Tuesday, 14 October 2014

ਇਤਿਹਾਸ ਦਾ ਰੁਖ਼ ਬਦਲਣ ਵਾਲਾ ਬਾਬਾ ਬੰਦਾ ਸਿੰਘ ਬਹਾਦਰ

ਬਾਬਾ ਬੰਦਾ ਸਿੰਘ ਬਹਾਦਰ, ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਪੰਜਾਬ ਦੇ ਇਤਿਹਾਸ ਦੇ ਸਭ ਤੋਂ ਮਹਾਨ ਅਤੇ ਆਕਰਸ਼ਕ ਵਿਅਕਤੀਆਂ ਵਿੱਚੋਂ ਪ੍ਰਮੁੱਖ ਮੰਨਿਆ ਜਾਂਦਾ ਹੈ। ਉਸ ਨੇ ਆਪਣੇ ਜੀਵਨ ਕਾਲ (1670-1716) ਦੇ ਪਿਛਲੇ 7 ਸਾਲਾਂ (1709-1715) ਦੌਰਾਨ ਉੱਤਰੀ ਭਾਰਤ ਦੀ ਪੂਰੀ ਦੀ ਪੂਰੀ ਤਵਾਰੀਖ ਹੀ ਬਦਲ ਕੇ ਰੱਖ ਦਿੱਤੀ।
ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਸਿੱਖਾਂ ਨੇ ਅਠਾਰ੍ਹਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਮੁਗ਼ਲਾਂ ਨੂੰ ਪਹਿਲੀ ਵਾਰ ਸਿੱਖ ਸ਼ਕਤੀ ਦਾ ਅਹਿਸਾਸ ਕਰਵਾਇਆ ਅਤੇ ਉਨ੍ਹਾਂ ਦੇ ਅਜਿੱਤ ਹੋਣ ਦੇ ਘੁਮੰਡ ਨੂੰ ਤੋੜ ਕੇ ਰੱਖ ਦਿੱਤਾ। ਉਹ ਪੰਜਾਬ ਦੇ ਇਤਿਹਾਸਕ ਰੰਗ-ਮੰਚ ’ਤੇ ਅਚਾਨਕ ਇਕ ਜਾਂਬਾਜ਼ ਯੋਧੇ ਅਤੇ ਸਿਦਕੀ ਸੈਨਿਕ ਕਮਾਂਡਰ ਵਜੋਂ ਉੱਭਰ ਕੇ ਸਾਹਮਣੇ ਆਇਆ। ਡਾ. ਹਰੀ ਰਾਮ ਗੁਪਤਾ ਦਾ ਕਥਨ ਹੈ ਕਿ ਬੰਦਾ ਬਹਾਦਰ, ਸਿਕੰਦਰ, ਨੈਪੋਲੀਅਨ, ਨਾਦਰਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਤੋਂ ਘੱਟ ਸ਼ਕਤੀਸ਼ਾਲੀ ਯੋਧਾ ਨਹੀਂ ਸੀ। ਉਸ ਨੇ ਆਪਣੀ ਚੜ੍ਹਤ ਦੌਰਾਨ ਤਿੰਨ ਮੁਗ਼ਲ ਬਾਦਸ਼ਾਹਾਂ-ਬਹਾਦਰ ਸ਼ਾਹ, ਜਹਾਂਦਾਰ ਸ਼ਾਹ ਅਤੇ ਫਾਰੁਖ਼ਸ਼ੀਅਰ ਨੂੰ ਵਖਤ ਪਾਈ ਰੱਖਿਆ। ਪ੍ਰਸਿੱਧ ਇਤਿਹਾਸਕਾਰ ਮੈਕਲੇਗਰ ਲਿਖਦਾ ਹੈ ਕਿ ‘‘ਬੰਦਾ (ਬਹਾਦਰ), ਯੋਧਿਆਂ ਤੇ ਜਰਨੈਲਾਂ ਵਿੱਚ ਉੱਚੀ ਥਾਂ ਰੱਖਦਾ ਹੈ। ਉਸ ਦਾ ਨਾਂ ਹੀ ਪੰਜਾਬ ਅਤੇ ਪੰਜਾਬ ਤੋਂ ਬਾਹਰ ਮੁਗ਼ਲਾਂ ਵਿੱਚ ਦਹਿਸ਼ਤ ਫੈਲਾਉਣ ਲਈ ਕਾਫੀ ਸੀ। ਉਂਜ ਵੀ ਬੰਦਾ ਬਹਾਦਰ ਦੇ ਜੰਗੀ ਕਾਰਨਾਮਿਆਂ ’ਤੇ ਝਾਤ ਮਾਰਦਿਆਂ ਇਹ ਤੱਥ ਨਿੱਖਰਵੇਂ ਰੂਪ ਵਿੱਚ ਸਾਹਮਣੇ ਆਉਂਦਾ ਹੈ ਕਿ ਉਹ ਪੰਜਾਬ ਦੇ ਇਤਿਹਾਸ ਦਾ ਇਕ ਲਾਸਾਨੀ ਨਾਇਕ ਅਤੇ ਅਤਿਅੰਤ ਬਹਾਦਰ, ਨਿਡਰ ਤੇ ਦਲੇਰ ਸੈਨਾਪਤੀ ਸੀ। ਉਸ ਨੇ ਗ਼ਜ਼ਨਵੀ, ਤੈਮੂਰ ਤੇ ਬਾਬਰ ਦੇ ਖਾਨਦਾਨਾਂ ਵਿੱਚੋਂ ਅਖਵਾਉਣ ਵਾਲਿਆਂ ਦੀ ਆਨ ਤੇ ਸ਼ਾਨ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ।
ਇਤਿਹਾਸ ਦੇ ਅਤਿ ਨਾਜ਼ੁਕ ਦੌਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖਾਂ ਨੂੰ ਮੁੜ ਜਥੇਬੰਦ ਕੀਤਾ ਅਤੇ ਉਨ੍ਹਾਂ ਨੂੰ ਇਹ ਸਿਖਾਇਆ ਕਿ ਕਿਵੇਂ ਲੜੀਦਾ ਅਤੇ ਜਿੱਤ ਪ੍ਰਾਪਤ ਕਰੀਦੀ ਹੈ।…ਇਹ ਗੱਲ ਵੱਖਰੀ ਹੈ ਕਿ ‘‘ਕਹਾਣੀ ਦਾ ਪਲਾਟ ਗੁਰੂ ਗੋਬਿੰਦ ਸਿੰਘ ਨੇ ਬਣਾਇਆ, ਅਦਾਕਾਰ ਵੀ ਗੁਰੂ ਗੋਬਿੰਦ ਸਿੰਘ ਨੇ ਆਪ ਸਿਆਣਪ ਨਾਲ ਤਿਆਰ ਕੀਤੇ, ਪਰ ਇਹ ਬੰਦਾ (ਬਹਾਦਰ) ਹੀ ਸੀ, ਜਿਸ ਨੇ ਅਦਾਕਾਰਾਂ ਨੂੰ ਲੋਕਾਂ ਸਾਹਮਣੇ ਲਿਆਂਦਾ ਅਤੇ ਚੰਗੀ ਤਰ੍ਹਾਂ ਖਿਡਾਇਆ।’’- ਡਾ. ਗੋਕਲ ਚੰਦ ਨਾਰੰਗ।
ਮੁਗ਼ਲਾਂ ਦੇ ਅੱਤਿਆਚਾਰਾਂ ਵਿਰੁੱਧ ਤਲਵਾਰ ਉਠਾਉਣ ਵਾਲੇ ਇਸ ਲਾਸਾਨੀ ਯੋਧੇ ਦਾ ਜਨਮ 16 ਅਕਤੂਬਰ, 1670ਈ. ਨੂੰ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਰਾਜੌਰੀ ਵਿਖੇ ਹੋਇਆ। ਬੰਦਾ ਬਹਾਦਰ ਦਾ ਬਚਪਨ ਦਾ ਨਾਂ ਲਛਮਣ ਦਾਸ ਸੀ। ਉਸ ਦਾ ਪਿਤਾ ਰਾਮਦੇਵ (ਰਾਜਪੂਤ) ਇਕ ਸਾਧਾਰਨ ਕਿਸਾਨ ਸੀ। ਉਹ ਛੋਟੀ ਉਮਰੇ ਹੀ ਇਕ ਅੱਛਾ ਘੋੜ-ਸਵਾਰ, ਪੱਕਾ ਨਿਸ਼ਾਨੇਬਾਜ਼ ਤੇ ਚੰਗਾ ਸ਼ਿਕਾਰੀ ਬਣ ਗਿਆ ਸੀ।
ਲਛਮਣ ਦਾਸ 15 ਕੁ ਵਰ੍ਹਿਆਂ ਦੀ ਉਮਰ ਵਿੱਚ ਹੀ ਘਰ-ਬਾਰ ਤਿਆਗ ਕੇ ਬੈਰਾਗੀ ਬਣ ਗਿਆ ਸੀ ਅਤੇ ਉਸ ਦੇ ਗੁਰੂ ਨੇ ਉਸ ਦਾ ਨਾਂ ਬਦਲ ਕੇ ਮਾਧੋ ਦਾਸ ਰੱਖ ਦਿੱਤਾ। ਵੱਖ-ਵੱਖ ਥਾਵਾਂ ਦੀ ਯਾਤਰਾ ਕਰਨ ਉਪਰੰਤ ਮਾਧੋ ਦਾਸ ਨੇ ਨਾਂਦੇੜ ਦੇ ਨੇੜੇ, ਗੋਦਾਵਰੀ ਦਰਿਆ ਦੇ ਕੰਢੇ, ਇਕ ਸ਼ਾਂਤ ਤੇ ਸੁੰਦਰ ਸਥਾਨ ’ਤੇ ਆਪਣਾ ਟਿਕਾਣਾ ਬਣਾ ਲਿਆ। ਇਸ ਸਥਾਨ ’ਤੇ ਹੀ 3 ਸਤੰਬਰ 1708 ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਮਾਧੋ ਦਾਸ ਨਾਲ ਪਹਿਲੀ ਮੁਲਾਕਾਤ ਹੋਈ।
ਸਿੱਖਾਂ ਦੀ ਰਹਿਨੁਮਾਈ ਕਰਨ ਲਈ ਗੁਰੂ ਸਾਹਿਬ ਨੇ ਬੜੇ ਨਾਟਕੀ ਢੰਗ ਨਾਲ ਮਾਧੋ ਦਾਸ ਦੀ ਚੋਣ ਕੀਤੀ। ਮੁਗ਼ਲਾਂ ਨਾਲ ਸਿੱਧੀ ਟੱਕਰ ਲੈਣ ਲਈ ਚੁਣੇ ਗਏ ਇਸ ਯੋਧੇ ਨੂੰ ਗੁਰੂ ਸਾਹਿਬ ਨੇ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਦਾ ਨਾਂ ਅਤੇ ‘ਬਹਾਦੁਰ’ ਦਾ ਖ਼ਿਤਾਬ ਬਖਸ਼ਿਆ ਅਤੇ ਖਾਲਸੇ ਦਾ ਜਥੇਦਾਰ ਥਾਪ ਕੇ ਪੰਜਾਬ ਵੱਲ ਭੇਜਿਆ। ਸਲਾਹਕਾਰਾਂ ਵਜੋਂ ਪੰਜ ਪਿਆਰੇ ਤੇ 20 ਹੋਰ ਸਿੰਘ ਨਾਲ ਭੇਜੇ। ਬੰਦਾ ਬਹਾਦਰ ਅਕਤੂਬਰ 1708 ਦੇ ਆਸ-ਪਾਸ ਪੰਜਾਬ ਲਈ ਰਵਾਨਾ ਹੋਇਆ। ਬਸ, ਇਸ ਦੇ ਨਾਲ ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਸਿਰਨਾਵੇਂ ਨਾਲ ਸਿੱਖ ਇਤਿਹਾਸ ਦਾ ਇਕ ਨਵਾਂ ਦੌਰ ਸ਼ੁਰੂ ਹੁੰਦਾ ਹੈ। ਗ਼ੌਰਤਲਬ ਹੈ ਕਿ ਬੰਦਾ ਬਹਾਦਰ ਦੀ ਕਮਾਨ ਹੇਠ ਕੇਵਲ 25 ਸਿੰਘਾਂ ਦੇ ਜਥੇ ਨੂੰ ਸ਼ਕਤੀਸ਼ਾਲੀ ਮੁਗ਼ਲ ਹਕੂਮਤ ਨਾਲ ਸਾਹਮਣਿਓਂ ਟੱਕਰ ਲੈਣ ਲਈ ਪੰਜਾਬ ਵੱਲ ਭੇਜਣਾ, ਹਿੰਦੁਸਤਾਨ ਦੇ ਇਤਿਹਾਸ ਦੀ ਇਕ ਬੇਮਿਸਾਲ ਘਟਨਾ ਹੈ।
