Tuesday, 17 September 2013

ਨਿਵੇਕਲੀ ਗਾਇਨ ਸ਼ੈਲੀ ਦਾ ਮਾਲਕ : ਨਵਾਬ ਘੁਮਾਰ ਅਨਾਇਤਕੋਟੀਆ



ਪੁਰਾਣੀ ਪੀੜ੍ਹੀ ਦੇ ਸਰੋਤਿਆਂ ਲਈ ਨਵਾਬ ਘੁਮਾਰ ਕਿਸੇ ਵਿਸ਼ੇਸ਼ ਜਾਣ-ਪਛਾਣ ਦਾ ਮੁਥਾਜ਼ ਨਹੀਂ। ਇਹ ਪੀੜ੍ਹੀ ਉਸ ਦੇ ਨਾਂ ਅਤੇ ਉਸ ਦੀ ਗਾਇਕੀ ਤੋਂ ਭਲੀ ਪ੍ਰਕਾਰ ਜਾਣੂ ਹੈ। ਗ੍ਰਾਮੋਫੋਨ ਦੇ ‘ਕਾਲੇ ਤਵਿਆਂ’ ਵਿਚ ਲੋਕ ਸਾਜ਼ ਅਲਗੋਜ਼ਿਆਂ ਦੇ ਨਾਲ ਸਭ ਤੋਂ ਪਹਿਲਾਂ ਰਿਕਾਰਡਿੰਗ ਕਰਾਉਣ ਦਾ ਮਾਣ ਇਸ ਅਲਬੇਲੇ ਅਤੇ ਫੱਕਰ ਗਾਇਕ ਨੂੰ ਹੀ ਪ੍ਰਾਪਤ ਹੈ ਜੋ ਲੰਮਾ ਸਮਾਂ ਲੋਕਾਂ ਦੇ ਕੰਨਾਂ ਵਿਚ ਰਸ ਘੋਲਦੀ ਰਹੀ ਹੈ। ਪੰਜਾਬੀ ਲੋਕ ਗਾਇਕੀ ਦੇ ਵਿਸ਼ਾਲ ਖੇਤਰ ਵਿਚ ਉਸ ਨੂੰ ‘ਕਿਸੇ ਵਰਗਾ’ ਨਹੀਂ ਕਿਹਾ ਜਾ ਸਕਦਾ। ਉਸ ਦੀ ਆਪਣੀ ਇਕ ਵੱਖਰੀ ਸ਼ੈਲੀ ਸੀ, ਨਿਵੇਕਲੀ ਆਵਾਜ਼ ਸੀ ਅਤੇ ਵਿਲੱਖਣ ਅੰਦਾਜ਼ ਸੀ। ‘ਹਲਾ, ਪੁੱਤਰ ਬੂਟਿਆ ਘੁਮਿਆਰਾ ਅਨਾਇਤ ਕੋਟੀਆ’ ਵਾਲਾ ਉਸ ਦਾ ਕਲਾਮ ਉਸ ਨੂੰ ਵਿਲੱਖਣਤਾ ਪ੍ਰਦਾਨ ਕਰਦਾ ਹੈ
ਨਵਾਬ ਘੁਮਾਰ ਦਾ ਜਨਮ ਸਾਂਝੇ ਪੰਜਾਬ ਦੇ ਜ਼ਿਲ੍ਹਾ ਗੁੱਜਰਾਂਵਾਲਾ ਦੇ ਪਿੰਡ ਅਨਾਇਤ ਕੋਟ ਵਿਖੇ ਉਨੀਵੀਂ ਸਦੀ ਦੇ ਪਿਛਲੇ ਦਹਾਕੇ ਵਿਚ ਮੁਸਲਮਾਨ ਘੁਮਿਆਰਾਂ ਦੇ ਘਰ ਹੋਇਆ। ਉਸ ਨੂੰ ਆਪਣੀ ਜਾਤ ’ਤੇ ਬੜਾ ਫਖ਼ਰ ਐ। ਹਰ ਰਚਨਾ ਦੇ ਆਰੰਭ ਵਿਚ ਉਹ ਇਸ ਦਾ ਜ਼ਿਕਰ ਕਰਦਾ ਹੈ। ਸੋਹਣੀ ਦੀ ਗਾਥਾ ਦੇ ਪ੍ਰਸੰਗ ਵਿਚ ਉਹ ਕਹਿੰਦਾ ਹੈ ਕਿ ਉਸ ਦੇ ਕਾਰਨ ਘੁਮਿਆਰਾਂ ਦਾ ਆਸ਼ਕਾਂ ਵਿਚ ਨਾਂ ਹੋਇਆ, ‘ਸੋਹਣੀ ਘੁਮਿਆਰੀ ਦੀ ਸ਼ਾਇਰ ਸਿਫ਼ਤ ਕਰਦੈ। ਜੇ ਕਰ ਸੋਹਣੀ ਘੁਮਿਆਰੀ ਗੁਜਰਾਤ ਵਿਚ ਪੈਦਾ ਨਾ ਹੁੰਦੀ, ਸਾਡਾ ਘੁਮਿਆਰਾਂ ਦਾ ਆਸ਼ਕਾਂ ਵਿਚ ਨਾਮ ਨਹੀਂ ਸੀ ਹੋਣਾ, ‘ਹਲਾ! ਪੁੱਤਰ ਬੂਟਿਆ ਕਿਹੜੀ ਸਿਫ਼ਤ ਉਸ ਘੁਮਿਆਰੀ ਦੀ…?’ ਉਸ ਦੀ ਪਹਿਲੀ ਰਿਕਾਰਡਿੰਗ 1932-33 ਦੇ ਨੇੜੇ ਤੇੜੇ ਹੋਈ ਪ੍ਰਤੀਤ ਹੁੰਦੀ ਹੈ। ਕਿਉਂਕਿ ਸੰਸਾਰ ਪ੍ਰਸਿੱਧ ਰਿਕਾਰਡਿੰਗ ਕੰਪਨੀ ਰੀਗਲ ਵਿਚ ਉਸ ਦਾ ਤਵਾ ਆਰ.ਐਲ. 135 ਮਿਲਦਾ ਹੈ ਜੋ ‘ਪੂਰਨ’ ਦੀ ਲੋਕਗਾਥਾ ਹੈ। ਰੀਗਲ ਤੋਂ ਇਲਾਵਾ ‘ਯੰਗ ਇੰਡੀਆ, ਐਚ.ਐਮ.ਵੀ., ਓਡੀਅਨ ਆਦਿ ਰਿਕਾਰਡਿੰਗ ਕੰਪਨੀਆਂ ਨੇ ਉਸ ਦੀ ਆਵਾਜ਼ ਵਿਚ ਅਨੇਕਾਂ ਤਵੇ ਰਿਕਾਰਡ ਕੀਤੇ ਜੋ ਲੋਕਾਂ ਵਿਚ ਬੇਹੱਦ ਮਕਬੂਲ ਹੋਏ।
ਸਮੁੱਚੀ ਰਿਕਾਰਡਿੰਗ ਉਸ ਦੀ ਆਪਣੀ ਆਵਾਜ਼ ਵਿਚ ਹੀ ਹੈ ਉਸ ਦਾ ਕੋਈ ਪਾਛੂ (ਸਹਾਇਕ) ਨਹੀਂ ਹੈ। ਉਹ ਅਲਗੋਜ਼ੇ, ਚਿਮਟੇ ਅਤੇ ਢੋਲਕ ਨਾਲ ਗਾਉਂਦੇ ਸਨ। ਸਾਜ਼ੀ ਉਸ ਦੇ ਆਪਣੇ ਹੀ ਮੁੰਡੇ ਸਨ। ਬੂਟਾ ਅਲਗੋਜ਼ੇ ਵਜਾਉਂਦਾ ਸੀ, ਜਾਨਾ ਵੀ ਅਲਗੋਜ਼ਿਆਂ ਦਾ ਮਾਹਿਰ ਸੀ। ਤੀਜਾ ਮੁੰਡਾ ਸਰਜਾ ਚਿਮਟਾ ਵਜਾਉਂਦਾ ਸੀ। ਰਿਕਾਰਡਿੰਗ ਵਿਚ ਜ਼ਿਆਦਾਤਰ ਅਲਗੋਜ਼ੇ ਬੂਟੇ ਦੇ ਹੀ ਵਜਾਏ ਹੋਏ ਹਨ। ਲਹਿੰਦੇ ਪੰਜਾਬ ਵਿਚ ਇਨ੍ਹਾਂ ਨੂੰ ‘ਮੱਟੀਆਂ’ ਕਿਹਾ ਜਾਂਦਾ ਹੈ। ਨਵਾਬ ਆਪ ਇਨ੍ਹਾਂ ਨੂੰ ‘ਲੱਕੜੀ’ ਆਖਦਾ ਸੀ।
