Thursday, 19 September 2013

ਪੰਜਾਬੀ ਨਾਲ ਵਿਤਕਰੇ ਦੀ ਦਾਸਤਾਨ ---


 

ਹਾਲ ਹੀ ਵਿਚ ਦਿੱਲੀ ਯੂਨੀਵਰਸਿਟੀ ਵੱਲੋਂ ਪੰਜਾਬੀ ਦੇ ਵਿਰੋਧ ਵਿਚ ਕੁਝ ਨੀਤੀਆਂ ਲਾਗੂ ਕਰਨ ਦਾ ਫ਼ੈਸਲਾ ਸੁਣਨ ਵਿਚ ਆਇਆ ਹੈ ਜਿਸਦਾ ਪੰਜਾਬੀ ਹਿਤੈਸ਼ੀਆਂ ਤੇ ਮਾਂ ਬੋਲੀ ਨਾਲ ਤੇਹ ਰੱਖਣ ਵਾਲੇ ਵਿਅਕਤੀਆਂ ਤੇ ਅਦਾਰਿਆਂ ਨੇ ਵਿਰੋਧ ਵੀ ਕੀਤਾ ਹੈ। ਨਿਰਸੰਦੇਹ ਅਜਿਹਾ ਫ਼ੈਸਲਾ ਕੋਈ ਨਵਾਂ ਨਹੀਂ ਤੇ ਨਾ ਇਹ ਕੋਈ ਹੈਰਾਨ ਕਰ ਦੇਣ ਵਾਲੀ ਗੱਲ ਹੈ। ਦੁਨੀਆ ਦੇ ਨਕਸ਼ੇ ਉੱਤੇ ਸ਼ਾਇਦ ਪੰਜਾਬੀ ਹੀ ਵਾਹਦ ਇਕ ਐਸੀ ਜ਼ੁਬਾਨ ਹੈ ਜਿਸ ਉੱਪਰ ਸਮੇਂ ਸਮੇਂ ਸਿਰ ਕੁਹਾੜਾ ਚੱਲਦਾ ਹੀ ਰਿਹਾ ਹੈ। ਭਾਸ਼ਾ ਵਿਗਿਆਨੀ ਇਸ ਭਾਸ਼ਾ ਦੀ ਪੁਰਾਤਨਤਾ ਦੇ ਜਿੰਨੇ ਮਰਜ਼ੀ ਸਬੂਤ ਪੇਸ਼ ਕਰਦੇ ਰਹਿਣਇਸਨੂੰ ਜਿੰਨਾ ਮਰਜ਼ੀ ਨਾਥਾਂ ਜੋਗੀਆਂਸੂਫ਼ੀ ਫ਼ਕੀਰਾਂ,ਗੁਰੂਆਂ ਪੀਰਾਂ ਦੇ ਮਿੱਠੇ ਕੋਮਲ ਕਲਾਮ ਨਾਲ ਵਰੋਸਾਈ ਬੋਲੀ ਦਾ ਰੁਤਬਾ ਦਿੰਦੇ ਰਹਿਣ ਜਾਂ ਇਸ ਗੱਲ ਦੀ ਚਰਚਾ ਬੇਸ਼ਕ ਹੁੰਦੀ ਰਹੇ ਕਿ ਪੰਜਾਬੀ ਉੱਤਰੀ ਭਾਰਤ ਦੀ ਇਕ ਸਿਰ ਕੱਢਵੀਂ ਬੋਲੀ ਹੈ ਜਿਸਨੇ ਸਦੀਆਂ ਤੋਂ ਇੱਥੋਂ ਦੇ ਅਵਾਮ ਦੇ ਮਨ ਦੀ ਤਰਜਮਾਨੀ ਕੀਤੀ ਹੈ ਤੇ ਇੱਥੇ ਇਕ ਨਿਵੇਕਲਾ ਲੋਕਧਾਰਾਈ ਆਧਾਰ ਵੀ ਕਾਇਮ ਕੀਤਾ ਪਰ ਬਾਵਜੂਦ ਇਸਦੇ ਇੱਥੇ ਇਕ ਧਿਰ ਹਮੇਸ਼ਾ ਮੌਜੂਦ ਰਹੀ ਜਿਸਨੇ 'ਮੈਂ ਨਾ ਮਾਨੂੰਦੀ ਰਟ ਵੀ ਨਿਰੰਤਰ ਲਾਈ। ਇਸਨੇ ਪੰਜਾਬੀ ਭਾਸ਼ਾ ਦੀ ਪ੍ਰਮਾਣਿਕਤਾ ਨੂੰ ਦਰਸਾਉਂਦੇ ਤਮਾਮ ਵਿਗਿਆਨਕਭਾਸ਼ਾਈ ਤੇ ਤਰਕ ਆਧਾਰਿਤ ਨੁਕਤਿਆਂ ਦਾ ਖੰਡਨ ਕੀਤਾ ਤੇ ਇਸ ਨੂੰ ਹਰ ਹੀਲੇ ਰੱਦ ਕਰਨ ਦੀਆਂ ਸਾਜ਼ਿਸ਼ਾਂ ਵਿਚ ਭਰਪੂਰ ਹਿੱਸੇਦਾਰੀ ਪਾਈ।

ਬਚਪਨ ਵਿਚ ਪਾਠ ਪੁਸਤਕਾਂ ਵਿਚ ਪੜ੍ਹੀ ਇਕ ਸਿੱਧੜ ਬੰਦੇ ਦੀ ਕਹਾਣੀ ਮੈਨੂੰ ਪੰਜਾਬੀ ਬੰਦੇ ਦੀ ਮਾਨਸਿਕਤਾ ਨਾਲ ਇੰਨ ਬਿੰਨ ਜੁੜਦੀ ਲੱਗਦੀ ਹੈ ਜੋ ਇਕ ਲੇਲਾ ਲੈ ਕੇ ਜਾ ਰਿਹਾ ਸੀ ਤੇ ਰਸਤੇ ਵਿਚ ਮਿਲਦੇ ਸ਼ਾਤਰ ਬੰਦੇ ਉਸਨੂੰ ਇਹ ਮਨਾਉਣ ਵਿਚ ਕਾਮਯਾਬ ਹੋ ਜਾਂਦੇ ਨੇ ਕਿ ਉਹ ਲੇਲਾ ਨਹੀਂ ਬਲਕਿ ਇਕ ਕੁੱਤਾ ਹੈ। ਕੁਝ ਇਓਂ ਹੀ ਸਮਝਦਿਆਂ ਜਾਣਦਿਆਂ ਵੀ ਪੰਜਾਬੀ ਵਿਰੋਧੀ ਸ਼ਾਤਰ ਲੋਕਾਂ ਦਾ ਇਹ ਕਥਨ ਕਿ ਪੰਜਾਬੀ ਅਨਪੜ੍ਹ ਜਾਹਲ ਲੋਕਾਂ ਦੀ ਜ਼ੁਬਾਨ ਹੈ
ਇਹ ਵਿੱਦਿਆ ਦਾ ਮਾਧਿਅਮ ਨਹੀਂ ਹੋ ਸਕਦਾਇਸਦੇ ਨਾਲ ਕਿਸੇ ਦਾ ਭਵਿੱਖ ਨਹੀਂ ਜੁੜਿਆ, ਇਸਨੂੰ ਘਰਾਂਸਕੂਲਾਂਦਫ਼ਤਰਾਂ ਤੇ ਹੋਰ ਸਰਵਜਨਕ ਥਾਵਾਂ ਤੋਂ ਬੇਦਖ਼ਲ ਕਰਨਾ ਚਾਹੀਦਾ ਹੈ, ਨੂੰ ਸਮੇਂ ਦੇ ਬੀਤਣ ਦੇ ਨਾਲ ਨਾਲ ਪੰਜਾਬੀਆਂ ਦੀ ਮਾਨਸਿਕਤਾ ਸਵੀਕਾਰ ਕਰਦੀ ਨਜ਼ਰ ਆ ਰਹੀ ਹੈ। ਉੱਪਰੋਂ ਯੁਨੈਸਕੋ ਨੇ ਪੰਜਾਬੀਆਂ ਦਾ ਮਨੋਬਲ ਹੋਰ ਡੇਗ ਦਿੱਤਾ ਕਿ ਇਹ ਭਾਸ਼ਾ ਆਉਣ ਵਾਲੇ ਪੰਜ ਕੁ ਦਹਾਕਿਆਂ ਦੀ ਮਹਿਮਾਨ ਹੈ। ਇਹ ਕਿਆਫ਼ਾ ਭਾਰਤ ਦੀਆਂ ਹੋਰ ਸੂਬਾਈ ਭਾਸ਼ਾਵਾਂ 'ਤੇ ਕਿਉਂ ਨਹੀਂ ਲਾਇਆ ਗਿਆਸਾਡੇ ਬੰਗਾਲੀਤਾਮਿਲਤੈਲਗੂ,ਕੰਨੜਮਲਿਆਲੀ ਜਾਂ ਉੜੀਆ ਭਰਾ ਕਿਉਂ ਨਹੀਂ ਸਾਡੇ ਵਾਂਗ ਅੱਜ ਅਜਿਹੀ ਚਿੰਤਾ ਦੀ ਸੋਚ ਵਿਚ ਡੁੱਬੇ ਹੋਏਅਜਿਹੀ'ਅਣਿਆਈ ਮੌਤੇਮਰਨਾ ਸਾਡੀ ਹੀ ਹੋਣੀ ਕਿਉਂ ਬਣ ਰਿਹਾ ਹੈ?
ਪੰਜਾਬੀ ਕਿਉਂ ਆਪਣੇ ਹਮਸਾਇਆਂ ਦੀ ਅੱਖ ਵਿਚ ਕੰਕਰ ਬਣ ਚੁੱ
ਭਦੀ ਰਹੀ ਹੈ। ਇਕ ਕਿਉਂ ਆਪਣੇ 'ਪੁੱਤਾਂਦੀ ਸਾਂਝੀ ਮਾਂ ਬਣਨ ਦਾ ਰੁਤਬਾ ਗੁਆਉਂਦੀ ਰਹੀ। ਕੌਣ ਇਸ ਤੋਂ ਮੁਨਕਰ ਹੈ ਕਿ ਇਹ ਬੋਲੀ ਤੇ ਇਸਦੇ ਅੱਖਰ ਸਦੀਆਂ ਪੁਰਾਣੇ ਨੇ ਤੇ ਇਸਦੀ ਅਮੀਰ ਵਿਰਾਸਤ ਉੱਤੇ ਕਿਸੇ ਸ਼ੱਕ ਸ਼ੁਬ੍ਹੇ ਦੀ ਕੋਈ ਗੁੰਜਾਇਸ਼ ਨਹੀਂ। ਕਿਸ ਹਾਲਾਤ ਤਹਿਤ ਇਸਨੂੰ ਧਰਮ ਦੇ ਖੇਮੇ ਵਿਚ ਪਾ ਕੇ ਇਸਦਾ ਦਾਇਰਾ ਸੁੰਗੇੜਨ ਦਾ ਚਾਰਾ ਕੀਤਾ ਗਿਆਜਦ ਕਿ ਹੋਰ ਬੋਲੀਆਂ ਉਸ ਇਲਾਕੇ ਦੇ ਸਭ ਲੋਕਾਂ ਦੀਆਂ ਬੋਲੀਆਂ ਨੇ। ਉਨ੍ਹਾਂ ਨੂੰ ਸਾਰੇ ਧਰਮਾਂ ਦੇ ਅਨੁਆਈ ਬਿਨਾਂ ਕਿਸੇ ਵਖਰੇਵੇਂ ਦੇ ਬੋਲਦੇ ਪੜ੍ਹਦੇ ਨੇ। ਉਹ ਆਪਣੀ ਬੋਲੀ ਦੇ ਵਾਰਸ ਅਖਵਾ ਕੇ ਮਾਣ ਮਹਿਸੂਸ ਕਰਦੇ ਨੇ ਤਾਂ ਫਿਰ ਅਸਾਨੂੰ ਕੀ ਮਾਰ ਵੱਗੀ ਹੈ ਕਿ ਅਸੀਂ ਪੰਜਾਬੀ ਹੋਣ ਵਿਚ ਹੇਠੀ ਮਹਿਸੂਸ ਕਰਦੇ ਹਾਂ। ਸਾਡਾ ਦਸਾਂ ਜੀਆਂ ਦਾ ਟੱਬਰ ਇਕ ਬਿਹਾਰੀ ਮਜ਼ਦੂਰ ਨਾਲ ਗੱਲ ਕਰਨ ਲੱਗਾ ਝੱਟ ਆਪਣੀ ਬੋਲੀ ਤਿਆਗ ਦਿੰਦਾ ਹੈ। ਸਾਡਾ ਬੱਚਾ ਸਕੂਲੋਂ ਆ ਕੇ ਗ਼ੈਰ ਪੰਜਾਬੀ ਭਾਸ਼ਾ ਬੋਲਦਾ ਹੈ ਤਾਂ ਅਸੀਂ ਤਾੜੀਆਂ ਮਾਰ ਮਾਰ ਹੱਸਦੇ ਖ਼ੁਸ਼ ਹੁੰਦੇ ਹਾਂ। ਜ਼ਰਾ ਮੁਤਾਲਿਆ ਤਾਂ ਕਰੀਏ ਕਿ ਸਾਡੇ ਕਿੰਨਿਆਂ ਕੁ ਘਰਾਂ ਵਿਚ ਸਵੇਰੇ ਪੰਜਾਬੀ ਦਾ ਅਖ਼ਬਾਰ ਆਉਂਦਾ ਹੈ ਤੇ ਸਾਡੇ ਕਿੰਨਿਆਂ ਕੁ ਪੰਜਾਬੀ ਘਰਾਂ ਵਿਚ ਲੋਕ ਆਪਣੇ ਬੱਚਿਆਂ ਦੇ ਵਿਆਹਾਂ ਸ਼ਾਦੀਆਂ ਦੇ ਕਾਰਡ ਪੰਜਾਬੀ ਵਿਚ ਛਪਵਾਉਂਦੇ ਨੇਆਪਣੇ ਮਕਾਨਾਂ ਦੇ ਬਾਹਰ ਆਪਣੇ ਨਾਂ ਆਪਣੀ ਬੋਲੀ ਵਿਚ ਲਿਖਦੇ ਨੇ। ਅਸੀਂ ਸਭਨਾਂ ਰਲ਼ ਕੇ ਆਪਣੀ ਬੋਲੀ ਦੀ ਆਭਾ ਵਿਗਾੜਨ 'ਤੇ ਕਿਉਂ ਲੱਕ ਬੱਧਾ ਹੈਇੱਥੇ ਪੰਜਾਬੀ ਦੇ ਇਕ ਕਵੀ ਬਾਬਾ ਨਜ਼ਮੀ ਦਾ ਇਕ ਸ਼ਿਅਰ ਦੇਣ ਤੋਂ ਬਾਅਦ ਮੈਂ ਆਪਣੀ ਗੱਲ ਅਗਾਂਹ ਤੋਰਾਂਗਾ:
ਲੋਕੀ ਮੰਗ ਮੰਗਾ ਕੇ ਆਪਣਾ ਬੋਹਲ ਬਣਾ ਕੇ ਤੁਰ ਗਏ ਨੇ
ਅਸਾਂ ਤਾਂ ਮਿੱਟੀ ਕਰ ਦਿੱਤਾ ਏ ਸੋਨਾ ਗਾਲ਼ ਪੰਜਾਬੀ ਦਾ।
ਕੁਝ ਸਾਲ ਪਹਿਲਾਂ ਸਾਡੇ ਨਾਵਲਕਾਰ ਰਾਮ ਸਰੂਪ ਅਣਖੀ ਹੋਰਾਂ ਡਲਹੌਜ਼ੀ ਵਿਚ ਇਕ ਸੈਮੀਨਾਰ ਕੀਤਾ ਸੀ ਜਿਸ ਵਿਚ ਪੰਜਾਬੀ ਦੇ ਕੱਦਾਵਰ ਲੇਖਕਾਂ ਗੁਰਬਚਨ ਭੁੱਲਰ ਤੇ ਮੋਹਨ ਭੰਡਾਰੀ ਹੋਰਾਂ ਨਾਲ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਸੀ। ਉੱਥੇ ਇਕ ਬੈਠਕ ਭਾਸ਼ਾ ਬਾਰੇ ਸੀ। ਮੈਨੂੰ ਬੋਲਣ ਲਈ ਕਿਹਾ ਤਾਂ ਮੈਂ ਕਿਹਾ ਕਿ ਬੇਸ਼ਕ ਮੇਰੇ ਕੋਲ ਸਾਬਤ ਕਰਨ ਲਈ ਕੋਈ ਦਸਤਾਵੇਜ਼ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਪੰਜਾਬੀ ਲਿਖਣ ਲਈ ਵਰਤੀਂਦੀ ਲਿੱਪੀ ਦਾ ਨਾਂ ਗੁਰਮੁਖੀ ਹੋਣਾ ਆਪਣੇ ਆਪ ਵਿਚ ਇਕ ਮਸਲਾ ਹੈ। ਇਸਨੇ ਗ਼ੈਰ ਸਿੱਖ ਖੇਮਿਆਂ ਵਿਚ ਇਹ ਪ੍ਰਭਾਵ ਪੈਦਾ ਕੀਤਾ ਕਿ ਇਹ ਉਹ ਲਿੱਪੀ ਹੈ ਜਿਸ ਰਾਹੀਂ ਗੁਰੂਆਂ ਨਾਲ ਸਬੰਧਤ ਕੋਈ ਗੱਲ ਹੋ ਰਹੀ ਹੈਜੋ ਨਿਰੋਲ ਸਿੱਖਾਂ ਦੇ ਮਸਲਿਆਂ ਨਾਲ ਜੁੜੀ ਹੈਇਓਂ ਇਸਨੂੰ ਗ਼ੈਰ ਸਿੱਖ ਦਾਇਰਿਆਂ ਵਿਚ ਉਹ ਮਾਣ ਨਹੀਂ ਮਿਲਿਆ ਜੋ ਇਕ ਭਾਸ਼ਾ ਦੇ ਬਾਸ਼ਿੰਦੇ ਆਪਣੀ ਬੋਲੀ ਦੀ ਲਿੱਪੀ ਨੂੰ ਦਿੰਦੇ ਹਨ। ਸ਼ਾਇਦ ਇਸ ਉਕਤੀ ਵਿਚ ਕਿਤੇ ਕੋਈ ਸਚਾਈ ਪਈ ਸੀ ਕਿ ਬਹੁਤੀ ਕਿੰਤੂ ਪ੍ਰੰਤੂ ਨਾਲ ਗੱਲ ਅਗਾਂਹ ਤੁਰ ਪਈ ਤੇ ਇਸ ਉੱਪਰ ਬਹੁਤੀ ਬਹਿਸ ਨਾ ਹੋਈ। ਅਸਲ ਵਿਚ ਇਹ ਗੱਲ ਮੇਰੇ ਨਾਲ ਪਾਕਿਸਤਾਨੀ ਪੰਜਾਬੀ ਅਦੀਬ ਇਲਿਆਸ ਘੁੰਮਣ ਨੇ ਮੇਰੀ ਇਕ ਲਾਹੌਰ ਫੇਰੀ ਦੌਰਾਨ ਸਾਂਝੀ ਕੀਤੀ ਸੀ। ਇਹ ਗੱਲ ਮੰਨਣਯੋਗ ਹੈ ਕਿ 'ਗੁਰਮੁਖੀਅੱਖਰਾਂ ਵਿਚ ਵਿਧੀਵੱਤ ਢੰਗ ਨਾਲ ਲਿਖਣ ਦਾ ਸਿਲਸਿਲਾ ਗੁਰੂ ਕਾਲ ਤੋਂ ਪਹਿਲਾਂ ਪ੍ਰਚਲਤ ਨਹੀਂ ਸੀ। ਇਸਦਾ ਪੁਰਾਤਨ ਰੂਪ ਲੰਡੇ ਵਪਾਰਕ ਅਦਾਰਿਆਂ ਵਿਚ ਚੱਲਦਾ ਸੀ। ਹਰ ਅੱਖਰ ਦੇ ਕਈ ਕਈ ਰੂਪ ਸਨ। ਮੈਨੂੰ ਘੁੰਮਣ ਨੇ ਦੱਸਿਆ ਕਿ ਗੁਰੂ ਅੰਗਦ ਭਾਸ਼ਾ ਦੀ ਬੜੀ ਵਿਗਿਆਨਕ ਸੂਝ ਰੱਖਦੇ ਸਨ। ਉਨ੍ਹਾਂ ਹੀ ਲਿੱਪੀ ਨੂੰ ਇਕ ਮਿਆਰੀ ਰੂਪ ਦੇਣ ਲਈ ਮਿਹਨਤ ਕੀਤੀ। ਅੱਖਰਾਂ ਨੂੰ ਉਚਾਰਣ ਅਤੇ ਧੁਨੀ ਵਿਗਿਆਨ ਦੇ ਨੁਕਤਾ ਨਿਗਾਹ ਤੋਂ ਟਿਕਾਇਆ ਤੇ ਇਸਦੇ ਪੈਂਤੀ ਅੱਖਰ ਨਿਸ਼ਚਿਤ ਕੀਤੇ। ਇਸਨੂੰ ਬਾਕਾਇਦਾ ਬੱਚਿਆਂ ਨੂੰ ਪੜ੍ਹਾਉਣਾ ਆਰੰਭਿਆ। ਕਿਉਂਕਿ ਇਸਦਾ ਇਓਂ ਵਿਧੀਵਤ ਪ੍ਰਚਲਨ ਗੁਰਮਤ ਗਲਿਆਰਿਆਂ ਵਿੱਚੋਂ ਤੁਰਿਆ ਸੋ ਲਾਜ਼ਮੀ ਤੌਰ 'ਤੇ ਇਨ੍ਹਾਂ ਅੱਖਰਾਂ ਲਈ ਗੁਰਮੁਖੀ ਨਾਮਕਰਣ ਵੀ ਉਦੋਂ ਕੁ ਹੀ ਆਰੰਭ ਹੋਇਆ ਹੋਵੇਗਾ। ਹਾਲਾਂਕਿ ਪੰਜਾਬ ਵਿਚ ਇਨ੍ਹਾਂ ਦਾ ਪੁਰਾਤਨ ਰੂਪ ਵੀ ਨਾਲੋ ਨਾਲ ਹੀ ਜਾਰੀ ਸੀ। ਪੰਜਾਬੀ ਨੂੰ ਲਿਖਤੀ ਰੂਪ ਵਿਚ ਪੇਸ਼ ਕਰਨ ਦੇ ਵਸੀਲੇ ਵੀ ਉੰਨੇ ਹੀ ਪੁਰਾਣੇ ਸਨ ਜਿੰਨੀ ਕਿ ਬੋਲੀ। ਪਰ ਜੀਵਨ ਦੇ ਹੋਰ ਖੇਤਰਾਂ ਵਿਚ ਪਾਈਆਂ ਜਾਣ ਵਾਲੀਆਂ ਭਿੰਨਤਾਵਾਂ ਵਾਂਗ ਇੱਥੇ ਨੀ ਵੰਨ ਸੁਵੰਨਤਾ ਸੀ। ਪੰਜਾਬੀ ਲਿਖੇ ਜਾਣ ਲਈ ਵਰਤੇ ਜਾਂਦੇ ਅੱਖਰਾਂ ਦੀ ਬਣਤਰ ਵਿਚ ਫ਼ਰਕ ਸੀ ਤੇ ਸ਼ਬਦ ਜੋੜਾਂ ਵਿਚ ਵੀ ਇਕਸਾਰਤਾ ਨਹੀਂ ਸੀ। ਇਹ ਪੁਰਾਣੇ ਸ਼ਿਲਾਲੇਖਾਂ/ ਲਿਖਤਾਂ ਤੋਂ ਸਪਸ਼ਟ ਹੈ ਕਿ ਪੰਜਾਬੀ ਲਿਖਣ ਲਈ ਵਰਤੀਆਂ ਜਾਂਦੀਆਂ ਲਿਪੀਆਂ ਵਿਚ ਵੀ ਫ਼ਰਕ ਹੋਣ ਦੇ ਬਾਵਜੂਦ ਇਨ੍ਹਾਂ ਵਿਚ ਸਾਂਝੇ ਸੂਤਰ ਮੌਜੂਦ ਸਨ। ਇਨ੍ਹਾਂ ਫ਼ਰਕਾਂ ਭਿੰਨਤਾਵਾਂ ਦੇ ਹੁੰਦਿਆਂ ਵੀ ਇਨ੍ਹਾਂ ਅੱਖਰਾਂ ਨੂੰ ਵਰਤਣ ਲਈ ਵਿਆਪਕ ਸਮਾਜਕ ਪਰਵਾਨਗੀ ਹਾਸਲ ਸੀ। ਲੋਕ ਨਿੱਤ ਦੇ ਵਰਤੋਂ ਵਿਹਾਰਵਪਾਰਕ ਕੰਮਾਂ ਤੇ ਹੋਰ ਲੋੜਾਂ ਦੀ ਪੂਰਤੀ ਲਈ ‘ੳ’ ‘ਅ’ ‘ੲ’ ਵਾਲੀ ਲਿੱਪੀ ਨੂੰ ਵਰਤਦੇ ਆ ਰਹੇ ਸਨ। ਇਸ ਖਿੱਤੇ ਵਿਚ ਪੁਰਾਣੇ ਸਮੇਂ ਵਿਚ ਵਰਤੀਆਂ ਜਾ ਰਹੀਆਂ ਸ਼ਾਰਦਾ ਤੇ ਟਾਕਰੀ ਦੇ ਕਈ ਅੱਖਰ ਇਸ ਨਾਲ ਰਲਦੇ ਸਨ। ਵਪਾਰਕ ਅਦਾਰਿਆਂ ਵਿਚ ਵਰਤੀ ਜਾਂਦੀ ਲਿੱਪੀ ਲੰਡੇ ਦੇ ਤਕਰੀਬਨ ਸਾਰੇ ਅੱਖਰ ਹੁਣ ਦੇ ਪੰਜਾਬੀ ਲਿੱਪੀ ਦੇ ਅੱਖਰਾਂ ਨਾਲ ਮਿਲਦੇ ਹਨ। ਇਓਂ ਇਸ ਲਿੱਪੀ ਦੀ ਪੁਰਾਤਨਤਾ ਵਾਲੀ ਧਾਰਨਾ ਇਤਿਹਾਸਕ ਵੀ ਹੈ ਤੇ ਪ੍ਰਮਾਣੀਕ ਵੀ। ਪਰ ਬਾਵਜੂਦ ਇਸਦੇ ਪੰਜਾਬੀ ਉੱਪਰ ਸਿੱਖੀ ਦਾ ਪ੍ਰਭਾਵ ਵਧਣ ਕਾਰਨ ਪੰਜਾਬ ਵਿਚ ਨਿਵਾਸ ਕਰਨ ਵਾਲੇ ਦੂਜੇ ਮਜ਼ਹਬਾਂ ਦੇ ਲੋਕ ਇਸ ਲਿੱਪੀ ਤੋਂ ਟਾਲਾ ਵੱਟਣ ਲੱਗੇ। ਉਨ੍ਹਾਂ ਨੂੰ ਇਸ ਲਿੱਪੀ ਵਿੱਚੋਂ ਸਿੱਖੀ ਦੀ ਬੋਅ ਆਉਣ ਲੱਗੀ। ਸਿੱਖੀ ਤੇ ਗੁਰਮੁਖੀ ਨੂੰ ਸਮਾਨਅਰਥਕ ਸਮਝਦਿਆਂ ਇਸਦਾ ਵਿਰੋਧ ਸ਼ੁਰੂ ਹੋਇਆ।
