Tuesday, 17 September 2013

ਬੋਲੀਆਂ ਦਾ ਪਾਵਾਂ ਬੰਗਲਾ



ਗਿੱਧੇ ਦੀਆਂ ਬੋਲੀਆਂ ਪੰਜਾਬੀਆਂ ਦਾ ਸਭ ਤੋਂ ਵੱਧ ਹਰਮਨ-ਪਿਆਰਾ ਲੋਕ-ਕਾਵਿ ਰੂਪ ਹੈ। ਗਿੱਧੇ ਦਾ ਨਾਂ ਸੁਣਦਿਆਂ ਹੀ ਪੰਜਾਬੀ ਗੁਲਾਬ ਦੇ ਫੁੱਲ ਵਾਂਗ ਖਿੜ ਜਾਂਦੇ ਹਨ ਤੇ ਉਨ੍ਹਾਂ ਦੇ ਸਰੀਰਾਂ ਵਿੱਚ ਮਸਤੀ ਦੀ ਲਹਿਰ ਦੌੜ ਜਾਂਦੀ ਹੈ। ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇਗਾ ਜਿਸ ਨੇ ਗਿੱਧੇ ਦਾ ਰੰਗ ਨਾ ਮਾਣਿਆ ਹੋਵੇ। ਗਿੱਧਾ ਪੰਜਾਬੀਆਂ ਵਿਸ਼ੇਸ਼ ਕਰਕੇ ਪੰਜਾਬੀ ਮੁਟਿਆਰਾਂ ਦਾ ਮਨਭਾਉਂਦਾ ਲੋਕ ਨਾਚ ਹੈ, ਜੋ ਕਿਸੇ ਵੀ ਖ਼ੁਸ਼ੀ ਦੇ ਮੌਕੇ ’ਤੇ ਪਾਇਆ ਜਾ ਸਕਦਾ ਹੈ। ਗਿੱਧਾ ਪਾਉਣ ਸਮੇਂ ਕੇਵਲ ਨੱਚਿਆ ਹੀ ਨਹੀਂ ਜਾਂਦਾ ਬਲਕਿ ਮਨ ਦੇ ਹਾਵ-ਭਾਵ ਪ੍ਰਗਟਾਉਣ ਵਾਲੀਆਂ ਬੋਲੀਆਂ ਵੀ ਨਾਲੋ-ਨਾਲ ਪਾਈਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਗਿੱਧੇ ਦੀਆਂ ਬੋਲੀਆਂ ਆਖਦੇ ਹਨ।
ਗਿੱਧੇ ਦੀਆਂ ਬੋਲੀਆਂ ਪੰਜਾਬੀ ਲੋਕ-ਕਾਵਿ ਦਾ ਪ੍ਰਮੁੱਖ ਅੰਗ ਹਨ ਜੋ ਹਜ਼ਾਰਾਂ ਦੀ ਗਿਣਤੀ ਵਿੱਚ ਉਪਲਬਧ ਹਨ। ਇਹ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ ਲੰਮੀਆਂ ਤੇ ਇੱਕ ਲੜੀਆਂ। ਇੱਕ ਲੜੀਆਂ ਬੋਲੀਆਂ ਨੂੰ ਮਲਵਈ ਟੱਪੇ ਵੀ ਆਖਦੇ ਹਨ। ਇਹ ਮਾਲਵਾ ਖੇਤਰ ਵਿੱਚ ਵਧੇਰੇ ਪ੍ਰਚਲਤ ਹਨ। ਲੰਮੀ ਬੋਲੀ ਨੂੰ ਇੱਕ ਜਣਾ ਅਖਾੜੇ ਵਿੱਚੋਂ ਨਿਕਲ ਕੇ ਲੰਮੀ ਬਾਂਹ ਕੱਢ ਕੇ ਉੱਚੀ ਸੁਰ ਵਿੱਚ ਪਾਉਂਦਾ ਹੈ ਤੇ ਬੋਲੀ ਦੀਆਂ ਅੰਤਲੀਆਂ ਦੋ ਤੁਕਾਂ, ਜਿਨ੍ਹਾਂ ਨੂੰ ਅੰਤਰਾ ਕਹਿੰਦੇ ਹਨ, ਨੂੰ ਬਾਕੀ ਦੇ ਗਿੱਧਾ ਪਾਉਣ ਵਾਲੇ ਚੁੱਕ ਕੇ ਤਾੜੀਆਂ ਦੇ ਤਾਲ ਨਾਲ ਉੱਚੀ ਸੁਰ ਵਿੱਚ ਗਾਉਂਦੇ ਹਨ। ਇੱਕ ਲੜੀਆਂ ਬੋਲੀਆਂ ਨੂੰ ਟੱਪੇ ਜਾਂ ਇੱਕ ਤੁਕੀਆਂ ਬੋਲੀਆਂ ਵੀ ਆਖਦੇ ਹਨ। ਡਾ. ਆਤਮ ਹਮਰਾਹੀ ਅਨੁਸਾਰ ਸੰਸਾਰ ਕਾਵਿ ਵਿੱਚ ਛੋਟੀ ਅਨੂਪਮ ਤੇ ਸੰਪੂਰਨ ਕਵਿਤਾ ਦੇ ਪੰਜ ਰੂਪ ਹਨ। ਗ਼ਜ਼ਲ ਦਾ ਸ਼ਿਅਰ, ਅੰਗਰੇਜ਼ੀ ਦਾ ਕਪਲੈਟ, ਪਿੰਗਲ ਦਾ ਦੋਹਰਾ-ਸੋਰਨਾ, ਮਲਵਈ ਟੱਪੇ ਅਤੇ ਜਪਾਨੀ ਹਾਇਕੂ ਕਵਿਤਾ। ਮਲਵਈ ਟੱਪੇ ਆਪਣੀ ਕਾਵਿ ਸਮੱਗਰੀ ਦੀ ਅਨੂਪਮਤਾ ਕਾਰਨ ਸੰਸਾਰ ਭਰ ਦੀ ਉੱਤਮ ਕਾਵਿ ਪ੍ਰਾਪਤੀ ਹਨ।
ਅਲੰਕਾਰਾਂ, ਉਪਮਾਵਾਂ ਅਤੇ ਨਾਜ਼ਕ ਖ਼ਿਆਲ ਨਾਲ ਗਲੇਫੀਆਂ ਗਿੱਧੇ ਦੀਆਂ ਇਹ ਬੋਲੀਆਂ ਪੰਜਾਬੀ ਲੋਕ-ਕਾਵਿ ਦਾ ਸਰਬੋਤਮ ਰੂਪ ਹਨ, ਜਿਸ ਸਦਕਾ ਇਨ੍ਹਾਂ ਦਾ ਪੰਜਾਬੀ ਲੋਕ ਸਾਹਿਤ ਵਿੱਚ ਵਿਸ਼ੇਸ਼ ਤੇ ਮਹੱਤਵਪੂਰਨ ਸਥਾਨ ਹੈ। ਲੋਕ ਸਾਹਿਤ ਦੇ ਹੋਰਨਾਂ ਰੂਪਾਂ ਵਾਂਗ ਬੋਲੀਆਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਰਚਨਾ ਨਹੀਂ ਹੁੰਦੀਆਂ, ਬਲਕਿ ਸਮੂਹਕ ਰੂਪ ਵਿੱਚ ਪਾਈ ਸਾਂਝੀ ਮਿਹਨਤ ਦਾ ਸਿੱਟਾ ਹਨ, ਜਿਸ ਕਰਕੇ ਇਹ ਐਨੀ ਸਰਲਤਾ ਭਰਪੂਰ ਰਚਨਾ ਬਣ ਗਈਆਂ ਹਨ ਅਤੇ ਸਦੀਆਂ ਦਾ ਪੈਂਡਾ ਤੈਅ ਕਰਕੇ ਮੂੰਹੋਂ-ਮੂੰਹੀਂ ਸਾਡੇ ਤੀਕ ਪੁੱਜੀਆਂ ਹਨ। ਇਨ੍ਹਾਂ ਦੇ ਰਚਣਹਾਰਿਆਂ ਦੇ ਨਾਂਵਾਂ, ਥਾਂਵਾਂ ਦਾ ਵੀ ਕੋਈ ਥਹੁ-ਟਿਕਾਣਾ ਨਹੀਂ।
