ਘੁਮਿਆਰ ਭੂੰਡ
ਮੈਂ ਘਰ ਵਿਚ ਬਿਲਕੁਲ ਇਕੱਲੀ ਤੇ ਵਿਹਲੀ ਸੀ। ਆਪਣੇ ਇਕੱਲਪੁਣੇ ਤੋਂ ਨਿਜਾਤ ਪਾਉਣ ਲਈ ਮੈਂ ਕੁਝ ਰਸਾਲੇ ਲੈ ਕੇ ਬਾਹਰ ਬਰਾਂਡੇ ਵਿਚ ਬੈਠ ਗਈ। ਥੋੜ੍ਹੀ ਜਿੰਨੀ ਦੇਰ ਬਾਅਦ ਮੇਰਾ ਧਿਆਨ ਇਕ ਭੂੰਡ ਵਰਗੇ ਕੀੜੇ ਨੇ ਆਪਣੇ ਵੱਲ ਖਿੱਚਿਆ ਜਿਹੜਾ ਵਾਰ ਵਾਰ ਖਿੜਕੀ ਦੀ ਇਕ ਨੁੱਕਰ ਵੱਲ ਆ ਜਾ ਰਿਹਾ ਸੀ। ਇਸ ਭੂੰਡ ਦੀ ਦਿੱਖ ਕੀੜੀ ਵਰਗੀ ਪਤਲੀ ਕਮਰ ਵਾਲੀ ਸੀ, ਪਰ ਇਸ ਦੀ ਕਮਰ ਕੀੜੀ ਨਾਲੋਂ ਬਹੁਤ ਲੰਬੀ ਸੀ। ਇਸ ਦਾ ਕੱਦ ਕਾਠ ਆਮ ਪੀਲੇ ਭੂੰਡ ਜਿੰਨਾ, ਪਰ ਉਸ ਤੋਂ ਥੋੜ੍ਹਾ ਪਤਲਾ ਸੀ। ਇਸ ਦੇ ਗੂੜ੍ਹੇ ਭੂਰੇ ਰੰਗ ਉੱਤੇ ਚਮਕੀਲੀਆਂ ਪੀਲੀਆਂ ਧਾਰੀਆਂ ਸਨ। ਇਹ ਦੇਖਣ ਲਈ ਕਿ ਇਹ ਭੂੰਡ ਖਿੜਕੀ ਦੇ ਉਸ ਖੂੰਜੇ ਵਿਚ ਕੀ ਕਰਨ ਜਾਂਦਾ ਹੈ, ਮੈਂ ਉਠ ਕੇ ਖਿੜਕੀ ਦੀ ਉਸ ਨੱੁਕਰ ਵੱਲ ਗਈ। ਉਸ ਨੂੰ ਉਥੇ ਦੇਖ ਕੇ ਮੇਰਾ ਦਿਲ ਕੁਦਰਤ ਦੀਆਂ ਕਰਾਮਾਤਾਂ ਉੱਤੇ ਅਸ਼ ਅਸ਼ ਕਰ ਉਠਿਆ। ਖਿੜਕੀ ਦੀ ਉਸ ਨੁੱਕਰ ਵਿਚ ਕੋਈ ਇਕ ਇੰਚ ਦੀ ਗੁਲਾਈ ਵਾਲਾ ਬਹੁਤ ਹੀ ਸਲੀਕੇ ਅਤੇ ਕਾਰੀਗਰੀ ਨਾਲ ਬਣਾਇਆ ਹੋਈਆ ਮਿੱਟੀ ਦਾ ਘੜਾ ਪਿਆ ਸੀ, ਜਿਹੜਾ ਇਕ ਪਾਸਿਓਂ ਕੰਧ ਨਾਲ ਜੁੜਿਆ ਹੋਇਆ ਸੀ। ਮੈਨੂੰ ਯਾਦ ਆਇਆ ਕਿ ਛੋਟੇ ਹੁੰਦੇ ਅਸੀਂ ਇਸ ਭੂੰਡ ਨੂੰ ‘ਘੁਮਿਆਰ ਭੂੰਡ‘ ਕਹਿੰਦੇ ਹੁੰਦੇ ਸੀ ਅਤੇ ਅਸੀਂ ਸਾਰੇ ਬੱਚੇ ਹਮੇਸ਼ਾ ਹੀ ਇਹ ਦੇਖਣਾ ਚਾਹੁੰਦੇ ਹੁੰਦੇ ਸੀ ਕਿ ‘ਘੁਮਿਆਰ ਭੂੰਡ‘ ਇਸ ਘੜੇ ਵਿਚ ਕੀ ਰੱਖ ਕੇ ਆਉਂਦਾ ਹੈ।
ਅੰਗਰੇਜ਼ੀ ਵਿਚ ‘ਘੁਮਿਆਰ ਭੂੰਡ‘ ਨੂੰ ‘ਪੌਟਰ ਵੈਸਪ‘ Potter wasp ਅਤੇ ‘ਮੈਸਨ ਵੈਸਪ‘ Mason wasp ਵਰਗੇ ਕਈ ਨਾਮ ਦਿਤੇ ਗਏ ਹਨ। ਜੇ ਇਨ੍ਹਾਂ ਦਾ ਪੰਜਾਬੀ ਵਿਚ ਅਰਥ ਕੀਤਾ ਜਾਵੇ ਤਾਂ ਉਹ ਵੀ ‘ਘੁਮਿਆਰ ਭੂੰਡ‘ ਹੀ ਬਣਦਾ ਹੈ। ਕਹਿੰਦੇ ਹਨ ਕਿ ਪੁਰਾਤਨ ਸਭਿਆਚਾਰਾਂ ਦੇ ਲੋਕਾਂ ਨੇ ਆਪੋ-ਆਪਣੇ ਇਲਾਕੇ ਦਿਆਂ ਇਨ੍ਹਾਂ ‘ਘੁਮਿਆਰ ਭੂੰਡਾਂ‘ ਤੋਂ ਹੀ ਮਿੱਟੀ ਦੇ ਘੜੇ, ਜੱਗ, ਕੁੱਜੇ, ਫੁੱਲਦਾਨ ਵਗੈਰਾ ਬਣਾਉਣਾ ਸਿੱਖਿਆ ਸੀ।
‘ਘੁਮਿਆਰ ਭੂੰਡ‘ ਅਤੇ ਇਸ ਦੇ ਨਾਲ ਦੇ ਪਤਲੀ ਕਮਰ ਵਾਲੇ 200 ਭੂੰਡਾਂ ਦੇ ਪਰਿਵਾਰ ਨੂੰ ‘ਇਯੂਮੀਨਿਡੇਈ‘ ਕਹਿੰਦੇ ਹਨ ਅਤੇ ਇਨ੍ਹਾਂ ਦੇ ਮਹਾਂ ਪਰਿਵਾਰ ਨੂੰ ‘ਵੈਸਪੋਆਈਡੀਆ‘ (ਛਚਬਕਗ ੜਕਤਬਰਜਦਕ ਕਹਿੰਦੇ ਹਨ, ਜਿਸ ਵਿਚ ਮੋਟੀ ਕਮਰ ਵਾਲੇ ਪੀਲੇ ਭੂੰਡ ਵੀ ਸ਼ਾਮਲ ਹੁੰਦੇ ਹਨ। ਸ਼ਹਿਦ ਦੀਆਂ ਮੱਖੀਆਂ ਅਤੇ ਹੋਰ ਸਾਰੇ ਕਿਸਮਾਂ ਦੇ ਭੂੰਡ ਜਿਨ੍ਹਾਂ ਦੇ ਖੰਭ ਪਾਰਦਰਸ਼ੀ ਅਤੇ ਥੋੜ੍ਹੀਆਂ ਨਾੜੀਆਂ ਵਾਲੇ ਹੁੰਦੇ ਹਨ, ਉਨ੍ਹਾਂ ਦੀਆਂ 1,00,000 ਤੋਂ ਵੀ ਵੱਧ ਜਾਤੀਆਂ ਦੇ ਸਮੂਹ ਨੂੰ ‘ਹਾਈਮੀਨੋਪਟੈਰਾ‘ Hymenoptera ਕਹਿੰਦੇ ਹਨ। ‘ਹਾਈਮ‘ ਇਕ ਯੂਨਾਨੀ ਅੱਖਰ ਹੈ ਜਿਸ ਦਾ ਅਰਥ ਹੈ: ਬਹੁਤ ਪਤਲਾ ਝਿੱਲੀ ਵਰਗਾ ਅਤੇ ‘ਪਟੈਰਾ‘ ਦਾ ਅਰਥ ਹੈ: ਖੰਭ।
