Wednesday, 4 September 2013

ਮਾਂਹ ਹੱਥ ਲਾਉਣਾ ( ਰੀਤੀ ਰਿਵਾਜ )



ਅੱਜ ਦੇ ਮਸ਼ੀਨੀ ਯੁੱਗ ਵਿਚ ‘ਮਾਂਹ ਹੱਥ ਲਾਉਣਾ’ ਜਾਂ ਮਾਂਹ ਹੱਥ ਕਰਨ ਵਰਗੀਆਂ ਭਾਈਚਾਰਕ ਸਾਂਝਾਂ ਤੇ ਮੋਹ ਭਰੀਆਂ ਰਸਮਾਂ ਵਿਸਰਦੀਆਂ ਜਾ ਰਹੀਆਂ ਹਨ। ਜਦੋਂ ਵੀ ਕਿਸੇ ਵਿਆਹ ਦਾ ਕਾਰਡ (ਸੱਦਾ ਪੱਤਰ) ਆਉਂਦਾ ਹੈ, ਖਾਸ ਕਰ ਆਪਣੇ ਪਿੰਡ ਜਾਂ ਭਾਈਚਾਰੇ ਦਾ ਤਾਂ ਮੈਨੂੰ ਉਹ ਰਸਮਾਂ ਬੜੀਆਂ ਯਾਦ ਆਉਂਦੀਆਂ ਹਨ ਤੇ ਉਹ ਮੇਰੇ ਜ਼ਿਹਨ ’ਚ ਅੜ ਖਲੋਂਦੀਆਂ ਨੇ। ਪਿੰਡਾਂ ਵਿਚ ਅਜੇ ਵੀ ਮਾੜੇ-ਮੋਟੇ ਰਸਮੋ-ਰਿਵਾਜ ਪੂਰੇ ਕੀਤੇ ਜਾਂਦੇ ਹਨ ਪਰ ਸ਼ਹਿਰੀ ਵਸਦੇ ਪੇਂਡੂ ਲੋਕ ਵੀ ਇਨ੍ਹਾਂ ਰਸਮਾਂ ਨੂੰ ਨਜ਼ਰ-ਅੰਦਾਜ਼ ਕਰੀ ਬੈਠੇ ਹਨ। ਵਿਆਹ ਦੇ ਕੰਮਾਂ ਦਾ ਸ਼ੁਭ ਆਰੰਭ ਕਰਨ ਨੂੰ ‘ਮਾਂਹ ਹੱਥ ਲਾਉਣਾ’ ਕਿਹਾ ਜਾਂਦਾ ਹੈ। ਕਈ ਥਾਈਂ ਇਸ ਨੂੰ ‘ਮਹਾਂ ਹੱਥ ਕਰਨਾ’ ਵੀ ਕਿਹਾ ਜਾਂਦਾ ਹੈ।
ਸਭ ਤੋਂ ਪਹਿਲਾਂ ਵਿਆਹ ਦੀ ਤਾਰੀਖ ਮਿਥ ਕੇ ਦੋਵਾਂ ਧਿਰਾਂ ਵੱਲੋਂ ਸਹਿਮਤੀ ਲਈ ਜਾਂਦੀ। ਕੁੜੀ ਦੇ ਮਾਪਿਆਂ, ਸ਼ਰੀਕੇ ਭਾਈਚਾਰੇ ਅਤੇ ਪੰਚਾਇਤ ਵੱਲੋਂ ਮੁੰਡੇ ਵਾਲਿਆਂ ਨੂੰ ਚਿੱਠੀ ਲਿਖੀ ਜਾਂਦੀ ਜਿਸ ਵਿਚ ਬਰਾਤ ਦੇ ਆਉਣ ਦਾ ਦਿਨ, ਤਾਰੀਖ ਤੇ ਸਮਾਂ ਲਿਖ ਕੇ ਸਮੇਂ ਸਿਰ ਪੁੱਜਣ ਦੀ ਬੇਨਤੀ ਵੀ ਕੀਤੀ ਹੁੰਦੀ। ਇਸ ਚਿੱਠੀ ਨੂੰ ‘ਸਾਹੇ ਚਿੱਠੀ’ ਕਿਹਾ ਜਾਂਦਾ। ਇਹ ਚਿੱਠੀ ਵਿਚੋਲੇ ਜਾਂ ਲਾਗੀ ਦੇ ਹੱਥ ਮੁੰਡੇ ਵਾਲਿਆਂ ਦੇ ਘਰ ਭੇਜੀ ਜਾਂਦੀ। ਚਿੱਠੀ ਭੇਜਣ ਅਤੇ ਅਗਲੇ ਘਰ ਚਿੱਠੀ ਪੁੱਜਣ ਤੋਂ ਬਾਅਦ ਕੋਈ ਚੰਗਾ ਦਿਨ ਤਿੱਥ ਵਿਚਾਰ ਕੇ ਵਿਆਹ ਦੇ ਕਾਰਜ ਆਰੰਭੇ ਜਾਂਦੇ। ਵਿਆਹ ਦੇ ਕੰਮ ਸਾਰਾ ਸ਼ਰੀਕਾ ਭਾਈਚਾਰਾ ਰਲ-ਮਿਲ ਕੇ ਕਰਦਾ।
ਪਿੰਡਾਂ ਵਿਚ ਕਣਕ, ਦਾਲਾਂ, ਚੌਲ, ਗੁੜ-ਸ਼ੱਕਰ ਤੇ ਦੇਸੀ ਖੰਡ ਵੀ ਘਰ ਦੀ ਹੁੰਦੀ। ਘਟੀ-ਵਧੀ ਚੀਜ਼ ਇਕ ਦੂਜੇ ਤੋਂ ਉਧਾਰ-ਸਧਾਰ ਲੈ ਕੇ ਸਾਰ ਲਿਆ ਜਾਂਦਾ। ਕੋਈ ਅਣਸਰਦੇ ਨੂੰ ਹੀ ਸ਼ਹਿਰੋਂ ਬਾਜ਼ਾਰੋਂ ਕੁਝ ਖਰੀਦਦਾ। ਇਹੋ ਕਾਰਨ ਸੀ ਲੋਕ ਕਰਜ਼ਈ ਨਹੀਂ ਸੀ ਹੁੰਦੇ, ਆਪਣੀ ਚਾਦਰ ਦੇਖ ਕੇ ਪੈਰ ਪਸਾਰਦੇ, ਫੋਕੇ ਦਿਖਾਵੇ ਨਾ ਕਰਦੇ ਤੇ ਮੁੜ ਖੁਦਕੁਸ਼ੀਆਂ ਵੀ ਨਾ ਕਰਦੇ। ਘਰਾਂ ਵਿਚ ਵਿਆਹ ਤੋਂ ਪਹਿਲਾਂ ਹੀ ਵਿਆਹ ਵਰਗੀ ਰੌਣਕ ਲੱਗ ਜਾਂਦੀ। ਕੋਈ ਚੰਗਾ ਦਿਨ ਤਿਥ ਵਿਚਾਰ ਕੇ ਵਿਆਹ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਜਾਂਦੀ। ਇਹ ਮਾਂਹ ਦੀ ਦਾਲ ਤੋਂ ਸ਼ੁਰੂ ਹੁੰਦੀ। ਘਰ ਦੀ ਲਾਗਣ ਗਲੀ-ਗੁਆਂਢ ਤੇ ਸ਼ਰੀਕੇ ਭਾਈਚਾਰੇ ਦੀਆਂ ਔਰਤਾਂ ਨੂੰ ਸੱਦਾ ਦੇ ਆਉਂਦੀ। ਉਹ ਇਕੱਠੀਆਂ ਹੋ ਕੇ ਆ ਜਾਂਦੀਆਂ। ਘਰ ਦੀਆਂ ਸੁਆਣੀਆਂ, ਵਿਆਹੀਆਂ-ਵਰੀਆਂ ਪੰਜ ਜਾਂ ਸੱਤ ਨੂੰਹਾਂ ਧੀਆਂ ਦੇ ਗੁੱਟ ’ਤੇ ਮੌਲੀ ਜਾਂ ਖੰਮਣੀ ਬੰਨ੍ਹ ਦਿੰਦੀਆਂ। ਕਈ ਘਰਾਂ ਵਿਚ ਲੱਕੜ ਦੀ ਭਾਰੀ ਉੱਖਲੀ ਹੁੰਦੀ ਜਾਂ ਫਿਰ ਪੱਥਰ ਜਾਂ ਸੀਮਿੰਟ ਦੀ, ਜੋ ਆਮ ਤੌਰ ’ਤੇ ਕੱਚੇ ਥਾਂ ਗੱਡੀ ਹੋਈ ਹੁੰਦੀ ਜਾਂ ਉਦਾਂ ਹੀ ਰੱਖੀ ਹੁੰਦੀ। ਅਜਿਹੇ ਮੌਕੇ ਉਹਨੂੰ ਚੁੱਕ ਕੇ ਖੁੱਲ੍ਹੇ ਥਾਂ ਵੀ ਰੱਖ ਲਿਆ ਜਾਂਦਾ। ਲੱਕੜ ਦਾ ਪੰਜ ਕੁ ਫੁੱਟ ਗੋਲਾਈਦਾਰ ਡੰਡਾ, ‘ਮੂਹਲਾ’ ਹੁੰਦਾ ਜੋ ਵਿਚਕਾਰੋਂ ਥੋੜ੍ਹਾ ਪਤਲਾ ਹੁੰਦਾ ਤੇ ਸਿਰਿਆਂ ਤੋਂ ਕਾਫੀ ਮੋਟਾ। ਸਾਬਤ ਕਾਲੇ ਮਾਂਹ ਉੱਖਲੀ ਵਿਚ ਪਾਏ ਜਾਂਦੇ ਤੇ ਉਨ੍ਹਾਂ ਨੂੰ ਮੂਹਲੇ ਨਾਲ ਕੁੱਟਿਆ ਜਾਂਦਾ। ਇਸ ਕੰਮ ਨੂੰ ਆਮ ਦਿਨਾਂ ਵਿਚ ‘ਮਾਂਹ ਛੜਨਾ’ ਵੀ ਕਿਹਾ ਜਾਂਦਾ ਹੈ। ਨੂੰਹਾਂ ਧੀਆਂ ਵਾਰੀ-ਵਾਰੀ ਮੂਹਲਾ ਫੜ ਕੇ ਮਾਂਹਾਂ ’ਤੇ ਹੌਲੀ-ਹੌਲੀ ਮਾਰਦੀਆਂ ਜਿਸ ਨਾਲ ਉਨ੍ਹਾਂ ਵਿਚ ਪਈ ਮਾੜੀ-ਮੋਟੀ ਮਿੱਟੀ ਦੀ ਰੋੜੀ ਭੰਨੀ ਜਾਂਦੀ ਤੇ ਥੱਲੇ ਬੈਠ ਜਾਂਦੀ। ਫਿਰ ਸਾਰੇ ਮਾਂਹ ਛਾਣੇ ਜਾਂਦੇ ਜਾਂ ਛੱਜ ਨਾਲ ਛੱਟੇ ਜਾਂਦੇ ਤੇ ਕਿਸੇ ਵੱਡੇ ਭਾਂਡੇ ਜਾਂ ਮਿੱਟੀ ਦੇ ਤੌਲੇ-ਭੜੋਲੀ ਵਿਚ ਪਾ ਦਿੱਤੇ ਜਾਂਦੇ ਤੇ ਸਾਰੀਆਂ ਨੂੰ ਗੁੜ ਵੰਡਿਆ ਜਾਂਦਾ। ਚਾਅ ਮੱਤੀਆਂ ਸੁਆਣੀਆਂ ਘੋੜੀਆਂ ਜਾਂ ਸੁਹਾਗ ਵੀ ਗਾ ਲੈਂਦੀਆਂ। ਕਣਕ ਛੱਟ ਸੁਆਰ ਕੇ ਪੀਹਣ ਕਰਨਾ, ਆਟਾ-ਚੱਕੀ ਪਿੰਡ ਵਿਚ ਹੁੰਦੀ ਤਾਂ ਵੀ ਜੇ ਨਾਲ ਦੇ ਪਿੰਡ ਜਾਂ ਕਸਬੇ ’ਚ ਹੁੰਦੀ ਤਾਂ ਵੀ ਬਲਦਾਂ ਵਾਲੇ ਗੱਡੇ ’ਤੇ ਥੈਲੇ ਬੋਰੀਆਂ ਭਰ ਕੇ ਰੱਖ ਲੈਣੇ। ਗਲੀ-ਮੁਹੱਲੇ ਦੇ ਚੋਬਰ ਹੱਸਦੇ-ਖੇਡਦੇ ਗੱਡੇ ’ਤੇ ਬੈਠ ਜਾਂਦੇ ਤੇ ਆਟਾ ਪਿਹਾ ਲਿਆਉਂਦੇ। ਔਖੇ ਭਾਰੇ ਕੰਮ ਵੀ ਹੌਲੇ ਫੁੱਲ ਬਣ ਜਾਂਦੇ। ਇਕ ਦੋ ਦਿਨਾਂ ਪਿੱਛੋਂ ਆਟਾ ਠੰਢਾ ਹੋ ਜਾਂਦਾ ਤੇ ਵਿਆਹ ਵਾਲੇ ਘਰੋਂ ਸ਼ਰੀਕੇ ਭਾਈਚਾਰੇ ਕੁੜੀਆਂ-ਕੱਤਰੀਆਂ ਤੇ ਸੁਆਣੀਆਂ ਨੂੰ ਘਰ ਦੀ ਲਾਗਣ ਸੱਦਾ ਦੇ ਕੇ ਆਉਂਦੀ ਕਿ ਆਟਾ ਛਾਣਨ ਤੇ ਦਾਲਾਂ-ਚੌਲ ਚੁਗਣ ਦਾ ਸੱਦਾ ਹੈ। ਸਾਰੀਆਂ ਆਪੋ-ਆਪਣੀਆਂ ਛਾਨਣੀਆਂ ਚੁੱਕੀ ਆਉਂਦੀਆਂ। ਸਾਫ਼-ਸੁਥਰੀਆਂ ਚਾਦਰਾਂ ਵਿਛਾ ਕੇ ਆਟੇ ਦੀਆਂ ਬੋਰੀਆਂ ਖੋਲ੍ਹੀ ਜਾਣੀਆਂ ਤੇ ਛਾਣੀ ਜਾਣੀਆਂ। ਬਹੁਤ ਹੀ ਰੌਣਕ ਵਾਲਾ ਤੇ ਮੋਹ ਭਰਿਆ ਮਾਹੌਲ ਹੁੰਦਾ। ਕੁੜੀ ਦੇ ਵਿਆਹ ਵਾਲੇ ਘਰ ਪੰਜ ਜਾਂ ਸੱਤ ‘ਸੁਹਾਗ’ ਗਾਏ ਜਾਂਦੇ ਤੇ ਮੁੰਡੇ ਵਾਲਿਆਂ ਦੇ ‘ਘੋੜੀਆਂ’ ਗਾਈਆਂ ਜਾਂਦੀਆਂ। ਉਹ ਸੁਹਾਗ ਤੇ ਘੋੜੀਆਂ ਮੇਰੇ ਚੇਤਿਆਂ ਵਿਚੋਂ ਕਦੇ ਨਹੀਂ ਵਿਸਰੇ। ਮਿਲਦੀ-ਜੁਲਦੀ ਆਵਾਜ਼ ਵਾਲੀਆਂ ਦੋ ਜਣੀਆਂ ਗਾਉਣਾ ਸ਼ੁਰੂ ਕਰਦੀਆਂ। ਸੁਹਾਗ ਛੋਹਦੀਆਂ -