ਗਿੱਧੇ ਦੀਆਂ ਬੋਲੀਆਂ ਨੂੰ ਜੇ ਪੰਜਾਬੀਆਂ ਦਾ ‘ਲੋਕ ਵੇਦ’ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਪੰਜਾਬ ਦੀ ਸਮਾਜਿਕ, ਰਾਜਨੀਤਕ, ਆਰਥਿਕ ਅਤੇ ਸੱਭਿਆਚਾਰਕ ਜ਼ਿੰਦਗੀ ਦਾ ਇਤਿਹਾਸ ਇਨ੍ਹਾਂ ਵਿੱਚ ਵਿਦਮਾਨ ਹੈ। ਸ਼ਾਇਦ ਹੀ ਜ਼ਿੰਦਗੀ ਦਾ ਕੋਈ ਅਜਿਹਾ ਪੱਖ ਜਾਂ ਵਿਸ਼ਾ ਹੋਵੇ, ਜਿਸ ਬਾਰੇ ਬੋਲੀਆਂ ਦੀ ਰਚਨਾ ਨਾ ਕੀਤੀ ਗਈ ਹੋਵੇ। ਇੱਕ ਲੜੀਆਂ ਬੋਲੀਆਂ ਭਾਵ ਟੱਪੇ ਤਾਂ ਅਖਾਣਾਂ ਵਾਂਗ ਆਮ ਲੋਕਾਂ ਦੇ ਮੂੰਹ ਚੜ੍ਹੇ ਹੋਏ ਹਨ, ਜਿਨ੍ਹਾਂ ਨੂੰ ਉਹ ਪ੍ਰਮਾਣ ਵਜੋਂ ਆਪਣੇ ਨਿੱਤ ਵਿਹਾਰ ਤੇ ਬੋਲਚਾਲ ਵਿੱਚ ਵਰਤਦੇ ਹਨ। ਇਹ ਜੀਵਨ ਦੇ ਜੀਵਨ ਮੁੱਲਾਂ, ਸਰੋਕਾਰਾਂ, ਵਿਗੋਚਿਆਂ, ਸਾਕਾਦਾਰੀ ਸਬੰਧਾਂ ਅਤੇ ਮਨੁੱਖੀ ਰਿਸ਼ਤਿਆਂ ਦੇ ਪ੍ਰਮਾਣਿਕ ਵਾਹਨ ਹਨ। ਇਨ੍ਹਾਂ ਵਿੱਚ ਜਨ ਜੀਵਨ ਦੀ ਆਤਮਾ ਧੜਕਦੀ ਹੈ। ਇਹ ਸਦੀਆਂ ਪੁਰਾਣੇ ਪੰਜਾਬ ਦੇ ਸੱਭਿਆਚਾਰਕ ਅਤੇ ਸਮਾਜਿਕ ਇਤਿਹਾਸ ਨੂੰ ਆਪਣੀ ਬੁੱਕਲ ਵਿੱਚ ਲੁਕੋਈ ਬੈਠੀਆਂ ਹਨ, ਜਿਨ੍ਹਾਂ ਦਾ ਅਧਿਐਨ ਕਰਕੇ ਤੁਸੀਂ ਪੰਜਾਬ ਦੇ ਸੱਭਿਆਚਾਰਕ ਵਿਰਸੇ ਤੋਂ ਜਾਣੰੂ ਹੋ ਸਕਦੇ ਹੋ। ਗਿੱਧੇ ਦੀਆਂ ਬੋਲੀਆਂ ਦਾ ਕੇਵਲ ਸਾਹਿਤਕ ਮਹੱਤਵ ਹੀ ਨਹੀਂ ਬਲਕਿ ਇਨ੍ਹਾਂ ਨੂੰ ਸਮਾਜਿਕ, ਸੱਭਿਆਚਾਰਕ ਅਤੇ ਲੋਕਧਾਰਾਈ ਦ੍ਰਿਸ਼ਟੀ ਤੋਂ ਵਾਚਣ ਅਤੇ ਅਧਿਐਨ ਕਰਨ ਦੀ ਲੋੜ ਹੈ। ਇਹ ਸਾਡੀ ਮੁੱਲਵਾਨ ਵਿਰਾਸਤ ਦੇ ਅਣਵਿਧ ਮੋਤੀ ਹਨ।
