Monday, 16 September 2013

ਮਾਪਿਆਂ ਜੇਡ ਸਾਕ ਨਾ ਕੋਈ



ਕੁਝ ਰਿਸ਼ਤੇ ਮਨੁੱਖ ਨੂੰ ਬਚਪਨ ਤੋਂ ਹੀ ਮਿਲ ਜਾਂਦੇ ਹਨ ਅਤੇ ਕੁਝ ਰਿਸ਼ਤੇ ਉਹ ਵੱਡਾ ਹੋ ਕੇ ਆਪ ਬਣਾਉਂਦਾ ਹੈ। ਪਹਿਲੇ ਰਿਸ਼ਤੇ ਸਾਨੂੰ ਕੁਦਰਤ ਵੱਲੋਂ ਬਖ਼ਸ਼ੀ ਸੌਗਾਤ ਵਾਂਗ ਮਿਲਦੇ ਹਨ ਪਰ ਆਪੂੰ ਬਣਾਏ ਰਿਸ਼ਤੇ ਅਸੀਂ ਆਪਣੀਆਂ ਰੁਚੀਆਂ ਅਤੇ ਸੁਭਾਅ ਮੁਤਾਬਕ ਬਣਾਉਂਦੇ ਹਾਂ। ਮਨੁੱਖ ਸਾਰੀ ਜ਼ਿੰਦਗੀ ਕਿਸੇ ਨਾ ਕਿਸੇ ਰਿਸ਼ਤੇ ਨੂੰ ਨਿਭਾਉਂਦਾ ਰਹਿੰਦਾ ਹੈ। ਇਹ ਰਿਸ਼ਤੇ ਸਾਡੇ ਜੀਵਨ ਵਿੱਚ ਨਿੱਘ, ਖ਼ੁਸ਼ੀਆਂ ਤੇ ਖੇੜੇ ਭਰਦੇ ਹਨ ਤੇ ਆਪਣੀ ਖ਼ੁਸ਼ਬੂ ਨਾਲ ਸਾਡੀ ਰੂਹ ਨੂੰ ਨਸ਼ਿਆਉਂਦੇ ਹਨ। ਕੁਝ ਰਿਸ਼ਤੇ ਉਸ ਦਰੱਖਤ ਵਾਂਗ ਹੁੰਦੇ ਹਨ ਜਿਸ ਦੀ ਛਾਵੇਂ ਬੈਠ ਕੇ ਅਤਿ ਦੀ ਗਰਮੀ ਵਿੱਚ ਠੰਢਕ ਮਹਿਸੂਸ ਹੁੰਦੀ ਹੈ। ਕੁਝ ਰਿਸ਼ਤੇ ਹਰੀਆਂ ਕਚੂਰ ਫ਼ਸਲਾਂ ਵਿੱਚੋਂ ਨਿਕਲੇ ਹਵਾ ਦੇ ਬੁਲ੍ਹਿਆਂ ਵਰਗੇ, ਖਿੜਦੇ ਫੁੱਲਾਂ ਵਰਗੇ, ਮੀਂਹ ਦੇ ਰਿਮ-ਝਿਮ ਵਰ੍ਹਦੇ ਪਾਣੀ ਵਰਗੇ ਅਤੇ ਕੋਮਲ ਪੱਤੀਆਂ ’ਤੇ ਪਈ ਤ੍ਰੇਲ ਦੇ ਸਿਤਾਰਿਆਂ ਵਾਂਗ ਚਮਕਦੇ ਤੁਪਕਿਆਂ ਵਰਗੇ ਹੁੰਦੇ ਹਨ। ਹਰ ਰਿਸ਼ਤੇ ਦਾ ਆਪਣਾ ਪਿਆਰ, ਆਪਣੀ ਮਿਠਾਸ ਤੇ ਆਪਣਾ ਨਿੱਘ ਹੁੰਦਾ ਹੈ। ਇਨ੍ਹਾਂ ਰਿਸ਼ਤਿਆਂ ਦਾ ਪਿਆਰ ਅਤੇ ਨਿੱਘ ਕੁਝ ਸਮਿਆਂ ਤੋਂ ਹੌਲੀ-ਹੌਲੀ ਤਿੜਕੇ ਘੜੇ ਦੇ ਪਾਣੀ ਵਾਂਗ ਕਿਰਦਾ ਜਾ ਰਿਹਾ ਹੈ। ਪਦਾਰਥਵਾਦੀ ਰੁਚੀਆਂ ਨੇ ਇਨ੍ਹਾਂ ਉੱਚੇ-ਸੁੱਚੇ ਤੇ ਪਾਕਿ ਰਿਸ਼ਤਿਆਂ ’ਤੇ ਨਿੱਜ ਅਤੇ ਸਵਾਰਥ ਨੂੰ ਭਾਰੂ ਕਰ ਦਿੱਤਾ ਹੈ। ਇਸ ਨਾਬਰਾਬਰੀ ਵਾਲੇ ਪ੍ਰਬੰਧ ਵਿੱਚ  ਡਿੱਗ ਰਹੀਆਂ ਕਦਰਾਂ-ਕੀਮਤਾਂ, ਨਿੱਘੇ ਪਿਆਰ ਵਰਗੇ ਸੂਖ਼ਮ ਜਜ਼ਬਿਆਂ ਨੂੰ ਖਤਮ ਕਰ ਰਹੀਆਂ ਹਨ। ਮਨੁੱਖ ਦੀ ਆਪਣੇ ਲਈ ਹੀ ਸਭ ਕੁਝ ਇਕੱਠਾ ਕਰਨ ਦੀ ਹਵਸ ਕਾਰਨ ਮਾਨਵੀ ਕਦਰਾਂ-ਕੀਮਤਾਂ ਖ਼ਤਮ ਹੋ ਰਹੀਆਂ ਹਨ। ਤੇਜ਼ ਰਫ਼ਤਾਰ ਜ਼ਿੰਦਗੀ ਦੀ ਦੌੜ ’ਚ ਭੱਜ ਰਿਹਾ ਆਦਮੀ ਰਿਸ਼ਤਿਆਂ ਵਿਚਲੀ ਮਿਠਾਸ ਤੋਂ ਦੂਰ ਹੁੰਦਾ ਜਾ ਰਿਹਾ ਹੈ।
ਘਰ ਵਿੱਚ ਖ਼ੁਸ਼ੀਆਂ ਤੇ ਖੇੜੇ ਲਿਆਉਣ ਲਈ ਪਿਆਰ, ਵਿਸ਼ਵਾਸ ਅਤੇ ਸਮਰਪਣ ਦੀ ਭਾਵਨਾ ਰਿਸ਼ਤਿਆਂ ਵਿੱਚ ਹੋਣੀ ਬਹੁਤ ਜ਼ਰੂਰੀ ਹੈ। ਇਸੇ ਭਾਵਨਾ ਕਰਕੇ ਹੀ ਮਨੁੱਖ ਰਿਸ਼ਤਿਆਂ ਦੀਆਂ ਗੰਢਾਂ ਨੂੰ ਪੱਕੀਆਂ ਪੀਡੀਆਂ ਕਰਨ ਲਈ ਸਦਾ ਯਤਨ ਕਰਦਾ ਰਹਿੰਦਾ ਸੀ। ਸਾਡੇ ਲੋਕ ਗੀਤ ਵੀ ਇਨ੍ਹਾਂ ਨਿਰਸਵਾਰਥ ਅਤੇ ਸੂਖ਼ਮ ਰਿਸ਼ਤਿਆਂ ਨੂੰ ਇੱਕ ਡੋਰ ਵਿੱਚ ਬੰਨ੍ਹੀ ਰੱਖਣ ਲਈ ਬੜੀ ਅਹਿਮ ਭੂਮਿਕਾ ਨਿਭਾਉਂਦੇ ਸਨ। ਸਮੇਂ-ਸਮੇਂ ਦੁੱਖ, ਸੁੱਖ, ਵਿਆਹ-ਸ਼ਾਦੀ ਸਮੇਂ ਇਹ ਇਨ੍ਹਾਂ ਰਿਸ਼ਤਿਆਂ ਦੀ ਮਹੱਤਤਾ ਤੋਂ ਜਾਣੂੰ ਕਰਵਾਉਂਦੇ ਰਹਿੰਦੇ ਸਨ। ਬਚਪਨ ਤੋਂ ਹੀ ਮਾਵਾਂ ਜਦੋਂ ਬੱਚਿਆਂ ਨੂੰ ਲੋਰੀਆਂ ਦਿੰਦੀਆਂ ਤਾਂ ਉਨ੍ਹਾਂ ਵਿੱਚ ਰਿਸ਼ਤਿਆਂ ਦੀ ਤੰਦ ਇਸ ਤਰ੍ਹਾਂ ਪਰੋਈ ਹੁੰਦੀ ਕਿ ਬਚਪਨ ’ਚ ਇਨ੍ਹਾਂ ਰਿਸ਼ਤਿਆਂ ਪ੍ਰਤੀ ਮੋਹ ਉਨ੍ਹਾਂ ਦੇ ਦਿਲ ਦਿਮਾਗ ਦੇ ਕਿਸੇ ਕੋਨੇ ’ਚ ਘਰ ਕਰ ਜਾਂਦਾ:
