Sunday, 15 September 2013

ਸਿਹਰਾਬੰਦੀ ਦੀ ਰਸਮ


ਭਾਰਤੀ ਸੱਭਿਆਚਾਰ ਦਾ ਘੇਰਾ ਬਹੁਤ ਵਿਸ਼ਾਲ ਹੈ। ਲੋਕਧਾਰਾ ਦਾ ਸਾਡੇ ਸੱਭਿਆਚਾਰ ਨਾਲ ਡੂੰਘਾ ਸਬੰਧ ਹੈ, ਜਿਸ ਵਿੱਚ ਮਨੁੱਖੀ ਸਮਾਜ ਦੀਆਂ ਬੇਸ਼ੁਮਾਰ ਰਸਮਾਂ ਅਤੇ ਰੀਤੀ-ਰਿਵਾਜ ਪਾਏ ਜਾਂਦੇ ਹਨ। ਵਿਆਹ ਦੀਆਂ ਰਸਮਾਂ ਵਿੱਚੋਂ ਬਹੁਤ ਹੀ ਅਹਿਮ ਰਸਮ ਹੈ-ਸਿਹਰਾਬੰਦੀ ਦੀ ਰਸਮ। ਲਾੜੇ ਦੇ ਚਿਹਰੇ ਦੇ ਢਕਣ ਵਾਲੇ ਪਰਦੇ ਨੂੰ ‘ਸਿਹਰਾ’ ਕਿਹਾ ਜਾਂਦਾ ਹੈ। ਸਿਹਰਾਬੰਦੀ ਫਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ‘ਸਿਹਰਾ ਬੰਨ੍ਹਣਾ’। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਮੁੰਡੇ ਦੇ ਜਨਮ ਉਪਰੰਤ ਘਰ ਦੇ ਦਰਵਾਜ਼ੇ ’ਤੇ ਸ਼ਰੀਂਹ ਦੇ ਪੱਤੇ ਬੰਨ੍ਹੇ ਜਾਂਦੇ ਹਨ, ਇਸ ਨੂੰ ਵੀ ਸਿਹਰਾ ਕਿਹਾ ਜਾਂਦਾ ਹੈ। ਕਈ ਥਾਂਵਾਂ ’ਤੇ ਇਸ ਨੂੰ ਬਾਂਦਰਵਾਲ ਕਹਿ ਲਿਆ ਜਾਂਦਾ ਹੈ। ਵਿਆਹ ਅਤੇ ਹੋਰ ਮੰਗਲ ਕਾਰਜਾਂ ਵੇਲੇ ਸਿਹਰਾ ਘਰ ਦੇ ਮੁੱਖ ਦਰਵਾਜ਼ੇ ’ਤੇ ਬੰਨ੍ਹਿਆ ਜਾਂਦਾ ਹੈ।

ਵਿਆਹ ਸਮੇਂ ‘ਸਿਹਰਾਬੰਦੀ’ ਦੀ ਰਸਮ ਜੰਞ ਚੜ੍ਹਨ ਤੋਂ ਪਹਿਲਾਂ ਨਿਭਾਈ ਜਾਂਦੀ ਹੈ। ਉਸ ਸਮੇਂ ਸਭ ਸਾਕ-ਸਬੰਧੀ, ਮਿੱਤਰ, ਰਿਸ਼ਤੇਦਾਰ ਇਕੱਠੇ ਹੁੰਦੇ ਹਨ। ਭੈਣਾਂ ਸਮੇਤ ਹਾਜਰੀਨ ਮੇਲਣਾਂ ਵੱਲੋਂ ਮੰਗਲ ਗੀਤ ਗਾਏ ਜਾਂਦੇ ਹਨ। ਮੁੰਡੇ ਦੇ ਵਿਆਹ ਸਮੇਂ ਗਾਏ ਜਾਣ ਵਾਲੇ ਇਨ੍ਹਾਂ ਗੀਤਾਂ ਨੂੰ ਘੋੜੀਆਂ ਆਖਦੇ ਹਨ। ਇਨ੍ਹਾਂ ਵਿੱਚ ਲਾੜੇ ਦੀ ਚੜ੍ਹਤ, ਉਸ ਦੀ ਸੁੰਦਰਤਾ, ਕੱਦ-ਕਾਠ, ਖ਼ਾਨਦਾਨ ਦੀ ਵਡਿਆਈ, ਸਿਹਰੇ ਦੀ ਉਸਤਤ, ਘੋੜੀ ਚੜ੍ਹਨ ਵੇਲੇ ਦੀਆਂ ਰਸਮਾਂ ਅਤੇ ਘੋੜੀ ਦੇ ਸ਼ਿੰਗਾਰ ਦੇ ਵੇਰਵੇ ਵੀ ਮਿਲਦੇ ਹਨ-
ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ
ਬਾਬਾ ਵਿਆਹੁਣ ਪੋਤੇ ਨੂੰ ਚੱਲਿਆ
ਲੱਠੇ ਨੇ ਖੜ-ਖੜ ਲਾਈ ਰਾਮਾ।
ਵਿਆਹ ਵਾਲੇ ਦਿਨ ਵਿਆਂਹਦੜ ਮੁੰਡੇ ਦੀ ਨ੍ਹਾਈ-ਧੋਈ ਦੀ ਰਸਮ ਕਰਵਾਈ ਜਾਂਦੀ ਹੈ। ਇਸ ਰਸਮ ਵੇਲੇ ਮੁੰਡੇ ਦੀਆਂ ਭਰਜਾਈਆਂ, ਮਾਸੀਆਂ, ਮਾਮੀਆਂ, ਚਾਚੀਆਂ, ਤਾਈਆਂ, ਭੂਆ, ਭੈਣਾਂ ਆਦਿ ਚੰਦੋਏ ਵਾਂਗ ਫੁਲਕਾਰੀ ਵਿਆਹ ਵਾਲੇ ਮੁੰਡੇ ਉੱਤੇ ਤਾਣ ਕੇ ਉਸ ਨੂੰ ਨੁਹਾਉਂਦੀਆਂ ਹਨ। ਨ੍ਹਾਈ-ਧੋਈ ਤੋਂ ਬਾਅਦ ਮੁੰਡੇ ਦੇ ਨਵੇਂ ਕੱਪੜੇ ਪੁਆਏ ਜਾਂਦੇ ਹਨ।
ਫਿਰ ਮੁੰਡੇ ਦੇ ਮਾਮੇ ਵੱਲੋਂ ਉਸ ਨੂੰ ਚੌਂਕੀਓਂ ਉਤਾਰਨ ਦੀ ਰਸਮ ਅਦਾ ਕੀਤੀ ਜਾਂਦੀ ਹੈ-
ਨ੍ਹਾਈ-ਧੋਈ ਹੋ ਗਈ, ਵੀਰਾ ਵੇ।
ਭੈਣਾਂ ਨੇ ਗਾਏ ਗੀਤ
ਮਾਮੇ ਨੇ ਪਟੜੀਓਂ ਲਾਹ ਲਿਆ
ਪੂਰੀ ਹੋ ਗਈ ਜੱਗ ਦੀ ਰੀਤ
ਵੇ ਵੀਰ ਪਿਆਰਿਆ ਵੇ।
ਫਿਰ ਸਿਹਰਾਬੰਦੀ ਦੀ ਰਸਮ ਕੀਤੀ ਜਾਂਦੀ ਹੈ। ਇਹ ਰਸਮ ਲਾੜੇ ਦੀਆਂ ਭੈਣਾਂ ਅਦਾ ਕਰਦੀਆਂ ਹਨ। ਸਿਹਰਾ ਬਨ੍ਹਾ ਕੇ ਲਾੜਾ ਭੈਣਾਂ ਨੂੰ ਸ਼ਗਨ ਵਜੋਂ ਕੁਝ ਰੁਪਏ ਦਿੰਦਾ ਹੈ। ਇਹ ਰਸਮ ਕਾਫ਼ੀ ਮਹੱਤਤਾ ਰੱਖਦੀ ਹੈ-
