Friday, 13 September 2013

ਮਾਵਾਂ ਠੰਢੀਆਂ ਛਾਵਾਂ



ਮਾਂ ਦੀ ਗੋਦੀ ਜਿਹਾ ਨਿੱਘ ਤੁਹਾਨੂੰ ਕਿਤੇ ਨਹੀਂ ਮਿਲਦਾ। ਮਾਂ ਜਗਤ ਜਣਨੀ ਹੈ ਤੇ ਮਾਂ ਦਾ ਕੋਈ ਦੇਣ ਨਹੀਂ ਦੇ ਸਕਦਾ। ਮਾਂ ਆਪ ਗਿੱਲੇ ਬਿਸਤਰੇ ਵਿੱਚ ਪੈ ਕੇ ਪੁੱਤਾਂ-ਧੀਆਂ ਨੂੰ ਸੁੱਕੀ ਥਾਂ ਪਾ ਕੇ ਪਾਲਦੀ ਹੈ। ਪੁੱਤ ਦੇ ਪਾਲਣ-ਪੋਸ਼ਣ ਬਾਰੇ ਕਿਹਾ ਜਾਂਦਾ ਹੈ:
ਰੋਂਦਾ ਧੋਂਦਾ ਮਾਂ ਦਾ,
ਹੱਸਦਾ ਖੇਡਦਾ ਪਿਉ ਦਾ,
ਫੇਰ ਬਿਗਾਨੀ ਧੀ ਦਾ।
ਮਾਂ ਤਪੱਸਵੀ ਹੈ। ਬੱਚੇ ਪਾਲਣੇ ਤਪ ਕਰਨ ਦੇ ਸਾਮਾਨ ਹਨ। ਬੱਚਿਆਂ ਦੀ ਪਾਲਣਾ ਮਾਂ ਲਈ ਮੁਕਤੀ ਦੇ ਸਾਮਾਨ ਹੈ:
ਜਿਹੜੀ ਮੁਕਤੀ ਨਾ ਮਿਲਦੀ
ਸੰਤਾਂ ਨੂੰ ਧੂਣੇ ਤਾਪ ਕੇ,
ਜਨਾਨੀ ਪਾ ਲੈਂਦੀ ਮੁਕਤੀ,
ਬਾਲ ਨੂੰ ਪਾਲ ਕੇ।
ਮਾਂ ਬੱਚੇ ਦਾ ਪਹਿਲਾ ਅਧਿਆਪਕ ਹੈ। ਮਾਂ ਹੀ ਬੱਚੇ ਨੂੰ ਬੋਲਣਾ ਤੇ ਉਂਗਲੀ ਲਾ ਕੇ ਚੱਲਣਾ ਸਿਖਾਉਂਦੀ ਹੈ। ਬੱਚੇ ਨੂੰ ਮਾਂ ਜੋ ਬਣਾਉਣਾ ਚਾਹੇ, ਬਣਾ ਸਕਦੀ ਹੈ। ਸੰਸਾਰ ਵਿੱਚ ਜੋ ਮਹਾਨ ਹਸਤੀਆਂ ਹੋਈਆਂ ਹਨ, ਉਨ੍ਹਾਂ ਦੇ ਜੀਵਨ ਵਿੱਚ ਮਾਵਾਂ ਜਾਂ ਪਤਨੀਆਂ ਭਾਵ ਔਰਤ ਦਾ ਵੱਡਾ ਹੱਥ ਹੈ। ਬੱਚੇ ਜੋ ਖ਼ੁਸ਼ੀ, ਬੇਫ਼ਿਕਰੀ ਮਾਪਿਆਂ ਦੇ ਸਿਰ ’ਤੇ ਕਰ ਸਕਦੇ ਹਨ, ਉਹ ਸਾਰੀ ਉਮਰ ਨਹੀਂ ਭੁੱਲਦੀ ਅਤੇ ਨਾ ਹੀ ਉਹ ਸਮਾਂ ਮੁੜ ਕੇ ਆਉਂਦਾ ਹੈ:
ਹੁਸਨ, ਜੁਆਨੀ, ਮਾਪੇ, ਤਿੰਨ ਰੰਗ ਨਹੀਂ ਲੱਭਣੇ।
ਬੱਚੇ ਜਦ ਵੱਡੇ ਹੋ ਜਾਂਦੇ ਹਨ ਤਾਂ ਉਨ੍ਹਾਂ ਦਾ ਸਾਰਾ ਸਮਾਂ ਰੋਟੀ, ਕੱਪੜਾ ਤੇ ਮਕਾਨ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਹੀ ਲੰਘ ਜਾਂਦਾ ਹੈ। ਮਾਪਿਆਂ ਸਿਰ ਬਚਪਨ ਵਿੱਚ ਗੁਜ਼ਾਰੀ ਬੇ-ਫ਼ਿਕਰੀ ਸਭ ਵਿਸਰ ਜਾਂਦੀ ਹੈ:
ਕੁੱਲੀ,ਗੁੱਲੀ,ਜੁੱਲੀ,
ਸਾਰੀ ਖਲਕਤ ਭੁੱਲੀ।
ਭੁੱਲ ਗਏ ਰਾਗ ਰੰਗ,
ਭੁੱਲ ਗਈਆਂ ਯੱਕੜੀਆਂ,
ਤਿੰਨੇ ਗੱਲਾਂ ਯਾਦ ਰਹੀਆਂ,
ਲੂਣ, ਤੇਲ, ਲੱਕੜੀਆਂ।
ਇਹ ਮਾਂ ਹੀ ਹੈ ਜਿਹੜੀ ਅਸਹਿ ਜਨਮ ਪੀੜਾ ਸਹਿ ਕੇ ਬੱਚੇ ਨੂੰ ਜਨਮ ਦਿੰਦੀ ਹੈ। ਮਾਂ ਆਪਣੇ ਬੱਚੇ ਲਈ ਹਰ ਕੁਰਬਾਨੀ ਤੇ ਦੁੱਖ ਸਹਿਣ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੀ ਹੈ। ਮਾਂ ਲੋਰੀਆਂ ਦਿੰਦੀ ਹੈ, ਅਸੀਸਾਂ ਦਿੰਦੀ ਹੈ। ਮਾਂ ਨੂੰ ਆਪਣਾ ਬੱਚਾ ਸਭ ਨਾਲੋਂ ਸੋਹਣਾ ਤੇ ਪਿਆਰਾ ਲੱਗਦਾ ਹੈ। ਮਾਂ ਆਪਣੇ ਬੱਚੇ ਨੂੰ ਸੰਸਾਰ ਦੀਆਂ ਸਾਰੀਆਂ ਖ਼ੁਸ਼ੀਆਂ ਦੇਣਾ ਚਾਹੁੰਦੀ ਹੈ। ਮਾਂ ਦੀ ਸੇਵਾ ਕਰਨ ਤੋਂ ਵੱਡਾ ਕੋਈ ਪੁੰਨ ਨਹੀਂ। ਮਾਂ ਵਰਗਾ ਨਿਰਸੁਆਰਥ ਪਿਆਰ ਹੋਰ ਕਿਸੇ ਪਾਸੋਂ ਨਹੀਂ ਮਿਲਦਾ। ਮਾਂ ਨੂੰ ਆਪਣਾ ਬੱਚਾ ਸਾਰੇ ਬੱਚਿਆਂ ਨਾਲੋਂ ਸੋਹਣਾ ਲੱਗਦਾ ਹੈ।
ਮਾਂ ਦੇ ਪਿਆਰ ਦੀ ਕੀਮਤ ਉਸ ਤੋਂ ਪੁੱਛੋ ਜਿਸ ਨੇ ਮਾਂ ਦਾ ਮੁੱਖ ਨਾ ਤੱਕਿਆ ਹੋਵੇ ਜਾਂ ਜੇ ਕਿਸੇ ਦਾ ਬਚਪਨ ਮਤਰੇਈ ਮਾਂ ਦੇ ਵੱਸ ਪੈ ਜਾਵੇ, ਉਸ ਤੋਂ ਹੀ ਮਾਂ ਦੇ ਪਿਆਰ ਦੀ ਥੁੜ ਦਾ ਪਤਾ ਲੱਗ ਸਕਦਾ ਹੈ:
ਉੱਡ-ਉੱਡ ਕਾਵਾਂ ਵੇ, ਤੈਨੂੰ ਚੂਰੀ ਪਾਵਾਂ।
ਮਰਨ ਮਤਰੇਈਆਂ ਵੇ, ਜੱਗ ਜਿਊਣ ਸਕੀਆਂ ਮਾਵਾਂ।
ਮਾਵਾਂ ਹਮੇਸ਼ਾਂ ਆਪਣੇ ਬੱਚਿਆਂ ਦਾ ਭਲਾ ਲੋਚਦੀਆਂ ਹਨ। ਮਾਵਾਂ ਦੀਆਂ ਨੇਕ ਸਲਾਹਾਂ ਬਾਰੇ ‘ਨੈਪੋਲੀਅਨ’ ਲਿਖਦਾ ਹੈ, ‘‘ਮਾਵਾਂ ਵੱਲੋਂ ਦਿੱਤੀ ਚੰਗੀ ਨਸੀਹਤ ਦਾਰਸ਼ਨਿਕਾਂ ਦੇ ਕਥਨਾਂ ਤੋਂ ਵੱਧ ਅਸਰਦਾਰ ਹੁੰਦੀ ਹੈ।’’ ਪੁੱਤਾਂ-ਧੀਆਂ ਦਾ ਮਾਂ ਵਰਗਾ ਹਿਤੈਸ਼ੀ ਕੋਈ ਨਹੀਂ ਹੁੰਦਾ। ਮਾਂ ਦੀ ਅਣਹੋਂਦ ਬਾਰੇ ਕਿਹਾ ਜਾਂਦਾ ਹੈ:
ਮਾਂ ਨਾ ਭੈਣ ਕੌਣ ਕਰੇ ਵੈਣ?
ਉਹ ਬੱਚੇ ਬਦਕਿਸਮਤ ਹੁੰਦੇ ਹਨ, ਜਿਨ੍ਹਾਂ ਦੀਆਂ ਮਾਵਾਂ ਛੋਟੀ ਉਮਰ ਵਿੱਚ ਮਰ ਜਾਂਦੀਆਂ ਹਨ। ਜਦ ਕਿਸੇ ਦੀ ਮਾੜੀ ਕਿਸਮਤ ਦੱਸਣੀ ਹੋਵੇ ਤਾਂ ਕਿਹਾ ਜਾਂਦਾ ਹੈ:ਮਾਂ ਨੀਂ ਮਾਂ ਮੇਰੇ ਨਾਲ ਕੰਧਾਂ ਵੀ ਲੜਦੀਆਂ ਹਨ।
ਕਿੰਨਾ ਅਫ਼ਸੋਸ ਹੈ, ਜਿਹੜੀ ਮਾਂ ਲੁਕਾਈ ਦੀ ਜਨਮ ਦਾਤੀ ਹੈ, ਉਸ ਨੂੰ ਮਰਦ ਦੇ ਬਰਾਬਰ ਸਮਝਣਾ ਤਾਂ ਇੱਕ ਪਾਸੇ ਰਿਹਾ, ਸਗੋਂ ਉਸ ਨੂੰ ਪੈਰ ਦੀ ਜੁੱਤੀ ਦੀ ਤਰ੍ਹਾਂ ਸਮਝਿਆ ਜਾਂਦਾ ਰਿਹਾ ਹੈ। ਨਾਥਾਂ, ਜੋਗੀਆਂ, ਕਿੱਸਾਕਾਰਾਂ ਨੇ ਮਾਂ, ਔਰਤ ਨੂੰ ਸਾਰੀਆਂ ਬੁਰਾਈਆਂ ਦੀ ਜੜ੍ਹ ਕਿਹਾ ਹੈ। ਇਹ ਤਾਂ ਬਾਬਾ ਨਾਨਕ ਸੀ ਜਿਸ ਨੇ ਮਾਂ ਭਾਵ ਔਰਤ ਨੂੰ ਸਨਮਾਨਯੋਗ ਥਾਂ ਦਿੰਦੇ ਹੋਏ ਕਿਹਾ:
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ
ਸਿਆਣੇ ਕਹਿੰਦੇ ਹਨ, ਮਾਂ ਰੱਬ ਦਾ ਰੂਪ ਹੁੰਦੀ ਹੈ। ਮਾਂ ਦੀ ਪੂਜਾ ਰੱਬ ਦੀ ਪੂਜਾ ਦੇ ਸਾਮਾਨ ਹੈ। ਰੱਬ ਤਾਂ ਕਿਸੇ ਨੇ ਦੇਖਿਆ ਨਹੀਂ ਪਰ ਰੱਬ ਵਰਗੀ ਮਾਂ ਹਰ ਦੀ ਹੁੰਦੀ ਹੈ। ਮਾਂ ਜੇ ਕਿਸੇ ਕਾਰਨ ਗੁੱਸੇ ਵੀ ਹੁੰਦੀ ਹੈ ਤਾਂ ਵੀ ਥੋੜ੍ਹੇ ਪਲਾਂ ਲਈ। ਮਾਂ ਦੀ ਮਮਤਾ ਫੇਰ ਜਾਗ ਪੈਂਦੀ ਹੈ। ਜਿਹੜੇ ਘਰਾਂ ਵਿੱਚ ਮਾਂ ਨੂੰ ਆਦਰ, ਮਾਣ ਸਤਿਕਾਰ ਮਿਲਦਾ ਹੈ, ਉਹ ਘਰ ਸਵਰਗਾਂ ਦੀ ਨਿਆਈਂ ਹੁੰਦੇ ਹਨ। ਜਿਹੜੇ ਮਾਂ-ਬਾਪ ਦੀ ਸੇਵਾ ਕਰਦੇ ਹਨ, ਉਨ੍ਹਾਂ ਨੂੰ ਕਿਸੇ ਤੀਰਥ ਸਥਾਨ ਦੀ ਯਾਤਰਾ ਕਰਨ ਦੀ ਲੋੜ ਨਹੀਂ ਪੈਂਦੀ। ਉਨ੍ਹਾਂ ਦੇ ਤੀਰਥ ਸਥਾਨ ਉਨ੍ਹਾਂ ਦੇ ਮਾਂ-ਬਾਪ ਹੀ ਹੁੰਦੇ ਹਨ। ਜਿਹੜੇ ਘਰਾਂ ਵਿੱਚ ਮਾਂ ਦਾ ਸਤਿਕਾਰ ਨਹੀਂ ਹੁੰਦਾ, ਉਹ ਘਰ ਨਰਕ ਸਮਾਨ ਹੁੰਦੇ ਹਨ।
ਮਾਵਾਂ ਸੋਂਹਦੀਆਂ ਤਾਂ ਜ਼ਿਆਦਾ ਪੁੱਤਾਂ ਨਾਲ ਹਨ ਪਰ ਅੱਜ-ਕੱਲ੍ਹ ਬੜੀ ਪੁੱਠੀ ਹਵਾ ਵਗੀ ਹੋਈ ਹੈ। ਪੁੱਤ ਜਦ ਵਿਆਹੇ ਜਾਂਦੇ ਹਨ, ਉਹ ਆਪਣੀ ਮਾਂ ਨੂੰ ਵਿਸਾਰਨਾ ਸ਼ੁਰੂ ਕਰ ਦਿੰਦੇ ਹਨ। ਪਤਨੀ ਨੂੰ ਮਾਂ ਨਾਲੋਂ ਜ਼ਿਆਦਾ ਮਹੱਤਵ ਦੇਣਾ ਸ਼ੁਰੂ ਕਰ ਦਿੰਦੇ ਹਨ ਜਦੋਂਕਿ ਪਤਨੀ ਦੀ ਆਪਣੀ ਥਾਂ ਹੈ ਅਤੇ ਮਾਂ ਦਾ ਆਪਣੀ:
ਮਾਈਆਂ ਕਿਧਰੋਂ ਆਈਆਂ?
ਭੈਣਾਂ ਤੋਂ ਕੀ ਲੈਣਾ?