ਸੌਂ ਜਾ ਰਾਜਾ ਸੌਂ ਜਾ ਵੇ
ਤੇਰਾ ਬਾਬਾ ਆਇਆ, ਸੋਨ ਮੋਹਰਾਂ ਲਿਆਇਆ ਵੇ। 
ਤੇਰਾ ਬਾਪੂ ਆਇਆ ਵੇ, ਖੇਲ ਖਿਲੌਣੇ ਲਿਆਇਆ ਵੇ। 
ਸੌਂ ਜਾ ਰਾਜਾ ਸੌਂ ਜਾ ਵੇ
ਤੇਰਾ ਮਾਮਾ ਆਇਆ ਵੇ, ਬੰਦ ਪੰਜੀਰੀ ਲਿਆਇਆ ਵੇ।
ਤੇਰੀ ਭੂਆ ਆਈ ਵੇ, ਕੁੜਤਾ ਟੋਪ ਲਿਆਈ ਵੇ,
ਸੌਂ ਜਾ ਰਾਜਾ ਸੌਂ ਜਾ ਵੇ।
ਗੁੱਸਾ ਵੀ ਆਪਣਿਆਂ ’ਤੇ ਜ਼ਿਆਦਾ ਆਉਂਦਾ ਹੈ ਤੇ ਪਿਆਰ ਵੀ। ਕਦੇ ਭਰਾਵਾਂ ’ਚ ਆਪਸੀ ਬੋਲਚਾਲ ਨਾ ਰਹਿੰਦੀ ਤਾਂ ਕਿਸੇ ਖ਼ੁਸ਼ੀ ਦੇ ਮੌਕੇ ਸ਼ਗਨਾਂ ਸਮੇਂ ਧੀਆਂ, ਭੈਣਾਂ ਵੱਲੋਂ ਗਾਇਆ ਇੱਕ ਲੋਕ ਗੀਤ ਘਰ ਦੇ ਮੋਢੀ ਨੂੰ ਭਰਾਵਾਂ ਦੀ ਯਾਦ ਦਵਾ ਦਿੰਦਾ ਤੇ ਉਹ ਉਨ੍ਹਾਂ ਨੂੰ ਮਨਾ ਕੇ ਉਨ੍ਹਾਂ ਸੰਗ ਖ਼ੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਹੱਥੋਂ ਜਾਣ ਨਾ ਦਿੰਦਾ:
ਪਿੱਪਲਾ ਜੇ ਤੂੰ ਆਪ ਵੱਡਾ, ਪਰਿਵਾਰ ਵੱਡਾ 
ਪੱਤਿਆਂ ਨੇ ਛਹਿਬਰ ਲਾਈ।
ਪਿੱਪਲਾ ਟਾਹਣਿਆਂ ਤੋਂ ਬਾਝ ਤੈਨੂੰ ਸਰਦਾ ਨਹੀਂ।
ਜੇ ਬਾਬਲ ਤੂੰ ਆਪ ਵੱਡਾ, ਪਰਿਵਾਰ ਵੱਡਾ 
ਭਾਈਆਂ ਤੋਂ ਬਾਝ ਤੈਨੂੰ ਸਰਦਾ ਨਹੀਂ।
