Monday, 16 September 2013

ਬਣ ਪਟਵਾਰੀ ਤੈਨੂੰ ਲਿਖਦੇ ਨੂੰ ਵੇਖਾਂ



ਦੁਨੀਆਂ ਵਿੱਚ ਆਪਣਾ ਪੇਟ ਭਰਨ ਅਤੇ ਹੋਰ ਨਿੱਤ ਦੀਆਂ ਲੋੜਾਂ ਪੂਰੀਆਂ ਕਰਨ ਲਈ ਲੋਕ ਵੱਖ-ਵੱਖ ਕੰਮ ਧੰਦਿਆਂ ਵਿੱਚ ਲੱਗੇ ਹੋਏ ਹਨ ਜਿਨ੍ਹਾਂ ਤੋਂ ਰੁਪਿਆ ਕਮਾ ਕੇ ਉਹ ਆਪਣੀ ਜ਼ਿੰਦਗੀ ਨੂੰ ਅੱਗੇ ਤੋਰ ਰਹੇ ਹਨ। ਕਈ ਕੰਮ-ਧੰਦਿਆਂ ਵਿੱਚ ਪੈਸਾ ਜ਼ਿਆਦਾ ਹੁੰਦਾ ਹੈ ਅਤੇ ਕਈਆਂ ਵਿੱਚ ਘੱਟ। ਕਈ ਕੰਮਾਂ ਵਿੱਚ ਇਕੱਲਾ ਮਾਣ-ਇੱਜ਼ਤ ਹੀ ਮਿਲਦਾ ਹੈ ਤੇ ਕਈ ਕੰਮ-ਧੰਦੇ ਅਜਿਹੇ ਹੁੰਦੇ ਹਨ ਜਿਨ੍ਹਾਂ ਵਿੱਚ ਪੈਸਾ ਅਤੇ ਸ਼ੋਹਰਤ ਦੋਵੇਂ ਮਿਲਦੇ ਹਨ। ਆਮ ਤੌਰ ’ਤੇ ਵੇਖਿਆ ਗਿਆ ਹੈ ਕਿ ਜਿਨ੍ਹਾਂ ਅਹੁਦਿਆਂ ’ਤੇ ਬਿਰਾਜਮਾਨ ਲੋਕ ਆਮ ਲੋਕਾਂ ਵਿੱਚ ਜ਼ਿਆਦਾ ਵਿਚਰਦੇ ਹਨ, ਉਨ੍ਹਾਂ ਨੂੰ ਜ਼ਿਆਦਾ ਮਾਣ-ਇੱਜ਼ਤ ਮਿਲਦਾ ਹੈ। ਅਧਿਆਪਕ, ਪਟਵਾਰੀ, ਡਾਕੀਆ ਅਜਿਹੇ ਅਹੁਦੇ ਹਨ ਜਿਹੜੇ ਲੋਕਾਂ ਦੇ ਬਹੁਤ ਨੇੜੇ ਹੋ ਕੇ ਵਿਚਰਦੇ ਹਨ। ਸਿੱਖਿਆ ਦਾ ਵਪਾਰੀਕਰਨ ਹੋਣ ਕਰਕੇ ਅਧਿਆਪਕ ਦਾ ਤਾਂ ਪਹਿਲਾਂ ਵਾਲਾ ਮਾਣ-ਸਨਮਾਨ ਖ਼ਤਮ ਹੀ ਹੋ ਚੁੱਕਾ ਹੈ। ਕੰਪਿਊਟਰ, ਮੋਬਾਈਲ ਆਦਿ ਸੰਚਾਰ ਸਾਧਨਾਂ ਕਰਕੇ ਡਾਕੀਆ ਵੀ ਆਪਣੀ ਹੋਂਦ ਗਵਾ ਚੁੱਕਾ ਹੈ ਪਰ ਪਟਵਾਰੀ ਅੱਜ ਵੀ ਲੋਕਾਂ ਨਾਲ ਉਨ੍ਹਾਂ ਦੇ ਖੇਤੀ ਨਾਲ ਸਬੰਧਤ ਕੰਮਾਂ ਕਰਕੇ ਜੁੜਿਆ ਹੋਇਆ ਹੈ। ਸਾਡੇ ਦੇਸ਼ ਵਿੱਚ ਜ਼ਿਆਦਾਤਰ ਲੋਕ ਖੇਤੀਬਾੜੀ ਕਰਦੇ ਹਨ। ਇਸ ਲਈ ਉਨ੍ਹਾਂ ਦੀ ਜ਼ਮੀਨ ਦਾ ਹਿਸਾਬ-ਕਿਤਾਬ ਰੱਖਣ ਵਾਲੇ ਆਦਮੀ ਨੂੰ ਪਟਵਾਰੀ ਕਿਹਾ ਜਾਂਦਾ ਹੈ। ਜ਼ਮੀਨ ਦੇ ਕੰਮਾਂ ਕਾਰਨ ਪਟਵਾਰੀ ਦਾ ਵਾਹ ਲੋਕਾਂ ਦੇ ਸਮਾਜਿਕ ਸਰੋਕਾਰਾਂ ਨਾਲ ਵੀ ਪੈ ਗਿਆ ਹੈ। ਇਸ ਲਈ ਲੋਕ ਪਟਵਾਰੀ ਨੂੰ ਬਹੁਤ ਨੇੜਲਾ ਬੰਦਾ ਸਮਝਦੇ ਹਨ ਤੇ ਉਸ ਨਾਲ ਆਪਣੇ ਦੁੱਖ-ਸੁੱਖ ਸਾਂਝੇ ਕਰਦੇ ਹਨ। ਇਹੀ ਕਾਰਨ ਹੈ ਕਿ ਪਟਵਾਰੀ ਲੋਕ ਸਾਹਿਤ, ਲੋਕ ਬੋਲੀਆਂ, ਲੋਕ ਗੀਤਾਂ, ਲੋਕ ਕਥਾਵਾਂ ਦਾ ਵੀ ਹਿੱਸਾ ਬਣ ਚੁੱਕਿਆ ਹੈ। ਪਟਵਾਰੀ ਨਾਲ ਉਸ ਦੇ ਜ਼ਮੀਨ ਅਤੇ ਪੈਸੇ ਦੇ ਨਾਲ ਵਾਹ ਪੈਣ ਕਰਕੇ ਕਈ ਕਹਾਵਤਾਂ ਜੁੜੀਆਂ ਹੋਈਆਂ ਹਨ ਕਿਉਂਕਿ ਜ਼ਿਮੀਂਦਾਰ ਨੂੰ ਹਮੇਸ਼ਾਂ ਆਪਣੀ ਜ਼ਮੀਨ ਦਾ ਡਰ ਬਣਿਆ ਰਹਿੰਦਾ ਹੈ। ਸ਼ਾਇਦ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਜੱਟ ਕਿਸੇ ਤੋਂ ਨਹੀਂ ਡਰਦਾ, ਸਿਰਫ਼ ਪਟਵਾਰੀ ਤੋਂ ਡਰਦਾ ਹੈ। ਕਹਿੰਦੇ ਨੇ ਇੱਕ ਵਾਰ ਇੱਕ ਬਾਣੀਆ ਤੇ ਪਟਵਾਰੀ ਲੜ ਪਏ। ਬਾਣੀਏ ਨੇ ਪਟਵਾਰੀ ਨੂੰ ਦਬੋਚ ਲਿਆ। ਬਾਣੀਆ ਉਪਰ ਬੈਠਾ ਬੋਲਦਾ ਕਿ ਦੱਸ ਮੇਰਾ ਤੂੰ ਕੀ ਵਿਗਾੜ ਲਵੇਂਗਾ? ਤਾਂ ਪਟਵਾਰੀ ਹੇਠੋਂ ਬੋਲਿਆ ਵਿਗਾੜ ਤਾਂ ਮੈਂ ਤੇਰਾ ਬਹੁਤ ਕੁਝ ਦਿੰਦਾ ਜੇ ਤੇਰੇ ਕੋਲ ਇੱਕ ਖੁੱਡ ਵੀ ਜ਼ਮੀਨ ਦੀ ਹੁੰਦੀ। ਜ਼ਿਮੀਂਦਾਰ ਪਟਵਾਰੀ ਨੂੰ ਡੀ.ਸੀ. ਨਾਲੋਂ ਵੀ ਉੱਚਾ ਅਹੁਦਾ ਦਿੰਦੇ ਹਨ। ਕਹਿੰਦੇ ਹਨ ਕਿ ਇੱਕ ਵਾਰ ਡੀ.