Friday, 13 September 2013

ਹੱਥੀਂ ਕੰਮ ਕਰਨ ਦਾ ਸਕੂਨ



ਕੋਈ ਸਮਾਂ ਸੀ ਜਦੋਂ ਹੱਥੀਂ ਕੰਮ ਕਰਨ ਵਿੱਚ ਪੰਜਾਬੀਆਂ ਦੀ ਪ੍ਰਸਿੱਧੀ ਹੁੰਦੀ ਸੀ। ਉਨ੍ਹਾਂ ਦੇ ਡੋਲਿਆਂ ’ਚ ਅੰਤਾਂ ਦਾ ਜ਼ੋਰ ਹੁੰਦਾ ਸੀ। ਹਰੇਕ ਕੰਮ ਕਰਨ ਨਾਲ ਉਨ੍ਹਾਂ ਨੂੰ ਮਾਣ ਮਹਿਸੂਸ ਹੁੰਦਾ ਸੀ। ਸਵੇਰੇ ਚਾਰ ਵਜੇ ਉੱਠ ਕੇ ਬਲਦਾਂ ਨੂੰ ਕੱਖਾਂ ਨਾਲ ਰਜਾ ਕੇ ਉਹ ਜਲਦੀ ਹੀ ਖੇਤਾਂ ਵੱਲ ਨੂੰ ਲੈ ਜਾਂਦੇ ਸਨ ਤਾਂ ਬਲਦਾਂ ਦੇ ਗਲ ਵਿੱਚ ਪਾਈਆਂ ਟੱਲੀਆਂ ਦੀ ਛਣਕਾਰ ਇਉਂ ਸੁਣਾਈ ਦਿੰਦੀ ਸੀ ਜਿਵੇਂ ਸਵੇਰੇ-ਸਵੇਰੇ ਇਲਾਹੀ ਬਾਣੀ ਦਾ ਅਲਾਪ ਹੋ ਰਿਹਾ ਹੋਵੇ। ਸੁਆਣੀਆਂ ਵੀ ਸਵੇਰੇ-ਸਵੇਰੇ ਉੱਠ ਕੇ ਬਹੁਤ ਕੰਮ ਕਰਦੀਆਂ ਸਨ। ਜਿਵੇਂ ਪਹਿਲਾਂ ਉਹ ਚੱਕੀ ਝੋਂਦੀਆਂ ਸਨ। ਫਿਰ ਆਪਣੇ ਘਰ ਦੇ ਸਾਰੇ ਨਿੱਕੇ ਮੋਟੇ ਕੰਮ ਕਰਦੀਆਂ ਸਨ। ਮੱਝਾਂ ਦੀ ਸਾਂਭ-ਸੰਭਾਲ ਕਰਨ ਤੋਂ ਲੈ ਕੇ ਹੱਥੀਂ ਦੁੱਧ ਰਿੜਕਣਾ, ਮੱਝਾਂ ਲਈ ਬੱਕਲੀਆਂ ਉਬਾਲਣਾ, ਰੋਟੀ ਪਕਾਉਣੀ ਆਦਿ ਸਾਰੇ ਕੰਮ ਆਪ ਹੀ ਕਰਦੀਆਂ ਸਨ।
ਸਾਰਾ ਕੰਮ ਧੰਦਾ ਕਰਕੇ ਸੁਆਣੀ ਭੱਤਾ ਲੈ ਕੇ ਖੇਤ ਨੂੰ ਜਾਂਦੀ ਸੀ ਜਿੱਥੇ ਉਸ ਦਾ ਪਤੀ ਬੜੀ ਬੇਸਬਰੀ ਨਾਲ ਉਸ ਦੀ ਉਡੀਕ ਕਰਦਾ ਸੀ ਅਤੇ ਇਹ ਵੀ ਕਹਿੰਦਾ ਸੀ ਕਿ ਰੋਟੀ ਆਉਣ ਤੋਂ ਪਹਿਲਾਂ ਪਹਿਲਾਂ ਕੰਮ ਨਿਬੇੜ ਲਿਆ ਜਾਵੇ। ਸਾਜਰੇ ਦੀ ਰੋਟੀ ਹੁੰਦੀ ਸੀ, ਪਾਣੀ ਹੱਥ ਦੀ ਪਕਾਈ ਬੇਸਨੀ ਰੋਟੀ ਨਾਲ ਅੰਬ ਦਾ ਅਚਾਰ, ਗੰਢਾ, ਲੱਸੀ ਆਦਿ ਹੁੰਦਾ ਸੀ। ਸੁਆਣੀ ਆਪਣੇ ਪਤੀ ਨੂੰ ਰੋਟੀ ਖੁਆਉਂਦੀ ਆਪ ਅੱਧਾ ਘੰਟਾ ਆਰਾਮ ਲੈਂਦੀ ਅਤੇ ਬਲਦ ਵੀ ਰੋਟੀ ਖਾਂਦੇ-ਖਾਂਦੇ ਥਕੇਵਾਂ ਲਾਹ ਲੈਂਦੇ ਸੀ। ਮਰਦ ਵੀ ਰੋਟੀ ਖਾ ਕੇ ਆਪਣੇ ਆਪ ਨੂੰ ਹਲਕਾ-ਫੁਲਕਾ ਮਹਿਸੂਸ ਕਰਕੇ ਦੁਬਾਰਾ ਫਿਰ ਕੰਮ ਕਰਨ ਲੱਗ ਜਾਂਦਾ ਸੀ। ਦੋ ਘੰਟੇ ਖੇਤ ਜਾਂ ਘਰ ਆ ਕੇ ਆਰਾਮ ਕਰਦਾ ਸੀ। ਉਸ ਸਮੇਂ ਤਕ ਸੁਆਣੀ ਦੁਪਹਿਰ ਦੀ ਰੋਟੀ ਬਣਾਉਂਦੀ ਸੀ ਤੇ ਫਿਰ ਤਿੰਨ ਸਾਢੇ ਤਿੰਨ ਵਜੇ ਤੋਂ ਪਿੱਛੋਂ ਖੇਤ ਕੰਮ ਕਰਨ ਦੀ ਤਿਆਰੀ ਹੋ ਜਾਂਦੀ ਸੀ।
ਆਪਣੇ ਹੱਥੀਂ ਕੰਮ ਕਰਨ ਨਾਲ ਕਿਸੇ ਨੂੰ ਕੋਈ ਲਾਇਲਾਜ ਬੀਮਾਰੀ ਨਹੀਂ ਸੀ ਲੱਗਦੀ। ਸਰੀਰ ਦਾ ਵਾਧੂ ਪਾਣੀ ਮੁੜ੍ਹਕੇ ਰਾਹੀਂ ਬਾਹਰ ਨਿਕਲ ਜਾਂਦਾ ਸੀ। ਅੱਜ ਵਾਂਗ ਬਲੱਡ ਪ੍ਰੈੱਸ਼ਰ, ਤੇਜ਼ਾਬ, ਸ਼ੂਗਰ ਆਦਿ ਬੀਮਾਰੀ ਦਾ ਨਾਂ ਹੀ ਨਹੀਂ ਸੀ ਪਤਾ ਹੁੰਦਾ। ਅੱਜ ਵੇਖਿਆ ਜਾਂਦਾ ਹੈ ਕਿ ਛੋਟੀ-ਛੋਟੀ ਉਮਰ ਦੇ ਬੱਚਿਆਂ ਨੂੰ ਨਵੀਂ ਤੋਂ ਨਵੀਂ ਬੀਮਾਰੀ ਲੱਗੀ ਹੋਈ ਹੈ। ਕੋਈ ਵੀ ਬੱਚਾ ਜਾਂ ਬਜ਼ੁਰਗ ਮਾਨਸਿਕ ਪ੍ਰੇਸ਼ਾਨੀ ਤੋਂ ਰਹਿਤ ਨਹੀਂ ਹੈ। ਇਸੇ ਮਾਨਸਿਕ ਪ੍ਰੇਸ਼ਾਨੀ ਨਾਲ ਹੀ ਅੱਗੇ ਕਾਫ਼ੀ ਬੀਮਾਰੀਆਂ ਚਿੰਬੜੀਆਂ ਹਨ।
ਅੱਜ-ਕੱਲ੍ਹ ਕੋਈ ਵੀ ਹੱਥੀਂ ਕੰਮ ਕਰਨ ਵਿੱਚ ਮਾਣ ਮਹਿਸੂਸ ਨਹੀਂ ਕਰਦਾ। ਇਸ ਦੇ ਉਲਟ ਸਗੋਂ ਹਾਨੀ ਹੀ ਸਮਝਦਾ ਹੈ। ਕੰਮ ਕਰਨ ਵਾਲਿਆਂ ਨੂੰ ਕੰਮ ’ਤੇ ਲਾ ਕੇ ਆਪਣੀ ਇੱਜ਼ਤ ਸਮਝਦਾ ਹੈ। ਘਰਾਂ ਵਿੱਚ ਰਹਿੰਦੀਆਂ ਸੁਆਣੀਆਂ ਵੀ ਰੀਸ ਨਾਲ ਕੰਮ ਕਰਨ ਵਾਲੀਆਂ ਨੂੰ ਘਰ ਵਿੱਚ ਕੰਮ ਕਰਨ ਲਈ ਲੱਭਦੀਆਂ ਫਿਰਦੀਆਂ ਹਨ। ਡਿਊਟੀ ’ਤੇ ਜਾਣ ਵਾਲੀਆਂ ਦੀ ਤਾਂ ਇਹ ਮਜਬੂਰੀ ਹੁੰਦੀ ਹੈ ਕਿ ਉਹ ਘਰ ਦਾ ਸਾਰਾ ਕੰਮ ਕਰਕੇ, ਬੱਚਿਆਂ ਨੂੰ ਤਿਆਰ ਕਰਕੇ ਸਮੇਂ ਸਿਰ ਆਪਣੀ ਡਿਊਟੀ ’ਤੇ ਨਹੀਂ ਜਾ ਸਕਦੀ। ਘਰ ਵਿੱਚ ਰਹਿੰਦੀਆਂ ਸੁਆਣੀਆਂ ਤਾਂ ਇਹ ਸਾਰਾ ਕੰਮ ਬੜੇ ਆਰਾਮ ਨਾਲ ਕਰ ਸਕਦੀਆਂ ਹਨ ਕਿਉਂਕਿ ਸਵੇਰੇ ਉਨ੍ਹਾਂ ਦੇ ਪਤੀ ਵੀ ਕੰਮ ’ਤੇ ਚਲੇ ਜਾਂਦੇ ਹਨ ਅਤੇ ਬੱਚੇ ਵੀ ਸਕੂਲ ਚਲੇ ਜਾਂਦੇ ਹਨ। ਇਸ ਤੋਂ ਬਾਅਦ ਉਨ੍ਹਾਂ ਕੋਲ ਸਾਰਾ ਦਿਨ ਘਰ ਕੰਮ ਕਰਨ ਲਈ ਕਾਫ਼ੀ ਸਮਾਂ ਹੁੰਦਾ ਹੈ।
ਜਦੋਂ ਅਸੀਂ ਕਿਸੇ ਕੰਮ ਕਰਨ ਵਾਲੀ ਤੋਂ ਕੰਮ ਕਰਾਉਂਦੇ ਹਾਂ ਤਾਂ ਕਈ ਵਾਰੀ ਉਹ ਦੋ-ਦੋ ਤਿੰਨ-ਤਿੰਨ ਦਿਨ ਕੰਮ ਕਰਨ ਆਉਂਦੀ ਹੀ ਨਹੀਂ। ਫਿਰ ਅਸੀਂ ਸਾਰਾ-ਸਾਰਾ ਦਿਨ ਉਸ ਨੂੰ ਉਡੀਕਦੇ ਰਹਿੰਦੇ ਹਾਂ। ਇਸੇ ਤਰ੍ਹਾਂ ਸਫ਼ਾਈ ਕਰਨ ਵੇਲੇ ਵੀ ਸਾਡਾ ਇਹੋ ਹਾਲ ਹੁੰਦਾ ਹੈ। ਆਖਰ ਨੂੰ ਸ਼ਾਮ ਨੂੰ ਸਫ਼ਾਈ ਕਰਨੀ ਪੈਂਦੀ ਹੈ। ਕੰਮ ਕਰਨ ਵਾਲੀਆਂ ਤਿੰਨ ਚਾਰ ਘਰਾਂ ਦੇ ਕੰਮ ਕਰਦੀਆਂ ਹੁੰਦੀਆਂ ਹਨ। ਇਸ ਲਈ ਜਦੋਂ ਕੱਪੜੇ ਤਿੰਨ ਦਿਨਾਂ ਦੇ ਇਕੱਠੇ ਹੋ ਜਾਂਦੇ ਹਨ, ਫਿਰ ਉਹ ਕੱਪੜਿਆਂ ਨੂੰ ਕਿੰਨਾ ਕੁ ਮਨ ਲਾ ਕੇ ਧੋਣਗੀਆਂ, ਆਪਾਂ ਸਮਝ ਸਕਦੇ ਹਾਂ।
ਨੌਜਵਾਨ ਮੁੰਡੇ ਵੀ ਕੰਮ ਨੂੰ ਹੱਥ ਲਾ ਕੇ ਰਾਜ਼ੀ ਨਹੀਂ। ਉਨ੍ਹਾਂ ਨੂੰ ਤਾਂ ਵਿਹਲੇ ਰਹਿਣ ਦਾ ਸੁਭਾਅ ਥੋੜ੍ਹਾ ਜ਼ਿਆਦਾ ਹੀ ਪੈ ਗਿਆ ਹੈ। ਨੌਜਵਾਨਾਂ ਦਾ ਕੰਮ ਨਾ ਕਰਨ ਦੇ ਕਾਰਨ ਹੀ ਪੰਜਾਬ ਵਿੱਚ ਸੀਜ਼ਨ ਦੇ ਸਮੇਂ ਮਜ਼ਦੂਰਾਂ ਦੀਆਂ ਗੱਡੀਆਂ ਭਰ ਕੇ ਆਉਂਦੀਆਂ ਹਨ
ਅੱਜ-ਕੱਲ੍ਹ ਦੇ ਬੱਚੇ ਸਿਰਫ਼ ਪੜ੍ਹਨ ਨੂੰ ਹੀ ਆਪਣਾ ਸਾਰਾ ਕੰਮ ਸਮਝਦੇ ਹਨ। ਉਹ ਜਾਂ ਤਾਂ ਪੜ੍ਹਦੇ ਹਨ ਜਾਂ ਫਿਰ ਟੀ.ਵੀ. ਅਤੇ ਲੈਪਟੌਪ ਦੇ ਅੱਗੇ ਹੁੰਦੇ ਹਨ। ਘਰ ਦੇ ਕੰਮਾਂ ਦੀ ਉਨ੍ਹਾਂ ਨੂੰ ਜਾਚ ਹੀ ਨਹੀਂ ਹੁੰਦੀ। ਕੁੜੀਆਂ ਵੀ ਰਸੋਈ ਵਿੱਚ ਕੰਮ ਕਰਨ ਤੋਂ ਇਸ ਤਰ੍ਹਾਂ ਡਰਦੀਆਂ ਹਨ ਜਿਵੇਂ ਉਨ੍ਹਾਂ ਉੱਤੇ ਕੋਈ ਪਹਾੜ ਡਿੱਗ ਪਵੇਗਾ ਜੇ ਉਹ ਰਸੋਈ ਵਿੱਚ ਕੰਮ ਕਰਨ ਜਾ ਵੜੀਆਂ ਜਦੋਂਕਿ ਰਸੋਈ ਦਾ ਕੰਮ ਹਰੇਕ ਔਰਤ ਲਈ ਲਾਜ਼ਮੀ ਹੀ ਹੁੰਦਾ ਹੈ। ਉਸ ਤੋਂ ਮਨ ਚਰਾਉਣਾ ਕਿੱਥੋਂ ਦੀ ਸਿਆਣਪ ਹੈ।
