ਵਿੱਦਿਆ ਅਤੇ ਗਿਆਨ ਦੇ ਲੰਗਰ ਨੂੰ ਪਹਿਲ ਦੇਣੀ
ਪਵੇਗੀ। ਇਹ ਮੁਹਿੰਮ ਪੰਜਾਬ ਵਿਚੋਂ ਹੀ ਸ਼ੁਰੂ ਕੀਤੀ ਜਾਵੇ, ਕਿਉਂਕਿ ਪੰਜਾਬ ਸਿੱਖੀ ਦਾ
ਘਰ ਹੈ ਅਤੇ ਸੰਸਾਰ ਦੇ ਸਿੱਖਾਂ ਦੀ ਬਹੁਗਿਣਤੀ ਪੰਜਾਬ ਦੇ ਪਿੰਡਾਂ ਵਿਚ ਰਹਿੰਦੀ ਹੈ।
ਦੇਸ਼ ਦਾ ਕੋਈ ਵੀ ਅਜਿਹਾ ਕੋਨਾ ਨਹੀਂ ਜਾਂ ਸੰਸਾਰ ਦਾ ਕੋਈ ਅਜਿਹਾ ਦੇਸ਼ ਨਹੀਂ, ਜਿਥੇ
ਗੁਰੂ ਦੇ ਸਿੱਖ ਨਾ ਪਹੁੰਚੇ ਹੋਣ। ਹਰ ਥਾਂ ਆਪਣੀ ਮਿਹਨਤ ਨਾਲ ਚੜ੍ਹਦੀ ਕਲਾ ਵਿਚ
ਰਹਿੰਦਿਆਂ ਉਨ੍ਹਾਂ ਨੇ ਜੀਵਨ ਦੇ ਸੁਖ ਸਾਧਨ ਜੁਟਾਏ ਹਨ। ਇਸ ਤੱਥ ਨੂੰ ਸਾਰੇ ਦੇਸ਼-ਵਾਸੀ
ਕਬੂਲਦੇ ਹਨ। ਇਸ ਸਬੰਧੀ ਮੈਨੂੰ ਇਕ ਪੁਰਾਣੀ ਘਟਨਾ ਯਾਦ ਆਉਂਦੀ ਹੈ। ਅੱਧੀ ਸਦੀ ਤੋਂ ਵੀ
ਵੱਧ ਸਮਾਂ ਹੋ ਗਿਆ ਹੈ। ਅੱਜ ਤੋਂ ਅੱਧੀ ਸਦੀ ਪਹਿਲਾਂ ਦਾ ਕਿੱਸਾ ਹੈ। ਮੈਂ ਉਦੋਂ
ਵਿਦਿਆਰਥੀ ਸਾਂ। ਇਕ ਸਰਬਭਾਰਤ ਵਾਦ-ਵਿਵਾਦ ਪ੍ਰਤੀਯੋਗਤਾ ਬਿਹਾਰ ਦੇ ਸ਼ਹਿਰ ਸਬੋਰ ਵਿਖੇ
ਹੋਈ ਸੀ। ਇਥੇ ਭਾਰਤ ਵਿਚ ਸਭ ਤੋਂ ਪਹਿਲਾਂ ਬਣਿਆ ਖੇਤੀ ਕਾਲਜ ਹੈ। ਪਗੜੀਧਾਰੀ ਬੋਲਣ ਤੇ
ਸੁਣਨ ਵਾਲਿਆਂ ਵਿਚ ਮੈਂ ਇਕ ਹੀ ਸਾਂ। ਮੇਰੇ ਬੋਲਣ ਦੀ ਵਾਰੀ ਵੀ ਸਭ ਤੋਂ ਅਖੀਰ ਵਿਚ ਸੀ।
ਅਖੀਰ ਵਿਚ ਬੋਲਣ ਵਾਲੇ ਬੁਲਾਰੇ ਨੂੰ ਘੱਟ ਹੀ ਸੁਣਿਆ ਜਾਂਦਾ ਹੈ। ਅਚੰਭਾ ਹੀ ਸਮਝੋ, ਮੇਰਾ
ਪਹਿਲਾ ਇਨਾਮ ਆ ਗਿਆ। ਸਮਾਗਮ ਪਿੱਛੋਂ ਚਾਹ-ਪਾਣੀ ਸਮੇਂ ਸਮਾਗਮ ਦੇ ਮੁੱਖ ਮਹਿਮਾਨ ਨੇ
