Wednesday, 6 November 2013

ਅਲੋਪ ਹੋ ਰਿਹਾ ਵਿਰਸਾ ‘ਚੁੱਲ੍ਹਾ ਚੌਂਕਾ’


ਵਿਰਸਾ ਬੇਸ਼ੱਕ ਤਿੰਨ ਅੱਖਰਾਂ ਦਾ  ਸ਼ਬਦ ਹੈ ਪਰ ਇਹ ਆਪਣੇ ਵਿੱਚ ਬਹੁਤ ਕੁਝ ਸਮੋਈ ਬੈਠਾ ਹੈ। ਪੰਜਾਬ ਦਾ ਮਹਾਨ ਵਿਰਸਾ ਬੜਾ ਅਮੀਰ ਸੀ। ਵਿਰਸੇ ਦੇ ਵੀ ਕਈ ਰੰਗ ਸਨ ਜਿਵੇਂ ਧਾਰਮਿਕ, ਸੱਭਿਆਚਾਰਕ ਵਿਰਸਾ, ਖਾਣ-ਪਹਿਨਣ ਦਾ ਵਿਰਸਾ, ਕੰਮ-ਢੰਗ ਦਾ ਵਿਰਸਾ, ਗੱਲ ਕੀ ਵਿਰਸਾ ਕਈ ਰੰਗਾਂ ’ਚ ਪੁਰਾਤਨ ਸਮੇਂ ਤੋਂ ਹੀ ਵਿਚਰਦਾ ਆ ਰਿਹਾ ਹੈ ਪਰ ਅੱਜ ਅਸੀਂ ਆਧੁਨਿਕਤਾ ਦੀ ਦੌੜ ’ਚ ਸ਼ਾਮਲ ਹੋ ਕੇ ਆਪਣੇ ਪੁਰਾਤਨ ਵਿਰਸੇ ਨਾਲੋਂ ਬੁਰੀ ਤਰ੍ਹਾਂ ਟੁੱਟ ਚੁੱਕੇ ਹਾਂ। ਆਪਣੇ ਵਿਰਸੇ ਨਾਲੋਂ ਟੁੱਟਣ ਦੇ ਕਈ ਦੁੱਖ ਵੀ ਹੰਢਾ ਰਹੇ ਹਾਂ ਤੇ ਪੁਰਾਤਨ ਸਮੇਂ ਵੱਲ ਚੇਤਾ ਕਰ ਕੇ ਪਛਤਾਉਂਦੇ ਵੀ ਹਾਂ।

ਪੁਰਾਤਨ ਸਮੇਂ ਵਿੱਚ ਪਿੰਡਾਂ ’ਚ ਹੀ ਜ਼ਿਆਦਾਤਰ ਲੋਕਾਂ ਦਾ ਵਾਸਾ ਸੀ। ਖੇਤੀਬਾੜੀ ਤੋਂ ਬਿਨਾਂ ਜਾਤੀ ਕੰਮ ਹੀ ਲੋਕਾਂ ਦੇ ਮੁੱਖ ਧੰਦੇ ਸਨ। ਉਸ ਸਮੇਂ ਪ੍ਰੇਮ-ਪਿਆਰ ਦੀ ਭਾਈਚਾਰਕ ਸਾਂਝ ਬਹੁਤ ਹੀ ਗੂੜ੍ਹੀ ਸੀ। ਪੇਂਡੂ ਲੋਕਾਂ ਦੇ ਰਹਿਣ-ਸਹਿਣ, ਖਾਣ-ਪੀਣ ਸਭ ਸਾਦੇ ਸਨ। ਪਿੰਡਾਂ ਵਿੱਚ ਬਹੁਤੇ ਘਰ ਕੱਚੇ ਹੀ ਸਨ। ਕੱਚੀਆਂ ਕੰਧਾਂ ਕਰ ਉੱਪਰ ਸ਼ਤੀਰੀਆਂ, ਕੜੀਆਂ ਪਾ ਉੱਤੇ ਸਰਕੜਾ ਪਾ ਮਿੱਟੀ ਦੀ ਛੱਤ ਪਾ ਦਿੱਤੀ ਜਾਂਦੀ ਸੀ ਅਤੇ ਵੱਡੇ ਲਾਣਿਆਂ ਦੇ ਵੀ ਕੱਚੇ ਖੁੱਲ੍ਹੇ ਦਲਾਨ ਹੀ ਹੁੰਦੇ ਸਨ। ਘਰ ਵਿੱਚ ਅਨਾਜ, ਕਣਕ, ਦਾਣੇ, ਗੁੜ ਆਦਿ ਰੱਖਣ ਲਈ ਮਿੱਟੀ ਦੀਆਂ ਕੋਠੀਆਂ, ਭੜੋਲੇ ਆਦਿ ਘਰ ਦੀਆਂ ਸੁਆਣੀਆਂ ਬੜੀ ਮਿਹਨਤ ਨਾਲ ਇਕੱਠੀਆਂ ਹੋ-ਹੋ ਬਣਾਉਂਦੀਆਂ ਸਨ। ਸਾਰੇ ਪਰਿਵਾਰ ਸਾਂਝੇ ਤੌਰ ’ਤੇ ਰਹਿੰਦੇ ਸਨ ਤੇ ਵੱਡੇ-ਛੋਟੇ ਦਾ ਡਰ-ਭੈਅ ਹੁੰਦੀ ਸੀ। ਦੇਸੀ ਖ਼ੁਰਾਕ ਵੀ ਆਹਲਾ ਤੇ ਅਜੀਬ ਹੁੰਦੀ ਸੀ।