ਜਦੋਂ ਗਿੱਧੇ ਦਾ ਪਿੜ ਮਘਦਾ ਹੈ ਤਾਂ ਸਭ ਤੋਂ ਪਹਿਲਾਂ ਭਗਤੀ ਭਾਵ ਵਾਲੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ। ਗੁਰੂ ਬੰਦਨਾ ਕੀਤੀ ਜਾਂਦੀ ਹੈ:-
ਗੁਰੂ ਧਿਆਨੇ ਮੈਂ ਪਾਵਾਂ ਬੋਲੀ
ਸਭ ਨੂੰ ਫ਼ਤਿਹ ਬੁਲਾਵਾਂ
ਬੇਸ਼ੱਕ ਮੈਨੂੰ ਮਾੜਾ ਆਖੋ
ਮੈਂ ਮਿੱਠੇ ਬੋਲ ਸੁਣਾਵਾਂ
ਭਾਈਵਾਲੀ ਮੈਨੂੰ ਲੱਗੇ ਪਿਆਰੀ
ਰੋਜ਼ ਗਿੱਧੇ ਵਿੱਚ ਆਵਾਂ
ਗੁਰੂ ਦਿਆਂ ਸ਼ੇਰਾਂ ਦਾ
ਮੈਂ ਵਧ ਕੇ ਜਸ ਗਾਵਾਂ
ਮੁੱਢ ਕਦੀਮ ਤੋਂ ਹੀ ਪੰਜਾਬ ਖੇਤੀ ਪ੍ਰਧਾਨ ਸੂਬਾ ਰਿਹਾ ਹੈ, ਜਿਸ ਸਦਕਾ ਪੰਜਾਬੀ ਲੋਕ ਸਾਹਿਤ ਵਿੱਚ ਕਿਸਾਨੀ ਅਤੇ ਸੱਭਿਆਚਾਰ ਦੇ ਅਵਸ਼ੇਸ਼ ਵਿਦਮਾਨ ਹਨ। ਪੰਜਾਬ ਦੀ ਧਰਤੀ ’ਤੇ ਲਹਿਲਹਾਉਂਦੀਆਂ ਫ਼ਸਲਾਂ, ਮਹਿਕਾਂ ਵੰਡਦੇ ਰੁੱਖਾਂ ਤੇ ਫੁੱਲ-ਬੂਟਿਆਂ ਨੂੰ ਪੰਜਾਬੀ ਲੋਕ ਮਨ ਨੇ ਟੁੰਬਿਆ ਹੈ, ਜਿਸ ਕਰਕੇ ਉਸ ਨੇ ਇਨ੍ਹਾਂ ਬਾਰੇ ਸੁਹਜ ਭਰਪੂਰ ਬੋਲੀਆਂ ਦੀ ਸਿਰਜਣਾ ਕੀਤੀ ਹੈ! ਕਣਕ, ਮੱਕੀ, ਕਪਾਹ, ਛੋਲੇ, ਸਰ੍ਹੋਂ, ਬਾਜਰਾ, ਚਰ੍ਹੀ, ਅਲਸੀ, ਮੂੰਗੀ, ਜੌਂ, ਕਰੇਲੇ, ਕੱਦੂ, ਮੂੰਗਰੇ ਤੇ ਖ਼ਰਬੂਜ਼ਿਆਂ ਬਾਰੇ ਅਨੇਕਾਂ ਬੋਲੀਆਂ ਪ੍ਰਾਪਤ ਹਨ:-
ਬੱਗੀ ਬੱਗੀ ਕਣਕ ਦੇ
ਮੰਡੇ ਪਕਾਉਣੀਆਂ
ਛਾਂਵੇਂ ਬਹਿ ਕੇ ਖਾਵਾਂਗੇ।
ਚਿੱਤ ਕਰੂ ਮੁਕਲਾਵੇ ਜਾਵਾਂਗੇ
ਅਸੀਂ ਯਾਰ ਦੀ ਤਰੀਕੇ ਜਾਣਾ
ਕਣਕ ਦੇ ਲਾਹ ਦੇ ਫੁਲਕੇ
ਜੱਟ ਸ਼ਾਹਾਂ ਨੂੰ ਖੰਘੂਰੇ ਮਾਰੇ
ਕਣਕਾਂ ਨਿੱਸਰ ਗਈਆਂ