ਮੇਰੇ ਕੋਲ ਆ ਕੇ ਵਧਾਈ ਦਿੱਤੀ, ਨਾਲ ਹੀ ਪੁੱਛ ਲਿਆ, 'ਸਰਦਾਰ ਜੀ ਮਾਊਂਟ ਐਵਰੈਸਟ ਦੀ
ਚੋਟੀ 'ਤੇ ਸਭ ਤੋਂ ਪਹਿਲਾਂ ਕੌਣ ਚੜ੍ਹਿਆ ਸੀ?' ਮੇਰਾ ਜਵਾਬ ਸੁਭਾਵਿਕ ਹੀ ਸੀ। ਉਨ੍ਹਾਂ
ਨੇ ਆਖਿਆ, ਤੇਰੀ ਜਾਣਕਾਰੀ ਅਧੂਰੀ ਹੈ। ਜਦੋਂ ਤੇਨਸਿੰਗ ਤੇ ਹਲੇਰੀ ਚੋਟੀ ਉੱਤੇ ਪੁੱਜੇ
ਤਾਂ ਉਥੇ ਚਾਹ ਦਾ ਖੋਖਾ ਦੇਖ ਕੇ ਹੈਰਾਨ ਰਹਿ ਗਏ। ਚਾਹ ਦਾ ਖੋਖਾ ਇਕ ਸਰਦਾਰ ਜੀ ਦਾ ਸੀ।
ਜਿਥੇ ਵੀ ਚਾਰ ਗੁਰਸਿੱਖ ਪਰਿਵਾਰ ਸਥਾਪਤ ਹੁੰਦੇ ਹਨ, ਉਥੇ ਸਭ ਤੋਂ ਪਹਿਲਾ ਕਾਰਜ ਗੁਰੂ-ਘਰ
ਦੀ ਉਸਾਰੀ ਦਾ ਕਰਦੇ ਹਨ ਤੇ ਦੂਜਾ ਕਾਰਜ ਗੁਰੂ ਕਾ ਲੰਗਰ ਚਲਾਉਣ ਦਾ ਕਰਦੇ ਹਨ। ਦੇਸ਼
ਵਿਚ ਵੀ ਤੇ ਪ੍ਰਦੇਸ਼ਾਂ ਵਿਚ ਵੀ ਵਧੀਆ ਤੋਂ ਵਧੀਆ ਗੁਰੂ-ਘਰ ਉਸਾਰਨ ਦਾ ਮੁਕਾਬਲਾ ਚੱਲ
ਰਿਹਾ ਹੈ। ਗੁਰੂ-ਘਰਾਂ ਵਿਚ ਬੜੇ ਸਤਿਕਾਰ ਅਤੇ ਸ਼ਰਧਾ ਨਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਨੂੰ ਸਥਾਪਤ ਕੀਤਾ ਜਾਂਦਾ ਹੈ। ਆਪਣੇ ਗੁਰੂ ਦੀ ਰੱਜ ਕੇ ਸੇਵਾ ਕੀਤੀ ਜਾਂਦੀ
ਹੈ। ਸੁਖ ਆਸਣ ਦੇ ਕਮਰੇ ਵਿਚ ਗਰਮੀਆਂ ਦੌਰਾਨ ਏ. ਸੀ. ਲਗਾਏ ਜਾਂਦੇ ਹਨ ਅਤੇ ਸਰਦੀਆਂ ਵਿਚ
ਹੀਟਰ ਚਲਦੇ ਹਨ। ਸੁੰਦਰ ਤੋਂ ਸੁੰਦਰ ਪੁਸ਼ਾਕੇ ਪਹਿਨਾਏ ਜਾਂਦੇ ਹਨ। ਗੁਰੂ ਜੀ ਅੱਗੇ
ਮੱਥੇ ਰਗੜਦੇ ਹਨ ਤੇ ਮੰਨਤਾਂ ਮੰਗਦੇ ਹਨ ਪਰ ਗੁਰੂ ਦੇ ਹੁਕਮਾਂ ਵੱਲ ਕਦੇ ਧਿਆਨ ਹੀ ਨਹੀਂ