‘‘ਲੰਮੀਏ ਨੀ ਝੰਮੀਏ ਲਾਲ ਖਜੂਰੇ,
ਕੀਹਨੇ ਵਰ ਟੋਲਿਆ ਨੀਂ ਦੂਰੇ…।’’

ਦੂਜੀ ਜੋੜੀ ਮੋੜਾ ਦਿੰਦੀ- ‘‘ਬਾਬਲ ਤਾਂ ਮੇਰਾ ਦੇਸਾਂ ਦਾ ਰਾਜਾ, ਉਹਨੇ ਵਰ ਟੋਲਿਆ ਨੀਂ ਦੂਰੇ…।’’
ਇਸ ਸੁਹਾਗ ਵਿਚ ਕ੍ਰਮਵਾਰ ਭਰਾ, ਤਾਏ-ਚਾਚੇ, ਮਾਮੇ ਤੇ ਦਾਦੇ ਦਾ ਨਾਂ ਵੀ ਲਿਆ ਜਾਂਦਾ। ਹਰ ਗੌਣ ਵਿਚ ਸਾਰੇ ਰਿਸ਼ਤੇ ਪਰੋਏ ਜਾਂਦੇ। ਫਿਰ ਦੂਜਾ ਸੁਹਾਗ ਸ਼ੁਰੂ ਹੁੰਦਾ-
‘‘ਉੱਚੀ ਰੋੜੀ ਜਾਈਂ ਬੀਬੀ, ਉੱਥੇ ਬਾਬਲ ਜੋ ਤੇਰਾ,
ਕਿਉਂ ਵੇ ਬਾਬਲ ਸੁੱਤੜਾ, ਘਰ ਕਾਰਜ ਮੇਰਾ…।’’
ਦੂਜੀ ਜੋੜੀ ਬਾਬਲ ਵੱਲੋਂ ਜਵਾਬ ਦੇਂਦੀ ਜਿਹੜਾ ਧੀ ਦੇ ਕਾਰਜ ਦੇ ਫਿਕਰ ’ਚ ਹੁੰਦਾ,
‘‘ਨਾ ਬੀਬੀ ਮੈਂ ਸੁੱਤੜਾ, ਨੈਣੀਂ ਨੀਂਦ ਏ ਨਾ ਆਵੇ…।’’

ਪਹਿਲੀ ਜੋੜੀ ਫਿਰ ਕਹਿੰਦੀ-
‘‘ਉੱਚੀ ਰੋੜੀ ਜਾਈਂ ਬੀਬੀ, ਉੱਥੇ ਵੀਰਨ ਤੇਰਾ…।’’
ਕਿਉਂ ਵੇ ਵੀਰਨ ਸੁੱਤੜਾ, ਘਰ ਕਾਰਜ ਮੇਰਾ…।’’

ਦੂਜੀ ਜੋੜੀ ਵੀਰਨ ਵੱਲੋਂ ਮੋੜਾ ਦੇਂਦੀ, ਉਹ ਵੀ ਬਾਬਲ ਵਾਂਗੂੰ ਫਿਕਰਮੰਦ ਹੁੰਦਾ।
‘‘ਨਾ ਭੈਣੇ ਮੈਂ ਸੁੱਤੜਾ, ਨੈਣੀਂ ਨੀਂਦ ਏ ਨਾ ਆਵੇ…।’’
ਇਹ ਲੰਮੇ ਗੌਣ ਜਾਂ ਸੁਹਾਗ ਸਾਡੀਆਂ ਆਰਥਿਕ ਹਾਲਤਾਂ ਜਾਂ ਮਜਬੂਰੀ ਦੀ ਗੱਲ ਵੀ ਕਰਦੇ ਤੇ ਮੋਹ ਦੀ ਬਾਤ ਵੀ ਪਾਉਂਦੇ। ਤੀਜਾ ਸੁਹਾਗ ਛੋਹਦੀਆਂ-
‘‘ਕੋਠਾ ਕਿਉਂ ਨਿਵਿਆਂ-ਧਰਮੀ ਕਿਉਂ ਨਿਵਿਆਂ…?’’
ਦੂਜੀ ਜੋੜੀ ਜਵਾਬ ਦੇਂਦੀ- ‘‘ਇਸ ਕੋਠੇ ਦੀ ਛੱਤ ਪੁਰਾਣੀ-ਕੋਠਾ ਧਰਮੀ ਤਾਂ ਨਿਵਿਆਂ…।’’

ਸਾਰੇ ਸੁਹਾਗ ਵਾਰੀ ਲੈ-ਲੈ ਕੇ ਗਾਏ ਜਾਂਦੇ। ਪਹਿਲੀ ਜੋੜੀ ਵਾਰੀ ਲੈਂਦੀ-‘‘ਬਾਬਲ ਕਿਉਂ ਨਿਵਿਆਂ-ਧਰਮੀ ਕਿਉਂ ਨਿਵਿਆਂ…?’’ਮੋੜਾ ਦਿੱਤਾ ਜਾਂਦਾ- ਇਸ ਬਾਬਲ ਦੀ ਬੇਟੀ ਕੁਆਰੀ-ਬਾਬਲ ਧਰਮੀ ਤਾਂ ਨਿਵਿਆਂ।’’
ਇਸ ਸੁਹਾਗ ਵਿਚ ਬੇਟੀ ਦੇ ਸਾਰੇ ਨੇੜਲੇ ਰਿਸ਼ਤੇਦਾਰਾਂ ਨੂੰ ਨਿਵਾਇਆ ਜਾਂਦਾ। ਧੀ ਵਾਲੇ ਨੂੰ ਸਦਾ ਨੀਵਾਂ ਸਮਝਿਆਂ ਜਾਂਦਾ ਹੈ। ਬਜ਼ੁਰਗ ਦਾਦੇ-ਨਾਨੇ ਨੂੰ ਨਿਵਾਇਆ ਜਾਂਦਾ।
‘‘ਦਾਦਾ ਕਿਉਂ ਨਿਵਿਆਂ-ਧਰਮੀ ਕਿਉਂ ਨਿਵਿਆਂ…?’’
ਦੂਜੀਆਂ ਕੁੜੀਆਂ ਵਾਰੀ ਲੈਂਦੀਆਂ-
‘‘ਇਸ ਦਾਦੇ ਦੀ ਪੋਤੀ ਕੁਆਰੀ-ਦਾਦਾ ਧਰਮੀ ਤਾਂ ਨਿਵਿਆਂ…।’’

ਅੱਜ ਔਰਤ-ਮਰਦ ਦੇ ਬਰਾਬਰ ਦੇ ਹੱਕਾਂ ਵਾਲੇ ਜ਼ਮਾਨੇ ਵਿਚ ਵੀ ਇਹ ਫਰਕ ਨਹੀਂ ਮਿਟਿਆ। ਮਾਦਾ ਭਰੂਣ ਹੱਤਿਆ ਇਸ ਦਾ ਮੂੰਹ ਬੋਲਦਾ ਸਬੂਤ ਹੈ। ਪਰ ਇਸ ਗੱਲੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਸਾਡੇ ਸਭਿਆਚਾਰ ਨੂੰ ਪੱਛਮੀ ‘ਹਵਾ’ ਨੇ ਬਹੁਤ ਢਾਅ ਲਾਈ ਹੈ। ਸਾਡੀਆਂ ਧੀਆਂ ਕਹਿੰਦੀਆਂ ਸਨ ਜਿਵੇਂ ਚੌਥਾ ਸੁਹਾਗ ਦੱਸਦਾ ਹੈ- ‘‘ਚੰਦਨ ਦੇ ਓਹਲੇ ਬੇਟੀ ਕਿਉਂ ਖੜ੍ਹੀ…?’’