ਆਦਿ ਕਾਲ ਤੋਂ ਹੀ ਰੁੱਖਾਂ ਨਾਲ ਪੰਜਾਬੀਆਂ ਦੀ ਸਾਂਝ ਰਹੀ ਹੈ। ਉਹ ਮਨੁੱਖ ਦੇ ਜੀਵਨ ਦਾਤੇ ਹਨ। ਭਲਾ ਜੀਵਨ ਦਾਤਿਆਂ ਨੂੰ ਲੋਕ ਮਨ ਕਿਵੇਂ ਭੁਲਾ ਸਕਦਾ ਹੈ। ਪਿੱਪਲ, ਬੋਹੜ, ਕਿੱਕਰ, ਬੇਰੀਆਂ, ਨਿੰਮ, ਜੰਡ, ਕਰੀਰ, ਟਾਹਲੀ, ਨਿੰਬੂ, ਅੰਬ ਅਤੇ ਜਾਮਣਾਂ ਦੇ ਰੁੱਖ ਲੋਕ ਬੋਲੀਆਂ ਵਿੱਚ ਲਹਿਲਹਾਉਂਦੇ ਨਜ਼ਰੀਂ ਪੈਂਦੇ ਹਨ:
ਪਿੱਪਲਾ ਵੇ ਮੇਰੇ ਪਿੰਡ ਦਿਆ
ਤੇਰੀਆਂ ਠੰਢੀਆਂ ਛਾਂਵਾਂ
ਢਾਬ ਤੇਰੀ ਦਾ ਗੰਧਲਾ ਪਾਣੀ
ਉੱਤੋਂ ਬੂਰ ਹਟਾਵਾਂ
ਸੱਭੇ ਸਹੇਲੀਆਂ ਸਹੁਰੇ ਗਈਆਂ
ਕਿਸ ਨੂੰ ਹਾਲ ਸੁਣਾਵਾਂ
ਚਿੱਠੀਆਂ ਬੇਰੰਗ ਭੇਜਦਾ
ਕਿਹੜੀ ਛਾਉਣੀ ਲੁਆ ਲਿਆ ਨਾਂਵਾਂ
ਪਿੱਪਲ ਦੱਸਦੇ ਵੇ
ਕਿਹੜਾ ਰਾਹ ਸੁਰਗਾਂ ਨੂੰ ਜਾਵੇ
ਪਿੱਪਲਾਂ ਉੱਤੇ ਆਈਆਂ ਬਹਾਰਾਂ
ਬੋਹੜਾਂ ਨੂੰ ਲੱਗੀਆਂ ਗੋਹਲਾਂ 
ਜੰਗ ਨੂੰ ਨਾ ਜਾਹ ਵੇ
ਦਿਲ ਦੇ ਬੋਲ ਮੈਂ ਬੋਲਾਂ
ਛੱਡ ਕੇ ਦੇਸ ਦੁਆਬਾ
ਅੰਬੀਆਂ ਨੂੰ ਤਰਸੇਂਗੀ
ਜੇਠ ਹਾੜ੍ਹ ਵਿੱਚ ਅੰਬ ਬਥੇਰੇ
ਸਾਉਣ ਜਾਮਣੂ ਪੀਲ੍ਹਾਂ
ਰਾਂਝਿਆ ਆ ਜਾ ਵੇ
ਤੈਨੂੰ ਪਾ ਕੇ ਪਟਾਰੀ ਵਿੱਚ ਕੀਲਾਂ
ਪਸ਼ੂ ਧਨ ਸਦਾ ਹੀ ਕਿਸਾਨਾਂ ਦੀ ਧਰੋਹਰ ਰਿਹਾ ਹੈ। ਸਾਰੀ ਖੇਤੀ ਦਾ ਦਾਰੋਮਦਾਰ ਬਲਦਾਂ ਬੋਤਿਆਂ ਦੇ ਸਹਾਰੇ ਸੀ। ਪਸ਼ੂ-ਪੰਛੀਆਂ ਬਾਰੇ ਅਨੇਕਾਂ ਬੋਲੀਆਂ ਦੀ ਸਿਰਜਣਾ ਕੀਤੀ ਗਈ ਹੈ:
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਲੱਲੀਆਂ
ਉਥੋਂ ਦੇ ਦੋ ਬਲਦ ਸੁਣੀਂਦੇ
ਗਲ ਉਨ੍ਹਾਂ ਦੇ ਟੱਲੀਆਂ
ਨੱਠ ਨੱਠ ਕੇ ਉਹ ਮੱਕੀ ਬੀਜਦੇ
ਹੱਥ ਹੱਥ ਲੱਗੀਆਂ ਛੱਲੀਆਂ
ਬੰਤੋ ਦੇ ਬੈਲਾਂ ਨੂੰ
ਪਾਵਾਂ ਗੁਆਰੇ ਦੀਆਂ ਫਲੀਆਂ
ਮੂਹਰੇ ਰਥ ਭਾਬੋ ਦਾ
ਪਿੱਛੇ ਇੰਦਰ ਵੀਰ ਦਾ ਬੋਤਾ