ਨਵਾਬ ਦੇ ਇਕ ਸ਼ਗਿਰਦ ਬਾਬਾ ਨਾਜ਼ਕ ਸ਼ਾਹ ਜਿਸ ਨੇ ਚਾਰ ਸਾਲ ਉਸ ਦੀ ਸੰਗਤ ਕੀਤੀ ਨੇ ਦੱਸਿਆ ਕਿ ਉਹ ਪੀਰ ਗੁਲੂ ਸ਼ਾਹ ਦੇ ਮੇਲੇ, ਧਰੌਂਕਲ ਦੇ ਮੇਲੇ, ਦਾਤਾ ਗੰਜ ਬਖਸ਼ ਦੇ ਮੇਲੇ ਆਦਿ ’ਤੇ ਤਾਂ ਨੇਮਬੱਧ ਹਾਜ਼ਰੀ ਭਰਦੇ ਸਨ। ਉਸ ਨੂੰ ਪੀਰ ਬਹਾਦਰ ਸ਼ਾਹ ਤੋਂ ਵਰ ਪ੍ਰਾਪਤ ਸੀ। ਆਪਣੇ ਪੀਰ ਦੀ ਉਸਤਤ ਵਿਚ ਗਾਈ ਉਸ ਦੀ ਜੁਗਨੀ ਮਿਲਦੀ ਹੈ। ਉਹ ਕਹਿੰਦਾ ਹੈ, ‘ਘੁਮਿਆਰ ਮਸਕੀਨ ਜੀ, ਆਪਣੇ ਪੀਰ ਬਹਾਦਰ ਸ਼ਾਹ ਅੱਗੇ ਜੁਗਨੀ ਪਿਆ ਗਾਉਂਦੈ। ਆਪਣੇ ਪੀਰ ਨੂੰ ਰਾਜ਼ੀ ਪਿਆ ਕਰਦੈ। ਹਲਾ! ਪੁੱਤਰ ਜਾਨ੍ਹਿਆ ਕਿਹੜੀ ਤਰਜ਼ ਐ ਬਈ…?’ ਮੇਲਿਆਂ ਦੇ ਅਖਾੜਿਆਂ ਤੇ ਸਾਈ ਵਾਲੇ ਅਖਾੜਿਆਂ ਤੋਂ ਹੁੰਦੀ ਹੋਈ ਇਨ੍ਹਾਂ ਦੀ ਗਾਇਕੀ ਰਿਕਾਰਡਿੰਗ ਤੱਕ ਪਹੁੰਚੀ। ਬਾਬਾ ਨਾਜ਼ਕ ਸ਼ਾਹ ਅਨੁਸਾਰ ਵੰਡ ਤੋਂ ਪਹਿਲਾਂ ਅੰਮ੍ਰਿਤਸਰ ਦੇ ਨੇੜਲੇ ਕਸਬੇ ਛੇਹਰਟਾ ਵਿਖੇ ਇਕ ਰਿਕਾਰਡਿੰਗ ਕੰਪਨੀ ਸੀ। ਏਸੇ ਕੰਪਨੀ ਨੇ ਉਨ੍ਹਾਂ ਦੇ ਤਵੇ ਕੱਢੇ। ਨਵਾਬ ਦੀ ਆਵਾਜ਼ ਵਿਚ ਪੂਰਨ, ਜੈਮਲ ਫੱਤਾ, ਸੋਹਣੀ, ਜੁਗਨੀ, ਢੋਲ ਸੰਮੀ ਆਦਿ ਲੋਕ ਗਾਥਾਵਾਂ ਵਿਚੋਂ ਰਿਕਾਰਡ ਮਿਲਦੇ ਹਨ।