ਧੀ ਕਹਿੰਦੀ ਹੈ- ‘‘ਮੈਂ ਤਾਂ ਖੜ੍ਹੀ ਸੀ ਬਾਬਲ ਜੀ ਦੇ ਪਾਸ
ਬਾਬਲ ਵਰ ਲੋੜੀਏ…।’’
ਅੱਜ ਕਈ ਧੀਆਂ ਮਾਪਿਆਂ ਦੀ ਇੱਜ਼ਤ ਮਿੱਟੀ ’ਚ ਮਿਲਾ ਦਿੰਦੀਆਂ ਹਨ। ‘ਕੋਰਟ ਮੈਰਿਜ’ ਕਰਵਾ ਕੇ ਬਾਬਲ ਦੇ ਹੱਥ ਉਹਦੀ ‘ਫੋਟੋ ਕਾਪੀ’ ਫੜਾ ਦਿੰਦੀਆਂ ਹਨ। ਪੰਜਵਾਂ ਸੁਹਾਗ ਬਹੁ-ਚਰਚਿਤ ਤੇ ਰੂਹ ਨੂੰ ਟੁੰਬ ਲੈਣ ਵਾਲਾ ਛੋਹਿਆ ਜਾਂਦਾ-
‘‘ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉਡ ਜਾਣਾ,
ਸਾਡੀ ਲੰਮੀ ਉਡਾਰੀ ਵੇ, ਬਾਬਲ ਕਿਹੜੇ ਦੇਸ ਜਾਣਾ…।’’

ਇਸ ਸੁਹਾਗ ਨੇ ਸਭ ਦੀਆਂ ਅੱਖਾਂ ਨਮ ਕਰ ਦੇਣੀਆਂ। ਵਿਆਹ ਵਾਲੀ ਕੁੜੀ ਨੇ ਭਰ-ਭਰ ਨੈਣ ਡੋਲ੍ਹਣੇ। ਪੰਜ-ਸੱਤ ਸੁਹਾਗ ਗਾ ਕੇ ਫਿਰ ਉਹ ਆਪਣੇ ਮਨਪਸੰਦ ਗੀਤ ਗਾਉਂਦੀਆਂ। ਇਨ੍ਹਾਂ ਲੰਮੇ ਗੌਣਾਂ ਨੂੰ ‘ਵਿਢੜੇ’ ਕਿਹਾ ਜਾਂਦਾ। ਜੋ ਮੇਰੇ ਖਿਆਲ ਵਿਚ ‘ਬਿਰਹੜੇ’ ਦਾ ਬਦਲਿਆ ਜਾਂ ਵਿਗੜਿਆ ਰੂਪ ਹੈ। ਸਾਰੀਆਂ ਜਣੀਆਂ ਹੱਸਦੀਆਂ-ਖੇਡਦੀਆਂ, ਗਾਉਂਦੀਆਂ ਤੇ ਲੰਮੀਆਂ ਹੇਕਾਂ ਵਾਲੇ ਵਿਢੜੇ ਗਾਉਂਦੀਆਂ, ਬੋਰੀਆਂ ਆਟੇ ਦੀਆਂ ਝੱਟ ਛਾਣ ਦਿੰਦੀਆਂ। ਘਰ ਦੀ ਮਾਲਕਣ ਨਾਲ ਹੱਥੋ-ਹੱਥੀਂ ਉਹ ਆਟਾ ਢੋਲਾਂ-ਡਰੰਮਾਂ ਜਾਂ ਮਿੱਟੀ ਦੇ ਬਣਾਏ ਮੋਰ-ਚਿੜੀਆਂ ਵਾਲੇ ਪੀਪੇ, ਭੜੋਲੇ ਜਾਂ ਭੜੋਲੀਆਂ ’ਚ ਪੁਆ-ਸੰਭਾਲ ਵੀ ਦਿੰਦੀਆਂ। ਕੰਮ ਨਿਪਟਾ ਕੇ ਗੁੜ ਜ਼ਰੂਰ ਵੰਡਿਆ ਜਾਂਦਾ। ਕਈ ਆਪਣੇ ਹੱਥ ਲਾ ਗੁੜ ਆਪਣੀ ਛਾਨਣੀ ’ਚ ਰੱਖ ਲੈਂਦੀਆਂ। ਸਰਦੀ ਦੇ ਦਿਨੀਂ ਚਾਹ ਅਤੇ ਗਰਮੀ ਦੀ ਰੁੱਤੇ ਕੱਚੀ ਮਿੱਠੀ ਲੱਸੀ, ਜੋ ਪਾਣੀ ਵਿਚ ਖੰਡ ਘੋਲ ਕੇ ਥੋੜ੍ਹਾ ਜਿਹਾ ਦੁੱਧ ਪਾ ਕੇ ਬਣਾਈ ਜਾਂਦੀ, ਉਹ ਸਾਰੀਆਂ ਨੂੰ ਪਿਆਈ ਜਾਂਦੀ। ਰੋਜ਼ ਹੀ ਵਿਆਹ ਵਾਲੇ ਘਰ ਰੌਣਕ ਲੱਗੀ ਰਹਿੰਦੀ। ਕਦੇ ਦਾਲ-ਚੌਲ ਚੁਗਣੇ, ਕਦੇ ਮਸਾਲੇ ਛੱਟਣੇ-ਕੁੱਟਣੇ ਤੇ ਕਦੇ ਲੂਣ ਦੇ ਡਲੇ ਭੰਨ ਕੇ ਚੱਕੀ ’ਚ ਪੀਹਣੇ।
ਅੱਜ ਇਸ ਮਸ਼ੀਨੀ ਯੁੱਗ ਵਿਚ ਪੀਹਣ ਕਰਨ, ਆਟਾ ਛਾਨਣ ਤੇ ਦਾਲ-ਚੌਲ ਚੁਗਣ ਤਕ ਦੇ ਕੰਮ ਮਸ਼ੀਨਾਂ ਨੇ ਮੁਕਾ ਦਿੱਤੇ। ਪੀਸੇ ਹੋਏ ਲੂਣ ਤੇ ਮਸਾਲੇ  ਥਾਂ-ਥਾਂ ਮਿਲਦੇ ਹਨ। ਇਨ੍ਹਾਂ ਮਸ਼ੀਨਾਂ ਦੀ ਬਦੌਲਤ ਰਲ-ਮਿਲ ਬੈਠਣ ਦੇ ਬਹਾਨੇ ਮੁੱਕ ਗਏ ਹਨ। ਸ਼ਰੀਕੇ-ਭਾਈਚਾਰੇ ਦੀਆਂ ਸਾਂਝਾਂ ਖਤਮ ਹੁੰਦੀਆਂ ਜਾ ਰਹੀਆਂ ਹਨ। ਬਹੁਤ ਨੇੜਲੇ ਰਿਸ਼ਤੇ ਵੀ ਦਿਲਾਂ ਦੀਆਂ ਦੂਰੀਆਂ ਬਣਾਈ ਰੱਖਦੇ ਹਨ। ਸਾਡੇ ਵਿਰਸੇ ਵਿਚੋਂ ਮੁੱਕਦੀਆਂ ਜਾ ਰਹੀਆਂ। ਇਨ੍ਹਾਂ ਰਸਮਾਂ ਨਾਲ ਆਪਸੀ ਮੋਹ-ਮੁਹੱਬਤਾਂ ਵੀ ਮੁੱਕਦੀਆਂ ਜਾ ਰਹੀਆਂ ਹਨ। ਵਿਗਿਆਨਕ ਯੁੱਗ ਵਿਚ ਮਸ਼ੀਨੀ ਸਹੂਲਤਾਂ ਲੈਣੀਆਂ ਮਾੜੀ ਗੱਲ ਨਹੀਂ ਪਰ ਕਿੰਨਾ ਚੰਗਾ ਹੋਵੇ ਜੇ ਪੁਰਾਣੇ ਤੇ ਵਿਰਾਸਤੀ ਰੀਤੀ-ਰਿਵਾਜਾਂ ਵਿਚੋਂ ਚੰਗੀਆਂ ਰਸਮਾਂ ਦਾ ਲੜ ਵੀ ਅਸੀਂ ਫੜੀ ਰੱਖੀਏ। ਘੱਟੋ-ਘੱਟ ਇਕ ਦਿਨ ਹੀ ਅਜਿਹੀ ਰੌਣਕ ਲਾ ਲਈ ਜਾਵੇ। ਸਾਫ-ਸੁਥਰੇ ਦਾਲਾਂ-ਚੌਲ ਤੇ ਪੀਸੇ ਛਾਣੇ ਆਟੇ ਤੇ ਲੂਣ-ਮਸਾਲੇ ਮਿੱਟੀ ਦੇ ਭੜੋਲਿਆਂ ’ਚ ਨਾ ਸਹੀ ਸਟੀਲ ਜਾਂ ਲੋਹੇ ਦੇ ਡਰੰਮਾਂ ’ਚ, ਸ਼ਰੀਕੇ-ਭਾਈਚਾਰੇ ਦੀਆਂ ਔਰਤਾਂ ਨੂੰ ਬੁਲਾ ਕੇ ਪਾ ਲਏ ਜਾਣ। ਗੀਤ, ਸੁਹਾਗ, ਘੋੜੀਆਂ ਤੇ ਵਿਢੜੇ ਗਾ ਲਏ ਜਾਣ ਤਾਂ ਜੋ ਇਹ ਸਾਂਝਾਂ ਬਣੀਆਂ ਰਹਿਣ ਜਿਸ ਦਾ ਪ੍ਰਗਟਾਵਾ ਇਹ ਵਿਢੜਾ ਕਰਦਾ ਹੈ -
‘‘ਗੱਡੀ ਦਿਆ ਗੱਡਵਾਲਿਆ,
ਗੱਡੀ ਹੌਲੜੇ-ਹੌਲੜੇ ਤੋਰ ਵੇ
ਇਨ੍ਹਾਂ ਰਾਹਾਂ ਦੇ ਡੂੰਘੇ ਜਿਹੇ ਪੰਧ ਵੇ,
ਭੈਣਾਂ ਮਿਲੀਆਂ ਤੋਂ ਲੱਗ ਜਾਂਦੇ ਰੰਗ ਵੇ,
ਵੀਰਾਂ ਮਿਲਿਆਂ ਤੋਂ ਚੜ੍ਹ ਜਾਂਦੇ ਚੰਦ ਵੇ,
ਕਿਤੇ ਮਿਲ ਨੀਂ ਮਾਏ ਮੇਰੀਏ,
ਦੁੱਖ-ਸੁੱਖ ਦੀਆਂ ਗੱਲਾਂ ਛੇੜੀਏ,
ਵਿਛੋੜਿਆਂ ਤੋਂ ਡਰੀਏ…।’’

ਪਰਮਜੀਤ ਕੌਰ ਸਰਹਿੰਦ

ਪੰਜਾਬੀ ਬੋਲੀਆਂ ਵਿੱਚ ਬੋਲਦੇ ਰਿਸ਼ਤੇ



ਲੋਕ ਗੀਤਾਂ ਵਿੱਚ ਪੇਸ਼ ਵਿਸ਼ਾ-ਵਸਤੂ, ਲੋਕ ਸਮੂਹ ਦਾ ਸਾਂਝਾ ਅਨੁਭਵ ਹੁੰਦਾ ਹੈ। ਲੋਕ ਗੀਤਾਂ ਦੀਆਂ ਵਧੇਰੇ ਵਿਧਾਵਾਂ ਦੀਆਂ ਸਿਰਜਕ ਔਰਤਾਂ ਹਨ। ਗਿੱਧੇ ਦੀਆਂ ਬੋਲੀਆਂ ਦੀ ਵਸਤੂ ਸਮਗਰੀ ਸਮਕਾਲੀ ਯਥਾਰਥ ਵਿੱਚੋਂ ਉਗਮਦੀ ਹੈ। ਇਸ ਕਾਰਨ ਹੀ ਬੋਲੀ ਕਾਵਿ-ਰੂਪ ਲਚਕੀਲਾ ਮੰਨਿਆ ਜਾਂਦਾ ਹੈ। ਮੁਟਿਆਰਾਂ ਅੰਤ੍ਰੀਵ ਦਮਿਤ ਭਾਵਨਾਵਾਂ ਨੂੰ ਬੇਬਾਕੀ ਨਾਲ ਪੇਸ਼ ਕਰਦੀਆਂ ਹਨ। ਪੰਜਾਬਣਾਂ ਨੇ ਬਾਬੇ ਨਾਨਕ ਦੀ ਮਹਿਮਾ ਵੀ ਗਾਈ ਹੈ। ਭਗਤ ਸਿੰਘ ਨੂੰ ਵੀ ਵਡਿਆਇਆ ਹੈ। ਫਰੰਗੀ ਦਾ ਵੀ ਪਿੱਟ-ਪਟੌਤਾ ਕੀਤਾ ਹੈ, ਜਿਹੜਾ ਪਰਦੇਸੀ ਢੋਲ ਨੂੰ ਛੁੱਟੀ ਨਹੀਂ ਦਿੰਦਾ। ਮੁਗਲਾਂ ਦੀ ਸਰਦਾਰੀ ਨੂੰ ਵੀ ਭੰਡਿਆ ਹੈ ਜਿਨ੍ਹਾਂ ਦੀ ਸਰਦਾਰੀ ਭੈਅ ਪੈਦਾ ਕਰਦੀ ਹੈ। ਬੋਲੀਆਂ ਦੀਆਂ ਸਿਰਜਕਾਂ ਨੇ ਤਾਂ ਸਿੰਘ ਸਭੀਆਂ ਨੂੰ ਵੀ ਨਹੀਂ ਬਖ਼ਸ਼ਿਆ ਜਿਨ੍ਹਾਂ ਸਮਾਜ ਸੁਧਾਰ ਦੇ ਅੰਤਰਗਤ ਗਿੱਧੇ ਬੰਦ ਕਰ ਦਿੱਤੇ ਸਨ ‘ਮਰ ਜਾਣ ਸਿੰਘ ਸਭੀਏ ਜਿਨ੍ਹਾਂ ਪਿੰਡ ਦੇ ਗਿੱਧੇ ਬੰਦ ਕੀਤੇ’। ਹੁਣ ਕੁੜੀਆਂ ਦਾਜ-ਪ੍ਰਥਾ ਬਾਰੇ ਵੀ ਸੁਚੇਤ ਹਨ:
ਜੇ ਮੁੰਡਿਓ ਤੁਸੀਂ ਵਿਆਹ ਕਰਵਾਉਣਾ
ਦਾਜ-ਦਹੇਜ ਦਾ ਕੀ ਲੈਣਾ ਮੁੰਡਿਓ
ਪੜ੍ਹੀ ਨਾਰ ਉਮਰ ਦਾ ਗਹਿਣਾ ਮੁੰਡਿਓ।
ਗਿੱਧੇ ਨਾਲ ਬੋਲੀਆਂ ਦਾ ਅਨਿੱਖੜਵਾਂ ਸਬੰਧ ਹੈ। ਬੋਲੀਆਂ ਦੀ ਸਿਰਜਣ ਪ੍ਰਕਿਰਿਆ ਨਿਰੰਤਰ ਜਾਰੀ ਰਹਿੰਦੀ ਹੈ। ਰੂਪ-ਰਚਨਾ ਦੀ ਦ੍ਰਿਸ਼ਟੀ ਤੋਂ ਬੋਲੀਆਂ ਦੇ ਪ੍ਰਮੁੱਖ ਰੂਪ ਲੰਮੀ ਬੋਲੀ ਅਤੇ ਨਿੱਕੀ ਬੋਲੀ ਹਨ। ਪੇਸ਼ ਹਨ ਕੁਝ ਨਵੀਆਂ ਬੋਲੀਆਂ ਜੋ ਸਮਾਜਿਕ ਹਾਲਾਤ ਦੇ ਫਲਸਰੂਪ ਰਚੀਆਂ ਗਈਆਂ ਹਨ। ਮੁਟਿਆਰਾਂ ਕਾਵਿ-ਬੋਲਾਂ ਨੂੰ ਤਮਕਾਅ ਕੇ, ਧੀਮੀ ਗਤੀ ਵਿੱਚ ਗਾ ਕੇ ਲੋਕ-ਨਾਚ ਗਿੱਧੇ ਵਿੱਚ ਸਰੀਰਕ ਮੁਦਰਾਵਾਂ ਅਤੇ ਹੱਥਾਂ-ਪੈਰਾਂ ਦੀਆਂ ਹਰਕਤਾਂ ਨੂੰ ਢਾਲ ਲੈਂਦੀਆਂ ਹਨ। ਹਰੇਕ ਮੁਟਿਆਰ ਦੀ ਇੱਛਾ ਹਾਣ-ਮੇਚ ਦਾ ਵਰ ਪ੍ਰਾਪਤ ਕਰਨ ਦੀ ਹੁੰਦੀ ਹੈ। ਅਜੋਕੇ ਸਮੇਂ ਵਿੱਚ ਮਾਪੇ ਇਸ ਤੱਥ ਨੂੰ ਅਣਡਿੱਠ ਕਰ ਦਿੰਦੇ ਹਨ। ਜੇ ਹਾਣ ਮਿਲ ਜਾਵੇ ਤਾਂ ਉਸ ਦੀ ਅੱਡੀ ਭੋਇੰ ’ਤੇ ਨਹੀਂ ਲੱਗਦੀ। ਅਣਜੋੜ ਵਰ, ਖ਼ੁਸ਼ੀਆਂ ਮੁਕਾ ਦਿੰਦਾ ਹੈ:
ਨੀਂ ਇਹ ਚੰਦ ਵਰਗਾ, ਮਿੱਠੀ ਖੰਡ ਵਰਗਾ,
ਮੇਰੇ ਬਾਪ ਦਾ ਜਵਾਈ, ਗੁਲਕੰਦ ਵਰਗਾ,
ਮੇਰੇ ਬਾਪ ਦਾ ਜਵਾਈ…।
ਧਾਰੀ ਧਾਰੀ ਧਾਰੀ
ਵੇ ਮੈਂ ਤਾਂ ਮੰਗ, ਚੰਨ ਮਾਹੀ ਦੀ
ਮੈਨੂੰ ਪਿੱਛੋਂ ਦੀ ’ਵਾਜ਼ ਨਾ ਮਾਰੀ
ਵੇ ਮੈ ਤਾਂ ਮੰਗ ਚੰਨ ਮਾਹੀ ਦੀ…
ਲਾਲ ਪੱਗ ਤੇ ਅਸਮਾਨੀ ਰੰਗ ਕੁੜਤਾ
ਨੀਂ ਬਾਗ ਵਿੱਚ ਫੁੱਲ ਖਿੜਿਆ
ਲਾਲ ਪੱਗ ਤੇ…
ਵੈਲੀ ਦੇ ਨਾ ਦੇਈਂ ਵੇ ਬਾਬਲਾ, ਸੋਫ਼ੀ ਪੁੱਤ ਬਥੇਰੇ
ਗਿੱਧੇ ਵਿੱਚ ਨੱਚਦੀ ਮੈਂ, ਗੁਣ ਗਾਊਂਗੀ ਤੇਰੇ
ਗਿੱਧੇ ਵਿੱਚ ਨੱਚਦੀ ਮੈਂ…
ਝੱਟ ਮੰਗਣੀ, ਪੱਟ ਮੰਗਣੀ, ਬਾਹਰੋਂ ਮੁੰਡਾ ਆਇਆ,
ਬਾਬਲਾ ਭੇਜੀਂ ਨਾ, ਉਹ ਗੋਰੀ ਨਾਲ ਵਿਆਹਿਆ
ਬਾਬਲਾ ਭੇਜੀਂ ਨਾ…
ਝੱਟ ਮੰਗਣੀ, ਪੱਟ ਮੰਗਣੀ, ਸੋਨੇ ਦੇ ਲਿਸ਼ਕਾਰੇ
ਬਾਬਲਾ ਭਰਮੀ ਨਾ, ਇਹ ਮੌਤਾਂ ਦੇ ਵਣਜਾਰੇ
ਬਾਬਲਾ ਭਰਮੀ ਨਾ…
ਮਾਂ ਮੇਰੀ ਨੇ ਮੁੰਡਾ ਲੱਭਿਆ, ਪਤੀ ਦੇਵ ਕਰ ਜਾਣੀ
ਮੂਰਖ ਮਾਹੀ ਨੂੰ, ਪਿੱਟਦੀ ਧੀ ਧਿਆਣੀ
ਮੂਰਖ ਮਾਹੀ ਨੂੰ…
ਮਾਂ ਮੇਰੀ ਨੇ ਮੁੰਡਾ ਲੱਭਿਆ, ਅੱਖੋਂ ਸੀ ਉਹ ਕਾਣਾ
ਮੁੰਡਿਆ ਲਾ ਐਨਕ, ਸਖੀਆਂ ਵੇਖਣ ਆਣਾ
ਮੁੰਡਿਆ ਲਾ ਐਨਕ…
ਪੰਜਾਬ ਵਿੱਚ ਨਸ਼ਿਆਂ ਦੇ ਸੇਵਨ ਨੇ ਮੁੰਡਿਆਂ ਅਤੇ ਮਰਦਾਂ ਦਾ ਜੀਵਨ ਨਰਕ ਨਿਆਈਂ ਬਣਾ ਦਿੱਤਾ ਹੈ। ਪਰਿਵਾਰਕ ਜੀਵਨ ਤਬਾਹ ਹੋ ਰਹੇ ਹਨ। ਮੁਟਿਆਰਾਂ ਲਈ ਇਹ ਬਹੁਤ ਦੁਖਦ ਅਨੁਭਵ ਹੈ। ਇਹ ਸਥਿਤੀ ਲੋਕ-ਕਾਵਿ ਬੋਲਾਂ ਵਿੱਚ ਵੀ ਪੇਸ਼ ਹੈ:
ਨੀਂ ਨਸ਼ਿਆਂ ਨੇ ਖਾ ਸੁੱਟਿਆ,
ਮੇਰਾ ਕੌਂਤ ਸੀ, ਗੁਲਾਬੀ ਫੁੱਲ ਬਾਗ਼ ਦਾ
ਨੀਂ ਨਸ਼ਿਆਂ ਨੇ…
ਮੇਰਾ ਮਾਹੀ ਸੀ ਸਰੂ ਦਾ ਬੂਟਾ, ਸੁੱਕ ਕੇ ਕਰੰਗ ਹੋ ਗਿਆ
ਮੇਰਾ ਕੌਂਤ ਸੀ…
ਵੇ ਤੰੂ ਆ ਮੱਖਣਾ, ਵੇ ਤੰੂ ਜਾਹ ਮੱਖਣਾ,
ਘਰ ਵੈਲੀਆ, ਮੈਂ ਤੇਰੇ ਨਹੀਂ ਵੱਸਣਾ
ਘਰ ਵੈਲੀਆਂ ਮੈਂ ਤੇਰੇ…
ਬਾਬਲ ਮੇਰੇ ਮੁੰਡਾ ਲੱਭਿਆ, ਦਾਰੂ ਪੀ ਪੀ ਆਖਦਾ
ਉਹਦੀ ਕੀ ਤੰੂ ਲੱਗਦੀ, ਜੋ ਝੀਤਾਂ ਵਿੱਚੋਂ ਝਾਕਦਾ
ਉਹਦੀ ਕੀ ਤੰੂ ਲੱਗਦੀ…
ਨੂੰਹ-ਸੱਸ ਦਾ ਰਿਸ਼ਤਾ ਪਰਿਵਾਰਕ ਜੀਵਨ ਦੀ ਖ਼ੁਸ਼ੀ ਦਾ ਮੂਲ ਆਧਾਰ ਹੈ। ਮੁੱਢ ਤੋਂ ਹੀ ਗ਼ਲਤ ਭੁਲੇਖਿਆਂ ਅਤੇ ਅਗਿਆਨਤਾ-ਵੱਸ ਇਹ ਰਿਸ਼ਤਾ ਕੁੜੱਤਣਾਂ ਭਰਿਆ ਰਿਹਾ ਹੈ ਜਦੋਂਕਿ ਇਸ ਦੀ ਪਿੱਠ-ਭੂਮੀ ਵਿੱਚ ਹੋਰ ਕਾਰਨਾਂ ਦੀ ਹੋਂਦ ਹੈ। ਪਰਸਪਰ ਪਿਆਰ ਤੇ ਪਛਾਣ ਨਾਲ ਇਹ ਰਿਸ਼ਤਾ ਸੁਖਾਵਾਂ ਹੋ ਸਕਦਾ ਹੈ। ਇਸੇ ਤਰ੍ਹਾਂ ਦਰਾਣੀਆਂ-ਜਠਾਣੀਆਂ ਵਿੱਚ ਮਨ-ਮੁਟਾਵ ਪੈਦਾ ਹੋ ਜਾਂਦਾ ਹੈ। ਵੀਰ ਅਤੇ ਭੈਣ ਦਾ ਰਿਸ਼ਤਾ ਨਿੱਘਾ ਹੈ ਪਰ ਭਾਬੀਆਂ-ਨਣਾਨਾਂ ਨਾਲ ਰਚਦੀਆਂ-ਮਿਚਦੀਆਂ ਨਹੀਂ। ਬੋਲੀਆਂ ਤੋਂ ਇਹ ਸਥਿਤੀ ਸਪਸ਼ਟ ਹੁੰਦੀ ਹੈ:
ਧਾਈਏ ਧਾਈਏ ਧਾਈਏ, ਨੀਂ ਕੁੜੀਏ ਮਾਣ-ਮੱਤੀਏ,
ਨਾਲ ਸੱਸ ਦੇ ਨਾ ਆਢਾ ਲਾਈਏ
ਨੀਂ ਕੁੜੀਏ…
ਨਾਲ ਸੱਸ ਦੇ ਬਣਾਉਣੀ ਪੈਣੀ,
ਮੁੰਡਾ ਪੱਕਾ ਮਾਂ ਵੱਲ ਦਾ ਨਾਲ ਸੱਸ ਦੇ…
ਸੱਸੜੀਏ ਤੈਨੂੰ ਦੁੱਖ ਬਥੇਰੇ, ਆ ਹੁਣ ਸਾਂਝੇ ਕਰੀਏ
ਮਨ ਦੇ ਰੋਸੇ ਨੂੰ, ਬਾਹਰ ਬਨੇਰਿਓਂ ਧਰੀਏ
ਮਨ ਦੇ ਰੋਸੇ ਨੂੰ…
ਰਲ ਰਹੋ ਨੀਂ ਦਰਾਣੀਆਂ-ਜਠਾਣੀਆਂ,
ਤੁਸਾਂ ਕਿਹੜਾ ਮੁਲਕ ਵੰਡਣਾ
ਰਲ ਰਹੋ ਨੀਂ…
ਵੀਰ ਮੇਰੇ ਨੇ ਮੋਟਰ ਲਿਆਂਦੀ, ਬੰਨ੍ਹ ਮੌਲੀ ਖ਼ੁਸ਼ੀ ਮਨਾਈ
ਬੰਨੋ ਵੀਰੇ ਦੀ, ਨਣਦ ਵੇਖ ਘਬਰਾਈ
ਬੰਨੋ ਵੀਰੇ ਦੀ…
ਵੀਰ ਮੇਰੇ ਨੇ ਕਾਂਟੇ ਦਿੱਤੇ,  ਭਾਬੋ ਦੜ ਦੜ ਪਿੱਟੀ
ਭਾਬੋ ਹੈਂਸੜੀਏ?  ਤੈਨੂੰ ਗੁੜ੍ਹਤੀ ਕੀਹਨੇ ਦਿੱਤੀ
ਭਾਬੋ ਹੈਂਸੜੀਏ…
ਭਾਬੀ ਤੈਨੂੰ ਭਰਮ ਪਿਆ,
ਸੱਪ ਰੰਗੀਆਂ ਨਾ ਹੁੰਦੀਆਂ ਨਣਾਨਾਂ
ਨੀਂ ਬਾਬਲ ਵੀਰੇ ਤੋਂ ਵਾਰ ਦੇਂਦੀਆਂ ਨੇ ਇਹ ਜਾਨਾਂ
ਨੀਂ ਬਾਬਲ ਵੀਰੇ ਤੋ…
ਕਾਹਨੂੰ ਕਰਦੀ ਏਂ ਮਾਣ ਰਕਾਨੇ,
ਅਸਾਂ ਇੱਥੇ ਬਹਿ ਨਹੀਂ ਰਹਿਣਾ
ਸਾਡੇ ਸਾਰੇ ਈ ਦੇਸ ਬਗਾਨੇ
ਨੀਂ ਅਸਾਂ ਇੱਥੇ…
ਮਾਦਾ-ਭਰੂਣ ਹੱਤਿਆ ਦਾ ਮੁੱਦਾ ਦੇਸ਼ ਵਿਆਪਕ ਹੈ। ਇਹ ਪਾਪ ਰੁਕਦਾ ਨਹੀਂ ਲੱਗਦਾ। ਅੱਜ-ਕੱਲ੍ਹ ਧੀ, ਮਾਂ-ਬਾਪ ਦੀ ਧਿਰ ਬਣ ਰਹੀ ਹੈ। ਮਾਪੇ ਆਪਣੇ ਸਾਰੇ ਸੁੱਖ ਪੁੱਤਾਂ ਤੋਂ ਨਿਸ਼ਾਵਰ ਕਰ ਦਿੰਦੇ ਹਨ ਪਰ ਇਹ ਸੰਤਾਨ ਬੇਮੁੱਖ ਹੁੰਦੀ ਜਾ ਰਹੀ ਹੈ। ਮਾਂ-ਬਾਪ ਨੂੰ ਸਤਿਕਾਰ ਦੇਣਾ ਰੱਬ ਨੂੰ ਯਾਦ ਕਰਨ ਵਾਂਗ ਹੈ:
ਢਾਈਏ ਢਾਈਏ ਢਾਈਏ, ਵੇ ਵੀਰਾ ਉੱਚੀ ਸ਼ਾਨ ਵਾਲਿਆ
ਕੁਰਸੀ ਬਾਪ ਦੀ ਬਰੋਬਰ ਡਾਹੀਏ
ਵੇ ਵੀਰਾ ਉੱਚੀ ਸ਼ਾਨ ਵਾਲਿਆ…
ਢਾਈਏ ਢਾਈਏ ਢਾਈਏ, ਵੇ ਮਾਪੇ ਹੁੰਦੇ ਰੱਬ ਵਰਗੇ,
ਕਿਰਤ ਕਰੀਏ ਤੇ ਰੱਬ ਨੂੰ ਧਿਆਈਏ
ਵੇ ਮਾਪੇ ਹੁੰਦੇ ਰੱਬ ਵਰਗੇ…
ਫੀਤੇ ਫੀਤੇ ਫੀਤੇ, ਪੁੱਤਾਂ ਦੀਆਂ ਸੁੱਖਣਾਂ ਦੇ
ਮਾਵਾਂ ਕਈ ਥਾਂ ਚਲੀਹੇ ਕੀਤੇ
ਪੁੱਤਾਂ ਦੀਆਂ ਸੁੱਖਣਾਂ ਦੇ…
ਪਾਵੇ ਪਾਵੇ ਪਾਵੇ, ਧੀਆਂ ਬਿਨ ਮਾਪਿਆਂ ਦੇ
ਕਿਹੜਾ ਦੁੱਖ ਤੇ ਦਰਦ ਵੰਡਾਵੇ
ਨੀਂ ਧੀਆਂ ਬਿਨ ਮਾਪਿਆਂ ਦੇ…
ਪਾਵੇ ਪਾਵੇ ਪਾਵੇ, ਬਰਛੀ ਨਾ ਕੱਢ ਵੀਰ ਵੇ
ਗੁੱਟ ਰੱਖੜੀ ਪਈ ਕੁਰਲਾਵੇ
ਬਰਛੀ ਨਾ ਕੱਢ ਵੀਰ ਵੇ…
ਧਾਇਆ ਧਾਇਆ ਧਾਇਆ, ਢਿੱਡ ਵਿੱਚ ਧੀ ਮਾਰਤੀ
