Tuesday 14 October 2014

ਨੌਵੇਂ ਗੁਰੂ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਤੀਰਸਰ ਸਾਹਿਬ


ਅੱਜ ਵੀ ਮਿੱਠੈ ਖਿਆਲਾ ਖੁਰਦ ਦੇ ਖੂਹ ਦਾ ਪਾਣੀ

ਗੁਰੂ ਤੇਗ ਬਹਾਦਰ ਸਾਹਿਬ ਦੇ ਮਾਲਵਾ ਖੇਤਰ ਦੀ ਯਾਤਰਾ ਦੌਰਾਨ ਪਿੰਡ ਖਿਆਲਾ ਕਲਾਂ ਦੀ ਧਰਤੀ ਨੂੰ ਭਾਗ ਲਗਾਉਣ ਸਮੇਂ ਲੋਕਾਂ ਦੀ ਪੀਣ ਦੇ ਪਾਣੀ ਦੀ ਮੰਗ ’ਤੇ ਬਖਸ਼ਿਸ ਕੀਤੇ ਗਏ ਖੂਹ ਦਾ ਪਾਣੀ ਅੱਜ ਵੀ ਮਿੱਠੈ। ਤਿੰਨ ਸੌ ਫੁੱਟ ਦੀ ਡੁੰਘਾਈ ਵਾਲੇ ਇਸ ਖੂਹ ਦੀ ਦਾਸਤਾਂ ਵੀ ਅਨੋਖੀ ਹੈ। ਇਤਿਹਾਸਕਾਰਾਂ ਮੁਤਾਬਕ ਸਾਲ 1665-66 ਦੇ ਫੱਗਣ ਅਤੇ ਚੇਤਰ ਦੇ ਮਹੀਨੇ ਗੁਰੂ ਤੇਗ ਬਹਾਦਰ ਆਪਣੇ ਪਰਿਵਾਰ ਸਮੇਤ ਖਿਆਲਾ ਕਲਾਂ ਵਿਖੇ ਆਏ ਸਨ। ਇਸ ਸਮੇਂ ਗੁਰੂ ਜੀ ਨਾਲ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਅਤੇ ਮਾਮਾ ਕਿਰਪਾਲ ਚੰਦ ਸਨ। ਸੱਤ ਦਿਨ ਗੁਰਦੁਆਰਾ ਗੁਰੂਸਰ ਵਾਲੀ ਥਾਂ ਇੱਕ ਟਿੱਲੇ ’ਤੇ ਵਣ ਦੇ ਹੇਠਾਂ ਠਹਿਰੇ ਸਨ। ਇਸੇ ਸਮੇਂ ਦੌਰਾਨ ਹੀ ਪਿੰਡ ਖਿਆਲਾ ਕਲਾਂ ਦੇ ਇੱਕ ਪੰਡਤ ਨੇ ਆਪ ਜੀ ਨੂੰ ਛੰਨੇ ਵਿੱਚ ਦੁੱਧ ਪਿਲਾਇਆ।
ਆਪ ਜੀ ਸੰਗਤਾਂ ਨੂੰ ਪ੍ਰਵਚਨ ਕਰਦੇ ਸਨ। ਇੱਕ ਦਿਨ ਪਿੰਡ ਖਿਆਲਾ ਦੀ ਸੰਗਤ ਨੇ ਬੇਨਤੀ ਕੀਤੀ ਕਿ ਸਾਡੇ ਪਿੰਡ ਦਾ ਪਾਣੀ ਕੌੜਾ ਅਤੇ ਖਾਰਾ ਹੈ। ਗੁਰੂ ਜੀ ਨੇ ਇੱਕ ਤੀਰ ਚਲਾਇਆ ਅਤੇ ਬਚਨ ਕੀਤੇ ਜਿਸ ਥਾਂ ਇਹ ਤੀਰ ਡਿੱਗੇਗਾ ਉਸ ਥਾਂ ਖੂਹ ਲਗਾਓ ਪਾਣੀ ਮਿੱਠਾ ਹੋਵੇਗਾ। ਜਾਂਦੇ ਸਮੇਂ ਗੁਰੂ ਜੀ ਤੀਰ ਡਿੱਗਣ ਵਾਲੀ ਥਾਂ ਚਰਨ ਪਾ ਕੇ ਗਏ। ਪਿੰਡ ਦੇ ਲੋਕਾਂ ਨੇ ਤੀਰ ਡਿੱਗਣ ਵਾਲੀ ਥਾਂ ਰਲ-ਮਿਲ ਕੇ ਖੂਹ ਲਗਾਇਆ। ਖੂਹ ਦਾ ਪਾਣੀ ਠੰਢਾ ਅਤੇ ਮਿੱਠਾ ਨਿਕਲਿਆ । ਮਿੱਠੇ ਜਲ ਦਾ ਸੋਮਾ ਫੁੱਟ ਪੈਣ ਤੋਂ ਬਾਅਦ ਖੂਹ ਦੇ ਨੇੜੇ ਹੀ ਪਿੰਡ ਖਿਆਲਾ ਖੁਰਦ ਵਸ ਗਿਆ। ਇਸ ਥਾਂ ਸਿੱਖ ਧਰਮ ਦੇ ਕੀਰਤਨੀਏ ਅਤੇ ਸੇਵਾਦਾਰ ਸੇਵਾ ਕਰਦੇ ਅਤੇ ਠੰਢਾ-ਮਿੱਠਾ ਜਲ ਛਕ ਕੇ ਨਿਹਾਲ ਹੁੰਦੇ। ਫਿਰ ਸੰਗਤਾਂ ਨੇ ਖੂਹ ਦੇ ਨਜ਼ਦੀਕ ਹੀ ਕੱਚਾ ਕਮਰਾ ਛੱਤ ਕੇ ਗੁਰਦੁਆਰਾ ਤੀਰ ਸਰ ਸਾਹਿਬ ਦੀ ਨੀਂਹ ਰੱਖੀ। ਗੁਰੂ ਘਰ ਦੇ ਪ੍ਰੇਮੀ ਸੰਪੂਰਨ ਸਿੰਘ ਸਵਾਈ ਕਾ ਨੇ 12 ਵਿਘੇ ਜ਼ਮੀਨ ਗੁਰਦੁਆਰਾ ਤੀਰ ਸਰ ਨੂੰ ਦਾਨ ਕੀਤੀ। ਜਥੇਦਾਰ ਭਰਪੂਰ ਸਿੰਘ ਖਿਆਲਾ ਨੇ ਦੋ ਕਨਾਲ ਜ਼ਮੀਨ ਤੀਰ ਸਰ ਸਾਹਿਬ ਦੇ ਨਾਮ ਲਵਾਈ। ਖੂਹ ਦੇ ਨਜ਼ਦੀਕ ਉਸਰੇ ਗੁਰਦੁਆਰਾ ਤੀਰ ਸਰ ਸਾਹਿਬ ਅੱਜ ਗੁਰਧਾਮ ਬਣ ਗਏ ਹਨ। ਹਰ ਮੱਸਿਆ ਨੂੰ ਇਸ ਥਾਂ ਮੇਲਾ ਭਰਦਾ ਹੈ। ਦੂਰ ਨੇੜੇ ਤੋਂ ਆਈਆਂ ਸੰਗਤਾਂ ਗੁਰੂ ਘਰ ਵਿਖੇ ਮੱਥਾ ਟੇਕਣ ਉਪਰੰਤ ਕੜਾਹ ਪ੍ਰਸ਼ਾਦ ਛਕਦੀਆਂ ਅਤੇ ਗੁਰੂ ਵੱਲੋਂ ਬਖ਼ਸ਼ੇ ਖੂਹ ਦੇ ਦਰਸ਼ਨ ਕਰਦੀਆਂ ਹਨ। ਇਸ ਥਾਂ ਖੂਹ ਦੇ ਨਜ਼ਦੀਕ ਹੀ ਪਵਿੱਤਰ ਸਰੋਵਰ ਵੀ ਉਸਾਰ ਦਿੱਤਾ ਗਿਆ ਹੈ ਜਿਸ ਵਿੱਚ ਖੂਹ ਦਾ ਪਾਣੀ ਹੀ ਪਾਇਆ ਜਾਂਦਾ ਹੈ। ਗੁਰੂ ਘਰ ਵਿਖੇ ਮੱਥਾ ਟੇਕਣ ਉਪਰੰਤ ਸੰਗਤਾਂ ਖੂਹ ਦੇ ਪਵਿੱਤਰ ਜਲ ਵਿੱਚ ਇਸਨਾਨ ਕਰਕੇ ਸ਼ਾਂਤ ਹੁੰਦੀਆਂ ਹਨ।