ਦਿੰਦੇ। ਗੁਰੂ ਦੇ ਸ਼ਬਦਾਂ ਨੂੰ ਨਾ ਸੁਣਦੇ ਤੇ ਨਾ ਪੜ੍ਹਦੇ ਹਨ। ਹਾਂ, ਸ੍ਰੀ ਗੁਰੂ ਨਾਨਕ
ਦੇਵ ਦੀ ਜੀ ਚਲਾਈ ਲੰਗਰ ਦੀ ਪ੍ਰਥਾ ਹਰੇਕ ਗੁਰੂ-ਘਰ ਵਿਚ ਕਾਇਮ ਹੈ ਪਰ ਗੁਰਸਿੱਖ ਇਹ ਭੁੱਲ
ਰਹੇ ਹਨ ਕਿ ਗੁਰਬਾਣੀ ਨੂੰ ਸੁਣਨਾ, ਪੜ੍ਹਨਾ, ਸਮਝਣਾ, ਮਨ ਵਿਚ ਵਸਾਉਣਾ ਤੇ ਉਸੇ ਅਨੁਸਾਰ
ਆਪਣੇ ਜੀਵਨ ਨੂੰ ਢਾਲਣਾ ਵੀ ਓਨਾ ਹੀ ਜ਼ਰੂਰੀ ਹੈ, ਜਿੰਨਾ ਕਿ ਗੁਰੂ-ਘਰਾਂ ਤੇ ਗੁਰੂ ਦੀ
ਸੇਵਾ ਕਰਨਾ ਹੈ। ਸਿੱਖਾਂ ਦਾ ਗੁਰੂ ਸ਼ਬਦ ਹੈ, ਜਿਸ ਕੌਮ ਦਾ ਗੁਰੂ ਹੀ ਸ਼ਬਦ ਹੋਵੇ, ਉਹ
ਕੌਮ ਨੂੰ ਤਾਂ ਵਿੱਦਿਆ-ਵਿਹੂਣੀ ਹੋਣਾ ਹੀ ਨਹੀਂ ਚਾਹੀਦਾ। ਗੁਰੂ-ਘਰਾਂ ਦੀ ਉਸਾਰੀ ਅਤੇ
ਲੰਗਰ ਦੇ ਨਾਲ-ਨਾਲ ਜੇਕਰ ਸ਼ਬਦ ਦਾ ਭਾਵ ਵਿੱਦਿਆ ਦਾ ਲੰਗਰ ਨਹੀਂ ਲਗਾਇਆ ਜਾਂਦਾ ਤਾਂ
ਸੇਵਾ ਅਧੂਰੀ ਹੈ। ਗਿਆਨ ਦੇ ਪ੍ਰਕਾਸ਼ ਬਗੈਰ ਅਗਿਆਨਤਾ ਦਾ ਹਨੇਰਾ ਮੀਰੀ ਤੇ ਪੀਰੀ ਦੋਵਾਂ
ਰਾਹਾਂ ਵਿਚ ਰੁਕਾਵਟ ਬਣਦਾ ਹੈ।
ਸਿੱਖ ਧਰਮ ਸੰਸਾਰ ਵਿਚ ਸਭ ਤੋਂ ਨਵਾਂ, ਨਿਵੇਕਲਾ ਅਤੇ ਵਿਗਿਆਨ ਆਧਾਰਿਤ ਹੈ, ਜਿਥੇ
ਕਰਮਕਾਂਡਾਂ ਦੀ ਥਾਂ ਕਰਮ ਕਰਨ ਉੱਤੇ ਜ਼ੋਰ ਦਿੱਤਾ ਗਿਆ ਹੈ। ਸੰਸਾਰ ਦੇ ਸਾਰੇ ਹੀ
ਪ੍ਰਮੁੱਖ ਬੁੱਧੀਜੀਵੀਆਂ ਅਤੇ ਵਿਗਿਆਨੀਆਂ ਨੇ ਮੰਨਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ
ਵਰਗੇ ਹੋਰ ਕਿਸੇ ਗ੍ਰੰਥ ਦੀ ਸੰਸਾਰ ਵਿਚ ਰਚਨਾ ਨਹੀਂ ਹੋਈ ਹੈ। ਇਸ ਵਿਚ ਬਖਸ਼ਿਸ਼ ਕੀਤੀ
