Tuesday, 17 September 2013

ਇਹ ਧੀਆਂ ਦਿਨ ਚਾਰ ਦਿਹਾੜੇ



ਪਹਿਲੇ ਸਮਿਆਂ ਵਿੱਚ ਧੀ ਜੰਮਣ ’ਤੇ ਕਹਿੰਦੇ ਹੁੰਦੇ ਸਨ ਕਿ ਜਿਸ ਦਿਨ ਧੀ ਦਾ ਜਨਮ ਹੁੰਦਾ ਹੈ, ਉਸ ਦਿਨ ਸਵਾ ਹੱਥ ਧਰਤੀ ਕੰਬਦੀ ਹੈ। ਜਿਸ ਪਰਿਵਾਰ ਵਿੱਚ ਹੁੰਦੀਆਂ ਹੀ ਸਾਰੀਆਂ ਧੀਆਂ ਸਨ ਤੇ ਜਦੋਂ ਸਾਰੀਆਂ  ਵਿਆਹੀਆਂ ਜਾਂਦੀਆਂ ਸਨ ਤੇ ਧੀਆਂ ਦੀ ਮਾਂ ਵੱਡੀ ਉਮਰ ਦੀ ਹੋ ਜਾਂਦੀ ਸੀ ਤਾਂ ਉਸ ਦੀ ਘਰ ਵਿੱਚ ਮਦਦ ਕਰਨ ਲਈ ਕੋਈ ਨਹੀਂ ਰਹਿ ਜਾਂਦਾ ਸੀ। ਉਸ ਮਾਂ ਸਬੰਧੀ ਕਿਹਾ ਜਾਂਦਾ ਸੀ:
ਧੀਆਂ ਦੀ ਮਾਂ ਰਾਣੀ, ਬੁਢੇਪੇ ਭਰਦੀ ਪਾਣੀ।
ਉਸ ਸਮੇਂ ਧੀਆਂ ਨੂੰ ਮਨੁੱਖੀ ਜੀਵ ਨਹੀਂ ਸਮਝਿਆ ਜਾਂਦਾ ਸੀ, ਸਗੋਂ ਗਊ ਨਾਲ ਤੁਲਨਾ ਦਿੱਤੀ ਜਾਂਦੀ ਸੀ: ਧੀ ਧਿਆਣੀ, ਗਊ ਬਰਾਬਰ।
ਪੁੱਤ ਦੇ ਜਨਮ ’ਤੇ ਜਿੱਥੇ ਖ਼ੁਸ਼ੀ ਮਨਾਈ ਜਾਂਦੀ ਸੀ, ਉÎੱਥੇ ਧੀ ਦੇ ਜੰਮਣ ’ਤੇ ਘਰ ਵਿੱਚ ਰੋਣਾ-ਪਿੱਟਣਾ ਪੈ ਜਾਂਦਾ ਸੀ। ਧੀ ਤੇ ਪੁੱਤ ਦੀ ਪੈਦਾਇਸ਼ ਸਬੰਧੀ ਹਰਿਆਣਾ ਦਾ ਇੱਕ ਲੋਕ ਗੀਤ ਹੈ:
ਜਬ ਹੂਆ ਸ਼ੇਰ ਸਿੰਘ ਤੋਂ ਬਜੀ ਥਾਲੀ। ਜਬ ਹੂਈ ਧਾਪਾਂ ਤੋਂ ਫੁੱਟਿਆ ਠੀਕਰਾ।
ਧੀਆਂ ਨੂੰ ਬਹੁਤੀ ਵੇਰ ਜੰਮਦਿਆਂ ਮਾਰ ਦਿੱਤਾ ਜਾਂਦਾ ਸੀ। ਜੇ ਜੰਮਦਿਆਂ ਕੁਦਰਤੀ ਧੀ ਆਪ ਮਰ ਜਾਂਦੀ ਸੀ ਤਾਂ ਉਸ ਦਾ ਕੋਈ ਦੁੱਖ ਨਹੀਂ ਮਨਾਉਂਦਾ ਸੀ:
ਧੀ ਹੱਸਦੀ ਨਾ ਮਰੇ, ਧੀ ਵਸਦੀ ਨਾ ਮਰੇ।
ਧੀ ਜੰਮਦੀ ਮਰ ਜਾਏ, ਜਿਸ ਦਾ ਦੁੱਖ ਵੀ ਨਾ ਆਏ।
ਧੀ ਦੇ ਜੰਮਣ ’ਤੇ ਇੱਕ ਧੱਕੜ ਬਾਪ ਵੀ ਨਿਤਾਣਾ ਤੇ ਨਿਮਾਣਾ ਬਾਪ ਬਣ ਜਾਂਦਾ ਸੀ:
ਤੇਰੇ ਜੰਮ ਪਈ ਧੀ ਵੇ ਨਰੰਜਣਾ, ਸਿਰ ਨੀਵਾਂ ਸ਼ਰੀਕੇ ਵਿੱਚ ਵੇ ਨਰੰਜਣਾ।
ਜਾਂ
ਜਿਸ ਘਰ ਜੰਮੀ ਧੀ ਵੇ ਬਾਬਲਾ, ਸੋਚੀਂ ਪੈ ਗਏ ਜੀਅ ਵੇ ਬਾਬਲਾ।
ਤੇਰੇ ਜੰਮ ਪਈ ਧੀ ਵੇ ਬਾਬਲਾ, ਥੋੜ੍ਹੀ ਦਾਰੂ ਪੀ ਵੇ ਬਾਬਲਾ।
ਧੀ ਜੰਮਣ ਦਾ ਦੋਸ਼ ਵੀ ਪਤਨੀ ’ਤੇ ਮੜ੍ਹ ਜਾਂਦਾ ਸੀ, ਜਦਕਿ ਹੁਣ ਸਾਇੰਸ ਨੇ ਸਿੱਧ ਕਰ ਦਿੱਤਾ ਹੈ ਕਿ ਮੁੰਡੇ ਤੇ ਕੁੜੀ ਦਾ ਜੰਮਣਾ ਸਾਰੇ ਦਾ ਸਾਰਾ ਪਤੀ ’ਤੇ ਨਿਰਭਰ ਹੁੰਦਾ ਹੈ। ਪਹਿਲੇ ਸਮਿਆਂ ਵਿੱਚ ਧੀਆਂ ਨੂੰ ਖੁਰਾਕ ਵੀ ਮੁੰਡਿਆਂ ਦੇ ਬਰਾਬਰ ਨਹੀਂ ਦਿੱਤੀ ਜਾਂਦੀ ਸੀ। ਕਿਹਾ ਜਾਂਦਾ ਸੀ ਕਿ ਕੁੜੀਆਂ ਨੇ ਤਾਂ ਵੱਡੀਆਂ ਹੋ ਕੇ ਬਿਗਾਨੇ ਘਰ ਹੀ  ਜਾਣਾ ਹੈ। ਧੀ ਨੂੰ ਪਰਾਇਆ ਧਨ ਸਮਝਿਆ ਜਾਂਦਾ ਸੀ। ਧੀਆਂ ਰੁੱਖੀ-ਮਿੱਸੀ ਖਾ ਕੇ ਹੀ ਜੁਆਨ ਹੁੰਦੀਆਂ ਸਨ।
ਪਹਿਲੇ ਸਮਿਆਂ ਵਿੱਚ ਧੀਆਂ ਦੇ ਮਾਪਿਆਂ ਨੂੰ ਔਤ ਗਿਣਿਆ ਜਾਂਦਾ ਸੀ। ਮਾਪਿਆਂ ਦੀ ਜਾਇਦਾਦ ਦਾ ਧੀਆਂ ਨੂੰ ਵਾਰਸ ਨਹੀਂ ਬਣਾਇਆ ਜਾਂਦਾ ਸੀ। ਧੀਆਂ ਦੇ ਮਾਪਿਆਂ ਦੀ ਜਾਇਦਾਦ ਬਾਪ ਦੇ ਸ਼ਰੀਕੇ ਦੇ ਪੁੱਤਾਂ ਨੂੰ ਦਿੱਤੀ ਜਾਂਦੀ ਸੀ। ਹੁਣ ਮਾਪਿਆਂ ਦੀ ਜਾਇਦਾਦ ’ਚ ਧੀਆਂ ਵੀ ਬਰਾਬਰ ਦੀਆਂ ਹੱਕਦਾਰ ਹਨ।
ਸਾਡੇ ਵਰਤ-ਵਿਹਾਰ ਤੇ ਸਮਾਜ ਵਿੱਚ ਦੋਗਲਾਪਣ ਬਹੁਤ ਹੈ। ਧੀਆਂ  ਨੂੰ ਪੁੱਤਾਂ ਬਰਾਬਰ ਸਮਝਣ ਦੇ ਮੰਨਣ ਵਾਲੇ ਬਹੁਤ ਘੱਟ ਹਨ। ਬਚਪਨ ਤੋਂ ਹੀ ਧੀਆਂ ਦੇ ਮਨਾਂ ਵਿੱਚ ਇਹ ਧਾਰਨਾ ਬਿਠਾ ਦਿੱਤੀ ਜਾਂਦੀ ਹੈ ਕਿ ਸਹੁਰੀਂ ਜਾ ਕੇ ਉਨ੍ਹਾਂ ਨਾਲ ਬਹੁਤਾ ਚੰਗਾ ਸਲੂਕ ਨਹੀਂ ਹੋਵੇਗਾ। ਇਸ ਕਰਕੇ ਧੀਆਂ ਵੀ ਆਪਣੇ ਮਨ ਦੀਆਂ ਰੀਝਾਂ ਆਪਣੇ ਮਾਪਿਆਂ ਦੇ ਘਰ ਪੂਰੀਆਂ ਕਰਨੀਆਂ ਚਾਹੁੰਦੀਆਂ ਹਨ-
ਮਾਏ ਨੀਂ ਮੈਨੂੰ ਜੁੱਤੀ ਸਵਾ ਦੇ, ਹੇਠ ਲਵਾ ਦੇ ਖੁਰੀਆਂ।
ਆਹ ਦਿਨ ਪਹਿਨਣ ਦੇ, ਸੱਸਾਂ ਨਨਾਣਾਂ ਬੁਰੀਆਂ।
ਧੀਆਂ ਦੀ ਆਪਣੇ ਮਾਪਿਆਂ ਦੇ ਘਰ ਜੋਗੀ ਵਾਲੀ ਫੇਰੀ ਹੁੰਦੀ ਹੈ:
ਮਾਏ ਨੀਂ ਸੁਣ ਮੇਰੀਏ ਮਾਏ, ਨਾ ਕਰ ਮੇਰੀ ਮੇਰੀ ਨੀਂ।
ਇਹ ਧੀਆਂ ਦਿਨ ਚਾਰ ਦਿਹਾੜੇ, ਜਿਉਂ ਜੋਗੀ ਦੀ ਫੇਰੀ ਨੀਂ।
ਧੀਆਂ ਨੇ ਵਿਆਹ ਤੋਂ ਬਾਅਦ ਆਪਣੇ ਸਹੁਰੇ ਘਰ ਚਲੇ ਜਾਣਾ ਹੁੰਦਾ ਹੈ:
ਸੱਚ ਦੇ ਬਚਨ ਵਿੱਚ ਪੇੜੇ,
ਬਈ ਜੰਮੀਂ ਜਾਈ ਤੇਰੇ ਬਾਬਲਾ, ਸਾਡਾ ਰਿਜ਼ਕ ਬਿਗਾਨੇ ਖੇੜੇ।
ਪਹਿਲੇ ਸਮਿਆਂ ਵਿੱਚ ਕੁੜੀਆਂ ਦੇ ਵਿਆਹ ਛੋਟੀ ਉਮਰ ਵਿੱਚ ਕਰਨ ਦਾ ਰਿਵਾਜ ਸੀ। ਇਸ ਲਈ ਮਾਪਿਆਂ ਨੂੰ ਧੀਆਂ ਦੇ ਵਿਆਹਾਂ ਦਾ ਫ਼ਿਕਰ ਰਹਿੰਦਾ ਹੁੰਦਾ ਸੀ:
ਬਾਰ੍ਹਾਂ ਸਾਲ ਦੀ ਹੋ ਗਈ ਕੁੜੀਏ, ਸਾਲ ਤੇਰ੍ਹਵਾਂ ਚੜ੍ਹਿਆ।
ਗਿਆ ਨੜੇਪਾ ਚੜ੍ਹੀ ਜਵਾਨੀ, ਨਾਗ ਇਸ਼ਕ ਦਾ ਲੜਿਆ।
ਬਾਬਲੇ ਤੇਰੇ ਚਾਲ ਪਛਾਣੀ, ਘਰ ਪੰਡਤਾਂ ਦੇ ਵੜਿਆ।
ਉਠੋ ਪੰਡਤ ਜੀ ਖੋਲੋ੍ਹ ਪੱਤਰੀ, ਦਾਨ ਦਿਆਂ ਜੋ ਸਰਿਆ।
ਧੀਆਂ ਮੁਟਿਆਰਾਂ ਨੂੰ, ਚੰਗਾ ਏ ਵਿਦਾ ਈ ਕਰਿਆ।
