Monday, 16 September 2013

ਲੋਰੀਆਂ



ਲੋਰੀ, ਲੋਕ-ਗੀਤਾਂ ਦੀ ਇੱਕ ਪ੍ਰਮੁੱਖ ਵੰਨਗੀ ਹੈ। ਲੋਰੀ ਲੋਕ-ਕਾਵਿ ਰੂਪ ਭਾਵ ਲੋਰੀਆਂ ਉਨ੍ਹੀਆਂ ਹੀ ਪੁਰਾਣੀਆਂ ਹਨ, ਜਿੰਨਾ ਮਨੁੱਖੀ ਜੀਵਨ। ਮਨੁੱਖ ਜਾਤੀ ਦੀ ਉਤਪਤੀ ਦੇ ਨਾਲ ਹੀ ‘ਲੋਰੀ’ ਨੇ ਜਨਮ ਲਿਆ। ਇਹ ਉਹ ਮੌਕਾ ਸੀ, ਜਦੋਂ ਮਨੁੱਖੀ ਜੀਵ ਨੇ ਆਪਣੇ ਭਾਵਾਂ ਨੂੰ ਪ੍ਰਗਟਾਉਣ ਲਈ ਬੋਲੀ ਨੂੰ ਮਾਧਿਅਮ ਵਜੋਂ ਅਪਣਾਇਆ ਸੀ। ਜਦੋਂ ਬੱਚਾ ਰੋਂਦਾ, ਚੀਕਦਾ ਜਾਂ ਆਮ ਤੌਰ ’ਤੇ ਸਾਧਾਰਨ ਅਵਸਥਾ ਵਿੱਚ ਆਪਣੇ-ਆਪ ਨੂੰ ਨਾਖ਼ੁਸ਼ ਮਹਿਸੂਸ ਕਰਦਾ ਤਾਂ ਇਸ ਦਾ ਅਨੁਭਵ ਜਦੋਂ ਮਾਂ ਨੂੰ ਹੋ ਜਾਂਦਾ, ਉਹ ਉਸੇ ਵਕਤ ਬੱਚੇ ਨੂੰ ਆਪਣੀਆਂ ਬਾਂਹਾਂ ਵਿੱਚ ਲੈ ਕੇ ਆਪਣੇ ਸਹਿਜ ਸੁਭਾਵਕ ਉਗਮੇ ਉਚਾਰ-ਬੋਲ ਜਾਂ ਸੰਕੇਤ ਲਹਿਜ਼ੇ ਤੋਂ ਕੋਈ ਹੇਕ ਕੱਢਦੀ ਤੇ ਬੱਚਾ ਆਰਾਮ ਨਾਲ ਸੌਂ ਜਾਂਦਾ ਸੀ ਜਾਂ ਪਰਚ ਜਾਂਦਾ ਸੀ। ਇਹੋ ਸੁਰ, ਹੇਕ ਮੁਢਲੀ ਕਿਸਮ ਦੀ ਲੋਰੀ ਸੀ, ਜੋ ਅੱਜ ਤਕ ਦੁਨੀਆਂ ਭਰ ਦੇ ਹਰ ਕੋਨੇ ’ਚ ਮਨੁੱਖੀ ਜਾਤੀ ਵੱਲੋਂ ਨਵਜਾਤ, ਹੋਸ਼ ਸੰਭਾਲ ਰਹੇ ਜਾਂ ਜੋ ਤੁਰਨ ਦੀ ਅਵਸਥਾ ਵਿੱਚ ਬੱਚਿਆਂ ਨੂੰ ਪਿਆਰ ਵਜੋਂ ਦਿੱਤੀ ਜਾਂਦੀ ਹੈ ਅਤੇ ਦਿੱਤੀ ਜਾਂਦੀ ਰਹੇਗੀ।
ਲੋਰੀ ਦੀ ਮਿੱਠੀ ਰਸ-ਭਿੰਨੀ, ਪਿਆਰ ਪਰੁਚੀ ਅਤੇ ਹਿਰਦੇ ਵੇਦਕ ਸੁਰ ਹਮੇਸ਼ਾਂ ਸੰਬੋਧਨੀ ਰੂਪ ਵਿੱਚ ਉਚਾਰੀ ਜਾਂਦੀ ਹੈ। ਇਸ ਵਿੱਚ ਵਿਸ਼ੇਸ਼ ਪ੍ਰਕਾਰ ਦਾ ਲੋਰ ਹੁੰਦਾ ਹੈ। ‘ਲੋਰ’ ਤੋਂ ਭਾਵ ਦਿਲ ਵਿੱਚੋਂ ਉੱਠੀ ਲਹਿਰ, ਤਰੰਗ, ਚਾਅ, ਬਿਹਬਲਤਾ, ਸਰੂਰ ਜਿਹੀ ਪੂਰਨ ਝੋਕ ਤੋਂ ਲਿਆ ਜਾ ਸਕਦਾ ਹੈ। ਇਸ ਝੋਕ ਦੀ ਪ੍ਰਕਿਰਤੀ ਲਾਡਾਂ-ਚਾਵਾਂ, ਮਲ੍ਹਾਰਾਂ ਅਤੇ ਉਮੰਗਾਂ ਵਾਲੀ ਹੁੰਦੀ ਹੈ। ਇਸ ਵਿੱਚ ਛਲ-ਕਪਟ ਲਈ ਕੋਈ ਥਾਂ ਨਹੀਂ ਹੁੰਦੀ। ਬਸ ਪਿਆਰ ਹੀ ਪਿਆਰ ਅਤੇ ਦੁਲਾਰ ਹੀ ਦੁਲਾਰ ਹੁੰਦਾ ਹੈ। ਇਸ ਪ੍ਰਕਾਰ ਦੇ ਭਾਵਾਂ ਅਤੇ ਉਪਭਾਵਾਂ ਦੇ ਸੰਬੋਧਨ ਦਾ ਵਾਹਕ ਬੱਚੇ ਦੀ ਮਾਂ, ਵੱਡੀ ਭੈਣ, ਨਾਨੀ, ਦਾਦੀ, ਚਾਚੀ, ਤਾਈ, ਭੂਆ, ਮਾਸੀ, ਮਾਮੀ, ਆਂਢ-ਗੁਆਂਢ ਜਾਂ ਹੋਰ ਰਿਸ਼ਤੇਦਾਰੀਆਂ ’ਚੋਂ ਕੋਈ ਔਰਤ, ਕੁੜੀ ਜਾਂ ਖਿਡਾਵੀ ਆਦਿ ਕੋਈ ਵੀ ਹੋ ਸਕਦੀ ਹੈ। ਲੋਰੀਆਂ ਦੀ ਸ਼ਾਬਦਿਕ ਬਣਤਰ ਅਤੇ ਸਰੂਪ ’ਤੇ ਸਥਾਨਕ ਅਤੇ ਇਲਾਕਾਈ ਰੰਗਤ ਦਾ ਵਧੇਰੇ ਪ੍ਰਭਾਵ ਹੁੰਦਾ ਹੈ ਭਾਵ ਲੋਰੀਆਂ ਦਾ ਉਚਾਰਨ ਅਤੇ ਸੁਰ ਇਲਾਕੇ ਦੇ ਸੱਭਿਆਚਾਰ ਤੇ ਬੋਲੀ ਤੋਂ ਪ੍ਰਭਾਵਿਤ ਹੁੰਦਾ ਹੈ। ਇਹ ਪ੍ਰਵਿਰਤੀ ਬਿਲਕੁਲ ਉਸੇ ਤਰ੍ਹਾਂ ਸੰਮਿਲਤ ਹੁੰਦੀ ਹੈ, ਜਿਸ ਤਰ੍ਹਾਂ ਕਿਸੇ ਖੇਤਰ ਜਾਂ ਦੇਸ਼ ਦੇ ਸੱਭਿਆਚਾਰ ਵਿੱਚ ਹੋਰ  ਮਾਂਗਲਿਕ ਅਤੇ ਵਿਯੋਗਮਈ ਲੋਕ-ਕਾਵਿ ਰੂਪ ਅਭੇਦ ਹੋ ਗਏ ਹੋਏ ਹੁੰਦੇ ਹਨ। ਉਦਾਹਰਣ ਵਜੋਂ ਅਸੀਂ ਸੁਹਾਗ, ਘੋੜੀਆਂ, ਸਿੱਠਣੀਆਂ ਆਦਿ ਵੇਖ ਸਕਦੇ ਹਾਂ ਪਰ ਲੋਰੀ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇਹ ਹਮੇਸ਼ਾਂ ਛੋਟੇ ਬੱਚੇ ਨੂੰ ਦਿੱਤੀ ਜਾਂਦੀ ਹੈ। ਰੋਂਦੇ ਜਾਂ ਵਿਲਕਦੇ ਹੋਏ ਬੱਚੇ ਨੂੰ ਮਾਂ ਅਕਸਰ ਇਸ ਤਰ੍ਹਾਂ ਆਖਦੀ ਹੈ:
ਸੌਂ ਜਾ ਮੇਰੇ ਨਿੱਕੇ,
ਸੌਂ ਜਾ… ਆ…
ਸੁਹਣੇ ਕੱਪੜੇ ਪਾਵਾਂਗੇ,
ਨਾਨਕਿਆਂ ਨੂੰ ਜਾਵਾਂਗੇ,
ਖੀਰ ਪੂੜੇ ਖਾਵਾਂਗੇ,
ਮੋਟੇ ਹੋ ਕੇ ਆਵਾਂਗੇ,
ਸੌਂ ਜਾ… ਊਂ… ਊਂ, 
ਸੌਂ ਜਾ… ਊਂ…ਊਂ…
ਲੋਰੀ ਉਚਾਰਕਾਂ ਦੇ ਇਸ ਪ੍ਰਕਾਰ ਦੇ ਮਨੋਵੇਗਾਂ ਅਤੇ ਉਪਭਾਵਾਂ ਦਾ ਸੰਚਾਰ ਰੋਜ਼ਾਨਾ ਜੀਵਨ ਦੇ ਵੱਖ-ਵੱਖ ਪਲਾਂ ਅਤੇ ਰੁਝੇਵਿਆਂ ਵਿੱਚੋਂ ਆਪ ਹੁਦਰੇ ਹੀ ਹੋਈ ਜਾਂਦਾ ਹੈ। ਕਸੀਦਾ ਕੱਢਦੀ ਮੁਟਿਆਰ, ਆਟਾ ਗੁੰਨ੍ਹਦੀ ਸੁਆਣੀ, ਪੀਹਣ ਕਰਦੀ ਦਾਦੀ ਜਾਂ ਚੱਕੀ ਪੀਂਹਦੀ ਮਾਂ ਆਪਣੇ ਛੋਟੇ ਲਾਲ ਨੂੰ ਭਾਵੇਂ ਉਹ ਕਿਸੇ ਪੰਘੂੜੇ ਵਿੱਚ ਪਾਇਆ ਹੋਵੇ ਜਾਂ ਚਾਦਰ ਦੀ ਝਲੂੰਗੀ ਜਾਂ ਝੋਲੀ ਜੋ ਭਾਵੇਂ ਮੰਜੇ ਦੀ ਬਾਹੀ ਨਾਲ ਹੀ ਕਿਉਂ ਨਾ ਬੱਧੀ ਹੋਈ ਹੋਵੇ, ਉਸ ਨੂੰ ਹਲੂਣਾ ਦੇਈਂ ਜਾਂਦੀਆਂ ਤੇ ਲਾਡ-ਲਡਾਈ ਜਾਂਦੀਆਂ ਹਨ। ਇਸ ਨਾਲ ਘਰੇਲੂ ਲੋੜੀਂਦੇ ਕਾਰਜ ਵੀ ਹੋਈ ਜਾਂਦੇ ਹਨ। ਇਨ੍ਹਾਂ ਲਾਡਾਂ-ਚਾਵਾਂ ਨਾਲ ਵਰਾਉਣ-ਪਰਚਾਉਣ ਦੇ ਬੋਲ ਜਦੋਂ ਤਹਿ ਦਿਲੋਂ ਮਿੱਠੀ ਸੁਰ ਵਿੱਚ ਨਿਕਲ ਉੱਠਦੇ ਹਨ ਤਾਂ ਇਹੋ ਬੋਲ ਲੋਰੀ ਦਾ ਰੂਪ ਧਾਰ ਜਾਂਦੇ ਹਨ।
ਚੁੱਪ ਕਰ ਮੇਰੇ ਲਾਲ ਦੁਲਾਰੇ,
ਚੁੱਪ ਕਰ ਤੂੰ..ਊਂ… ਊਂ…
ਤੇਰਾ ਕੀ ਚੁੰਮਾਂ? ਤੇਰੇ ਹੱਥ ਚੁੰਮਾਂ…,
ਊਂ…ਊਂ…ਊਂ…
ਤੇਰਾ ਮੱਥਾ ਚੁੰਮਾਂ, 
ਚੁੰਮਾਂ ਤੇਰਾ ਮੂੰਹ, ਊਂ… ਊਂ…
ਹੋਰ ਤੇਰਾ ਕੀ ਚੁੰਮਾਂ?
ਚੁੰਮਾਂ ਤੇਰੀਆਂ ਅੱਖਾਂ, ਊਂ…ਊਂ…
ਇਸੇ ਤਰ੍ਹਾਂ, ਇਸੇ ਲੋਰ ’ਚ, ਗੱਲ੍ਹਾਂ, ਨੱਕ, ਠੋਡੀ, ਕੰਨ, ਮੋਢੇ, ਸਿਰ ਆਦਿ ਅੰਗਾਂ ਨੂੰ ਚੁੰਮਣ ਦੀ ਹੇਕ ਸੁਰਮਈ ਆਵਾਜ਼ ਵਿੱਚ ਸੁਣਦਾ-ਸੁਣਦਾ ਬੱਚਾ ਅਗੰਮੀ ਸਰੂਰ ’ਚ ਮਸਤ ਹੋ ਜਾਂਦਾ ਹੈ।
ਲੋਰੀ ਦੀ ਹੋਰ ਵਿਸ਼ੇਸ਼ ਗੱਲ ਇਹ ਹੈ ਕਿ ਇਸ ਵਿੱਚ ਸਹਿਜ ਸੁਭਾਵਿਕ ਤੌਰ ’ਤੇ ਸਾਡਾ ਸਮਾਜਿਕ, ਰਾਜਨੀਤਕ, ਆਰਥਿਕ ਅਤੇ ਭਾਈਚਾਰਕ ਵਰਤਾਰੇ ਦਾ ਸਕਿਰਿਆਤਮਕ ਰੂਪ/ਰੰਗ ਵੀ ਆ ਟਪਕਦਾ ਹੈ। ਲੈਣ-ਦੇਣ, ਰਿਸ਼ਤਾ-ਨਾਤਾ, ਪ੍ਰਾਪਤੀ-ਅਪ੍ਰਾਪਤੀ, ਪ੍ਰਗਤੀ-ਅਧੋਗਤੀ ਅਤੇ ਜੀਵਨ ਵਿੱਚ ਦਰਪੇਸ਼ ਹੋਰ ਕਈ ਤਰ੍ਹਾਂ ਦੀਆਂ ਸੰਗਤੀਆਂ-ਵਿਸੰਗਤੀਆਂ, ਮਾਣ-ਸਵੈਮਾਣ ਆਦਿ ਦਾ ਪ੍ਰਭਾਵ ਵੀ ਇਨ੍ਹਾਂ ਲੋਰੀ-ਗੀਤਾਂ ਵਿੱਚ ਸਹਿਜੇ ਆ ਹੀ ਜਾਂਦਾ ਹੈ। ਇੱਥੇ ਹੀ ਬਸ ਨਹੀਂ, ਪਸ਼ੂ-ਪੰਛੀਆਂ, ਰਾਜਿਆਂ-ਮਹਾਰਾਜਿਆਂ, ਪਿੰਡਾਂ, ਸ਼ਹਿਰਾਂ ਆਦਿ ਦਾ ਜ਼ਿਕਰ ਵੀ ਇਨ੍ਹਾਂ ਲੋਰੀਆਂ ਵਿੱਚ ਹੋਇਆ ਵੇਖਿਆ/ਸੁਣਿਆ/ਮਾਣਿਆ ਜਾ ਸਕਦਾ ਹੈ।
ਪੰਜਾਬੀ ਰਿਸ਼ਤੇਦਾਰੀ ਦੀ ਖਾਸੀਅਤ ਹੈ ਕਿ ਇਸ ਦੇ ਜੀਵਤ ਵਰਤਾਰੇ ਵਿੱਚ ਆਪਸੀ ਲੈਣ-ਦੇਣ, ਰਸਮਾਂ-ਰਿਵਾਜਾਂ ਜਾਂ ਹੋਰ ਸਮਾਜਿਕ ਸੱਭਿਆਚਾਰਕ ਚੱਜ-ਵਿਹਾਰ ਜਾਂ ਖ਼ੁਸ਼ੀ-ਗ਼ਮੀ ਦੇ ਮੌਕਿਆਂ ਸਮੇਂ ਖ਼ੂਬ ਆਸਾਂ ਵੀ ਰੱਖੀਆਂ ਜਾਂਦੀਆਂ ਹਨ ਅਤੇ ਕੌਲ-ਕਰਾਰ ਜਾਂ ਸਮਰੱਥਾ ਅਨੁਸਾਰ ਮੌਕਾ ਵੀ ਪੁਗਾਇਆ ਜਾਂਦਾ ਹੈ। ਇਸੇ ਪ੍ਰਸੰਗ ਵਿੱਚ ਨਵਜਾਤ ਜਾਂ ਛੋਟੀ ਉਮਰ ਤਕ ਦੇ ਖੇਡਦੇ-ਮਲਦੇ ਬੱਚੇ ਨੂੰ ਨਾਨਕਿਆਂ ਅਤੇ ਦਾਦਕਿਆਂ ਦੇ ਪੱਖ ਦੀਆਂ ਸਾਰੀਆਂ ਰਿਸ਼ਤੇਦਾਰੀਆਂ ਵੱਲੋਂ ਤੋਹਫ਼ੇ ਜੋ ਕਿ ਕੰਗਣ, ਕੜੇ, ਤੜਾਗੀ, ਝੱਗੇ, ਪਜਾਮੇ, ਪਟਕੇ, ਟੋਪੀ ਆਦਿ ਰੂਪ ’ਚ ਹੁੰਦੇ ਹਨ, ਦਿੱਤੇ ਜਾਂਦੇ ਹਨ। ਇਸ ਸਭ ਕਾਸੇ ਦਾ ਜ਼ਿਕਰ ਵੀ ਪੰਜਾਬਣ ਵੱਲੋਂ ਬੱਚੇ ਨੂੰ ਦਿੱਤੀ ਜਾਣ ਵਾਲੀ ਲੋਰੀ ’ਚ ਹੁੰਦਾ ਹੈ। ਭੂਆ, ਮਾਮੇ-ਮਾਮੀਆਂ, ਨਾਨੀ, ਦਾਦੀ, ਚਾਚੀਆਂ-ਤਾਈਆਂ ਆਦਿ ਵੱਲੋਂ ਜੋ ਬੱਚੇ ਨੂੰ ਦਿੱਤਾ ਜਾਂਦਾ ਹੈ, ਭਾਵੇਂ ਉਹ ਬੱਚੇ ਦੀ ਸੁਣਨ ਜਾਂ ਸਮਝਣ ਸ਼ਕਤੀ ਤੋਂ ਬਾਹਰ ਹੁੰਦਾ ਹੈ, ਵੀ ਕਹਿ ਕੇ ਜਾਂ ਗਾ ਕੇ ਲੋਕ-ਬੋਲਾਂ ’ਚ ਪ੍ਰਵਾਹਮਾਨ ਕਰ ਦਿੱਤਾ ਜਾਂਦਾ ਹੈ।
ਇਸੇ ਤਰ੍ਹਾਂ ਜਿੱਥੇ ਬੱਚੇ ਨੂੰ ਪਰਚਾਉਣ, ਸੁਲਾਉਣ ਅਤੇ ਖਿਡਾਉਣ ਦੀ ਸੁਰ ਲੋਰੀ ’ਚ ਪ੍ਰਮੁੱਖ ਹੁੰਦੀ ਹੈ, ਉÎੱਥੇ ਮਾਂ ਦੇ ਮਨ ਦੀ ਅਵਸਥਾ ਦਾ ਜ਼ਿਕਰ, ਤਣਾਓ-ਗ੍ਰਸਤ ਮਾਨਸਿਕਤਾ ਦਾ ਬਿਆਨ, ਬੱਚੇ ਦੇ ਪਿਤਾ ਲਈ ਉਪਭਾਵਮਈ ਉਡੀਕ, ਰੋਸਾ ਤੇ ਗਿਲਾ-ਸ਼ਿਕਵਾ ਵੀ ਵਿਆਪਕ ਹੁੰਦਾ ਹੈ। ਜਿਵੇਂ ਨਿਮਨਲਿਖਤ ਬੋਲਾਂ ’ਚ ਮਾਂ ਵਰਚਾ ਤਾਂ ਬੱਚੇ ਨੂੰ ਰਹੀ ਹੈ ਪਰ ਵਿਥਿਆ ਆਪਣੇ ਅੰਦਰੂਨੀ ਭਾਵਾਂ ਦੀ ਕਰ ਰਹੀ ਹੈ:
ਭੜੋਲਿਓਂ ਕੱਢਾਂ ਖੰਡ,
ਆਲ਼ਿਓਂ ਕੱਢਾਂ ਘਿਓ,
ਚੁੱਕ ਬਣਾਈਆਂ ਪਿੰਨੀਆਂ,
ਖਾਏ ਮੁੰਡੇ ਦਾ ਪਿਓ।
ਲਾਲ ਮੇਰੀ ਗੋਦੀ ਖੇਡੇ,
ਬਾਹਰੋਂ ਆਇਆ ਸੜਿਆ ਬਲਿਆ
ਸਿਰ ਵਿੱਚ ਲਾਉਂਦਾ ਦੋ।
ਮੁੰਡੇ ਨੂੰ ਕਿਉਂ ਰੁਸਾਇਆ?
