ਚੰਗਾ ਵੇਲਾ ਸੀ ਜਦ ਪਿੰਡ ਵਿਚ, ਕੱਚਾ ਜੇਹਾ ਘਰ ਹੁੰਦਾ ਸੀ।
ਖੁੱਲ੍ਹਾ ਡੁੱਲ੍ਹਾ ਵਿਹੜਾ ਸੀ ਤੇ, ਵੱਡਾ ਸਾਰਾ ਦਰ ਹੁੰਦਾ ਸੀ।
ਵੱਡਾ ਸਾਰਾ ਕੱਚਾ ਕੋਠਾ, ਸਿਰਕੀ ਬਾਲੇ ਦੀ ਛੱਤ ਹੈ ਸੀ,
ਉਸ ਦੇ ਅੰਦਰ ਇਕ ਥਾਂ ਸੌਂਦਾ, ਸਾਰਾ ਹੀ ਟੱਬਰ ਹੁੰਦਾ ਸੀ।
ਵਿਹੜੇ ਵਿਚ ਇਕ ਨਿੰਮ ਹੁੰਦੀ ਸੀ, ਜਿਸ ਦੀ ਛਾਂ ਸੀ ਠੰਢੀ ਮਿੱਠੀ,
ਲੰਘਦੇ ਟੱਪਦੇ ਦਿਸਦੇ ਸਾਰੇ, ਹਰਦਮ ਚੌਪਟ ਦਰ ਹੁੰਦਾ ਸੀ।
ਸਾਗ ਸਰੋਂ ਦਾ, ਮੱਖਣ ਪਾ ਕੇ, ਰੋਟੀ ਮੱਕੀ ਦੀ ਖਾ ਲੈਂਦੇ,
ਲੱਸੀ ਪੀਣੀ ਚਾਟੀ ਦੀ ਤੇ ਮਿੱਠਾ ਗੁੜ ਸ਼ੱਕਰ ਹੁੰਦਾ ਸੀ।
ਸਿਰ ‘ਤੇ ਲੱਸੀ ਵਾਲਾ ਮੱਘਾ, ਪੋਣੇ ਵਿੱਚ ਪਰੌਂਠੇ ਮਿੱਸੇ,
ਚੂੜੇ ਵਾਲੀ ਭੱਤਾ ਢੋਂਦੀ, ਜਿੱਥੇ ਉਸ ਦਾ ਨਰ ਹੁੰਦਾ ਸੀ।
ਭੱਤਾ ਦੇ ਕੇ ਖੇਤੋਂ ਮੁੜਦੀ, ਥੱਬਾ ਪੱਠੇ ਚੁੱਕ ਲਿਆਉਂਦੀ,
ਔਰਤ ਹਿੰਮਤੀ ਹੁੰਦੀ ਜਿਸ ਨੇ, ਬੰਨ੍ਹਣਾ ਅਪਣਾ ਘਰ ਹੁੰਦਾ ਸੀ।
ਖੇਤੋਂ ਗੰਨੇ ਪੁੱਟ ਲਿਆਉਣੇ, ਮਾਰ ਸੁੜ੍ਹਾਕੇ ਚੂਪੀ ਜਾਣੇ,
ਗਾਜਰ, ਮੂਲੀ, ਗੰਢਾ-ਟੋਟਾ, ਬੀਜਿਆ ਸਭ ਕੁਝ ਘਰ ਹੁੰਦਾ ਸੀ।
ਰਾਮ ਧਨੇ ਦੇ ਵਾੜੇ ਵਿੱਚੋਂ, ਚੋਰੀ ਕਚਰੇ ਤੋੜ ਲਿਆਉਣੇ,
ਜੱਸਾ, ਕੁੱਕੂ, ਸੁੰਦਰ, ਗੋਗੀ, ਧਰਮਾ ਨਾਲ ਅਮਰ ਹੁੰਦਾ ਸੀ।
