ਸ਼ਹੀਦ ਕੀ ਜੋ ਮੌਤ ਹੈ ਵੋਹ ਕੌਮ ਕੀ ਹਿਯਾਤ ਹੈ।
ਭਾਰਤਵਰਸ਼ ਦੇ ਆਜ਼ਾਦੀ ਸੰਗਰਾਮ ਦੀ ਉਪਜ ਇੱਕ ਗੀਤ ਹੈ ਜਿਸ ਨੂੰ ਇਸਦੀ ਅਸਲੀਅਤ ਤੋਂ ਅਣਜਾਣ ਇੱਕ ਦੂਜੇ ਦੀ ਦੇਖਾ ਦੇਖੀ ਮੁਸਲਮਾਨ ਅਤੇ ਸਿਖ ਵੀਰ ਵੀ ਅਕਸਰ ਆਜ਼ਾਦੀ ਨਾਲ ਸਬੰਧਤ ਮੌਕਿਆਂ ਉਤੇ ਬੜੇ ਜੋਸ਼ ਨਾਲ ਉਚੀ ਸੁਰ ਵਿੱਚ ਬਾਂਹਾਂ ਉਲਾਰ ਉਲਾਰ ਕੇ ਗਾਉਂਦੇ ਹਨ। ਗੀਤ ਦੇ ਬੋਲ ਹਨ,
‘ਸ਼ਹੀਦੋਂ ਕੀ ਚਿਤਾਉਂ ਪਰ ਲਗੇਂਗੇ ਹਰ ਬਰਸ ਮੇਲੇ,
ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ।’
ਸ਼ਹੀਦ ਦੀ ਚਿਤਾ ਜਾਂ ਕਬਰ ਉਤੇ ਮੇਲੇ ਲਾਉਣਾ ਤੇ ਉਸਦੀ ਕੁਰਬਾਨੀ ਨੂੰ ਯਾਦ ਕਰਨਾ ਉਨ੍ਹਾਂ ਲੋਕਾਂ ਲਈ ਜੋ ਮੂਰਤੀ ਪੂਜਾ ਵਿੱਚ ਵਿਸ਼ਵਾਸ ਰਖਦੇ ਹਨ ਕੋਈ ਮਾੜੀ ਗਲ ਨਹੀਂ ਪਰ ਉਸਦੀ ਕੇਵਲ ਕਬਰ ਨੂੰ ਉਸਦੀ ਯਾਦ ਦਾ ਬਚਿਆ ਹੋਇਆ ਨਿਸ਼ਾਨ ਕਹਿਣਾ ਅਤੇ ਸ਼ਹੀਦੀ ਉਤਸ਼ਾਹ ਪੈਦਾ ਕਰਨ ਲਈ ਅਜੇਹੇ ਗੀਤ ਗਾਉਣਾ ਹੀ ਕਿਸੇ ਕੌਮ ਦਾ ਆਖਰੀ ਨਿਸ਼ਾਨਾ ਨਹੀਂ ਹੋਣਾ ਚਾਹੀਦਾ ਖਾਸ ਕਰ ਉਨ੍ਹਾਂ ਕੌਮਾਂ ਦਾ ਜਿਨ੍ਹਾਂ ਦਾ ਵਿਰਸਾ ਸ਼ਹੀਦੀਆਂ ਭਰਿਆ ਹੋਵੇ ਅਤੇ ਜਿਨ੍ਹਾਂ ਦੀਆਂ ਰਗਾਂ ਵਿੱਚ ਧੌਣ ਉਚੀ ਕਰਕੇ ਜਿਊਣ ਦਾ ਸਾਹਸ ਠਾਠਾਂ ਮਾਰ ਰਿਹਾ ਹੋਵੇ ਕਿਉਂਕਿ ਉਹ ਮਿਰਜ਼ਾ ਗ਼ਾਲਬ ਦੇ ਕਥਨ ‘ਰਗੋਂ ਮੇਂ ਦੌੜਤੇ ਫਿਰਨੇ ਕੇ ਹਮ ਨਹੀਂ ਕਾਇਲ, ਜਬ ਆਂਖ ਸੇ ਹੀ ਨਾ ਟਪਕਾ, ਤੋ ਫਿਰ ਲਹੂ ਕਿਆ ਹੈ।’ ਦੀਆਂ ਧਾਰਨੀ ਹਨ। ਜੇ ਅਜੇਹੇ ਗੀਤ ਕੇਵਲ ਦਿਲ ਖੁਸ਼ ਕਰਨ ਲਈ ਹੀ ਗਾਇ ਜਾਂਦੇ ਹਨ ਤਾਂ ਗ਼ਾਲਿਬ ਦੇ ਹੀ ਸ਼ਬਦਾਂ ਵਿੱਚ ‘ਹਮ ਕੋ ਮਾਲੂਮ ਹੈ ਜਨਤ ਕੀ ਹਕੀਕਤ ਲੇਕਿਨ, ਦਿਲ ਕੇ ਖੁਸ ਰਖਨੇ ਕੋ ਗ਼ਾਲਿਬ ਯਹ ਖਿਆਲ ਅਛਾ ਹੈ’ ਮੁਤਾਬਿਕ ਹੋਰ ਗਲ ਹੈ। ਇਹ ਗੀਤ ਉਨ੍ਹਾਂ ਲੋਕਾਂ ਦੇ ਜਜ਼ਬਾਤਾਂ ਦੀ ਗਲ ਤਾਂ ਕਰਦਾ ਹੋਵੇਗੇ ਜਿਹੜੇ ਗਾਂਧੀ ਵਾਂਗ ਅਪਣੇ ਵਿੱਚ ਸਾਹ ਸਤ ਦੀ ਅਣਹੋਂਦ ਕਾਰਨ ਜ਼ਿੰਦਗੀ ਦੇ ਸ਼ਾਂਤਮਈ ਪਖ ਨੂੰ ਹੀ ਅਪਣੀ ਹਕੀ ਜਦੋ ਜਿਹਦ ਦਾ ਧੁਰਾ ਮੰਨੀ ਬੈਠੇ ਹਨ ਜਿਸ ਨਾਲ ਦੁਨੀਆਂ ਦੇ ਕਿਸੇ ਖਿਤੇ ਵਿੱਚ ਵੀ ਅਜ ਤਕ ਕਿਸੇ ਦੇ ਹਕਾਂ ਦੀ ਪੂਰਤੀ ਨਹੀਂ ਹੋਈ। ਹਿੰਦੁਸਤਾਨ ਦੀ ਸ਼ਾਂਤਮਈ ਢੰਗ ਨਾਲ ਲਈ ਕਹੀ ਜਾਂਦੀ ਅਖੌਤੀ ਆਜ਼ਾਦੀ ਇਸ ਗਲ ਦੀ ਗਵਾਹ ਹੈ ਜਿਸ ਵਿੱਚ ਘਟਗਣਤੀਆਂ ਦਾ ਸਾਹ ਲੈਣਾ ਵੀ ਔਖਾ ਹੋਰਿਹਾ ਹੈ। ਐਸੇ ਗੀਤ ਸਿਖ ਸ਼ਹੀਦੀ ਪਰੰਪਰਾ ਦੀ ਤਰਜਮਾਨੀ ਨਹੀਂ ਕਰਦੇ ਅਤੇ ਨਾ ਹੀ ਸਿਖੀ ਪਰੰਪਰਾ ਦੇ ਮਾਪ ਦੰਡ ਉਤੇ ਪੂਰਾ ਉਤਰਦੇ ਹਨ। ਸ਼ਾਂਤ ਰਹਿਣਾ ਮਾੜੀ ਗਲ ਨਹੀਂ ਪਰ ਜਦੋਂ ਸ਼ਾਂਤਮਈ ਢੰਗ ਨਾਲ ਹਕ ਨਾ ਮਿਲਦੇ ਹੋਣ ਅਤੇ ਜਵਾਬ ਵਿੱਚ ਡਾਂਗਾਂ ਵਰ੍ਹਦੀਆਂ ਅਤੇ ਗੋਲੀਆਂ ਚਲਦੀਆਂ ਹੋਣ ਉਸ ਵੇਲੇ ਵੀ ਸ਼ਾਂਤ ਰਹਿਣ ਦੀ ਗਲ ਕਰਨ ਵਾਲੇ ਜਾਂ ਤਾਂ ਡਰਪੋਕ ਹੁੰਦੇ ਹਨ ਜਾਂ ਸਮੇਂ ਦੇ ਹਾਕਮਾਂ ਦੇ ਏਜੰਟ।
ਸਿਖ ਮੂਰਤੀ ਪੂਜ ਨਹੀਂ ਅਤੇ ਨਾ ਹੀ ਕਬਰਾਂ ਜਾਂ ਬੁਤਾਂ ਉਤੇ ਫੁਲਾਂ ਦੇ ਹਾਰ ਚੜਾਉਣ ਵਿੱਚ ਯਕੀਨ ਰਖਦੇ ਹਨ। ਸਿਖ ਸ਼ਹੀਦਾਂ ਦੀਆਂ ਯਾਦਾਂ ਵਿੱਚ ਬਣਾਇ ਗੁਰਦੁਆਰੇ ਤਾਂ ਹਨ ਜਿਨ੍ਹਾਂ ਵਿੱਚ ਉਸ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਜਿਸ ਵਿੱਚ ਕੇਵਲ ਇੱਕ ਪ੍ਰਮਾਤਮਾ ਨੂੰ ਮੰਨਦੇ ਹੋਇ ‘ਜੇ ਜੀਵੈ, ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥ (142) ਵਰਗੇ ਕਈ ਸ਼ਬਦਾਂ ਨਾਲ ਮਾਨ-ਭਰੀ ਜਿੰਦਗੀ ਜਿਊਣ ਲਈ ਅਪਣੇ ਹਕਾਂ ਅਤੇ ਆਬਰੂ ਦੀ ਖਾਤਿਰ ‘ਸੂਰਾ ਸ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟ ਮਰੈ ਕਬਹੂ ਨ ਛਾਡੈ ਖੇਤੁ॥ (1105) ਜੈਸੇ ਸ਼ਬਦਾਂ ਦੁਆਰਾ ਮਰ ਮਿਟਨ ਦਾ ਸੰਦੇਸ਼ ਤਾਂ ਮਿਲਦਾ ਹੈ ਪਰ ਕਬਰਾਂ ਉਪਰ ਖੜੇ ਹੋ ਕੇ ਗੀਤ ਗਾ ਕੇ ਖੁਸ਼ ਹੋਣ ਜਾਂ ਮਰਨ ਵਰਤ ਤੇ ਬੈਠਿਆਂ ਅਪਣੀ ਜਾਨ ਬਚਾਉਣ ਲਈ ਔਰਤਾਂ ਦੇ ਕਪੜੇ ਪਾ ਕੇ ਭਜ ਨਿਕਲਣ ਦੀਆਂ ਗਲਾਂ ਨਹੀਂ ਮਿਲਦੀਆਂ। ਸਿਖ ਇਤਿਹਾਸ ਨੂੰ ਯਾਦ ਕਰਦਿਆਂ ਸਿੰਘ ਸੂਰਮਿਆਂ ਦੀਆਂ ਬਹਾਦਰੀ ਦੀਆਂ, ‘ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁਟੇ’ ਦੀ ਵਾਰ ਵਰਗੀਆਂ ਵਾਰਾਂ ਗਾਈਆਂ ਜਾਂਦੀਆਂ ਹਨ ਜਿਨ੍ਹਾਂ ਨਾਲ ਭਾਈ ਬੰਦਾ ਸਿੰਘ ਬਹਾਦਰ, ਸ੍ਰ ਜੱਸਾ ਸਿੰਘ ਆਹਲੂਵਾਲੀਆ, ਸ੍ਰ ਹਰੀ ਸਿੰਘ ਨਲਵਾ ਅਤੇ ਸ੍ਰ ਸ਼ਾਮ ਸਿੰਘ ਅਟਾਰੀਵਾਲੇ ਦੀਆਂ ਸੁਰਮਗਤੀ ਦੀਆਂ ਯਾਦਾਂ ਦਿਲਾ ਕੇ ਹਰ ਮਨੁਖ ਵਿੱਚ ਆਜ਼ਾਦੀ ਅਤੇ ਸਨਮਾਨ ਨਾਲ ਜੀਊਣ ਦੀ ਚਾਹ ਪੈਦਾ ਕੀਤੀ ਜਾਂਦੀ ਹੈ ਅਤੇ ਉਸਦੇ ਮੂਹੋਂ ਬਿਲਾ-ਇਖਤਿਆਰ ਗੁਰੂ ਗੋਬਿੰਦ ਸਿੰਘ ਜੀ ਦਾ ਕਥਨ ‘ਚੂੰ ਕਾਰ ਅਜ਼ ਹਮਾਂ ਹੀਲਤੇ ਦਰਗੁਜ਼ਸ਼ਤ, ਹਲਾਲ ਅਸਤ ਬੁਰਦਨ ਬਸ਼ਮਸ਼ੀਰੇ ਦਸਤ’ ਨਿਕਲਦਾ ਹੈ ਅਤੇ ਸਿਖ ਸ਼ਹੀਦੀ ਦੀ ਪਰੰਪਰਾ ਅਨੁਸਾਰ ਇਹ ਬੋਲ, ‘ਸਰਫਰੋਸ਼ੀ ਕੀ ਤਮੱਨਾ ਅਬ ਹਮਾਰੇ ਦਿਲ ਮੇਂ ਹੈ, ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਿਲ ਮੇਂ ਹੈ।’ਬੁਲ੍ਹਾਂ ਤੇ ਫਰਕਣ ਲਗ ਜਾਂਦਾ ਹੈ। ਸਿਖ ਜਦ ਆਪਣੀਆਂ ਕੁਰਬਾਨੀਆਂ ਅਤੇ ਸ਼ਹਾਦਤਾਂ ਨੂੰ ਮਾਨ ਸਤਿਕਾਰ ਦੇ ਰਹੇ ਹੁੰਦੇ ਹਨ ਤਾਂ ਇਸ ਨਾਲ ਉਹ ਅਪਣੇ ਵਿਰੋਧੀ ਵਰਗ ਨਾਲੋਂ ਉਚੇ ਹੋਣ ਦੀ ਨਿਸ਼ਾਨੀ ਨੂੰ ਗੂੜ੍ਹਾ ਕਰ ਰਹੇ ਹੁੰਦੇ ਹਨ। ਠੀਕ ਇਹੀ ਵਜਾਹ ਹੈ ਕਿ ਹਰ ਯੁਗ ਅੰਦਰ ਨਿਆਰੀ ਸਿਖ ਹਸਤੀ ਨੂੰ ਮਿਟਾਉਣ ‘ਤੇ ਤੁਲੇ ਹਰ ਹਾਕਮ ਨੇ ਸਿਖ ਸ਼ਹਾਦਤਾਂ ਦੀ ਆਭਾ ਨੂੰ ਧੁੰਦਲਿਆਂ ਪਾਉਣ ਅਤੇ ਇਨ੍ਹਾਂ ਦੇ ਅਰਥਾਂ ਦੇ ਮਹਤਵ ਨੂੰ ਪੇਤਲੇ ਪਾਉਣ ਦੇ ਪੁਰਜ਼ੋਰ ਯਤਨ ਕੀਤੇ ਹਨ। ਕੌਮ ਦੇ ਗ਼ਦਾਰਾਂ ਦਾ ਸਾਥ ਲੈ ਕੇ ਦਰਬਾਰ ਸਾਹਿਬ ਅੰਮਿਤ੍ਰਸਰ ਤੋਂ 1984 ਦੇ ਹਮਲੇ ਦੇ ਨਿਸ਼ਾਨ ਮਿਟਾਉਣਾ, ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਨੂੰ ਫਤਿਹਗੜ੍ਹ ਸਾਹਿਬ ਵਿੱਚ ਮਾਰਬਲ ‘ਚ ਮੜ੍ਹ ਕੇ ਲੋਕਾਂ ਦੇ ਮਨਾਂ ਤੋਂ ਪਰ੍ਹਾਂ ਕਰਨਾ, ਅਖੀਂ ਵੇਖੇ ਅਤੇ ਕੰਨੀਂ ਸੁਣੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਇਸ ਯੁਗ ਦੇ ਸਿੰਘ ਸ਼ਹੀਦਾਂ ਨੂੰ ਸਿਖ ਅਰਦਾਸ ਦਾ ਅੰਗ ਨਾ ਬਣਨ ਦੇਣਾ ਅਤੇ ਐਸ ਜੀ ਪੀ ਸੀ ਦਾ ਦਰਬਾਰ ਸਾਹਿਬ ਵਿੱਚ ਸਿਖਾਂ ਦੀ ਪੁਰਜ਼ੋਰ ਮੰਗ ਦੇ ਬਾਵਜੂਦ 1984 ਦੇ ਸ਼ਹੀਦਾਂ ਦੀ ਯਾਦ ਕਾਇਮ ਕਰਨ ਤੋਂ ਆਨੀ ਕਾਨੀ ਕਰਨਾ ਸਿਖ ਲੀਡਰਾਂ ਵਲੋਂ ਹਾਕਮਾਂ ਦੀ ਚਾਪਲੂਸੀ ਕਰਨ ਦੀਆਂ ਕੋਝੀਆਂ ਚਾਲਾਂ ਦੀਆਂ ਕੁੱਝ ਜ਼ਿੰਦਾ ਮਿਸਾਲਾਂ ਹਨ।
