Sunday, 14 October 2012

ਖੰਡਰ ਬਣ ਚੁੱਕੀਆਂ ਇਤਿਹਾਸਕ ਯਾਦਗਾਰਾਂ



(On the Moga-Ferozepur highway at village Dagru the Sarai and Water Well built by Sher Shah Suri in ruins because we the people of Punjab and the Government is not saving our Heritage).
ਕੌਮਾਂ ਇਤਿਹਾਸ ਨਾਲ ਜਿਉਂਦੀਆਂ ਹਨ ਤੇ ਇਤਿਹਾਸ ਸਾਡੀਆਂ ਪੁਰਾਤਨ ਯਾਦਗਾਰਾਂ ਨਾਲ ਜਿਊਂਦਾ ਹੈ ਪਰ ਅਫਸੋਸ ਕਿ ਅਸੀਂ ਇਤਿਹਾਸ ਤਾਂ ਸਾਂਭ ਲਿਆ ਪਰ ਇਹ ਇਤਿਹਾਸਕ ਯਾਦਗਾਰਾਂ ਨਹੀਂ ਸਾਂਭ ਸਕੇ। ਇਹੀ ਗਾਥਾ ਹੈ ਮੋਗਾ ਤੋਂ ਫਿਰੋਜ਼ਪੁਰ ਜਾਂਦਿਆਂ ਪਿੰਡ ਡਗਰੂ ਦੀ ਇਕ ਪੁਰਾਤਨ ਸਰਾਂ ਦੀ, ਜਿਸ ਦਾ ਨਿਰਮਾਣ ਸ਼ੇਰ ਸ਼ਾਹ ਸੂਰੀ ਨੇ ਸੰਨ 1543 ਈ: ਵਿਚ ਕਰਵਾਇਆ ਸੀ। ਸ਼ੇਰ ਸ਼ਾਹ ਸੂਰੀ ਨੇ ਕਲਕੱਤੇ ਤੋਂ ਲੈ ਕੇ ਪਿਸ਼ਾਵਰ (ਪਾਕਿਸਤਾਨ) ਤੱਕ ਇਕ ਮਾਰਗ ਬਣਾਇਆ ਸੀ ‘ਸ਼ੇਰ ਸ਼ਾਹ ਸੂਰੀ ਮਾਰਗ’ ਪਰ ਅੰਗਰੇਜ਼ ਹਕੂਮਤ ਨੇ ਭਾਰਤ ‘ਤੇ ਕਾਬਜ਼ ਹੁੰਦਿਆਂ ਹੀ ਇਸ ਰੋਡ ਦਾ ਨਾਂਅ ‘ਗਰੈਂਡ ਟਰੰਕ ਰੋਡ’ ਰੱਖ ਦਿੱਤਾ। ਜਿਉਂ ਹੀ ਅੰਗਰੇਜ਼ ਹਕੂਮਤ ਭਾਰਤ ਦੇਸ਼ ਵਿਚੋਂ ਰਾਜ ਕਰਕੇ ਗਈ ਤਾਂ ਇਸ ਮਾਰਗ ਦਾ ਨਾਂਅ ਗਰੈਂਡ ਟਰੰਕ ਰੋਡ ਵੀ ਅਲੋਪ ਹੋ ਗਿਆ ਤੇ ਹੁਣ ਇਸ ਨੂੰ ਜੀ. ਟੀ. ਰੋਡ ਦੇ ਨਾਂਅ ਨਾਲ ਹੀ ਜਾਣਿਆ ਜਾਂਦਾ ਹੈ। ਇਸ ਮਾਰਗ ਦੇ ਹਰ ਤਿੰਨ ਕੋਹ ‘ਤੇ ਪੜਾਅ ਬਣਾਏ ਹੋਏ ਸੀ। ਮਿਸਾਲ ਦੇ ਤੌਰ ‘ਤੇ ਪੜਾਓ ਮਹਿਣਾ।
ਇਨ੍ਹਾਂ ਸਥਾਨਾਂ ‘ਤੇ ਸਰਾਂ ਅਤੇ ਖੂਹ ਯਾਤਰੀਆਂ ਦੀ ਰਿਹਾਇਸ਼ ਲਈ ਬਣਾਏ ਹੋਏ ਸੀ, ਜਿਸ ਦਾ ਮੁੱਖ ਮਕਸਦ ਸ਼ਾਹੀ ਹਰਕਾਰਿਆਂ ਰਾਹੀਂ ਆਪਣੇ ਪਰਵਾਨੇ ਪੜਾਅ-ਦਰ-ਪੜਾਅ ਪਹੁੰਚਾਉਣੇ ਹੁੰਦੇ ਸੀ। ਸਾਡੇ ਪੁਰਾਤਤਵ ਵਿਭਾਗ ਨੂੰ ਚਾਹੀਦਾ ਤਾਂ ਇਹ ਸੀ ਕਿ ਇਨ੍ਹਾਂ ਸ਼ਾਨਦਾਰ ਇਤਿਹਾਸਕ ਯਾਦਗਾਰਾਂ ਨੂੰ ਸਾਂਭਿਆ ਜਾਂਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਇਸ ਇਤਿਹਾਸ ਤੋਂ ਜਾਣੂ ਹੁੰਦੀਆਂ ਤੇ ਉਨ੍ਹਾਂ ਨੂੰ ਹਾਕਮਾਂ ਦੀ ਦੂਰਅੰਦੇਸ਼ੀ ਬਾਰੇ ਸਮਝ ਲਗਦੀ ਪਰ ਹੁਣ ਨਾ ਤਾਂ ਇਨ੍ਹਾਂ ਇਤਿਹਾਸਗਾਰਾਂ ਦਾ ਕੋਈ ਵਜੂਦ ਹੈ, ਜੇ ਕਿਤੇ-ਕਿਤੇ ਹੈ ਵੀ ਤਾਂ ਉਨ੍ਹਾਂ ਕੋਲ ਜਾਣ ਤੋਂ ਵੀ ਡਰ ਲਗਦਾ ਹੈ। ਜਿਸ ਤਰ੍ਹਾਂ ਇਹ ਬਾਦਸ਼ਾਹੀਆਂ (ਸਲਤਨਤਾਂ) ਖਤਮ ਹੋ ਗਈਆਂ, ਉਸੇ ਤਰ੍ਹਾਂ ਇਹ ਸ਼ਾਨਦਾਰ ਯਾਦਗਾਰਾਂ ਵੀ ਖਤਮ ਹੋ ਗਈਆਂ। ਕੋਲਕਾਤੇ ਤੋਂ ਪਿਸ਼ਾਵਰ ਤੱਕ ਜਾਂਦੇ ਸ਼ੇਰ ਸ਼ਾਹ ਸੂਰੀ ਮਾਰਗ ‘ਤੇ ਪਿੰਡ ਡਗਰੂ (ਮੋਗਾ) ਵਿਖੇ ਬਣੀ ਸਭ ਤੋਂ ਵਿਸ਼ਾਲ ਤੇ ਆਲੀਸ਼ਾਨ ਯਾਦਗਾਰੀ ਸਰਾਂ ਵਿਚ ਦਿੱਲੀ, ਕੋਲਕਾਤਾ ਜਾਂ ਹੋਰਨਾਂ ਥਾਵਾਂ ਤੋਂ ਆਉਣ ਵਾਲੇ ਯਾਤਰੀ ਤੇ ਵਪਾਰੀ ਲਾਹੌਰ ਜਾਂਦੇ ਸਮੇਂ ਆਪਣੇ ਹਾਥੀ, ਊਠਾਂ, ਘੋੜਿਆਂ ਤੇ ਰੱਥਾਂ ਸਮੇਤ ਰੁਕਿਆ ਕਰਦੇ ਸੀ। ਉਸ ਸਮੇਂ ਵਿਚ ਇਸ ਵਿਸ਼ਾਲ ਸਰਾਂ ਦੀਆਂ ਰੌਣਕਾਂ ਦੇਖਣ ਵਾਲੀਆਂ ਹੁੰਦੀਆਂ ਸਨ ਤੇ ਇਸ ਨੂੰ ਕਮਾਲ ਦੇ ਕਾਰੀਗਰਾਂ ਨੇ ਆਪਣੇ ਹੁਨਰ ਦੇ ਜਾਦੂ ਨਾਲ ਤਰਾਸ਼-ਤਰਾਸ਼ ਕੇ ਬਣਾਇਆ ਸੀ ਪਰ ਵਕਤ ਦੀ ਨਾਇਨਸਾਫੀ ਕਰਕੇ ਇਸ ਦੀ ਸਾਂਭ-ਸੰਭਾਲ ਨਾ ਹੋਈ ਤੇ ਇਹ ਸਾਡੀ ਇਤਿਹਾਸਕ ਵਿਰਾਸਤ ਖੁਰਦੀ-ਖੁਰਦੀ ਖੁਰ ਗਈ।
ਲਿਹਾਜ਼ਾ ਜਦ ਆਉਣ ਵਾਲੀਆਂ ਨਸਲਾਂ ਇਨ੍ਹਾਂ ਸ਼ਾਹੀ ਹਾਕਮਾਂ ਦੇ ਬਾਰੇ ਵਿਚ ਕਿਤਾਬੀ ਇਤਿਹਾਸ ਪੜ੍ਹਨਗੀਆਂ ਤਾਂ ਇਹ ਸਾਡੇ ਸਾਹਮਣੇ ਸਵਾਲ ਖੜ੍ਹਾ ਕਰਨਗੀਆਂ ਕਿ ਕਿਥੇ ਗਈਆਂ ਇਹ ਇਤਿਹਾਸਕ ਯਾਦਗਾਰਾਂ ਤਾਂ ਸ਼ਾਇਦ ਸਾਡੇ ਕੋਲ ਇਸ ਸਵਾਲ ਦਾ ਕੋਈ ਉੱਤਰ ਨਹੀਂ ਹੋਣਾ, ਬਜਾਏ ਨਮੋਸ਼ੀ ਤੇ ਸ਼ਰਮਸਾਰ ਹੋਣ ਤੋਂ।

ਅਲੋਪ ਹੋ ਰਿਹਾ ਪਿੰਡ…


ਦੁਨੀਆ ਦੇ ਸਾਰੇ ਖਿੱਤਿਆਂ ਨਾਲੋਂ ਸੋਹਣਾ ਮੇਰਾ ਪੰਜਾਬ ਜਿਸ ਨੂੰ ਗੁਰੂਆਂ-ਪੀਰਾਂ ਨੇ ਅਸੀਸਾਂ ਦੇ ਕੇ ਨਿਵਾਜਿਆ ਹੈ ਤੇ ਉਸ ਤੋਂ ਵੀ ਸੋਹਣੇ ਹਨ ਇਸ ਦੇ ਪਿੰਡ, ਜਿਥੇ ਪਹੁ-ਫੁਟਦੇ ਨਾਲ ਹੀ ਸ਼ੁਰੂ ਹੁੰਦੀ ਸੀ ਰੰਗਲੀ ਸਵੇਰ। ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਹੱਟੀਆਂ-ਭੱਠੀਆਂ ਅਤੇ ਤ੍ਰਿੰਝਣਾਂ ਤੱਕ ਰੌਣਕਾਂ ਲੱਗੀਆਂ ਹੁੰਦੀਆਂ ਸਨ ਪਰ ਪਿਛਲੇ ਕੁਝ ਸਮੇਂ ਤੋਂ ਪਤਾ ਨਹੀਂ ਕੇਹੀ ਦਿਓ ਨਜ਼ਰ ਲੱਗ ਗਈ ਹੈ, ਮੇਰੇ ਸੋਹਣੇ ਪੰਜਾਬ ਦੇ ਪਿੰਡਾਂ ਨੂੰ, ਸਭ ਕੁਝ ਖਤਮ ਹੁੰਦਾ ਜਾ ਰਿਹਾ ਹੈ।
ਸਿਆਲ ਦੀ ਰੁੱਤ ਵਿਚ ਔਰਤਾਂ ਨੇ ਜਦੋਂ ਨਰਮੇ-ਕਪਾਹ ਚੁਗਣੇ ਜਾਂ ਸਾਗ ਤੋੜਨ ਜਾਣਾ ਤਾਂ ਖੇਤਾਂ-ਬੰਨਿਆਂ ‘ਤੇ ਰੌਣਕਾਂ ਲੱਗ ਜਾਣੀਆਂ। ਸਭ ਤੋਂ ਵੱਧ ਰੌਣਕ ਪਿੰਡ ਦੀ ਕਿਸੇ ਗਲੀ-ਗੁੱਠੇ ਜਾਂ ਬਾਹਰ ਕਿਸੇ ਬੁੱਢੀ ਮਾਈ ਵੱਲੋਂ ਦਾਣੇ ਭੁੰਨਣ ਲਈ ਤਪਾਈ ਭੱਠੀ ‘ਤੇ ਹੁੰਦੀ ਸੀ। ਮੱਕੀ, ਛੋਲੇ, ਬਾਜਰੇ ਦੇ ਦਾਣੇ ਭੁੰਨਾਉਣ ਆਈਆਂ ਚੁੰਗਾਂ, ਜਿਨ੍ਹਾਂ ਵਿਚ ਬਾਲੜੀਆਂ ਵੱਧ ਹੁੰਦੀਆਂ ਸਨ, ਹਾਸਾ-ਠੱਠਾ, ਮਖੌਲ ਕਰਦੀਆਂ ਨੇ ਦਾਣੇ ਭੁੰਨਾ ਕੇ, ਪੋਟਲੀਆਂ ਵਿਚ ਬੰਨ੍ਹ ਕੇ ਘਰਾਂ ਨੂੰ ਤੁਰ ਜਾਣਾ ਤੇ ਹੁਣ ਇਹ ਸਭ ਕੁਝ ਗੁਜ਼ਰ ਗਏ ਦੀ ਗੱਲ ਹੋ ਗਿਆ ਹੈ। ਅੱਗੇ ਪਿੰਡਾਂ ਵਿਚ ਜਦੋਂ ਵਿਆਹ ਬੱਝਦਾ ਹੁੰਦਾ ਸੀ ਤਾਂ ਸ਼ਰੀਕੇ-ਭਾਈਚਾਰੇ ਦੀਆਂ ਸਵਾਣੀਆਂ ਗੀਤਾਂ ‘ਤੇ ਬੈਠਣ ਤੋਂ ਲੈ ਕੇ ਮੇਲ ਦੀ ਰੋਟੀ ਪਕਾਉਣ, ਜਾਗੋ ਕੱਢਣ ਅਤੇ ਜੰਞ ਤੋਰਨ ਜਾਂ ਘਰ ਆਈ ਜੰਞ ਦੀ ਸੇਵਾ ਕਰਨ ਤੱਕ ਰਲ ਕੇ ਹੱਥ ਵਟਾਉਂਦੀਆਂ ਸਨ। ਇਸ ਨਾਲ ਦਿਲੀ ਸਾਂਝ ਬਣੀ ਰਹਿੰਦੀ ਸੀ।