ਸਾਦਾ ਜੇਹਾ ਪਹਿਰਾਵਾ ਤੇ, ਸਿੱਧੀ ਸਾਦੀ ਬੋਲੀ ਹੈ ਸੀ,
ਨਿਰਛਲ ਤੱਕਣੀ, ਉੱਚਾ ਹਾਸਾ, ਸੁਣਦਾ ਤੀਜੇ ਘਰ ਹੁੰਦਾ ਸੀ।
ਭਾਬੀ ਭਜਨੋ ਦੀ ਭੱਠੀ ਦੇ, ਭੁੱਜੇ ਹੋਏ ਛੋਲੇ ਯਾਰੋ,
ਫੱਕੇ ਮਾਰ ਕੇ ਚੱਬਣੇ ਨਾਲ ਗੁੜ ਲੱਡੂਆ ਅਕਸਰ ਹੁੰਦਾ ਸੀ।
ਲੰਬੀ ਸਾਰੀ ਖੁਰਲੀ ਉੱਤੇ, ਛੇ ਸੱਤ ਮੱਝਾਂ ਬੱਝੀਆਂ ਹੁੰਦੀਆਂ,
ਘੋੜੀ, ਬਲਦਾਂ ਦੀ ਇੱਕ ਜੋੜੀ, ਪੱਠੇ ਢੋਣ ਨੂੰ ਖ਼ਰ ਹੁੰਦਾ ਸੀ।
ਵੈਸਾਖੀ ਤੋਂ ਮਗਰੋਂ ਖੇਤੀਂ, ਦਾਤੀ ਚੱਲਦੀ ਜ਼ੋਰੋ ਜ਼ੋਰੀ,
ਵਾਢੀ ਦੇ ਧੰਦੇ ਵਿੱਚ ਰੁੱਝਾ, ਘਰ ਦਾ ਹਰਿਕ ਬਸ਼ਰ ਹੁੰਦਾ ਸੀ।
ਵਾਢੀ ਕਰਦੇ ਛੇਕੜਲੇ ਦਿਨ, ਦੌਗ਼ੀ ਕਣਕ ਖੜ੍ਹੀ ਵੀ ਛੱਡਣੀ,
ਉਸ ਨੂੰ ਬੋਦੀ ਕਹਿ ਦਿੰਦੇ ਸੀ, ਲੁੱਟਦਾ ਜੋ ਹਾਜ਼ਰ ਹੁੰਦਾ ਸੀ।
ਵਿੱਚ ਪਿੜਾਂ ਦੇ ਫਲ੍ਹਿਆਂ ਦੇ, ਨਾਲ ਕਣਕ ਦਾ ਲਾਂਗਾ ਗਾਹੁੰਦੇ,
ਤੂੜੀ ਦਾਣੇ ਸਿਰ ‘ਤੇ ਢੋਂਦੇ, ਮੀਂਹ ਝੱਖੜ ਦਾ ਡਰ ਹੁੰਦਾ ਸੀ।
ਪਿੜ ‘ਚੋਂ ਜਦ ਵੀ ਬੋਹਲ ਚੁੱਕਣਾ, ਤਦ ਬੱਚੇ ਆਉਂਦੇ ਲੈਣ ਰਿੜੀ,
ਉਹਨਾਂ ਦੀ ਝੋਲ਼ੀ ਵਿੱਚ ਮਾਲਕ, ਪਾਉਂਦਾ ਬੁੱਕ ਭਰ ਭਰ ਹੁੰਦਾ ਸੀ।
ਰੂੜੀ ਤੇ ਤੂੜੀ ਦਾ ਕੰਮ ਹੀ, ਸਭ ਤੋਂ ਔਖਾ ਹੁੰਦਾ ਸੀ,
ਇਹ ਕੰਮ ਸਿਖ਼ਰ ਦੁਪਹਿਰੇ ਦੀ ਥਾਂ, ਠੰਢੇ ਠੰਢੇ ਕਰ ਹੁੰਦਾ ਸੀ।