ਵਿਹਮਾਂ ਭਰਮਾਂ ਵਸ ਅਪਣੇ ਕਿਸੇ ਆਸ਼ੇ ਦੀ ਪੂਰਤੀ ਲਈ ਮੂਰਤੀਆਂ ਅਗੇ ਕਿਸੇ ਬੇਬਸ ਜਾਨਵਰ ਜਾਂ ਕਿਸੇ ਹੋਰ ਦੇ ਬਚੇ ਦੀ ਬਲੀ ਦੇਣਾ, ਕਤਲ ਕੀਤੇ ਜਾਨਵਰਾਂ ਦੇ ਮਾਸ ਜਾਂ ਸ਼ਰਾਬ ਦਾ ਚੜ੍ਹਾਵਾ ਚੜ੍ਹਾਉਣਾ ਕਮਜ਼ੋਰ ਕੌਮਾਂ ਦਾ ਕੰਮ ਹੈ। ਸਿਖ ਇਨ੍ਹਾਂ ਗਲਾਂ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਰਖਦਾ। ਉਹ ਗੁਰੂ ਨਾਨਕ ਦੇ ਸ਼ਬਦ ‘ਜਉ ਤਉ ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰ ਧਰੀਜੈ ਸਿਰੁ ਦੀਜੈ ਕਾਣਿ ਨ ਕੀਜੈ॥’ (1412) ਨੂੰ ਚਿਤ ਵਿੱਚ ਵਸਾ ਕੇ ਅਪਣੀ ਅਤੇ ਕੌਮ ਦੀ ਆਬਰੂ ਖਾਤਰ ਮਰਨ ਦੀ ਹਰ ਵੇਲੇ ਤਮੰਨਾ ਰਖਦਾ ਹੈ। ਸਿਖ ਲੀਡਰਾਂ ਦੀਆਂ ਕਮਜ਼ੋਰੀਆਂ ਅਤੇ ਉਨ੍ਹਾਂ ਦੀ ਸਿਖ ਧਰਮ ਨੂੰ ਸਮਝਣ ਦੀ ਨਾਅਹਿਲੀਅਤ ਦੇ ਪੇਸ਼ੇ ਨਜ਼ਰ ਵਖ ਹੋਇ ਕਮਿਊਨਿਸਟਾਂ ਦਾ ਇੱਕ ਉਘਾ ਬੁਦੀਜੀਵੀ ਲੀਡਰ ਸੋਹਣ ਸਿੰਘ ਜੋਸ਼ ਲਿਖਦਾ ਹੈ ਕਿ, “(ਬਚਪਨ ਵਿਚ) ਇੱਕ ਦਿਨ ਮੈਨੂੰ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਬਹੁਤ ਹੀ ਜਜ਼ਬਾਤ-ਭਿਜੇ ਅੰਦਾਜ਼ ਵਿੱਚ ਲਿਖੀ ਇੱਕ ਛੋਟੀ ਜਿਹੀ ਕਿਤਾਬ ਮਿਲ ਗਈ। ਅਪਣੇ ਮਾਪਿਆਂ ਨੂੰ ਸੁਣਾਉਂਦਿਆਂ ਜਦ ਮਲੂਕ ਜਿੰਦਾਂ ਦੇ ਜਿਉਂਦਿਆਂ ਹੀ ਨੀਹਾਂ ਵਿੱਚ ਚਿਣੇ ਜਾਣ ਦਾ ਜ਼ਿਕਰ ਆਇਆ ਤਾਂ ਮੇਰਾ ਗੱਚ ਭਰ ਆਇਆ। ਮਾਪਿਆਂ ਦੀਆਂ ਅਖਾਂ ਵਿਚੋਂ ਪਰਲ ਪਰਲ ਹੰਝੂ ਵਗਣ ਲਗ ਪਏ। …ਗੁਰੂ ਅਰਜਨ ਦੇਵ ਤੇ ਗੁਰੂ ਤੇਗ਼ਬਹਾਦਰ ਸਾਹਿਬਾਨ ਦੀਆਂ ਕੁਰਬਾਨੀਆਂ ਦਾ ਮੇਰੇ ਜੀਵਨ ‘ਤੇ ਬਹੁਤ ਅਸਰ ਪਿਆ। ਅਸਲ ਵਿੱਚ ਉਨ੍ਹਾਂ ਮੁਢਲੇ ਵਰ੍ਹਿਆਂ ਵਿਚ, ਮੇਰੇ ਕਿਰਦਾਰ ਦੀ ਸਿਰਜਣਾਂ ‘ਚ ਇਨ੍ਹਾਂ ਗਲਾਂ ਨੇ ਵਡੀ ਭੂਮਿਕਾ ਨਿਭਾਈ।” ਸਠਵਿਆਂ-ਸੱਤਰਵਿਆਂ ਵਿੱਚ ਸਰਕਾਰ ਦੇ ਹਥ ਆਇ ਨਕਸਲੀਆਂ ‘ਚੋਂ ਲਗਭਗ ਸਾਰਿਆ ਦਾ ਇਹੋ ਕਹਿਣਾ ਸੀ ਕਿ ਇਸ ਲਹਿਰ ਲਈ ਉਹ ਕਮਿਊਨਿਸਟ ਵਿਚਾਰਧਾਰਾ ਨਾਲੋਂ ਵੱਧ ਪੰਜਾਬ ਅੰਦਰ (ਸਿਖਾਂ ਦੀ) ਕੁਰਬਾਨੀ ਅਤੇ ਸੂਰਮਗਤੀ ਦੀ ਪਰੰਪਰਾ ਤੋਂ ਪ੍ਰੇਰਤ ਹੋਇ ਸਨ। ਇਸਦੀ ਪੁਸ਼ਟੀ ਨਕਸਲੀ ਲਹਿਰ ਦੇ ਸੂਖਮ-ਭਾਵੀ ਕਵੀ ਅਮਰਜੀਤ ਚੰਦਨ ਦੇ ਇਸ ਸਵੈ-ਕਥਨ ਤੋਂ ਵੀ ਹੁੰਦੀ ਹੈ ਕਿ ‘ਅਸੀਂ ਵੀ ਸਿਖ ਇਤਿਹਾਸ ਤੋਂ ਪ੍ਰੇਰਣਾ ਲਈ, ਖਾਸ ਕਰਕੇ ਸ਼ਹਾਦਤ ਦੇ ਸੰਕਲਪ ਤੋਂ।’
ਸਿਖ ਸ਼ਹਾਦਤ ਦਾ ਨਿਆਰਾਪਨ ਇਸ ਗਲ ਵਿੱਚ ਹੈ ਕਿ ਉਹ ਸਿਖ ਸਿਧਾਂਤ ਨਾਲ ਜੁੜੀ ਹੋਈ ਹੈ ਜਦੋਂ ਕਿ ਅਜਕਲ ਦੀਆਂ ਮੌਤਾਂ ਜਿਨ੍ਹਾਂ ਨੂੰ ਸ਼ਹਾਦਤ ਦਾ ਨਾਂ ਦਿਤਾ ਜਾ ਰਿਹਾ ਹੈ ਨਿਜੀ ਮੁਫਾਦਾਂ ਲਈ ਬੇਅਸੂਲੇ ਹੋ ਕੇ ਹੋ ਰਹੀਆਂ ਹਨ।
‘ਗਰੀਬੀ ਗਦਾ ਹਮਾਰੀ॥ ਖੰਨਾ ਸਗਲ ਰੇਨੁ ਛਾਰੀ॥ ਇਸੁ ਆਗੈ ਕੋ ਨ ਟਿਕੈ ਵੇਕਾਰੀ॥ ਗੁਰ ਪੂਰੇ ਇਹ ਗਲ ਸਾਰੀ॥’ (628) ਦਾ ਪੈਰੋਕਾਰ ਸਿਖ ਜਿਥੇ ਜ਼ੁਲਮ ਅਤੇ ਬੇਇਨਸਾਫੀ ਦੇ ਵਿਰੁਧ ਪਹਿਲੇ ਹੱਲੇ ਹਥਿਆਰ ਚੁਕਣ ਦੀ ਬਜਾਇ ਸ਼ਾਂਤ ਅਤੇ ਸਥਿਰ-ਚਿਤ ਰਹਿੰਦੇ ਹੋਇ ਸਬਰ ਤੇ ਠਰ੍ਹੰਮੇ ਨਾਲ ਗੁਰੂ ਅਰਜਨ ਦੇਵ, ਗੁਰੂ ਤੇਗਬਹਾਦਰ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਅਤੇ ਭਾਈ ਸੁਬੇਗ ਸਿੰਘ ਤੇ ਸ਼ਾਹਬਾਜ਼ ਸਿੰਘ ਵਾਂਗ ਜਾਨ ਨਿਛਾਵਰ ਕਰ ਦਿੰਦਾ ਹੈ ਉਥੇ ਬਾਬਾ ਦੀਪ ਸਿੰਘ ਜੀ, ਭਾਈ ਸੁਖਾ ਸਿੰਘ ਮਹਿਤਾਬ ਸਿੰਘ, ਭਾਈ ਜਰਨੈਲ ਸਿੰਘ ਅਤੇ ਉਨ੍ਹਾਂ ਦੇ ਸਾਥੀ, ਭਾਈ ਬੇਅੰਤ ਸਿੰਘ ਸਤਵੰਤ ਸਿੰਘ ਅਤੇ ਭਾਈ ਸੁਖਾ ਤੇ ਜਿੰਦਾ ਵਰਗੇ ਗੁਰੂ ਗੋਬਿੰਦ ਸਿੰਘ ਜੀ ਦੇ ਫੁਰਮਾਨ ਤੇ ਅਮਲ ਕਰਦੇ ਹੋਇ ਲੋੜ ਪੈਣ ਤੇ ਸ਼ਹੀਦੀ ਪਾਉਣ ਤੋਂ ਝਿਝਕਦੇ ਨਹੀਂ। ਹਰਿੰਦਰ ਸਿੰਘ ਮਹਿਬੂਬ ਦੇ ਕਥਨ ਅਨੁਸਾਰ ‘ਸਿਖ ਸ਼ਹੀਦਾਂ ਦੀ ਅਹਿੰਸਾ ਦਾ ਖੇੜਾ ਬੇਪਨਾਹ ਹੈ, ਪਰ ਉਹ ਖੇੜਾ ਜੰਗ ਵਿੱਚ ਚਮਕਦੀ ਸ਼ਮਸ਼ੀਰ ਨਾਲ ਵੀ ਹਮਸਫਰ ਹੈ।’ ਕਿਉਂਕਿ ਸਿਖ ਦੀ ਕਿਰਪਾਨ ਜ਼ਾਲਮ ਦੀ ਤਲਵਾਰ ਨਾਲ ਟਕਰਾਉਣ ਵੇਲੇ ਵੀ ਜ਼ਾਲਮ ਨੂੰ ਜ਼ੁਲਮ ਮੁਕਤ ਕਰਦੀ ਹੈ। ਖਾਲਸੇ ਦੀ ਹਿੰਸਾ ਬਾਰੇ ਮਹਿਬੂਬ ਇਹ ਵੀ ਲਿਖਦਾ ਹੈ ਕਿ ‘ਖਾਲਸੇ ਨੇ ਜੰਗ ਅਤੇ ਅਮਨ ਨੂੰ ਇਖਲਾਕ ਦੇ ਵਡੇ ਨਸ਼ੇ ਵਿੱਚ ਅਭੇਦ ਕੀਤਾ ਹੋਇਆ ਹੈ। ਉਸ ਦੀ ਗੁਰ-ਲਿਵ (ਉਚੀ ਸੁਰਤ ਤੇ ਪ੍ਰਤਿਭਾ) ਜ਼ਿੰਦਗੀ ਵਿੱਚ ਅਪਣੀ ਆਦਰਸ਼ਕ ਖੂਬਸੂਰਤੀ ਦੇ ਇਖਲਾਕੀ ਨਕਸ਼ ਉਤਾਰ ਰਹੀ ਹੈ-ਭਾਵੇਂ ਅਮਨ ਵਿੱਚ ਉਤਾਰ ਲਵੇ ਭਾਵੇਂ ਜੰਗ ਰਾਹੀਂ ਉਤਾਰ ਲਵੇ। ਉਸਦੀ ਗੁਰੂ-ਲਿਵ ਦੀ ਇਖਲਾਕੀ ਰਮਜ਼ ਨੇ ਵਕਤ ਦੀਆਂ ਮੰਗਾਂ ਅਨੁਸਾਰ ਇਹ ਫੈਸਲਾ ਦੇਣਾ ਹੈ ਕਿ ਉਸਦੇ ਅਮਲ ਦਾ ਸਹੀ ਸੁਰਤਾਲ ਕਿਹੜਾ ਹੈ।’
