Monday, 16 September 2013

ਮਲਵਈ ਸੱਭਿਆਚਾਰ ਵਿੱਚ ‘ਜੰਡ’ ਦੀ ਮਹੱਤਤਾ






ਸਮੇਂ ਦੇ ਬਦਲਾਅ ਨਾਲ ਸਦੀਆਂ ਪਹਿਲਾਂ ਮਾਲਵੇ ਵਿੱਚੋਂ ਸਰਸਵਤੀ ਦਰਿਆ ਦੇ ਵਹਿਣ ਦਾ ਰੁਖ਼ ਬਦਲਣ ਨਾਲ ਇਸ ਇਲਾਕੇ ਦਾ ਵਾਤਾਵਰਨ ਗਰਮ ਅਤੇ ਖ਼ੁਸ਼ਕ ਹੋ ਗਿਆ ਸੀ। ਇੱਥੇ ਰੇਤ ਦੇ ਟਿੱਬੇ ਬੱਝ ਗਏ ਸਨ। ਮਾਲਵੇ ਵਿੱਚੋਂ ਤਰ ਇਲਾਕੇ ਵਾਲੀ ਬਨਸਪਤੀ, ਫ਼ਸਲਾਂ, ਫੁੱਲ, ਫਲ, ਬੂਟੇ, ਰੁੱਖਾਂ ਦੀ ਪੈਦਾਵਾਰ ਹੋਣੋਂ ਹਟ ਗਈ ਸੀ। ਇੱਥੇ ਉਹੀ ਫ਼ਸਲਾਂ ਅਤੇ ਰੁੱਖ ਪੈਦਾ ਹੋਣ ਲੱਗੇ ਜਿਹੜੇ ਅੰਤਾਂ ਦੀ ਗਰਮੀ, ਖ਼ੁਸ਼ਕੀ ਅਤੇ ਪਾਣੀ ਦੀ ਅਣਹੋਂਦ ਸਹਾਰ ਸਕਦੇ ਸਨ। ਪ੍ਰਸਿੱਧ ਵਿਗਿਆਨੀ ਡਾਰਵਿਨ ਦੇ ਸਿਧਾਂਤ ਮੁਤਾਬਕ,‘‘ਕੁਦਰਤ ਵਾਤਾਵਰਨ ਮੁਤਾਬਕ ਉਨ੍ਹਾਂ ਜੀਵ, ਜੰਤੂਆਂ, ਬਨਸਪਤੀ ਦੀ ਚੋਣ ਕਰਦੀ ਹੈ ਜਿਹੜੇ ਮੌਜੂਦਾ ਹਾਲਾਤ ਮੁਤਾਬਕ ਆਪਣੇ ਆਪ ਨੂੰ ਢਾਲਣ ਦੇ ਸਮਰੱਥ ਹੁੰਦੇ ਹਨ।’’ ਇਸ ਕੁਦਰਤੀ ਵਰਤਾਰੇ ਕਾਰਨ ਹੀ ਮਾਲਵੇ ਵਿੱਚ ਜਿੱਥੇ ਸਹਿਣਸ਼ੀਲ ਫ਼ਸਲਾਂ ਜਵਾਰ, ਬਾਜਰਾ, ਮੋਠ, ਗਵਾਰਾ, ਮਾਰੂ ਛੋਲੇ ਅਤੇ ਅੱਕ, ਢੱਕ, ਸਰਕੰਡਾ, ਕਾਹੀ, ਕੌੜਤੁੰਮਾ, ਭੱਖੜਾ ਵਰਗੀ ਬਨਸਪਤੀ ਪੈਦਾ ਹੋਈ, ਉÎੱਥੇ ਮਾਲਵੇ ਨੂੰ ਫਲਾਹੀਆਂ, ਬੇਰੀਆਂ, ਕਿੱਕਰਾਂ, ਕਰੀਰਾਂ, ਵਣਾਂ, ਜੰਡਾਂ, ਰੇਰੂਆਂ ਵਰਗੇ ਰੁੱਖਾਂ ਨੇ ਨਿਵੇਕਲੇ ਢੰਗ ਦਾ ਵੰਨ-ਸੁਵੰਨਾ ਕੁਦਰਤੀ ਰੇਗਿਸਤਾਨੀ ਸੁਹੱਪਣ ਬਖਸ਼ਿਆ। ਇਨ੍ਹਾਂ ਰੁੱਖਾਂ ਅਤੇ ਫ਼ਸਲਾਂ ਨੇ ਮਲਵਈਆਂ ਦੀਆਂ ਲੋੜਾਂ ਪੂਰੀਆਂ ਕੀਤੀਆਂ। ਇਨ੍ਹਾਂ ਲੋੜਾਂ ਅਤੇ ਪੂਰਤੀਆਂ ਦੀ ਖ਼ੁਸ਼ੀ ਵਿੱਚੋਂ ਹੀ ਸੱਭਿਆਚਾਰ ਨੇ ਅੰਗੜਾਈ ਲਈ। ਇਸ ਮਲਵਈ ਸੱਭਿਆਚਾਰ ਵਿੱਚ ਰੁੱਖਾਂ ਵਿੱਚੋਂ ‘ਜੰਡ’ ਰੁੱਖ ਦਾ ਆਪਣਾ ਵਿਸ਼ੇਸ਼ ਸਥਾਨ ਹੈ। ਜੰਡ ਨੂੰ ਮਾਰੂਥਲ ਦਾ ਬਾਦਸ਼ਾਹ ਆਖਿਆ ਜਾਦਾ ਹੈ। ਵੱਖ-ਵੱਖ ਖਿੱਤਿਆਂ ਮੁਤਾਬਕ ਜੰਡ ਨੂੰ ਜੰਡੀ ਜਾਂ ਖੇਜ਼ਰੀ ਵੀ ਆਖਿਆ ਜਾਂਦਾ ਹੈ। ਇਸ ਰੁੱਖ ਦਾ ਹਰ ਹਿੱਸਾ ਕੀਮਤੀ ਹੋਣ ਕਰਕੇ ਇਸ ਨੂੰ ‘ਕਲਪ ਤਰੂ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
‘ਜੰਡ’ ਡਾਹਢੀ ਲੰਮੀ ਉਮਰ ਦਾ ਪ੍ਰਤੀਕ ਹੈ। ਇਸ ਰੁੱਖ ਦੀਆਂ ਜੜ੍ਹਾਂ ਏਨੀਆਂ ਲੰਮੀਆਂ ਹੁੰਦੀਆਂ ਹਨ ਜੋ ਪਾਤਾਲ ਵਿੱਚੋਂ ਪਾਣੀ ਖਿੱਚਦੀਆਂ ਹਨ। ਇਸੇ ਕਾਰਨ ਹੀ ਜੇ ਸਾਲਾਂਬੱਧੀ ਮੀਂਹ ਨਾ ਵੀ ਪਵੇ ਤਾਂ ਇਹ ਰੁੱਖ ਹਰਾ ਕਚੂਰ ਅਤੇ ਟਹਿਕਦਾ ਰਹਿੰਦਾ ਹੈ। ਇਸ ਦੀ ਹਜ਼ਾਰਾਂ ਸਾਲ ਲੰਮੀ ਉਮਰ ਦਾ ਕਾਰਨ ਵੀ ਇਸ ਦੀਆਂ ਜੜ੍ਹਾਂ ਹਨ। ਇਸ ਰੁੱਖ ਦੀ ਪੂਜਾ ਵੀ ਇਸੇ ਕਰਕੇ ਹੁੰਦੀ ਹੈ ਕਿ ਜਦ ਪੁਰਾਤਨ ਸਮਿਆਂ ਵਿੱਚ ਕਾਲ ਪੈ ਜਾਂਦਾ ਸੀ, ਮੀਂਹ ਨਾ ਪੈਣ ਕਰਕੇ ਸਾਰੀ ਬਨਸਪਤੀ ਅਤੇ ਧਰਤੀ ਦੀ ਉਪਰਲੀ ਤਹਿ ਅਤੇ ਖੂਹਾਂ, ਟੋਭਿਆਂ ਦਾ ਪਾਣੀ ਵੀ ਸੁੱਕ ਜਾਂਦਾ ਸੀ ਤਾਂ ਜੰਡ ਉਸ ਸਮੇਂ ਵੀ ਹਰਾ-ਭਰਾ ਅਤੇ ਠੰਡੀਆਂ ਹਵਾਵਾਂ ਬਖਸ਼ਦਾ ਰਹਿੰਦਾ ਸੀ। ਕਾਲ ਕਾਰਨ ਭੁੱਖ ਨਾਲ ਤੜਪ ਰਹੇ ਲੋਕਾਂ ਦਾ ਸਹਾਰਾ ਵੀ ਜੰਡ ਹੁੰਦਾ ਸੀ। ਲੋਕ ਇਸ ਦੀਆਂ ਪੱਤੀਆਂ, ਕੱਚੀਆਂ ਟਾਹਣੀਆਂ, ਖੋਖੇ (ਫਲੀਆਂ) ਖਾ ਕੇ ਇਸ ਰੁੱਖ ਦਾ ਸ਼ੁਕਰੀਆ ਕਰਦੇ ਅਤੇ ਇਸ ਨੂੰ ਮੱਥਾ ਟੇਕਦੇ।
ਪੁਰਾਤਨ ਸਮੇਂ ਤੋਂ ਲੈ ਕੇ ਟਾਵੇਂ ਵਿਰਲੇ ਲੋਕਾਂ ਵੱਲੋਂ ਅੱਜ ਤਕ ਵੀ ਵਿਆਹੁਣ ਜਾਣ ਸਮੇਂ ਜੰਡ ਦੀ ਪੂਜਾ ਕੀਤੀ ਜਾਂਦੀ ਹੈ। ਪੁਰਾਤਨ ਸਮੇਂ ਵਿੱਚ ਹਰ ਲੜਕੇ ਦੇ ਵਿਆਹ ਸਮੇਂ ਜਦੋਂ ਲਾੜਾ ਘਰੋਂ ਬਰਾਤ ਚੜ੍ਹਨ ਲਈ ਤੁਰਦਾ ਸੀ ਤਾਂ ਮੇਲਣਾ ਦਾ ਗੀਤ ਗਾਉਂਦੀਆਂ ਦਾ ਮੇਲ ਲਾੜੇ ਉਪਰ ਫੁਲਕਾਰੀ ਤਾਣ ਕੇ ਸਭ ਤੋਂ ਪਹਿਲਾਂ ਜੰਡ ਨੂੰ ਮੱਥਾ ਟੇਕਣ ਲਈ ਜੰਡ ਕੋਲ ਪਹੁੰਚਦਾ ਸੀ। ਲਾੜਾ ਹੱਥ ਵਿੱਚ ਕਿਰਪਾਨ ਫੜ ਕੇ ਸੱਤ ਚੱਕਰ ਜੰਡ ਦੁਆਲੇ ਕੱਢਦਾ ਅਤੇ ਫਿਰ ਜੰਡ ’ਤੇ ਟੱਕ ਲਾਉਂਦਾ। ਇਸ ਸਮੇਂ ਨਾਲ ਆਈਆਂ ਮੇਲਣਾ ਵੱਲੋਂ ਇਹ ਗੀਤ ਗਾਇਆ ਜਾਂਦਾ:
ਜੇ ਤੂੰ ਵੱਢੀ ਜੰਡੀ ਵੇ ਜੰਡੀ 
ਜੀਓ… ਮੇਰੇ ਜਾਦੜਿਆ…।
ਤੇਰੀ ਮਾਂ ਨੇ ਸ਼ੱਕਰ ਵੰਡੀ, ਸੁੱਖੀਂ ਲੱਧੜਿਆ…।
ਇਹ ਰਸਮ ਬੇਹੱਦ ਖ਼ੁਸ਼ੀ ਦੀ ਪ੍ਰਤੀਕ ਹੁੰਦੀ। ਇਸ ਸਮੇਂ ਸਜ-ਧਜ ਕੇ ਆਈਆਂ ਮੇਲਣਾ ਜੰਡ ਨਾਲ ਸਬੰਧਤ ਗੀਤਾਂ ਰਾਹੀਂ ਲਾੜੇ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਖ਼ੁਸ਼ੀ ਦਾ ਇਜ਼ਹਾਰ ਕਰਦੀਆਂ:
ਨੀਂ ਲਾੜਾ ਜੰਡੀ ਵੱਢਦਾ… ਕੇਹਾ ਫੱਬਦਾ…।
ਨੀਂ ਲਾੜਾ ਸੌ ਵਰ੍ਹਿਆਂ ਜੀਵੇ,
ਘੋਲ ਪਤਾਸੇ ਪੀਵੇ…।
ਜੰਡ ਛਾਂਦਾਰ ਅਤੇ ਵੱਡਾ ਰੁੱਖ ਹੈ। ਤੇਜ਼ ਗਰਮੀ ਅਤੇ ਲੋਅ ਨਾਲ ਜਦ ਸਾਰੀ ਬਨਸਪਤੀ ਕੁਮਲਾ ਜਾਂਦੀ ਹੈ ਤਾਂ ਜੰਡ ਦੀਆਂ ਲਮਕਦੀਆਂ ਟਾਹਣੀਆਂ ਦੀਆਂ ਪਲੂੰਮਣਾ ਹੋਰ ਵਧਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਰੁੱਖ ਦੀ ਗੂੜ੍ਹੀ ਛਾਂ ਹੋਣ ਕਾਰਨ ਪੁਰਾਤਨ ਸਮੇਂ ਵਿਚੱ ਜੰਡ ਹੇਠ ਚਾਰ ਮੋਟੇ ਬੰਝ ਗੱਡ ਕੇ ਉਸ ਉਪਰ ਮੰਜੇ ਦੇ ਚਾਰੇ ਪਾਵੇ ਬੰਨ੍ਹ ਦਿੱਤੇ ਜਾਂਦੇ ਜਿਸ ਨਾਲ ਮੰਜਾ ਧਰਤੀ ਨਾਲੋਂ ਅੱਠ-ਦਸ ਫੁੱਟ ਉੱਚਾ ਹੋ ਜਾਂਦਾ। ਇਸ ਉਪਰ ਬੈਠ ਕੇ ਕਿਸਾਨ ਖੇਤਾਂ ਵਿੱਚ ਜਾਨਵਰਾਂ, ਪਸ਼ੂਆਂ, ਪੰਛੀਆਂ ਤੋਂ ਫ਼ਸਲਾਂ ਦੀ ਰਾਖੀ ਕਰਦਾ। ਇਸ ਤਰ੍ਹਾਂ ਉਪਰ ਬੰਨ੍ਹੇ ਮੰਜੇ ਨੂੰ ‘‘ਮਨ੍ਹਾ’’ ਆਖਿਆ ਜਾਂਦਾ। ਜੰਡ ਹੇਠ ਗੱਡੇ ਮਨ੍ਹੇ ਦਾ ਬਿਰਤਾਂਤ ਪੰਜਾਬੀ ਸੱਭਿਆਚਾਰ ਦੀਆਂ ਬੋਲੀਆਂ ਵਿੱਚ ਇੰਜ ਪਰੋਇਆ ਹੋਇਆ ਹੈ:
ਘਰ ਜਿਨ੍ਹਾਂ ਦੇ ਕੋਲੋਂ ਕੋਲੀ, 
ਖੇਤ ਜਿਨ੍ਹਾਂ ਦੀਆਂ ਨਿਆਈਆਂ।
ਜੰਡ ਦੇ ਥੱਲੇ ਮਨ੍ਹੇ ਗਡਾ ਲਏ, 
ਚਿੜੀਆਂ ਖਖ਼ਬ ਉਡਾਈਆਂ।
ਆਹ ਲੈ ਫੜ ਮਿੱਤਰਾ, 
ਵੰਗਾਂ ਮੇਚ ਨਾ ਆਈਆਂ।