ਔਰਤਾਂ ਘਰ ਦੀਆਂ ਦੌਲਤਾਂ।
ਪੁੱਤਾਂ ਨੂੰ ਚਾਹੀਦਾ ਇਹ ਹੁੰਦਾ ਹੈ ਕਿ ਉਹ ਮਾਂ ਤੇ ਪਤਨੀ ਦੋਵਾਂ ਨੂੰ ਬਣਦਾ ਹੱਕ ਤੇ ਸਤਿਕਾਰ ਦੇਣ। ਪੁੱਤ ਸਭ ਕੁਝ ਆਪਣੀ ਪਤਨੀ ਨੂੰ ਹੀ ਨਾ ਸਮਝਣ:
ਚੌਕੇ ਬੈਠੀ ਮਾਂ, ਮਿੱਟੀ ਤੇ ਸੁਆਹ।
ਚੌਕੇ ਬੈਠੀ ਭੈਣ, ਲੱਗੇ ਡੈਣ,
ਚੌਕੀ ਬੈਠੀ ਰੰਨ,
ਚੌਕਾ ਹੋ ਗਿਆ ਧੰਨੋ ਧਨ।
ਮਾਂ ਦੀ ਸਭ ਤੋਂ ਜ਼ਿਆਦਾ ਲੋੜ ਧੀਆਂ ਨੂੰ ਹੁੰਦੀ ਹੈ। ਧੀਆਂ ਨੂੰ ਬਹੁਤੀਆਂ  ਆਦਤਾਂ ਆਪਣੀ ਮਾਂ ਕੋਲੋਂ ਵਿਰਸੇ ਵਿੱਚ ਮਿਲਦੀਆਂ ਹਨ:
ਮਾਂ ਪਰ ਧੀ, ਪਿਤਾ ਪਰ ਘੋੜਾ,
ਬਹੁਤਾ ਨਹੀਂ ਤਾਂ ਥੋੜ੍ਹਾ-ਥੋੜ੍ਹਾ।
ਧੀਆਂ ਦਾ ਜੀਅ ਵੀ ਜ਼ਿਆਦਾ ਆਪਣੀਆਂ ਮਾਵਾਂ ਕੋਲ ਹੀ ਲੱਗਦਾ ਹੈ:
ਚਿੜੀਆਂ ਚੁੱਗਦੀਆਂ ਕਾਵਾਂ ਕੋਲ,
ਬੜਾ ਜੀਅ ਲੱਗਦਾ ਮਾਵਾਂ ਕੋਲ।
ਧੀ ਲਈ ਮਾਵਾਂ ਹੀ ਸਭ ਕੁਝ ਹੁੰਦੀਆਂ ਹਨ। ਧੀਆਂ ਦਾ ਸਭ ਪਿਆਰ ਤੇ ਮਾਣ ਮਾਂ ਨਾਲ ਹੀ ਹੁੰਦਾ ਹੈ:
ਮੈਂ ਸੌ-ਸੌ ਰੁੱਖ ਪਈ ਲਾਵਾਂ,  ਰੁੱਖ ਤਾਂ ਹਰੇ-ਭਰੇ।
ਮਾਵਾਂ ਠੰਢੀਆਂ ਛਾਵਾਂ, ਛਾਵਾਂ ਕੌਣ ਕਰੇ?
ਧੀਆਂ ਨੂੰ ਪੇਕੇ ਵੀ ਮਾਵਾਂ ਨਾਲ ਹੀ ਚੰਗੇ ਲੱਗਦੇ ਹਨ:
ਚੰਨਾ ਵੇ ਤੇਰੀ ਚਾਨਣੀ,
ਪੇਕੇ ਮਾਵਾਂ ਨਾਲ।
ਮਾਵਾਂ ਠੰਢੀਆਂ ਛਾਵਾਂ,
ਮਾਣ ਭਰਾਵਾਂ ਨਾਲ।
ਲੰਮੀ ਸਬਾਤ ਵਿੱਚ ਲਟੈਣ ਹੈ ਨਹੀਂ,
ਮਾਵਾਂ ਤੋਂ ਬਾਝੋਂ,
ਪੇਕੇ ਲੈਣ ਹੈ ਨਹੀਂ।
ਪਹਿਲੇ ਸਮਿਆਂ ਵਿੱਚ ਸਫ਼ਰ ਪੈਦਲ ਕੀਤਾ ਜਾਂਦਾ ਸੀ ਜਿਸ ਕਰਕੇ ਆਉਣਾ-ਜਾਣਾ ਬਹੁਤ ਔਖਾ ਹੁੰਦਾ ਸੀ। ਜਿਹੜੀ ਧੀ ਦੂਰ ਵਿਆਹੀ ਜਾਂਦੀ ਸੀ, ਉਸ ਨੂੰ ਆਪਣੀ ਮਾਂ ਤੋਂ ਹਮੇਸ਼ਾਂ ਗਿਲਾ ਰਹਿੰਦਾ ਸੀ:
ਉੱਡੀਂ-ਉੱਡੀਂ ਵੇ ਕਾਲਿਆ ਕਾਵਾਂ
ਲੰਮੀ ਤਾਂ ਲਾਈ ਵੇ ਉਡਾਰੀ।
ਜਾ ਪੁੱਛੀਂ ਮੇਰੀ ਮਾਂ ਰਾਣੀ ਨੂੰ,
ਧੀਆਂ ਕਿਉਂ ਦਿੱਤੀਆਂ ਦੂਰ?
