ ਲਿਖਦੇ ਹਨ,  “ਇਹ ਕਿਸੇ ਇੱਕ ਜਾਤੀ ਜਾਂ ਸ਼੍ਰੇਣੀ ਜਾਂ ਸੰਪ੍ਰਦਾ ਦੀ ਭਾਸ਼ਾ ਨਹੀਂ…ਇਹ ਕਿਸੇ ਇੱਕ ਮਤ ਜਾਂ ਧਰਮ ਦੇ ਅਨੁਯਾਈਆਂ ਦੀ ਭਾਸ਼ਾ ਵੀ ਨਹੀਂ…ਪੰਜਾਬੀ ਭਾਸ਼ਾ ਦੀ ਪਾਚਨ ਸ਼ਕਤੀ ਬਹੁਤ ਤਕੜੀ ਹੈ। ਇਸ ਨੇ ਸਮੇਂ-ਸਮੇਂ ਧਰਤ ਦੀਆਂ ਲੋੜਾਂ ਅਨੁਸਾਰ ਬਾਹਰੋਂ ਅਨੇਕਾਂ ਸ਼ਬਦ ਲਏ ਅਤੇ ਇਨ੍ਹਾਂ ਨੂੰ ਇੱਥੋਂ ਦੇ ਉਚਾਰਣ ਅਨੁਸਾਰ ਤਰਾਸ਼ ਕੇ ਆਪਣੇ ਵਿੱਚ ਸਮੋ ਲਿਆ। ਉਹ ਸਾਰੇ ਤੁਰਕੀ, ਫ਼ਾਰਸੀ, ਅਰਬੀ, ਪੁਰਤਗੀ, ਫਰਾਂਸੀਸੀ ਤੇ ਅੰਗਰੇਜ਼ੀ ਸ਼ਬਦ, ਜਿਹੜੇ, ਪੰਜਾਬੀ ਵਿੱਚ ਰਚ-ਮਿਚ ਗਏ ਹਨ, ਇਸ ਕਥਨ ਦੀ ਗਵਾਹੀ ਭਰਦੇ ਹਨ। ਅੱਜ ਕੌਣ ਕਹਿ ਸਕਦਾ ਹੈ ਕਿ ਇਹ ਸ਼ਬਦ ਵਿਦੇਸ਼ੀ ਹਨ।”
‘‘ਸ਼ਬਦਾਂ ਦੀਆਂ ਲਿਖਤਾਂ’ ਵਿੱਚ ਜੀ.ਐਸ.ਰਿਆਲ ਲਿਖਦੇ ਹਨ, “ਸੰਸਕ੍ਰਿਤ ਦੇ ਮੁੱਢ ਵਿੱਚੋਂ ਬੇਸ਼ੱਕ ਪੰਜਾਬੀ ਦਾ ਪੁੰਗਾਰਾ ਫੁੱਟਦਾ ਹੈ ਪਰ ਪੰਜਾਬੀ ਦੀ ਨਿਵੇਕਲੀ ਨੁਹਾਰ ਤੇ ਨਿੱਜਤਾ ਹੈ, ਜਿਸ ਨੂੰ ਬਰਕਰਾਰ ਰੱਖਣਾ ਤੇ ਸਾਧਣਾ ਸਾਡਾ ਪਰਮ-ਧਰਮ ਹੈ। ਮੁੱਕਦੀ ਗੱਲ ਇਹ ਹੈ ਕਿ ਕੁਝ ਕੁਰੀਤੀਆਂ ਵਿਰੁੱਧ ਜੁੜੀਆਂ ਭਾਵਨਾਵਾਂ ਤੇ ਪ੍ਰਵਿਰਤੀਆਂ ਨੂੰ ਲਾਂਭੇ ਰੱਖ ਕੇ ਸੰਸਕ੍ਰਿਤ ਭਾਸ਼ਾ ਨੂੰ ਵੀ ਬਣਦੀ ਮਾਨਤਾ ਦੇਣੀ ਚਾਹੀਦੀ ਹੈ। ਸੰਸਕ੍ਰਿਤ ਇੱਕ ਅਜਿਹਾ ਮਾਧਿਅਮ ਹੈ, ਜੋ ਇੱਕ ਪਾਸੇ ਪੰਜਾਬੀ ਨੂੰ ਭਾਰਤ ਦੀਆਂ ਦੂਜੀਆਂ ਆਰਿਆਈ ਭਾਸ਼ਾਵਾਂ ਨਾਲ ਅਤੇ ਦੂਜੇ ਪਾਸੇ ਅਨੇਕ ਯੂਰਪੀ ਭਾਸ਼ਾਵਾਂ ਅਤੇ ਇਰਾਨ ਨਾਲ ਜੋੜਦਾ ਹੈ।”
‘ਪੰਜਾਬੀ ਬੋਲੀ’ ਦੀ ਵਿਰਾਸਤ ਵਿੱਚ ਡਾ.ਸਾਧੂ ਸਿੰਘ ਲਿਖਦੇ ਹਨ, “ਦਰਅਸਲ ਜ਼ਿੰਦਗੀ ਦੇ ਕਿਸੇ ਖੇਤਰ ਬਾਰੇ ਜਾਂ ਪੰਜਾਬੀ ਵਿੱਚ ਉਚਿਤ ਸ਼ਬਦਾਂ ਦਾ ਸੱਚਮੁਚ ਹੀ ਤੋੜਾ ਹੋਵੇ ਤਾਂ ਹੋਰ ਬੋਲੀਆਂ ਦਾ ਆਸਰਾ ਤੱਕਣ ਵਿੱਚ ਕੋਈ ਹਰਜ ਨਹੀਂ। ਦੁਨੀਆਂ ਵਿੱਚ ਕਿਹੜੀ ਅਜਿਹੀ ਬੋਲੀ ਹੈ ਜੋ ਅਜਿਹੇ ਲੈਣ-ਦੇਣ ਦੀ ਲੋੜ ਤੋਂ ਮੁਕਤ ਹੋਣ ਦੀ ਡੀਂਗ ਮਾਰ ਸਕਦੀ ਹੈ? ਪਰ ਜਦ ਸਾਡੇ ਕੋਲ਼ ਸਾਲ਼ਾ-ਭਣੋਈਆ ਤੇ ਨਣਦੋਈਏ ਜਿਹੇ ਵਧੇਰੇ ਭਾਵਪੂਰਤ ਸ਼ਬਦ ਮੌਜੂਦ ਹਨ ਤਾਂ ਇਨ੍ਹਾਂ ਸਾਰਿਆਂ ਨੂੰ ਬ੍ਰਦਰ-ਇਨ-ਲਾ ਦੇ ਇੱਕੋ ਰੱਸੇ ਨਾਲ ਬੰਨ੍ਹ ਕੇ ਸੁੱਕਣੇ ਪਾਉਣ ਵਿੱਚ ਕਿੱਧਰ ਦੀ ਦਾਨਾਈ ਹੈ। ਇਹੋ ਦੋਸ਼ ਮਾਮੇ, ਮਾਸੜ, ਚਾਚੇ, ਤਾਏ ਤੇ ਫੁੱਫੜ ਨੂੰ ਅੰਕਲ ਆਖਣ ਵਿੱਚ ਹੈ। ਨਾਨਕੇ-ਦਾਦਕੇ ਜਾਂ ਪੇਕੇ-ਸਹੁਰਿਆਂ ਦੇ ਸਾਕਾਂ ਨੂੰ ਦਰਸਾਉਣ ਵਿੱਚ ਅੰਗਰੇਜ਼ੀ ਬੋਲੀ ਪੰਜਾਬੀ ਦੇ ਪਾਂ-ਪਾਂਸਕੂ ਵੀ ਨਹੀਂ ਆਖੀ ਜਾ ਸਕਦੀ। ਇਸ ਸੂਰਤ ਵਿੱਚ ਅੰਗਰੇਜ਼ੀ ਵੱਲ ਸਾਡੇ ਪੜ੍ਹੇ-ਲਿਖਿਆਂ ਦੀ ਕੁੱਤੇ-ਝਾਕ ਨੂੰ ਉਨ੍ਹਾਂ ਦੀ ਜ਼ਿਹਨੀ ਗੁਲਾਮੀ ਤੋਂ ਬਿਨਾਂ ਹੋਰ ਕਿਹੜੀ ਮਰਜ਼ ਕਿਹਾ ਜਾ ਸਕਦਾ ਹੈ?”