ਜਦ ਮਾਲਵੇ ਵਿੱਚ ਵਿਆਹਾਂ, ਮੇਲਿਆਂ ਵਿੱਚ ਗਿੱਧਿਆਂ ਦੀਆਂ ਧਮਾਲਾਂ ਪੈਂਦੀਆਂ ਤਾਂ ਅਜਿਹੀਆਂ ਬੋਲੀਆਂ ਪਾ ਕੇ ਮੇਲਣਾ ਦੂਹਰੀਆਂ ਹੋ-ਹੋ ਨੱਚਦੀਆਂ। ਫ਼ੌਜ ਵਿੱਚ ਜਾਂ ਦੂਰ-ਦੁਰੇਡੇ ਕੰਮਾਂ ਕਾਰਾਂ ’ਤੇ ਗਏ ਜਵਾਨਾਂ ਦੀਆਂ ਪਤਨੀਆਂ ਜਾਂ ਪ੍ਰੇਮਕਾਵਾਂ ਗਿੱਧੇ ਵਿੱਚ ਆਪਣੇ ਗੁੱਭ-ਗੁਭਾਟ ਅਜਿਹੀਆਂ ਬੋਲੀਆਂ ਪਾ ਕੇ ਕੱਢਦੀਆਂ:
ਜੰਡ ਦੇ ਥੱਲੇ ਫਿਰੇ ਮੇਲ੍ਹਦੀ, ਜਿਉਂ ਮਜਨੂੰ ਨਾਲ ਮੇਲੀ।
ਛੱਡ ਕੇ ਤੁਰ ਨੀਂ ਗਿਆ, ਖਿੜਿਆ ਫੁੱਲ ਚਮੇਲੀ।
ਇਸ ਸਹਿਨਸ਼ੀਲ ਰੁੱਖ ਦਾ ਪੋਰਾ ਬਹੁਤ ਮੋਟਾ ਅਤੇ ਲੱਕੜ ਪੱਥਰ ਵਰਗੀ ਸਖ਼ਤ ਹੁੰਦੀ ਹੈ। ਇਸ ਦੀ ਲੱਕੜ ਜਲਾਉਣ ਲਈ ਬਹੁਤ ਤਾਅ ਵਾਲੀ ਹੁੰਦੀ ਹੈ ਅਤੇ ਇਸ ਦਾ ਕੋਲਾ ਵੀ ਬਣਦਾ ਹੈ। ਇਸ ਦੀਆਂ ਨਰਮ ਸੂਖ਼ਮ ਲਮਕਦੀਆਂ ਟਾਹਣੀਆਂ ਨੂੰ ਊਠ, ਬੱਕਰੀਆਂ ਖ਼ੁਸ਼ ਹੋ ਕੇ ਖਾਂਦੇ ਹਨ। ਗਰਮੀ ਦੀ ਰੁੱਤ ਵਿੱਚ ‘ਜੰਡ’ ਨੂੰ 4 ਤੋਂ 6 ਇੰਚ ਲੰਮੇ ਫਲੀ ਰੂਪੀ ਖੋਖੇ ਲੱਗਦੇ ਹਨ ਜੋ ਖਾਣ ਵਿੱਚ ਬੜੇ ਸੁਆਦਲੇ ਹੁੰਦੇ ਹਨ। ਕੱਚੇ ਖੋਖਿਆਂ ਦਾ ਆਚਾਰ ਸੁਆਦਲਾ ਅਤੇ ਗੁਣਕਾਰੀ ਹੁੰਦਾ ਹੈ। ਮਹਾਨ ਕੋਸ਼ ਮੁਤਾਬਕ ਜੰਡ ਦੀਆਂ ਕੱਚੀਆਂ ਫਲੀਆਂ ਦਾ ਰੈਤਾ ਠੰਢੀ ਤਾਸੀਰ ਦਾ ਹੁੰਦਾ ਹੈ ਜੋ ਪੇਟ ਦੀਆਂ ਅੰਤੜੀਆਂ ਦੇ ਰੋਗ ਠੀਕ ਕਰਦਾ ਹੈ ਅਤੇ ਦਸਤ ਰੋਕਣ ਲਈ ਲਾਭਦਾਇਕ ਹੈ। ਅਨੇਕਾਂ ਦਵਾਈਆਂ ਵਿੱਚ ਵੈਦ ਜੰਡ ਤੋਂ ਪ੍ਰਾਪਤ ਜੜ੍ਹਾਂ ਦੀ ਵਰਤੋਂ ਕਰਦੇ ਹਨ। ਜੰਡ ਜ਼ਮੀਨ ਨੂੰ ਵੀ ਉਪਜਾਊ ਬਣਾਉਂਦਾ ਹੈ।
ਕੁਦਰਤ ਨੇ ਜੰਡ ਮਲਵਈ ਲੋਕਾਂ ਨੂੰ ਵਰਦਾਨ ਦੇ ਰੂਪ ਵਿੱਚ ਦਿੱਤਾ। ਘਰ ਬਣਾਉਣ ਵੇਲੇ ਜੰਡ ਦੇ ਲੰਮੇ ਤਣੇ ਦੀ ਲਟੈਣ ਪੈਂਦੀ। ਸਬਾਤ ਲਈ ਸ਼ਤੀਰ, ਕੜੀਆਂ, ਬਾਲੇ ਜੰਡ ਦੇ ਡਾਹਣਿਆਂ ਨੂੰ ਵੱਢ ਕੇ ਬਣਦੇ। ਜੰਡ ਦੀ ਲੱਕੜ ਮਜ਼ਬੂਤ ਹੋਣ ਕਾਰਨ ਹਲਟ ਲਾਉਣ ਵਾਲੀ ਗਾਂਧਲ, ਆਟਾ ਪੀਹਣ ਵਾਲੇ ਖਰਾਸ ਦਾ ਮੱਦੀਮਾਨ, ਤਾਣੀ ਬੁਣਨ ਵਾਲੀ ਤੁਰ ਅਤੇ ਖੇਤੀ ਦੀ ਵਰਤੋਂ ਵਾਲਾ ਸੁਹਾਗਾ ਵੀ ਜੰਡ ਦੀ ਲੱਕੜ ਦਾ ਬਣਦਾ।