ਸੀ. ਇੱਕ ਪਿੰਡ ਵਿੱਚ ਖਰਾਬ ਹੋਈ ਫ਼ਸਲ ਦਾ ਜਾਇਜ਼ਾ ਲੈਣ ਆਇਆ। ਜੱਟ ਉਸ ਨੂੰ ਮੋਢਿਆਂ ’ਤੇ ਬਿਠਾ ਕੇ ਖੇਤਾਂ ਵਿੱਚ ਲੈ ਗਿਆ ਪਰ ਜਦੋਂ ਅਨਪੜ੍ਹ ਜੱਟ ਨੂੰ ਇਹ ਪਤਾ ਲੱਗਿਆ ਕਿ ਇਹ ਪਟਵਾਰੀ ਨਹੀਂ ਬਲਕਿ ਕੋਈ ਹੋਰ ਹੈ ਤਾਂ ਉਸ ਨੇ ਉਸ ਨੂੰ ਉਸੇ ਵਕਤ ਮੋਢਿਆਂ ਤੋਂ ਥੱਲੇ ਸੁੱਟ ਦਿੱਤਾ ਕਿਉਂਕਿ ਉਹ ਸਮਝਦਾ ਸੀ ਕਿ ਪੈਸੇ ਤਾਂ ਪਟਵਾਰੀ ਨੇ ਦੇਣੇ ਹਨ। ਲੋਕ ਬਾਤਾਂ ਵਿੱਚ ਵੀ ਪਟਵਾਰੀ ਦਾ ਜ਼ਿਕਰ ਕੀਤਾ ਗਿਆ ਹੈ, ਜਿਵੇਂ:-
ਵੱਟ ’ਤੇ ਖੜਾ ਪਟਵਾਰੀ, ਲੱਤਾਂ ਥੋਥੀਆਂ ਸਿਰ ਭਾਰੀ (ਗੰਢਾ)
ਵੱਟ ’ਤੇ ਟਾਂਡਾ, ਸਭ ਦਾ ਸਾਂਝਾ (ਪਟਵਾਰੀ)
ਆਰੀ ਆਰੀ ਆਰੀ,
 ਮੁੰਡਾ ਮੇਰਾ ਰੋਵੇ ਅੰਬਾਂ ਨੂੰ ਤੂੰ ਕਾਹਦਾ ਪਟਵਾਰੀ।        ਜਾਂ
ਆਰੀ ਆਰੀ ਆਰੀ
ਲੱਡੂਆਂ ਨੇ ਤੂੰ ਪੱਟਤੀ, ਤੇਰੀ ਤੋਰ ਨੇ ਪੱਟੇ ਪਟਵਾਰੀ
ਗੀਤਾਂ ਵਿੱਚ ਵੀ ਪਟਵਾਰੀ ਨੂੰ ਹਾਜ਼ਰ-ਨਾਜ਼ਰ ਕੀਤਾ ਗਿਆ ਹੈ। ਜਦੋਂ ਇੱਕ ਇਸ਼ਕ ਵਿੱਚ ਪਏ ਪਟਵਾਰੀ ਕਾਰਨ ਸਾਰੇ ਕੰਮ-ਕਾਜ ਰੁਕ ਜਾਂਦੇ ਹਨ ਤਾਂ ਕਿਹਾ ਜਾਂਦਾ ਹੈ:
ਉਂਗਲਾਂ ’ਤੇ ਜਿਹੜਾ ਸੀ ਨਚਾਉਂਦਾ ਸਾਰੇ ਪਿੰਡ ਨੂੰ 
ਦਿਨ ਰਾਤ ਬੀਹੜੀਆਂ ਕਰਾਉਂਦਾ ਸਾਰੇ ਪਿੰਡ ਨੂੰ
ਲਾ ਕੇ ਤੇਰੇ ਨਾਲ ਰਕਾਨੇ ਯਾਰੀ
ਸੋਹਣੀਏ ਗਵਾ ਕੇ ਜਿੰਦ ਬਹਿ ਗਿਆ 
ਮੁੰਡਾ ਪੱਚੀਆਂ ਪਿੰਡਾਂ ਦਾ ਪਟਵਾਰੀ 
ਨੀਂ ਤੇਰੇ ਜੋਗਾ ਰਹਿ ਗਿਆ