ਨਾਂਦੇੜ ਤੋਂ ਦਿੱਲੀ ਪਹੁੰਚਣ ਤੱਕ ਬੰਦਾ ਸਿੰਘ ਬਹਾਦਰ ਨਾਲ ਕੇਵਲ ਗਿਣਤੀ ਦੇ ਸਿੰਘ ਸਨ। ਰੋਹਤਕ-ਸੋਨੀਪਤ ਦੇ ਇਲਾਕੇ ਵਿੱਚ ਦਾਖਲ ਹੋਣ ਉਪਰੰਤ ਖਾਲਸਾ ਵਹੀਰ ਸਹੇਰੀ- ਖੰਡਾ ਨਾਂ ਦੇ ਦੋ ਜੁੜਵੇਂ ਪਿੰਡਾਂ ਦੀ ਜੂਹ ਵਿੱਚ ਰੁਕੀ ਤਾਂ ਕਿ ਅਗਲੀ ਰਣਨੀਤੀ ਤੈਅ ਕੀਤੀ ਜਾ ਸਕੇ। ਇਥੋਂ ਹੀ ਬੰਦਾ ਬਹਾਦਰ ਨੇ ਪੰਜਾਬ ਦੇ ਸਿੱਖਾਂ ਦੇ ਨਾਂ ਪੱਤਰ ਲਿਖੇ ਅਤੇ ਗੁਰੂ ਸਾਹਿਬ ਵੱਲੋਂ ਜਾਰੀ ਕੀਤੇ ਹੁਕਮਨਾਮੇ ਭੇਜੇ। ਸੰਦੇਸ਼ ਮਿਲਦਿਆਂ ਹੀ ਸਿੱਖਾਂ ਨੇ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਕੇ ਸਹੇਰੀ-ਖੰਡਾ ਪਹੁੰਚਣਾ ਸ਼ੁਰੂ ਕਰ ਦਿੱਤਾ। ਕੁਝ ਲੁਟੇਰੇ ਤੇ ਚੋਰ-ਡਾਕੂ ਵੀ ਨਾਲ ਆ ਰਲੇ।
ਸਿੰਘ ਸੂਰਮਿਆਂ ਦੇ ਠਾਠਾਂ ਮਾਰਦੇ ਇਕੱਠ ਅਤੇ ਉਨ੍ਹਾਂ ਦੇ ਉੱਚ ਮਨੋਬਲ ਤੋਂ ਉਤਸ਼ਾਹਿਤ ਹੋ ਕੇ ਬੰਦਾ ਬਹਾਦਰ ਨੇ ਨੇੜੇ ਹੀ ਸੋਨੀਪਤ ’ਤੇ ਹਮਲਾ ਕਰ ਕੇ ਆਪਣੀਆਂ ਸੈਨਿਕ ਮੁਹਿੰਮਾਂ ਦੀ ਸ਼ੁਰੂਆਤ ਕੀਤੀ ਅਤੇ ਮੁਗ਼ਲ ਰਾਜਧਾਨੀ ਦੇ ਨੱਕ ਹੇਠ ਪਹਿਲੀ ਜਿੱਤ ਪ੍ਰਾਪਤ ਕੀਤੀ। ਲਗਦੇ ਹੱਥ ਹੀ, ਕੈਥਲ ਨੇੜਿਓਂ ਸ਼ਾਹੀ ਖਜ਼ਾਨਾ ਲੁੱਟ ਲਿਆ ਅਤੇ ਕੈਥਲ ’ਤੇ ਵੀ ਕਬਜ਼ਾ ਕਰ ਲਿਆ। ਬੰਦਾ ਬਹਾਦਰ ਦਾ ਜੋਸ਼, ਹੌਸਲਾ ਤੇ ਗਤੀ ਬੇਮਿਸਾਲ ਸੀ। ਉਸ ਨੇ ਥੋੜ੍ਹੇ ਅਰਸੇ ਵਿੱਚ ਹੀ ਸਮਾਣਾ, ਘੁੜਾਮ, ਠਸਕਾ, ਸ਼ਾਹਬਾਦ, ਮੁਸਤਫਾਬਾਦ, ਕਪੂਰੀ, ਸਢੌਰਾ ਤੇ ਛੱਤ-ਬਨੂੜ ਵਰਗੇ ਮੁਗ਼ਲਾਂ ਦੇ ਗੜ੍ਹਾਂ ਨੂੰ ਆਪਣੇ ਅਧੀਨ ਕਰ ਲਿਆ। ਹੁਣ  ਬੰਦਾ ਬਹਾਦਰ ਨੇ ਆਪਣੇ ਮੁੱਖ ਨਿਸ਼ਾਨੇ ਸਰਹਿੰਦ ਵੱਲ ਵਾਗਾਂ ਮੋੜੀਆਂ।
12 ਮਈ 1710 ਨੂੰ ਚੱਪੜਚਿੜੀ ਦੇ ਮੈਦਾਨ ਵਿੱਚ ਹੋਈ ਖੂਨ ਡੋਲਵੀਂ ਲੜਾਈ ਵਿੱਚ ਸਰਹਿੰਦ ਦਾ ਹੁਕਮਰਾਨ ਸੂਬੇਦਾਰ ਵਜ਼ੀਰ ਖਾਂ ਮਾਰਿਆ ਗਿਆ। ਵਜ਼ੀਰ ਖਾਂ ਦਾ ਛੋਟਾ ਪੁੱਤਰ ਅਤੇ ਉਸ ਦਾ ਜਵਾਈ ਵੀ ਲੜਾਈ ਵਿੱਚ ਮਾਰੇ ਗਏ। 14 ਮਈ ਨੂੰ ਸਿੱਖ ਜੇਤੂਆਂ ਦੀ ਸ਼ਕਲ ਵਿੱਚ ਸਰਹਿੰਦ ਵਿੱਚ ਦਾਖਲ ਹੋਏ। ਇਸ ਤਰ੍ਹਾਂ ਬੰਦਾ ਬਹਾਦਰ ਨੇ ਸੱਤ ਸੌ ਸਾਲਾਂ ਤੋਂ ਪਏ ਗੁਲਾਮੀ ਦੇ ਜੂਲੇ ਨੂੰ ਪੰਜਾਬ ਦੇ ਗਲੋਂ ਲਾਹੁਣ ਦੀ ਸ਼ੁਰੂਆਤ ਕੀਤੀ। ਸੋ, ਸਰਹਿੰਦ ਦੀ ਜਿੱਤ ਇਕ ਅਜਿਹਾ ਜ਼ਲਜ਼ਲਾ ਸੀ, ਜਿਸ ਨੇ ਮੁਗ਼ਲ ਹਕੂਮਤ ਦੀਆਂ ਨੀਂਹਾਂ ਹਿਲਾ ਕੇ ਰੱਖ ਦਿੱਤੀਆਂ।