ਹੁਣ ਕਿਸੇ ਪਿੰਡ ਜਾ ਕੇ ਵੇਖ ਲਓ, ਉਸ ਦੀ ਨੁਹਾਰ ਸ਼ਹਿਰੀ ਮੁਹੱਲਿਆਂ ਵਰਗੀ ਬਣਦੀ ਜਾ ਰਹੀ ਹੈ। ਆਂਢ-ਗੁਆਂਢ ਸਬਜ਼ੀ-ਭਾਜੀ ਦੀ ਕੌਲੀ ਵਟਾਉਣ ਦਾ ਹੇਜ ਵੀ ਖਤਮ ਹੋ ਰਿਹਾ ਹੈ। ਜਿਥੇ ਤੀਆਂ, ਤ੍ਰਿੰਝਣਾਂ, ਸੱਥਾਂ, ਮੋੜਾਂ ਉੱਤੇ ਮਹਿਫਲਾਂ ਲੱਗੀਆਂ ਹੁੰਦੀਆਂ ਸਨ, ਉਥੇ ਹੁਣ ਸ਼ਹਿਰੀ ਘਰਾਂ ਵਾਂਗ ਬੰਦ ਬੂਹੇ ਹੀ ਮਿਲਦੇ ਹਨ।
ਕਦੇ ਪੇਂਡੂ ਘਰਾਂ ਵਿਚ ਆਏ ਪ੍ਰਾਹੁਣੇ ਅਤੇ ਜਵਾਈ-ਭਾਈ ਨੂੰ ਖਾਲੀ ਮੰਜੇ ‘ਤੇ ਬਿਠਾਉਣਾ ਮਾੜਾ ਸਮਝਿਆ ਜਾਂਦਾ ਸੀ, ਸਗੋਂ ਪਹਿਲਾਂ ਚਾਦਰ, ਦੋਹਰਾ ਜਾਂ ਚਤਈ ਵਿਛਾ ਕੇ ਵਧੀਆ ਸਰ੍ਹਾਣਾ ਰੱਖਿਆ ਜਾਂਦਾ ਸੀ ਤੇ ਫਿਰ ਬਿਠਾਇਆ ਜਾਂਦਾ ਸੀ ਪਰ ਹੁਣ ਤਾਂ ਬੰਦ ਘਰਾਂ ਦੇ ਬੂਹੇ ਹੀ ‘ਜੀ ਆਇਆਂ’ ਕਹਿੰਦੇ ਹਨ। ਮਾਣ-ਤਾਣ ਕਾਹਦਾ ਰਹਿ ਗਿਆ। ਬਦਲਦੇ ਜ਼ਮਾਨੇ ਵਿਚ ਹੋਈ ਸਾਇੰਸ ਦੀ ਤਰੱਕੀ ਨੇ ਸਾਦ-ਮੁਰਾਦੇ ਪੇਂਡੂ ਦੀ ਮਲਕੜੇ ਜਿਹੇ ਤੁਰਨ ਵਾਲੀ ਸਾਦਗੀ ਖੋਹ ਲਈ ਹੈ। ਅੱਜ ਟੀ. ਵੀ., ਕੰਪਿਊਟਰ ਤੇ ਮੋਬਾਈਲ ਦੇ ਜ਼ਮਾਨੇ ਵਿਚ ਜਦੋਂ ਦੁਨੀਆ ਚੰਨ ‘ਤੇ ਘਰ ਪਾਉਣ ਨੂੰ ਤਿਆਰ ਹੋ ਗਈ ਹੈ, ਅੱਜ ਪਿੰਡਾਂ ਦੀਆਂ ਉਹ ਗੱਲਾਂ ਪਰੀ ਲੋਕ ਦੀਆਂ ਕਹਾਣੀਆਂ ਵਰਗੀਆਂ ਲਗਦੀਆਂ ਹਨ।