ਜੀਵਨ-ਜਾਚ ਨੂੰ ਅਪਣਾਇਆਂ ਇਸੇ ਸੰਸਾਰ ਨੂੰ ਕਲਪਿਤ ਸਵਰਗ ਤੋਂ ਵੀ ਵਧੀਆ ਬਣਾਇਆ ਜਾ ਸਕਦਾ
ਹੈ ਪਰ ਅਫਸੋਸ, ਗੁਰੂ ਦੇ ਸਿੱਖ ਆਪ ਹੀ ਆਪਣੇ ਇਤਿਹਾਸ ਅਤੇ ਆਪਣੇ ਗੁਰੂ ਦੇ ਹੁਕਮਾਂ ਤੋਂ
ਅਨਜਾਣ ਹਨ। ਇਸੇ ਕਰਕੇ ਉਹ ਆਪਣੇ ਧਰਮ, ਆਪਣੇ ਗੁਰੂ ਤੇ ਆਪਣੇ ਇਤਿਹਾਸ ਬਾਰੇ ਦੂਜਿਆਂ ਨੂੰ
ਦੱਸਣ ਤੋਂ ਅਸਮਰੱਥ ਹਨ। ਜਿਵੇਂ ਪਹਿਲਾਂ ਲਿਖਿਆ ਗਿਆ ਹੈ ਕਿ ਗੁਰੂ ਦੇ ਸਿੱਖ ਸੰਸਾਰ ਦੇ
ਹਰੇਕ ਕੋਨੇ ਵਿਚ ਮੌਜੂਦ ਹਨ ਪਰ ਸਿੱਖ ਧਰਮ ਬਾਰੇ ਸੰਸਾਰ ਦੇ ਨਾਮਾਤਰ ਲੋਕਾਂ ਨੂੰ ਹੀ
ਗਿਆਨ ਹੈ। ਵਿਸ਼ਵ ਟਰੇਡ ਸੈਂਟਰ ਉੱਤੇ ਹੋਏ ਹਮਲੇ ਪਿੱਛੋਂ ਸਿੱਖੀ ਸਰੂਪ ਵਾਲੇ ਗੁਰਸਿੱਖਾਂ
ਵਿਰੁੱਧ ਫੈਲੀ ਨਫਰਤ ਤੇ ਹੁਣੇ-ਹੁਣੇ ਗੁਰਦੁਆਰਾ ਕਾਂਡ ਦਾ ਮੁੱਖ ਕਾਰਨ ਸੰਸਾਰ ਦੇ ਲੋਕਾਂ
ਦੀ ਸਿੱਖ ਧਰਮ ਬਾਰੇ ਅਗਿਆਨਤਾ ਹੈ। ਗੁਰੂ ਦੇ ਸਿੱਖ ਜਿਥੇ ਵੀ ਗਏ ਹਨ, ਉਥੇ ਆਪਣੇ-ਆਪ
ਨੂੰ ਸਥਾਪਤ ਕੀਤਾ ਹੈ। ਰੱਜਵੀਂ ਰੋਟੀ ਵੀ ਖਾਂਦੇ ਹਨ ਤੇ ਉਥੋਂ ਦੇ ਨਾਗਰਿਕ ਵੀ ਬਣ ਗਏ ਹਨ
ਪਰ ਸਥਾਨਕ ਲੋਕਾਂ ਵਿਚ ਵਿਚਰਦੇ ਨਹੀਂ ਹਨ। ਆਪਣੇ-ਆਪ ਨੂੰ ਕੰਮ, ਘਰ ਤੇ ਗੁਰੂ-ਘਰ ਤੱਕ
ਹੀ ਸੀਮਤ ਕਰ ਲਿਆ ਹੈ। ਜਦੋਂ ਤੱਕ ਅਸੀਂ ਉਥੋਂ ਦੇ ਲੋਕਾਂ 'ਚ ਵਿਚਰਾਂਗੇ ਨਹੀਂ, ਉਦੋਂ
ਤੱਕ ਉਨ੍ਹਾਂ ਨੂੰ ਆਪਣੇ ਧਰਮ ਬਾਰੇ ਜਾਣਕਾਰੀ ਕਿਵੇਂ ਦੇ ਸਕਾਂਗੇ?