ਪੁਰਾਣੇ ਸਮਿਆਂ ਵਿੱਚ ਟੱਬਰ ਵੱਡੇ-ਵੱਡੇ ਹੁੰਦੇ ਸਨ। ਵਿਹੜੇ ਭਾਵੇਂ ਖੁੱਲ੍ਹੇ-ਡੁੱਲ੍ਹੇ ਹੁੰਦੇ ਪਰ ਵਿੱਚ ਰਹਿਣ ਲਈ ਇੱਕ ਦੋ ਵੱਡੀਆਂ ਸਬਾਤਾਂ ਹੀ ਹੁੰਦੀਆਂ। ਵੱਡੇ ਟੱਬਰਾਂ ਦੀਆਂ ਸਮੱਸਿਆਵਾਂ ਨਵ-ਵਿਆਹੁਤਾ ਜੋੜੇ ਨੂੰ ਇਕੱਲਤਾ ਵਿੱਚ ਮਿਲਣ ਪੱਖੋਂ ਪ੍ਰੇਸ਼ਾਨ ਕਰਦੀਆਂ। ਅਜਿਹੀਆਂ ਸਮੱਸਿਆਵਾਂ ਵਿੱਚੋਂ ਆਪਣਾ ਵੱਖਰਾ ਚੁਬਾਰਾ ਪਾਉਣ ਦੀਆਂ ਰੀਝਾਂ ਗਭਰੇਟ ਮਨਾਂ ਨੂੰ ਪ੍ਰੇਰਦੀਆਂ ਪਰ ਆਰਥਿਕ ਤੰਗੀਆਂ ਤੁਰਸ਼ੀਆਂ ਵਿੱਚੋਂ ਰੋਹੀ ਵਿੱਚ ਖੜ੍ਹਾ ਜੰਡ ਅੱਡ ਹੋਣ ਵਾਲੇ ਲੋਕਾਂ ਨੂੰ ਸਹਾਰਾ ਦਿੰਦਾ। ਸ਼ਾਇਦ ਅਜਿਹੇ ਹਾਲਾਤ ਵਿੱਚੋਂ ਹੀ ਇਸ ਲੋਕ ਬੋਲੀ ਦਾ ਜਨਮ ਹੋਇਆ:
ਰੋਹੀ ਵਾਲਾ ਜੰਡ ਵੱਢ ਕੇ, 
ਮੈਨੂੰ ’ਕੱਲੀ ਨੂੰ ਚੁਬਾਰਾ ਪਾਦੇ।
ਪਤੀ ਨੂੰ ਵੀ ਆਪਣੀ ਪਤਨੀ ਦੇ ਵਿਚਾਰ ਪ੍ਰਭਾਵਿਤ ਕਰਦੇ ਹਨ। ਉਹ ਵੀ ਕਹਿੰਦਾ ਹੈ ਕਿ ਆਪਾਂ ਸਾਰਾ ਵੰਡ-ਵੰਡਾਰਾ ਹੀ ਕਰ ਲੈਂਦੇ ਹਾਂ। ਹੁੰਦਾ ਭਾਵੇਂ ਕੁਝ ਵੀ ਨਾ ਹੋਵੇ ਪਰ ਉਸ ਸਮੇਂ ਦੇ ਹਾਲਾਤ ਵਿੱਚੋਂ ਜਿਸ ਸੱਭਿਆਚਾਰ ਨੇ ਜਨਮ ਲਿਆ ਉਹ ਸੱਭਿਆਚਾਰ ਸਾਡੇ ਬੀਤ ਚੁੱਕੇ ਸਮੇਂ ਨੂੰ ਲੋਕ ਬੋਲੀਆਂ ਰਾਹੀਂ ਅੱਜ ਵੀ ਸਾਡੇ ਸਾਹਮਣੇ ਪ੍ਰਤੱਖ ਲਿਆ ਖੜ੍ਹਾ ਕਰਦਾ ਹੈ। ਪੁਰਾਤਨ ਲੋਕ ਬੋਲੀ ਵਿੱਚ ਵੰਡ-ਵੰਡੇਰੇ ਸਮੇਂ ਪਤੀ ਜੰਡ ਵੱਢ ਕੇ ਚੁਬਾਰਾ ਬਣਾਉਣ ਦਾ ਦਿਲਾਸਾ ਇੰਜ ਦਿੰਦਾ ਹੈ:
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ, 
ਪਿੰਡ ਸੁਣੀਂਦਾ ਭਾਰਾ।
ਰਾਈਓਂ ਰੇਤ ਵੰਡਾਲਾਂਗਾ ਨੀਂ, 
ਕੋਠੇ ਨਾਲ ਚੁਬਾਰਾ।
ਭੌਂ ਦੇ ਵਿੱਚੋਂ ਅੱਧ ਵੰਡਾਵਾਂ, 
ਬਲਦ ਸਾਂਭਲਾਂ ਨਾਰਾ।
ਰੋਹੀ ਵਾਲਾ ਜੰਡ ਵੱਢ ਕੇ, 
ਤੈਨੂੰ ’ਕੱਲੀ ਨੂੰ ਪਾਦੂੰ ਚੁਬਾਰਾ।
