Wednesday 15 October 2014

ਗਾਇਕੀ ਦਾ ਵਹਿਦਾ ਦਰਿਆ ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ

ਉਸਤਾਦ ਨੁਸਰਤ ਫ਼ਤਹਿ ਅਲੀ ਖ਼ਾਨ ਨੂੰ ਕੌਣ ਨਹੀਂ ਜਾਣਦਾ। ਪੂਰੀ ਦੁਨੀਆਂ ਵਿੱਚ ਆਪਣੀ ਗਾਇਕੀ ਦਾ ਲੋਹਾ ਮਨਵਾਉਣ ਵਾਲੇ ਇਸ ਮਹਾਨ ਗਾਇਕ ਦਾ ਜਨਮ 13 ਅਕਤੂਬਰ 1948 ਨੂੰ ਲਾਇਲਪੁਰ (ਮੌਜੂਦਾ ਫ਼ੈਸਲਾਬਾਦ) ਪਾਕਿਸਤਾਨ ਵਿਖੇ ਹੋਇਆ। ਚਾਰ ਭੈਣਾਂ ਅਤੇ ਦੋ ਭਰਾਵਾਂ ਵਾਲੇ ਵੱਡੇ ਪਰਿਵਾਰ ਵਿੱਚ ਉਨ੍ਹਾਂ ਦਾ ਪਾਲਣ-ਪੋਸ਼ਣ ਹੋਇਆ। ਉਨ੍ਹਾਂ ਦੇ ਪਿਤਾ ਫ਼ਤਹਿ ਅਲੀ ਖ਼ਾਨ ਭਾਰਤ-ਪਾਕਿਸਤਾਨ ਵੰਡ ਤੋੋਂ ਪਹਿਲਾਂ ਜਲੰਧਰ ਦੀ ਬਸਤੀ ਸ਼ੇਖ ਵਿੱਚ ਰਹਿੰਦੇ ਸਨ, ਜਿੱਥੇ ਉਨ੍ਹਾਂ ਦੇ ਵੱਡੇ-ਵਡੇਰੇ ਅਫ਼ਗਾਨਿਸਤਾਨ ਤੋੋਂ ਹਿਜ਼ਰਤ ਕਰਕੇ ਆਏ ਸਨ। ਬਚਪਨ ਤੋੋਂ ਹੀ ਉਨ੍ਹਾਂ ਨੂੰ ਸੰਗੀਤ ਦਾ ਬੇਹੱਦ ਸ਼ੌਕ ਸੀ ਪਰ ਉਨ੍ਹਾਂ ਦੀ ਆਵਾਜ਼ ਬਹੁਤ ਪਤਲੀ ਹੋਣ ਕਾਰਨ ਉਨ੍ਹਾਂ ਦੇ ਪਿਤਾ ਫ਼ਤਹਿ ਅਲੀ ਖ਼ਾਨ ਕਹਿੰਦੇ ਸਨ ਕਿ ਤੂੰ ਗਾ ਨਹੀਂ ਸਕਦਾ ਸਗੋਂ ਗਾਇਕੀ ਲਈ ਤੈਥੋਂ ਛੋੋਟੇ ਫਰਖ ਦੀ ਆਵਾਜ਼ ਜ਼ਿਆਦਾ ਢੁਕਵੀਂ ਹੈ ਪਰ ਉਸਤਾਦ ਨੁਸਰਤ ਜਿਸ ਨੂੰ ਘਰ ਵਿੱਚ ਪੇਜ਼ੀ ਕਹਿ ਕੇ ਬੁਲਾਇਆ ਜਾਂਦਾ ਸੀ, ਨੇ ਲਗਾਤਾਰ ਰਿਆਜ਼ ਤੇ ਸਖ਼ਤ ਮਿਹਨਤ ਨਾਲ ਆਪਣੇ ਪਿਤਾ ਨੂੰ ਇਹ ਮਹਿਸੂਸ ਕਰਵਾ ਦਿੱਤਾ ਕਿ ਉਹ ਭਵਿੱਖ ਵਿੱਚ ਸੰਗੀਤ ਦਾ ਸਿਤਾਰਾ ਬਣ ਕੇ ਚਮਕੇਗਾ। ਉਨ੍ਹਾਂ ਦੇ ਘਰ ਉਸ ਸਮੇਂ ਇੱਕ ਫ਼ਕੀਰ ਆਇਆ ਕਰਦੇ ਸਨ ਜਿਨ੍ਹਾਂ ਦਾ ਪਰਿਵਾਰ ਵਿੱਚ ਬਹੁਤ ਸਤਿਕਾਰ ਸੀ। ਇਸ ਵਾਰ ਉਹ ਫ਼ਕੀਰ ਜਦ ਘਰ ਆਏ ਤਾਂ ਨੁਸਰਤ ਸਾਹਿਬ ਦੇ ਪਿਤਾ ਨੇ ਉਨ੍ਹਾਂ ਅੱਗੇ ਫਰਿਆਦ ਕੀਤੀ ਕਿ ਇਸ ਬੱਚੇ ਨੂੁੰ ਮੈਂ ਉਚੇਰੀ ਵਿਦਿਆ ਦਿਵਾ ਕੇ ਡਾਕਟਰ ਬਣਾਉਣਾ ਚਾਹੰਦਾ ਹਾਂ ਪਰ ਇਸ ਨੂੰ ਸੰਗੀਤ ਤੋੋਂ ਬਿਨਾਂ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ। ਇਹ ਸੁਣ ਕੇ ਉਹ ਫ਼ਕੀਰ ਸਾਧੂ ਕੁਝ ਦੇਰ ਲਈ ਚੁੱਪ ਰਹੇ। ਉਸ ਤੋੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਇਸ ਬੱਚੇ ਦੇ ਨਾਂ ਪ੍ਰਵੇਜ਼ (ਪੇਜ਼ੀ) ਦੀ ਬਜਾਏ, ਜੇ ਇਸ ਦੇ ਨਾਂ ਨਾਲ ਦੋ ਵਾਰ ਫ਼ਤਹਿ ਲਗਾਇਆ ਜਾਵੇ ਤਾਂ ਇਹ ਸੰਗੀਤ ਦੀ ਦੁਨੀਆਂ ਨੂੰ ਜਿੱਤ ਲਵੇਗਾ। ਉਸ ਫ਼ਕੀਰ ਨੇ ਹੀ ਪੇਜ਼ੀ ਦਾ ਨਾਂ ਨੁਸਰਤ ਫ਼ਤਹਿ ਅਲੀ ਖ਼ਾਨ ਰੱਖਿਆ ਕਿਉਂਕਿ ਨੁਸਰਤ ਦਾ ਅਰਥ ਵੀ ਫ਼ਤਹਿ ਹੈ। ਇਸ ਤਰ੍ਹਾਂ ਉਨ੍ਹਾਂ ਦੇ ਨਾਂ ਨਾਲ ਦੋ ਵਾਰ ਫ਼ਤਹਿ ਲੱਗ ਗਿਆ।
ਨੁਸਰਤ ਫ਼ਤਹਿ ਅਲੀ ਖ਼ਾਨ ਨੇ ਸੰਗੀਤ ਦੀ ਮੁਢਲੀ ਸਿੱਖਿਆ ਆਪਣੇ ਪਿਤਾ ਫ਼ਤਹਿ ਅਲੀ ਖ਼ਾਨ ਤੋੋਂ ਹਾਸਲ ਕੀਤੀ। ਅਜੇ ਉਹ ਸੰਗੀਤ ਸਿੱਖ ਹੀ ਰਹੇ ਸਨ ਕਿ 12 ਮਾਰਚ 1964 ਵਿੱਚ ਉਨ੍ਹਾਂ ਦੇ ਪਿਤਾ ਫ਼ਤਹਿ ਅਲੀ ਖ਼ਾਨ ਸਦੀਵੀਂ ਵਿਛੋੜਾ ਦੇ ਗਏ। ਇਸ ਤੋੋਂ ਬਾਅਦ ਉਨ੍ਹਾਂ ਨੇ ਆਪਣੇ ਤਾਇਆ ਉਸਤਾਦ ਮੁਬਾਰਕ ਅਲੀ ਖ਼ਾਨ, ਉਸਤਾਦ ਸਲਾਮਤ ਅਲੀ ਖ਼ਾਨ ਅਤੇ ਆਪਣੇ ਚਾਚਾ ਤੋੋਂ ਸੰਗੀਤ ਦੀ ਤਾਲੀਮ ਹਾਸਲ ਕੀਤੀ ਅਤੇ ਨਾਲ ਹੀ ਸਕੂਲ ਤੋੋਂ 10ਵੀਂ ਤਕ ਪੜ੍ਹਾਈ ਕੀਤੀ। ਹਰ ਰੋਜ਼ ਦਸ-ਦਸ ਘੰਟੇ ਰਿਆਜ਼ ਕਰਨ ਨਾਲ ਉਨ੍ਹਾਂ ਦੀ ਆਵਾਜ਼ ਵਿੱਚ ਪਕਿਆਈ ਆਉਂਦੀ ਗਈ। ਕਈ ਵਾਰ ਅਜਿਹਾ ਵੀ ਹੋਣਾ ਕਿ ਸਵੇਰ ਵੇਲੇ ਰਿਆਜ਼ ਕਰਨ ਨਾਲ ਦਿਨ ਸ਼ੁਰੂ ਹੋਣਾ ਤੇ ਜਦੋਂ ਰਿਆਜ਼ ਤੋਂ ਬਾਅਦ ਬੈਠਕ ਦਾ ਦਰਵਾਜ਼ਾ ਖੋਲ੍ਹਣਾ ਤਾਂ ਵੇਖਣਾ ਕਿ ਬਾਹਰ ਤਾਂ ਰਾਤ ਪੈ ਚੁੱਕੀ ਹੈ। ਉਨ੍ਹਾਂ ਨੇ ਆਪਣੇ ਪਿਤਾ ਦੀ ਬਰਸੀ ਉੱਪਰ ਗਾਇਆ ਤਾਂ ਉਨ੍ਹਾਂ ਦੀ ਗਾਇਕੀ ਉੱਪਰ ਮੋਹਰ ਲੱਗ ਗਈ। ਸੰਨ 1964 ਵਿੱਚ ਪਾਕਿਸਤਾਨ ਰੇਡੀਓ ਉੱਪਰ ਪ੍ਰੋਗਰਾਮ ‘ਜਸ਼ਨ-ਏ-ਬਹਾਰ’ ਤੋਂ ਗਾਇਆ ਤਾਂ ਬਹੁਤ ਮਕਬੂਲੀਅਤ ਮਿਲੀ। ਜਲਦੀ ਹੀ ਨੁਸਰਤ ਨੂੰ ਉਰਦੂ, ਫਾਰਸੀ, ਪੰਜਾਬੀ, ਹਿੰਦੀ ਅਤੇ ਅਰਬੀ ਆਦਿ ਭਾਸ਼ਾਵਾਂ ਵਿੱਚ ਗਾਉਣ ਦੀ ਮੁਹਾਰਤ ਹੋ ਗਈ। ਕਵਾਲੀ ਵਿੱਚ ਉਹ ਲੈਅ-ਕਾਰੀ ਤੇ ਤਾਲ ਦਾ ਬਹੁਤ ਖ਼ਿਆਲ ਰੱਖਦੇ। ਰਾਗ ਗਾਉਂਦੇ ਸਮੇਂ ਆਰੋਹ ਅਬਰੋਹ ਉੱਪਰ ਉਨ੍ਹਾਂ ਦੀ ਕਮਾਲ ਦੀ ਪਕੜ ਹੋ ਗਈ। ਸੰਨ 1979 ਵਿੱਚ ਉਨ੍ਹਾਂ ਦਾ ਵਿਆਹ ਹੋਇਆ ਅਤੇ ਫਿਰ ਉਨ੍ਹਾਂ ਘਰ ਇੱਕ ਬੇਟੀ ਨੇ ਜਨਮ ਲਿਆ। ਇਸ ਸਮੇਂ ਦੌਰਾਨ ਉਨ੍ਹਾਂ ਦੀ ਗਾਇਕੀ ਬੁਲੰਦੀਆਂ ਛੁੂਹਣ ਲੱਗੀ। ਸਾਲ 1980 ਵਿੱਚ ਫ਼ਿਲਮੀ ਅਦਾਕਾਰ ਰਾਜ ਕਪੂਰ ਦੇ ਪੁੱਤ ਦੇ ਵਿਆਹ ਲਈ ਉਹ ਭਾਰਤ ਆਏ। ਇਸ ਤੋਂ ਬਾਅਦ ਸਾਊਦੀ ਅਰਬ, ਮਿਸਰ, ਨਾਰਵੇ, ਡੈਨਮਾਰਕ, ਸਵੀਡਨ, ਇੰਗਲੈਂਡ, ਬੈਲਜੀਅਮ, ਫਰਾਂਸ, ਕੈਨੇਡਾ ਆਦਿ ਮੁਲਕਾਂ ਵਿੱਚ ਉਨ੍ਹਾਂ ਨੇ ਆਪਣੀ ਗਾਇਕੀ ਦੀ ਧਾਕ ਜਮਾਈ। ‘ਅੱਖੀਆਂ ਉਡੀਕ ਦੀਆਂ ਦਿਲ ’ਵਾਜ਼ਾਂ ਮਾਰਦਾ’, ‘ਚਰਖੇ ਦੀ ਘੂਕ’, ‘ਨਿੱਤ ਖੈਰ ਮੰਗਾਂ ਸੋਹਣਿਆਂ ਮੈਂ ਤੇਰੀ’ ਆਦਿ ਸੰਗੀਤਕ ਵੰਨਗੀਆਂ ਨਾਲ ਉਹ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਲੱਗੇ। ਉਨ੍ਹਾਂ ਦੁਆਰਾ ਗਾਈਆਂ ਕਵਾਲੀਆਂ ਥਾਂ-ਥਾਂ ਗੂੰਜਣ ਲੱਗੀਆਂ। ਬਾਲੀਵੁੱਡ ਵਿੱਚ ਉਨ੍ਹਾਂ ਨੇ ਕਈ ਫ਼ਿਲਮਾਂ ਨੂੰ ਆਪਣੇ ਸੰਗੀਤ ਨਾਲ ਸ਼ਿੰਗਾਰਿਆ।
ਗੁਰਬਾਣੀ ਤੇ ਬਾਬਾ ਫਰੀਦ ਦੇ ਸ਼ਲੋਕਾਂ ਨੂੰ ਸੰਗੀਤਬੱਧ ਕਰਨ ਤੋਂ ਇਲਾਵਾ ਉਨ੍ਹਾਂ ਨੇ ਬਾਬਾ ਬੁੱਲ੍ਹੇ ਸ਼ਾਹ, ਸ਼ਿਵ ਕੁਮਾਰ ਬਟਾਲਵੀ ਆਦਿ ਦੀਆਂ ਰਚਨਾਵਾਂ ਅਤੇ ਗੀਤ ਗਾ ਕੇ ਨਵੀਆਂ ਪੈੜਾਂ ਪਾਈਆਂ। ਇਸ ਸਮੇਂ ਹੀ ਸ਼ੂਗਰ ਵਰਗੇ ਰੋਗ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਕਈ ਹੋਰ ਸਰੀਰਕ ਔਕੜਾਂ ਵੀ ਆਉਣ ਲੱਗੀਆਂ। ਸੰਨ 1997 ਵਿੱਚ ਆਪਣਾ ਇਲਾਜ ਕਰਵਾਉਣ ਲਈ ਉਹ ਇੰਗਲੈਂਡ ਗਏ ਪਰ ਇਸ ਸਮੇਂ ਤਕ ਬਿਮਾਰੀ ਵਧ ਚੁੱਕੀ ਸੀ। ਅੰਤ ਅਨੇਕਾਂ ਮਾਣ-ਸਨਮਾਨ ਹਾਸਲ ਕਰਨ ਵਾਲਾ ਗਾਇਕੀ ਦਾ ਚਮਕਦਾ ਸੂਰਜ ਆਪਣੇ ਸਿਖਰ ਦੁਪਿਹਰੇ 16 ਅਗਸਤ 1997 ਨੂੰ ਅਸਤ ਹੋ ਗਿਆ।
- ਮਨਜੀਤ ਸਿੰਘ ਗਿੱਲ

No comments:

Post a Comment