ਵਿਹਲੇ ਵੇਲ਼ੇ ਸੱਥ ‘ਚ ਬਹਿਕੇ, ਜੱਕੜ ਵੱਢ ਕੇ ਵਕਤ ਟਪਾਉਂਦੇ,
ਨਾ ਕੋਈ ਸੰਸਾ ਜਾਨ ਦਾ ਖ਼ੌਅ ਸੀ, ਨਾ ਹੀ ਕੁਈ ਫ਼ਿਕਰ ਹੁੰਦਾ ਸੀ।
ਲੌਢੇ ਵੇਲੇ ਦੁੱਧ ਮਲਾਈ, ਛੰਨਾ ਛੰਨਾ ਡੀਕ ਕੇ ਪੀਣਾ,
ਪਿੜ ਵਿਚ ਜਾ ਕੇ ਬੋਰੀ ਚੁੱਕਣੀ, ਹਰ ਚੋਬਰ ਹਾਜ਼ਰ ਹੁੰਦਾ ਸੀ।
ਹਰ ਇਕ ਚੀਜ਼ ਬੜੀ ਰੈਲ਼ੀ ਸੀ, ਇਕ ਪੈਸੇ ਦੀ ਵੀ ਕੀਮਤ ਸੀ,
ਸੌ ਦਾ ਨੋਟ ਕਿਸੇ ਦੇ ਬੋਝੇ, ਤਾਂ ਕੀ, ਨਾ ਹੀ ਘਰ ਹੁੰਦਾ ਸੀ।
ਮੇਲਾ ਵੇਖਣ ਦੇ ਲਈ ਜੇਕਰ ਦੋ ਆਨੇ ਵੀ ਮਿਲ ਜਾਣੇ ਤਾਂ,
ਏਨਾ ਚਾਅ ਚੜ੍ਹ ਜਾਂਦਾ ਸੀ ਪੱਬ, ਧਰਤੀ ‘ਤੇ ਨਾ ਧਰ ਹੁੰਦਾ ਸੀ।
ਮੇਲੇ ਉੱਤੇ ਜਾ ਕੇ ਛਕਣੀ, ਦੁੱਧ-ਜਲੇਬੀ ਦੋ ਪੈਸੇ ਦੀ,
ਕੌਲਾ ਤੱਤਾ ਹੁੰਦਾ ਸੀ, ਨਾ ਛੇਤੀ ਦੇਣੇ ਠਰ ਹੁੰਦਾ ਸੀ।
ਵਿਹੜੇ ਵਾਲਾ ਤਾਇਆ ਹੰਸਾ, ਉਹ ਹੁੰਦਾ ਸੀ ਸਾਡਾ ਸੀਰੀ,
ਮਾਂ ਤੋਂ ਚੋਰੀ ਰੋਟੀ ਖਾਂਦਾ, ਮੈਂ ਉਹਨਾਂ ਦੇ ਘਰ ਹੁੰਦਾ ਸੀ।
ਕਈ ਵਾਰੀ ਜ਼ਿਦ ਕਰ ਕੇ ਯਾਰੋ, ਅਪਣੀ ਗੱਲ ਮਨਾ ਲੈਂਦੇ ਸਾਂ,
ਟਿੱਚ ਸਮਝਦੇ ਸਾਂ ਬੇਬੇ ਨੂੰ, ਪਰ ਬਾਪੂ ਦਾ ਡਰ ਹੁੰਦਾ ਸੀ।
ਆਥਣ ਵੇਲੇ ਮੱਝਾਂ ਲੈ ਕੇ, ਟੋਭੇ ਦੇ ਵਿੱਚ ਜਾ ਵੜਦੇ ਸਾਂ,
ਫੜ ਕੇ ਮਹਿੰ ਦੀ ਪੂਛ ਨਹਾਉਣਾ, ਡੋਬੂ ਜਲ ਨਾ ਤਰ ਹੁੰਦਾ ਸੀ।
ਜੇਕਰ ਕੋਈ ਮਰ ਜਾਣੀ ‘ਮਰ’ ਜਾਂਦੀ ਹਾਣੀ ਚੋਬਰ ‘ਤੇ ਤਾਂ,
ਇਸ ਗੱਲ ਦਾ ਚਰਚਾ ਹਰ ਹੱਟੀ, ਭੱਠੀ ਤੇ ਘਰ ਘਰ ਹੁੰਦਾ ਸੀ।
ਸ਼ਹਿਰੋਂ ਹਟਵੇਂ ਵਸਦੇ ਪਿੰਡ ‘ਚ, ਓਦੋਂ ਕੋਈ ਠੇਕਾ ਨਈਂ ਸੀ,
ਚਾਚਾ ਘਰ ਵਿੱਚ ਕੱਢ ਲੈਂਦਾ ਸੀ, ਛਾਪੇ ਦਾ ਨਾ ਡਰ ਹੁੰਦਾ ਸੀ।
ਤਾਏ ਸੋਹਣੇ ਕੀ ਖੂਹੀ ਤੋਂ, ਤੌੜੇ ਭਰਦੇ ਸਾਂ ਪਾਣੀ ਦੇ,
ਪਿੰਡ ‘ਚ ਕੋਈ ਨਲਕਾ ਨਈਂ ਸੀ, ਨਾ ਕੋਈ ਜਲ-ਘਰ ਹੁੰਦਾ ਸੀ।
ਪੂਰੇ ਇੱਕ ਵਰ੍ਹੇ ਦੇ ਪਿੱਛੋਂ, ਵੈਸਾਖੀ ਦੇ ਮੇਲੇ ਜਾਣਾ,
ਜਾਂ ਫਿਰ ਮਾਘੀ ਨ੍ਹਾ ਕੇ ਆਉਣੀ, ਇਹ ਮੇਲਾ ਮੁਕਸਰ ਹੁੰਦਾ ਸੀ।
ਅੱਧੀ ਰਾਤੋਂ ਗੋਰੇ ਸਾਵੇ, ਦੀ ਜੋੜੀ ਨੂੰ ਹਲ਼ ਜੋਅ ਲੈਣਾ,
ਸੂਰਜ ਚੜ੍ਹਦੇ ਨੂੰ ਲਾ ਜੋਤਾ, ਵਿਹਲਾ ਨਿੱਤ ਘੋਦਰ ਹੁੰਦਾ ਸੀ।
ਖੂਹ ਦੀ ਗਾਧੀ ਅੱਗੇ ਢੱਗੇ, ਜੁੱਤੇ ਹੁੰਦੇ ਚਾੜ੍ਹ ਕੇ ਖੋਪੇ,
ਟਿਕ ਟਿਕ ਕਰ ਕੇ ਖੂਹ ਚਲਦਾ ਸੀ, ਆਡੀਂ ਪਾਣੀ ਭਰ ਹੁੰਦਾ ਸੀ।
ਜੀਤੂ ਟੁੰਡਾ ਵਾਗੀ ਬਣਕੇ, ਰੋਜ਼ੀ ਰੋਟੀ ਤੋਰੀ ਫਿਰਦਾ,
ਕੱਚੀ ਨਹਿਰ ਕਿਨਾਰੇ ਚਾਰਨ, ਲੈ ਜਾਂਦਾ ਡੰਗਰ ਹੁੰਦਾ ਸੀ।
ਵਿਗਿਆਨ ਤਰੱਕੀ ਕਰ ਕੇ ਬੇਸ਼ਕ, ਮੰਗਲ ਤੱਕ ਵੀ ਜਾ ਪੁੱਜਿਐ,
ਨਾ ਲੋੜਾਂ ਥੋੜਾਂ, ਉਹ ਵੇਲਾ, ਹੁਣ ਨਾਲੋਂ ਬਿਹਤਰ ਹੁੰਦਾ ਸੀ।