ਇਸੇ ਚੜ੍ਹਤ ਦੌਰਾਨ ਬੰਦਾ ਬਹਾਦਰ ਨੇ ਸੁਤੰਰਰ ਸਿੱਖ ਰਾਜ ਦੀ ਘੋਸ਼ਣਾ ਕਰ ਦਿੱਤੀ ਅਤੇ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਨਾਂ ’ਤੇ ਸਿੱਕਾ ਜਾਰੀ ਕੀਤਾ। ਜਿੱਤਾਂ ਦਾ ਸਿਲਸਿਲਾ ਨਿਰੰਤਰ ਜਾਰੀ ਰਿਹਾ। ਛੇਤੀ ਹੀ ਸਿੱਖ ਲਾਹੌਰ ਦੀਆਂ ਕੰਧਾਂ ਤੱਕ ਪਹੁੰਚ ਗਏ। ਇਤਿਹਾਸ ਦੀਆਂ ਨਜ਼ਰਾਂ ਨੇ ਉਹ ਵਕਤ ਵੀ ਵੇਖਿਆ ਹੈ ਜਦੋਂ ਲਾਹੌਰ ਤੋਂ ਲੈ ਕੇ ਜਮਨਾ ਪਾਰ ਸਹਾਰਨਪੁਰ ਤੱਕ ਦੇ ਇਲਾਕੇ ’ਤੇ ਬੰਦਾ ਬਹਾਦਰ ਦਾ ਕਬਜ਼ਾ ਸੀ।
ਬਾਬਾ ਬੰਦਾ ਸਿੰਘ ਬਹਾਦਰ ਨਿਰਾ ਜੰਗਜੂ ਹੀ ਨਹੀਂ ਸੀ, ਉਹ ਲੋਕਾਂ ਦਾ ਸੇਵਕ ਅਤੇ ਪਰਜਾ ਦਾ ਪਾਲਕ ਵੀ ਸੀ। ਉਸ ਨੇ ਗਰੀਬ-ਗੁਰਬਿਆਂ ਨੂੰ ਆਪਣੀ ਹਕੂਮਤ ਵਿੱਚ ਉੱਚ ਅਹੁਦਿਆਂ ’ਤੇ ਤਾਇਨਾਤ ਕਰ ਕੇ ਗੁਰੂ ਗੋਬਿੰਦ ਸਿੰਘ ਦੇ ਇਸ ਐਲਾਨਨਾਮੇ ‘‘ਇਨ ਗਰੀਬ ਸਿੱਖਨ ਕੋ ਦੇਊਂ ਪਾਤਸ਼ਾਹੀ, ਯਾਦ ਕਰੇਂ ਯੇਹ ਹਮਾਰੀ ਗੁਰਿਆਈ’’ ਨੂੰ ਅਮਲੀ ਜਾਮਾ ਪਹਿਨਾਇਆ। ਸਭ ਤੋਂ ਵਧ ਕੇ ਉਸ ਨੇ ਜ਼ਿਮੀਂਦਾਰਾ ਪ੍ਰਬੰਧ ਵਿੱਚ ਸੁਧਾਰ ਕੀਤਾ ਅਤੇ ਬੇਜ਼ਮੀਨੇ ਕਾਸ਼ਤਕਾਰਾਂ ਨੂੰ ਜ਼ਮੀਨਾਂ ਵਾਲੇ ਬਣਾਇਆ।
ਬੰਦਾ ਬਹਾਦਰ ਦੀ ਚੜ੍ਹਤ ਨੂੰ ਵੇਖਦਿਆਂ ਮੁਗ਼ਲ ਸਮਰਾਟ ਬਹਾਦਰ ਸ਼ਾਹ ਖੁਦ ਵੱਡੀ ਫੌਜ ਲੈ ਕੇ ਪੰਜਾਬ ਵਿੱਚ ਦਾਖਲ ਹੋਇਆ। ਮੌਕੇ ਅਨੁਸਾਰ ਸਿੱਖਾਂ ਨੂੰ ਪਿੱਛੇ ਹਟਣਾ ਪਿਆ। ਬੰਦਾ ਬਹਾਦਰ ਲੋਹਗੜ੍ਹ ਦਾ ਕਿਲ੍ਹਾ ਛੱਡ ਕੇ ਪਹਾੜਾਂ ਵੱਲ ਨਿੱਕਲ ਗਿਆ। ਇਸੇ ਦੌਰਾਨ ਚੰਬੇ ਦੇ ਰਾਜੇ ਦੀ ਧੀ ਨਾਲ ਵਿਆਹ ਕਰਵਾ ਲਿਆ। ਦੂਜਾ ਵਿਆਹ, ਵਜ਼ੀਰਾਬਾਦ ਦੇ ਖੱਤਰੀ ਸ਼ਿਵ ਰਾਮ ਦੀ ਧੀ ਨਾਲ ਹੋਇਆ।
ਮੁਗ਼ਲ ਸਮਰਾਟ ਬਹਾਦਰ ਸ਼ਾਹ ਦੀ 18 ਫਰਵਰੀ 1712 ਨੂੰ ਲਾਹੌਰ ਵਿਖੇ ਮੌਤ ਹੋ ਗਈ। ਮੌਕੇ ਤੋਂ ਲਾਭ ਉਠਾਉਂਦਿਆਂ, ਬੰਦਾ ਬਹਾਦਰ ਨੇ ਮੁੜ ਆਪਣੀ ਸ਼ਕਤੀ ਨੂੰ ਸੰਗਠਤ ਕੀਤਾ ਅਤੇ ਕਈ ਇਲਾਕਿਆਂ ’ਤੇ ਕਾਬਜ਼ ਹੋ ਗਿਆ। ਉਸ ਨੇ ਮਾਰਚ 1715 ਵਿੱਚ ਕਲਾਨੌਰ ਤੇ ਬਟਾਲੇ ’ਤੇ ਕਬਜ਼ਾ ਕਰ ਲਿਆ।
ਗ੍ਰਿਫਤਾਰੀ:ਅੰਤ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸੈਨਿਕਾਂ ਸਮੇਤ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਵਿੱਚ ਮੁਗ਼ਲ ਫੌਜ ਦੇ ਘੇਰੇ ਵਿੱਚ ਆ ਗਿਆ। ਇਹ ਘੇਰਾ ਕਈ ਮਹੀਨਿਆਂ ਤੱਕ ਜਾਰੀ ਰਿਹਾ। ਰਸਦ ਮੁੱਕ ਗਈ। ਸਿੱਖ ਫਾਕੇ ਕੱਟਣ ਲੱਗੇ। 7 ਦਸੰਬਰ, 1715 ਨੂੰ ਸ਼ਾਹੀ ਫੌਜਾਂ ਨੇ ਗੜ੍ਹੀ ’ਤੇ ਕਬਜ਼ਾ ਕਰ ਲਿਆ। ਸ਼ਾਹੀ ਫੌਜਾਂ ਦੀ ਜਿੱਤ ’ਤੇ ਟਿੱਪਣੀ ਕਰਦਿਆਂ, ਹਾਜੀ ਕਾਮਵਰ ਖਾਂ ਆਪਣੀ ਪੁਸਤਕ ‘ਤਜ਼ਕਿਰਾਤੂ-ਸਲਾਤੀਨ ਚੁਗਤਾਂਈਆ, ਵਿੱਚ ਲਿਖਦਾ ਹੈ ਕਿ ‘‘ਇਹ ਕਿਸੇ ਦੀ ਅਕਲਮੰਦੀ ਜਾਂ ਬਹਾਦਰੀ ਦਾ ਨਤੀਜਾ ਨਹੀਂ ਸੀ, ਬਲਕਿ ਰੱਬ ਦੀ ਮਿਹਰਬਾਨੀ ਸੀ। ਕਾਫ਼ਰ ਸਿੱਖ (ਬੰਦਾ ਬਹਾਦਰ) ਅਤੇ ਉਸ ਦੇ ਸਾਥੀ ਭੁੱਖ ਨੇ ਅਧੀਨ ਹੋਣ ਲਈ ਮਜਬੂਰ ਕਰ ਦਿੱਤੇ ਸਨ।’’
ਬਾਬਾ ਬੰਦਾ ਸਿੰਘ ਬਹਾਦਰ ਅਤੇ ਲਗਪਗ 800 ਸਿੱਖਾਂ ਨੂੰ ਕੈਦੀ ਬਣਾ ਕੇ ਪਹਿਲਾਂ ਲਾਹੌਰ ਲਿਆਂਦਾ ਗਿਆ। ਫਿਰ ਅਤਿ ਖੁਆਰੀ ਦੀ ਹਾਲਤ ਵਿੱਚ ਜਲੂਸ ਦੀ ਸ਼ਕਲ ਵਿੱਚ ਦਿੱਲੀ ਲਿਜਾਇਆ ਗਿਆ। ਇਹ ਜਲੂਸ 27 ਫਰਵਰੀ 1716 ਨੂੰ ਦਿੱਲੀ ਵਿੱਚ ਦਾਖਲ ਹੋਇਆ। ਬੰਦਾ ਬਹਾਦਰ ਅਤੇ ਉਸ ਦੇ ਮੁੱਖ ਸਾਥੀਆਂ ਨੂੰ ਤ੍ਰਿਪੋਲੀਏ ਵਿਖੇ ਕੈਦ ਲਈ ਇਬਰਾਹੀਮ-ਉਦ-ਦੀਨ ਮੀਰ ਆਤਿਸ਼ ਦੇ ਹਵਾਲੇ ਕਰ ਦਿੱਤਾ ਗਿਆ। ਬਾਕੀਆਂ ਨੂੰ ਸਰਬਰਾਹ ਖਾਨ ਦੇ ਹਵਾਲੇ ਕੀਤਾ ਗਿਆ। ਬੰਦਾ ਬਹਾਦਰ ਦੀ ਪਹਿਲੀ ਪਤਨੀ ਅਤੇ ਉਸ ਦੇ ਚਾਰ ਵਰ੍ਹਿਆਂ ਦੇ ਪੁੱਤਰ ਅਜੈ ਸਿੰਘ ਨੂੰ ਵੱਖਰੇ ਤੌਰ ’ਤੇ ਕੈਦ ਵਿੱਚ ਰੱਖਿਆ ਗਿਆ।
ਕਤਲੇਆਮ: 5 ਮਾਰਚ 1715 ਨੂੰ ਸਿੱਖ ਕੈਦੀਆਂ ਦਾ ਕਤਲੇਆਮ ਸ਼ੁਰੂ ਹੋਇਆ। ਹਰ ਰੋਜ਼ 100 ਸਿੱਖ ਕਤਲ ਕੀਤੇ ਜਾਂਦੇ ਸਨ। ਸੱਤ ਦਿਨਾਂ ਤੱਕ ਕਤਲੇਆਮ ਜਾਰੀ ਰਿਹਾ। ਇਨ੍ਹਾਂ ਕਤਲਾਂ ਤੋਂ ਬਾਅਦ ਤਿੰਨ ਮਹੀਨਿਆਂ ਤੱਕ ਚੁੱਪ ਵਰਤੀ ਰਹੀ।
ਸ਼ਹਾਦਤ: 9 ਜੂਨ 1716 ਨੂੰ ਬੰਦਾ ਬਹਾਦਰ ਅਤੇ ਉਸ ਦੇ ਸਾਥੀਆਂ ਨੂੰ ਇਕ ਜਲੂਸ ਦੀ ਸ਼ਕਲ ਵਿੱਚ ਕੁਤਬ-ਮੀਨਾਰ ਦੇ ਨੇੜੇ ਖੁਆਜਾ ਕੁਤਬਦੀਨ ਬਖਤਿਆਰ ਕਾਕੀ ਦੇ ਰੋਜ਼ੇ ਪਾਸ ਪਹੁੰਚਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦੀ ਜਾਮ ਪਿਲਾਉਣ ਤੋਂ ਪਹਿਲਾਂ ਉਸ ਦੇ ਪੁੱਤਰ ਅਜੈ ਸਿੰਘ ਨੂੰ ਕਤਲ ਕਰਕੇ ਉਸ ਦਾ ਧੜਕਦਾ ਹੋਇਆ ਦਿਲ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ। ਫਿਰ ਤਸੀਹੇ ਦੇਣ ਤੋਂ ਇਲਾਵਾ ਭਖਦੇ ਹੋਏ ਲਾਲ ਗਰਮ ਜੰਬੂਰਾਂ ਨਾਲ ਸਰੀਰ ਤੋਂ ਮਾਸ ਨੋਚਿਆ ਗਿਆ। ਛੁਰੇ ਦੀ ਨੋਕ ਨਾਲ ਅੱਖਾਂ ਕੱਢੀਆਂ ਗਈਆਂ, ਹੱਥ-ਪੈਰ ਕੱਟ ਦਿੱਤੇ ਗਏ ਅਤੇ ਅੰਤ ਸਿਰ ਕਲਮ ਕਰ ਦਿੱਤਾ ਗਿਆ।