ਇਸ ਮਹਿਕਮੇ ਵਿੱਚ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਕਰਕੇ ਅਕਸਰ ਸਾਰੇ ਪਟਵਾਰੀ ਹੀ ਬਦਨਾਮ ਹੋ ਜਾਂਦੇ ਹਨ। ਇਹ ਗੱਲ ਕਿੰਨੀ ਕੁ ਸੱਚ ਹੈ ਕਿ ਪਟਵਾਰੀ ਪੈਸਾ ਲੈ ਕੇ ਕੰਮ ਕਰਦੇ ਹਨ, ਇਹ ਤਾਂ ਪਟਵਾਰੀ ਖ਼ੁਦ ਹੀ ਜਾਣਦੇ ਹਨ ਜਾਂ ਫਿਰ ਉਹ ਲੋਕ ਜਾਣਦੇ ਹਨ ਜਿਨ੍ਹਾਂ ਦਾ ਵਾਹ ਇਨ੍ਹਾਂ ਨਾਲ ਪੈਂਦਾ ਹੈ ਪਰ ਬਿਨਾਂ ਕਿਸੇ ਸਬੂਤ ਦੇ ਕਿਸੇ ਨੂੰ ਬਦਨਾਮ ਕਰਨਾ ਚੰਗਾ ਨਹੀਂ ਹੁੰਦਾ। ਇਸ ਸਬੰਧੀ ਕੁਝ ਟੋਟਕੇ ਜ਼ਰੂਰ ਬਣੇ ਹੋਏ ਹਨ। ਕਹਿੰਦੇ ਇੱਕ ਵਾਰ ਕਾਨੂੰਗੋ ਅਤੇ ਪਟਵਾਰੀ ਨੇੜਲੇ ਘਰਾਂ ਵਿੱਚ ਹੀ ਰਹਿੰਦੇ ਸਨ। ਪਟਵਾਰੀ ਦੇ ਘਰ ਅਕਸਰ ਲੋਕ ਭਾਂਤ-ਭਾਂਤ ਦੀਆਂ ਖਾਣ-ਪੀਣ ਦੀਆਂ ਵਸਤਾਂ ਦੇ ਕੇ ਜਾਂਦੇ। ਇਸ ਨੂੰ ਦੇਖ ਕੇ ਕਾਨੂੰਗੋ ਦੇ ਘਰਵਾਲੀ ਦਾ ਦਿਲ ਘਟਦਾ ਤੇ ਇੱਕ ਦਿਨ ਉਸ ਨੇ ਕਾਨੂੰਗੋ ਤੋਂ ਪੁੱਛ ਹੀ ਲਿਆ,‘‘ਜੀ, ਤੁਸੀਂ ਕਦੋਂ ਪਟਵਾਰੀ ਬਣੋਗੇ?’’ ਪਟਵਾਰੀ ਦੇ ਘਰ ਅਤੇ ਦਫ਼ਤਰ ਮਿਲਣ ਵਾਲੇ ਲੋਕਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ। ਇਸ ਤੋਂ ਪਟਵਾਰੀ ਦੇ ਘਰਵਾਲੀ ਔਖੀ ਹੋ ਕੇ ਪਟਵਾਰੀ ਨੂੰ ਕਹਿੰਦੀ ਹੈ:
ਕਦੇ ਸੱਤ, ਕਦੇ ਅੱਠ ਕੱਪ ਦਿੰਨੀ ਆਂ ਮੈਂ ਰੱਖ
ਤੇਰਾ ਚੰਗਾ ਪਿਆ ਜੱਟਾਂ ਨਾਲ ਵਾਹ ਪਟਵਾਰੀਆ
ਮੈਂ ਹੰਭ ਗਈ ਬਣਾਉਂਦੀ ਤੇਰੀ ਚਾਹ ਪਟਵਾਰੀਆ
ਇਸ ’ਤੇ ਪਟਵਾਰੀ ਮੋੜਵਾਂ ਉੱਤਰ ਦਿੰਦਾ ਹੈ:
ਆਹ ਕੋਠੀ ਅਤੇ ਕਾਰ, ਸੱਤਾਂ ਤੋਲਿਆਂ ਦਾ ਹਾਰ
ਨਾਲੇ ਕਾਂਟੇ ਜਿਹੜੇ ਕੰਨਾਂ ਵਿੱਚ ਪਾਏ ਪਟਵਾਰਨੇ ਨੀਂ