ਰੋਟੀ ਪਾਣੀ ਬਣਾਉਣ ਲਈ ਹਰ ਘਰ ਵਿੱਚ ਚੱੁਲ੍ਹਾ ਚੌਂਕਾ ਵਿਸ਼ੇਸ਼ ਤੌਰ ’ਤੇ ਬਣਾਇਆ ਜਾਂਦਾ ਸੀ। ਘਰ ਵਿੱਚ ਢੁਕਵੀਂ ਜਗ੍ਹਾ ਇੱਕ ਨੁੱਕਰ ਜਿਹੀ ਦੇਖ ਕੇ ਉੱਥੇ ਮਿੱਟੀ ਦੀਆਂ ਦੋ ਤੇ ਤਿੰਨ ਫੁੱਟ ਉੱਚੀਆਂ ਕੰਧਾਂ ਬਣਾ ਕੇ ਵਿਚਕਾਰ ਛੋਟੀਆਂ ਗੋਲੀਆਂ ਰੱਖ ਕੇ ਚੁੱਲਾ-ਚੌਂਕੇ ਦਾ ਸਮਾਨ ਬਣਾਇਆ ਜਾਂਦਾ। ਇਸ ਜਗ੍ਹਾ ’ਚ ਢੁਕਵੇਂ ਤਰੀਕੇ ਨਾਲ ਚੁੱਲ੍ਹਾ, ਰੋਟੀਆਂ ਲਈ ਲੋਹ, ਦੁੱਧ ਕਾੜ੍ਹਨ ਲਈ ਹਾਰਾ ਤੇ ਕੁਝ ਹੋਰ ਪ੍ਰਮੁੱਖ ਚੀਜ਼ਾਂ ਬਣਾਈਆਂ ਜਾਂਦੀਆਂ। ਇਸ ਚੱੁਲ੍ਹੇ ਚੌਂਕੇ ’ਚ ਵਰਤਣ ਵਾਲੀਆਂ ਚੀਜ਼ਾਂ ਤੋਂ ਇਲਾਵਾ ਭਾਂਡੇ ਆਦਿ ਰੱਖਣ ਲਈ ਇੱਕ ਵੱਡੀ ਕੰਧ ਨਾਲ ਮਿੱਟੀ ਤੇ ਤੂੜੀ ਦਾ ਲੇਪ ਬਣਾ, ਸੋਟੀਆਂ ਦੇ ਸਹਾਰੇ ਮਿੱਟੀ ਦੀਆਂ ਫੱਟੀਆਂ ਬਣਾ ਕੇ ਸਮਾਨ ਟਿਕਾਉਣ ਲਈ ਅੱਡ-ਅੱਡ ਖ਼ਾਨੇ ਬਣਾਏ ਜਾਂਦੇ, ਜਿਨ੍ਹਾਂ ਨੂੰ ਆਲ਼ੇ ਕਿਹਾ ਜਾਂਦਾ ਸੀ। ਨਿੱਕੇ ਭਾਂਡੇ, ਦੀਵਾ, ਤੀਲਾਂ ਦੀ ਡੱਬੀ ਅਤੇ ਲੂਣ ਤੇਲ ਤੇ ਹੋਰ ਸਮਾਨ ਇਨ੍ਹਾਂ ਆਲ਼ਿਆਂ ਵਿੱਚ ਟਿਕਾਇਆ ਜਾਂਦਾ। ਸਾਰੇ ਚੁੱਲ੍ਹੇ ਚੌਂਕੇ ਅਤੇ ਆਲ਼ਿਆਂ ’ਤੇ ਮਿੱਟੀ ਅਤੇ ਪਾਂਡੂ ਦਾ ਪੋਚਾ ਸਾਫ਼-ਸਫ਼ਾਈ ਲਈ ਲਾਇਆ ਜਾਂਦਾ। ਸ਼ਾਮ-ਸਵੇਰੇ ਸਾਰਾ ਟੱਬਰ ਇੱਥੇ ਬੈਠ ਕੇ ਹੀ ਅੰਨ-ਪਾਣੀ ਛਕਦਾ ਸੀ। ਘਰ ਦੀ ਮੁਖੀ ਸੁਆਣੀ ਸਾਰਾ ਸਮਾਨ ਹੱਥੀਂ ਤਿਆਰ ਕਰਦੀ ਤੇ ਬਾਕੀ ਟੱਬਰ ਉਸ ਦਾ ਹੱਥ ਵਟਾਉਂਦਾ ਸੀ।

ਸਿਆਲ ਦੇ ਦਿਨਾਂ ’ਚ ਚੱੁਲ੍ਹੇ ਚੌਂਕੇ ਦੀ ਮਹੱਤਤਾ ਕੁਝ ਵਧ ਜਾਂਦੀ ਸੀ। ਸਵੇਰ ਵੇਲੇ ਚੁੱਲ੍ਹੇ ’ਚ ਪਾਥੀਆਂ ਦਾ ਝੋਕਾ ਭਰ ਅੱਗ ਵਾਲ ਦੇਣੀ ਤੇ ਸਭ ਤੋਂ ਪਹਿਲਾਂ ਚਾਹ ਤਿਆਰ ਹੁੰਦੀ। ਫਿਰ ਹਾਲ਼ੀ-ਪਾਲ਼ੀ ਦੇ ਕੰਮ ’ਤੇ ਜਾਣ ਲਈ ਹਾਜਰੀ ਰੋਟੀ ਤਿਆਰ ਹੁੰਦੀ। ਸਾਰਾ ਦਿਨ ਚੁੱਲ੍ਹੇ ’ਚ ਅੱਗ ਬੁੱਝਣ ਨਹੀਂ ਦਿੱਤੀ ਜਾਂਦੀ ਸੀ। ਅੱਗ ਧੁਖਦੀ ਰੱਖਣ ਲਈ ਗੋਹਾ-ਲੱਕੜ ਲਾਈ ਜਾਣਾ। ਹਾਰੇ ਵਿੱਚ ਦੁੱਧ ਕੜਨਾ ਧਰ ਦੇਣਾ, ਮੱਠੀ-ਮੱਠੀ ਅੱਗੇ ’ਤੇ ਦੁੱਧ ਨੇ ਕੜ-ਕੜ ਲਾਲ ਹੋ ਜਾਣਾ, ਜਿਸ ਦੇ ਕੜਨ ਦੀ ਮਹਿਕ ਤੇ ਪੀਣ ਦਾ ਸੁਆਦ ਹੀ ਹੋਰ ਹੁੰਦਾ ਸੀ। ਘਰ ਆਏ ਮਹਿਮਾਨ ਲਈ ਕਾੜ੍ਹਿਆ ਦੁੱਧ ਸ਼ੱਕਰ-ਗੁੜ ਪਾ ਕੇ ਉਚੇਚਾ ਦਿੱਤਾ ਜਾਂਦਾ ਸੀ। ਸਿਆਲ ’ਚ ਚੁੱਲ੍ਹੇ ’ਤੇ ਸਾਗ ਦੀ ਤੌੜੀ ਧਰੀ ਜਾਂਦੀ ਸੀ। ਸੇਕਣ ਲਈ ਹਰ ਮੈਂਬਰ ਨੇ ਚੌਂਕੇ ’ਚ ਬੈਠਣਾ ਅਤੇ ਸਾਗ ਘੋਟ-ਘੋਟ ਬਹੁਤ ਹੀ ਸੁਆਦਲਾ ਬਣਾ ਦਿੱਤਾ ਜਾਂਦਾ ਸੀ। ਫਿਰ ਮੱਕੀ ਦੀ ਰੋਟੀ ਬਣਾ ਕੇ, ਸਾਗ ਰੋਟੀ ਉੱਪਰ ਹੀ ਰੱਖ ਮੱਖਣ-ਘਿਓ ਪਾ ਕੇ ਖਾਧਾ ਜਾਂਦਾ। ਹੱਥ ’ਤੇ ਮੱਕੀ ਦੀ ਰੋਟੀ, ਉੱਪਰ ਸਾਗ ਅਤੇ ਵਿੱਚ ਮੱਖਣ ਦਾ ਆਪਣਾ ਹੀ ਅਨੰਦ ਸੀ। ਬੈਠਣ ਲਈ ਲੱਕੜ ਦੀਆਂ ਫੱਟੀਆਂ ਤੇ ਪਾਥੀਆਂ ਦੀ ਵਰਤੋਂ ਹੁੰਦੀ ਸੀ।