ਛੱਪੜ ਦੀ ਕਾਲ਼ੀ ਮਿੱਟੀ ‘ਚ ਰਲਾਅ ਕੇ ਤੂੜੀ ਘਾਣੀ ਕਰ ਕੇ
ਕੰਧਾਂ ਕੋਠੇ ਲਿਪਦੇ ਸਾਂ, ਜਦ ਮੀਂਹ ਕਣੀ ਦਾ ਡਰ ਹੁੰਦਾ ਸੀ।
ਦੋ-ਪੋਰੀ ਨਾਲ ਕਣਕ ਬੀਜਦੇ, ਸਾਰੀ ਫ਼ਸਲ ਬਰਾਨੀ ਹੁੰਦੀ,
ਰੱਬੀ ਮੋਘਾ ਫ਼ਸਲਾਂ ਸਿੰਜਦਾ, ਸੋਕੇ ਦਾ ਨਾ ਡਰ ਹੁੰਦਾ ਸੀ।
ਸਾਈਕਲ, ਘੜੀ ਤੇ ਵਾਜਾ ਪੂਰੇ ਪਿੰਡ ‘ਚ ਮਿਲਦੇ ਟਾਂਵੇਂ ਹੀ,
ਸਰਦਾ ਪੁੱਜਦਾ ਉਸ ਨੂੰ ਮੰਨਦੇ, ਇਹ ਕੁਝ ਜਿਸ ਦੇ ਘਰ ਹੁੰਦਾ ਸੀ।
ਧਾਰਾਂ ਡੋਕੇ ਕੱਢਣ ਮੌਕੇ, ਜੀਅ ਭਰ ਕੇ ਲੈਂਦੇ ਸਾਂ ਧਾਰਾਂ,
ਮੱਝਾਂ ਚੋਵਣ ਤੇ ਚੁੰਘਣ ਦਾ, ਇਕ ਵੱਡਾ ਆਹਰ ਹੁੰਦਾ ਸੀ।
ਬੋਹੜਾਂ ਵਾਲੇ ਬੋੜੇ ਖੂਹ ‘ਚ, ਢੱਟਾ ਡਿੱਗ ਕੇ ਡੁੱਬ ਗਿਆ ਤਾਂ,
ਪਿੰਡ ਨੇ ਰਲ਼ ਕੇ ਪਾਠ ਕਰਾਇਆ, ਜੀਕੂੰ ਉਹ ਫ਼ੱਕਰ ਹੁੰਦਾ ਸੀ।
ਸਿਰ ‘ਤੇ ਡੱਬੀਆਂ ਵਾਲਾ ਸਾਫ਼ਾ, ਜੁੱਤੀ ਕੱਢਵੀਂ ਕੰਨੇ ਵਾਲ਼ੀ,
ਚਾਦਰ, ਕਲ਼ੀਆਂ ਵਾਲਾ ਕੁੜਤਾ, ਇਹ ਪਹਿਰਨ ਅਕਸਰ ਹੁੰਦਾ ਸੀ।
ਨਾ ਮੁੰਦਰ ਨਾ ਕੰਨੀਂ ਕੋਕੇ, ਨਾ ਹੀ ਇਤਰ ਫ਼ੁਲੇਲਾਂ ਹੈਸਨ,
ਡੌਲ਼ੀਂ, ਪੱਟੀਂ ਤੇਲ ਦੀ ਮਾਲਸ਼, ਕਰਦਾ ਹਰ ਚੋਬਰ ਹੁੰਦਾ ਸੀ।
ਖੁੱਲ੍ਹਾ ਭੇਦ ਮਰਨ ਦੇ ਮਗਰੋਂ, ਚਾਨਣ ਸਿੰਘ ਗਿਆਨੀ ਜੋ ਸੀ,
ਕੋਰਾ ਅਨਪੜ੍ਹ ਹੋ ਕੇ ਵੀ ਉਹ, ਚੋਟੀ ਦਾ ਕਵੀਸ਼ਰ ਹੁੰਦਾ ਸੀ।
