ਵਿਗਿਆਨਿਕ ਯੁੱਗ ਦੀ ਤੇਜ਼ ਹਨੇਰੀ ਨੇ ਮਾਲਵੇ ਦੇ ਲੋਕਾਂ ਦਾ ਮਸ਼ਹੂਰ ਪਹਿਰਾਵਾ ਰਹੇ ਚਾਦਰੇ ਦੇ ਵੀ ਲੜ ਫੂਕ ਧਰੇ ਹਨ। ਅੱਜ-ਕੱਲ੍ਹ ਕੋਈ ਵੀ ਮਲਵਈ ਤੇੜ ਚਾਦਰਾ ਨਹੀਂ ਸਜਾਉਂਦਾ। ਬਸ ਵਡੇਰੀ ਉਮਰ ਦੇ ਬਜ਼ੁਰਗਾਂ ਨੇ ਹੀ ਚਾਦਰੇ ਦੀ ਵਿਰਾਸਤ ਨੂੰ ਥੋੜ੍ਹਾ ਬਹੁਤ ਸੰਭਾਲਿਆ ਹੋਇਆ ਹੈ। ਅੱਜ-ਕੱਲ੍ਹ ਦੇ ਮੁੰਡਿਆਂ ਨੇ ਤਾਂ ਨਾ ਕਦੇ ਚਾਦਰੇ ਦੇਖੇ ਨੇ, ਨਾ ਕਦੇ ਖਰੀਦੇ ਨੇ ਅਤੇ ਨਾ ਹੀ ਮੁੰਡਿਆਂ ਨੂੰ ਚਾਦਰੇ ਬੰਨ੍ਹਣੇ ਆਉਂਦੇ ਨੇ। ਉਂਝ ਵੀ ਰਬੜ ਦੇ ਨਾਲੇ ਵਾਲੀਆਂ ਨਿੱਕਰਾਂ ਤੇ ਪਜਾਮੇ ਪਾਉਣ ਵਾਲੇ ਚਾਦਰੇ ਕਿੱਥੋਂ ਸੰਭਾਲ ਲੈਣਗੇ। ਸਮਾਂ ਹੀ ਅਜਿਹਾ ਆਇਆ ਹੈ ਕਿ ਵੇਖਾ ਵੇਖੀ ਜਵਾਨੀ ਵੇਲੇ ਢਿੰਗਰੀ ਦੀ ਸਿਉਣ ਵਾਲੇ ਲਟਕਵੇਂ ਚਾਦਰੇ ਬੰਨ੍ਹਣ ਵਾਲੇ ਵੀ ਪੈਂਟਾਂ ਪਾਉਣ ਲੱਗ ਪਏ ਹਨ। ਕਦੇ ਸਮਾਂ ਸੀ ਚਾਦਰੇ ਨੂੰ ਬੜੇ ਕੰਮ ਦੀ ਚੀਜ਼ ਮੰਨ ਕੇ ਮੁੱਖ ਪਹਿਰਾਵੇ ਵਜੋਂ ਮਾਨਤਾ ਮਿਲੀ ਹੋਈ ਸੀ। ਚਾਦਰਾ, ਵਿਆਹਾਂ ਸ਼ਾਦੀਆਂ ਦੀ ਟੌਹਰ ਹੁੰਦਾ ਸੀ। ਬਰਾਤਾਂ, ਅਖਾੜਿਆਂ ਤੇ ਮੇਲਿਆਂ ’ਚ ਇੱਕ ਰੰਗੇ ਚਾਦਰਿਆਂ ਵਾਲੇ ਗੱਭਰੂਆਂ ਦੀ ਵੱਖਰੀ ਟੌਹਰ ਹੁੰਦੀ ਸੀ। ਸੰਮਾਂ ਵਾਲੀਆਂ ਡਾਂਗਾਂ, ਤੁਰ੍ਹਲੇ ਵਾਲੀਆਂ ਪੱਗਾਂ ਤੇ ਧੂਵੇਂ ਚਾਦਰੇ ਖ਼ੁਸ਼ੀ ਦਾ ਸਿਖਰ ਹੋਇਆ ਕਰਦੇ ਸਨ। ਚਾਦਰਿਆਂ ਦੀ ਵੱਖਰੀ ਟੌਹਰ ਕਰਕੇ ਹੀ ਚਾਦਰੇ ਗੀਤਾਂ ਦੀ ਸ਼ਾਨ ਬਣੇ ਤੇ ਪੰਜਾਬ ਦੀਆਂ ਬੋਲੀਆਂ ਤੇ ਦੋਹਿਆਂ ’ਚ ਇਨ੍ਹਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ। ਚਾਦਰਾ ਜਿੱਥੇ ਗਿੱਧਾ ਦੇਖਣ ਵਾਲੀਆਂ ਬਨੇਰੇ ਸਜੀਆਂ ਮੁਟਿਆਰਾਂ ਨੂੰ ਧੁੱਪ ਨਹੀਂ ਸੀ ਲੱਗਣ ਦਿੰਦਾ ‘ਲੈ ਲੈ ਚਾਦਰਾ ਮੇਰਾ ਜੇ ਤੈਨੂੰ ਧੁੱਪ ਲਗਦੀ’, ਉÎੱਥੇ ਹੀ ਚਾਦਰਾ ਤਾਣ ਕੇ ਸੌਣ ਵਾਲਿਆਂ ਨੂੰ ਵੀ ਕਾਫ਼ੀ ਲਾਭ ਦਿੰਦਾ ਸੀ। ਚਾਦਰਾ ਕਦੇ ਬੰਦੇ ਅਤੇ ਮੱਛਰ ਦੇ ਰਸਤੇ ’ਚ ਦੀਵਾਰ ਬਣਦਾ ਤਾਂ ਕਦੇ ਉਹੀ ਚਾਦਰਾ ਭਿੱਜ ਕੇ ਤੱਤੀਆਂ ਲੋਆਂ ’ਚ ਵੀ ਮਨੁੱਖੀ ਸਰੀਰਾਂ ਨੂੰ ਠੰਢੀਆਂ ਹਵਾਵਾਂ ਦੇ ਬੁੱਲੇ ਦਿੰਦਾ। ਚਾਦਰਾ ਇਕੱਲਾ ਚਾਦਰਾ ਹੀ ਨਹੀਂ ਸੀ ਹੁੰਦਾ। ਇਹ ਕਦੇ ਬੁੱਕਲ ਦਾ ਕੰਮ ਦਿੰਦਾ ਖੇਸ ਬਣ ਜਾਂਦਾ ਤੇ ਕਦੇ ਪਿੰਡਾ ਪੂੰਝਣ ਦਾ ਕੰਮ ਦਿੰਦਾ ਤੌਲੀਆ ਬਣ ਜਾਂਦਾ। ਚਾਦਰਾ ਕਦੇ ਲੱਕ ਦੁਆਲੇ ਲਿਪਟ ਕੇ ਕਮਰਕੱਸਾ ਬਣ ਜਾਂਦਾ ਤੇ ਕਦੇ ਉਹੀ ਚਾਦਰਾ ਸਿਰ ’ਤੇ ਸਜ ਮੜਾਸਾ ਬਣ ਜਾਂਦਾ। ਚਾਦਰੇ ਕਿਸਾਨਾਂ ਦੀਆਂ ਪੰਡਾਂ ਵੀ ਬਣਦੇ ਰਹੇ ਤੇ ਚਾਦਰੇ ਕਿਸਾਨਾਂ ਦੀਆਂ ਝੋਲ਼ੀਆਂ ਵੀ। ਮਾਲਵਾ ਪੱਟੀ ਨਰਮਾ ਪੱਟੀ ਹ।ੈ ਇਸ ਲਈ ਇੱਧਰ ਦੇ ਕਿਸਾਨ ਪਰਿਵਾਰਾਂ ਨੂੰ ਨਰਮੇ-ਕਪਾਹ ਦੀ ਚੁਗਾਈ ਲਈ ਝੋਲੀ ਬੰਨ੍ਹਣ ਲਈ ਕੱਪੜੇ ਦੀ ਜ਼ਰੂਰਤ ਪੈਂਦੀ ਹੈ ਜਿਸ ਨੂੰ ਚਾਦਰਾ ਬਖ਼ੂਬੀ ਪੂਰੀ ਕਰਦਾ ਹੈ। ਚਾਦਰੇ ਦੀ ਵਰਤੋਂ ਕਿਸਾਨ ਖੇਤ ਬੰਨਿਓਂ ਸਬਜ਼ੀ, ਛੱਲੀਆਂ, ਚਿੱਬੜ, ਬੇਰ ਤੇ ਖੇਤਾਂ ’ਚ ਪੈਦਾ ਹੁੰਦੇ ਹੋਰ ਅਨੇਕ ਤਰ੍ਹਾਂ ਦੇ ਮੇਵੇ ਲੈ ਕੇ ਆਉਣ ਲਈ ਕਰਦੇ ਸਨ। ਸਾਫ਼ ਹੈ ਕਿ ਚਾਦਰਾ ਕਿਸਾਨਾਂ ਦਾ ਮਿੱਤਰ ਤੇ ਸਭ ਤੋਂ ਵੱਧ ਕੰਮ ਆਉਣ ਵਾਲਾ ਵਸਤਰ ਸੀ। ਭਾਵੇਂ ਸਮੇਂ ਦੇ ਬਦਲਾਉ ਕਰਕੇ ਬਹੁਤੇ ਕਿਸਾਨਾਂ ਨੇ ਵੀ ਚਾਦਰੇ ਉਤਾਰ ਪਜਾਮੇ ਤੇ ਜੀਨਾਂ ਪਾ ਲਈਆਂ ਹਨ ਪਰ ਚਾਦਰੇ ਦਾ ਮੁਕਾਬਲਾ ਮਹਿੰਗੀ ਤੋਂ ਮਹਿੰਗੀ ਜੀਨ ਵੀ ਨਹੀਂ ਕਰ ਸਕਦੀ। ਜ਼ੀਨਾਂ ਨਾ ਛਾਂ ਕਰਨ ਤੇ ਨਾ ਹੀ ਹੇਠਾਂ ਵਿਛਣ। ਇਹ ਨਿਖੁੱਟੇ ਪਹਿਰਾਵੇ ਮਹਿੰਗੇ ਵੀ ਬੜੇ ਨੇ। ਤਿੰਨ ਚਾਦਰਿਆਂ ਦੀ ਕੀਮਤ ਜਿੰਨੀ ਤਾਂ ਇੱਕ ਜੀਨ ਦੀ ਸਿਲਾਈ ਹੈ। ਚਾਦਰੇ ਜਿੱਥੇ ਸਿਉਣੇ ਸੌਖੇ ਸਨ, ਉੱਥੇ ਹੀ ਚਾਦਰੇ ਦੀ ਧੁਆ ਧੁਆਈ ਵੀ ਕਾਫ਼ੀ ਸੌਖਾ ਕੰਮ ਸੀ। ਬਹੁਤੀ ਵਾਰ ਤਾਂ ਮਰਦ ਖੇਤ ਬੰਨ੍ਹੇ ਹੀ ਚਾਦਰੇ ਨੂੰ ਧੋ ਸੰਵਾਰ ਲੈਂਦੇ ਸਨ। ਇਸ ਵੱਖਰੀ ਕਿਸਮ ਦੇ ਪਹਿਰਾਵੇ ਨੂੰ ਨਾ ਪ੍ਰੈੱਸ ਕਰਨ ਦੀ ਜ਼ਰੂਰਤ ਹੁੰਦੀ ਸੀ ਤੇ ਨਾ ਬਟਨ ਆਦਿ ਲਾਉਣ ਦੀ। ਚਾਦਰਾ ਪੁਰਾਣਾ ਹੋ ਕੇ ਫਟਣ ਸਮੇਂ ਜਾਂਦਾ-ਜਾਂਦਾ ਵੀ ਕੰਮ ਆ ਜਾਇਆ ਕਰਦਾ ਸੀ। ਬਜ਼ੁਰਗ ਔਰਤਾਂ ਚਾਦਰੇ ਦੇ ਚੰਗੇ ਭਾਗ (ਹਿੱਸੇ) ਵਿੱਚੋਂ ਬੱਚਿਆਂ ਦੀ ਨਿੱਕਰ ਦਾ ਕੱਪੜਾ ਕੱਢ ਲੈਂਦੀਆਂ ਸਨ। ਐਨੇ ਗੁਣ ਹੋਣ ਦੇ ਬਾਵਜੂਦ ਚਾਦਰੇ ਦਾ ਪਹਿਰਾਵੇ ਰੂਪ ’ਚੋਂ ਮਨਫ਼ੀ ਹੋ ਜਾਣਾ ਸਮਝ ਨਹੀਂ ਆ ਰਿਹਾ। ਉਂਜ ਚਾਦਰਾ ਤਿਆਗਣ ਵਾਲੇ ਇਸ ਦਾ ਸਭ ਤੋਂ ਵੱਡਾ ਕਾਰਨ ਵਿਗਿਆਨਕ ਵਸਤਾਂ ਨੂੰ ਮੰਨਦੇ ਹਨ। ਮੋਟਰ ਸਾਈਕਲ ਦੀ ਤੇਜ਼ ਰਫ਼ਤਾਰ ’ਚ ਚਾਦਰਾ ਸੰਭਾਲਣਾ ਔਖਾ ਹੈ। ਕਿਸਾਨੀ ਕੰਮਾਂ ’ਚ ਵਰਤੇ ਜਾ ਰਹੇ ਮਸ਼ੀਨੀ ਉਪਕਰਨਾਂ ’ਚ ਵੀ ਚਾਦਰਾ ਫਸਣ ਦੇ ਵੱਧ ਮੌਕੇ ਹਨ। ਅਸਲ ’ਚ ਤਾਂ ਸਾਈਕਲ ਦੀ ਚੈਨ ਨੇ ਹੀ ਚਾਦਰੇ ਦੇ ਖ਼ਾਤਮੇ ਦਾ ਮੁੱਢ ਬੰਨ੍ਹ ਦਿੱਤਾ ਸੀ। ਜਦੋਂ ਕੱਚੇ ਰਸਤਿਆਂ ਦੇ ਸਾਈਕਲ ਸਵਾਰਾਂ ਨੇ ਪਹਿਲੀ ਵਾਰ ਚੇਨ ’ਚ ਫਸੇ ਚਾਦਰੇ ਨੂੰ ਮੁਸ਼ਕਲ ਨਾਲ ਕੱਢ ਕੇ ਸ਼ਾਹਾਂ ਦੀ ਲਾਂਗੜ ਵਾਲੀ ਧੋਤੀ ਬਣਾ ਪਿੱਛੇ ਟੰਗਿਆ ਹੋਵੇਗਾ ਤਾਂ ਉਨ੍ਹਾਂ ਨੇ ਉਸੇ ਦਿਨ ਤੋਂ ਹੀ ਚਾਦਰੇ ਦਾ ਬਦਲ ਖੋਜਣਾ ਸ਼ੁਰੂ ਕਰ ਦਿੱਤਾ ਹੋਣੈ।
ਚਾਦਰੇ ਦੇ ਪਤਨ ਦਾ ਕਾਰਨ ਚਾਹੇ ਕੁਝ ਵੀ ਰਿਹਾ ਹੋਵੇ ਪਰ ਤਾਕਤਬੰਦ ਚਾਦਰਾ ਅਜੇ ਵੀ ਹਾਰ ਮੰਨਦਾ ਨਜ਼ਰ ਨਹੀਂ ਆ ਰਿਹਾ। ਐਨਾ ਕੁਝ ਹੋਣ ਦੇ ਬਾਵਜੂਦ ਚਾਦਰਾ ਪੰਜਾਬੀ ਗਾਇਕਾਂ ਦੀ ਪਛਾਣ ਅਤੇ ਪਹਿਲੀ ਪਸੰਦ ਹੈ। ਕਰੀਂ ਜੋ ਮਰਜ਼ੀ ਜਾਣ ਪਰ ਪੇਂਡੂ ਸਟੇਜਾਂ ’ਤੇ ਚਾਦਰਾ ਬੰਨ੍ਹੇ ਬਿਨਾਂ ਲਾਏ ਅਖਾੜੇ ਅੱਜ ਤਕ ਕਦੇ ਵੀ ਸਫ਼ਲ ਨਹੀਂ ਹੋਏ। ਸਟੇਜਾਂ ’ਤੇ ਪੈਂਦਾ ਭੰਗੜਾ ਅਤੇ ਮਲਵਈ ਗਿੱਧਾ ਅੱਜ ਵੀ ਚਾਦਰੇ ਬਿਨ੍ਹਾਂ ਅਧੂਰੇ ਨੇ।
ਚਾਦਰੇ ਦੇ ਪਤਨ ਦਾ ਕਾਰਨ ਚਾਹੇ ਕੁਝ ਵੀ ਰਿਹਾ ਹੋਵੇ ਪਰ ਤਾਕਤਬੰਦ ਚਾਦਰਾ ਅਜੇ ਵੀ ਹਾਰ ਮੰਨਦਾ ਨਜ਼ਰ ਨਹੀਂ ਆ ਰਿਹਾ। ਐਨਾ ਕੁਝ ਹੋਣ ਦੇ ਬਾਵਜੂਦ ਚਾਦਰਾ ਪੰਜਾਬੀ ਗਾਇਕਾਂ ਦੀ ਪਛਾਣ ਅਤੇ ਪਹਿਲੀ ਪਸੰਦ ਹੈ। ਕਰੀਂ ਜੋ ਮਰਜ਼ੀ ਜਾਣ ਪਰ ਪੇਂਡੂ ਸਟੇਜਾਂ ’ਤੇ ਚਾਦਰਾ ਬੰਨ੍ਹੇ ਬਿਨਾਂ ਲਾਏ ਅਖਾੜੇ ਅੱਜ ਤਕ ਕਦੇ ਵੀ ਸਫ਼ਲ ਨਹੀਂ ਹੋਏ। ਸਟੇਜਾਂ ’ਤੇ ਪੈਂਦਾ ਭੰਗੜਾ ਅਤੇ ਮਲਵਈ ਗਿੱਧਾ ਅੱਜ ਵੀ ਚਾਦਰੇ ਬਿਨ੍ਹਾਂ ਅਧੂਰੇ ਨੇ।

No comments:
Post a Comment