ਵਾਹਿਗੁਰੂ ਦੀ ਬਖਸ਼ਿਸ਼ ਸਦਕਾ ਮੈਨੂੰ ਬਹੁਤ ਸਾਰੇ ਦੇਸ਼ਾਂ ਵਿਚ ਜਾਣ ਦਾ ਮੌਕਾ ਮਿਲਿਆ
ਹੈ। ਵੱਡੀਆਂ ਗੋਸ਼ਟੀਆਂ ਵਿਚ ਵੀ ਭਾਗ ਲਿਆ ਹੈ, ਜਿਥੇ ਬਹੁਤ ਸਾਰੇ ਦੇਸ਼ਾਂ ਦੇ ਨਾਗਰਿਕ
ਹੁੰਦੇ ਸਨ। ਹਰ ਥਾਂ ਲੋਕਾਂ ਨੂੰ ਮੇਰਾ ਸਰੂਪ ਦੇਖ ਹੈਰਾਨੀ ਜ਼ਰੂਰ ਹੋਈ ਪਰ ਕਿਸੇ ਨੂੰ
ਸਿੱਖ ਧਰਮ ਬਾਰੇ ਗਿਆਨ ਨਹੀਂ ਸੀ। ਕੇਵਲ ਦੋ ਥਾਵਾਂ ਉੱਤੇ ਕਿਸੇ ਨੇ 'ਸੀਖ' ਸ਼ਬਦ ਦੀ
ਵਰਤੋਂ ਕੀਤੀ ਸੀ। ਜਦੋਂ ਮੈਂ 1974 ਵਿਚ ਬਗਦਾਦ ਗਿਆ ਸਾਂ ਤਾਂ ਬਾਬੇ ਨਾਨਕ ਦੀ ਚਰਨਛੋਹ
ਪ੍ਰਾਪਤ ਧਰਤੀ ਨੂੰ ਵੀ ਦੇਖਣ ਗਿਆ ਸਾਂ। ਉਸ ਦਰਗਾਹ ਦੀ ਦੇਖਭਾਲ ਕਰਨ ਵਾਲੇ ਨੇ ਜ਼ਰੂਰ
ਪੁੱਛਿਆ ਸੀ, 'ਕੀ ਤੂੰ ਸਿੱਖ ਹੈਂ?' ਉਸ ਪੀਰ ਦੀ ਮਾਨਤਾ ਇਰਾਕੀਆਂ ਵਿਚ ਵੀ ਬਹੁਤੀ ਨਹੀਂ
ਹੈ ਤੇ ਉਹ ਦੋ ਛੋਟੇ ਕਮਰਿਆਂ ਵਾਲੀ ਚਾਰਦੀਵਾਰੀ ਉਦੋਂ ਵੀ ਵੀਰਾਨ ਸੀ ਤੇ ਹੁਣ ਵੀ ਉਵੇਂ
ਹੀ ਹੈ। ਉਸ ਤੋਂ ਕੋਈ ਦੋ ਦਹਾਕਿਆਂ ਪਿੱਛੋਂ ਅਮਰੀਕਾ ਦੀ ਜਨਰਲ ਯੂਨੀਵਰਸਿਟੀ ਵਿਚ ਹੋਏ
ਮੇਰੇ ਲੈਕਚਰ ਪਿੱਛੋਂ ਇਕ ਅਮਰੀਕੀ ਨੌਜਵਾਨ ਨੇ ਪੁੱਛਿਆ ਸੀ, 'ਕੀ ਤੂੰ ਸਿੱਖ ਹੈਂ?'