ਅੱਜ ਬੇਸ਼ੱਕ ਪਿੰਡਾਂ ਦੇ ਗ਼ਰੀਬ ਘਰਾਂ ’ਚ ਚੁੱਲ੍ਹਾ ਚੌਂਕਾ ਹੈ ਪਰ ਉਸ ਦੀ ਉਹ ਸ਼ਾਨ ਨਹੀਂ ਹੈ ਕਿਉਂਕਿ ਉਨ੍ਹਾਂ ਨੂੰ ਤਾਂ ਰੋਟੀ ਦਾ ਫ਼ਿਕਰ ਹੈ ਪਰ ਅੱਜ ਦੀ ਆਧੁਨਿਕਤਾ ਨੇ ਕਈ ਪਾਸਿਆਂ ਤੋਂ ਸਾਡੇ ਮਹਾਨ ਵਿਰਸੇ ਨੂੰ ਲੋਪ ਕਰ ਦਿੱਤਾ ਹੈ। ਵੱਡੀਆਂ ਕੋਠੀਆਂ ਤੇ ਮਕਾਨ ਆਦਿ ਪਿੰਡਾਂ ਵਿੱਚ ਪੈ ਗਏ ਹਨ ਤੇ ਇਨ੍ਹਾਂ ਵਿੱਚ ਅਤਿ-ਮਹਿੰਗੀਆਂ ਖ਼ੂਬਸੂਰਤ ਰਸੋਈਆਂ ਬਣ ਗਈਆਂ ਹਨ। ਫਿਰ ਇੱਥੇ ਚੁੱਲ੍ਹੇ ਚੌਂਕੇ ਨੂੰ ਕੌਣ ਪੁੱਛਦਾ? ਚੁੱਲ੍ਹੇ ਦੀ ਥਾਂ ਗੈਸਾਂ, ਸਟੋਵ, ਹੀਟਰ ਤੇ ਹੋਰ ਬਿਜਲਈ ਉਪਕਰਣਾਂ ਨੇ ਲੈ ਲਈ ਹੈ। ਪੁਰਾਣੇ ਪੇਂਡੂ ਲੋਕ ਜਿੱਥੇ ਵੀ ਮਰਜ਼ੀ ਵੱਸ ਗਏ ਪਰ ਉਨ੍ਹਾਂ ਨੇ ਚੱੁਲ੍ਹੇ ਚੌਂਕੇ ਦਾ ਆਨੰਦ ਜ਼ਰੂਰ ਮਾਣਿਆ ਹੈ ਪਰ ਨਵੀਂ ਪੀੜ੍ਹੀ ਇਸ ਬਾਰੇ ਕੀ ਜਾਣੇ? ਉਨ੍ਹਾਂ ਲਈ ਤਾਂ ਚੱੁਲ੍ਹਾ ਚੌਂਕਾ ਨਾਂ ਹੀ ਅਜੀਬ ਹੈ। ਬੇਸ਼ੱਕ ਇਹ ਅੱਜ ਸਭ ਕੁਝ ਲੋਪ ਹੋ ਗਿਆ ਹੈ ਪਰ ਵਿਰਸੇ ਦੀ ਝਲਕ ਅਜਾਇਬ ਘਰਾਂ, ਪੁਰਾਤਨ ਸਥਾਨਾਂ ਜਾਂ ਮਾਡਰਨ ਹਵੇਲੀਆਂ ’ਚ ਹਾਲੇ ਵੀ ਦੇਖੀ ਜਾ ਸਕਦੀ ਹੈ।