ਨਵਾਬ ਘੁਮਾਰ ਵੱਲੋਂ ਰਿਕਾਰਡਾਂ ਵਿਚ ਕੀਤੀ ਪ੍ਰਸੰਗਾਂ ਦੀ ਪੇਸ਼ਕਾਰੀ ਬਹੁਤ ਸਲਾਹੁਣਯੋਗ ਹੈ। ਨਪੇ ਤੁਲੇ ਸ਼ਬਦਾਂ ਵਾਲੀ ਕਾਵਿ ਮਈ ਵਾਰਤਕ ਸਰੋਤਿਆਂ ਨੂੰ ਝੱਟ ਹੀ ਗਾਥਾ ਦੀ ਲੜੀ ਨਾਲ ਜੋੜ ਦਿੰਦੀ ਹੈ। ਸਰੋਤਿਆਂ ਦੇ ਸਾਹਮਣੇ ਤਸਵੀਰ ਖਿੱਚੀ ਜਾਂਦੀ ਹੈ। ਕੁਝ ਨਮੂਨੇ ਪੇਸ਼ ਹਨ-
* ‘ਪੂਰਨ ਜਤੀ, ਜੀ ਹੋ ਕੇ ਗੁਰੂ ਗੋਰਖ ਨਾਥ ਤੋਂ ਵਿਦਿਆ, ਕਿੱਥੇ ਚੱਲਿਐ? ਇਕ ਰਾਣੀ ਸੁੰਦਰਾਂ ਦਿਆਂ ਰੰਗ ਮਹੱਲਾਂ ਵਿਚੋਂ ਭਿਛਿਆ ਲੈਣ ਵਾਸਤੇ। ਹਲਾ, ਅਨਾਇਤ ਕੋਟੀਆ ਘੁਮਿਆਰਾ ਗੁਰੂ ਨੇ ਕਿਹੜੇ ਰੰਗ ਦੀ ਪੁਸ਼ਾਕ ਦਿੱਤੀ ਏ…?’
* ‘ਰਾਣੀ ਸੁੰਦਰਾਂ, ਜੀ ਦੇ ਕੇ ਭਿਛਿਆ ਪੂਰਨ ਸਾਧ ਨੂੰ ਹਲਾ ਪੁੱਤਰ ਅਨਾਇਤ ਕੋਟੀਏ ਦਿਆ ਬੂਟਿਆ ਭਲਵਾਨਾਂ ਕੀ ‘ਲੱਕੜੀ’ ਆਂਹਦੀ ਏ…?’
ਨਵਾਬ ਘੁਮਾਰ ਦੀ ਪਹਿਲੀ ਰਿਕਾਰਡਿੰਗ ‘ਪੂਰਨ’ ਦੀ ਗਾਥਾ ਵਿਚੋਂ ਸੀ ਤੇ ਸਭ ਤੋਂ ਪਿਛਲੀ ਰਿਕਾਰਡਿੰਗ ‘ਢੋਲ ਸੰਮੀ’ ਦੀ ਲੋਕ ਗਾਥਾ ਵਿਚੋਂ ਸੀ। ਉਸ ਦੇ ਆਪਣੇ ਸ਼ਬਦਾਂ ਵਿਚ ਸੁਣੋ-
* ‘ਇਹ ਉਸ ਵੇਲੇ ਦੀ ਗੱਲ ਐ ਜੀ, ਜਦੋਂ ਤੋਤਾ ਢੋਲ ਸਹਿਜ਼ਾਦੇ ਦਾ, ਕਿਥੇ ਆਵੇ? ਕੋਟ ਨਰਵਰ। ਦੇਖ ਕੇ ਢੋਲ ਦੀ ਮਾਂ ਹੈਰਾਨ ਹੋ ਗਈ। ਪੁੱਤਰ ਦਾ ਤੋਤਾ ਦੇਖ ਕੇ ਕਿਹੜੇ ਕੁਰਲਾਪ ਕਰਦੀ ਐ, ਹਲਾ, ਪੁੱਤਰ ਬੂਟਿਆ ਅਨਾਇਤ ਕੋਟੀਏ ਦਿਆ ਪੁੱਤਰਾ, ਪਿਛਲੀ ਉਮਰ ਦੇ ਰਕਾਟ ਨੇ, ਕੀ ਆਂਹਦੀ ਏ…?’