ਮਨੁੱਖ ਦੀ ਮੁਢਲੀ ਲੋੜ ਖਾਣ ਲਈ ਅੰਨ ਤੇ ਪੀਣ ਲਈ ਪਾਣੀ ਦੀ ਹੈ। ਇਸ ਲਈ ਪੁਰਾਣੇ ਸਮਿਆਂ ਵਿੱਚ ਧੀ ਆਪਣੇ ਬਾਬਲ ਨੂੰ ਉਸ ਦੇਸ਼, ਇਲਾਕੇ ਵਿੱਚ ਰਿਸ਼ਤਾ ਕਰਨ ਲਈ ਕਹਿੰਦੀ ਹੁੰਦੀ ਸੀ, ਜਿੱਥੇ ਪੀਣ ਲਈ ਮਿੱਠਾ ਪਾਣੀ ਮਿਲਦਾ ਹੋਵੇ। ਪੇਟ ਭਰਨ ਲਈ ਪੂਰਾ ਅੰਨ ਮਿਲਦਾ ਹੋਵੇ ਤਾਂ ਕਿ ਉਹ ਖ਼ਸ਼ਹਾਲ ਜ਼ਿੰਦਗੀ ਮਾਣ ਸਕੇ ਕਿਉਂਕਿ ਉਸ ਸਮੇਂ ਅੱਜ ਜਿੰਨੀਆਂ ਸਹੂਲਤਾਂ ਤੇ ਮਸ਼ੀਨਾਂ ਦੀ ਖੋਜ ਨਹੀਂ ਹੋਈ ਸੀ।
ਦੇਵੀਂ ਵੇ ਬਾਬਲਾ! ਉਨ੍ਹੀਂ ਉਨ੍ਹੀਂ ਦੇਸੀਂ, ਜਿੱਥੇ ਸੂਹੇ ਤੇ ਕਾਸ਼ਨੀ ਫੁੱਲ।
ਪਾਣੀ ਮਿੱਠਾ ਮਾਖਿਉਂ, ਤੇ ਅੰਨ ਘਿਉ ਦੀ ਰੁਲ।
ਬਠਿੰਡੇ ਇਲਾਕੇ ਨੂੰ ਪਹਿਲੇ ਸਮਿਆਂ ਵਿੱਚ ਜੰਗਲ ਦਾ ਇਲਾਕਾ ਕਿਹਾ ਜਾਂਦਾ ਸੀ। ਇਸ ਇਲਾਕੇ ਵਿੱਚ ਸ਼ਰਾਬ ਬਹੁਤ ਪੀਤੀ ਜਾਂਦੀ ਸੀ। ਇਸ ਲਈ ਕੋਈ ਕੁੜੀ ਇਸ ਇਲਾਕੇ ਵਿੱਚ ਵਿਆਹ ਕਰਕੇ ਰਾਜ਼ੀ ਨਹੀਂ ਸੀ:
ਜੰਗਲ ਦੇਸ਼ ਨਾ ਵਿਆਹੀਂ ਮੇਰੀ ਮਾਂ,
ਜੰਗਲ ਦੇਸ਼ ਦੇ ਮੁੰਡੇ ਖਰਾਬ, ਪੀਂਦੇ ਰਹਿੰਦੇ ਸਾਰੀ ਰਾਤ ਸ਼ਰਾਬ।
ਕੁੱਲੀ, ਗੁੱਲੀ ਤੇ ਜੁੱਲੀ ਮਨੁੱਖ ਦੀਆਂ ਤਿੰਨ ਮੁੱਢਲੀਆਂ ਲੋੜਾਂ ਹਨ। ਇਸ ਲਈ ਫਿਰ ਧੀ ਦੀ ਆਪਣੇ ਬਾਬਲ ਨੂੰ ਉਸ ਘਰ ਰਿਸ਼ਤਾ ਕਰਨ ਦੀ ਮੰਗ ਹੁੰਦੀ ਸੀ, ਜਿੱਥੇ ਪਹਿਨਣ ਲਈ ਕੱਪੜੇ ਆਮ ਹੋਣ ਤੇ ਘਰ ਪੱਕਾ ਹੋਵੇ:
ਪੱਕਾ ਘਰ ਟੋਲੀਂ ਬਾਬਲਾ, ਜਿੱਥੇ ਲਿੱਪਣੇ ਨਾ ਪੈਣ ਬਨੇਰੇ।