- ਡਾ. ਹਰਚੰਦ ਸਿੰਘ ਸਰਹਿੰਦੀ


ਅਮਰ ਸ਼ਹੀਦ ਮਦਨ ਲਾਲ ਢੀਂਗਰਾ

ਮਹਾਨ ਯੋਧੇ ਮਦਨ ਲਾਲ ਢੀਂਗਰਾ ਦਾ ਜਨਮ 18 ਸਤੰਬਰ 1883 ਨੂੰ ਪਿਤਾ ਸਾਹਿਬ ਦਿਤਾ ਮੱਲ ਦੇ ਘਰ ਅੰਮ੍ਰਿਤਸਰ ਵਿੱਚ ਹੋਇਆ ਸੀ। ਦੇਸ਼ ਨੂੰ ਗੁਲਾਮੀ ਦੀਆਂ ਜ਼ੰਜ਼ੀਰਾਂ ਵਿੱਚ ਜਕੜਿਆ ਦੇਖ ਮਨ ਵਿੱਚ ਦਰਦ ਸ਼ੁਰੂ ਹੋਇਆ ਅਤੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਮਨ ਵਿੱਚ ਧਾਰ ਲਈ। ਆਪ ਅੰਮ੍ਰਿਤਸਰ ਦੇ ਇਕ ਸਰਕਾਰ-ਪ੍ਰਸਤ ਵਪਾਰੀ ਪਰਿਵਾਰ ਦੇ ਜੀਅ ਸਨ। ਆਪ ਦੇ ਪਿਤਾ ਅੱਖਾਂ ਦੇ ਡਾਕਟਰ ਸਨ। ਉਹ ਸਿਵਲ ਸਰਜਨ ਦੇ ਅਹੁਦੇ ਤੋਂ ਮੁਕਤ ਹੋਏ ਸਨ। ਮਦਨ ਦੇ ਹੋਰ ਪੰਜ ਭੈਣ-ਭਰਾ ਸਨ। ਉਹ ਸਭ ਤੋਂ ਛੋਟੇ ਹੋਣ ਕਰਕੇ ਲਾਡਲੇ ਸਨ। ਬਰਤਾਨੀਆ ਹਕੂਮਤ ਦਾ ਆਲ੍ਹਾ ਦਰਜੇ ਦਾ ਫੌਜੀ ਅਫਸਰ ਕਰਜਨ ਵਾਇਲੀ ਅਤੇ ਆਪ ਦੇ ਪਿਤਾ ਵਿੱਚ ਗੂੜ੍ਹੀ ਦੋਸਤੀ ਸੀ। ਅੰਗਰੇਜ਼ ਸਰਕਾਰ ਨੇ ਡਾਕਟਰ ਦਿਤਾ ਮੱਲ ਨੂੰ ਰਾਏ ਸਾਹਿਬ ਦਾ ਖ਼ਿਤਾਬ ਦਿੱਤਾ ਹੋਇਆ ਸੀ। ਕਰਜਨ ਵਾਇਲੀ ਦੀ ਸਲਾਹ ਨਾਲ ਹੀ ਮਦਨ ਲਾਲ ਨੂੰ ਇੰਜੀਨੀਅਰਿੰਗ ਦੀ ਡਿਗਰੀ ਲਈ ਇੰਗਲੈਂਡ ਭੇਜ ਦਿੱਤਾ ਗਿਆ।
ਯੂਨੀਵਰਸਿਟੀ ਵਿੱਚ ਪੜ੍ਹਦਿਆਂ ਜੋ ਅੰਗਰੇਜ਼ਾਂ ਵੱਲੋਂ ਭਾਰਤੀਆਂ ਨਾਲ ਭੈੜਾ ਸਲੂਕ ਕੀਤਾ ਜਾਂਦਾ ਸੀ, ਉਸ ਦਾ ਅਸਰ ਉਨ੍ਹਾਂ ਦੇ ਮਨ ’ਤੇ ਬਹੁਤ ਹੋਇਆ। ਉਹ ਇਸ ਦਾ ਬਦਲਾ ਲੈਣਾ ਚਾਹੁੰਦਾ ਸੀ। ਉਨ੍ਹਾਂ ਯੂਨੀਵਰਸਿਟੀ ਵਿੱਚ ਹੀ ਹੋਰ ਕ੍ਰਾਂਤੀਕਾਰੀ ਭਾਰਤੀਆਂ ਨਾਲ ਵਿਚਾਰਾਂ ਕੀਤੀਆਂ ਅਤੇ ਉਹ ਇੰਡੀਆ ਹਾਊਸ ਨਾਲ ਜੁੜ ਗਿਆ। ਇੰਡੀਆ ਹਾਊਸ ਵਿੱਚ ਹੀ ਭਾਰਤੀਆਂ ਨੂੰ ਕ੍ਰਾਂਤੀਕਾਰੀ ਵਿਚਾਰਾਂ ਨਾਲ ਜੋੜਿਆ ਜਾਂਦਾ ਸੀ। ਇੰਡੀਆ ਹਾਊਸ ਮਹਾਨ ਕ੍ਰਾਤੀਕਾਰੀ ਸ਼ਿਆਮ ਜੀ ਕ੍ਰਿਸ਼ਨ ਵਰਮਾ ਨੇ ਸਥਾਪਤ ਕੀਤਾ ਸੀ। 1906 ਵਿੱਚ ਇਕ ਮਹਾਨ ਕ੍ਰਾਂਤੀਕਾਰੀ ਸਾਵਰਕਰ ਇੰਗਲੈਂਡ ਪਹੁੰਚੇ ਤਾਂ ਮਦਨ ਲਾਲ ਨਾਲ ਉਨ੍ਹਾਂ ਦਾ ਮੇਲ ਹੋਇਆ।
ਕਰਜਨ ਵਾਇਲੀ ਰਾਜਨੀਤੀ ਵਿੱਚ ਨਿਪੁੰਨ ਆਦਮੀ ਸੀ ਪ੍ਰੰਤੂ ਉਹਦੇ ਮਨ ਵਿੱਚ ਭਾਰਤੀਆਂ ਪ੍ਰਤੀ ਈਰਖਾ ਸੀ ਅਤੇ ਆਪਣੇ ਆਪ ’ਤੇ ਅਭਿਮਾਨ ਸੀ। ਉਸ ਦਾ ਭਾਰਤੀਆਂ ਪ੍ਰਤੀ ਵਤੀਰਾ ਬਹੁਤ ਮਾੜਾ ਸੀ ਅਤੇ ਉਹ ਭਾਰਤੀ ਵਿਦਿਆਰਥੀਆਂ ’ਤੇ ਸਖ਼ਤ ਨਜ਼ਰ ਰੱਖਦਾ ਸੀ। ਕ੍ਰਾਂਤੀਕਾਰੀ ਉਸ ਤੋਂ ਔਖੇ ਸਨ ਅਤੇ ਆਪਣੇ ਰਸਤੇ ਨੂੰ ਸਾਫ ਕਰਨਾ ਚਾਹੁੰਦੇ ਸਨ। ਇਸ ਕਾਰਜ ਲਈ ਮਦਨ ਲਾਲ ਢੀਂਗਰਾ ਦੀ ਜ਼ਿੰਮੇਵਾਰੀ ਲਾਈ ਗਈ। ਮਦਨ ਲਾਲ ਦੀਆਂ ਗਤੀਵਿਧੀਆਂ ਬਾਰੇ ਉਸ ਦੇ ਪਰਿਵਾਰ ਨੂੰ ਪਤਾ ਲੱਗ ਚੁੱਕਾ ਸੀ।  