ਵਕਤ ਵਿਆਹ ਦੇ ਸਿਹਰੇ ਦੀ ਪਵੇ ਕੀਮਤ
ਹੁੰਦਾ ਵਿਆਹ ਵਿੱਚ ਸ਼ਗਨਾਂ ਦੀ ਰੀਤ ਸਿਹਰਾ।
ਪਿਆਰ ਮੁਹੱਬਤ ਦੇ ਖਿੜ ਪਏ ਫੁੱਲ ਸੋਹਣੇ,
ਬੰਨ੍ਹਿਆ ਲਾੜੇ ਨੇ ਜਦੋਂ ਪ੍ਰੀਤ ਸਿਹਰਾ।
ਵਿਆਹ ਦੇ ਲੋਕ ਗੀਤਾਂ ਘੋੜੀਆਂ ਵਿੱਚੋਂ ਇਹ ਵੀ ਹਵਾਲਾ ਮਿਲਦਾ ਹੈ ਕਿ ਕਿਸੇ ਸਮੇਂ ਲਾੜੇ ਦੇ ਸਿਰ ’ਤੇ ਸਿਹਰਾ ਮਾਲਣ ਵੱਲੋਂ ਬੰਨ੍ਹਿਆ ਜਾਂਦਾ ਸੀ-
ਲੈ ਮੇਰੀ ਮਾਲਣ, ਬੰਨ੍ਹ ਨੀਂ ਸਿਹਰਾ,
ਬੰਨ੍ਹ ਨੀਂ ਲਾਲ ਜੀ ਦੇ ਮੱਥੇ।
ਹਰਿਆ ਨੀਂ ਮਾਲਣ,
ਹਰਿਆ ਨੀਂ ਭੈਣੇ,
ਹਰਿਆ ਤੇ ਭਾਗੀਂ ਭਰਿਆ।
ਬਰਾਤ ਦੇ ਢੁਕਾਅ ਸਮੇਂ ਲਾੜੀ ਦੀਆਂ ਸਹੇਲੀਆਂ ਉਸ ਨੂੰ ਲਾੜੇ ਦੇ ਆਉਣ ਦੀ ਸੂਚਨਾ ਇਉਂ ਦਿੰਦੀਆਂ ਹਨ-
ਆਇਆ ਲਾੜੀਏ ਨੀਂ,
ਤੇਰਾ ਸਿਹਰਿਆਂ ਵਾਲਾ ਵਿਆਹਵਣ ਆਇਆ।
ਆਇਆ ਤੇ ਸਦਾ ਰੰਗ ਲਾਇਆ ਨੀਂ,
ਤੇਰਾ ਸਿਹਰਿਆਂ ਵਾਲਾ ਵਿਆਹਵਣ ਆਇਆ।
ਸਿਹਰੇ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗਣ ਦੀਆਂ ਉਦਾਹਰਣਾਂ ਵੀ ਪੰਜਾਬੀ ਸਾਹਿਤ ਵਿੱਚ ਮਿਲਦੀਆਂ ਹਨ। ਭਗਤ ਸਿੰਘ ਦੀ ਇਹ ਘੋੜੀ ਅੱਜ ਵੀ ਪੁਰਾਣੇ ਬਜ਼ੁਰਗਾਂ ਨੂੰ ਲੋਕ ਗੀਤ ਵਾਂਗ ਚੇਤੇ ਹੈ-
ਫਾਂਸੀ ਦਾ ਸਿਰ ’ਤੇ ਮੁਕਟ ਹੈ ਸਜਿਆ,
ਸਿਹਰਾ ਤੇ ਬਣਿਆ ਝਾਲਰਦਾਰ ਨੀਂ ਹਾਂ।
ਰਾਜਗੁਰੂ, ਸੁਖਦੇਵ ਸਰਬਾਹਲੇ,
ਲਾੜਾ ਭਗਤ ਸਿੰਘ ਸਰਦਾਰ ਨੀਂ ਹਾਂ।
ਆਧੁਨਿਕ ਸਮੇਂ ਵਿੱਚ ਸਮਾਂ ਬਦਲਣ ਦੇ ਨਾਲ ਭਾਵੇਂ ਰੀਤਾਂ-ਰਸਮਾਂ ਵਿੱਚ ਪਰਿਵਰਤਨ ਆ ਗਿਆ ਹੈ ਪਰ ਇਹ ਰਸਮ ਅੱਜ ਵੀ ਉਵੇਂ ਹੀ ਕੀਤੀ ਜਾਂਦੀ ਹੈ।

                                                                                                          ਸ਼ੰਕਰ ਮਹਿਰਾ

* ਸੰਪਰਕ: 98884-05411


No comments:

Post a Comment