ਇਸ ਦੇ ਨਾਲ ਹੀ ਧੀ ਆਪਣੇ ਬਾਬਲ ਨੂੰ ਹਾਣ-ਪ੍ਰਵਾਨ ਵਰ ਲੱਭਣ ਦੀ ਤਾਕੀਤ ਵੀ ਕਰਦੀ ਹੈ:
ਬਾਗਾਂ ਦੇ ਵਿੱਚ ਮੋਰ, ਕਰਦੇ ਪਾਣੀਉਂ ਪਾਣੀ।
ਬਾਬਲ ਵਰ ਟੋਲੀਂ ਵੇ, ਸਾਡੇ ਹਾਣੋ-ਹਾਣੀ।
ਵੱਡਾ ਨਾ ਟੋਲੀਂ ਵੇ, ਸਾਡੀ ਉਮਰ ਨਿਆਣੀ।
ਛੋਟਾ ਨਾ ਟੋਲੀਂ ਵੇ, ਸਾਡੀ ਸਾਰ ਨਾ ਜਾਣੇ।
ਕਾਲਾ ਨਾ ਟੋਲੀਂ ਵੇ, ਸਾਨੂੰ ਜਚਣਾ ਨਾ ਹੀ।
ਵਰ ਗੋਰਾ ਟੋਲੀਂ ਵੇ, ਜੀ ਜੱਗ ਚਾਨਣ ਹੋਵੇ।
ਪਹਿਲੇ ਸਮਿਆਂ ਵਿੱਚ ਸਭ ਤੋਂ ਉੱਤਮ ਧੰਦਾ ਖੇਤੀ ਨੂੰ ਗਿਣਿਆ ਜਾਂਦਾ ਸੀ। ਨੌਕਰੀ ਪੇਸ਼ਾ ਨੂੰ ਸਭ ਤੋਂ ਮਾੜਾ ਗਿਣਿਆ ਜਾਂਦਾ ਸੀ। ਇਸ ਲਈ ਧੀਆਂ ਆਪਣੇ ਲਈ ਖੇਤੀ ਕਰਨ ਵਾਲਾ ਵਰ ਮੰਗਦੀਆਂ ਸਨ:
ਪਾੜ੍ਹੇ ਨੂੰ ਧੀ ਦੇਈਂ ਨਾ ਬਾਬਲਾ, ਹਾਲੀ ਪੁੱਤ ਬਥੇਰੇ।
ਪਾੜ੍ਹੇ ਦੀ ਤਾਂ ਦੂਰ ਨੌਕਰੀ, ਦੂਰ ਦੇਸ਼ ਦੇ ਗੇੜੇ।
ਪਿੰਡ ਵਿੱਚ ਬੈਠੀ ਨੂੰ, ਮਿਲ ਜਾਣਗੇ ਦੇਸ਼ ਨਿਕਾਲੇ।
ਪਹਿਲਾਂ ਹਰ ਕੰਮ ਹੱਥੀਂ ਕਰਨਾ ਪੈਂਦਾ ਸੀ। ਜਨਾਨੀਆਂ ਪਹਿਰ ਦੇ ਤੜਕੇ ਉੱਠ ਕੇ ਚੱਕੀ ’ਤੇ ਆਟਾ ਦਾਣਾ ਪੀਂਹਦੀਆਂ ਸਨ। ਫੇਰ ਦੁੱਧ ਰਿੜਕਦੀਆਂ ਸਨ। ਫੇਰ ਧਾਰਾਂ ਕੱਢਦੀਆਂ ਸਨ। ਫੇਰ ਗੋਹਾ ਕੂੜਾ ਕਰਦੀਆਂ ਸਨ। ਉਸ ਤੋਂ ਪਿੱਛੋਂ ਸਵੇਰ ਦੀ ਰੋਟੀ ਬਣਾਉਂਦੀਆਂ ਸਨ। ਇਨ੍ਹਾਂ  ਸਾਰੇ ਕੰਮਾਂ ਨੂੰ ਕਰਨ ਲਈ ਚੰਗੀ ਸਿਹਤ ਹੋਣੀ ਚਾਹੀਦੀ ਸੀ। ਚੰਗੀ ਸਿਹਤ ਲਈ ਚੰਗੀ ਖੁਰਾਕ ਚਾਹੀਦੀ ਸੀ। ਚੰਗੀ ਖੁਰਾਕ ਲਈ ਰੋਟੀ, ਸਬਜ਼ੀ, ਦਾਲ ਦੇ ਨਾਲ ਦੁੱਧ, ਲੱਸੀ, ਮੱਖਣ, ਘਿਉ ਚਾਹੀਦਾ ਸੀ, ਜਿਹੜਾ ਮੱਝਾਂ ਦੇ ਦੁੱਧ ਤੋਂ ਹੀ ਪ੍ਰਾਪਤ ਹੋ ਸਕਦਾ ਸੀ। ਇਸ ਲਈ ਧੀ ਆਪਣੇ ਬਾਬਲ ਨੂੰ ਉਹ ਘਰ ਟੋਲ੍ਹਣ ਲਈ ਕਹਿੰਦੀ ਸੀ, ਜਿੱਥੇ ਮੱਝਾਂ ਹੋਣ:
ਦੇਵੀਂ ਵੇ ਬਾਬਲਾ! ਉਸ ਘਰੇ, ਜਿੱਥੇ ਸੱਸੂ ਦੇ ਮੱਝਾਂ ਸੱਤ।
ਇੱਕ ਚੋਵਾਂ ਇੱਕ ਵਧਾਵਾਂ,
ਮੇਰਾ ਚਾਟੀਆਂ ਦੇ ਵਿੱਚ ਹੱਥ, ਬਾਬਲਾ! ਤੇਰਾ ਪੁੰਨ ਹੋਵੇ।
ਪਹਿਲੇ ਸਮਿਆਂ ਵਿੱਚ ਸਾਰਾ ਸਫ਼ਰ  ਪੈਦਲ ਹੀ ਤੈਅ ਕਰਨਾ ਪੈਂਦਾ ਸੀ। ਇਸ ਲਈ ਧੀ ਦੀ ਬਾਬਲ ਤੋਂ ਅਗਲੀ ਮੰਗ ਆਪਣਾ ਰਿਸ਼ਤਾ ਨੇੜੇ ਕਰਨ ਦੀ ਹੁੰਦੀ ਸੀ:
ਮੈਂ ਤੈਨੂੰ ਵਰਜਦੀ ਬਾਬਲਾ ਵੇ, ਧੀਆਂ ਦੂਰ ਨਾ ਦੇਈਏ।
ਦੂਰ ਦੀਆਂ ਵਾਟਾਂ ਲੰਮੀਆਂ, ਵੇ ਸਾਥੋਂ ਤੁਰਿਆ ਨਾ ਜਾਵੇ।
ਵਰ ਘਰ ਵਿੱਚ ਉੱਪਰ ਦਿੱਤੇ ਗੁਣਾਂ ਦੇ ਨਾਲ ਧੀ ਦੀ ਇਹ ਵੀ ਇੱਛਾ ਹੁੰਦੀ ਸੀ ਕਿ ਉਸ ਦਾ ਸਹੁਰਾ ਪਰਿਵਾਰ ਅਜਿਹਾ ਹੋਵੇ, ਜਿੱਥੇ ਉਸ ਦਾ ਪੂਰਾ ਇੱਜ਼ਤ-ਮਾਣ ਹੋਵੇ, ਉਸ ਦੀ ਘਰ ਵਿੱਚ ਆਖੀ ਗੱਲ ਜਾਂ ਸਲਾਹ ਮੰਨੀ ਜਾਇਆ ਕਰੇ:
ਹੇਠਾਂ ਚੰਨਣ ਚੌਂਕੀ ਵੇ, ਜਿਹੜੀ ਹੀਰਿਆਂ ਜੜਤ ਜੜੀ,
ਉੱਤੇ ਬੀਬੀ ਬੈਠੀ ਹੋਵੇ,  ਬਾਬਲ ਨੂੰ ਅਰਜ਼ ਕਰੇ,
ਸਾਨੂੰ ਉੱਥੇ ਵਿਆਹਿਓ, ਵੇ ਜਿੱਥੇ ਬੀਬੀ ਰਾਜ ਕਰੇ।
ਕਈ ਸਿਆਣੇ ਬਾਬਲ ਵਿਆਹੁਣ ਯੋਗ ਧੀਆਂ ਦੀ ਰਮਜ਼ ਪਛਾਣ ਕੇ ਆਪ ਹੀ ਆਪਣੀ ਧੀ ਤੋਂ ਪੁੱਛ ਲੈਂਦੇ ਸਨ:
ਬੇਟੀ! ਚੰਨਣ ਦੇ ਓਹਲੇ ਕਿਉਂ ਖੜੀ?
ਮੈਂ ਤਾਂ ਖੜੀ ਸੀ ਬਾਬਲ ਜੀ ਦੇ ਬਾਰ, ਬਾਬਲ ਵਰ ਲੋੜੀਏ?