ਉਸ ਦੇ ਭਰਾ ਨੇ ਕਰਜਨ ਵਾਇਲੀ ਨੂੰ ਚਿੱਠੀ ਲਿਖ ਕੇ ਸਰਗਰਮੀਆਂ ਬਾਰੇ ਦੱਸ ਦਿੱਤਾ ਸੀ ਅਤੇ ਹਟਾਉਣ ਲਈ ਆਖਿਆ ਸੀ। ਪਰ ਸੂਰਬੀਰ ਦੇ ਮਨ ਵਿੱਚ ਦੇਸ਼ ਦੇ ਅਪਮਾਨ ਦਾ ਬਦਲਾ ਲੈਣ ਦੀ ਅੱਗ ਮਚੀ ਹੋਈ ਸੀ। 1 ਜੁਲਾਈ 1909 ਨੂੰ ਲੰਡਨ ਵਿੱਚ ਕਰਜਨ ਵਾਇਲੀ ਇੱਕ ਭਾਰੀ ਇੱਕਠ ਨੂੰ ਸੰਬੋਧਨ ਕਰ ਰਿਹਾ ਸੀ ਅਤੇ ਭਾਰਤ ਦੇ ਖ਼ਿਲਾਫ਼ ਅਪਮਾਨ ਵਾਲੇ ਸ਼ਬਦ ਬੋਲ ਰਿਹਾ ਸੀ। ਮਦਨ ਤੋਂ ਇਹ ਅਪਮਾਨ ਸਹਿਣ ਨਹੀਂ ਹੋਇਆ ਅਤੇ ਸੂਰਬੀਰ ਨੇ ਆਪਣੇ ਪਿਸਤੌਲ ਨਾਲ ਕਰਜਨ ਵਾਇਲੀ ’ਤੇ 6 ਗੋਲੀਆਂ ਚਲਾਈਆਂ ਅਤੇ ਕਰਜਨ ਵਾਇਲੀ ਢੇਰ ਹੋ ਗਿਆ। ਇਸ ਉਪਰੰਤ ਜਦੋਂ ਮਦਨ ਲਾਲ ਢੀਂਗਰਾ ਦੇ ਹੱਥ ਪਿੱਛੇ ਨੂੰ ਬੰਨ੍ਹ ਕੇ ਮਦਨ ਲਾਲ ਨੂੰ ਲਿਜਾ ਰਹੇ ਸਨ ਉਸ ਨੇ ਉਨ੍ਹਾਂ ਦੀ ਖਿੱਲੀ ਉਡਾਈ ਅਤੇ ਹੱਸਦੇ ਹੋਏ ਕਹਿਣ ਲੱਗਾ ਕਿ ਮੈਨੂੰ ਆਪਣੀ ਜੇਬ ਵਿੱਚੋਂ ਐਨਕ ਤਾਂ ਕੱਢ ਕੇ ਲਾ ਲੈਣ ਦਿੳ। ਜਦੋਂ ਸਾਵਰਕਰ ਉਸ ਨੂੰ ਜੇਲ੍ਹ ਮਿਲਣ ਗਿਆ ਤਾਂ ਪੁੱਛਿਆ ਕਿ ਕਿਸੇ ਚੀਜ਼ ਦੀ ਜ਼ਰੂਰਤ ਹੈ ਤਾਂ ਦੱਸ। ਉਸ ਨੇ ਇੱਕ ਸ਼ੀਸ਼ੇ ਦੀ ਮੰਗ ਕੀਤੀ ਅਤੇ ਕਿਹਾ ਕਿ ਮੈਂ ਆਪਣੇ ਕੱਪੜੇ ਪਾ ਕੇ ਤਾਂ ਦੇਖ ਲਵਾਂ।
ਕਰਜਨ ਵਾਇਲੀ ਦੀ ਮੌਤ ਨੇ ਸਾਰੇ ਇੰਗਲੈਂਡ ਨੂੰ ਹਿਲਾ ਦਿੱਤਾ। ਮਦਨ ਲਾਲ ਦੇ ਪਿਤਾ ਨੇ ਵਾਇਲੀ ਦੀ ਮੌਤ ’ਤੇ ਬਹੁਤ ਦੁੱਖ ਮਹਿਸੂਸ ਕੀਤਾ ਅਤੇ ਲਾਰਡ ਮੋਰਲੇ ਨੂੰ ਤਾਰ ਲਿਖ ਕੇ ਭੇਜੀ ਜਿਸ ਵਿੱਚ ਲਿਖਿਆ ਸੀ ਕਿ ਮਦਨ ਮੇਰਾ ਪੁੱਤਰ ਨਹੀਂ ਹੈ ਅਤੇ ਮਦਨ ਨੂੰ ਆਪਣਾ ਪੁੱਤਰ ਕਹਿਣ ’ਤੇ ਸ਼ਰਮ ਆਉਂਦੀ ਹੈ। ਮਦਨ ਦੇ ਭਰਾ ਨੇ ਵੀ ਉਸ ਨੂੰ ਪਬਲਿਕ ਵਿੱਚ ਬੁਰਾ-ਭਲਾ ਆਖਿਆ। ਜਦੋਂ ਜਿੱਥੇ ਮਦਨ ਰਹਿੰਦਾ ਸੀ ਉਸ ਜਗ੍ਹਾ ਦੀ ਤਲਾਸ਼ੀ ਲਈ ਤਾਂ ਉਥੋਂ ਬਹੁਤ ਮਹੱਤਵਪੂਰਨ ਤਸਵੀਰਾਂ ਮਿਲੀਆਂ। ਇੱਕ ਤਸਵੀਰ ’ਤੇ ਵਿਦਰੋਹੀਆਂ ਨੂੰ ਤੋਪਾਂ ਨਾਲ ਉਡਾਉਂਦੇ ਹੋਏ ਦਿਖਾਇਆ ਗਿਆ ਸੀ ਅਤੇ ਇੱਕ ਹੋਰ ਤਸਵੀਰ ਕਰਜਨ ਵਾਇਲੀ ਦੀ ਸੀ ਜਿਸ ਦੇ ਹੇਠਾਂ ‘‘ਜੰਗਲੀ ਕੁੱਤਾ’’ ਲਿਖਿਆ ਹੋਇਆ ਸੀ। ਮਦਨ ਦੇ ਕੇਸ ਦੀ ਸੁਣਵਾਈ 10 ਜੁਲਾਈ ਨੂੰ ਹੋਈ। ਉਸ ਨੇ ਅਦਾਲਤ ਵਿੱਚ ਜੱਜ ਨੂੰ ਆਖਿਆ ਕਿ ਮੇਰੇ ਦੇਸ਼ ਉਤੇ ਅੰਗਰੇਜ਼ਾਂ ਨੂੰ ਕਬਜ਼ਾ ਰੱਖਣ ਦਾ ਕੋਈ ਅਧਿਕਾਰ ਨਹੀਂ ਹੈ। ਮੈਨੂੰ ਮਾਣ ਹੈ ਕਿ ਮੈਂ ਆਪਣੀ ਨਿਮਾਣੀ ਜਿਹੀ ਜਾਨ ਦੇਸ਼ ਤੋਂ ਵਾਰ ਰਿਹਾ ਹਾਂ।