ਨਵਾਬ ਘੁਮਾਰ ਦੇ ਮਿਲਦੇ ਤਵਿਆਂ ਵਿਚੋਂ ਕੁਝ ਕੁ ਦੇ ਮੁੱਖੜੇ ਇਸ ਪ੍ਰਕਾਰ ਹਨ¸
* ‘ਆਂਹਦਾ ਗੇਰੂ ਰੰਗ ਪੁਸ਼ਾਕ ਗੁਰੂ ਨੇ ਉਹਦੇ ਅੰਗ ਲਗਾਈ।
ਪੈਰਾਂ ਨੂੰ ਜਾ ਪਊਏ ਦਿੱਤੇ ਖੱਪਰੀ ਹੱਥ ਫੜਾਈ।’
* ‘ਪੂਰਨ ਤੁਰਿਆ ਡੇਰਿਓਂ ਓਏ ਰਾਮ ਧਿਆਇਆ।
ਬਾਗ਼ ਨੌ ਲੱਖੇ ਜਾ ਕੇ ਜਤੀ ਨਾਦ ਵਜਾਇਆ।
ਬਾਗ਼ ਹਰਾ ਸੀ ਹੋ ਗਿਆ ਵਧਿਆ ਦੂਣ ਸਵਾਇਆ।
ਚੰਬਾ, ਮਰੂਆ, ਕਿਉੜਾ ਫੁੱਲਾਂ ਤੇ ਆਇਆ।’
* ‘ਇੱਕ ਪੁੱਤਰ ਹੋਇਆ ਘਰ ਤੁਸਾਂ ਦੇ ਮੈਂ ਡਿੱਠਾ ਵੇਦ ਵਿਚਾਰ।
ਪੁੱਛ ਰਾਣੀ ਨੂੰ ਰਾਜਿਆ ਝੂਠ ਸੱਚ ਨਿਤਾਰ।
ਤੂੰ ਦਿੱਤਾ ਹੁਕਮ ਜਲਾਦੀਆਂ ਲਏ ਜਲਾਦ ਬੁਲਾ।
ਤੂੰ ਮਰਵਾਇਆ ਉਸ ਨੂੰ ਹੱਥ ਪੈਰ ਟੁਕਵਾ।’      -ਪੂਰਨ-ਲੂਣਾ-ਸਲਵਾਨ
* ‘ਆਂਹਦੇ ਰਾਤ ਜੇ ਓਏ ਸੋਹਣਿਆਂ ਹਨੇਰੀ,
ਬੱਦਲ ਘੁਲ ਮਿਲ ਕੇ ਹਾਣੀਆਂ ਓਏ ਆਇਆ।
ਤੁਸੀਂ ਜਾਗੋ ਖਾਂ ਲੈ ਭੇੜਿਓ ਓਏ ਨੈਣੋਂ,
ਕੁੰਡਾ ਕਿਸ ਜੇ ਮੈਂ ਤੱਤੀ ਦਾ ਖੜਕਾਇਆ।’
* ‘ਤੇਰੀ ਕੁੱਟੀ ਐ ਮੈਂ ਤੋਤਿਆ ਵੇ ਚੂਰੀ,
ਓਏ ਵਿਚ ਖੰਡ ਜੇ ਮੈਂ ਭੈੜਿਆ ਰਲਾਈ।
ਆ ਜਾ, ਭਾਬੀ ਵੇਖਾਂ ਸਦਕੇ ਮੇਰਿਆ ਤੋਤਿਆ।
ਬਹਿ ਕੇ ਗੋਦੀ ਮੇਰੀ ਚੂਰੀ ਤੂੰ ਵੇ ਖਾਈ।   -ਢੋਲ-ਸੰਮੀ
* ‘ਬੋਲੀ ਕਹਿਰ ਗੁਜ਼ਾਰ ਦੀ ਓਏ ਸੁਣ ਮੂਲੀ ਪੱਤਾ ਈ।
ਸੈ ਮਣਾਂ ਦੇ ਦੁੱਧ ਨੂੰ ਤੋਲਾ ਭਰ ਖੱਟਾ ਈ
ਬੜੇ ਹਾਂ ਤੇਰੀ ਫੌਜ ਨੂੰ ਦੋਏ ਜੈਮਲ ਫੱਤਾ ਈ।’
* ‘ਆਂਹਦੇ ਅੱਗੋਂ ਅਕਬਰ ਬੋਲਦਾ ਸੁਣ ਜੈਮਲ ਮੱਲਾ ਈ
ਮੇਰਾ ਲਸ਼ਕਰ ਬੜਾ ਹੈ ਤੂੰ ਇਕ ਇਕੱਲਾ ਈ।’

-ਜੈਮਲ-ਫੱਤਾ