ਤੈਨੂੰ ਰਤਾ ਤਰਸ ਨਾ ਆਇਆ,
ਢਿੱਡ ਵਿੱਚ ਧੀ ਮਾਰਤੀ…
ਆਰੀ ਆਰੀ ਆਰੀ, ਨੀਂ ਪਾਪੀ ਭਜਨੇ ਨੇ
ਜੀਤੀ ਅੱਗ ਵਿੱਚ ਸਾੜ ਕੇ ਮਾਰੀ
ਨੀਂਹ ਪਾਪੀ ਭਜਨੇ ਨੇ…
ਪੋਣੇ ਪੋਣੇ ਪੋਣੇ, ਪਾਪੀ ਬੰਦਿਆਂ ਦੇ,
ਉੱਥੇ ਸਾਬ (ਹਿਸਾਬ), ਬਰਾਬਰ ਹੋਣੇ
ਨੀਂ ਪਾਪੀ ਬੰਦਿਆਂ ਦੇ…
ਧਾਵੇ ਧਾਵੇ ਧਾਵੇ, ਪਾਪੀ ਬੰਦੇ ਵੰਝੇ ਜਾਣਗੇ,
ਬਾਣੀ ਗੁਰਾਂ ਦੀ ਦੁਹਾਈਆਂ ਪਾਵੇ
ਨੀਂ ਪਾਪੀ ਬੰਦੇ…
ਖੇੜੇ ਖੇੜੇ ਖੇੜੇ , ਧੀਆਂ ਦੇ ਪਟੋਲੇ ਮੁੱਕਰਾਏ
ਸੁੰਝੇ ਹੋ ਗਏ ਬਾਪ ਦੇ ਵਿਹੜੇ
ਧੀਆਂ ਦੇ ਪਟੋਲੇ…
ਗਲ ਲਾ ਲੈ ਧੀਆਂ ਨੂੰ ਚੁੱਕ ਕੇ, ਗੁਰੂ ਤੈਨੂੰ ਬਖ਼ਸ਼ ਲਏ
ਗਲ ਲਾ ਲੈ…
ਨਦੀਆਂ ਸੁੱਕ ਗਈਆਂ ਨੇ, ਧੀਆਂ ਮੁੱਕ ਗਈਆਂ ਨੇ
ਸਾਡੇ ਪਾਪ ਤੇ ਹੋ ਗਏ ਭਾਰੀ ਵੇ ਪਛਤਾਉਣਗੇ
ਜਿਨ੍ਹਾਂ ਨੇ ਧੀ ਮਾਰੀ ਵੇ ਪਛਤਾਉਣਗੇ…
ਅਜੋਕੇ ਸਮੇਂ ਵਿੱਚ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਪਰਵਾਸ ਲਈ ਦੌੜ ਲੱਗੀ ਹੋਈ ਹੈ। ਨੌਜਵਾਨਾਂ ਨੇ ਅਣਜਾਣੇ ਵਿੱਚ ਪਰਦੇਸ਼ ਦੇ ਸੁਨਹਿਰੇ ਸੁਪਨੇ ਸੰਜੋਅ ਰੱਖੇ ਹਨ ਜਦੋਂਕਿ ਉੱਥੇ ਸਭ ਅੱਛਾ ਨਹੀਂ। ਪਰਦੇਸ ਵਿੱਚ ਪੈਰ ਲੱਗਣੇ ਔਖੇ ਹੋ ਰਹੇ ਹਨ:
ਬਾਪੂ ਦੇ ਗਲ ’ਗੂਠਾ ਦੇ ਲਿਆ, ਵਿਕ ਗਈ ਭੋਇੰ ਸਾਰੀ
ਵਿੱਚ ਪਰਦੇਸਾਂ ਦੇ, ਪੁੱਤ ਰਾਜੇ ਬਣੇ ਭਿਖਾਰੀ
ਵਿੱਚ ਪਰਦੇਸਾਂ ਦੇ…
ਵਲੈਤ ਵਲੈਤ ਨਾ ਕਰਿਆ ਕਰ ਨੀਂ, ਵਿੱਚ ਵਲੈਤਾਂ ਧੱਕੇ
ਸਾਕ ਸਹੇਲੂ ਖ਼ਬਰ ਨਾ ਲੈਂਦੇ, ਨਾ ਕੋਈ ਕਰਦਾ ਪੱਕੇ
ਪਿੱਛੋਂ ਬਾਪੂ ਸਾਹ ਰੋਲਦਾ, ਮਾਂ ਨਾ ਹੌਸਲਾ ਰੱਖੇ
ਲੇਰਾਂ ਭੈਣ ਦੀਆਂ, ਕੋਈ ਨਾ ਪਰਦੇਸੀ ਵੱਸੇ
ਲੇਰਾਂ ਭੈਣ ਦੀਆਂ…
ਆਰਾ ਆਰਾ ਆਰਾ , ਨਾ ਜਾਈਂ ਲੰਡਨ ਨੂੰ
ਖਾਹ ਖੰਨੀ ਕਰ ਗੁਜ਼ਾਰਾ, ਨਾ ਜਾਈਂ ਲੰਡਨ ਨੂੰ…
ਬਾਗ਼ ਬਗੀਚੀ ਰੂਹ ਨਾ ਰੱਜਦੀ, ਅੱਗ ਪੇਟ ਦੀ ਭਾਰੀ
ਰੀਸੀਂ ਕੀ ਖੱਟਿਆ, ਇੱਥੇ ਬੜੀ ਖੁਆਰੀ
ਰੀਸੀਂ ਕੀ ਖੱਟਿਆ
ਸਭ ਜਹਾਨੀਂ ਗੱਲਾਂ ਤੁਰੀਆਂ, ਮੁੰਡੇ ਆਏ ਪੰਜਾਬੀ
ਕੰਮ ਤੇ ਧੰਦਾ ਕੋਈ ਨਾ ਮਿਲਦਾ, ਵਿਹਲੇ ਕਰਨ ਖ਼ਰਾਬੀ
ਪਿੱਛੋਂ ਮਾਪੇ ਸੋਚੀਂ ਡੁੱਬੇ, ਨਾ ਪੀਤੀ ਨਾ ਖਾਧੀ
ਧੀਆਂ-ਪੁੱਤ ਸਸਤੇ ਵਿਕ ਗਏ, ਹੋਈ ਸਾਡੇ ਨਾਲ ਡਾਹਢੀ
‘ਨਿੰਦਰ’ ਕਹਿੰਦਾ ਸਹੁੰ ਜੇ ਰੱਬ ਦੀ, ਮੈਂ ਡਿੱਠੀ ਬਰਬਾਦੀ
ਮੁੜ ਪਓ ਵਤਨਾਂ ਨੂੰ, ਰਹਿ ਜਾਏ ਲਾਜ ਅਸਾਡੀ।
ਮੁੜ ਪਓ ਵਤਨਾਂ ਨੂੰ…
ਜਿਵੇਂ-ਜਿਵੇਂ ਸਮਾਜ ਵਿੱਚ ਤਬਦੀਲੀਆਂ ਵਾਪਰਦੀਆਂ ਹਨ, ਲੋਕ ਬੋਲੀਆਂ ਦੀ ਵਿਸ਼ਾ-ਸਮਗਰੀ ਵਿੱਚ ਬਦਲਾਓ ਆਉਂਦਾ ਹੈ। ਨਵੀਂਆਂ ਰਚੀਆਂ ਬੋਲੀਆਂ ਸਮੇਂ ਨਾਲ ਗਿੱਧੇ ਦੀਆਂ ਬੋਲੀਆਂ ਦੀ ਦੀਰਘ ਪਰੰਪਰਾ ਦਾ ਭਾਗ ਬਣਦੀਆਂ ਜਾਂਦੀਆਂ ਹਨ।
ਇਕਬਾਲ ਕੌਰ ਸੌਦ (ਡਾ.)