ਮੁੰਡੇ ਨੂੰ ਕਿਉਂ ਭਖਾਇਆ?
ਲਾਲ ਮੇਰੀ ਗੋਦੀ ਖੇਡੇ…
ਮੇਰੀਆਂ ਚਾਰ ਨਣਾਨਾਂ,
ਮੁੰਡੇ ਨੂੰ ਕੋਈ ਨਾ ਫੜਦੀ
ਮੀਤੋ, ਸੀਤੋ, ਜੀਤੋ, ਕਰਮੀ,
ਆਖੇ ਕੋਈ ਨਾ ਲੱਗਦੀ।
ਲਾਲ ਮੇਰਾ ਗੋਦੀ ਖੇਡੇ,
ਇਨ੍ਹਾਂ ਲਾਲਾਂ ਨਾਲੋਂ 
ਮੈਨੂੰ ਕੀ ਚੰਗੇਰਾ?
ਵੇ ਇੱਕ ਪਲ ਸੌਂ ਜਾ ਕਾਕੇ,
ਵੇ ਇੱਕ ਪਲ ਸੌਂ ਜਾ ਕਾਕਾ…
ਵੇ ਮੈਂ ਆਪ ਕਲਪੀ, ਸੌਂ ਜਾ ਕਾਕਾ
ਵੇ…ਏ…ਏ…, ਊਂ…ਊਂ…
ਦੂਰ ਖੱਟਣ ਕਮਾਉਣ ਗਏ ਪਤੀ ਦੀ ਉਡੀਕ ਕਰਦੀ ਮੁਟਿਆਰ ਤਾਰੇ, ਖਿੱਤੀਆਂ ਵੇਖਦੀ ਹੋਈ ਵੀ ਬੱਚੇ ਨੂੰ ਲੋਰੀਆਂ ਦਿੰਦੀ ਹੈ ਤੇ ਬਹਾਨੇ ਨਾਲ ਯਾਦਾਂ ਦੇ ਗਹਿਰੇ ਸਾਗਰਾਂ ’ਚ ਤਾਰੀਆਂ ਲਾਉਂਦੀ ਰਹਿੰਦੀ ਹੈ। ਦਾਦੀਆਂ, ਫੁੱਫੀਆਂ, ਮਾਸੀਆਂ ਆਪੋ-ਆਪਣੇ ਲਹਿਜ਼ੇ ’ਚ ਬੱਚੇ ਨਾਲ ਨੇੜਤਾ ਜ਼ਾਹਰ ਕਰਦੀਆਂ ਰਹਿੰਦੀਆਂ ਹਨ। ਇੱਕ ਮਾਸੀ ਅਕਸਰ ਆਖਦੀ ਸੁਣੀ ਜਾ ਸਕਦੀ ਹੈ:
ਸੌਂ ਜਾ ਕਾਕੇ ਤੂੰ,
ਤੇਰੇ ਬੋਦੇ ਲੜ ਗਈ ਜੂੰ,
ਕੱਢਣ ਵਾਲੀਆਂ ਮਾਸੀਆਂ,
ਵੇ ਕਢਾਉਣ ਵਾਲਾ ਤੂੰ,
ਊਂ… ਊਂ… ਊਂ…।
ਲੋਰੀਆਂ ਬੱਚੇ ਨੂੰ ਪੰਘੂੜੇ, ਝੋਲੀ  ਭਾਵ ਝਲੂੰਗੀ ਵਿੱਚ ਵੀ ਦਿੱਤੀਆਂ ਜਾਂਦੀਆਂ ਹਨ ਪਰ ਇਸ ਢੰਗ-ਤਰੀਕੇ ਤੋਂ ਇਲਾਵਾ ਹੋਰ ਵੀ ਕਈ ਵਿਧੀਆਂ ਹਨ, ਜਿਵੇਂ ਬੱਚੇ ਨੂੰ ਬਾਂਹਾਂ ਵਿੱਚ ਲੈ ਕੇ, ਮੋਢੇ ’ਤੇ ਲਾ ਕੇ, ਆਪਣੇ ਪਿੰਡੇ ਦੇ ਪਿੱਛੇ ਲਟਕਾਅ ਕੇ-ਜਿਸ ’ਚ ਉਸ ਦੀਆਂ ਬਾਂਹਾਂ ਆਪਣੀ ਧੌਣ ਦੁਆਲੇ ਪਾ ਕੇ ਫੜੀਆਂ ਜਾਂਦੀਆਂ ਹਨ, ਤੋਂ ਇਲਾਵਾ ਗੋਡਿਆਂ ਅਤੇ ਪੈਰਾਂ ਉÎੱਤੇ ਪਾ ਕੇ (ਲਿਟਾ ਕੇ), ਗੋਡਿਆਂ ਅਤੇ ਪੈਰਾਂ ਨੂੰ ਉੱਪਰ-ਥੱਲੇ ਚੁੱਕ ਕੇ ਜਾਂ ਝੁਕਾਅ ਕੇ ਵੀ ਲੋਰੀਆਂ ਦਿੱਤੀਆਂ ਜਾਂਦੀਆਂ ਹਨ। ਇਸ ਪ੍ਰਕਾਰ ਦੀਆਂ ਲੋਰੀਆਂ ਵਿੱਚ ਪੰਘੂੜੇ ਦੀ ਨਿਸਬਤ ਬੱਚੇ ਨੂੰ ਸਰੀਰਕ ਛੂਹ ਪ੍ਰਾਪਤ ਹੁੰਦੀ ਹੈ ਅਤੇ ਨਾਲ-ਨਾਲ ਬੱਚੇ ਨੂੰ ਹੂਟੇ ਵੀ ਮਿਲਦੇ ਹਨ ਅਤੇ ਸੁਰਮਈ ਆਵਾਜ਼ ਵੀ ਸੁਣਨ ਨੂੰ ਮਿਲਦੀ ਹੈ। ਇਸ ਸਮੇਂ ਬੱਚੇ ਦੀਆਂ ਕਿਲਕਾਰੀਆਂ ਵੀ ਕੱਢੀਆਂ ਜਾਂਦੀਆਂ ਹਨ, ਸਿੱਟੇ ਵਜੋਂ ਬੱਚਾ ਛੇਤੀ ਪਰਚ ਜਾਂਦਾ ਹੈ, ਹੱਸਦਾ ਵੀ ਹੈ, ਖੇਡਣ ਵੀ ਲੱਗ ਜਾਂਦਾ ਹੈ ਜਾਂ ਜਲਦੀ ਸੌਂ ਵੀ ਜਾਂਦਾ ਹੈ, ਜਿਵੇਂ:
ਝੂਟੇ-ਮਾਟੇ, ਖੰਡ ਘਿਓ ਖਾ ਕੇ,
ਝੂਟੇ-ਮਾਟੇ, ਅੰਬ ਪੱਕੇ ਖ਼ਰਬੂਜ਼ੇ,
ਪੱਕੇ ਪੱਕੇ ਨੈਵੀ ਦੇ,
ਕੱਚੇ ਕੱਚੇ ਲੋਕਾਂ ਦੇ,
ਮਾਈਓ! ਬੀਬੀਓ!!
ਭਾਂਡੇ ਟੀਂਡੇ ਸਾਂਭ ਲਵੋ,
ਨੈਵੀ ਦੀ ਗੱਡੀ ਆਈ ਜੇ…
ਲੋਰੀਆਂ ਵਿੱਚੋਂ ਸਮਾਜਿਕ ਅਤੇ ਧਾਰਮਿਕ ਰੰਗਤ ਵੀ ਪ੍ਰਤੱਖ ਉਦੈਮਾਨ ਹੁੰਦੀ ਹੈ। ਉਦਾਹਰਣ ਵਜੋਂ:
ਸਤਿਨਾਮ ਵਾਹਿਗੁਰੂ,
ਊਂ… ਊਂ…. ਊਂ…
ਸੱਚੇ ਪਾਤਸ਼ਾਹ ਜੀਓ…ਓ…,
ਮੇਰਾ ਨਿੱਕੜਾ ਨਾ ਰੋਵੇ…ਏ…
ਤੈਨੂੰ ਰੱਬ ਦੀਆਂ ਰੱਖਾਂ!
ਊਂ…ਊਂ… 
ਤੇਰਾ ਵਾਹਿਗੁਰੂ ਸਹਾਈ…
ਊਂ…ਊਂ…ਊਂ…
ਕੁੱਲ ਮਿਲਾ ਕੇ ਲੋਰੀਆਂ ਪੰਜਾਬੀ ਸੱਭਿਆਚਾਰ ਅਤੇ ਲੋਕ ਰੰਗਤ ਵਾਲੀ ਜੀਵਨ ਸ਼ੈਲੀ ਦਾ ਮਹੱਤਵਪੂਰਨ ਅੰਗ ਹਨ ਪਰ ਅਫ਼ਸੋਸ ਇਹ ਪ੍ਰਵਿਰਤੀ ਅੱਜ ਦੀਆਂ ਮਾਵਾਂ, ਭੂਆਂ, ਮਾਸੀਆਂ, ਮਾਮੀਆਂ, ਖਿਡਾਵੀਆਂ ਕੋਲੋਂ ਹੌਲੀ-ਹੌਲੀ ਵਿੱਸਰਦੀ ਜਾਂਦੀ ਪ੍ਰਤੀਤ ਹੋ ਰਹੀ ਹੈ। ਕਾਰਨ ਕਈ ਹਨ-ਮਸ਼ੀਨੀਕਰਨ, ਖਪਤਕਾਰੀ ਰੁਚੀ, ਗਿਆਨ-ਵਿਗਿਆਨ ਦੀਆਂ ਮਿਲੀਆਂ ਸਹੂਲਤਾਂ ਆਦਿ ਪਰ ਸੰਭਲਣ ਦੀ ਜ਼ਰੂਰਤ ਹੈ। ਪੰਜਾਬੀ ਸੱਭਿਆਚਾਰਕ ਮੁੱਲ-ਵਿਧਾਨ ਬੜਾ ਸਹਿਜ, ਸਰਲ ਅਤੇ ਸਪਸ਼ਟ ਹੈ ਅਤੇ ਦੇਸ਼ਾਂ-ਵਿਦੇਸ਼ਾਂ ’ਚ ਇਸ ਨੂੰ ਅਪਨਾਉਣਾ ਔਖਾ ਨਹੀਂ। ਜੇ ਪੰਜਾਬੀ ਲੋਕ ਆਪਣੀ ਰਹਿਤਲ ਨੂੰ ਪਛਾਣ ਕੇ, ਇਸ ਦੀ ਹੋਂਦ-ਸਥਿਤੀ ਨੂੰ ਸਥਾਪਤ ਰੱਖਣਾ ਚਾਹੁੰਦੇ ਹਨ ਤਾਂ ਲੋਰੀਆਂ ਜਿਹੇ ਕਾਵਿ-ਰੂਪ ਨੂੰ ਭੁੱਲਣਾ ਨਹੀਂ ਚਾਹੀਦਾ। ਕਿੰਨੀ ਸਾਧਾਰਨਤਾ, ਕਿੰਨੀ ਆਰਥਿਕ ਨੀਵੀਂ ਪੱਧਰ ’ਤੇ ਪਰ ਸੁਰਖਰੂ ਅਵਸਥਾ ’ਚ ਮੁੱਢ-ਕਦੀਮੀਂ ਆਸਾਂ ਦੀ ਪੂਰਤੀ ਹਿੱਤ ਬੋਲ ਬੋਲੇ ਗਏ ਸਨ, ਜੋ ਚੇਤੇ ਰੱਖਣ ਯੋਗ ਹਨ:
ਅੱਲ੍ਹੜ ਬੱਲ੍ਹੜ ਬਾਵੇ ਦਾ,
ਬਾਵਾ ਕਣਕ ਲਿਆਵੇਗਾ,
ਬੇਬੇ ਬਹਿ ਕੇ ਛੱਟੇਗੀ,
ਖ਼ਰਾਸੋਂ ਕਣਕ ਪਿਹਾਵਾਂਗੇ,
ਆਟਾ ਘਰ ਲਿਆਵਾਂਗੇ,
ਬਾਵੀ ਮੰਨ ਪਕਾਵੇਗੀ,
ਬਾਵਾ ਬਹਿ ਕੇ ਖਾਵੇਗਾ।
ਤੇ ਵੱਡਾ ਹੋ ਕੇ,
ਸੋਹਣੀ ਵਹੁਟੀ ਲਿਆਵੇਗਾ।
ਖੇਡੇਗਾ ਤੇ ਮੱਲੇਗਾ,
ਊਂ… ਊਂ… ਊਂ… 
ਵਾ… ਵਾ… ਓ… ਓ…!
ਸ਼ਾਲਾ! ਲੋਰੀਆਂ ਤੇ ਪੰਜਾਬੀਅਤ ਦੀ ਪਛਾਣ ਜਿਉਂਦੀ ਰਹੇ।

-ਡਾ. ਜਗੀਰ ਸਿੰਘ ਨੂਰ
* ਮੋਬਾਈਲ:98142-09732


No comments:

Post a Comment