Friday, 13 September 2013

ਹਰਿਆ ਤੇ ਭਾਗੀਂ ਭਰਿਆ



ਪੰਜਾਬੀ ਦੇ ਲੋਕ ਗੀਤ ਰੂਪਾਂ ਵਿੱਚੋਂ ਇੱਕ ਰੂਪ ‘ਹਰਿਆ’ ਹੈ। ਇਹ ਮੁੰਡੇ ਦੇ ਜਨਮ ’ਤੇ ਉਸ ਦੇ ਮਾਪਿਆਂ ਦੇ ਘਰ, ਔਰਤਾਂ ਵੱਲੋਂ ਗਾਇਆ ਜਾਂਦਾ ਹੈ। ਪੰਜਾਬ ਦੇ ਬਹੁਤੇ ਲੋਕ ਗੀਤਾਂ ਦਾ ਸਬੰਧ ਕਿਸੇ ਨਾ ਕਿਸੇ ਰੀਤ ਨਾਲ ਜੁੜਿਆ ਹੋਇਆ ਹੈ ਜਿਵੇਂ ਵਿਆਹ ਦੀਆਂ ਰਸਮਾਂ ਨਿਭਾਉਂਦੇ ਸਮੇਂ ਵਿਆਹੁਲੀ ਕੁੜੀ ਦੇ ਗੁੱਟ ’ਤੇ ਉਸ ਦੀ ਰੱਖਿਆ ਲਈ ਗਾਨਾ ਬੰਨ੍ਹਣ ਸਮੇਂ ਗੀਤ ਗਾਏ ਜਾਂਦੇ ਹਨ, ਉਸੇ ਤਰ੍ਹਾਂ ‘ਹਰਿਆ’ ਗੀਤ ਰੂਪ ਦਾ ਸਬੰਧ ਮੁੰਡੇ ਦੇ ਜਨਮ ਉਪਰੰਤ ਨਿਭਾਈ ਜਾਂਦੀ ਇੱਕ ਰੀਤ ਨਾਲ ਸਬੰਧਤ ਹੈ। ਵਣਜਾਰਾ ਬੇਦੀ ਦੁਆਰਾ ਸੰਗ੍ਰਹਿਤ ‘ਪੰਜਾਬੀ ਲੋਕ-ਧਾਰਾ ਵਿਸ਼ਵ-ਕੋਸ਼’ ਦੀ ਜਿਲਦ ਪੰਜ ਅਨੁਸਾਰ ‘ਹਰਿਆ’ ਸ਼ਬਦ ਦੇ ਅਰਥ ‘ਕਿਸਾਨ’, ‘ਪ੍ਰਭੂ ਦਾ ਉਪਾਸ਼ਕ’ ਜਾਂ ‘ਭਗਤ’ ਹਨ। ਸਮੇਂ ਦੇ ਬਦਲਣ ਨਾਲ ‘ਹਰਿਆ’ ਸ਼ਬਦ ਨੇ ਆਪਣੇ ਅਰਥਾਂ ਵਿੱਚ ਵਿਸਤਾਰ ਕੀਤਾ ਅਤੇ ਇਹ ਨਵ-ਜੰਮੇ ਬਾਲ ਖ਼ਾਸ ਕਰਕੇ ਮੁੰਡੇ ਲਈ ਪ੍ਰਚਲਤ ਹੋ ਗਿਆ ਅਤੇ ਮੁੰਡੇ ਦੇ ਜਨਮ ’ਤੇ ਗਾਏ ਜਾਣ ਵਾਲੇ ਗੀਤਾਂ ਨੂੰ ਵੀ ‘ਹਰਿਆ’ ਨਾਂ ਨਾਲ ਜਾਣਿਆ ਜਾਣ ਲੱਗ ਪਿਆ ਹੈ।
ਪੰਜਾਬੀ ਸਮਾਜ, ਮਰਦ ਪ੍ਰਧਾਨ ਸਮਾਜ ਹੈ। ਇੱਥੇ ਇਹ ਮੰਨਿਆ ਜਾਂਦਾ ਹੈ ਕਿ ਪੁੱਤ ਹੀ ਮਨੁੱਖ ਦੀ ਜੜ੍ਹ ਲਾ ਸਕਦੇ ਹਨ ਭਾਵ ਕੁਲ ਨੂੰ ਅੱਗੇ ਤੋਰ ਸਕਦੇ ਹਨ। ਇਸ ਲਈ ਇੱਥੇ ਪੁੱਤਾਂ ਦੀ ਹੋਂਦ ਮੁੱਖ ਲੋੜ ਵਜੋਂ ਕੰਮ ਕਰਦੀ ਹੈ। ਹਰ ਮਰਦ ਦੀ ਇੱਛਾ ਹੁੰਦੀ ਹੈ ਕਿ ਉਹ ਪੁੱਤ ਦਾ ਪਿਤਾ ਬਣੇ। ਜਦੋਂ ਉਸ ਦਾ ਇਹ ਸੁਪਨਾ ਸਾਕਾਰ ਹੁੰਦਾ ਹੈ ਤਾਂ ਉਸ ਦੇ ਨਾਲ-ਨਾਲ ਸਾਰਾ ਪਰਿਵਾਰ ਖ਼ੁਸ਼ੀ ਵਿੱਚ ਫੁੱਲਿਆ ਨਹੀਂ ਸਮਾਉਂਦਾ। ਪਰਿਵਾਰ ਦੇ ਸਾਰੇ ਮੈਂਬਰ ਆਪਣੀਆਂ ਖ਼ੁਸ਼ੀਆਂ ਨੂੰ ਬੁੱਕਾਂ ਭਰ ਭਰ ਵੰਡਦੇ ਹਨ। ਨਵੇਂ ਜੰਮੇ ਬਾਲ ਨਾਲ ਆਪਣੇ ਰਿਸ਼ਤੇ ਮੁਤਾਬਕ ਵੱਖੋ-ਵੱਖਰੇ ਢੰਗ ਨਾਲ ਖ਼ੁਸ਼ੀ ਸਾਂਝੀ ਕੀਤੀ ਜਾਂਦੀ ਹੈ। ਮੁੰਡੇ ਦਾ ਪਿਤਾ ਆਪਣੇ ਭਰਾਵਾਂ, ਦੋਸਤਾਂ ਅਤੇ ਸਕੇ-ਸਬੰਧੀਆਂ ਨੂੰ ਪਾਰਟੀਆਂ ਦਿੰਦਾ ਹੈ। ਮੁੰਡੇ ਦੇ ਨਾਨਕਿਆਂ ਅਤੇ ਦਾਦਕਿਆਂ ਨੂੰ ਗੁੜ, ਪਤਾਸੇ, ਲੱਡੂ ਜਾਂ ਮਠਿਆਈ ਦੇ ਡੱਬੇ ਵੰਡੇ ਜਾਂਦੇ ਹਨ। ਮੂੰਹ ਮਿੱਠਾ ਕਰਨ ਉਪਰੰਤ ਰਿਸ਼ਤੇਦਾਰ, ਆਂਢ-ਗੁਆਂਢ, ਨਾਨਕੇ ਅਤੇ ਦਾਦਕੇ ਨਵ-ਜੰਮੇ ਮੁੰਡੇ ਦਾ ਮੂੰਹ ਦੇਖਣ ਅਤੇ ਸ਼ਗਨ ਦੇਣ ਆਉਂਦੇ ਹਨ। ਇਸ ਤਰ੍ਹਾਂ ਮੁੰਡੇ ਦੇ ਜਨਮ ਉਪਰੰਤ ਖ਼ੁਸ਼ੀਆਂ ਵੰਡਣ ਦੀਆਂ ਇਨ੍ਹਾਂ ਰਸਮਾਂ ਵਿੱਚੋਂ ਹੀ ਇੱਕ ਰਸਮ ‘ਹਰਿਆ’ ਗੀਤ ਰੂਪ ਨਾਲ ਸਬੰਧਤ ਹੈ।
ਜਦੋਂ ਘਰ ਵਿੱਚ ਮੁੰਡਾ ਜਨਮ ਲੈਂਦਾ ਹੈ ਤਾਂ ਸ਼ਰੀਂਹ ਜਾਂ ਅੰਬ ਦੇ ਪੱਤਿਆਂ ਨੂੰ ਮੌਲੀ (ਸ਼ਗਨਾਂ ਦਾ ਧਾਗਾ) ਨਾਲ ਬੰਨ੍ਹ ਕੇ ਘਰ ਦੇ ਮੁੱਖ ਦਰਵਾਜ਼ੇ ਦੀ ਚੁਗਾਠ ਉੱਪਰ, ਦਰਵਾਜ਼ੇ ਦੇ ਦੋਵੇਂ ਪਾਸੇ ਇਸ ਤਰ੍ਹਾਂ ਬੰਨ੍ਹਿਆ ਜਾਂਦਾ ਹੈ ਜਿਸ ਤਰ੍ਹਾਂ ਵਿਆਹੁਲੇ ਮੁੰਡੇ ਦੇ ਮੱਥੇ ’ਤੇ ਸਿਹਰਾ ਬੰਨ੍ਹਿਆ ਜਾਂਦਾ ਹੈ। ਕਈ ਲੋਕ ਇਸ ਧਾਗੇ ਵਿੱਚ ਗ਼ੁਬਾਰੇ, ਖਿਡੌਣੇ ਜਾਂ ਨਵ-ਜੰਮੇ ਬਾਲ ਦਾ ਮਨ ਪਰਚਾਉਣ ਵਾਲੇ ਛਣਕਣੇ ਵੀ ਬੰਨ੍ਹ ਦਿੰਦੇ ਹਨ। ਸ਼ਰੀਂਹ (ਪੱਤਿਆਂ ਦਾ ਸਿਹਰਾ) ਬੰਨ੍ਹਣ ਉਪਰੰਤ ਸਾਰੇ ਪਿੰਡ ਵਿੱਚ ਪਤਾ ਲੱਗ ਜਾਂਦਾ ਹੈ ਕਿ ਫਲਾਣੇ (ਮੁੰਡੇ ਦੇ ਦਾਦੇ ਦਾ ਨਾਂ) ਦੇ ਘਰ ਪੋਤੇ ਨੇ ਜਨਮ ਲਿਆ ਹੈ। ਸ਼ਰੀਂਹ ਟੰਗਣ ਕਰਕੇ ਦਰਵਾਜ਼ੇ ਮੂਹਰਿਓਂ ਲੰਘਣ ਵਾਲੇ ਹਰ ਪੰਜਾਬੀ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਇਸ ਘਰ ਵਿੱਚ ਮੁੰਡੇ ਦਾ ਜਨਮ ਹੋਇਆ ਹੈ। ਇਹ ਖ਼ਬਰ ਛੇਤੀ ਹੀ ਖੁਸਰਿਆਂ ਕੋਲ ਵੀ ਪਹੁੰਚ ਜਾਂਦੀ ਹੈ। ਉਹ ਵੀ ਆਪਣਾ ਲਾਗ ਲੈਣ ਭਾਵ ਆਪਣੀ ਖ਼ੁਸ਼ੀ ਵੰਡਾਉਣ ਉਸ ਘਰ ਪਹੁੰਚ ਜਾਂਦੇ ਹਨ।
ਸ਼ਰੀਂਹ ਪਿੰਡ ਦੇ ਨਾਈ ਜਾਂ ਲਾਗੀ ਵੱਲੋਂ ਬੰਨ੍ਹੇ ਜਾਂਦੇ ਹਨ। ਇਸ ਦੇ ਬਦਲੇ ਵਿੱਚ ਉਹ ਘਰਦਿਆਂ ਦੀ ਖ਼ੁਸ਼ੀ ਨੂੰ ਵੰਡਾਉਂਦਿਆਂ ਆਪਣਾ ਲਾਗ ਲੈਂਦਾ ਹੈ। ਭਾਵ ਸ਼ਰੀਂਹ ਬੰਨ੍ਹਣ ਦੇ ਇਵਜ਼ ਵਜੋਂ ਉਸ ਦਾ ਮੂੰਹ ਮਿੱਠਾ ਕਰਾ ਕੇ ਆਪਣੇ ਵਿੱਤ ਮੁਤਾਬਕ ਕੁਝ ਰੁਪਏ ਦਿੱਤੇ ਜਾਂਦੇ ਹਨ। ਲਾਗ ਲੈ ਕੇ ਉਹ ਮੁੰਡੇ ਦੇ ਘਰਦਿਆਂ ਅਤੇ ਨਵ-ਜੰਮੇ ਬਾਲ ਨੂੰ ਵਧਣ-ਫੁੱਲਣ, ਲੰਮੀ ਉਮਰ ਭੋਗਣ ਅਤੇ ਸੁੱਖ ਮਾਣਨ ਦੀਆਂ ਅਸੀਸਾਂ ਦਿੰਦਿਆਂ ਵਾਪਸ ਜਾਂਦਾ ਹੈ। ਘਰ ਦੇ ਦਰਵਾਜ਼ੇ ’ਤੇ ਹਰੇ ਪੱਤੇ ਬੰਨ੍ਹਣ ਦਾ ਸਬੰਧ ਪਰਿਵਾਰ ਰੂਪੀ ਵੇਲ ਵਧਣ ਨਾਲ ਹੈ ਭਾਵ ਜਨਮ ਲੈਣ ਵਾਲੇ ਮੁੰਡੇ ਨਾਲ ਸਬੰਧਤ ਕੁਲ ਦੀ ਜੜ੍ਹ ਹਰੀ ਹੋਈ ਹੈ। ਇਸੇ ਜੜ੍ਹ ਨੇ ਵੱਡੇ ਹੋ ਕੇ ਅੱਗੋਂ ਪਰਿਵਾਰ ਦੀ ਵੇਲ ਨੂੰ ਵਧਾਉਣਾ ਹੁੰਦਾ ਹੈ। ਇਸ ਲਈ ਅਜਿਹੇ ਸ਼ੁਭ ਸਮੇਂ ’ਤੇ ‘ਹਰਿਆ’ ਗੀਤ ਰੂਪ ਗਾਇਆ ਜਾਂਦਾ ਰਿਹਾ ਹੈ। ਘਰ ਦੇ ਦਰਵਾਜ਼ੇ ’ਤੇ  ਬੰਨ੍ਹੇ ਗਏ ਹਰੇ ਪੱਤੇ ਪਰਿਵਾਰ ਵਿੱਚ ਹੋਏ ਵਾਧੇ ਨੂੰ ਦਰਸਾਉਂਦੇ ਹਨ।
ਬੱਚੇ ਦੇ ਜਨਮ ਨਾਲ ਸਬੰਧਤ ਗੀਤਾਂ ਵਿੱਚੋਂ ‘ਹਰਿਆ’ ਗੀਤ ਉਹ ਹੁੰਦੇ ਹਨ ਜਿਨ੍ਹਾਂ ਵਿੱਚ ਹਰਿਆ ਸ਼ਬਦ ਦੀ ਵਰਤੋਂ ਵਾਰ-ਵਾਰ ਕੀਤੀ ਜਾਂਦੀ ਹੈ ਅਤੇ ਇਹ ਸ਼ਬਦ ਪੁੱਤ ਲਈ ਵਰਤਿਆ ਜਾਂਦਾ ਹੈ:
ਹਰਿਆ ਨੀਂ ਮਾਏ, ਭਰਿਆ ਨੀਂ ਮਾਏ! 
ਜਿਤ ਦਿਹਾੜੇ ਮੇਰਾ ਹਰਿਆ ਨੀਂ ਜੰਮਿਆ
ਸੋਈ ਦਿਹਾੜਾ ਭਾਗੀਂ ਭਰਿਆ ਨੀਂ ਮਾਏ!
ਇਨ੍ਹਾਂ ਗੀਤਾਂ ਵਿੱਚ ਮਾਂ ਦੀਆਂ ਪੁੱਤ ਪ੍ਰਤੀ ਰੀਝਾਂ ਅਤੇ ਇੱਛਾਵਾਂ ਦਾ ਭਾਵਪੂਰਨ ਪ੍ਰਗਟਾਵਾ ਕੀਤਾ ਜਾਂਦਾ ਹੈ। ਬਾਲ ਭਾਵੇਂ ਗਰੀਬ ਘਰ ਵਿੱਚ ਜਨਮਦਾ ਹੈ ਪਰ ਫਿਰ ਵੀ ਹਰਿਆ ਗੀਤਾਂ ਰਾਹੀਂ ਉਸ ਦਾ ਸਬੰਧ ਪੱਟ ਭਾਵ ਰੇਸ਼ਮੀ ਕੱਪੜਿਆਂ ਦੀ ਵਰਤੋਂ ਕਰਨ ਵਾਲੇ ਚੰਗੇ-ਖ਼ਾਸੇ ਘਰ-ਪਰਿਵਾਰ ਨਾਲ ਜੋੜਿਆ ਜਾਂਦਾ ਹੈ:
ਜੰਮਦੜਾ ਹਰਿਆ ਪੱਟ ਨੀਂ ਵਲ੍ਹੇਟਿਆ
ਕੁਝ ਦਿਉ ਇਨ੍ਹਾਂ ਮਾਈਆਂ। 
ਮਾਈਆਂ ਤੇ ਦਾਈਆਂ,
ਨਾਲੇ ਸਕੀਆਂ ਭਰਜਾਈਆਂ,
ਹੋਰ ਚਾਚੇ-ਤਾਏ ਦੀਆਂ ਜਾਈਆਂ।