ਜੰਡ ਦੀ ਲੱਕੜ ਮਜ਼ਬੂਤ ਹੋਣ ਕਰਕੇ ਮਾਰੂਥਲੀ ਮਾਲਵੇ ਵਿੱਚ ਜੰਡ ਅਤੇ ਚੁਬਾਰੇ ਦੀ ਪੀਡੀ ਸਾਂਝ ਦਾ ਵਰਣਨ ਪੁਰਾਤਨ ਲੋਕ ਗੀਤਾਂ ਵਿੱਚੋਂ ਗੁੰਦਿਆ ਹੋਇਆ ਮਿਲਦਾ ਹੈ। ਚੁਬਾਰਾ ਕਾਰੀਗਰ (ਮਿਸਤਰੀ) ਪਾਉਂਦੇ ਸਨ। ਸਾਡੇ ਸੱਭਿਆਚਾਰ ਵਿੱਚ ਜਿੱਥੇ ਚੁਬਾਰਾ ਪਾਉਣ ਵਾਲੇ ਕਾਰੀਗਰ ਨੂੰ ਵੀ ਅਸੀਸਾਂ ਦਿੱਤੀਆਂ ਹੋਈਆਂ ਹਨ, ਉੱਥੇ ਲੋਕ ਗੀਤਾਂ ਤੇ ਲੋਕ ਬੋਲੀਆਂ ਦੇ ਸਿਰਜਣਹਾਰ ਲੋਕਾਂ ਨੇ ਜੰਡ ਅਤੇ ਚੁਬਾਰੇ ਰਾਹੀਂ ਆਪਣੇ ਰੁਮਾਂਟਿਕ ਹਾਵ-ਭਾਵ ਇੰਜ ਸਿਰਜੇ ਹਨ-
ਰਾਇਆ ਰਾਇਆ ਰਾਇਆ।
ਜਿਊਣ ਜੋਗੇ ਕਾਰੀਗਰ ਨੇ, 
ਜੰਡ ਵੱਢ ਕੇ ਚੁਬਾਰਾ ਪਾਇਆ।
ਚੁਬਾਰੇ ਵਿੱਚ ਮੈਂ ਕੱਤਦੀ,
ਕਿਸੇ ਜੁਗਤੀ ਨੇ ਰੋੜ ਚਲਾਇਆ।
ਮਰ ਜਾਏਂ ਤੂੰ ਜੁਗਤੀ, 
ਮੇਰੇ ਚਿੱਬ ਚੁਬਾਰੇ ਵਿੱਚ ਪਾਇਆ।
ਚੁਗਦੇ ਹੰਸਾਂ ਦਾ ਰੱਬ ਨੇ ਵਿਛੋੜਾ ਪਾਇਆ।
ਜੰਡ ਦੇ ਰੁੱਖ ਦਾ ਮਿਰਜ਼ਾ-ਸਾਹਿਬਾ ਦੇ ਕਿੱਸੇ ਨਾਲ ਵੀ ਗੂੜ੍ਹਾ ਸਬੰਧ ਹੈ। ਜਦ ਮਿਰਜ਼ਾ ਸਾਹਿਬਾ ਨੂੰ ਲੈ ਕੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਸਖ਼ਤ ਗਰਮੀ ਕਾਰਨ ਥਕਾਵਟ ਲਾਹੁਣ ਲਈ ਮਿਰਜ਼ਾ ਅਤੇ ਸਾਹਿਬਾ ਜੰਡ ਦੀ ਗੂੜ੍ਹੀ ਤੇ ਠੰਢੀ ਛਾਂ ਹੇਠ ਆਰਾਮ ਕਰਨ ਲਈ ਰੁਕਦੇ ਹਨ। ਇਸ ਦ੍ਰਿਸ਼ ਨੂੰ ਮਾਲਵੇ ਦੇ ਮਰਦਾਂ ਦੇ ਗਿੱਧੇ ਵਾਲੇ ਬਾਬੇ ਤੂੰਬੇ, ਅਲਗੋਜ਼ਿਆਂ, ਬੁਘਦੂਆਂ, ਚਿਮਟਿਆਂ ਨਾਲ ਭੰਗੜਾ ਪਾ ਕੇ ਜਿਹੜੀਆਂ ਬੋਲੀਆਂ ਪਾਉਂਦੇ ਹਨ, ਉਨ੍ਹਾਂ ਬੋਲੀਆਂ ਵਿੱਚ ਜੰਡ ਦਾ ਜ਼ਿਕਰ ਇਸ ਪ੍ਰਕਾਰ ਮਿਲਦਾ ਹੈ-
ਜਾਂਦੇ ਜਾਂਦੇ ਮਿਰਜ਼ੇ ਤਾਈ,
ਸਿਖ਼ਰ ਦੁਪਹਿਰਾ ਆਇਆ।
ਰੋਹੀ ਵਿੱਚ ਇੱਕ ਜੰਡ ਖੜ੍ਹਾ ਸੀ,
ਗੂੜ੍ਹੀ ਠੰਢੀ ਛਾਇਆ।
ਐਥੇ ਕੁਝ ਆਰਾਮ ਕਰਲੀਏ, 
ਮਿਰਜ਼ੇ ਨੇ ਫ਼ਰਮਾਇਆ।
ਡੇਰਾ ਮਿਰਜ਼ੇ ਨੇ ਹੇਠ ਜੰਡੀ ਦੇ ਲਾਇਆ…।
ਜੰਡ ਦਾ ਬਿਰਤਾਂਤ ਹੀਰ-ਰਾਂਝੇ ਦੀ ਪ੍ਰੀਤ ਕਹਾਣੀ ਵਿੱਚੋਂ ਵੀ ਮਿਲਦਾ ਹੈ। ਇਸ ਪ੍ਰੀਤ ਕਹਾਣੀ ਵਿੱਚ ਬੁੱਢਾ ਹੋਇਆ ਜੰਡ ਹੀਰ ਨੂੰ ਆਖਦਾ ਹੈ ਕਿ ਜੇ ਤੂੰ ਮੇਰੇ ਬੁੱਢੜੇ ਨਾਲ ਯਾਰੀ ਲਾਈ ਹੁੰਦੀ ਤਾਂ ਮੈਂ ਤੇਰੇ ਨਾਲ ਸਦੀਆਂ ਤਕ ਤੋੜ ਨਿਭਾਉਂਦਾ ਜਿਸ ਨੂੰ ਮਾਲਵੇ ਦੇ ਪੁਰਾਤਨ ਗਵੰਤਰੀ ਆਪਣੀਆਂ ਕਲੀਆਂ ਦੇ ਗਾਉਣ ਵਿੱਚ ਇਨ੍ਹਾਂ ਸ਼ਬਦਾਂ ਨਾਲ ਢੱਡ ਸਾਰੰਗੀ ’ਤੇ ਗਾ ਕੇ ਪੇਸ਼ ਕਰਦੇ:
ਹੀਰੇ ਰਾਂਝਾ ਤੇਰਾ ਨ੍ਹੈਆਂ (ਝਨਾਂ) ਵਿੱਚ 
ਡੁੱਬ ਕੇ ਮਰ ਗਿਆ ਨੀਂ,
ਉਹਦੀਆਂ ਵੰਝਲੀਆਂ ਜਾਂਦੀਆਂ ਸੀ ਤਰੀਆਂ।
ਨੀਂ ਮੈਂ ਝੁਕ ਕੇ ਜੰਡੋਰਾ 
ਦੂਹਰਾ ਹੋ ਗਿਆ ਬਾਰ ਦਾ,
ਨਾ ਉਹ ਮੇਰੀਆਂ ਪਲੂੰਮਣਾਂ ’ਚ ਅੜੀਆਂ।
ਯਾਰੀ ਲਾਉਣੀਆਂ ਤਾਂ ਲਾ ਲੈ ਨਾਲ ਜੰਡੋਰੇ ਦੇ,
ਤੇਰੀਆਂ ਕਈ ਲੰਘਾਦੂੰ ਨੀਂ ਬੁੱਢੜਾ ਮੈਂ ਸਦੀਆਂ।
ਲੰਮੀ ਉਮਰ ਵਾਲੇ ਜੰਡ ਦੇ ਇਤਿਹਾਸਕ ਪੱਖ ’ਤੇ ਨਜ਼ਰ ਮਾਰੀਏ ਤਾਂ ਵਿਸ਼ਨੋਈ ਲੋਕ ਜੰਡ ਨੂੰ ਦੇਵਤੇ ਦੇ ਰੂਪ ਵਿੱਚ ਪੂਜਦੇ ਹਨ। 1730 ਈਸਵੀ ਵਿੱਚ ਰਾਜਸਥਾਨ ਦੇ ਯੋਧਪੁਰ ਜ਼ਿਲ੍ਹੇ ਦੇ ਖਿਜ਼ਰੈਲੀ ਪਿੰਡ ਵਿੱਚ ਜੰਡਾਂ ਨੂੰ ਵੱਢਣ ਕਾਰਨ ਵਿਸ਼ਨੋਈ ਲੋਕਾਂ ਦੀ ਅਤੇ ਰੁੱਖਾਂ ਨੂੰ ਕਤਲ ਕਰਨ ਵਾਲਿਆਂ ਦੀ ਵੱਡੀ ਲੜਾਈ ਹੋਈ। ਵਿਸ਼ਨੋਈਆਂ ਨੇ ਇਹ ਧਾਰ ਲਿਆ ਸੀ ਕਿ ਜੇ ਇੱਕ ਸਿਰ ਬਦਲੇ ਇੱਕ ਜੰਡ ਵੀ ਬਚਦੈ ਤਾਂ ਮਹਿੰਗਾ ਨਹੀਂ। ਵਿਸ਼ਨੋਈ ਲੋਕ ਜੰਡ ਨੂੰ ਗਲਵੱਕੜੀ ਪਾ ਕੇ ਚਿੰਬੜ ਜਾਂਦੇ। ਜੰਡ ਵੱਢਣ ਵਾਲੇ ਨਾਲੇ ਜੰਡ ਵੱਢ ਦਿੰਦੇ ਨਾਲੇ-ਨਾਲ ਆਦਮੀ ਨੂੰ ਸ਼ਹੀਦ ਕਰ ਦਿੰਦੇ। ਜਦੋਂ ਤਕ ਇਹ ਗੱਲ ਉਸ ਸਮੇਂ ਦੇ ਮਹਾਰਾਜਾ ਅਭੈ ਸਿੰਘ ਕੋਲ ਪਹੁੰਚੀ ਉਸ ਵੇਲੇ ਤਕ 363 ਲੋਕ ਸ਼ਹੀਦ ਹੋ ਚੁੱਕੇ ਸਨ। ਇਸ ਸਮੇਂ ਮਹਾਰਾਜਾ ਅਭੈ ਸਿੰਘ ਨੇ ਇਸ ਅੰਦੋਲਨ ਨੂੰ ਰੋਕਿਆ ਅਤੇ ਵਿਸ਼ਨੋਈਆਂ ਲਈ ਇੱਕ ਤਾਮਰ ਪੱਤਰ ਜਾਰੀ ਕੀਤਾ ਜਿਸ ਦਾ ਭਾਵ ਸੀ- ‘‘ਅੱਜ ਤੋਂ ਬਾਅਦ ਵਿਸ਼ਨੋਈਆਂ ਦੇ ਪਿੰਡਾਂ ਵਿੱਚ ਜੰਡ ਜਾਂ ਹੋਰ ਕੋਈ ਵੀ ਰੁੱਖ ਨਹੀਂ ਕੱਟਿਆ ਜਾਵੇਗਾ ਅਤੇ ਪੰਛੀ ਵੀ ਨਹੀਂ ਮਾਰਿਆ ਜਾਵੇਗਾ।’’