ਇਨ੍ਹਾਂ ਦੋਵਾਂ ਨੇ ਸਿੱਖ ਦਾ ਉਚਾਰਨ 'ਸੀਖ' ਹੀ ਕੀਤਾ ਸੀ।
ਉਸ ਨੌਜਵਾਨ ਨੂੰ ਜਦੋਂ ਮੈਂ ਪੁੱਛਿਆ ਕਿ ਤੂੰ ਸਿੱਖਾਂ ਬਾਰੇ ਕਿਵੇਂ ਜਾਣਦਾ ਹੈਂ ਤਾਂ ਉਸ
ਨੇ ਦੱਸਿਆ ਕਿ 'ਇਕ ਵਾਰ ਮੇਰਾ ਭਾਰਤ ਜਾਣ ਦਾ ਪ੍ਰੋਗਰਾਮ ਬਣਿਆ ਸੀ। ਮੇਰੇ ਦਾਦਾ ਜੀ
ਜਿਨ੍ਹਾਂ ਕਦੇ ਭਾਰਤ ਵਿਚ ਕੰਮ ਕੀਤਾ ਸੀ, ਉਨ੍ਹਾਂ ਮੈਨੂੰ ਨਸੀਹਤ ਦਿੱਤੀ ਸੀ ਕਿ ਉਥੇ ਇਕ
ਅਜਿਹੀ ਕੌਮ ਹੈ, ਜਿਹੜੀ ਦਾਹੜੀ ਤੇ ਸਿਰ ਦੇ ਵਾਲ ਰੱਖਦੇ ਹਨ ਅਤੇ ਪਗੜੀ ਬੰਨ੍ਹਦੇ ਹਨ।
ਉਨ੍ਹਾਂ ਨੂੰ ਸਿੱਖ ਆਖਦੇ ਹਨ। ਜੇਕਰ ਤੈਨੂੰ ਟੈਕਸੀ ਦੀ ਲੋੜ ਪਵੇ ਤਾਂ ਸਿੱਖ ਦੀ ਟੈਕਸੀ
ਵਿਚ ਬੈਠੀਂ, ਜੇਕਰ ਖਰੀਦਦਾਰੀ ਕਰਨੀ ਹੋਵੇ ਤਾਂ ਕਿਸੇ ਸਿੱਖ ਦੀ ਦੁਕਾਨ 'ਤੇ ਜਾਵੀਂ।
ਜੇਕਰ ਕਿਸੇ ਮੁਸੀਬਤ ਵਿਚ ਫਸ ਜਾਵੇਂ ਤਾਂ ਕਿਸੇ ਸਿੱਖ ਚਰਚ ਵਿਚ ਜਾਵੀਂ। ਜਦੋਂ ਮੈਂ ਆਪਣੇ
ਦਾਦਾ ਜੀ ਨੂੰ ਪੁੱਛਿਆ ਕਿ ਅਜਿਹਾ ਕਿਉਂ ਹੈ? ਤਾਂ ਉਨ੍ਹਾਂ ਆਖਿਆ ਸੀ ਕਿ ਇਹ ਲੋਕ ਬਹੁਤ
ਇਮਾਨਦਾਰ ਹੁੰਦੇ ਹਨ ਤੇ ਹਮੇਸ਼ਾ ਦੂਜਿਆਂ ਦੀ ਸਹਾਇਤਾ ਕਰਨ ਲਈ ਤਿਆਰ ਰਹਿੰਦੇ ਹਨ।'
ਸੰਸਾਰ ਵਿਚ ਸਿੱਖ ਧਰਮ ਬਾਰੇ ਪ੍ਰਚਾਰ ਦੀ ਲੋੜ ਹੈ। ਅਜਿਹਾ ਕਰਨਾ ਸਾਰੇ ਗੁਰਸਿੱਖਾਂ ਦੀ
ਜ਼ਿੰਮੇਵਾਰੀ ਹੈ ਪਰ ਅਜਿਹਾ ਤਾਂ ਉਦੋਂ ਹੀ ਹੋ ਸਕਦਾ ਹੈ, ਜੇਕਰ ਗੁਰਸਿੱਖ ਆਪ ਆਪਣੇ ਧਰਮ
ਤੇ ਇਤਿਹਾਸ ਤੋਂ ਜਾਣੂ ਹੋਣਗੇ ਤੇ ਉਨ੍ਹਾਂ ਨੂੰ ਇਸ ਗਿਆਨ ਦਾ ਸੰਚਾਰ ਕਰਨ ਦੀ ਜਾਚ ਆਉਂਦੀ