ਪਰ ਇਸ ਵੇਲੇ ਤੇ ਮੈਂ ਕੁਦਰਤ ਦੇ ਅਦਭੁੱੁਤ ਸ਼ਿਲਪਕਾਰ ‘ਘੁਮਿਆਰ ਭੂੰਡ‘ ਦੀ ਗੱਲ ਕਰ ਰਹੀ ਹਾਂ ਨਾ ਕਿ ਉਸ ਦੇ ਰਿਸ਼ਤੇਦਾਰਾਂ ਦੀ। ‘ਘੁਮਿਆਰ ਭੂੰਡ‘ ਆਮ ਤੌਰ ਤੇ ਕਾਲੇ ਜਾਂ ਗੂੜ੍ਹੇ ਭੂਰੇ ਰੰਗ ਉੱਤੇ ਪੀਲੀਆਂ, ਲਾਲ, ਸੰਗਤਰੀ ਜਾਂ ਚਿੱਟੀਆਂ ਧਾਰੀਆਂ ਵਾਲੇ ਹੁੰਦੇ ਹਨ। ਕਈ ਵਾਰ ਇਹ ਮੋਰ ਵਾਂਗ ਨੀਲੀ ਜਾਂ ਹਰੀ ਚਮਕੀਲੀ ਭਾਹ ਵਾਲੇ ਕਾਲੇ ਰੰਗ ਦੇ ਵੀ ਹੁੰਦੇ ਹਨ। ਇਨ੍ਹਾਂ ਦਾ ਕੱਦਕਾਠ ਮੱਧਮ ਵਰਗ ਵਾਲੇ ਕੀੜਿਆਂ ਵਿਚ ਕੋਈ 1/2 ਤੋਂ 4 ਸੈਂਟੀਮੀਟਰ ਤੱਕ ਹੁੰਦਾ ਹੈ, ਪਰ ਇਨ੍ਹਾਂ ਦੀ ਕਮਰ ਦੀ ਲੰਬਾਈ ਅਤੇ ਮੋਟਾਈ ਵੱਖਰੀ ਵੱਖਰੀ ਹੁੰਦੀ ਹੈ। ਇਨ੍ਹਾਂ ਦੇ ਪਤਲੇ, ਪਾਰਦਰਸ਼ੀ ਚਾਰ ਖੰਭ ਹੁੰਦੇ ਹਨ। ਉੱਡਣ ਵਕਤ ਪਹਿਲਾ ਜੋੜਾ ਖੰਭ, ਪਿਛਲੇ ਥੋੜ੍ਹੇ ਜਿੰਨੇ ਛੋਟੇ ਜੋੜੇ ਖੰਭਾਂ ਦੇ ਨਾਲ ਛੋਟੀਆਂ ਛੋਟੀਆਂ ਕੁੰਡੀਆਂ ਨਾਲ ਜੁੜ ਜਾਂਦਾ ਹੈ ਅਤੇ ਇਸ ਤਰ੍ਹਾਂ ਇਕ ਪਾਸੇ ਦੇ ਦੋਵੇਂ ਖੰਭ ਇਕੱਠੇ ਉਪਰ ਥੱਲੇ ਹਿਲਦੇ ਹਨ। ਜਿਸ ਵੇਲੇ ‘ਘੁਮਿਆਰ ਭੂੰਡ‘ ਬੈਠਦਾ ਹੈ ਤਾਂ ਇਹ ਆਪਣੇ ਖੰਭਾਂ ਨੂੰ ਲੰਬਾਈ ਰੁਖ ਤਹਿ ਲਗਾ ਕੇ ਆਪਣੀ ਪਿੱਠ ਉੱਤੇ ਰੱਖ ਲੈਂਦਾ ਹੈ।
ਆਮ ਭੂੰਡਾਂ ਤੋਂ ਵੱਖਰੇ ਇਹ ਮਸਤ ਮੌਲੇ ‘ਘੁਮਿਆਰ ਭੂੰਡ‘ ਇਕਦਮ ਇਕਲੇ ਹੀ ਘੁੰਮਦੇ ਰਹਿੰਦੇ ਹਨ। ਮਾਦਾ ‘ਘੁਮਿਆਰ ਭੂੰਡ‘ ਵਿਚ ਕੋਈ ਰਾਣੀ ਨਹੀਂ ਹੁੰਦੀ ਅਤੇ ਸਾਰੀਆਂ ਮਾਦਾ ਅੰਡੇ ਦੇ ਸਕਦੀਆਂ ਹਨ। ਇਹ ਆਪਣੀ ਜਾਤੀ ਦਿਆਂ ਹੋਰ ‘ਘੁਮਿਆਰ ਭੂੰਡਾਂ‘ ਨਾਲ ਸਹਿਵਾਸ ਤੋਂ ਇਲਾਵਾ ਹੋਰ ਕੋਈ ਵਾਸਤਾ ਨਹੀਂ ਰੱਖਦੀਆਂ ਅਤੇ ਨਾ ਹੀ ਆਪਣੀਆਂ ਧਾਗੇ ਵਰਗੀਆਂ ਲੰਬੀਆਂ ਟੋਹਣੀਆਂ ਜਾਂ ਲੱਤਾਂ ਇਕ ਦੂਜੇ ਨੂੰ ਲਗਾਉਂਦੇ ਹਨ। ਇਸੇ ਕਰਕੇ ਅੰਗ੍ਰੇਜ਼ੀ ਵਿਚ ‘ਘੁਮਿਆਰ ਭੂੰਡਾਂ‘ ਨੂੰ ‘ਸੋਲੀਟਰੀ ਵੈਸਪ‘ Solitary wasp ਵੀ ਕਹਿੰਦੇ ਹਨ।
ਇਸ ਪਰਿਵਾਰ ਦੀਆਂ ਬਹੁਤੀਆਂ ਮਾਦਾ ‘ਘੁਮਿਆਰ ਭੂੰਡ‘ ਸਹਿਵਾਸ ਮਗਰੋਂ ਇਕਲੀਆਂ ਹੀ ਆਪਣਾ ਘਰ (ਖੱਖਰ) ਮਿੱਟੀ ਨੂੰ ਆਪਣੇ ਥੁੱਕ ਵਿਚ ਗੁੰਨ੍ਹ ਕੇ ਬਣਾਉਂਦੀਆਂ ਹਨ। ਮਾਦਾ ਵਾਰ ਵਾਰ ਆਪਣੀ ਮੰਨ-ਪਸੰਦ ਦੀ ਥਾਂ ’ਤੇ ਥੁੱਕ ਵਿਚ ਗੁੰਨ੍ਹੀ ਹੋਈ ਮਿੱਟੀ ਲੈ ਕੇ ਜਾਂਦੀ ਹੈ। ਕਈ ਵਾਰ ਤੇ ਮਾਦਾ ਨੂੰ ਇਸ ਕੰਮ ਲਈ ਪਾਣੀ ਪੀਣ ਦੀ ਵੀ ਲੋੜ ਪੈ ਜਾਂਦੀ ਹੈ। ਪਰ ਖੱਖਰ ਦੀ ਸ਼ਕਲ, ਆਕਾਰ ਅਤੇ ਥਾਂ-ਟਿਕਾਣਾ ਹਰ ਇਕ ਜਾਤੀ ਦਾ ਵੱਖੋ ਵੱਖਰਾ ਹੁੰਦਾ ਹੈ। ਕੁਝ ਖੱਖਰਾਂ ਦੀ ਸ਼ਕਲ ਘੜੇ, ਫੁੱਲਦਾਨ ਜਾਂ ਸਿਲੰਡਰ ਵਰਗੀ ਹੁੰਦੀ ਹੈ ਅਤੇ ਕਈ ਵਾਰ ਇਕ ਲਾਈਨ ਵਿਚ ਹੀ ਕਈ ਘੜੇ ਬਣੇ ਹੁੰਦੇ ਹਨ। ਕੁਝ ਆਪਣੀ ਖੱਖਰ ਸੁਕੀਆਂ ਟਾਹਣੀਆਂ ਦੀਆਂ ਮੋਰੀਆਂ ਵਿਚ, ਵੱਡੇ ਪੱਤਿਆਂ ਥੱਲੇ, ਜ਼ਮੀਨ ਵਿਚ, ਕੰਧਾਂ ਦੀਆਂ ਵਿਰਲਾਂ, ਆਦਿ ਵਿਚ ਬਣਾਉਂਦੀਆਂ ਹਨ। ਕਿਸੇ ਗਲਤ ਥਾਂ ਮੇਖ ਠੋਕਣ ਮਗਰੋਂ ਬਣੀ ਮੋਰੀ ਵਿਚ ਵੀ ਇਹ ਖੱਖਰ ਬਣਾ ਲੈਂਦੇ ਹਨ। ਇਕ ਖੱਖਰ ਵਿਚ ਇਕੋ ਜਾਂ ਫੇਰ ਕਈ ਖਾਨੇ ਹੋ ਸਕਦੇ ਹਨ। ਮਾਦਾ ਇਕ ਇਕ ਕਰਕੇ ਖੱਖਰ ਦੇ ਖਾਨਿਆਂ ਵਿਚ ਡੰਗ ਮਾਰ ਕੇ ਬੇਹੋਸ਼ ਕੀਤੀਆਂ ਹੋਈਆਂ ਤਿੱਤਲੀਆਂ ਅਤੇ ਬੀਟਲਸ ਜਾਂ ਮੱਕੜੀਆਂ ਭਰਦੀਆਂ ਰਹਿੰਦੀਆਂ ਹਨ। ਖਾਨਾ ਭਰ ਜਾਣ ’ਤੇ ਇਹ ਛੱਤ ਵਾਲੇ ਪਾਸੇ ਲਮਕਦਾ ਹੋਈ ਇਕ ਅੰਡਾ ਦੇ ਦਿੰਦੀਆਂ ਹਨ ਅਤੇ ਖਾਨੇ ਦਾ ਮੂੰਹ ਬੰਦ ਕਰ ਦਿੰਦੀਆਂ ਹਨ। ਬਸ ਇਸ ਤੋਂ ਬਾਅਦ ਇਹ ਮਸਤ ਮੌਲੀਆਂ ਮਾਦਾ ‘ਘੁਮਿਆਰ ਭੂੰਡ‘ ਆਪਣੇ ਬੱਚੇ ਦਾ ਮੂੰਹ ਵੀ ਨਹੀਂ ਵੇਖਦੀਆਂ ਅਤੇ ਨਾ ਹੀ ਖੱਖਰ ਦੀ ਰਾਖੀ ਕਰਦੀਆਂ ਹਨ।
ਜਦੋਂ ਅੰਡਿਆਂ ਵਿਚੋਂ ਬੱਚੇ (ਸੁੰਡੀਆਂ) ਨਿਕਲਦੇ ਹਨ ਤਾਂ ਉਹ ਸਿੱਧੇ ਬੇਹੋਸ਼ ਕੀਤੀਆਂ ਹੋਈਆਂ ਬੀਟਲਸ ਅਤੇ ਤਿੱਤਲੀਆਂ ਦੀਆਂ ਸੁੰਡੀਆਂ ਜਾਂ ਮੱਕੜੀਆਂ ਉੱਤੇ ਡਿਗਦੇ ਹਨ ਅਤੇ ਉਨ੍ਹਾਂ ਨੂੰ ਖਾਣ ਲੱਗ ਪੈਂਦੇ ਹਨ। ਪ੍ਰੋੜ੍ਹ ਹੋਣ ’ਤੇ ਹੀ ਬੱਚੇ ਖੱਖਰ ਵਿਚੋਂ ਬਾਹਰ ਨਿਕਲਦੇ ਹਨ। ‘ਘੁਮਿਆਰ ਭੂੰਡ‘ ਆਪ ਤੇ ਫੁੱਲਾਂ ਦਾ ਰਸ ਹੀ ਪੀਂਦੇ ਹਨ ਅਤੇ ਇਸ ਪ੍ਰਕਿਰਿਆ ਵਿਚ ਫੁੱਲਾਂ ਦਾ ਪਰਾਗਣ ਵੀ ਕਰਦੇ ਹਨ ਅਤੇ ਛੇਤੀ ਕੀਤਿਆਂ ਇਹ ਕਿਸੇ ਨੂੰ ਡੰਗ ਨਹੀਂ ਮਾਰਦੇ। ਕਿਸਾਨ ਇਨ੍ਹਾਂ ਨੂੰ ਆਪਣਾ ਮਿੱਤਰ ਸਮਝਦੇ ਹਨ ਕਿਉਂਕਿ ਇਹ ਆਪਣੇ ਬੱਚਿਆਂ ਲਈ ਨੁਕਸਾਨ-ਦੇਹ ਸੁੰਡੀਆਂ ਖੇਤਾਂ ਵਿਚੋਂ ਚੁਗਦੇ ਹਨ। ਇਸ ਲਈ ਅਸੀਂ ਮੰਨ ਸਕਦੇ ਹਾਂ ਕਿ ਇਹ ਵਚਿੱਤਰ ਸ਼ਿਲਪਕਾਰ ਕੁਦਰਤ ਦਾ ਇਕ ਅਜੀਬ ਨਮੂਨਾ ਹਨ।
ਡਾ. ਪੁਸ਼ਪਿੰਦਰ ਜੈ ਰੂਪ
No comments:
Post a Comment