- ਬਲਬੀਰ ਸਿੰਘ ਬੱਬੀ
ਸੰਪਰਕ:92175-92531

ਛੰਦ ਪਰਾਗੇ


ਵਿਆਹ ਦੇ ਰੀਤੀ ਮੂਲਕ ਗੀਤ ਰੂਪ ਵਿੱਚ ‘ਛੰਦ ਪਰਾਗੇ’ ਦਾ ਵਿਲੱਖਣ ਸਥਾਨ ਹੈ। ਛੰਦ ਪਰਾਗੇ ਗੀਤ ਰੂਪ ਵਿੱਚ ਸਾਲੀਆਂ ਲਾੜੇ ਪਾਸੋਂ ਛੰਦ ਸੁਣਦੀਆਂ ਹਨ। ਇਹ ਰੀਤ ਪੁਰਾਣੇ ਸਮੇਂ ਤੋਂ ਹੀ ਚੱਲੀ ਆ ਰਹੀ ਹੈ। ਲਾਵਾਂ ਜਾਂ ਆਨੰਦ ਕਾਰਜ ਦੀ ਰਸਮ ਮਗਰੋਂ ਲਾੜੇ ਦੇ ਉਹਦੀ ਸੱਸ ਅਤੇ ਸਹੁਰੇ ਪਰਿਵਾਰ ਦੀਆਂ ਹੋਰ ਔਰਤਾਂ ਕਈ ਸ਼ਗਨ ਕਰਦੀਆਂ ਹਨ। ਇਨ੍ਹਾਂ ਸ਼ਗਨਾਂ ਤੋਂ ਪਹਿਲਾਂ ਲਾੜੇ ਦੀਆਂ ਸਾਲੀਆਂ ਵੱਲੋਂ ਹਾਸੇ-ਠੱਠੇ ਦਾ ਮਾਹੌਲ ਸਿਰਜਿਆ ਜਾਂਦਾ ਹੈ। ਲਾੜੇ ਦੇ ਨਾਲ ਆਏ ਇੱਕ ਦੋ ਮੁੰਡੇ ਅਤੇ ਸਰਬਾਲ੍ਹਾ ਉਸ ਨੂੰ ਸਾਲੀਆਂ ਦੀਆਂ ਖਰਮਸਤੀਆਂ ਤੋਂ ਬਚਾਉਣ ਦਾ ਯਤਨ ਕਰਦੇ ਹਨ ਤੇ ਉਸ ਨੂੰ ਗਾਹੇ-ਬਗਾਹੇ ਸੁਚੇਤ ਵੀ ਕਰਦੇ ਰਹਿੰਦੇ ਹਨ। ਚੁਸਤ ਤੇ ਬੁੱਧੀਮਾਨ ਲਾੜੇ ਇਸ ਮੌਕੇ ਲਈ ਪਹਿਲਾਂ ਹੀ ਤਿਆਰੀ ਕਰਕੇ ਆਉਂਦੇ ਹਨ। ਉਹ ਆਪਣੇ ਮਿੱਤਰਾਂ-ਬੇਲੀਆਂ ਪਾਸੋਂ ਛੰਦ  ਸੁਣ ਕੇ ਕੰਠ ਕਰ ਲੈਂਦੇ ਹਨ ਤਾਂ ਜੋ ਉਨ੍ਹਾਂ ਨੂੰ ਸਾਲੀਆਂ ਸਾਹਮਣੇ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪਵੇ।