ਹੋਵੇਗੀ। ਜਿਹੜੇ ਗੁਰਸਿੱਖ ਬੱਚੇ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਜਾਂਦੇ ਹਨ, ਉਹ ਉਥੋਂ ਦੇ
ਵਿਦਿਆਰਥੀਆਂ ਵਿਚ ਵਿਚਰਦੇ ਹਨ ਤੇ ਪੜ੍ਹਾਈ ਪੂਰੀ ਕਰਨ ਪਿੱਛੋਂ ਵੀ ਉਨ੍ਹਾਂ ਨਾਲ ਹੀ ਕੰਮ
ਕਰਦੇ ਹਨ ਪਰ ਉਨ੍ਹਾਂ ਵਿਚੋਂ ਬਹੁਤੇ ਸਿੱਖੀ ਸਰੂਪ ਛੱਡ ਦਿੰਦੇ ਹਨ ਤੇ ਉਨ੍ਹਾਂ ਨੂੰ
ਆਪਣੇ ਧਰਮ ਬਾਰੇ ਜਾਣਕਾਰੀ ਲੈਣ ਤੇ ਦੂਜਿਆਂ ਨੂੰ ਦੇਣ ਦੀ ਬਹੁਤੀ ਲੋੜ ਨਹੀਂ ਪੈਂਦੀ।
ਸਿੱਖੀ ਸਰੂਪ ਵਾਲਿਆਂ ਨੂੰ ਹੀ ਟੋਹਵੀਆਂ ਨਜ਼ਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੇ
ਗੁਰੂ-ਘਰਾਂ ਨੂੰ ਆਪਣੇ ਭੁੱਲੇ ਤੀਜੇ ਫਰਜ਼ ਨੂੰ ਪ੍ਰਧਾਨਤਾ ਦੇਣੀ ਪਵੇਗੀ।
ਵਿੱਦਿਆ ਅਤੇ ਗਿਆਨ ਦੇ ਲੰਗਰ ਨੂੰ ਪਹਿਲ ਦੇਣੀ ਪਵੇਗੀ। ਇਹ ਮੁਹਿੰਮ ਪੰਜਾਬ ਵਿਚੋਂ ਹੀ
ਸ਼ੁਰੂ ਕੀਤੀ ਜਾਵੇ, ਕਿਉਂਕਿ ਪੰਜਾਬ ਸਿੱਖੀ ਦਾ ਘਰ ਹੈ ਅਤੇ ਸੰਸਾਰ ਦੇ ਸਿੱਖਾਂ ਦੀ
ਬਹੁਗਿਣਤੀ ਪੰਜਾਬ ਦੇ ਪਿੰਡਾਂ ਵਿਚ ਰਹਿੰਦੀ ਹੈ। ਬਦਕਿਸਮਤੀ ਨਾਲ ਪਿੰਡਾਂ ਦੇ ਬੱਚੇ
ਵਿੱਦਿਆ ਵਿਹੂਣੇ ਹੋ ਰਹੇ ਹਨ। ਸਰਕਾਰੀ ਸਕੂਲਾਂ ਵਿਚ ਪਿਛਲੇ ਸਮੇਂ ਕੁਝ ਅਜਿਹੀ ਹਵਾ ਚੱਲੀ
ਕਿ ਪੜ੍ਹਾਈ ਦਾ ਮਿਆਰ ਹੇਠਾਂ ਆ ਗਿਆ ਹੈ। ਉਹ ਕੌਮ, ਜਿਸ ਦਾ ਗੁਰੂ ਹੀ 'ਸ਼ਬਦ' ਹੋਵੇ,