ਅਜਮੇਰ ਸਿੰਘ ਦੀ ( ‘ਵੀਹਵੀਂ ਸਦੀ ਦੀ ਸਿਖ ਰਾਜਨੀਤੀ’ ਜਿਸ ਵਿਚੋਂ ਮੈਨੂੰ ਇਹ ਲੇਖ ਲਿਖਣ ਦੀ ਪ੍ਰੇਰਨਾ ਮਿਲੀ) ਅਨੁਸਾਰ ਮੀਨਾ ਦਾਸ ਦਾ ਕਹਿਣਾ ਹੈ ਕਿ ਜਿਹੜਾ ਵਰਗ (ਸਿਖ) ਹਕ ਸਚ ਦੀ ਖਾਤਰ ਜਾਨਾਂ ਨਿਛਾਰਵਰ ਕਰ ਦੇਣ ਦੇ ਕਰਮ ਨੂੰ ‘ਪ੍ਰੇਮ ਦੀ ਖੇਡ’ ਖੇਡਣ ਦਾ ਨਾਉਂ ਦਿੰਦਾ ਹੈ, ਜ਼ੁਲਮਾਂ ਤੇ ਤਸਹਿਆਂ ਨੂੰ ‘ਤੇਰਾ ਕੀਆ ਮੀਠਾ ਲਾਗੇ’ ਕਹਿ ਕੇ ਖਿੜੇ ਮਥੇ ਪ੍ਰਵਾਨ ਕਰਦਾ ਹੈ, ਕਾਲ ਕੋਠੜੀਆਂ ਦੇ ਅੰਦਰ ਵੀ ਸਰੂਰੀ ਸਦਾਂ ਲਾਉਂਦਾ ਹੈ ਅਤੇ ਫਾਂਸੀ ਦੇ ਤਖਤਿਆਂ ਤੋਂ ਵੀ ਜੇਤੂ ਜੈਕਾਰੇ ਗੁਜਾਉਂਦਾ ਹੈ ਉਸ ਵਿੱਚ ਅਪਣੀ ਨਿਆਰੀ ਹਸਤੀ ਅਤੇ ਠੁਕ ਦਾ ਹਿਸਾਸ ਪੈਦਾ ਹੋ ਜਾਣਾ ਸਭਾਵਿਕ ਹੈ। ਸਿਖ ਕੌਮ ਅੰਦਰ ਇਹ ਅਹਿਸਾਸ ਬਹੁਤ ਪਕਾ ਤੇ ਡੂੰਘਾ ਹੈ।
ਇਕ ਇਨਕਲਾਬੀ ਕੌਮ ਹੋਣ ਦੇ ਨਾਤੇ ਸਿਖ ਕੌਮ ਦਾ ਕਰੂਰਾ ਅਖਾਂ ਮੀਟੀ ਧੋਖੇ ਨਾਲ ਡਡੀਆਂ ਖਾਣ ਵਾਲੇ ਬਗਲੇ ਦੀ ਤਰ੍ਹਾਂ ਉਲਟੀਆਂ ਸਿਧੀਆਂ ਨੀਤੀਆਂ ਘੜ ਕੇ ਤੇ ਧਾਰਾ 25 ਬਣਾ ਕੇ ਸਿਖਾਂ ਨੂੰ ਨਿਗਲ ਜਾਣ ਵਾਲੀ ਬਹੁਗਿਣਤੀ ਨਾਲ ਨਹੀਂ ਮਿਲਦਾ। ਜਦੋਂ ਬ੍ਰਾਹਮਣਵਾਦੀ ਹਿੰਦੂ ਵਰਗ ਸਿਖ ਕੌਮ ਦੀ ਨਿਆਰੀ ਅਤੇ ਅਲੱਗ ਹਸਤੀ ਨੂੰ ਹੀ ਪ੍ਰਵਾਨ ਕਰਨ ਤੋਂ ਇਨਕਾਰੀ ਹੈ ਤਾਂ ਉਹ ਇਸਨੂੰ ਧਾਰਮਿਕ ਪਖ ਤੋਂ ਤਕੜਿਆਂ ਹੋਇਆਂ ਕਿਵੇਂ ਵੇਖ ਸਕਦਾ ਹੈ? ਇਸ ਵਰਗ ਦੇ ਸਿਖ ਧਰਮ ਉਤੇ ਧਾਰਮਿਕ ਗ਼ਲਬਾ ਪਾਉਣ ਦੇ ਜ਼ਿਦ-ਖੋਰੇ ਰਵਈਏ ਦੇ ਸਨਮੁਖ ਸਿਖਾਂ ਦੀ ਕੋਈ ਵੀ ਧਾਰਮਿਕ ਮੰਗ ਹਿੰਦੂ ਵਰਗ ਦੇ ਕਲੇਜੇ ਵਿੱਚ ਵਜਦੀ ਹੈ। ਇਸ ਲਈ ਸਿਖ ਸਿਧਾਂਤ ਤੋਂ ਵਿਹੂਣੀ ਸਰਮਾਇਦਾਰ ਸਿਖ ਲੀਡਰਸ਼ਿਪ ਇਸ ਵਰਗ ਨਾਲ ਰਲ ਕੇ ਅਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਸ਼ਹੀਦੀ ਪਰੰਪਰਾ ਦਾ ਖਟਿਆ ਤਾਂ ਖਾਣਾ ਚਾਹੁੰਦੀ ਹੈ ਪਰ ਉਸ ਅੰਦਰ ਪਰੰਪਰਾ ਦੀਆਂ ਲੋੜਾਂ ਉਤੇ ਪੂਰਾ ਉਤਰਨ ਦਾ ਦਮ ਖਮ ਨਹੀਂ। ਉਹ ਅਸੂਤੋਸ਼ੀਏ, ਭਨਿਆਰਿਆਂ ਅਤੇ ਸੌਦੇ ਸਾਧ ਵਰਗਿਆਂ ਨਾਲ ਅਪਣੇ ਮੁਫਾਦ ਲਈ ਸਿਖੀ ਦਾ ਦਮ ਖਮ ਰਖਣ ਵਾਲਿਆਂ ਨੂੰ ਟਕਰਾ ਤਾਂ ਦਿੰਦੀ ਹੈ ਪਰ ਜਦੋਂ ਲੋਹਾ ਪੂਰਾ ਗਰਮ ਹੋ ਜਾਂਦਾ ਹੈ ਤਾਂ ਇੱਕ ਅਧੀ ਸ਼ਹਾਦਤ ਤੋਂ ਬਾਅਦ ਇਸ ਵਲ ਵਧਦੇ ਕਦਮਾਂ ਨੂੰ ਪੁਠਾ ਗੇੜਾ ਦੇਣ ਲਈ ਬਹੁਗਿਣਤੀ ਦਾ ਪਖ ਪੂਰਨ ਵਾਸਤੇ ਇਨ੍ਹਾਂ ਨੂੰ ਜ੍ਹੇਲਾਂ ਵਿੱਚ ਗਲਨ ਸੜਨ ਲਈ ਡਕ ਵੀ ਦਿੰਦੀ ਹੈ। ਜੁਝਾਰੂ ਸਿਖ ਪਰੰਪਰਾ ਦੀ ਇਹ ਵਿਸ਼ੇਸ਼ ਅਸਲੀਅਤ ਹੈ ਕਿ ਇਸਦਾ ਹਕੀਕੀ ਉਪਯੋਗ ਸਚ ਤੇ ਖੜ੍ਹ ਕੇ ਹੀ ਕੀਤਾ ਜਾ ਸਕਦਾ ਹੈ। ਝੂਠ ਉਤੇ ਖੜ ਕੇ ਕੀਤਾ ਅਜੇਹਾ ਕੋਈ ਵੀ ਯਤਨ, ਅੰਤਮ ਨਤੀਜੇ ਵਜੋਂ, ਸਵੈ-ਪਿਛਾੜੀ ਬਣ ਕੇ ਰਹਿ ਜਾਂਦਾ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਲੀਡਰਾਂ ਪਿਛੇ ਲਗ ਕੇ ਜੋ ਵੀ ਐਜੀਟੇਸ਼ਨ ਅਰੰਭੀ ਉਸਦਾ ਸਿਰੇ ਚੜ੍ਹਨ ਤੋਂ ਪਹਿਲਾਂ ਹੀ ਗਲ ਘੁਟ ਦਿਤਾ ਗਿਆ।
ਸਿਖ ਇਤਿਹਾਸ ਅੰਦਰ ਕੁੱਝ ਮੌਕੇ ਅਜੇਹੇ ਵੀ ਆਏ ਹਨ ਜਦ ਵਡੇ ਤੋਂ ਵਡਾ ਜ਼ੁਲਮ ਵੀ ਤਤੀ ਤਵੀ ਦੇ ਸੇਕ ਨੂੰ ਚੁਪ ਚਾਪ ‘ਤੇਰਾ ਕੀਆ ਮੀਠਾ ਲਾਗੇ’ ਕਹਿ ਕੇ ਜਰਿਆ ਅਤੇ ਬਿਨਾਂ ਸੀ ਕੀਤਿਆਂ ਦੇਗਾਂ ‘ਚ ਉਬਲਣਾ ਤੇ ਆਰਿਆਂ ਨਾਲ ਚੀਰਿਆ ਜਾਣਾ ਕਬੂਲ ਕੀਤਾ। ਪਰ ਫਿਰ ਜਦ ਜ਼ੁਲਮਾਂ ਦੇ ਘੋਰ-ਅੰਧਿਕਾਰ ਚੀਰਨ ਲਈ ਤੇਗ਼ਾਂ ਦੀਆਂ ਲਿਸ਼ਕਾਂ ਨਾਲ ਇਤਿਹਾਸ ਦੇ ਰਾਹ ਰੁਸ਼ਨਾਉਣੇ ਪਏ ਤਾਂ ਸ਼ਮਸ਼ੀਰਾਂ ਦੇ ਵਜਦ ਨਾਲ ਦੁਨੀਆਂ ਨੂੰ ਚਕ੍ਰਿਤ ਕਰ ਕੇ ਰਖ ਦਿਤਾ। ਜਿਹੜੇ ਲੋਕ ਸਿਖਾਂ ਦੀ ਸ਼ਮਸ਼ੀਰਜ਼ਨੀ ਨੂੰ ਜਟਾਂ ਦੇ ਬਦਲਾ-ਖੋਰ ਸਭਾਉ ਨਾਲ ਜੋੜ ਕੇ ਵੇਖਣ ਦੀ ਭੁਲ ਕਰਦੇ ਹਨ ਉਹ ਇਹ ਭੁਲ ਜਾਂਦੇ ਹਨ ਕਿ ਜਦੋਂ ਕੋਈ ਵਿਅਕਤੀ ਖਾਸ ਕਰ ਸਿਖ ਗੁਰੂ-ਲਿਵ ਵਿੱਚ ਗੜੂੰਦ ਹੋਕੇ ਉਸ ਵਲੋਂ ਦਿਤੇ ਗਏ ਸਿਧਾਂਤ ਨੂੰ ਪ੍ਰਨਾਅ ਲੈਂਦਾ ਹੈ ਤਾਂ ਉਹ ਅਪਣੀ ਵਿਅਕਤੀਗਤ ਜਾਂ ਕਬੀਲੇ ਵਲੋਂ ਮਿਲੀਆਂ ਸਾਰੀਆਂ ਆਦਤਾਂ ਦਾ ਤਿਆਗ ਕਰਕੇ ਪੂਰੀ ਸਿਦਕਦਿਲੀ ਨਾਲ ਗੁਰੂ ਦਾ ਹੀ ਹੋ ਜਾਂਦਾ ਹੈ। ਜੇ ਸਿਖਾਂ ਦਾ ਅਮਲ ਨਿਰੋਲ ਅਤੇ ਸਿਧੇ ਰੂਪ ਵਿੱਚ ‘ਜਟ ਸੱਭਿਆਚਾਰ’ ਤੋਂ ਹੀ ਨਿਰਧਾਰਤ ਹੋਇਆ ਹੁੰਦਾ ਤਾਂ ਸਿਖ ਜਦੋਜਹਿਦ ਦੇ ਉਸ ਰੂਪ ਦੀ ਜੋ ਵੇਖਣ ਵਿੱਚ ਆਇਆ ਕਲਪਨਾ ਕਰਨੀ ਵੀ ਔਖੀ ਹੋਣੀ ਸੀ। ਹਰ ਮੌਕੇ ਸਿਖ ਅਮਲ, ਭਾਰੂ ਰੂਪ ਵਿਚ, ਸਿਖ ਲਹਿਰ ਦੇ ਖਾਸੇ ਅਤੇ ਇਸਦੇ ਮਨੋਰਥਾਂ ਤੋਂ ਨਿਰਧਾਰਤ ਹੁੰਦਾ ਹੈ, ਕਿਸੇ ਵਰਗ-ਵਿਸ਼ੇਸ਼ ਦੇ ਸੁਭਾਵੀ ਲਛਣਾਂ ਤੋਂ ਨਹੀਂ। ਉਦੇਸ਼ ਮੰਗ ਕਰਦੇ ਹੋਣ ਤਾਂ ਸਿਖ ਹੱਦ ਦਰਜੇ ਦਾ ਠਰ੍ਹਮਾ ਵਿਖਾ ਸਕਦੇ ਹਨ ਅਤੇ ਲੋੜ ਬਣੇ ਤਾਂ ਪੂਰੇ ਜਬ੍ਹੇ ਨਾਲ ‘ਖੰਡਾ ਵੀ ਖੜਕਾ’ ਸਕਦੇ ਹਨ। ਸਿਖ ਜ਼ੁਲਮ ਨੂੰ ਸਹਾਰ ਨਹੀਂ ਸਕਦਾ। ਮੌਕਾ ਮਿਲਣ ਤੇ ਉਹ ਜ਼ਾਲਮ ਨੂੰ ਜ਼ਰੂਰ ਸੋਧਦਾ ਹੈ। ਬੰਦਾ ਸਿੰਘ ਬਹਾਦਰ ਦੇ ਗੁਰੂ ਗੋਬਿੰਦ ਸਿੰਘ ਜੀ ਦੀ ਆਸ਼ੀਰਵਾਦ ਨਾਲ ਪੰਜਾਬ ‘ਚ ਆਉਣ ਵੇਲੇ ਸਿਖਾਂ ਨੇ ਜੋ ਜੋਸ਼ ਵਿਖਾਇਆ ਉਹ ਦੁਨੀਆ ਦੇ ਇਤਿਹਾਸ ਵਿੱਚ ਹੋਰ ਕਿਤੇ ਨਹੀਂ ਮਿਲਦਾ। ਮਾਨਸਾ, ਸਢੌਰਾ ਅਤੇ ਸਰਹਿੰਦ ਸ਼ਹਿਰਾਂ ਵਿੱਚ ਹਾਕਮ ਖੁਦ ਅਤੇ ਉਨ੍ਹਾਂ ਦੇ ਉਹ ਚਹੇਤੇ ਮੁਸਲਮਾਨ ਵਸਦੇ ਸਨ ਜਿਨ੍ਹਾਂ ਨੇ ਗੁਰੂ ਤੇਗਬਹਾਦਰ ਜੀ ਦੇ ਕਤਲ, ਗੁਰੂ ਗੋਬਿੰਦ ਸਿੰਘ ਜੀ ਨੂੰ ਫਰੇਬ ਨਾਲ ਅਨੰਦਪੁਰ ਸਾਹਿਬ ਤੋਂ ਨਿਕਲ ਜਾਣ ਦੀ ਸਲਾਹ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਕਤਲ ਵਿੱਚ ਅਪਣੇ ਨਿਰਦਈਪੁਣੇ ਅਤੇ ਮਕਰ ਦਾ ਰਜ ਕੇ ਇਜ਼ਹਾਰ ਕੀਤਾ ਸੀ ਉਨ੍ਹਾਂ ਪਾਪੀਆਂ ਨੂੰ ਡੰਡ ਦੇਣ ਲਈ ਇਨ੍ਹਾਂ ਸ਼ਹਿਰਾਂ ਦੀ ਜੋ ਇਟ ਨਾਲ ਇਟ ਖੜਕਾਈ ਉਹ ਸਿਖਾਂ ਨੇ ਪਾਪੀ ਨੂੰ ਡੰਡ ਦੇਣ ਦੇ ਨਜ਼ਰੀਏ ਨਾਲ ਖੜਕਾਈ ਤਾਕਿ ਆਉਣ ਵਾਲੇ ਭਵਿਖ ਵਿੱਚ ਕੋਈ ਵੀ ਉਨ੍ਹਾਂ ਵਰਗਾ ਹੈਵਾਨੀਅਤ-ਭਰਿਆ ਅਮਲ ਕਿਸੇ ਨਾਲ ਕਰਨ ਦੀ ਜੁਰੱਤ ਨਾ ਕਰੇ। ਜੇਹੜੇ ਇਤਿਹਾਸਕਾਰ ਸਿਖ ਸਿਧਾਂਤ ਤੋਂ ਜਾਣੂ ਨਹੀਂ ਉਹ ਇਨ੍ਹਾਂ ਜੰਗਾਂ ਦਾ ਜ਼ਿਕਰ ਕਰਦੇ ਲਿਖ ਦਿੰਦੇ ਹਨ ਕਿ ਸਿਖਾਂ ਨੇ ਬੜੀ ਲੁਟ ਮਚਾਈ। ਦਰਅਸਲ ਇਹ ਲੁਟ ਆਲੇ ਦੁਆਲੇ ਤੋਂ ਉਠੇ ਲੋਟੂ ਟੋਲਿਆਂ ਦੀ ਸੀ ਜਿਵੇਂ 80ਵਿਆਂ ਅਤੇ 90ਵਿਆਂ ਦੀ ਖਾੜਕੂ ਲਹਿਰ ਵੇਲੇ ਸਮਾਜ ਅਤੇ ਲਹਿਰ ਦੇ ਦੁਸ਼ਮਣਾਂ ਨੇ ਸਰਕਾਰੀ ਸ਼ਹਿ ਤੇ ਮਚਾਈ ਸੀ।
(ਰਘਬੀਰ ਸਿੰਘ ਢਿਲੋਂ) * * 91 9814465012
No comments:
Post a Comment