ਬੇਟੀ! ਕਿਹੋ ਜਿਹਾ ਵਰ ਲੋੜੀਏ?
ਬਾਬਲਾ! ਜਿਉਂ ਤਾਰਿਆਂ ਵਿੱਚੋਂ ਚੰਨ,
ਚੰਨਾਂ ਵਿੱਚੋਂ ਕਾਨ੍ਹ, ਕਨ੍ਹਈਆ ਵਰ ਲੋੜੀਏ।
ਜੇ ਬਾਬਲ ਦੀ ਕੋਸ਼ਿਸ਼, ਹਿੰਮਤ ਤੇ ਘਾਲਣਾ ਨਾਲ ਧੀ ਨੂੰ ਮਨ-ਇੱਛਤ ਵਰ ਮਿਲ ਜਾਂਦਾ ਸੀ ਤਾਂ ਉਹ ਬਾਬਲ ਨੂੰ ਅਸੀਸਾਂ ਦਿੰਦੀ ਕਹਿੰਦੀ:
ਗਿਰੀਆਂ ਪਾਈਆਂ, ਮੇਵੇ ਪਾਏ, ਵਧੀਆ ਖੀਰ ਬਣਾਈ।
ਜੁੱਗ-ਜੁੱਗ ਜੀਵੇਂ ਬਾਬਲਾ, ਜੋੜੀ ਮਿਲ ਗਈ ਫ਼ਰਕ ਨਾ ਕਾਈ।
ਪਹਿਲੇ ਸਮਿਆਂ ਵਿੱਚ ਰਿਸ਼ਤੇ ਵਿਚੋਲਿਆਂ ਰਾਹੀਂ ਹੁੰਦੇ ਸਨ। ਜੇ ਕੋਈ ਬਾਬਲ ਵਿਚੋਲੇ ਦੀ ਮਾੜੀ ਨੀਅਤ ਕਰਕੇ ਜਾਂ ਆਪਣੀ ਮਾੜੀ ਆਰਥਿਕ ਹਾਲਤ ਕਰਕੇ ਆਪਣੀ ਧੀ ਦਾ ਪੈਸੇ ਲੈ ਕੇ ਕਿਸੇ ਵੱਡੀ ਉਮਰ ਵਾਲੇ ਨਾਲ ਵਿਆਹ ਕਰ ਦਿੰਦਾ ਸੀ ਤਾਂ ਉਹ ਬਾਬਲ ਨੂੰ ਨਿਹੋਰਾ ਵੀ ਮਾਰਦੀਆਂ ਸਨ ਤੇ ਨਾਲ ਹੀ ਵਿਚੋਲੇ ਅਤੇ ਆਪਣੀ ਮਾੜੀ ਕਿਸਮਤ ਨੂੰ ਵੀ ਦੋਸ਼ੀ ਮੰਨਦੀਆਂ ਸਨ:
ਬਾਬਲ ਮੇਰਾ ਦੰਮਾਂ ਦਾ ਲੋਭੀ, ਦਾਮ ਕਰਾ ਲੇ ਢੇਰੀ।
ਬੁੱਢੇ ਕੰਤ ਨਾਲ ਦਿੱਤੀਆਂ ਲਾਵਾਂ, ਉਮਰ ਨਾ ਦੇਖੀ ਮੇਰੀ।
ਕੀ ਦੋਸ਼ ਵਿਚੋਲੇ ਨੂੰ, ਕਿਸਤਮ ਖੋਟੀ ਮੇਰੀ।
ਧੀ ਦਾ ਵਿਆਹ ਕਰਕੇ ਮਾਪੇ ਆਪਣੀ ਜ਼ਿੰਮੇਵਾਰੀ ਤੋਂ ਸੁਰਖਰੂ ਹੋਇਆ ਮਹਿਸੂਸ ਕਰਦੇ ਸਨ। ਧੀ ਦੀ ਡੋਲੀ ਤੁਰਨ ਸਮੇਂ ਦਾ ਮਾਹੌਲ ਬੜਾ ਕਰੁਣਾਮਈ ਹੁੰਦਾ ਸੀ:
ਤੇਰੀ ਡੋਲੀ ਦਾ ਬਾਣ ਪੁਰਾਣਾ ਨੀਂ,
ਨੀਂ ਨਾ ਰੋ ਮੇਰੀ ਲਾਡੋ, ਧੀਆਂ ਦਾ ਧਨ ਬਿਗਾਨਾ ਨੀਂ।
ਮੋਰਾਂ ਨੇ ਪੈਲਾਂ ਪਾ ਲਈਆਂ, ਬਾਬਲਾ ਧਾਹੀਂ ਵੇ ਰੋਵੇਂ।