ਪੰਜਾਬੀ ਬੋਲੀ ਵਾਂਗ ਪੰਜਾਬੀ ਦੀ ਲਿਪੀ ਵੀ ਪ੍ਰਾਚੀਨ ਹੈ। ਇਹ ਬ੍ਰਹਮੀ ਵਿੱਚੋਂ ਨਿਕਲੀ ਸੀ ਜਿਸ ਦਾ ‘ੜ’ ਅੱਖਰ ਅੱਜ ਤਕ ਇਸ ਨੇ ਸਾਂਭ ਕੇ ਰੱਖਿਆ ਹੈ। ਗੁਰੂ ਨਾਨਕ ਦੀ ਬਾਣੀ ‘ਪਟੀ’ ਵੀ ਇਸੇ ਉਚਾਰਣ ਨਾਲ ਮੌਜੂਦ ਹੈ, “ੜਾੜੇ ਰਾੜਿ ਕਰਹਿ ਕਿਆ ਪ੍ਰਾਣੀ…” ‘ੜ’ ਅੱਖਰ ਪੰਜਾਬੀ ਦੀ ਨਿਵੇਕਲੀ ਧੁਨੀ ਹੈ। ਕਈ ਸ਼ਬਦਾਂ ਦੇ ਪਿੱਛੇ ਲੱਗਣ ਨਾਲ ਇਸ ਦਾ ਅਰਥ ‘ਵਾਲਾ’ ਹੋ ਜਾਂਦਾ ਹੈ ਜਿਵੇਂ ਭੁੱਲੜ, ਮਾਸੜ ਤੇ ਫੁੱਫੜ ਆਦਿ। ਦੁਨੀਆਂ ਦੀ ਹੋਰ ਕਿਸੇ ਭਾਸ਼ਾ ਵਿੱਚ ‘ੜ’ ਨਹੀਂ ਮਿਲਦਾ। ਕਿਸੇ ਸ਼ਬਦ ਵਿੱਚ ‘ੜ’ ਦੀ ਹੋਂਦ ਉਸ ਨੂੰ ਨਿਆਰਾ ਬਣਾ ਦਿੰਦੀ ਹੈ। ਇਹ ਨਿਆਰਾਪਣ ਕੇਵਲ ਤੇ ਕੇਵਲ ਪੰਜਾਬੀ ਵਿੱਚ ਹੀ ਹੈ। ਇੱਕੋ ਧਰਤੀ ਮਾਂ ਦੇ ਜਾਇਆਂ ਦਾ ਮੂੰਹ-ਮੁਹਾਂਦਰਾ ਜ਼ਰੂਰ ਮਿਲਣਾ ਚਾਹੀਦਾ ਹੈ। ਫ਼ਿਰਕਿਆਂ ਤੇ ਫ਼ਿਰਕਾਪ੍ਰਸਤੀ ਦੀਆਂ ਤੰਗ ਵਲਗਣਾਂ ’ਚੋਂ ਨਿਕਲ ਕੇ ਹੀ ਆਪਣੀ ਬੋਲੀ ਦੇ ਦਿਸਹੱਦਿਆਂ ਨੂੰ ਵੇਖਿਆ ਤੇ ਮਾਣਿਆ ਜਾ ਸਕਦਾ ਹੈ। J

ਵਰਿੰਦਰ ਵਾਲੀਆ



No comments:

Post a Comment