ਕਿਸੇ ਨਾ ਕਿਸੇ ਘਰ ਦੀ ਸੁਚੱਜੀ ਤ੍ਰੀਮਤ ਕੋਈ ਨਾ ਕੋਈ ਮਿੱਠਾ ਪਕਵਾਨ ਬਣਾਉਣਾ ਜ਼ਰੂਰੀ ਹੀ ਜਾਣਦੀ ਹੁੰਦੀ ਸੀ। ਭਾਵੇਂ ਉਹ ਮਿੱਠਾ ਅੰਨ ਹੋਵੇ, ਚੂਰਮਾ, ਗੁੜ ਵਾਲੀਆਂ ਸੇਵੀਆਂ, ਗੁਲਗੁਲੇ, ਮੱਠੀਆਂ, ਖੀਰ-ਕੜਾਹ, ਪੰਜੀਰੀ ਜਾਂ ਲੋਹੜੀ ਦੇ ਤਿਉਹਾਰ ਮੌਕੇ ਘਰੇ ਬਣਾਈ ਗੱਚਕ, ਤਿਲ, ਛੋਲੇ, ਜਵਾਰ, ਬਾਜਰੇ ਦਾ ਗੁੜ ਵਿਚ ਬਣਾਇਆ ਭੁੱਗਾ ਜਾਂ ਭੂਤ ਪਿੰਨੇ ਮਿੱਠੇ ਖਾਣ ਦੇ ਸ਼ੌਕੀਨਾਂ ਦੀ ਪੂਰਤੀ ਜ਼ਰੂਰ ਕਰਦਾ ਸੀ ਤੇ ਨਾਲ-ਨਾਲ ਇਹ ਚੀਜ਼ਾਂ ਤਾਕਤਵਰ ਵੀ ਸਨ, ਜਿਨ੍ਹਾਂ ਨਾਲ ਪੇਂਡੂਆਂ ਨੂੰ ਸਬਰ-ਸੰਤੋਖ ਆ ਜਾਂਦਾ ਸੀ ਤੇ ਉਨ੍ਹਾਂ ਦੀ ਖੁੱਲ੍ਹ ਕੇ ਖਾਣ ਦੀ ਰੀਝ ਵੀ ਪੂਰੀ ਹੋ ਜਾਂਦੀ ਸੀ ਪਰ ਅੱਜ ਨਾ ਕਿਸੇ ਕੋਲ ਹੁਨਰ ਹੈ ਅਤੇ ਨਾ ਸਮਾਂ। ਅੱਜਕਲ੍ਹ ਪਿੰਡਾਂ ਵਿਚ ਵਧ ਰਹੇ ਰਾਜਨੀਤਿਕ ਪ੍ਰਭਾਵ ਨੇ ਵੀ ਇਕੋ ਪਰਿਵਾਰ ਦੀ ਸਾਂਝ ਅਤੇ ਆਪਸੀ ਭਾਈਚਾਰੇ ਨੂੰ ਵੱਡਾ ਖੋਰਾ ਲਾਇਆ ਹੈ, ਜਿਸ ਕਾਰਨ ਆਪਸ ਦੇ ਰਿਸ਼ਤਿਆਂ ਵਿਚ ਰੰਜਿਸ਼ ਵਧੀ ਹੈ ਤੇ ਮੋਹ-ਪਿਆਰ ਦੀ ਭਾਵਨਾ ਖੰਭ ਲਾ ਕੇ ਉਡ ਗਈ ਹੈ। ਹੁਣ ਹਰ ਕੋਈ ਆਪਣੇ ਨਿੱਜ ਤੋਂ ਵਧ ਕੇ ਨਹੀਂ ਸੋਚਦਾ, ਪਤਾ ਨਹੀਂ ਕਿਹੋ ਜਿਹੀ ਦਿਓ ਨਜ਼ਰ ਲੱਗ ਗਈ ਹੈ, ਪੰਜਾਬ ਦੇ ਪਿੰਡਾਂ ‘ਚੋਂ ਹੌਲੀ-ਹੌਲੀ ਸਭ ਕੁਝ ਮੁੱਕਦਾ ਜਾ ਰਿਹਾ ਹੈ।