ਪੰਜਾਬ ਖੇਤੀ ਪ੍ਰਧਾਨ ਰਾਜ ਹੈ। ਇਸ ਲਈ ਇੱਥੇ ਨਵੇਂ ਜੰਮੇ ਬਾਲ ਨੂੰ ‘ਹਰਿਆ’ ਕਹਿ ਕੇ ਬੁਲਾਉਣਾ ਕੁਦਰਤੀ ਹੈ। ਇੱਥੇ ਬੱਚੇ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ। ਇਸ ਕਰਕੇ ਬੱਚੇ ਦੇ ਜਨਮ ਨਾਲ ਘਰ ਵਿੱਚ ਹਰੀ (ਪਰਮਾਤਮਾ) ਦਾ ਆਉਣਾ ਮੰਨਿਆ ਜਾਂਦਾ ਹੈ। ਹਰੀ ਦੇ ਘਰ ਵਿੱਚ ਪੈਰ ਪਾਉਣ ਨਾਲ ਇਨ੍ਹਾਂ ਗੀਤਾਂ ਨੂੰ ਹਰਿਆ ਕਿਹਾ ਜਾਣ ਲੱਗਿਆ।
ਹਰਿਆ ਸ਼ਬਦ ਦੇ ਆਪਣੇ ਅਰਥ ਮੌਲਣ, ਵਧਣ-ਫੁੱਲਣ ਅਤੇ ਵਿਗਸਣ ਨਾਲ ਸਬੰਧ ਰੱਖਦੇ ਹਨ। ਘਰ ਵਿੱਚ ਪਹਿਲੇ ਬੱਚੇ ਦੇ ਜਨਮ ’ਤੇ ਮੁਹਾਵਰਾ ਵਰਤਿਆ ਜਾਂਦਾ ਹੈ ਕਿ ਉਸ ਦੀ (ਮੁੰਡੇ ਦੀ ਮਾਂ ਦਾ ਨਾਂ ਲੈ ਕੇ) ਕੁੱਖ ਹਰੀ ਹੋ ਗਈ ਹੈ।
‘ਹਰਿਆ’ ਨਾਂ ਨਾਲ ਜਾਣੇ ਜਾਂਦੇ ਗੀਤ ਮੁੰਡੇ ਦੇ ਵਿਆਹ ’ਤੇ ਵੀ ਗਾਏ ਜਾਂਦੇ ਹਨ। ਇਸ ਗੀਤ ਦੇ ਦੋਵਾਂ ਰੂਪਾਂ ਵਿੱਚ ਫ਼ਰਕ ਕੇਵਲ ਇੰਨਾ ਕੁ ਹੁੰਦਾ ਹੈ ਕਿ ਮੁੰਡੇ ਦੇ ਜਨਮ ਨਾਲ ਸਬੰਧਤ ਗੀਤਾਂ ਵਿੱਚ ਖ਼ੁਸ਼ੀ ਸਾਂਝੀ ਕਰਦਿਆਂ ਚੀਜ਼ਾਂ ਲੈਣ-ਦੇਣ ’ਤੇ ਆ ਕੇ ਗੀਤ ਸਮਾਪਤ ਹੋ ਜਾਂਦੇ ਹਨ ਪਰ ਵਿਆਹ ਨਾਲ ਸਬੰਧਤ ‘ਹਰਿਆ’ ਗੀਤਾਂ ਵਿੱਚ ਮੁੰਡੇ ਦੇ ਜਨਮ ਦੀ ਖ਼ੁਸ਼ੀ ਸਾਂਝੀ ਕਰਨ ਉਪਰੰਤ ਉਸ ਦੇ ਮੱਥੇ ’ਤੇ ਬੰਨ੍ਹੇ ਜਾਣ ਵਾਲੇ ਸਿਹਰੇ ਨਾਲ ਸਬੰਧਤ ਬੰਦ ਗਾਏ ਜਾਂਦੇ ਹਨ, ਜਿਵੇਂ:
ਹਰਿਆ ਨੀਂ ਮਾਲਣ, ਹਰਿਆ ਨੀਂ ਭੈਣੇ
ਹਰਿਆ ਤੇ ਭਾਗੀਂ ਭਰਿਆ ਨੀਂ ਭੈਣੇ। 
ਜਿਤ ਦਿਹਾੜੇ ਮੇਰਾ ਹਰਿਆ ਨੀਂ ਜੰਮਿਆ,
ਸੋਈਓ ਦਿਹਾੜਾ ਭਾਗੀਂ ਭਰਿਆ।
ਜੰਮਦਾ ਤਾਂ ਹਰਿਆ ਪੱਟ-ਲਪੇਟਿਆ
ਕੁੱਛੜ ਦਿਓ ਨੀਂ ਇਨ੍ਹਾਂ ਮਾਈਆਂ। 
