ਰਾਜਾ, ਭਾਵ ਪਿੰਡ ਵਾਸੀਆਂ ਦੇ ਵਾਲਾਂ ਦੀ ਸਾਂਭ-ਸੰਭਾਲ ਕਰਨ ਵਾਲਾ (ਨਾਈ)ਪੰਜਾਬੀ ਸੱਭਿਆਚਾਰ ਦਾ ਮਹੱਤਵਪੂਰਨ ਅੰਗ ਹੈ। ਸਾਡੇ ਸਮਾਜ ਵਿੱਚ ਉਸ ਦਾ ਏਨਾ ਜਾਤੀਗਤ ਮਹੱਤਵ ਨਹੀਂ ਜਿੰਨੀ ਸੱਭਿਆਚਾਰਕ ਅਹਿਮੀਅਤ ਹੈ। ਪੰਜਾਬੀ ਸਮਾਜ ਵਿੱਚ ਉਹ ਜਗੀਰਦਾਰਾਂ ਦੇ ਸਭ ਤੋਂ ਨਜ਼ਦੀਕ ਹੈ। ਕਿਸੇ ਸਮੇਂ ਉਹ ਉਨ੍ਹਾਂ ਦੇ ਘਰ ਹੁੰਦੇ ਬਹੁਤੇ ਕਾਰਜਾਂ ਵਿੱਚ ਸ਼ਾਮਲ ਹੁੰਦਾ ਸੀ। ਉਸ ਵਿੱਚੋਂ ਨੀਵੀਂ ਜਾਤੀ ਦੀ ਹੀਣ-ਭਾਵਨਾ ਖ਼ਤਮ ਕਰਨ ਲਈ ਸਮਾਜ ਨੇ ਉਸ ਨੂੰ ‘ਰਾਜਾ’ ਆਖਣਾ ਸ਼ੁਰੂ ਕਰ ਦਿੱਤਾ। ਪੰਜਾਬੀ ਸਮਾਜ ਵਿੱਚ ਇਹੋ ਇਕੱਲੀ ਜਾਤੀ ਹੈ ਜਿਸ ਨੂੰ ਜਾਤੀਗਤ ਨਾਂ ਤੋਂ ਇਲਾਵਾ ਇੱਕ ਸੱਭਿਆਚਾਰਕ ਵਿਸ਼ੇਸ਼ਣ ਵੀ ਮਿਲਿਆ ਹੈ। ਪਤੀ ਨੂੰ ਇਹ ਨਾਂ ਮਿਲਣ ਕਰ ਕੇ ਨੈਣ ਆਪਣੇ ਆਪ ‘ਰਾਣੀ’ ਸੱਦੀ ਜਾਣ ਲੱਗ ਪਈ।
ਰਾਜੇ ਦਾ ਸੱਭ ਤੋਂ ਪਹਿਲਾ ਕੰਮ ਵਾਲਾਂ ਦੀ ਸਾਂਭ-ਸੰਭਾਲ ਸੀ:
ਸਿਰ ਗੁੰਦ ਦੇ ਕੁਪੱਤੀਏ ਨੈਣੇ,
ਨੀਂ ਉੱਤੇ ਪਾ ਦੇ ਡਾਕ ਬੰਗਲਾ।
ਇਸ ਪ੍ਰਮੁੱਖ ਕੰਮ ਤੋਂ ਇਲਾਵਾ ਉਹ ਹੋਰ ਵੀ ਬਹੁਤ ਸਾਰੇ ਕੰਮ ਕਰਦਾ ਸੀ। ਮਿਸਾਲ ਵਜੋਂ ਵਿਆਹ-ਸ਼ਾਦੀ ਵੇਲੇ ਰਾਜਾ ਗੰਢ ਲੈ ਕੇ ਜਾਣ ਦਾ ਕੰਮ ਕਰਦਾ ਸੀ। ਗੰਢ ਨੂੰ ਆਮ ਕਰਕੇ ਵਿਆਹ ਦਾ ਸੁਨੇਹਾ ਸਮਝਿਆ ਜਾਂਦਾ ਹੈ ਪਰ ‘ਗੰਢ’ ਦਾ ਅਰਥ ਸਿਰਫ਼ ‘ਵਿਆਹ ਦਾ ਸੁਨੇਹਾ’ ਨਹੀਂ, ਸਗੋਂ ਖ਼ੁਸ਼ੀ ਦਾ ਸੁਨੇਹਾ ਵੀ ਹੈ। ਵਿਆਹ ਤੋਂ ਇਲਾਵਾ ਅਖੰਡ ਪਾਠ, ਜਾਂ ਹੋਰ ਕਿਸੇ ਮੌਕੇ ‘ਤੇ ਗੰਢ ਲੈ ਕੇ ਜਾਣ ਦਾ ਕੰਮ ਵੀ ਰਾਜਾ ਹੀ ਕਰਦਾ ਸੀ। ਗੁਰਦਿਆਲ ਸਿੰਘ ਨੇ ਆਪਣੇ ਨਾਵਲ ‘ਮੜ੍ਹੀ ਦਾ ਦੀਵਾ’ ਵਿੱਚ ਗੰਢ ਲੈ ਕੇ ਜਾ ਰਹੇ ਨਿੱਕੇ ਰਾਜੇ ਦੀ ਸਰੀਰਕ ਤੇ ਮਾਨਸਿਕ ਹਾਲਤ ਦਾ ਵਰਣਨ ਇਉਂ ਕੀਤਾ ਹੈ,‘‘ਉ…ਪੁਲ਼ ਕੋਲ ਨਿੱਕਾ ਨਾਈ ਮਿਲਿਆ। ਉਹ ਕਿਤੇ ਗੰਢ ਦੇਣ ਚੱਲਿਆ ਸੀ। ਦੁੱਧ-ਚਿੱਟੇ ਲੀੜੇ,ਟੁਖਣੀ ਜੁੱਤੀ ਅਤੇ ਪੱਗ ਬੰਨ੍ਹੀ ਉਹ ਉਡੂੰ-ਉਡੂੰ ਕਰਦਾ ਜਾਂਦਾ ਸੀ।’’ ਸਪਸ਼ਟ ਹੈ ਕਿ ਗੰਢ ਲੈ ਕੇ ਜਾਣ ਦਾ ਕੰੰਮ ਰਾਜਾ ਮਾਨਸਿਕ ਹੁਲਾਰੇ ਨਾਲ ਕਰਦਾ ਸੀ। ਸੁੱਖ ਦੇ ਨਾਲ ਦੁੱਖ ਦੀ ਖ਼ਬਰ ਲੈ ਕੇ ਜਾਣ ਦਾ ਕੰਮ ਵੀ ਰਾਜਾ ਹੀ ਕਰਦਾ ਸੀ। ਕਿਸੇ ਦੀ ਮੌਤ ਦੀ ਖ਼ਬਰ ਲੈ ਕੇ ਜਾਣ ਨੂੰ ‘ਸੁਣਾਉਣੀ’ ਲੈ ਕੇ ਜਾਣਾ ਕਿਹਾ ਜਾਂਦਾ ਸੀ। ਜਿਸ ਘਰੇ ਉਹ ਮੌਤ ਦੀ ਖ਼ਬਰ ਲੈ ਕੇ ਜਾਂਦਾ ਸੀ, ਉਸ ਦੇ ਵਿਹੜੇ ਵਿੱਚ ਜਾਂ ਦਰੱਖਤਾਂ ਹੇਠ ਮੋਢੇ ਦਾ ਪਰਨਾ ਵਿਛਾ ਕੇ ਬੈਠ ਜਾਂਦਾ ਸੀ। ਇਹ ਇੱਕ ਤਰ੍ਹਾਂ ਦਾ ਸੱਭਿਆਚਾਰਕ ਸੰਕੇਤ ਹੁੰਦਾ ਸੀ ਕਿ ਰਾਜਾ ਸੁਣਾਉਣੀ ਲੈ ਕੇ ਆਇਆ ਹੈ। ਉਸ ਕੋਲੋਂ ਮੌਤ ਦੀ ਖ਼ਬਰ ਦਾ ਵਿਸਥਾਰ ਪੁੱਛ ਕੇ ਘਰ ਦੀਆਂ ਸੁਆਣੀਆਂ ਵਿਰਲਾਪ ਕਰਦੀਆਂ।