ਨਵਾਬ ਇਕ ਹੰਢਿਆ ਹੋਇਆ ਪ੍ਰਪੱਕ ਗਵੱਈਆ ਸੀ। ਸਤਰ ਦੇ ਅੰਤਰ ’ਤੇ ‘ਈ’ ਬੋਲਣਾ ਉਸ ਦਾ ਵਿਸ਼ੇਸ਼ ਅਤੇ ਮੌਲਿਕ ਅੰਦਾਜ਼ ਹੈ। ਜੋ ਇਕ ਖਾਸ ‘ਤਰਜ਼’ ਦੇ ਰੂਪ ਵਿਚ ਵਿਕਸਤ ਹੋਇਆ। ਇਸ ਨੂੰ ਬਾਅਦ ਵਾਲੇ ਗਾਇਕ ‘ਤਰਜ਼ ਅਨਾਇਤ ਕੋਟੀਆ’ ਕਹਿ ਕੇ ਗਾਉਂਦੇ ਆ ਰਹੇ ਹਨ। ਇਹ ਉਸ ਦੀ ਲੋਕ ਗਾਇਕੀ ਦੇ ਖੇਤਰ ਵਿਚ ਵੱਡੀ ਪ੍ਰਾਪਤੀ ਹੈ।
1947 ਵਿਚ ਪਾਕਿਸਤਾਨ ਬਣਨ ਤੋਂ ਬਾਅਦ ਨਵਾਬ ਘੁਮਾਰ ਲਹਿੰਦੇ ਪੰਜਾਬ ਵਿਚ ਹੀ ਰਹਿ ਗਿਆ ਕਿਉਂਕਿ ਅਨਾਇਤ ਕੋਟ ਹੱਦ ਤੋਂ ਪਾਰ ਦਾ ਪਿੰਡ ਸੀ। ਬਾਬਾ ਨਾਜ਼ਕ ਸ਼ਾਹ ਨੇ ਦੱਸਿਆ ਕਿ ਵੰਡ ਵੇਲੇ ਮੈਂ ਆਪਣੇ ਪਰਿਵਾਰ ਸਮੇਤ ਏਧਰ ਆ ਗਿਆ। ਵੰਡ ਤੋਂ ਬਾਅਦ ਉਨ੍ਹਾਂ ਦੀ ਕੋਈ ਰਿਕਾਰਡਿੰਗ ਹੋਈ ਜਾਂ ਨਹੀਂ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਉਂਝ ਉਸਤਾਦ ਜੀ ਨਾਲ ਮੇਰਾ ਚਿੱਠੀ ਪੱਤਰ ਹੁੰਦਾ ਰਹਿੰਦਾ ਸੀ। ਪਾਕਿਸਤਾਨ ਬਣਨ ਤੋਂ ਤੇਰਾਂ ਸਾਲ ਬਾਅਦ ਭਾਵ 1960 ਦੇ ਲਗਪਗ ਉਸਤਾਦ ਜੀ ਗੁਜ਼ਰ ਗਏ। ਤਿੰਨ ਪੁੱਤਰਾਂ ਤੋਂ ਇਲਾਵਾ ਉਨ੍ਹਾਂ ਦੀ ਇਕ ਧੀ ਵੀ ਸੀ।
ਨਵਾਬ ਘੁਮਾਰ ਨੇ ਆਪਣੀ ਰਿਕਾਰਡਿੰਗ ਨਾਲ ਪੰਜਾਬੀ ਲੋਕ ਗਾਇਕੀ ਦੇ ਭੰਡਾਰ ਨੂੰ ਗਿਣਾਤਮਕ ਤੇ ਗੁਣਾਤਮਕ ਪੱਖੋਂ ਵਿਸ਼ੇਸ਼ ਯੋਗਦਾਨ ਪਾ ਕੇ ਪ੍ਰਫੁੱਲਤ ਕੀਤਾ ਹੈ। ਹੋ ਸਕਦੈ ਉਨ੍ਹਾਂ ਦੀ ਹੋਰ ਵੀ ਰਿਕਾਰਡਿੰਗ ਹੋਵੇ ਜਿਸ ਨੂੰ ਖੋਜ ਕੇ ਸਾਂਭਣ ਦੀ ਜ਼ਰੂਰਤ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਇਸ ਮਹਾਨ ਲੋਕ ਗਾਇਕ ਬਾਰੇ ਜਾਣ ਸਕਣ।

-ਹਰਦਿਆਲ ਥੂਹੀ


No comments:

Post a Comment