ਛੰਦ ਪਰਾਗੇ ਸੁਣਨ ਸਮੇਂ ਸਾਰਾ ਮਾਹੌਲ ਖ਼ੁਸ਼ਗਵਾਰ ਹੋਇਆ ਹੁੰਦਾ ਹੈ।  ਇਸ ਰਸਮ ਦਾ ਮੁੱਖ ਮੰਤਵ ਲਾੜੇ ਦੀ ਅਕਲ ਅਤੇ ਹਾਜ਼ਰ-ਜਵਾਬੀ ਪਰਖਣ ਦਾ ਹੁੰਦਾ ਹੈ। ਇਸ ਲਈ ਸਾਲੀਆਂ ਉਸ ਨੂੰ ਛੰਦ ਸੁਣਾਉਣ ਲਈ ਆਖਦੀਆਂ ਹਨ। ਲਾੜਾ ਉਨ੍ਹਾਂ ਨਾਲ ਕਾਵਿ-ਸੰਵਾਦ ਰਚਾ ਕੇ ਆਪਣੀ ਵਿਦਵਤਾ ਅਤੇ ਹਾਜ਼ਰ ਜਵਾਬੀ ਦਾ ਪ੍ਰਗਟਾਵਾ ਕਰਦਾ ਹੈ। ਇਨ੍ਹਾਂ ਛੰਦਾਂ ਵਿੱਚ ਵਧੇਰੇ ਕਰਕੇ ਤੁਕਬੰਦੀ ਹੁੰਦੀ ਹੈ। ਕਈ ਹਾਜ਼ਰ ਜਵਾਬ ਤੇ ਚੁਸਤ ਲਾੜੇ ਤੁਰੰਤ ਹੀ ਕੋਈ ਛੰਦ ਜੋੜ ਲੈਂਦੇ ਹਨ। ਪਹਿਲਾਂ ਲਾੜਾ ਧੀਮੇ ਸੁਰ ਵਾਲੇ ਛੰਦ ਬੋਲਦਾ ਹੈ:


ਛੰਦ ਪਰਾਗੇ ਆਈਏ ਜਾਈਏ

ਛੰਦ ਪਰਾਗੇ ਤੀਰ

ਤੁਸੀਂ ਮੇਰੀਆਂ ਭੈਣਾਂ ਲੱਗੀਆਂ

ਮੈਂ ਆਂ ਥੋਡਾ ਵੀਰ

ਛੰਦ ਪਰਾਗੇ ਆਈਏ ਜਾਈਏ

ਛੰਦ ਪਰਾਗੇ ਥਾਲੀ

ਹੋਰ ਛੰਦ ਮੈਂ ਤਾਂ ਸੁਣਾਵਾਂ

ਜੇ ਹੱਥ ਜੋੜੇ ਸਾਲੀ

ਉਹ ਆਪਣੀਆਂ ਸਾਲੀਆਂ ਦਾ ਦਿਲ ਜਿੱਤਣ ਲਈ, ਉਨ੍ਹਾਂ ਦੀ ਭੈਣ ਨੂੰ ਆਪਣੀ ਮੁੰਦਰੀ ਦਾ ਹੀਰਾ ਬਣਾ ਕੇ ਰੱਖਣ ਦੀ ਗੱਲ ਕਰਦਾ ਹੈ:

ਛੰਦ ਪਰਾਗੇ ਆਈਏ ਜਾਈਏ

ਛੰਦ ਪਰਾਗੇ ਖੀਰਾ

ਭੈਣ ਥੋਡੀ ਨੂੰ ਇਉਂ ਰੱਖੂੰਗਾ

ਜਿਊਂ ਮੁੰਦਰੀ ਵਿੱਚ ਹੀਰਾ

ਫੇਰ ਉਹ ਹੌਲੀ-ਹੌਲੀ ਸੁਰ ਬਦਲਦਾ ਹੈ:

ਛੰਦ ਪਰਾਗੇ ਆਈਏ ਜਾਈਏ

ਛੰਦ ਪਰਾਗੇ ਸੋਟੀਆਂ

ਉਪਰੋਂ ਤਾਂ ਤੁਸੀਂ ਮਿੱਠੀਆਂ

ਦਿਲ ਦੇ ਵਿੱਚ ਖੋਟੀਆਂ

ਉਹ ਆਪਣੀ ਸੱਸ ਅਤੇ ਸਹੁਰੇ ਨੂੰ ਵੀ ਆਪਣੇ ਛੰਦਾਂ ਦੇ ਪਾਤਰ ਬਣਾ ਲੈਂਦਾ ਹੈ:

ਛੰਦ ਪਰਾਗੇ ਆਈਏ ਜਾਈਏ

ਛੰਦ ਪਰਾਗੇ ਘਿਓ

ਸੱਸ ਲੱਗੀ ਮਾਂ ਮੇਰੀ

ਸਹੁਰਾ ਲੱਗਿਆ ਪਿਓ

ਸਾਲੀਆਂ ਨੂੰ ਹੱਸਦੀਆਂ ਵੇਖ ਉਹ ਜੇਤੂ ਦੇ ਰੂਪ ਵਿੱਚ ਅਗਲਾ ਛੰਦ ਬੋਲਦਾ ਹੈ:

ਛੰਦ ਪਰਾਗੇ ਆਈਏ ਜਾਈਏ

ਛੰਦ ਪਰਾਗੇ ਗਹਿਣਾ

ਇੱਕ ਨੂੰ ਅਸੀਂ ਲੈ ਚੱਲੇ

ਇੱਕ ਸਾਕ ਹੋਰ ਹੈ ਲੈਣਾ

ਉਹ ਆਪਣੇ ਬਾਪੂ ਵੱਲੋਂ ਦਿੱਤੀ ਨਸੀਹਤ ਦਾ ਪ੍ਰਗਟਾਵਾ ਕਰਦਾ ਹੈ:

ਛੰਦ ਪਰਾਗੇ ਆਈਏ ਜਾਈਏ

ਛੰਦੇ ਪਰਾਗੇ ਡੋਲਣਾ

ਬਾਪੂ ਜੀ ਨੇ ਆਖਿਆ ਸੀਗਾ

ਬਹੁਤਾ ਨਹੀਂ ਬੋਲਣਾ

ਇਸ ਉਪਰੰਤ ਉਹ ਆਪਣੇ ਵੱਲੋਂ ਸੁਣਾਏ ਛੰਦਾਂ ਬਦਲੇ ਆਪਣੀਆਂ ਸਾਲੀਆਂ ਪਾਸੋਂ ਭਲਾਮਾਣਸ ਲਾੜਾ ਬਣ ਕੇ ਖਿਮਾ ਯਾਚਨਾ ਵੀ ਕਰਦਾ ਹੈ:

ਛੰਦ ਪਰਾਗੇ ਆਈਏ ਜਾਈਏ

ਛੰਦੇ ਪਰਾਗੇ ਦਾਤ

ਵੱਧ-ਘੱਟ ਬੋਲਿਆ ਦਿਲ ਨਾ ਲਾਉਣਾ

ਭੁਲ ਚੁੱਕ ਕਰਨੀ ਮੁਆਫ਼

ਛੰਦ ਸੁਣਨ ਮਗਰੋਂ ਲਾੜੇ ਪਾਸੋਂ ਬੁੱਝਣ ਲਈ ਬੁਝਾਰਤਾਂ ਦਾ ਸੰਵਾਦ ਰਚਾਇਆ ਜਾਂਦਾ ਹੈ। ਕੋਈ ਆਪਣੇ-ਆਪ ਨੂੰ ਬੁੱਧੀਮਾਨ ਅਖਵਾਉਣ ਵਾਲੀ ਸਾਲੀ ਲਾੜੇ ਦੀ ਅਕਲ ਪਰਖਣ ਲਈ ਉਸ ਪਾਸੋਂ ਬੁਝਾਰਤ ਪੁੱਛਦੀ ਹੈ:

ਨੌਂ ਕੂਏਂ ਦਸ ਪਾਰਸੇ

ਪਾਣੀ ਘੁੰਮਣ ਘੇਰ

ਜੇ ਤੰੂ ਐਨਾ ਚਤਰ ਐਂ

ਪਾਣੀ ਦੱਸ ਦੇ ਕਿੰਨੇ ਸੇਰ

ਚਤਰ ਲਾੜਾ ਝੱਟ ਬੁਝਾਰਤ ਬੁੱਝ ਕੇ ਉੱਤਰ ਮੋੜ ਦਿੰਦਾ ਹੈ:

ਨੌਂ ਕੂਏਂ ਦਸ ਪਾਰਸੇ

ਪਾਣੀ ਘੁੰਮਣ ਘੇਰ

ਜਿੰਨੇ ਪਿੱਪਲ ਦੇ ਪੱਤ ਨੇ

ਪਾਣੀ ਉਨੇ ਸੇਰ

ਕਮਾਲ ਦੀ ਹਾਜ਼ਰ ਜਵਾਬੀ ਹੈ- ਗਿਣੀ ਜਾਓ ਪਿੱਪਲ ਦੇ ਪੱਤ। ਅੱਗੋਂ ਸਾਲੀ ਕਿਹੜਾ ਘੱਟ ਬੁੱਧੀਮਾਨ ਹੈ। ਉਹ ਇੱਕ ਹੋਰ ਗੁੰਝਲਦਾਰ ਬੁਝਾਰਤ ਪੁੱਛਦੀ ਹੈ:

ਕੌਣ ਪਿੰਡ ਕੌਣ ਚੌਧਰੀ

ਕੌਣ ਹੈ ਵਿੱਚ ਦਲਾਲ

ਕੌਣ ਸੁਗੰਧੀ ਦੇ ਰਿਹਾ

ਕੌਣ ਪਰਖਦਾ ਲਾਲ

ਇਸ ਬੁਝਾਰਤ ਦਾ ਉੱਤਰ ਬੁੱਝ ਕੇ ਸੂਝਵਾਨ ਲਾੜਾ ਨਖਰੋ ਸਾਲੀ ਨੂੰ ਨਿਰਉੱਤਰ ਕਰ ਦਿੰਦਾ ਹੈ:

ਦੇਹ ਪਿੰਡ ਦਿਲ ਚੌਧਰੀ

ਜੀਭਾ ਵਿੱਚ ਦਲਾਲ

ਨੱਕ ਸੁਗੰਧੀ ਦੇ ਰਿਹਾ

ਨੈਣ ਪਰਖਦੇ ਲਾਲ

ਛੰਦ ਸੁਣਨ ਦੀ ਰਸਮ ਮਗਰੋਂ ਲਾੜੇ ਦੀ ਸੱਸ ਉਸ ਦਾ ਮੂੰਹ ਸੁੱਚਾ ਕਰਨ ਦੀ ਰਸਮ ਕਰਦੀ ਹੈ। ਉਹ ਥਾਲ ਵਿੱਚ ਲੱਡੂ ਰੱਖ ਕੇ ਲਾੜੇ ਦੇ ਮੂੰਹ ਵਿੱਚ ਲੱਡੂਆਂ ਦੇ ਭੋਰੇ ਪਾਉਂਦੀ ਹੈ ਤੇ ਮਗਰੋਂ ਉਸ ਨੂੰ ਦੁੱਧ ਦਾ ਗਿਲਾਸ ਪੀਣ ਲਈ ਦਿੰਦੀ ਹੈ। ਲਾੜੀ ਦੀਆਂ ਚਾਚੀਆਂ, ਤਾਈਆਂ ਤੇ ਮਾਸੀਆਂ ਆਦਿ ਵੀ ਇਹ ਸ਼ਗਨ ਕਰਦੀਆਂ ਹਨ। ਇਨ੍ਹਾਂ ਸ਼ਗਨਾਂ ਮਗਰੋਂ ਲਾੜਾ ਸਰਬਾਲ੍ਹੇ ਸਮੇਤ ਜਨੇਤ ਦੇ ਡੇਰੇ ਪਰਤ ਆਉਂਦਾ ਹੈ। ਅੱਜ ਕੱਲ੍ਹ, ਮੈਰਿਜ ਪੈਲੇਸਾਂ ਵਿੱਚ ਹੁੰਦੇ ਵਿਆਹ ਸਮਾਗਮਾਂ ਕਾਰਨ ਛੰਦ ਸੁਣਨ ਦੀ ਰਸਮ ਸਮਾਪਤ ਹੋ ਗਈ ਹੈ ਤੇ ਬਸ ਯਾਦਾਂ ਹੀ ਪੱਲੇ ਰਹਿ ਗਈਆਂ ਹਨ।

- ਸੁਖਦੇਵ ਮਾਦਪੁਰੀ
 ਸੰਪਰਕ: 94630-34472