ਇਤਿਹਾਸਕਾਰਾਂ ਮੁਤਾਬਕ ਅਬਾਦੀ ਵਧਣ ਤੋਂ ਬਾਅਦ ਕੱਚਾ ਕਮਰਾ ਉਸਾਰ ਕੇ ਨਿਸ਼ਾਨ ਸਾਹਿਬ ਝੁਲਾਇਆ ਗਿਆ। ਇਸੇ ਦਰਬਾਰ ਸਾਹਿਬ ਵਿੱਚ ਗੁਰੂਆਂ ਵੱਲੋਂ ਛੱਡੇ ਤੀਰ ਸਾਹਿਬ ਨੂੰ ਵੀ ਸੁਸ਼ੋਭਿਤ ਕਰ ਦਿੱਤਾ ਗਿਆ। ਫਿਰ 1943 ਵਿੱਚ ਇਸ ਥਾਂ ਪੱਕਾ ਦਰਬਾਰ ਸਾਹਿਬ ਉਸਾਰਿਆ ਗਿਆ। ਦਰਬਾਰ ਵਿੱਚ ਸੰਗਤਾਂ ਦੇ ਦਰਸ਼ਨਾਂ ਲਈ ਲਈ ਰੱਖੇ ਇਤਿਹਾਸਕ ਤੀਰ ਨੂੰ ਪਿੰਡ ਦੀਆਂ ਸੰਗਤਾਂ ਨੇ ਮਰਿਆਦਾ ਭੰਗ ਹੋਣ ਦੇ ਡਰੋਂ ਪਾਲਕੀ ਵਾਲੇ ਇੱਕ ਥਮਲੇ ਵਿੱਚ ਟਿਕਾ ਦਿੱਤਾ। ਸਮੇਂ ਨਾਲ ਪੁਰਾਣੇ ਪੈ ਚੁੱਕੇ ਇਸ ਦਰਬਾਰ ਸਾਹਿਬ ਦੀ ਮੁੜ ਉਸਾਰੀ ਲਈ ਸੰਗਤਾਂ ਨੇ 2008 ਵਿੱਚ ਕਾਰ ਸੇਵਾ ਆਰੰਭ ਕੀਤੀ। ਪਿੰਡ ਖਿਆਲਾ ਖੁਰਦ ਦੇ ਮੌਜੂਦਾ ਸਰਪੰਚ ਭਾਈ ਜਗਰੂਪ ਸਿੰਘ, ਸਾਬਕਾ ਪੰਚ ਭਾਈ ਨੱਥਾ ਸਿੰਘ ਅਤੇ ਭਾਈ ਬਿੱਕਰ ਸਿੰਘ ਨੇ ਦੱਸਿਆ ਕਾਰ ਸੇਵਾ ਦੌਰਾਨ 21-01-2008 ਨੂੰ ਥਮਲੇ ਵਿੱਚੋਂ ਤੀਰ ਸਾਹਿਬ ਮਿਲੇ। ਸਵਾ ਹੱਥ ਲੰਬਾਈ ਵਾਲਾ ਇਹ ਤੀਰ ਹੋਰਨਾਂ ਗੁਰੂ ਘਰਾਂ ਵਿੱਚ ਸਜਾਏ ਗੁਰੂ ਤੇਗ ਬਹਾਦਰ ਸਾਹਿਬ ਦੇ ਤੀਰਾਂ ਨਾਲ ਮਿਲਦਾ-ਜੁਲਦਾ ਹੈ। ਅੱਜ ਗੁਰਦੁਆਰਾ ਤੀਰ ਸਰ ਸਾਹਿਬ ਦੇ ਨਵੇਂ ਦਰਬਾਰ ਸਾਹਿਬ ਦੀ ਕਾਰ ਸੇਵਾ ਸੰਪੂਰਨ ਹੋਣ ਕੰਢੇ ਹੈ। ਇੱਥੇ ਵੱਡ-ਅਕਾਰੀ ਇਮਾਰਤ ਬਣ ਚੁੱਕੀ ਹੈ। ਦਰਬਾਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨਾਲ ਤੀਰ ਸਾਹਿਬ ਵੀ ਸਜਾਏ ਗਏ ਹਨ। ਦੂਰ-ਨੇੜੇ ਦੀਆਂ ਸੰਗਤਾਂ ਇਸ ਇਤਿਹਾਸਕ ਖੂਹ ਅਤੇ ਤੀਰ ਦੇ ਦਰਸ਼ਨਾਂ ਲਈ ਆਉਂਦੀਆਂ ਹਨ।

-ਹਰਦੀਪ ਸਿੰਘ ਜਟਾਣਾ


No comments:

Post a Comment