ਦੂਰ ਵਿਆਹੀ ਧੀ ਨੂੰ ਮਿਲਣ ਦੀ ਤਾਂਘ ਮਾਂ ਨੂੰ ਵੀ ਰਹਿੰਦੀ ਸੀ:
ਸਾਡੀ ਰੋ ਰੋ ਪੁੱਛਦੀ ਆ ਮਾਂ,
ਧੀਏ ਨੀਂ ਕਦੋਂ ਆਵੇਂਗੀ?
ਸਾਡੀ ਕੂੰਜਾਂ ਵਾਲੀ ਫੇਰੀ,
ਮਾਏ ਨੀਂ ਕਦੇ ਫੇਰਾ ਪਾਵਾਂਗੀ।
ਧੀ ਆਪਣੀ ਮਾਂ ਨੂੰ ਮਿਲਣ ਦੀ ਓਨੀ ਹੀ ਇੱਛਾ ਰੱਖਦੀ ਸੀ:
ਉੱਚੀ ਟਾਹਲੀ ’ਤੇ ਘੁੱਗੀਆਂ ਦਾ ਜੋੜਾ,
ਮਾਵਾਂ-ਧੀਆਂ ਦਾ ਬੜਾ ਈ ਵਿਛੋੜਾ,
ਰੱਬਾ ਕਿਤੇ ਮਿਲੀਏ।
ਕਿਤੇ ਮਿਲੀਏ ਨੀਂ ਮੇਰੀਏ ਮਾਏ,
ਹੁਣ ਤਾਂ ਪੈ ਗਈਆਂ ਵੱਸ ਪਰਾਏ,
ਰੱਬਾ ਕਿਤੇ ਮਿਲੀਏ।
ਕਿਤੇ ਮਿਲੀਏ ਤਾਂ ਮਿਲ ਪਈਏ ਜੰਡ,
ਗੱਲਾਂ ਕਰੀਏ ਤਾਂ ਪੈ ਜਾਏ ਠੰਢ,
ਰੱਬਾ ਕਿਤੇ ਮਿਲੀਏ।
ਕਿਤੇ ਮਿਲੀਏ ਤਾਂ ਮਿਲ ਪਈਏ ਖੂਹ ’ਤੇ,
ਗੱਲਾਂ ਕਰ ਲਈਏ ਮਾਵਾਂ-ਧੀਆਂ ਮੂੰਹ ’ਤੇ,
ਰੱਬਾ ਕਿਤੇ ਮਿਲੀਏ।
ਮਾਵਾਂ ਤੋਂ ਪਿੱਛੋਂ ਘਰ ਦੀ ਮੁਖ਼ਤਿਆਰੀ ਭਰਜਾਈਆਂ ਕੋਲ ਆ ਜਾਂਦੀ ਹੈ। ਇਸ ਲਈ ਫੇਰ ਧੀ ਦਾ ਪੇਕੇ ਘਰ ਵਿੱਚ ਭਰਜਾਈਆਂ ਵੱਲੋਂ ਪਹਿਲਾਂ ਜਿਹਾ ਆਦਰ-ਮਾਣ ਨਹੀਂ ਹੁੰਦਾ:
ਦੂਰੋਂ ਤਾਂ ਆਈ ਸਾਂ ਚੱਲ ਕੇ ਨੀਂ ਮਾਏ,
ਤੇਰੇ ਦਰ ਵਿੱਚ ਰਹੀ ਆਂ ਖਲੋ।
ਭਾਬੀਆਂ ਪੁੱਛਿਆ ਨਾ ਸੁੱਖ ਦਾ ਸਨੇਹਾ,
ਨਾ ਗਲ ਲੱਗੀਆਂ ਰੋ।
-ਹਰਕੇਸ਼ ਸਿੰਘ ਕਹਿਲ
* ਸੰਪਰਕ:81464-22238

No comments:

Post a Comment