ਪੰਜਾਬ ਕਿਉਂਕਿ ਮੁਸਲਿਮ ਬਹੁਗਿਣਤੀ ਵਾਲਾ ਖਿੱਤਾ ਸੀ ਤੇ ਮੁਸਲਮਾਨ ਆਪਣੀਆਂ ਜੜ੍ਹਾਂ ਅਰਬ ਦੇਸ਼ਾਂ ਨਾਲ ਜੋੜਦੇਇਸ ਲਈ ਉਹ ਲਿਖਣ ਲਈ ਅਰਬੀ ਫ਼ਾਰਸੀ ਰਸਮੁਲਖ਼ਤ ਦਾ ਇਸਤੇਮਾਲ ਕਰਦੇ। ਤੇਰ੍ਹਵੀਂ ਸਦੀ ਵਿਚ ਮਹਾਨ ਸੂਫ਼ੀ ਸ਼ਾਇਰ ਬਾਬਾ ਫ਼ਰੀਦ ਨੇ ਆਪਣੀ ਲਿਖਤ ਲਈ ਫ਼ਾਰਸੀ ਅੱਖਰ ਇਸਤੇਮਾਲ ਕੀਤੇ। ਪੂਰਵ ਤੇ ਉੱਤਰ ਕਾਲ਼ ਦੇ ਸੂਫ਼ੀ ਸ਼ਾਇਰਾਂ ਤੇ ਮੁਸਲਮਾਨ ਫ਼ਕੀਰਾਂ ਨੇ ਵੀ ਇਸੇ ਲਿੱਪੀ ਨੂੰ ਵਰਤਿਆ। ਮਹਾਰਾਜਾ ਰਣਜੀਤ ਸਿੰਘ ਨੇ ਵੀ ਆਪਣੇ ਰਾਜ ਦਰਬਾਰ ਦੀ ਭਾਸ਼ਾ ਫ਼ਾਰਸੀ ਹੀ ਰੱਖੀ। ਉਸਨੇ ਵੀ ਪੰਜਾਬੀ ਨੂੰ ਧਾਰਮਕ ਖੇਤਰ ਤੱਕ ਹੀ ਸੀਮਤ ਰੱਖਿਆ। ਅੰਗਰੇਜ਼ਾਂ ਨੇ ਆਉਂਦੇ ਸਾਰ ਪੰਜਾਬੀਆਂ ਦੀ ਤਾਕਤ ਨੂੰ ਖੀਣ ਕਰਨ ਲਈ ਉਨ੍ਹਾਂ ਨੂੰ ਭਾਸ਼ਾਈ ਆਧਾਰ 'ਤੇ ਤਕਸੀਮ ਕੀਤਾ। ਉਨ੍ਹਾਂ ਦੀ ਆਮਦ ਤੋਂ ਬਾਅਦ ਹੀ ਹਿੰਦੂਆਂ ਤੇ ਮੁਸਲਮਾਨਾਂ ਦਰਮਿਆਨ ਹਿੰਦੀ-ਉਰਦੂ ਦਾ ਮਸਲਾ ਖੜ੍ਹਾ ਹੋਇਆ। 1880 ਵਿਚ ਅੰਗਰੇਜ਼ਾਂ ਨੇ ਇਕ ਕਮਿਸ਼ਨ ਜਿਸਦਾ ਨਾਂ 'ਹੰਟਰ ਕਮਿਸ਼ਨਸੀ ਬਣਾਇਆ ਜਿਸਦਾ ਮਕਸਦ ਪੜ੍ਹਾਈ ਲਿਖਾਈ ਲਈ ਹੇਠਲੀਆਂ ਜਮਾਤਾਂ ਵਾਸਤੇ ਇਕ ਵਿੱਦਿਅਕ ਨੀਤੀ ਤਿਆਰ ਕਰਨਾ ਸੀ। ਇਸ ਵਿਚ ਮੁਸਲਮਾਨ ਬੱਚਿਆਂ ਲਈ ਉਰਦੂ ਪੜ੍ਹਾਏ ਜਾਣ ਤੇ ਹਿੰਦੂ ਬੱਚਿਆਂ ਨੂੰ ਹਿੰਦੀ ਪੜ੍ਹਾਏ ਜਾਣ ਦਾ ਪ੍ਰਬੰਧ ਸੀ। ਇਸਦੇ ਪ੍ਰਤੀਕਰਮ ਵਜੋਂ28 ਅਪਰੈਲ 1882 ਨੂੰ ਸਿੰਘ ਸਭਾ ਲਾਹੌਰ ਨੇ ਪੰਜਾਬ ਦੇ ਗਵਰਨਰ ਸਰ ਚਾਰਲਸ ਐਚੀਸਨ ਸਾਹਮਣੇ ਇਕ ਪਟੀਸ਼ਨ ਦਾਇਰ ਕੀਤੀ ਜਿਸ ਵਿਚ ਸਿੱਖ ਬੱਚਿਆਂ ਨੂੰ ਪੰਜਾਬੀ ਭਾਸ਼ਾ ਗੁਰਮੁਖੀ ਲਿੱਪੀ ਵਿਚ ਪੜ੍ਹਾਏ ਜਾਣ ਦੀ ਪੈਰਵਾਈ ਕੀਤੀ ਗਈ। ਗਵਰਨਰ ਨੇ ਇਸਦਾ ਇਹ ਕਹਿਕੇ ਵਿਰੋਧ ਕੀਤਾ ਕਿ ਇਸ ਨਾਲ ਸਿੱਖ ਬੱਚਿਆਂ ਦਾ ਨੁਕਸਾਨ ਹੋਵੇਗਾ ਕਿਉਂਕਿ ਉਰਦੂ ਦੇ ਗਿਆਨ ਤੋਂ ਬਗ਼ੈਰਉੱਪਰਲੀਆਂ ਕਲਾਸਾਂ ਵਿਚ ਨਹੀਂ ਸੀ ਜਾਇਆ ਜਾ ਸਕਦਾ ਤੇ ਅਗਾਂਹ ਰੁਜ਼ਗਾਰ ਦੇ ਮੌਕੇ ਵੀ ਉਰਦੂ ਦਾ ਗਿਆਨ ਰੱਖਣ ਵਾਲਿਆਂ ਲਈ ਹੀ ਸਨ। ਪਰ ਸਿੱਖਾਂ ਨੇ ਗਵਰਨਰ ਨੂੰ ਕਿਹਾ ਕਿ ਜੇ ਉਹ ਹਿੰਦੂਆਂ ਲਈ ਹਿੰਦੀ ਦੀ ਤੇ ਮੁਸਲਮਾਨਾਂ ਲਈ ਉਰਦੂ ਦੀ ਵਿਵਸਥਾ ਕਰ ਸਕਦੇ ਨੇ ਤਾਂ ਫਿਰ ਪੰਜਾਬੀ ਦੇ ਹੱਕ ਵਿਚ ਉਹ ਕਿਉਂ ਨਹੀਂ ਕੋਈ ਫ਼ੈਸਲਾ ਕੀਤਾ ਜਾ ਸਕਦਾਅਖੀਰ 1890ਵਿਚ ਅੰਗਰੇਜ਼ੀ ਸਰਕਾਰ ਨੇ ਸਥਾਨਕ ਇਕਾਈਆਂ ਨੂੰ ਖੁੱਲ੍ਹ ਦੇ ਦਿੱਤੀ ਕਿ ਉਹ ਸਿੱਖ ਬੱਚਿਆਂ ਲਈ ਗੁਰਮੁਖੀ ਕਲਾਸਾਂ ਲਾਉਣ ਦਾ ਪ੍ਰਬੰਧ ਕਰਨ। ਉਨ੍ਹਾਂ ਪਰਸ਼ੀਅਨ ਪੜ੍ਹਾਉਣ ਲਈ ਮਕਤਬਅਰਬੀ ਲਈ ਮਦਰੱਸਾਸੰਸਕ੍ਰਿਤ ਲਈ ਪਾਠਸ਼ਾਲਾਪੰਜਾਬੀ ਲਈ ਗੁਰਮੁਖੀ ਸਕੂਲ ਤੇ ਲੰਡਿਆਂ ਸਰਾਫ਼ਾਂ ਲਈ ਮਹਾਜਨੀ ਸਕੂਲਾਂ ਦੀ ਵਿਵਸਥਾ ਕੀਤੀ।