ਬੋਤਾ ਲਿਆਵੀਂ ਉਹ ਮਿੱਤਰਾ
ਜਿਹੜਾ ਡੰਡੀਆਂ ਹਿੱਲਣ ਨਾ ਦੇਵੇ
ਕਿਧਰੇ ਪੰਛੀ ਚਹਿਚਹਾਉਂਦੇ ਹਨ:
ਕੋਇਲ ਨਿੱਤ ਕੂਕਦੀ
ਕਦੇ ਬੋਲ ਚੰਦਰਿਆ ਕਾਂਵਾਂ
ਮਿੱਤਰਾਂ ਦੇ ਤਿੱਤਰਾਂ ਨੂੰ
ਮੈਂ ਹੱਥ ’ਤੇ ਚੋਗ ਚੁਗਾਵਾਂ
ਪੰਜਾਬੀਆਂ ਦਾ ਸਾਕਾਦਾਰੀ ਪ੍ਰਬੰਧ ਬਹੁਤ ਮਜ਼ਬੂਤ ਹੈ। ਰਿਸ਼ਤੇ ਨਾਤੇ, ਸਾਕ-ਸਕੀਰੀਆਂ ਸਮੁੱਚੇ ਭਾਈਚਾਰੇ ਵਿੱਚ ਮੋਹ-ਮੁਹੱਬਤਾਂ ਦਾ ਸੰਚਾਰ ਹੀ ਨਹੀਂ ਕਰਦੀਆਂ ਬਲਕਿ ਸਮਾਜਿਕ ਢਾਂਚੇ ਨੂੰ ਕੜੀ ਵਿੱਚ ਪਰੋਂਦੀਆਂ ਵੀ ਹਨ। ਦਾਦਕੇ-ਸਹੁਰੇ ਪਰਿਵਾਰ ਨਾਲ ਜੁੜੇ ਸਾਕਾਂ ਬਾਰੇ ਭਿੰਨ-ਭਿੰਨ ਬੋਲੀਆਂ ਪਾਈਆਂ ਜਾਂਦੀਆਂ ਹਨ:
ਸੁੱਤੀ ਪਈ  ਨੂੰ ਪੱਖੀ ਦੀ ਝੱਲ ਮਾਰੇ
ਉਹ ਵਰ ਟੋਲੀਂ ਬਾਬਲਾ
ਚਾਚੇ ਤਾਏ ਮਤਲਬ ਦੇ
ਛੱਕਾਂ ਪੂਰਦੇ ਅੰਮਾਂ ਦੇ ਜਾਏ
ਪੁੱਤ ਵੀਰ ਦਾ ਭਤੀਜਾ ਮੇਰਾ
ਨਿਓਂ ਜੜ ਮਾਪਿਆਂ ਦੀ
ਜੀਵਨ ਦੇ ਹੋਰ ਵੀ ਅਨੇਕਾਂ ਵਿਸ਼ੇ ਹਨ, ਜਿਨ੍ਹਾਂ ਬਾਰੇ ਰਸ ਭਰਪੂਰ ਤੇ ਸੁਹਜਮਈ ਬੋਲੀਆਂ ਪਾਈਆਂ ਜਾਂਦੀਆਂ ਹਨ:
ਤੇਰਾ ਰੂਪ ਝੱਲਿਆ ਨਾ ਜਾਵੇ
ਕੰਨੋਂ ਲਾਹ ਦੇ ਸੋਨ ਚਿੜੀਆਂ
ਬੋਲੀਆਂ ਦਾ ਪਾਵਾਂ ਬੰਗਲਾ
ਜਿੱਥੇ ਵਸਿਆ ਕਰੇ ਪਟਵਾਰੀ
‘ਬੋਲੀਆਂ ਦਾ ਖੂਹ ਭਰ ਦਿਆਂ, ਮੈਥੋਂ ਜਗ ਜਿੱਤਿਆ ਨਾ ਜਾਵੇ’ ਲੋਕ ਬੋਲੀ ਅਨੁਸਾਰ ਇਹ ਹਜ਼ਾਰਾਂ ਦੀ ਗਿਣਤੀ ਵਿੱਚ ਮਿਲਦੀਆਂ ਹਨ। ਇਹ ਪੰਜਾਬੀਆਂ ਦੀ ਅਨਮੋਲ ਵਿਰਾਸਤ ਦਾ ਗੌਰਵਮਈ ਖ਼ਜ਼ਾਨਾ ਹਨ।

-ਸੁਖਦੇਵ ਮਾਦਪੁਰੀ 
* ਮੋਬਾਈਲ: 94630-34472


No comments:

Post a Comment