ਅਦਾਲਤ ਨੇ ਮਦਨ ਲਾਲ ਨੂੰ ਫਾਂਸੀ ਦਾ ਹੁਕਮ ਸੁਣਾ ਦਿੱਤਾ। ਮਦਨ ਨੇ ਆਖਿਆ ਕਿ ਇਹ ਹੁਕਮ  ਮੇਰੇ ਲਈ ਖੁਸ਼ੀ ਵਾਲਾ ਹੈ। ਮੈਂ ਆਪਣੀ ਜਾਨ ਬਚਾਉਣ ਲਈ ਕਿਸੇ ਅੱਗੇ ਅਪੀਲ ਨਹੀਂ ਕਰਾਂਗਾ। ਇਸ ਤਰ੍ਹਾਂ 17 ਅਗਸਤ 1909 ਨੂੰ ਮਦਨ ਨੂੰ ਸ਼ਹੀਦ ਕਰ ਦਿੱਤਾ ਗਿਆ।
ਬੇਸ਼ੱਕ ਮਦਨ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੇ ਮਦਨ ਨੂੂੰ ਬੁਰਾ ਆਖਿਆ ਪਰ ਆਇਰਲੈਂਡ ਦੀਆਂ ਅਖ਼ਬਾਰਾਂ ਨੇ ਪੂਰੇ ਜੋਸ਼ ਨਾਲ ਲਿਖਿਆ ਕਿ ਅਸੀਂ ਮਦਨ ਲਾਲ ਢੀਂਗਰਾ ਦਾ ਸਤਿਕਾਰ ਕਰਦੇ ਹਾਂ, ਜਿਸ ਨੇ ਆਪਣੇ ਦੇਸ਼ ਦੀ ਖਾਤਰ ਆਪਣੀ ਜਾਨ ਵਾਰ ਦਿੱਤੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਉਹ ਆਜ਼ਾਦੀ ਲਈ ਸ਼ਹੀਦ ਹੋਣ ਵਾਲਾ ਸਭ ਤੋਂ ਪਹਿਲਾ ਭਾਰਤੀ ਸੀ। ਉਸ ਤੋਂ ਪਹਿਲਾਂ ਦਰਜ ਹੋਏ ਬਾਕੀ ਸ਼ਹੀਦ ਆਪਣੇ ਮਸਲਿਆਂ ਕਰਕੇ ਅੰਗਰੇਜ਼ਾਂ ਦੇ ਖ਼ਿਲਾਫ਼ ਲੜੇ ਸਨ ਪ੍ਰੰਤੂ ਮਦਨ ਲਾਲ ਢੀਂਗਰਾ ਪਹਿਲਾ ਭਾਰਤੀ ਸੀ, ਜਿਸ ਨੇ ਆਪਣੇ ਮਸਲਿਆਂ ਲਈ ਨਹੀਂ ਸਗੋਂ ਭਾਰਤ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ। ਇਸ ਮਹਾਨ ਯੋਧੇ ਨੂੰ ਜੇਲ੍ਹ ਵਿੱਚ ਫਾਂਸੀ ਦੇ ਕੇ ਜੇਲ੍ਹ ਵਿੱਚ ਹੀ ਦਫ਼ਨ ਕੀਤਾ ਗਿਆ। ਉਸ ਨੇ ਫਾਂਸੀ ਤੋਂ ਪਹਿਲਾਂ ਮੰਗ ਕੀਤੀ ਸੀ ਕਿ ਉਸ ਦਾ ਅੰਤਿਮ ਸੰਸਕਾਰ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਕੀਤਾ ਜਾਵੇ ਪਰ ਉਸ ਦੀ ਇਹ ਖਾਹਿਸ਼ ਪੂਰੀ ਨਹੀਂ ਹੋ ਸਕੀ। ਇਸ ਤੋਂ ਬਾਅਦ ਮਦਨ ਨੂੰ ਬਹੁਤ ਸਮੇਂ ਲਈ ਲਾਪਤਾ ਹੀ ਕਿਹਾ ਗਿਆ, ਪਰ ਜਦੋਂ ਸ਼ਹੀਦ ਊਧਮ ਸਿੰਘ ਦੀ ਕਬਰ ਦੀ ਖੁਦਾਈ ਕੀਤੀ ਗਈ ਤਾਂ ਅਚਾਨਕ ਮਦਨ ਲਾਲ ਢੀਂਗਰਾ ਦੀ ਕਬਰ ਵੀ ਮਿਲ ਗਈ। ਉਸ ਦੇ ਅਸਤ 13 ਦਸੰਬਰ 1976 ਨੂੰ ਭਾਰਤ ਲਿਆਂਦੇ ਗਏ। ਉਸ ਬਾਰੇ ਹੋਰ ਵੀ ਬਹੁਤ ਘਟਨਾਵਾਂ ਹਨ ਜਿਨ੍ਹਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ।
ਕੇਂਦਰ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਮਹਾਨ ਯੋਧੇ ਦੇ ਜਨਮ ਦਿਨ ਅਤੇ ਸ਼ਹੀਦੀ ਦਿਨ ਨੂੰ ਸਰਕਾਰੀ ਮਾਨਤਾ ਦੇਵੇ ਅਤੇ ਵਿਦਿਆਰਥੀਆਂ ਦੀਆਂ ਪਾਠ ਪੁਸਤਕਾਂ ਵਿੱਚ ਵੀ ਮਦਨ ਲਾਲ ਢੀਂਗਰਾ ਦੀ ਜੀਵਨੀ ਸ਼ਾਮਲ ਕੀਤੀ ਜਾਵੇ।

- ਕੁਲਵੰਤ ਸਿੰਘ ਜੌਹਲ