ਤੇਲੂ ਮੱਲ ਰਸੀਲੀਆਂ ਗੱਲਾਂ, ਸੱਥ ‘ਚ ਬੈਠ ਸੁਣਾਉਂਦਾ ਹੁੰਦਾ,
ਮਿਰਚ-ਮਸਾਲਾ ਵੀ ਲਾਉਂਦਾ ਸੀ, ਗੱਲੀਂ ਤਰਕ ਅਸਰ ਹੁੰਦਾ ਸੀ।
ਛੱਪੜ ਕੰਢੇ ਪਿੰਡੋਂ ਬਾਹਰ, ਮੋਨੀ ਸਾਧੂ ਦਾ ਡੇਰਾ ਸੀ,
ਉਸ ਦੇ ਕੋਟ ‘ਚ ਜਾ ਕੇ ਉਸ ਨੂੰ, ਮਿਲ ਸਕਦਾ ਬਸ ਨਰ ਹੁੰਦਾ ਸੀ।
ਚਾਦਰ ਕੱਢਣ ਮੌਕੇ ਅੱਲ੍ਹੜ, ਵੇਲਾਂ ਬੂਟੇ ਪਾਉਂਦੀ ਸੀ ਜਦ,
ਨੈਣਾਂ ਦੇ ਵਿੱਚ ਸੁਪਨਾ ਹੁੰਦਾ, ਸੁਪਨੇ ਵਿਚ ਨੀਂਗਰ ਹੁੰਦਾ ਸੀ।
ਸੁਪਨੇ ਤਕਦੀ ਹੋਈ ਨੱਢੀ, ਵਿੱਚ ਖਿਆਲਾਂ ਡੁੱਬੀ ਹੁੰਦੀ,
ਪੋਟੇ ਸੂਈ ਪੁੜ ਜਾਂਦੀ ਤਦ, ਤੋਪਾ ਨਾ ਕੁਈ ਭਰ ਹੁੰਦਾ ਸੀ।
ਚੂੜੇ ਵਾਲ਼ੀ ਦੁੱਧ ਰਿੜਕਦੀ, ਚਾਟੀ ਵਿੱਚ ਮਧਾਣੀ ਘੁੰਮੇ,
ਮਹਿੰਦੀ ਵਾਲ਼ੇ ਹੱਥਾਂ ਨੂੰ ਇਹ, ਕੁਦਰਤ ਦਿੱਤਾ ਵਰ ਹੁੰਦਾ ਸੀ।
ਉੱਠ ਸਵੇਰੇ ਚੱਕੀ ਝੋਣੀ, ਆਟਾ ਪੀਹਣਾ, ਦਲਣੀਆਂ ਦਾਲਾਂ,
ਔਖਾ ਕੰਮ ਸੀ ਐਪਰ ਯਾਰੋ, ਔਰਤ ਬਾਝ ਨਾ ਕਰ ਹੁੰਦਾ ਸੀ।
ਉੱਖਲੀ ਵਿਚ ਝੋਨੇ ਦੀ ਹਾਲਤ, ਵੇਖ ਬਣੀ ਹੈ ਕਹਿਵਤ ਲਗਦੀ,
ਉੱਖਲੀ ਵਿਚ ਜੇ ਸਿਰ ਦਿੱਤਾ ਤਾਂ, ਮੋਹਲਿਆਂ ਦਾ ਕੀ ਡਰ ਹੁੰਦਾ ਸੀ।
ਨਾ ਕਿਧਰੇ ਪਰਦੂਸ਼ਨ, ਨਾ ਹੀ, ਜ਼ਹਿਰ ਵਲਿੱਸੀ ਵਾ ਹੁੰਦੀ ਸੀ,
ਵਾਤਾਵਰਨ ਬੜਾ ਮਨਮੋਹਣਾ, ਚੌਗਿਰਦਾ ਸੁੰਦਰ ਹੁੰਦਾ ਸੀ।