ਉੱਤਰੀ ਭਾਰਤ ਦੇ ਖਿੱਤੇ ਵਿੱਚ ਜੰਡ ਦਾ ਅਹਿਮ ਸਥਾਨ ਹੈ। ਇਤਿਹਾਸ ਨੂੰ ਫਰੋਲੀਏ ਤਾਂ ਅਨੇਕਾਂ ਜੰਡ ਹਨ ਜਿਨ੍ਹਾਂ ਦੀ ਵਿਸ਼ੇਸ਼ਤਾ ਗੁਰੂ ਸਾਹਿਬਾਨ ਨਾਲ ਜੁੜੀ ਹੋਈ ਹੈ। ਮਾਲਵੇ ਵਿੱਚ ਕਈ ਪਿੰਡਾਂ ਦਾ ਨਾਂ ਜੰਡ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਵਿੱਚੋਂ ਜੰਡਸਰ, ਜੰਡਾਂਵਾਲਾ, ਜੰਡੀਵਾਲਾ ਅਤੇ ਜੰਡੀ ਪਿੰਡ ਮਸ਼ਹੂਰ ਹਨ। ਜੰਡਾਂ ਦੇ ਝੁੰਡ ਨੂੰ ਜੰਡਿਆਨਾ ਕਿਹਾ ਜਾਂਦਾ ਹੈ, ਜਿਸ ਦਾ ਜ਼ਿਕਰ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇੰਜ ਕੀਤਾ ਹੋਇਆ ਹੈ-
ਸਾਯੰ ਸਮੇਂ ਜਾਇ ਜੰਡਿਆਨੇ।
ਬੈਠਹਿੰ ਸਭਿਨ ਹਕਾਰਨ ਰਾਨੇ।
ਜੰਡ ਦੀ ਸਾਡੇ ਸੱਭਿਆਚਾਰ, ਇਤਿਹਾਸ ਅਤੇ ਧਰਮ ਨਾਲ ਗੂੜ੍ਹੀ ਸਾਂਝ ਹੈ। ਮਾਲਵੇ ਵਿੱਚ ਅੱਜ ਵੀ ਹਜ਼ਾਰਾਂ ਸਾਲ ਪੁਰਾਣੇ ਜੰਡ ਆਮ ਖੜ੍ਹੇ ਹਨ ਅਤੇ ਅਨੇਕਾਂ ਲੋਕਾਂ ਵੱਲੋਂ ਆਪਣੇ ਪੁਰਾਤਨ ਵਿਸ਼ਵਾਸਾਂ ਮੁਤਾਬਕ ਅੱਜ ਵੀ ਜੰਡ ਨੂੰ ਪੂਜਿਆ ਜਾਂਦਾ ਹੈ ਪਰ ਦੁੱਖ ਦੀ ਗੱਲ ਹੈ ਕਿ ਕਈ ਲੋਕ ਜੰਡਾਂ ਥੱਲੇ ਪੱਕੇ ਥੜ੍ਹੇ ਬਣਾ ਦਿੰਦੇ ਹਨ ਅਤੇ ਉਪਰੋਂ ਲੋਕ ਜੰਡ ਦੀਆਂ ਜੜ੍ਹਾਂ ਵਿੱਚ ਤੇਲ ਪਾਈ ਜਾਂਦੇ ਹਨ ਜਿਸ ਨਾਲ ਜੰਡ ਦੇ ਭਵਿੱਖ ’ਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ। ਜੇ ਅਸੀਂ ਨਵੇਂ ਜੰਡ ਨਹੀਂ ਉਗਾ ਸਕਦੇ ਤਾਂ ਸਾਨੂੰ ਪੁਰਾਣੇ ਜੰਡ ਦੀਆਂ ਜੜ੍ਹਾਂ ਵਿੱਚ ਤੇਲ ਪਾ ਕੇ ਮਾਰਨ ਦਾ ਵੀ ਹੱਕ ਨਹੀਂ।
ਕਈ ਲੋਕਾਂ ਨੂੰ ਪੁਰਾਤਨ ਰੁੱਖਾਂ ਦੇ ਮੁੱਕ ਜਾਣ ਦਾ ਹੇਰਵਾ ਵੱਢ-ਵੱਢ ਖਾਂਦਾ ਹੈ ਜੋ ਮਲਵਈ ਲੋਕ ਬੋਲੀਆਂ ਵਿੱਚ ਅੱਜ ਵੀ ਇਨ੍ਹਾਂ ਸ਼ਬਦਾਂ ਰਾਹੀਂ ਮੇਲਣਾ ਵੱਲੋਂ ਗਾਇਆ ਜਾਂਦਾ ਹੈ:
ਜੰਡ ਤਾਂ ਸੁੱਕ ਗਏ ਵੇ ਰਣ ਸਿਆਂ, 
ਖੋਖਿਆਂ ਦੇ ਹਾਵੇ ਵੇ
ਖੋਖਿਆਂ ਦਾ ਹਾਵਾ ਵੇ ਰਣ ਸਿਆਂ, 
ਉਠਣੇ ਨਾ ਦੇਂਦਾ ਵੇ

-ਡਾ. ਲਖਵੀਰ ਸਿੰਘ ‘ਨਾਮਧਾਰੀ’
ਮੋਬਾਈਲ: 98768-50680


No comments:

Post a Comment