ਪੰਜਾਬ ਦਾ ਸਮੁੱਚਾ ਅਵਾਮ ਬਿਨਾਂ ਕਿਸੇ ਧਾਰਮਕ ਲੱਗ ਲਪੇਟ ਦੇ ਪੰਜਾਬੀ ਬੋਲਦਾ ਸੀ। ਗੁਰਬਾਣੀ ਦੀ ਹਰਮਨ ਪਿਆਰਤਾ ਕਾਰਨ ਪੰਜਾਬੀ ਹਿੰਦੂ ਵੀ ਘਰਾਂ ਵਿਚ ਪਾਠ ਕਰਨ ਦੀ ਸੌਖ ਲਈ ਪੰਜਾਬੀ ਸਿੱਖਦੇ ਸਨ। ਜਦੋਂ ਮਸਲਾ ਸਰਕਾਰੇ ਦਰਬਾਰੇ ਨੌਕਰੀ ਹਾਸਲ ਕਰਨ ਦਾ ਪੈਦਾ ਹੁੰਦਾ ਤਾਂ ਪੰਜਾਬੀ ਬੰਦੇ ਲਈ ਕਿਸੇ ਹੋਰ ਭਾਸ਼ਾ ਦਾ ਗਿਆਨ ਹਾਸਲ ਕਰਨਾ ਲਾਜ਼ਮੀ ਹੋ ਜਾਂਦਾ। ਜਾਂ ਫਿਰ ਜਦੋਂ ਰਾਜਨੀਤਕ ਧਿਰਾਂ ਆਪਣੇ ਮੁਫ਼ਾਦ ਦੀ ਨਜ਼ਰ ਨਾਲ ਵੇਖਦੀਆਂ ਤਾਂ ਲੋਕਾਂ ਵਿਚ ਭਾਸ਼ਾਈ ਰੇਖਾਵਾਂ ਖਿੱਚੀਆਂ ਜਾਂਦੀਆਂ। ਇਹ ਗੱਲ 1935 ਦੇ ਏੜ ਗੇੜ ਦੀ ਹੈ ਜਦੋਂ ਆਰੀਆ ਸਮਾਜੀਆਂ ਨੇ ਪੰਜਾਬ ਅੰਦਰ ਸਿੱਖ ਲਹਿਰ ਦੇ ਪ੍ਰਭਾਵ ਹੇਠ ਪ੍ਰਫੁੱਲਤ ਹੋ ਰਹੀ ਪੰਜਾਬੀ ਨੂੰ ਠੱਲ੍ਹ ਪਾਉਣ ਲਈ ਰਾਵਲਪਿੰਡੀ ਵਿਚ ਕੀਤੀ ਇਕ ਸਭਾ ਵਿਚ ਨਿਰਣਾ ਲਿਆ ਸੀ ਜਿਸਦੀ ਭਾਸ਼ਾ ਕੁਝ ਇਓਂ ਸੀ:
'ਕਿਸੇ ਵੀ ਧਰਮ ਦੇ ਪ੍ਰਸਾਰ ਲਈ ਇਸਤਰੀ ਜ਼ਾਤ ਦਾ ਸਭ ਤੋਂ ਮਹਾਨ ਰੋਲ ਹੋਇਆ ਕਰਦਾ ਹੈ ਅਤੇ ਜੇ ਅਸੀਂ ਸਹੀ ਤੌਰ 'ਤੇ ਵੈਦਿਕ ਧਰਮ ਦਾ ਪੁਨਰ ਨਿਰਮਾਣ ਕਰਨਾ ਹੈ ਤਾਂ ਜ਼ਰੂਰੀ ਹੈ ਕਿ ਸਾਡੀਆਂ ਇਸਤਰੀਆਂ ਜਪੁਜੀ ਤੇ ਸੁਖਮਨੀ ਪੜ੍ਹਨਾ ਛੱਡਣ। ਇਹ ਤਦ ਤੱਕ ਸੰਭਵ ਨਹੀਂ ਜਦ ਤੱਕ ਗੁਰਮੁਖੀ ਸਾਡੇ ਘਰਾਂ ਵਿੱਚੋਂ ਨਹੀਂ ਨਿਕਲਦੀ। ਸੋ ਸਭ ਤੋਂ ਪਹਿਲੀ ਗੱਲ ਗੁਰਮੁਖੀ ਦਾ ਤਿਆਗਣਾ ਹੈ ਤਾਂ ਹੀ ਅਸੀਂ ਵੈਦਿਕ ਧਰਮ ਬਾਰੇ ਅਗਲਾ ਕਦਮ ਪੁੱਟ ਸਕਾਂਗੇ।'
ਪੰਜਾਬੀ ਹਿੰਦੂ ਦੀ ਮਾਨਸਿਕਤਾ ਵਿਚ ਇਹ ਕੰਡਾ ਬੀਜਣਾ ਹੀ ਪੰਜਾਬੀ ਭਾਸ਼ਾ ਦੇ ਦੁਖਾਂਤ ਦਾ ਅਹਿਮ ਕਾਂਡ ਹੈ। ਇਸਦਾ ਨੰਗਾ ਚਿੱਟਾ ਰੂਪ ਆਜ਼ਾਦੀ ਤੋਂ ਬਾਅਦ ਜਦੋਂ ਸੂਬਿਆਂ ਦਾ ਬੋਲੀ ਦੇ ਆਧਾਰ 'ਤੇ ਪੁਨਰਗਠਨ ਕੀਤਾ ਗਿਆ ਤਾਂ ਵੇਖਣ ਨੂੰ ਮਿਲਿਆ। ਪੰਜਾਬੀ ਵਿਰੋਧੀ ਲਾਬੀ ਨੇ ਨਿਰਣਾ ਲਿਆ: ਸਿੱਖਾਂ ਦੀ ਮਾਤ ਭਾਸ਼ਾ ਪੰਜਾਬੀ ਹੈਇਨ੍ਹਾਂ ਦਾ ਧਰਮ ਗੰਥ ਪੰਜਾਬੀ ਵਿਚ ਹੈ ਜਿਸਦੀ ਲਿੱਪੀ ਗੁਰਮੁਖੀ ਹੈ ਜੋ ਕਿਸੇ ਹੋਰ ਭਾਸ਼ਾ ਦੀ ਲਿੱਪੀ ਨਹੀਂ। ਜੇ ਪੰਜਾਬੀ ਬੋਲੀ ਦਾ ਅੱਡਰਾ ਸੂਬਾ ਬਣ ਗਿਆ ਤਾਂ ਉਸ ਵਿਚ ਹਰ ਪੱਧਰ 'ਤੇ ਪੰਜਾਬੀ ਹੀ ਪੜ੍ਹਾਈ ਜਾਵੇਗੀ ਜਿਸ ਨਾਲ ਸਿੱਖ ਧਰਮ ਦੀ ਉਨਤੀ ਹੋਣੀ ਸੰਭਵ ਹੋਵੇਗੀ।
ਇਹ ਪ੍ਰਚਾਰ ਤੇ ਪਸਾਰ ਆਜ਼ਾਦੀ ਤੋਂ ਬਾਅਦ ਦੋ ਢਾਈ ਦਹਾਕਿਆਂ ਤੱਕ ਜਾਰੀ ਰਿਹਾ ਜੋ ਅਜੇ ਤੱਕ ਵੀ ਕਿਸੇ ਨਾ ਕਿਸੇ ਰੂਪ ਵਿਚ ਕਾਇਮ ਹੈ। ਪੰਜਾਬੀ ਸੂਬੇ ਲਈ ਅੰਦੋਲਨ ਵਿਚ ਲੱਖਾਂ ਪੰਜਾਬੀਆਂ ਜੇਲ੍ਹਾਂ ਭਰੀਆਂ। ਇਸ ਤੱਥ ਤੋਂ ਸਮੂਹ ਪੰਜਾਬੀ ਭਾਈਚਾਰਾ ਭਲੀਭਾਂਤ ਵਾਕਫ਼ ਹੈ ਕਿ ਇਸ ਅੰਦੋਲਨ ਨੂੰ ਅਕਾਲੀ ਦਲ ਦੀ ਰਹਿਨੁਮਾਈ ਅਧੀਨ ਚਲਾਇਆ ਗਿਆ। ਇਸਦੇ ਵਿਰੋਧ ਵਿਚ ਖਲੋਤੀਆਂ ਲਾਬੀਆਂ ਨੇ 'ਹਿੰਦੂਆਂ ਦੀ ਮਾਤ ਭਾਸ਼ਾ ਹਿੰਦੀਦਾ ਨਾਅਰਾ ਦਿੱਤਾ ਤੇ ਵਿਆਪਕ ਪ੍ਰਚਾਰ ਕੀਤਾ ਕਿ ਉਹ ਮਰਦਮ ਸ਼ੁਮਾਰੀ ਵੇਲੇ ਆਪਣੀ ਮਾਂ ਬੋਲੀ ਹਿੰਦੀ ਲਿਖਵਾਉਣ। 1951 ਤੇ 1961 ਦੀਆਂ ਮਰਦਮ ਸ਼ੁਮਾਰੀਆਂ ਵਿਚ ਰਾਜਨੀਤਕ ਛੜਯੰਤਰਕਾਰੀਆਂ ਦੀ ਸਾਜ਼ਿਸ਼ ਤਹਿਤ ਪੰਜਾਬੀਆਂ ਨੇ ਆਪਣੇ ਹੱਥ ਵਿਚ ਫੜੇ ਸੋਨੇ ਨੂੰ ਮਿੱਟੀ ਆਖ ਸੁੱਟ ਦਿੱਤਾ। ਉਨ੍ਹਾਂ ਆਪਣੇ ਹਿਰਦੇ ਦੀ ਬੋਲੀ ਪੰਜਾਬੀ ਵਿਚ ਕਿਹਾ, 'ਸਾਡੀ ਮਾਂ ਬੋਲੀ ਹਿੰਦੀ ਹੈ।ਉਹ ਘਰਾਂ ਦੇ ਨਿੱਤ ਦੇ ਕਾਰ ਵਿਹਾਰ ਵਿਚ ਪੰਜਾਬੀ ਬੋਲ ਰਹੇ ਸਨ। ਇਨ੍ਹਾਂ ਮਰਦਮ ਸ਼ੁਮਾਰੀਆਂ ਵਿਚ ਜਦ ਇਹ ਸਾਜ਼ਿਸ਼ ਪ੍ਰਵਾਨ ਚੜ੍ਹ ਗਈ ਤਾਂ ਮਾਂ ਬੋਲੀ ਪੰਜਾਬੀ ਲਿਖਵਾਉਣ ਵਾਲੇ ਸਿੱਖ ਏਨੀ ਥੋੜ੍ਹੀ ਤਾਦਾਦ ਵਿਚ ਰਹਿ ਗਏ ਪੰਜਾਬੀ ਦਾ ਬੋਲੀ ਦੇ ਆਧਾਰ 'ਤੇ ਵੱਖਰਾ ਸੂਬਾ ਬਣਾਉਣ ਦੀ ਥਾਂ ਪੰਜਾਬ ਨੂੰ ਦੋ ਭਾਸ਼ੀ ਸੂਬਾ ਮੰਨ ਲਿਆ ਗਿਆ।