ਨ੍ਹਾਤਾ ਤੇ ਧੋਤਾ ਹਰਿਆ ਪੱਟ-ਲਪੇਟਿਆ
ਕੁੱਛੜ ਦਿਓ ਸਕੀਆਂ ਭੈਣਾਂ। 
ਕੀ ਕੁਝ ਮਿਲਿਆ ਦਾਈਆਂ ਤੇ ਮਾਈਆਂ 
(ਦਾਈਆਂ- ਬੱਚੇ ਨੂੰ ਜਨਮ ਦਿਵਾਉਣ ਵਾਲੀਆਂ ਔਰਤਾਂ)
ਕੀ ਕੁਝ ਮਿਲਿਆ ਸਕੀਆਂ ਭੈਣਾਂ। 
ਪੰਜ ਰੁਪਏ ਇਨ੍ਹਾਂ ਦਾਈਆਂ ਤੇ ਮਾਈਆਂ
ਪੱਟ ਦਾ ਤੇਵਰ ਸਕੀਆਂ ਭੈਣਾਂ। 
(ਪੱਟ ਦਾ ਤੇਵਰ- ਕੀਮਤੀ ਸੂਟ, ਸਲਵਾਰ ਤੇ ਚੁੰਨੀ)
ਪੁੱਛਦੀ-ਪੁਛਾਂਦੀ ਮਾਲਣ ਆਈ ਗਲੀ ਵਿੱਚ
ਸ਼ਾਦੀ ਵਾਲਾ ਘਰ ਕਿਹੜਾ। 
ੳੱੁਚੜੇ ਤੰਬੂ ਮਾਲਣ ਸਬਜ਼ ਕਨਾਤਾਂ
ਸ਼ਾਦੀ ਵਾਲਾ ਘਰ ਇਹੋ। 
ਆ ਮੇਰੀ ਮਾਲਣ ਬੈਠ ਦਲ੍ਹੀਜ਼ੇ  
(ਦਲ੍ਹੀਜ਼ੇ – ਘਰ ਦੀ ਦਹਿਲੀਜ਼)
ਕਰ ਨੀਂ ਸਿਹਰੇ ਦਾ ਮੁੱਲ। 
ਇੱਕ ਲੱਖ ਚੰਬਾ, ਦੋ ਲੱਖ ਮਰੂਆ
ਤੇ ਤਿੰਨ ਲੱਖ ਸਿਹਰੇ ਦਾ ਮੁੱਲ। 
ਲੈ ਮੇਰੀ ਮਾਲਣ, ਬੰਨ੍ਹ ਨੀਂ ਸਿਹਰਾ
ਬੰਨ੍ਹ ਨੀਂ ਲਾਲ ਜੀ ਦੇ ਮੱਥੇ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮੁੰਡੇ ਦੇ ਜਨਮ ਉਪਰੰਤ ਦਰਵਾਜ਼ੇ ਦੀ ਚੁਗਾਠ ’ਤੇ ਸ਼ਰੀਂਹ ਬੰਨ੍ਹਣ ਉਪਰੰਤ ਗਾਏ ਜਾਂਦੇ ਲੋਕ ਗੀਤਾਂ ਨੂੰ ਹਰਿਆ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਮੁੰਡੇ ਦੇ ਵਿਆਹ ’ਤੇ ਲੱਗਦੀਆਂ ਰਾਤ ਦੀਆਂ ਗੌਣ ਮਹਿਫ਼ਲਾਂ ਵਿੱਚ ਵੀ ਹਰਿਆ ਗਾ ਕੇ ਮਾਹੌਲ ਨੂੰ ਰਮਣੀਕ ਬਣਾਇਆ ਜਾਂਦਾ ਹੈ।

-ਡਾ. ਰਾਜਵੰਤ ਕੌਰ ਪੰਜਾਬੀ
* ਸੰਪਰਕ: 85678-86223


No comments:

Post a Comment