ਸਾਰੇ ਇਨ੍ਹਾਂ ਜੱਟਾਂ ਤੋਂ ਬਣਾਏ ਪਟਵਾਰਨੇ।
ਜੇ ਦੂਜੇ ਪਾਸੇ ਦੇਖੀਏ ਤਾਂ ਪਟਵਾਰੀ ਆਪਣਾ ਪੱਖ ਦੱਸਦੇ ਕਹਿੰਦੇ ਹਨ ਕਿ ਤਨਖਾਹਾਂ ਨਾਲ ਤਾਂ ਘਰਾਂ ਦਾ ਗੁਜ਼ਾਰਾ ਹੀ ਹੁੰਦਾ ਹੈ। ਇਸ ਤੋਂ ਇਲਾਵਾ ਲੋਕਾਂ ਦਾ ਸਾਡੇ ਕੋਲ ਬਹੁਗਿਣਤੀ ਵਿੱਚ ਆਉਣਾ, ਉਨ੍ਹਾਂ ਲਈ ਚਾਹ-ਪਾਣੀ, ਲੀਡਰਾਂ ਦੇ ਦੌਰੇ, ਅਫ਼ਸਰਾਂ ਦੇ ਹੁਕਮ, ਵੋਟਾਂ ਵੇਲੇ ਪ੍ਰਬੰਧ ਕਰਨਾ, ਕੈਂਪ ਪ੍ਰਬੰਧ ਕਰਨ ਲਈ ਸਾਨੂੰ ਹੁਕਮ ਚਾੜ ਦਿੱਤੇ ਜਾਂਦੇ ਹਨ, ਇੰਨਾ ਖਰਚ ਅਸੀਂ ਘਰੋਂ ਕਿੱਥੋਂ ਕਰ ਦੇਈਏ। ਉੱਤੋਂ ਅੱਜ-ਕੱਲ੍ਹ ਜ਼ਮੀਨਾਂ ਦੇ ਮੁੱਲ ਵਧਣ ਕਰਕੇ ਸੌਦੇਬਾਜ਼ੀ ਕਰਵਾਉਣ ਵਿੱਚ ਕੁਝ ਗ਼ਲਤ ਅਨਸਰ ਵੀ ਸਾਡੇ ’ਤੇ ਦਬਾਅ ਪਾਉਂਦੇ ਹਨ ਤੇ ਸਾਨੂੰ ਬਹੁਤ ਦਬਾਅ ਅਧੀਨ ਕੰਮ ਕਰਨਾ ਪੈਂਦਾ ਹੈ। ਬੇਸ਼ੱਕ ਸਰਵਿਸ ਐਕਟ ਅਧੀਨ ਰਿਕਾਰਡ ਆਨਲਾਈਨ ਹੋ ਚੁੱਕਾ ਹੈ ਪਰ ਲੋਕ ਵਿਸ਼ਵਾਸ ਕਰਕੇ ਸਾਡੇ ਕੋਲ ਹੀ ਆਉਂਦੇ ਹਨ ਪਰ ਹੋਵੇ ਕੁਝ ਵੀ ਆਮ ਲੋਕ ਇਹ ਗਿਣਦੇ ਹਨ ਕਿ ਪਟਵਾਰੀ ਦਾ ਅਹੁਦਾ ਜਿੱਥੇ ਮਾਣ ਇੱਜ਼ਤ ਵਾਲਾ ਹੈ, ਉਥੇ ਪੈਸੇ ਵਾਲਾ ਵੀ ਹੈ। ਇਸ ਕਰਕੇ ਭੈਣਾਂ ਜਾਂ ਪਤਨੀਆਂ ਆਪਣੇ ਵੀਰਾਂ ਅਤੇ ਘਰਵਾਲਿਆਂ ਲਈ ਇਸ ਅਹੁਦੇ ਦੀ ਕਾਮਨਾ ਕਰਦੀਆਂ ਕਹਿੰਦੀਆਂ ਹਨ:
ਵਗਦੀ ਏ ਰਾਵੀ, ਵਿੱਚ ਸੋਨੇ ਦੀਆਂ ਮੇਖਾਂ
ਬਣ ਪਟਵਾਰੀ ਤੈਨੂੰ ਲਿਖਦੇ ਨੂੰ ਵੇਖਾਂ।

-ਜਗਤਾਰ ਲਾਡੀ ਮਾਨਸਾ
* ਮੋਬਾਈਲ: 94636-03091


No comments:

Post a Comment