2
 ਅਕਤੂਬਰ 1962 ਵਿਚ ਪੰਡਤ ਨਹਿਰੂ ਨੇ ਟਾਈਮਜ਼ ਲੰਡਨ ਨਾਂ ਦੀ ਅਖ਼ਬਾਰ ਨੂੰ ਇੰਟਰਵਿਊ ਦਿੰਦਿਆਂ ਕਿਹਾ, 'ਉਹ ਦੇਸ਼ ਅੰਦਰ ਸਿਵਲ ਵਾਰ ਤਾਂ ਬਰਦਾਸ਼ਤ ਕਰ ਸਕਦਾ ਹੈ ਪਰ ਪੰਜਾਬੀ ਸੂਬਾ ਨਹੀਂ।ਆਪਣੀ ਕਿਤਾਬ 'ਮਾਈ ਟਰੁੱਥਵਿਚ ਸ਼੍ਰੀਮਤੀ ਗਾਂਧੀ ਉਲੇਖ ਕਰਦੀ ਹੈ, 'ਉਦੋਂ ਕਾਂਗਰਸ ਆਪਣੇ ਆਪ ਨੂੰ ਬਹੁਤ ਕੁਥਾਵੇਂ ਫਸੀ ਮਹਿਸੂਸ ਕਰਦੀ ਸੀ ਕਿਉਂਕਿ ਕਾਂਗਰਸੀਆਂ ਲਈ ਅਕਾਲੀਆਂ ਦੀ ਪੰਜਾਬੀ ਸੂਬਾ ਬਣਾਉਣ ਦੀ ਮੰਗ ਨੂੰ ਮੰਨ ਲੈਣ ਦਾ ਮਤਲਬ ਆਪਣੀ ਉਸ ਸਥਿਤੀ ਤੋਂ ਮੁਕਰਨਾ ਸੀ ਜਿਸ ਵਾਸਤੇ ਉਹ ਪੱਕੇ ਤੌਰ 'ਤੇ ਬਚਨ ਦੇ ਚੁੱਕੀ ਹੋਈ ਸੀ ਜਿਸਤੋਂ ਫਿਰਨ 'ਤੇ ਉਹ ਪੰਜਾਬ ਦੇ ਹਿੰਦੂ ਵੋਟਰਾਂ ਦੀ ਨਿਖੇਧੀ ਕਰਦੀ। ਇੱਥੇ ਇਸ ਗੱਲ ਦਾ ਤਾਂ ਵਿਚਾਰ ਹੀ ਨਹੀਂ ਸੀ ਕਿ ਜੋ ਪਾਲਿਸੀ ਜਵਾਹਰ ਲਾਲਵਲੱਭ ਭਾਈ ਪਟੇਲਸੀਤਾ ਰਾਮ ਰਮੱਈਆ ਨੇ ਸੰਨ 1949ਵਿਚ ਉਲੀਕੀ ਸੀ ਉਹ ਇਹ ਸੀ ਕਿ ਭਾਵੇਂ ਕੁਝ ਵੀ ਹੋਵੇ ਜਾਇਜ਼ ਜਾਂ ਨਜ਼ਾਇਜ਼ ਭਾਰਤ ਦੇ ਉੱਤਰੀ ਭਾਗ ਵਿਚ ਸੂਬਾ-ਬੰਦੀ ਨਵਿਓਂ ਸਿਰਿਓਂ ਨਹੀਂ ਕੀਤੀ ਜਾਵੇਗੀ।'
ਪਰ ਬਾਵਜੂਦ ਇਸਦੇ ਅਕਾਲੀਆਂ ਦੀ ਰਹਿਨੁਮਾਈ ਵਿਚ ਭਖ਼ੇ ਅੰਦੋਲਨ ਅੱਗੇ ਝੁਕਦਿਆਂ 9 ਮਾਰਚ 1966 ਨੂੰ ਪੰਜਾਬ ਦੀ ਹੱਦਬੰਦੀ ਨਵੇਂ ਸਿਰਿਓਂ ਕਰਨ ਦਾ ਮਤਾ ਸਰਕਾਰ ਨੂੰ ਪਾਸ ਕਰਨਾ ਹੀ ਪਿਆ। ਉਦੋਂ ਹੋਮ ਮਨਿਸਟਰ ਸਾਹਿਬ ਜਨਾਬ ਗੁਲਜ਼ਾਰੀ ਲਾਲ ਨੰਦਾ ਜੋ ਖ਼ੁਦ ਪੰਜਾਬੀ ਸਨ ਨੇ ਪੰਜਾਬ ਦੇ ਹਿੰਦੂਆਂ ਨੂੰ ਧੀਰਜ ਬੰਨ੍ਹਾਉਂਦਿਆਂ ਕਿਹਾ ਹੀ, 'ਤੁਸੀਂ ਫ਼ਿਕਰ ਨਾ ਕਰੋਮੈਂ ਪੰਜਾਬੀ ਸੂਬਾ ਐਸਾ ਬਣਾਵਾਂਗਾ ਜਿਸ 'ਤੇ ਸਿੱਖ ਹਮੇਸ਼ਾ ਰੋਂਦੇ ਰਹਿਣਗੇ।'
ਸੁਪਰੀਮ ਕੋਰਟ ਦੇ ਜੱਜ ਅਧੀਨ ਪੰਜਾਬ ਦੀ ਹੱਦਬੰਦੀ ਕਰਨ ਲਈ ਬਣਾਏ ਗਏ ਸ਼ਾਹ ਕਮਿਸ਼ਨ ਨੇ ਤਹਿਸੀਲ ਨੂੰ ਇਕਾਈ ਬਣਾਇਆ ਜਿਸ ਕਾਰਨ ਬਹੁਤ ਸਾਰੇ ਪੰਜਾਬੀ ਬੋਲਦੇ ਪਿੰਡ ਨਵਗਠਿਤ ਸੂਬਿਆਂ ਹਰਿਆਣਾ ਤੇ ਹਿਮਾਚਲ ਨੂੰ ਚਲੇ ਗਏ। ਪੰਜਾਬੀ ਨਾਲ ਵਿਰੋਧ ਦਾ ਉਸ ਵੇਲੇ ਸਿਖ਼ਰ ਹੋ ਗਿਆ ਜਦੋਂ ਹਰਿਆਣਾ ਨੇ ਸੂਬੇ ਦੀ ਦੂਜੀ ਭਾਸ਼ਾ ਤੈਲਗੂ ਐਲਾਨੀ ਤੇ ਹਿਮਾਚਲ ਨੇ ਉਰਦੂ। ਬਾਵਜੂਦ ਇਸਦੇ ਇਨ੍ਹਾਂ ਸੂਬਿਆਂ ਵਿਚ ਲਖਾਂ ਲੋਕ ਪੰਜਾਬੀ ਬੋਲਣ ਵਾਲੇ ਸਨ ਉਨ੍ਹਾਂ ਦੇ ਹਿੱਤਾਂ ਤੇ ਹੱਕਾਂ ਨੂੰ ਦਰਕਿਨਾਰ ਕਰਕੇ ਇਹ ਗ਼ੈਰ ਵਿਗਿਆਨਕ ਫ਼ੈਸਲੇ ਲਏ ਗਏ ਜਿਨ੍ਹਾਂ ਦਾ ਆਧਾਰ ਸਿਰਫ਼ ਤੇ ਸਿਰਫ਼ ਪੰਜਾਬੀ ਦਾ ਵਿਰੋਧ ਹੀ ਸੀ।
ਵਿਰੋਧ ਦੀ ਇਹ ਦਾਸਤਾਨ ਜੇ ਸੂਬੇ ਦੇ ਅਜਿਹੇ ਤਰਕਹੀਣ ਪੁਨਰਗਠਨ ਨਾਲ ਮੁੱਕ ਜਾਂਦੀ ਤਾਂ ਫੇਰ ਵੀ ਸ਼ਾਇਦ ਮਨ ਨੂੰ ਧਰਵਾਸ ਹੁੰਦੀ ਕਿ ਚਲੋ ਦੁਨੀਆ ਦੇ ਨਕਸ਼ੇ 'ਤੇ ਇਕ ਅਜਿਹੀ ਥਾਂ ਹੈ ਜਿਸਨੂੰ ਪੰਜਾਬੀ ਆਪਣਾ ਘਰ ਸਮਝ ਸਕਦੀ ਹੈ ਪਰ ਇੱਥੇ ਫੇਰ ਵੀ ਇੰਜ ਨਾ ਹੋ ਸਕਿਆ। ਪੰਜਾਬੀ ਨਾਲ ਵਿਤਕਰੇ ਦੇ ਅਗਲੇ ਚੈਪਟਰ ਖੁੱਲ੍ਹਦੇ ਗਏ। ਬਹੁਤ ਹੀ ਥੋੜ੍ਹੇ ਸਮੇਂ ਲਈ ਪੰਜਾਬ ਵਿਚ ਮੁੱਖ ਮੰਤਰੀ ਦੇ ਅਹੁਦੇ 'ਤੇ ਬਿਰਾਜਮਾਨ ਹੋਏ ਸ. ਲਛਮਣ ਸਿੰਘ ਗਿੱਲ ਨੇ ਪੰਜਾਬ ਭਾਸ਼ਾ ਐਕਟ ਬਣਾਇਆ ਤਾਂ ਲੱਗਾ ਕਿ ਪੰਜਾਬੀ ਨੂੰ ਸਰਕਾਰੀ ਸਰਪ੍ਰਸਤੀ ਮਿਲਣ ਨਾਲ ਇਸਦੇ ਵਿਕਾਸ ਦੇ ਬੰਦ ਹੋਏ ਦਰਵਾਜ਼ੇ ਖੁੱਲ੍ਹ ਜਾਣਗੇ ਪਰ ਸਥਿਤੀ ਦੀ ਵਿਡੰਬਨਾ ਹੈ ਕਿ ਐਕਟ ਦੀਆਂ ਚੋਰ ਮੋਰੀਆਂ ਨੇ ਵਿਰੋਧੀ ਲਾਬੀਆਂ ਨੂੰ ਪੰਜਾਬੀ ਤੋਂ ਕਿਨਾਰਾ ਕਰਨ ਦਾ ਬਹਾਨਾ ਮਿਲਿਆ ਰਿਹਾ।
ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬੀ ਵਿਰੋਧੀ ਵਰਤਾਰਿਆਂ ਨੂੰ ਠੱਲ੍ਹਣ ਤੇ ਪੰਜਾਬੀ ਅਵਾਮ ਵਿਚ ਇਸ ਗੱਲ ਨੂੰ ਪ੍ਰਚਾਰਨ ਵਿਚ ਲੱਗੀ ਹੈ ਕਿ ਭਾਸ਼ਾ ਦਾ ਸਬੰਧ ਮਨੁੱਖ ਦੇ ਅਵਚੇਤਨੀ ਸੰਸਾਰ ਨਾਲ ਹੈ ਨਾ ਕਿ ਉਸਦੇ ਮਜ਼ਹਬ ਜਾਂ ਕਿਸੇ ਬਾਹਰਮੁਖੀ ਸਰੋਕਾਰ ਨਾਲ। ਇਹ ਪਿਛਲੇ ਕਈ ਸਾਲਾਂ ਤੋਂ ਧਰਨਿਆਂਮੁਜ਼ਾਹਰਿਆਂਗ੍ਰਿਫ਼ਤਾਰੀਆਂ ਤੇ ਸਾਹਿਤਕ ਇਕੱਠਾਂ ਰਾਹੀਂ ਪੰਜਾਬੀ ਦੀ ਪੈਰੋ ਪੈਰ ਵਿਗੜਦੀ ਸਥਿਤੀ ਬਾਰੇ ਸਰਕਾਰ ਨੂੰ ਸੁਚੇਤ ਕਰਨ ਦੇ ਫ਼ਰਜ਼ ਨਿਭਾਉਂਦੀ ਆ ਰਹੀ ਹੈਪਰ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਲੇਖਕਾਂ ਚਿੰਤਕਾਂ ਦਾ ਪੱਖ ਸੁਣਨ ਦਾ ਕਦੇ ਕਸ਼ਟ ਨਹੀਂ ਕੀਤਾਸੁਝਾਵਾਂ ਉੱਤੇਅਮਲ ਤਾਂ ਦੂਰ ਦੀ ਗੱਲ। ਪਿਛਲੇ ਤਿੰਨ ਦਹਾਕਿਆਂ ਵਿਚ ਤਾਂ ਸਮੱਸਿਆ ਦਾ ਰੂਪ ਹੋਰ ਵਿਕਰਾਲ ਹੋ ਗਿਆ ਹੋ ਗਿਆ ਹੈ। ਹੁਣ ਤਾਂ ਸਮੱਸਿਆ ਹੋਰ ਵੀ ਪੇਚੀਦਾ ਤੇ ਜਟਿਲ ਹੋ ਗਈ ਹੈ। ਸੰਚਾਰ ਮਾਧਿਅਮਾਂ ਵਿਚ ਆਏ ਇਨਕਲਾਬ ਨੇ ਪੰਜਾਬੀ ਲਈ ਨਵੇਂ ਖ਼ਤਰੇ ਪੈਦਾ ਕਰ ਦਿੱਤੇ ਹਨ। ਬਿਨਾਂ ਸ਼ੱਕ ਇਨ੍ਹਾਂ ਸਥਿਤੀਆਂ ਦੇ ਸਨਮੁਖ ਪੰਜਾਬੀ ਦੇ ਨਾਲ ਕਈ ਹੋਰ ਬੋਲੀਆਂ ਤੇ ਸੱਭਿਆਚਾਰਾਂ ਦੀ ਹੋਂਦ ਵੀ ਦਾਅ ਤੇ ਲੱਗ ਗਈ ਹੈ। ਖਿਚੜੀ ਸੱਭਿਆਚਾਰ ਵਾਲਾ ਆਲਮ ਪੈਦਾ ਹੋ ਗਿਆ ਹੈ। ਪੰਜਾਬੀ ਤੋਂ ਬੇਮੁਖਤਾ ਦਾ ਉਭਾਰ ਦਿਨੋ ਦਿਨ ਹੋ ਰਿਹਾ ਹੈ। ਸਕੂਲਾਂ ਕਾਲਜਾਂ ਵਿਚ ਹਿੰਦੀ ਅੰਗਰੇਜ਼ੀ ਬੋਲਣ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ ਤੇ ਪੰਜਾਬੀ ਨੂੰ ਗਿਣੀ ਮਿਥੀ ਸਾਜ਼ਿਸ਼ ਤਹਿਤ ਛੁਟਿਆਇਆ ਜਾ ਰਿਹਾ ਹੈ। ਪੰਜਾਬੀ ਬੋਲਣ ਵਾਲੇ ਬੱਚੇ ਨੂੰ ਹਿਰਾਕਤ ਦੀ ਨਜ਼ਰ ਨਾਲ ਦੇਖਿਆ ਜਾਣ ਲੱਗਾ ਹੈ। ਮੁੱਢਲੀ ਵਿੱਦਿਆ ਦਾ ਪ੍ਰਬੰਧ ਇੰਨਾ ਨਾਕਸ ਹੈ ਜਿਸਦੀ ਕਲਪਣਾ ਵੀ ਨਹੀਂ ਕੀਤੀ ਜਾ ਸਕਦੀ। ਦੁਨੀਆ ਦੇ ਭਾਸ਼ਾ ਵਿਸ਼ੇਸ਼ੱਗ,ਸਮਾਜ ਸ਼ਾਸਤਰੀ ਤੇ ਮਨੋਵਿਗਿਆਨੀ ਇਸ ਵਿਚਾਰ ਦੀ ਬੇਸ਼ੱਕ ਪੁਰਜ਼ੋਰ ਸਥਾਪਨਾ ਕਰਦੇ ਹਨ ਕਿ ਬੱਚੇ ਨੂੰ ਸ਼ੁਰੂਅਤੀ ਤਾਲੀਮ ਉਸਦੀ ਮਾਂ ਬੋਲੀ ਵਿਚ ਦਿੱਤੀ ਜਾਏ ਤੇ ਦੁਨੀਆ ਦੇ ਸਭ ਤਰੱਕੀ ਯਾਫ਼ਤਾ ਦੇਸ਼ ਇਸ ਸਥਾਪਨਾ ਨਾਲ ਸਹਿਮਤ ਹਨ। ਫਰਾਂਸ,ਰੂਸਚੀਨਜਾਪਾਨਜਰਮਨ ਆਦਿ ਮੁਲਕਾਂ ਦੇ ਬੱਚਿਆਂ ਦੇ ਨਾਲ ਨਾਲ ਆਪਣੇ ਦੇਸ਼ ਦੀਆਂ ਹੋਰ ਸੂਬੇ ਆਪਣੀ ਭਾਸ਼ਾ ਰਾਹੀਂ ਗਿਆਨ-ਸੰਸਾਰ ਨਾਲ ਜੁੜ ਰਹੇ ਹਨ ਤੇ ਤਰੱਕੀ ਦੀਆਂ ਮੰਜ਼ਿਲਾਂ ਛੂਹ ਰਹੇ ਹਨ। ਪਰ ਪੰਜਾਬੀ ਭਾਸ਼ਾ ਦੇ ਮਾਮਲੇ ਵਿਚ ਸਾਡਾ ਬਾਬਾ ਆਦਮ ਵੱਖਰਾ ਹੀ ਹੈ। ਸਾਡੇ ਇੱਥੇ ਪ੍ਰਾਇਮਰੀ ਪੱਧਰ ਤੇ ਹੀ ਬੱਚੇ ਨੂੰ ਤ੍ਰੈਭਾਸ਼ੀ ਫਾਰਮੂਲਾ ਦੇ ਕੇ ਉਲਝਾ ਦਿੱਤਾ ਜਾਂਦਾ ਹੈ। ਸ਼ਹਿਰਾਂ ਦੇ ਅਖੌਤੀ ਪਬਲਿਕ ਸਕੂਲ ਤਾਂ ਪੰਜਾਬੀ ਵਿਚ ਗੱਲ ਕਰਨ ਵਾਲੇ ਬੱਚੇ ਨੂੰ ਸਜ਼ਾਵਾਂ ਦਿੰਦੇ ਹਨ ਤੇ ਉਨ੍ਹਾਂ ਤੋਂ ਜਬਰੀ ਗ਼ੈਰ ਪੰਜਾਬੀ ਜ਼ੁਬਾਨਾਂ ਬੁਲਵਾਉਂਦੇ ਹਨ। ਸਰਵਜਨਕ ਥਾਵਾਂ ਤੇ ਪੰਜਾਬੀ ਬੋਲਣ ਤੋਂ ਗੁਰੇਜ਼ ਕੀਤਾ ਜਾਂਦਾ ਹੈ। ਲੋਕ ਵੇਖਾ ਵੇਖੀ ਘਰਾਂਵਿੱਚੋਂ ਪੰਜਾਬੀ ਦੀਆਂ ਅਖ਼ਬਾਰਾਂ ਹਟਾ ਰਹੇ ਹਨ। ਹਮਲਾਵਰ ਰੁਚੀਆਂ ਤਹਿਤ ਹੀ ਗ਼ੈਰ ਪੰਜਾਬੀ ਅਖ਼ਬਾਰਾਂ ਸਸਤੇ ਰੇਟਾਂ ਤੇ ਘਰੋ ਘਰ ਸੁੱਟੀਆਂ ਜਾ ਰਹੀਆਂ ਹਨ। ਦੁਕਾਨਾਂਦਫ਼ਤਰਾਂ ਤੇ ਅਦਾਰਿਆਂ ਦੇ ਨਾਂ ਪੰਜਾਬੀ ਵਿਚ ਲਿਖੇ ਹੋਏ ਹੁਣ ਘੱਟ ਹੀ ਦਿਸਦੇ ਹਨ। ਘਰਾਂ ਦੇ ਬਾਹਰ ਲੱਗੀਆਂ ਨਾਂ-ਪੱਟੀਆਂ ਹੁਣ ਕਿਸੇ ਵਿਰਲੇ ਵਾਂਝੇ ਨੇ ਆਪਣੀ ਭਾਸ਼ਾ ਵਿਚ ਲਿਖਣ ਦਾ ਖ਼ਤਰਾ ਮੁੱਲ ਲਿਆ ਹੈ। ਸ਼ਹਿਰੀ ਖੇਤਰਾਂ ਵਿਚ ਤਾਂ ਹੱਦ ਹੀ ਹੋ ਗਈ ਹੈ। ਕੋਈ ਚਿੱਠੀ ਪੱਤਰ ਤੇ ਪਤਾ ਸਿਰਨਾਵਾਂ ਪੰਜਾਬੀ ਵਿਚ ਨਹੀਂ ਲਿਖਦਾ। ਕੋਈ ਵਿਆਹ ਸ਼ਾਦੀ ਦਾ ਕਾਰਡ ਪੰਜਾਬੀ ਵਿਚ ਨਹੀਂ ਛਾਪਦਾ। ਇਹ ਵੇਖਕੇ ਹੈਰਾਨੀ ਹੁੰਦੀ ਹੈ ਕਿ ਪੰਜਾਬ ਦੇ ਲਗਪਗ ਸਾਰੇ ਸ਼ਹਿਰਾਂ ਵਿਚ ਚੌਕਾਂ ਚੌਰਾਹਿਆਂ ਵਿਚ ਲੱਗੇ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਬੈਨਰ ਹੋਰਡਿੰਗ ਗ਼ੈਰ ਪੰਜਾਬੀ ਵਿਚ ਲਿਖੇ ਮਿਲਦੇ ਹਨ। ਸ਼ਹਿਰ ਦੇ ਕਿਸੇ ਚੌਕ ਵਿਚ ਖਲੋਆਸੇ ਪਾਸੇ ਵੇਖ ਇਹ ਕਿਆਸ ਹੀ ਨਹੀਂ ਕੀਤਾ ਜਾ ਸਕਦਾ ਕਿ ਇਹ ਪੰਜਾਬ ਦਾ ਕੋਈ ਸ਼ਹਿਰ ਹੈ ਜਾਂ ਕਿਸੇ ਹੋਰ ਸੂਬੇ ਦਾ। ਆਸੇ ਪਾਸੇ ਲੱਗੇ ਪੰਜਾਬੀ ਫ਼ਿਲਮਾਂਕੈਸਟਾਂਸੀਡੀਆਂ ਦੇ ਪੋਸਟਰ ਤਮਾਮ ਅੰਗਰੇਜ਼ੀ ਵਿਚ ਲੱਭਦੇ ਨੇ। ਵੰਨ ਸਵੰਨੇ ਟੀ ਵੀ ਚੈਨਲਾਂ ਨੇ ਇਸ ਸੁਥਰੀ ਤੇ ਨਿਆਰੀ ਭਾਸ਼ਾ ਦਾ ਮਖੌਲ ਉਡਾ ਕੇ ਰੱਖ ਦਿੱਤਾ ਹੈਇਨ੍ਹਾਂ ਵਿੱਚੋਂ ਕੋਈ ਵਿਰਲਾ ਵਾਂਝਾ ਹੀ ਕੋਈ ਸੂਚਨਾ ਪੰਜਾਬੀ ਵਿਚ ਦੇਣ ਦੀ ਜ਼ਹਿਮਤ ਉਠਾਉਂਦਾ ਹੈ। ਇਓਂ ਅੱਜ ਦਾ ਹਾਲ ਇਹ ਹੈ ਕਿ ਪੰਜਾਬੀ ਆਪਣੇ ਘਰ ਵਿਚ ਹੋਰ ਬੇਗ਼ਾਨੀ ਹੋ ਗਈ ਹੈ ਤੇ ਇਸ ਬੇਗ਼ਾਨੇਪਨ ਲਈ ਲਈ ਜਿੱਥੇ ਬਹੁਤ ਸਾਰੀਆਂ ਧਿਰਾਂ ਆਪਣਾ ਬਣਦਾ ਰੋਲ ਨਿਭਾ ਰਹੀਆਂ ਨੇ ਉੱਥੇ ਖੁਦ ਪੰਜਾਬੀ ਵੀ ਨਿਰਦੋਸ਼ ਨਹੀਂ। ਉਹ ਵੀ ਆਪਣੀ ਇਸ ਮਾਂਖਿਓਂ ਮਿੱਠੀਗੁਰੂਆਂ ਪੀਰਾਂ ਫ਼ਕੀਰਾਂ ਦੀ ਬੋਲੀ ਨੂੰ ਰੋਲਣ ਲਈ ਬਰਾਬਰ ਦੇ ਕਸੂਰਵਾਰ ਹਨ। ਹੋਰ ਤਾਂ ਹੋਰ ਪੰਜਾਬੀ ਸੂਬੇ ਦੀ ਕਾਇਮੀ ਲਈ ਕਦੇ ਕਮਰਕੱਸੇ ਕਰਨ ਤੇ ਸਰਕਾਰ ਦੀਆਂ ਡਾਂਗਾਂ ਤੇ ਗੋਲੀਆਂ ਖਾ ਕੇ ਸੱਤਾ ਤੇ ਕਾਬਜ਼ ਹੋ ਗਈ ਧਿਰ ਵੀ ਆਪਣੀ ਚੁੱਪ ਕਰਕੇ ਪੰਜਾਬੀ ਦੀ ਇਸ ਵਰਤਮਾਨ ਸਥਿਤੀ ਲਈ ਬਰਾਬਰ ਦੀ ਕਸੂਰਵਾਰ ਹੈ। ਇੱਥੇ ਉਰਦੂ ਸ਼ਾਇਰ ਸਰਦਾਰ ਪੰਛੀ ਦੇ ਸ਼ਿਅਰ ਨਾਲ ਮੈਂ ਇਸ ਲੇਖ ਨੂੰ ਤਾਂ ਸਮਾਪਤ ਕਰਦਾ ਹਾਂ ਪਰ ਚਿੰਤਾ ਤੇ ਚਿੰਤਨ ਲਈ ਪੰਜਾਬੀਆਂ ਨੂੰ ਆਪਣੀ ਬੋਲੀਲਿੱਪੀ ਤੇ ਆਪਣੇ ਵਿਰਸੇ ਪ੍ਰਤੀ ਹੋਰ ਵਧੇਰੇ ਸੰਜੀਦਾ ਹੋਣ ਦੀ ਅਪੀਲ ਵੀ ਕਰਦਾ ਹਾਂ।

ਕੋਈ ਦੂਜਾ ਆਪਕੋ ਬਰਬਾਦ ਕਰ ਸਕਤਾ ਨਹੀਂ
,
ਅਪਨੀ ਬਰਬਾਦੀ ਮੇਂ ਜਬ ਤੱਕ ਆਪ ਖ਼ੁਦ ਸ਼ਾਮਿਲ ਨਾ ਹੋਂ।
ਤਲਵਿੰਦਰ ਸਿੰਘਜਨਰਲ ਸਕੱਤਰਕੇਂਦਰੀ ਪੰਜਾਬੀ ਲੇਖਕ ਸਭਾ
ਫੋਨ: (ਇੰਡੀਆ)
 98721-78035
 

No comments:

Post a Comment