ਜੇਕਰ ਵਿੱਦਿਆ ਵਿਹੂਣੀ ਹੋਵੇਗੀ ਤਾਂ ਉਹ ਦੂਜਿਆਂ ਲਈ ਕਿਵੇਂ ਆਦਰਸ਼ ਬਣ ਸਕੇਗੀ।
ਗੁਰੂ-ਘਰਾਂ ਵੱਲੋਂ ਆਪਣੇ ਸਕੂਲ ਖੋਲ੍ਹੇ ਜਾਣ, ਜਿਥੇ ਵਧੀਆ ਵਿੱਦਿਆ ਦੇ ਨਾਲੋ-ਨਾਲ ਧਰਮ
ਗਿਆਨ ਵੀ ਦਿੱਤਾ ਜਾਵੇ। ਜੇਕਰ ਏਨੀ ਸਮਰੱਥਾ ਨਹੀਂ ਹੈ ਤਾਂ ਲਾਗਲੇ ਪਿੰਡਾਂ ਦੇ ਸਰਕਾਰੀ
ਸਕੂਲਾਂ ਨੂੰ ਅਪਣਾਇਆ ਜਾਵੇ ਤੇ ਉਨ੍ਹਾਂ ਨੂੰ ਵਧੀਆ ਬਣਾਉਣ ਲਈ ਵੱਧ ਤੋਂ ਵੱਧ ਯੋਗਦਾਨ
ਪਾਇਆ ਜਾਵੇ। ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਦੇ ਜਥੇਦਾਰ ਸਾਹਿਬ ਨੇ ਹੁਕਮ ਵੀ
ਜਾਰੀ ਕੀਤਾ ਸੀ ਕਿ ਹਰੇਕ ਗੁਰੂ-ਘਰ ਆਪਣੀ ਆਮਦਨ ਦਾ ਘੱਟੋ-ਘੱਟ 5 ਫੀਸਦੀ ਵਿੱਦਿਅਕ
ਕਾਰਜਾਂ ਲਈ ਵਰਤੇ। ਇਸ ਹੁਕਮ ਨੂੰ ਬਹੁਤ ਗੁਰੂ-ਘਰਾਂ ਨੇ ਕਬੂਲਿਆ ਹੈ। ਲੋੜ ਇਸ ਕਾਰਜ ਨੂੰ
ਪਹਿਲ ਦੇਣ ਦੀ ਹੈ। ਸਿੱਖਾਂ ਦੇ ਬੱਚਿਆਂ ਨੂੰ ਵਿੱਦਿਆ ਤੇ ਗਿਆਨ ਦੇ ਪ੍ਰਕਾਸ਼ ਨਾਲ
ਰੁਸ਼ਨਾਇਆ ਜਾਵੇ ਤੇ ਸਿੱਖੀ ਦਾ ਪਾਠ ਪੜ੍ਹਾਇਆ ਜਾਵੇ ਤਾਂ ਜੋ ਇਸ ਮਹਾਨ ਜੀਵਨ-ਜਾਚ ਦਾ
ਸਾਰੇ ਸੰਸਾਰ ਵਿਚ ਪ੍ਰਚਾਰ ਹੋ ਸਕੇ। ਜਦੋਂ ਸਿੱਖਾਂ ਦਾ ਕਿਰਦਾਰ ਗੁਰੂ ਹੁਕਮਾਂ ਅਨੁਸਾਰ
ਬਣ ਗਿਆ, ਫਿਰ ਸਾਰਾ ਸੰਸਾਰ ਸਿੱਖਾਂ ਦਾ ਸਤਿਕਾਰ ਕਰੇਗਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਨੂੰ ਆਪਣਾ ਗੁਰੂ ਮੰਨਣ ਲਈ ਤਿਆਰ ਹੋ ਜਾਵੇਗਾ।
ਡਾ: ਰਣਜੀਤ ਸਿੰਘ
No comments:
Post a Comment