ਕਈ ਵਾਰ ਦੇਖਣ ਵਿੱਚ ਆਉਂਦਾ ਹੈ ਕਿ ਘਰੇਲੂ ਔਰਤਾਂ ਟੀ.ਵੀ. ਅੱਗੇ ਬੈਠ ਕੇ ਲਗਾਤਾਰ ਨਾਟਕ ਦੇਖਦੀਆਂ ਰਹਿੰਦੀਆਂ ਹਨ। ਕੰਮ ਵਾਲੀ ਕੰਮ ਕਰਦੀ ਰਹਿੰਦੀ ਹੈ। ਉਨ੍ਹਾਂ ਨੂੰ ਜੇ ਨਾਟਕ ਦੇ ਵਿਚਕਾਰ ਦੀ ਉੱਠ ਕੇ ਚਾਹ ਬਗੈਰਾ ਕਰਨੀ ਪੈ ਜਾਵੇ ਤਾਂ ਉਹ ਜਦੋਂ ਤਕ ਨਾਟਕ ਵਿੱਚ ਮਸ਼ਹੂਰੀ ਨਹੀਂ ਆਉਂਦੀ ਉਦੋਂ ਤਕ ਚਾਹ ਕਰਨ ਨਹੀਂ ਉੱਠਦੀਆਂ। ਨਾਟਕ ਦੇਖਦਿਆਂ-ਦੇਖਦਿਆਂ ਉਹ ਕੁਝ ਨਾ ਕੁਝ ਖਾਈ ਵੀ ਜਾਂਦੀਆਂ ਹਨ। ਇਸ ਲਈ ਉਨ੍ਹਾਂ ਨੂੰ ਹੌਲੀ-ਹੌਲੀ ਮੁਟਾਪਾ ਘੇਰ ਲੈਂਦਾ ਹੈ ਜੋ ਕਿ ਸਾਰੀ ਉਮਰ ਫਿਰ ਗਲੋਂ ਲਾਹੁਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਫਿਰ ਤਾਂ ਇਹ ਹੱਡਾਂ ਦੇ ਨਾਲ ਹੀ ਜਾਂਦਾ ਹੈ।
ਜਦੋਂ ਅਸੀਂ ਪੜ੍ਹਦੇ ਸੀ ਤਾਂ ਪੜ੍ਹਾਈ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੇ ਕੰਮ ਕਰਦੀਆਂ ਸੀ ਜਿਵੇਂ ਤਾਣੀ ਉਣਨਾ, ਖੇਸ-ਖੇਸੀਆਂ ਉਣਨਾ, ਕੱਢਣਾ ਕੱਤਣਾ ਆਦਿ। ਕੰਮ ਕਰਕੇ ਮਨ ਨੂੰ ਜੋ ਸਕੂਨ ਮਿਲਦਾ ਹੈ ਉਹ ਦੂਜਿਆਂ ਤੋਂ ਕਰਵਾ ਕੇ ਕਦੇ ਵੀ ਨਹੀਂ ਮਿਲਦਾ। ਕੰਮ ਕਰਦੇ ਸਮੇਂ ਮਨੁੱਖ ਦੇ ਮਨ ’ਤੇ ਕੋਈ ਟੈਨਸ਼ਨ ਨਹੀਂ ਰਹਿੰਦੀ ਕਿਉਂਕਿ ਕਹਿੰਦੇ ਹਨ ‘ਵਿਹਲਾ ਮਨ ਸ਼ੈਤਾਨ ਦਾ ਘਰ’। ਜਦੋਂ ਅਸੀਂ ਵਿਹਲੇ  ਰਹਿੰਦੇ ਹਾਂ ਤਾਂ ਮਨ ਜ਼ਰੂਰ ਕਿਸੇ ਨਾ ਕਿਸੇ ਔਖ-ਸੌਖ ਵਿੱਚ ਤੁਰ ਜਾਂਦਾ ਹੈ, ਜਿਸ ਨਾਲ ਕਈ ਵਾਰ ਸਾਡਾ ਬਲੱਡ ਪ੍ਰੈੱਸ਼ਰ ਵੀ ਵਧ ਜਾਂਦਾ ਹੈ। ਇਸ ਤਰ੍ਹਾਂ ਸਾਨੂੰ ਅੱਗੇ ਦੀ ਅੱਗੇ ਕਈ ਕਿਸਮ ਦੀਆਂ ਬੀਮਾਰੀਆਂ ਵੀ ਲੱਗ ਜਾਂਦੀਆਂ ਹਨ। ਜੇ ਅਸੀਂ ਹੱਥੀਂ ਕੰਮ ਕਰਨ ਦੀ ਆਦਤ ਪਾ ਲਈਏ ਤਾਂ ਇਹ ਕੋਈ ਬਹੁਤਾ ਮੁਸ਼ਕਲ ਕੰਮ ਨਹੀਂ ਹੈ। ਸਰੀਰ ਨੂੰ ਜਿਹੋ ਜਿਹਾ ਅਸੀਂ ਬਣਾ ਲੈਂਦੇ ਹਾਂ ਉਹੋ ਜਿਹਾ ਹੀ ਬਣ ਜਾਂਦਾ ਹੈ। ਹੱਥੀਂ ਕੰਮ ਕਰਨ ਦੇ ਸਾਨੂੰ ਕਿੰਨੇ ਹੀ ਫਾਇਦੇ ਹਨ। ਪਹਿਲਾਂ ਤਾਂ ਸਾਨੂੰ ਕੰਮ ਕਰਨ ਦਾ ਸਕੂਨ ਮਿਲਦਾ ਹੈ। ਫਿਰ ਸਾਡੇ ਪੈਸੇ ਦੀ ਬੱਚਤ ਹੁੰਦੀ ਹੈ। ਸਾਨੂੰ ਬੀਮਾਰੀਆਂ ਵੀ ਘੱਟ ਲੱਗਣਗੀਆਂ ਕਿਉਂਕਿ ਜਦੋਂ ਅਸੀਂ ਕੰਮ ਕਰਾਂਗੇ ਤਾਂ ਵਾਧੂ ਪਾਣੀ ਸਾਡੇ ਸਰੀਰ ਵਿੱਚੋਂ ਮੁੜ੍ਹਕੇ ਰਾਹੀਂ ਬਾਹਰ ਨਿਕਲਦਾ ਰਹੇਗਾ। ਅਸੀਂ ਆਮ ਦੇਖਦੇ ਹਾਂ ਕਿ ਕੰਮ ਕਰਨ ਵਾਲੇ ਬੰਦਿਆਂ ਨੂੰ ਬਹੁਤ ਘੱਟ ਬੀਮਾਰੀਆਂ ਲੱਗਦੀਆਂ ਹਨ। ਵਿਹਲੇ ਬੈਠਿਆਂ ਦੀ ਚਰਬੀ ਵਧਦੀ ਰਹਿੰਦੀ ਹੈ ਜੋ ਬੀਮਾਰੀਆਂ ਦਾ ਮੁੱਖ ਕਾਰਨ ਬਣਦੀ ਹੈ।

-ਅਮਰਜੀਤ ਕੌਰ ਝੁਨੀਰ


No comments:

Post a Comment