Thursday, 19 September 2013

ਰਾਜਸਥਾਨ ਦਾ ਹਵਾ ਮਹਿਲ



ਹਵਾ ਮਹਿਲ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਸਥਿਤ ਇੱਕ ਇਮਾਰਤ ਹੈ। ਇਹ ਰਾਜਸਥਾਨ ਦੀ ਬਹੁਤ ਪ੍ਰਸਿੱਧ ਇਮਾਰਤ ਹੈ। ਇਸ ਅਨੋਖੀ ਅਤੇ ਵਿਸ਼ਾਲ ਇਮਾਰਤ ਨੂੰ ਸੰਨ 1799 ਵਿੱਚ ਜੈਪੁਰ ਦੇ ਰਾਜਾ ਪ੍ਰਤਾਪ ਸਿੰਘ ਨੇ ਬਣਵਾਇਆ ਸੀ। ਹਵਾ ਮਹਿਲ ਦੀ ਇਮਾਰਤ ਬੁਰਜਾਂ ਅਤੇ ਪਿੱਲਰਾਂ ਉੱਤੇ ਹੀ ਖੜ੍ਹੀ ਹੈ। ਇਸ ਵਿੱਚ 365 ਝਰੋਖੇ ਅਤੇ ਖਿੜਕੀਆਂ ਹਨ। ਇਸ ਵਿਸ਼ਾਲ ਇਮਾਰਤ ਵਿੱਚੋਂ ਰਾਜਸਥਾਨੀ ਅਤੇ ਫ਼ਾਰਸੀ ਰਵਾਇਤਾਂ ਦੀ ਝਲਕ ਦਿਖਾਈ ਦਿੰਦੀ ਹੈ। ਇਸ ਅੰਦਰ ਹਵਾ ਦਾ ਖ਼ਾਸ ਪ੍ਰਬੰਧ ਹੈ। ਇਸ ਕਰਕੇ ਹੀ ਇਸ ਦਾ ਨਾਂ ਹਵਾ ਮਹਿਲ ਰੱਖਿਆ ਹੋਇਆ ਹੈ। ਇਸ ਦੇ ਚਾਰੇ ਪਾਸੇ ਵੱਡੇ-ਵੱਡੇ ਦਰਵਾਜ਼ੇ ਬਣੇ ਹੋਏ ਹਨ ਜੋ ਮੁੱਖ ਸੜਕ ’ਤੇ ਹੀ ਖੁੱਲ੍ਹਦੇ ਹਨ। ਬਹੁਤੇ ਸੈਲਾਨੀ ਤਾਂ ਇਸ ਨੂੰ ਸੜਕ ਤੋਂ ਹੀ ਦੇਖ ਕੇ ਚਲੇ ਜਾਂਦੇ ਹਨ ਪਰ ਇਸ ਦੇ ਅੰਦਰ ਬਹੁਤ ਕੁਝ ਦੇਖਣ ਵਾਲਾ ਹੈ।
ਹਵਾ ਮਹਿਲ ਅੰਦਰ ਇੱਕ ਬਹੁਤ ਵੱਡੀ ਲਾਇਬਰੇਰੀ ਅਤੇ ਇੱਕ ਵੱਡਾ ਅਜਾਇਬਘਰ ਬਣਿਆ ਹੋਇਆ ਹੈ। ਇਸ ਵਿੱਚ ਦੋ ਵੱਡੇ-ਵੱਡੇ ਚੌਕ ਵੀ ਹਨ। ਇੱਕ ਚੌਕ ਵਿੱਚ ਤਾਂ ਇੱਕ ਹੋਰ ਵੀ ਚੌਕ ਹੈ, ਜਿੱਥੇ ਬਹੁਤ ਸਾਰੀਆਂ ਪੁਰਾਣੀਆਂ ਮੂਰਤੀਆਂ ਅਤੇ ਸ਼ਾਹੀ ਘਰਾਣਿਆਂ ਦਾ ਸਾਮਾਨ ਪਿਆ ਹੈ।
ਪੁਰਾਣੇ ਰਾਜ ਘਰਾਣਿਆਂ ਦੇ ਚਿੰਨ੍ਹ ਵੀ ਉਸੇ ਤਰ੍ਹਾਂ ਹੀ ਸੰਭਾਲ ਕੇ ਰੱਖੇ ਹੋਏ ਹਨ। ਜਿਸ ਕਮਰੇ ਵਿੱਚ ਰਾਜੇ ਜਾਂ ਰਾਜਿਆਂ ਦੇ ਬੱਚੇ ਪੜ੍ਹਦੇ ਸਨ, ਉਹ ਕਮਰਾ ਉਸੇ ਤਰ੍ਹਾਂ ਹੀ ਸਜਾਇਆ ਹੋਇਆ ਹੈ। ਇੱਕ ਮੰਦਰ ਵੀ ਅੰਦਰ ਬਣਿਆ ਹੋਇਆ ਹੈ, ਜਿਸ ਅੰਦਰ ਰਾਜਾ ਜੈ ਸਿੰਘ ਤੇ ਜੈਪੁਰ ਦੇ ਕਛਵਾਹਾ ਰਾਜ ਦੇ ਰਾਜਿਆਂ ਅਤੇ ਕੁਝ ਹੋਰ ਨਾਮੀਂ ਰਾਜਿਆਂ ਦੇ ਚਿੱਤਰ ਰੱਖੇ ਹੋਏ ਹਨ। ਇਨ੍ਹਾਂ ਤੋਂ ਇਲਾਵਾ ਇਸ ਇਮਾਰਤ ਦੀ ਖੁਦਾਈ ਸਮੇਂ ਨਿਕਲੇ ਸਿੱਕੇ, ਪੱਥਰ, ਤਾਂਬੇ ਦੇ ਔਜ਼ਾਰ ਅਤੇ ਅਨੇਕਾਂ ਕਿਸਮ ਦੇ ਹੋਰ ਸ਼ਸਤਰ    ਅਤੇ ਇਤਿਹਾਸਕ ਵਸਤਾਂ ਵੀ ਇੱਥੇ ਪਈਆਂ ਹਨ।
ਹਵਾ ਮਹਿਲ ਦਾ ਪੂਰਬੀ ਹਿੱਸਾ ਮੁੱਖ ਭਵਨ ਕਹਿਲਾਉਂਦਾ ਹੈ। ਇਸ ਭਵਨ ਦੀਆਂ ਪੰਜ ਮੰਜ਼ਿਲਾਂ ਸ਼ਰਦ ਮੰਦਰ, ਹਵਾ ਮੰਦਰ, ਵਚਿੱਤਰ ਮੰਦਰ, ਪ੍ਰਕਾਸ਼ ਮੰਦਰ, ਰਤਨ ਮੰਦਰ ਆਦਿ ਹਨ। ਇਸ ਭਵਨ ਵਿੱਚ ਹਵਾ ਦੇ ਨਾਲ-ਨਾਲ ਚੰਦ ਦੀ ਰੋਸ਼ਨੀ ਦਾ ਵੀ ਖ਼ਾਸ ਪ੍ਰਬੰਧ ਹੈ ਕਿਉਂਕਿ ਉਸ ਸਮੇਂ ਬਿਜਲੀ ਦਾ ਪ੍ਰਬੰਧ ਨਹੀਂ ਸੀ ਤੇ ਨਾ ਹੀ ਪੱਖੇ ਹੁੰਦੇ ਸਨ। ਇਸ ਕਰਕੇ ਉਸ ਸਮੇਂ ਇਮਾਰਤ ਬਣਾਉਂਦਿਆਂ ਇਨ੍ਹਾਂ ਚੀਜ਼ਾਂ ਦਾ ਸਭ ਤੋਂ ਪਹਿਲਾਂ ਧਿਆਨ ਰੱਖਿਆ ਜਾਂਦਾ ਸੀ।
ਰਾਜਸਥਾਨ ਨੂੰ ਸ਼ੌਹਰਤ ਦਿਵਾਉਣ ਵਾਲੀ ਇਸ ਇਮਾਰਤ ਦਾ ਉਪਰਲਾ ਹਿੱਸਾ ਪਿੱਲਰਾਂ ਸਹਾਰੇ ਪਿਰਾਮਿਡ ਦੇ ਆਕਾਰ ਨਾਲ ਸਿਮਟਿਆ ਹੋਇਆ ਹੈ। ਇਸ ਨਾਲ ਇਹ ਹੋਰ ਵੀ ਖ਼ੂਬਸੂਰਤ ਲੱਗਦਾ ਹੈ। ਗੁਲਾਬੀ ਸ਼ਹਿਰ ਨਾਲ ਜਾਣੇ ਜਾਂਦੇ ਇਸ ਸ਼ਹਿਰ ਦੇ ਲੋਕ   ਹਵਾ ਮਹਿਲ ਨੂੰ ਆਪਣੀ ਸ਼ਾਨ ਸਮਝਦੇ ਹਨ।
ਜੈਪੁਰ ਦਾ ਹਵਾ ਮਹਿਲ ‘ਬੜੀ ਚੌਪਟ’ ਸੜਕ ’ਤੇ ਸਥਿਤ ਹੈ। ਇਸ ਇਮਾਰਤ ਦੇ ਦੋ ਮੁੱਖ ਦੁਆਰ ਚੰਦਰਪੋਲ ਤੇ ਅਨੰਦਪੋਲ ਹਨ। ਅਨੰਦਪੋਲ ਦੇ ਦੁਆਰ ਦੇ ਉਪਰ ਗਣੇਸ਼ ਜੀ ਦੀ ਮੂਰਤੀ ਬਣੀ ਹੋਈ ਹੈ। ਇਸ ਲਈ ਉਸ ਨੂੰ ਗਣੇਸ਼ਪੋਲ ਵੀ ਕਿਹਾ ਜਾਂਦਾ ਹੈ।

ਅਮਰਜੀਤ ਚੰਦਰ

No comments:

Post a Comment