ਰਾਜਾ, ਪੰਜਾਬ ਵਿੱਚ ਲੰਮਾ ਸਮਾਂ ਸਮਰੱਥ ਵਿਚੋਲੇ ਦੀ ਭੂਮਿਕਾ ਵੀ ਨਿਭਾਉਂਦਾ ਰਿਹਾ ਹੈ। ਸਮੇਂ ਦੇ ਬੀਤਣ ਨਾਲ ਬੇਸ਼ੱਕ ਅੱਜ-ਕੱਲ੍ਹ ਵਿਆਹ ਅਖ਼ਬਾਰੀ ਇਸ਼ਤਿਹਾਰਾਂ ਜਾਂ ਮੈਰਿਜ ਬਿਊਰੋ ਰਾਹੀਂ ਹੋਣ ਲੱਗ ਪਏ ਹਨ ਪਰ ਪੰਜਾਬ ਦੇ ਕਈ ਪਿੰਡਾਂ ਵਿੱਚ ਵਿਚੋਲਗੀ ਦਾ ਕੰਮ ਹਾਲੇ ਵੀ ਰਾਜਾ ਹੀ ਕਰ ਰਿਹਾ ਹੈ। ਜਦੋਂ ਵੀ ਰਾਜਾ ਗੰਢ ਲੈ ਕੇ ਜਾਂਦਾ ਸੀ ਤਾਂ ਕਈ ਨਵੇਂ ਰਿਸ਼ਤੇ ਕਰਵਾਉਣ ਦੀ ਤਿਆਰੀ ਵੀ ਉਹ ਕਰ ਆਉਂਦਾ ਸੀ। ਘੁਮੱਕੜ ਹੋਣ ਕਰ ਕੇ ਉਹ ਪਿੰਡ ਦੇ ਹਰੇਕ ਬੰਦੇ ਦੀ ਕਬੀਲਦਾਰੀ ਤੋਂ ਜਾਣੂੰ ਹੁੰਦਾ ਸੀ। ਪੁਰਾਣੇ ਸਮਿਆਂ ਵਿੱਚ ਆਵਾਜਾਈ ਦੇ ਸਾਧਨ ਵਿਕਸਤ ਨਾ ਹੋਣ ਕਰ ਕੇ ਲੋਕ ਰਾਜੇ ਵੱਲੋਂ ਵੇਖੇ ਮੁੰਡੇ/ਕੁੜੀ ਨਾਲ ਹੀ ਆਪਣੀ ਔਲਾਦ ਦਾ ਰਿਸ਼ਤਾ ਕਰ ਦਿੰਦੇ ਸਨ। ਰਾਜਾ ਕਿਸੇ ‘ਘਰ’ ਦੀ ਆਰਥਿਕ ਖ਼ੁਸ਼ਹਾਲੀ ਜਾਂ ਪਛੜੇਪਣ ਦਾ ਅੰਦਾਜ਼ਾ ਕਈ ਢੰਗਾਂ ਨਾਲ ਲਾਉਂਦਾ ਸੀ। ਮਸਲਨ ਘਰ ਵਿੱਚ ਚੂਹਿਆਂ ਦੇ ਹੋਣ ਜਾਂ ਨਾ ਹੋਣ ਤੋਂ, ਪਸ਼ੂਆਂ ਦੀ ਖੁਰਲੀ ਦੀ ਸਥਿਤੀ ਤੋਂ ਅਤੇ ਦੀਵਿਆਂ ਵਿੱਚ ਪਏ ਤੇਲ ਆਦਿ ਤੋਂ। ਜਿਸ ਘਰ ਵਿੱਚ ਚੂਹੇ ਹੁੰਦੇ, ਖੁਰਲੀਆਂ ਪੱਕੀਆਂ ਤੇ ਸੋਹਣੀਆਂ ਹੁੰਦੀਆਂ, ਦੀਵਿਆਂ ਉੱਤੋਂ ਦੀ ਤੇਲ ਡੁੱਲ੍ਹਿਆ ਹੁੰਦਾ-ਉਸ ਘਰ ਨੂੰ ਮਾਲੀ ਤੌਰ ’ਤੇ ਖ਼ੁਸ਼ਹਾਲ ਸਮਝਿਆ ਜਾਂਦਾ ਸੀ। ਕੁੜੀਆਂ ਦੀ ਘਾਟ ਹੋਣ ਕਰ ਕੇ ਰਿਸ਼ਤੇ ਲੱਭਣਾ ਬੜਾ ਔਖਾ ਕੰੰਮ ਸੀ। ਸਹੀ ਤੇ ਢੁਕਵਾਂ ਰਿਸ਼ਤਾ ਲੱਭਣਾ ਤਾਂ ਹੋਰ ਵੀ ਔਖਾ ਸੀ। ਚਾਰ ਭਰਾਵਾਂ ਵਿੱਚੋਂ ਕਈ ਵਾਰੀ ਦੋ ਜਾਂ ਤਿੰਨ ਤਾਂ ਛੜੇ ਹੀ ਰਹਿ ਜਾਂਦੇ ਸਨ। ਅਜਿਹੀ ਹਾਲਤ ਵਿੱਚ ਰਾਜਾ ਦੋਵੇਂ ਧਿਰਾਂ ਵਿੱਚ ਓਹਲਾ ਰੱਖ ਕੇ ਰਿਸ਼ਤਾ ਕਰਵਾ ਦਿੰਦਾ ਸੀ।
ਵਿਆਹਾਂ ਵਿੱਚ ਉਹ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਸੀ। ਵਿਆਹ ਦੀਆਂ ਕਈ ਰਸਮਾਂ ਵਿੱਚ ਉਹ ਅਤੇ ਉਸ ਦੀ ਘਰਵਾਲੀ (ਰਾਣੀ) ਵਿਸ਼ੇਸ਼ ਤੌਰ ’ਤੇ ਹਾਜ਼ਰ ਹੁੰਦੇ ਸਨ। ਹਲਵਾਈ ਦੀ ਜ਼ਿੰਮੇਵਾਰੀ ਵੀ ਰਾਜਾ ਹੀ ਸੰਭਾਲ ਲੈਂਦਾ ਸੀ। ਸਾਰੀ ਉਮਰ ਵਿਆਹਾਂ ਵਿੱਚ ਲੰਘੀ ਹੋਣ ਕਰ ਕੇ ਉਸ ਨੂੰ ਮਠਿਆਈਆਂ ਅਤੇ ਹੋਰ ਸਮਗਰੀ ਉੱਤੇ ਹੋਣ ਵਾਲੇ ਖ਼ਰਚ ਦਾ ਅੰਦਾਜ਼ਾ ਹੁੰਦਾ ਸੀ। ਵਿਆਹ ਦੇ ਰਾਸ਼ਨ ਨੂੰ ‘ਸੀਦਾ’ ਕਿਹਾ ਜਾਂਦਾ ਸੀ। ਸੀਦਾ ਖਰੀਦਣ ਲਈ ਸਾਰੇ ਰਾਜੇ ਉੱਤੇ ਹੀ ਨਿਰਭਰ ਹੁੰਦੇ ਸਨ। ਉਸ ਦੇ ਕਹੇ ਤੋਂ ਕੋਈ ਵੀ ਬਾਹਰ ਨਹੀਂ ਸੀ ਜਾਂਦਾ। ਵਿਆਹ ਵਿੱਚ ਜੇ ਵੱਡੇ ਤੋਂ ਵੱਡਾ ਕੰਮ ਉਹ ਕਰਦਾ ਸੀ ਤਾਂ ਛੋਟੇ ਤੋਂ ਛੋਟਾ ਕੰਮ ਵੀ ਉਹੀ ਸੰਭਾਲਦਾ ਸੀ। ਮਿਸਾਲ ਵਜੋਂ ਉਹ ਜੂਠੇ ਭਾਂਡੇ ਵੀ ਮਾਂਜ ਦਿੰਦਾ ਸੀ। ਜੇ ਉਹ ਵਿਆਹ ਵਿੱਚ ਕਿਸੇ ਹੋਰ ਕੰਮ ਵਿੱਚ ਰੁੱਝਿਆ ਹੁੰਦਾ ਤਾਂ ਭਾਂਡੇ ਮਾਂਜਣ ਦੀ ਜ਼ਿੰਮੇਵਾਰੀ ਕਿਸੇ ਗਰੀਬੜੇ ਦੀ ਲਾ ਦਿੰਦਾ ਸੀ।
ਵਿਆਹ ਪਿੱਛੋਂ ਵਿਆਂਹਦੜ ਕੁੜੀ ਨਾਲ ਰਾਣੀ ਉਸ ਦੇ ਸਹੁਰੇ ਘਰ ਜਾਂਦੀ। ਇਸ ਰਸਮ ਨੂੰ ‘ਡੋਲੇ ਜਾਣਾ’ ਆਖਿਆ ਜਾਂਦਾ ਸੀ। ਵਿਆਹ ਦੇ ਸਰੂਰ ਵਿੱਚ ਮਚਲਾ ਹੋਇਆ ਜ਼ਿਮੀਂਦਾਰ ਜਦੋਂ ਆਪਣੀ ਸੱਜਵਿਆਹੀ ਦੀ ਇੱਕ ਝਲਕ ਵੇਖਣੀ ਚਾਹੁੰਦਾ ਤਾਂ ਉਸ ਨੂੰ ਡੋਲੇ ਵਿੱਚ ਬੈਠੀ ਰਾਣੀ ਬਹੁਤ ਬੁਰੀ ਲੱਗਦੀ ਪਰ ਉਸ ਦੇ ਜਵਾਬ ਵਿੱਚ ਰਾਣੀ ਉਸ ਨੂੰ ਸਬਰ ਕਰਨ ਲਈ ਇਉਂ ਕਹਿੰਦੀ:
ਤੱਤੀ ਖੀਰ ਨਾ ਬੇਸ਼ਰਮਾ ਖਾਂਦੇ,
ਪੁੱਤ ਸਰਦਾਰਾਂ ਦੇ।
ਵਿਆਹ ਪਿੱਛੋਂ ਭਾਜੀ ਵੰਡਣ ਸਮੇਂ ਵੀ ਰਾਜਾ ਤੇ ਰਾਣੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਸਨ। ਜਿਸ ਘਰੇ ਕੋਈ ਔਰਤ ਨਾ ਹੁੰਦੀ, ਉਸ ਘਰੇ ਰੋਟੀ-ਟੁੱਕ ਪਕਾਉਣ ਦਾ ਕੰਮ ਵੀ ਰਾਣੀ ਹੀ ਕਰ ਲੈਂਦੀ ਸੀ। ਇਨ੍ਹਾਂ ਸਾਰੀਆਂ ਕਿਸਮ ਦੀਆਂ ਸੇਵਾਵਾਂ ਦੇ ਬਦਲੇ ਰਾਜੇ/ਰਾਣੀ ਨੂੰ ‘ਲਾਗ’ ਮਿਲਦਾ ਸੀ। ਲਾਗ ਵਿੱਚ ਪੈਸੇ, ਕੱਪੜੇ, ਟੂਮਾਂ, ਛਾਪ, ਖੇਸ, ਚਾਰ ਗਜ ਖੱਦਰ ਆਦਿ ਦਿੱਤਾ ਜਾਂਦਾ ਸੀ। ਇਸ ਤੋਂ ਇਲਾਵਾ ਵੇਲੇ-ਕੁਵੇਲੇ ਰਾਜੇ ਨੂੰ ਆਰਥਿਕ ਸਹਾਇਤਾ ਤੋਂ ਵੀ ਕੋਈ ਜੁਆਬ ਨਹੀਂ ਸੀ ਦਿੰਦਾ। ਰਾਜਾ ਬੇਸ਼ੱਕ ਦੂਜਿਆਂ ’ਤੇ ਨਿਰਭਰ ਸੀ ਪਰ ਸੰਕਟ ਸਮੇਂ ਉਸ ਨੂੰ ਬਹੁਤਾ ਫ਼ਿਕਰ ਕਰਨ ਦੀ ਲੋੜ ਨਹੀਂ ਸੀ ਪੈਂਦੀ ਕਿਉਂਕਿ ਸਾਰਾ ਪਿੰਡ ਉਸ ਦੇ ਕੰਮ ਆਉਂਦਾ ਸੀ।
ਆਪਣੀ ਗਤੀਸ਼ੀਲ ਸਥਿਤੀ ਸਦਕਾ ਰਾਜਾ, ਰਾਜ਼ੀ-ਖ਼ੁਸ਼ੀ ਦੀ ਖ਼ਬਰ ਪੁੱਜਦੀ ਕਰਨ ਵਿੱਚ ਬੜਾ ਸਹਾਇਕ ਸੀ। ਜਿਸ ਘਰੇ ਵੀ ਰਾਜਾ ਸੁਨੇਹਾ ਲੈ ਕੇ ਆਇਆ ਹੁੰਦਾ, ਉਸ ਦੀ ਗੁਆਂਢਣ ਦਾ ਜੇ ਰਾਜੇ ਦੇ ਪਿੰਡ ਕੋਈ ਰਿਸ਼ਤੇਦਾਰ ਹੁੰਦਾ ਉਹ ਵੀ ਆਪਣੇ ਰਿਸ਼ਤੇਦਾਰਾਂ ਦੀ ਸੁੱਖ-ਸਾਂਦ ਪੁੱਛ ਲੈਂਦੀ ਸੀ। ਇਉਂ ਉਹ ‘ਦੂਰ ਵਸੇਂਦੇ ਸੱਜਣਾਂ’ ਦੀ ਖ਼ਬਰਸਾਰ ਪਹੁੰਚਾ ਕੇ ਕਈਆਂ ਦੇ ਕਾਲਜੇ ਠੰਢ ਪਾਉਂਦਾ ਸੀ। ਉਸ ਦੀਆਂ ਇਨ੍ਹਾਂ ਸੇਵਾਵਾਂ ਬਦਲੇ ਕੋਈ ਵੀ ਉਸ ਦਾ ‘ਹੱਕ’ ਨਹੀਂ ਸੀ ਰੱਖਦਾ ਅਤੇ ਸਮਰੱਥਾ ਮੁਤਾਬਕ ਹਰ ਕੋਈ ਰਾਜੇ ਨੂੰ ਪੈਸੇ ਅਤੇ ਲੀੜਾ-ਲੱਤਾ ਦੇ ਦਿੰਦਾ ਸੀ।
ਗਰਭਵਤੀ ਹੋਣ ਪਿੱਛੋਂ ਜਦੋਂ ਕੋਈ ਔਰਤ ਆਪਣੇ ਪਲੇਠੇ ਬੱਚੇ ਨੂੰ ਜਨਮ ਦਿੰਦੀ ਤਾਂ ਇਸ ਵੇਲੇ ਇੱਕ ਰਸਮ ਕੀਤੀ ਜਾਂਦੀ ਸੀ। ਇਸ ਨੂੰ ‘ਬਾਹਰ ਵਧਾਵਾ’ ਆਖਿਆ ਜਾਂਦਾ ਸੀ। ਇਸ ਸਮੇਂ ਨੈਣ ਗੋਹੇ ਦਾ ਇੱਕ ਪੁਤਲਾ ਬਣਾ ਕੇ ਲਿਆਉਂਦੀ; ਜਿਸ ਨੂੰ ‘ਬਿਧ’ ਕਿਹਾ ਜਾਂਦਾ ਸੀ। ਨਵਜੰਮੇ ਬੱਚੇ ਦੀ ਮਾਂ, ਨਾਈ (ਰਾਜੇ) ਦੀ ਜੁੱਤੀ (ਨਾ ਕਿ ਨੈਣ ਦੀ) ਪਾ ਕੇ ਬਾਹਰ ਪੈਰ ਵਧਾਉਂਦੀ ਸੀ। ਵਿਆਹ ਤੇ ਗਰਭ ਦਾ ਸਬੰਧ ਨਵੇਂ ਜੀਅ ਦੀ ਸਿਰਜਣਾ ਨਾਲ ਹੈ। ਇਸ ਹੁਸੀਨ ਅਤੇ ਪਵਿੱਤਰ ਮੌਕੇ ’ਤੇ ਵੀ ਅਖੌਤੀ ਨੀਵੀਂ ਜਾਤੀ ਦੇ ਲੋਕਾਂ ਨੂੰ ਏਨਾ ਵੱਡਾ ਸਤਿਕਾਰ ਦੇਣਾ ਕੇਵਲ ਪੰਜਾਬੀ ਸੱਭਿਆਚਾਰ ਵਿੱਚ ਹੀ ਵੇਖਣ ਨੂੰ ਮਿਲਦਾ ਹੈ।
ਮੌਤ ਵੇਲੇ ਹੋਣ ਵਾਲੀਆਂ ਰਸਮਾਂ ਸਮੇਂ ਵੀ ਇਹ ਜਾਤੀ ਮਹੱਤਵਪੂਰਨ ਰੋਲ ਅਦਾ ਕਰਦੀ ਰਹੀ ਹੈ। ਰਾਜਾ/ਰਾਣੀ ਮ੍ਰਿਤਕ ਨੂੰ ਇਸ਼ਨਾਨ ਕਰਵਾਉਣ, ਵੈਣ ਪਾਉਣ, ਅਲਾਹੁਣੀਆਂ ਗਾਉਣ, ਸਿਆਪਾ ਕਰਨ, ਫੁੱਲ ਚੁਗਣ ਵੇਲੇ ਆਪਣੀ ਸਾਰਥਕ ਭੂਮਿਕਾ ਨਿਭਾਉਂਦੇ ਰਹੇ ਹਨ।
ਜ਼ਿਮੀਂਦਾਰ ਸ਼੍ਰੇਣੀ ਨਾਲ ਇਸ ਜਾਤੀ ਦਾ ‘ਰੋਟੀ ਦਾ ਰਿਸ਼ਤਾ’ ਰਿਹਾ ਹੈ। ਸਾਡਾ ਸੱਭਿਆਚਾਰ ਇਸ ਦਾ ਗਵਾਹ ਹੈ। ਜ਼ਿੰਦਗੀ ਦੇ ਮਹੱਤਵਪੂਰਨ ਮੌਕਿਆਂ ਉੱਤੇ ਘਰ ਵਿੱਚ ਚੁੱਲ੍ਹੇ-ਚੌਂਕੇ ਜਿਹੀਆਂ ਅਹਿਮ ਥਾਵਾਂ ’ਤੇ ਇਹ ਸ਼੍ਰੇਣੀ ਬਿਨਾਂ ਰੋਕ-ਟੋਕ ਵਿਚਰਦੀ ਰਹੀ ਹੈ। ਇਉਂ ਰਾਜਾ ਆਪਣੀ ਰੰਗੀਨਗੀ ਨਾਲ ਪੰਜਾਬੀ ਸੱਭਿਆਚਾਰ ਨੂੰ ਮਾਲਾ-ਮਾਲ ਕਰਦਾ ਰਿਹਾ ਹੈ।
- ਰਾਜਿੰਦਰ ਸਿੰਘ ਸੇਖੋਂ
ਸੰਪਰਕ:94638-81931
ਸੰਪਰਕ:94638-81931
No comments:
Post a Comment