ਤੂੰ ਕਿਉਂ ਰੋਵੇਂ ਬਾਬਲਾ, ਧੀਆਂ ਧਨ ਵੇ ਪਰਾਇਆ
ਵਿਆਹ ਤੋਂ ਬਾਅਦ ਧੀ ਪ੍ਰਦੇਸਣ ਬਣ ਜਾਂਦੀ ਹੈ। ਫਿਰ ਜਦੋਂ ਵਿਆਹੀਆਂ ਧੀਆਂ ਦੇ ਬੱਚੇ ਹੋ ਜਾਂਦੇ ਹਨ ਤਾਂ ਉਨ੍ਹਾਂ ਦਾ ਹੌਲੀ-ਹੌਲੀ ਪੇਕੇ ਆਉਣਾ ਘਟ ਜਾਂਦਾ ਹੈ। ਧੀਆਂ ਦੀ ਆਪਣੀ ਕਬੀਲਦਾਰੀ ਵੱਡੀ ਹੁੰਦੀ ਜਾਂਦੀ ਹੈ। ਮਾਂ-ਬਾਪ ਬੁੱਢੇ ਹੋ ਜਾਂਦੇ ਹਨ। ਮਾਂ-ਬਾਪ ਦੀ ਥਾਂ ਘਰ ਦੀ ਮੁਖਤਿਆਰੀ ਭਾਈਆਂ ਤੇ ਭਰਜਾਈਆਂ ਕੋਲ ਚਲੀ ਜਾਂਦੀ ਹੈ। ਫੇਰ ਧੀਆਂ ਦਾ ਪੇਕੇ ਘਰ ਪਹਿਲੇ ਜਿਹਾ ਆਦਰ-ਮਾਣ ਨਹੀਂ ਰਹਿੰਦਾ:
ਦੂਰੋਂ ਤਾਂ ਆਈ ਸਾਂ ਚੱਲ ਕੇ ਨੀਂ ਮਾਏ, ਤੇਰੇ ਦਰ ਵਿੱਚ ਰਹੀ ਆਂ ਖਲੋ।
ਭਾਬੀਆਂ ਪੁੱਛਿਆ ਨਾ ਸੁੱਖ ਦਾ ਸੁਨੇਹਾ, ਨਾ ਗਲ ਲੱਗੀਆਂ ਰੋ।
ਕਣਕਾਂ ਲੰਮੀਆਂ, ਧੀਆਂ ਕਿਉਂ ਜੰਮੀਆਂ ਨੀਂ ਮਾਏ?
ਧੀ ਦੀ ਅਸਲ ਦੁੱਖ-ਤਕਲੀਫ਼ ਤਾਂ ਮਾਪਿਆਂ ਨੂੰ ਹੀ ਹੁੰਦੀ ਹੈ। ਮਾਪੇ ਹੀ ਧੀਆਂ ਦੇ ਰਖਵਾਲੇ ਹੁੰਦੇ ਹਨ।
ਚੜ੍ਹ ਵੇ ਚੰਨਾ ਤੇਰੀ ਗਿੱਠ-ਗਿੱਠ ਲਾਲੀ, ਮਾਪੇ ਹੁੰਦੇ ਨੇ ਧੀਆਂ ਦੇ ਵਾਲੀ।
ਚਾਹੇ ਮਾਂ-ਬਾਪ ਧੀਆਂ ਨਾਲੋਂ ਪੁੱਤਾਂ ਨੂੰ ਚੰਗਾ ਸਮਝਦੇ ਹਨ ਪਰ ਬੁਢੇਪੇ ਵੇਲੇ ਪੁੱਤ ਆਪਣੇ ਮਾਂ-ਬਾਪ ਤੋਂ ਅੱਖਾਂ ਫੇਰਨ ਲੱਗ ਜਾਂਦੇ ਹਨ। ਅੱਜ ਹਾਲ ਇਹ ਹੈ ਕਿ ਜਿੰਨੀਆਂ ਖੈਰ-ਖੁਆਹ ਮਾਪਿਆਂ ਦੀਆਂ ਧੀਆਂ ਹਨ, ਓਨੇ ਪੁੱਤ ਨਹੀਂ।

-ਹਰਕੇਸ਼ ਸਿੰਘ ਕਹਿਲ

* ਮੋਬਾਈਲ: 81464-22238


No comments:

Post a Comment