ਇਹ ਲੋਕ ਗੀਤ ਰਿਸ਼ਤਿਆਂ ਦੀਆਂ ਗੰਢਾਂ ਨੂੰ ਮਜ਼ਬੂਤ ਕਰਦੇ ਹੋਏ ਉਨ੍ਹਾਂ ਦੀ ਲੋੜ, ਵਡੱਤਣ, ਸਾਂਝ ਇਸ ਤਰ੍ਹਾਂ ਪੇਸ਼ ਕਰਦੇ ਹਨ ਕਿ ਸਾਨੂੰ ਉਨ੍ਹਾਂ ਦੀ ਲੋੜ ਬੜੀ ਤੀਬਰਤਾ ਨਾਲ ਮਹਿਸੂਸ ਹੋਣ ਲੱਗਦੀ ਹੈ। ਉਨ੍ਹਾਂ ਵਿੱਚ ਸਾਰੇ ਰਿਸ਼ਤੇ ਇਸ ਤਰ੍ਹਾਂ ਪਰੋਏ ਹੁੰਦੇ ਹਨ ਕਿ ਇੱਕ ਮਣਕਾ ਟੁੱਟਣ ਨਾਲ ਸਾਰੀ ਲੜੀ ਟੁੱਟਦੀ ਪ੍ਰਤੀਤ ਹੁੰਦੀ ਹੈ:
ਧੰਨ ਤੇਰੀ ਮਾਂ ਭਲੀ ਵੇ ਮਹਾਰਾਜ, ਜਿਨ ਤੂੰ ਬੇਟੜਾ ਜਾਇਆ।
ਧੰਨ ਤੇਰੀ ਚਾਚੀ ਭਲੀ ਵੇ ਮਹਾਰਾਜ, 
ਜਿਨ ਤੇਰਾ ਛੱਜ ਰਖਾਇਆ।
ਧੰਨ ਤੇਰੀ ਭੈਣ ਭਲੀ ਵੇ ਮਹਾਰਾਜ, 
ਜਿਨ ਤੈਨੂੰ ਕੁੱਛੜ ਖਿਡਾਇਆ।
ਧੰਨ ਤੇਰੀ ਮਾਮੀ ਭਲੀ ਵੇ ਮਹਾਰਾਜ, 
ਜਿਨ ਤੇਰਾ ਸੋਹਲੜਾ ਗਾਇਆ।
ਕੁੜੀ ਦੀ ਸੈਂਤ ਸਮੇਂ ਗਾਇਆ ਜਾਂਦਾ ਇਹ ਗੀਤ ਸੁਣ ਕੇ ਸਾਨੂੰ ਇਸ ਤਰ੍ਹਾਂ ਲਗਦਾ ਹੈ ਜਿਵੇਂ ਇਹ ਰਹੁ-ਰੀਤਾਂ ਰਿਸ਼ਤਿਆਂ ਨੂੰ ਨਿਭਾਉਣ ਲਈ ਹੀ ਬਣੀਆਂ ਹਨ:
ਹੋਇਆ ਸੈਂਤ ਦਾ ਵੇਲਾ, ਨੀਂ ਭੈਣੋਂ ਸੈਂਤ ਦਾ ਵੇਲਾ।
ਸੈਂਤ ਕੌਣ ਕੌਣ ਬੈਠੇ, ਬੀਬੀ ਸੈਂਤ ਕੌਣ ਕੌਣ ਬੈਠੇ।
ਮੇਰੇ ਚਾਚੜੇ,ਬਾਬਲ ਰਾਜੇ ਦੇ ਵੀਰਨ
ਜਿਊਣ ਜੋਗੜੇ ਮੇਰੀ ਦਾਦੀ ਦੇ ਜਾਏ
ਰਾਣੀ ਦਾਦੀ ਦੇ ਜਾਏ।
ਬਾਬਲ ਤੇਰੇ ਵੀਰ ਬੈਠੇ,
ਮਾਂ ਨੀਂ ਦੇਵਰ ਤੇਰੇ, ਜੇਠ ਨੀਂ ਤੇਰੇ।
ਅੱਜ-ਕੱਲ੍ਹ ਦੇ ਪਦਾਰਥਵਾਦੀ ਯੁੱਗ ਵਿੱਚ ਹਰ ਕੋਈ ਇਕੱਲਾ ਰਹਿਣਾ ਚਾਹੁੰਦਾ ਹੈ ਬਸ ਇੱਕ ਛੋਟਾ ਜਿਹਾ ਪਰਿਵਾਰ। ਕੁੜੀ ਦੇ ਰਿਸ਼ਤੇ ਸਮੇਂ ਵੀ ਇਹੋ ਸੋਚਿਆ ਜਾਂਦਾ ਹੈ, ਮੁੰਡਾ ਇਕੱਲਾ ਹੀ ਬਾਹਰ ਰਹਿੰਦਾ ਹੋਵੇ ਤਾਂ ਠੀਕ ਹੈ, ਮਾਂ-ਪਿਉ ਵੀ ਪਾਸੇ ਹੀ ਹੋਣ ਪਰ ਕਦੇ ਕੁੜੀਆਂ ਭਰੇ ਭਕੁੰਨੇ ਘਰਾਂ ਵਿੱਚ ਜਿੱਥੇ ਸਾਰੇ ਇਕੱਠੇ ਰਹਿੰਦੇ ਸਨ, ਜਾਣ ਦੀ ਖਾਹਸ਼ ਪ੍ਰਗਟ ਕਰਦੀਆਂ ਸਨ:
ਦੇਵੀਂ ਵੇ ਬਾਬਲ ਉਸ ਘਰੇ ਜਿੱਥੇ ਸੱਸ ਭਲੀ ਪਰਧਾਨ,
ਸਹੁਰਾ ਸਰਦਾਰ ਹੋਵੇ।
ਡਾਹ ਬਹਿੰਦੀ ਪੀਹੜਾ ਸਾਹਮਣੇ ਵੇ,
ਮੱਥੇ ਕਦੇ ਨਾ ਪਾਂਦੀ ਵੱਟ, ਬਾਬਲ ਤੇਰਾ ਪੁੰਨ ਹੋਵੇ।
ਦੇਵੀਂ ਵੇ ਬਾਬਲਾ ਉਸ ਘਰੇ, ਜਿੱਥੇ ਸੱਸ ਦੇ ਬਾਹਲੜੇ ਪੁੱਤ,
ਇੱਕ ਮੰਗੀਏ, ਇੱਕ ਵਿਆਹੀਏ, 
ਵੇ ਮੈਂ ਸ਼ਾਦੀਆਂ ਵੇਖਾਂ ਨਿੱਤ,
ਬਾਬਲ ਤੇਰਾ ਪੁੰਨ ਹੋਵੇ, ਤੇਰਾ ਵਡੇਰਾ ਹੋਵੇ ਜੱਸ।
ਵਿਆਹ-ਸ਼ਾਦੀ ਸਮੇਂ ਗਾਏ ਗੀਤਾਂ  ਤੋਂ ਸਾਨੂੰ ਪਤਾ ਲੱਗਦਾ ਹੈ ਕਿ ਨਾਨਕੇ, ਭੂਆ, ਫੁੱਫੜ ਸਾਡੇ ਜੀਵਨ ਵਿੱਚ ਕਿੰਨਾ ਮਹੱਤਵ ਰੱਖਦੇ ਹਨ। ਕਿਸ ਤਰ੍ਹਾਂ ਖ਼ੁਸ਼ੀਆਂ ਗਮੀਆਂ ਸਾਡੇ ਨਾਲ ਸਾਂਝੀਆਂ ਕਰਕੇ ਕਦੇ ਸਾਡੀ ਖ਼ੁਸ਼ੀ ਨੂੰ ਦੂਣ ਸਵਾਇਆ ਕਰਦੇ ਹਨ ਤੇ ਕਦੇ ਸਾਡੇ ਹੰਝੂਆਂ ਦਾ ਭਾਰ ਵੰਡਾ ਕੇ ਸਾਨੂੰ ਸਭ ਕੁਝ ਜਰਨ ਦੀ ਜਾਚ ਸਿਖਾ ਦਿੰਦੇ ਹਨ। ਖਾਰੇ ਸਮੇਂ ਮਾਮੇ ਨੂੰ ਸੱਦਣ ਲਈ ਇੱਕ ਸੰਕੇਤ ਇਹ ਵੀ ਹੈ:
ਵਿਹੜੇ ਵਿੱਚ ਖਾਰਾ ਅੱਡਿਆ, 
ਖਾਰਿਓਂ ਉਤਾਰ ਮਾਮਾ ਵੱਡਿਆ।
ਨ੍ਹਾਈ ਧੋਈ ਤੋਂ ਬਾਅਦ ਮਾਮਾ ਹੀ ਮੁੰਡੇ ਜਾਂ ਕੁੜੀ ਨੂੰ ਚੌਂਕੀਓਂ ਲਾਹੁੰਦਾ ਹੈ। ਉਸ ਸਮੇਂ ਦੇ ਬੋਲ ਕੁਝ ਇਸ ਤਰ੍ਹਾਂ ਹਨ:
ਫੁੱਲਾਂ ਭਰੀ ਚੰਗੇਰ ਇੱਕ ਫੁੱਲ ਤੋੜੀ ਦਾ, 
ਏਸ ਵੇਲੇ ਦੇ ਨਾਲ ਮਾਮਾ ਲੋੜੀਦਾ।
ਯਾਦ ਤਾਂ ਉਸ ਸਮੇਂ ਫੁੱਫੜ, ਮਾਸੜ ਤੇ ਜੀਜੇ ਨੂੰ ਵੀ ਕੀਤਾ ਜਾਂਦਾ ਹੈ ਪਰ ਉਨ੍ਹਾਂ ਨੂੰ ਸੱਦਣ ਦਾ ਢੰਗ ਥੋੜ੍ਹਾ ਨਿਵੇਕਲਾ ਹੁੰਦਾ ਹੈ:
ਚੰਦ ਚੜ੍ਹਿਆ ਤਾਰਾ ਭਉਂ ਨੀਂ ਗਿਆ,
ਸ਼ਗਨ ਦੇਣ ਦਾ ਮਾਰਾ ਫੁੱਫੜ ਸੌਂ ਨੀਂ ਗਿਆ।
ਚੰਦ ਚੜ੍ਹਿਆ ਤੇ ਤਾਰਾ ਛੁਪ ਨੀਂ ਗਿਆ,
ਸ਼ਗਨ ਦੇਣ ਦਾ ਮਾਰਾ ਮਾਸੜ ਲੁਕ ਨੀਂ ਗਿਆ।
ਚੰਦ ਚੜ੍ਹਿਆ ਤੇ ਤਾਰਾ ਰਿਸਕ ਪਿਆ,
ਸ਼ਗਨ ਦੇਣ ਦਾ ਮਾਰਾ ਜੀਜਾ ਖਿਸਕ ਗਿਆ।
ਕਈ ਵਾਰ ਮਾਂ-ਬਾਪ ਦੀਆਂ ਮਜਬੂਰੀਆਂ ਧੀ ਨੂੰ ਉਸ ਦੇ ਸਹੁਰਿਆਂ ਮੁਤਾਬਕ ਦੇਣ-ਲੈਣ ਕਰਨ ਨਹੀਂ ਦਿੰਦੀਆਂ। ਸਹੁਰੇ ਗੁੱਸੇ ਹੋ ਕੇ ਉਸ ਨੂੰ ਪੇਕੇ ਜਾਣ ਨਹੀਂ ਦਿੰਦੇ ਪਰ ਮਾਂ-ਬਾਪ ਕੋਲ ਤਾਂ ਧੀ ਉੱਡ ਕੇ ਵੀ ਜਾਣਾ ਚਾਹੁੰਦੀ ਹੈ। ਇਸ ਤਰ੍ਹਾਂ ਉਸ ਨੂੰ ਜਾਣ ਲਈ ਮੱਤ ਦਿੰਦਾ ਇਹ ਗੀਤ ਮਾਪਿਆਂ ਦੀ ਅਰਜੋਈ ਪ੍ਰਗਟ ਕਰਦਾ ਹੈ:
ਰਿਝਦੀ ਖੀਰ ਵਿੱਚ ਡੋਈ, ਨੀਂ ਟੁੱਟ ਕੇ ਨਾ ਬਹਿਜੀਂ ਬੰਤੀਏ,
ਮਾਪਿਆਂ ਜੇਡ ਸਾਕ ਨਾ ਕੋਈ…।
ਉਂਜ ਤਾਂ ਹਰ ਰਿਸ਼ਤਾ ਹੀ ਸੱਚੇ-ਸੁੱਚੇ ਮੋਹ ਦੀ ਨੀਂਹ ’ਤੇ ਉਸਰਦਾ ਹੈ ਪਰ ਭੈਣ-ਭਰਾ ਦਾ ਰਿਸ਼ਤਾ ਸਭ ਤੋਂ ਪਾਕਿ-ਪਵਿੱਤਰ ਤੇ ਸੂਖ਼ਮ ਹੈ। ਕੋਈ ਵੀ ਭੈਣ ਇਸ ਰਿਸ਼ਤੇ ਨੂੰ ਗੁਆਉਣਾ ਨਹੀਂ ਚਾਹੁੰਦੀ। ਭੈਣ ਜੋ ਨਵੇਂ ਮਾਹੌਲ ’ਚ ਨਵੇਂ ਪਰਿਵਾਰ ’ਚ ਗਈ ਹੁੰਦੀ ਹੈ ਆਪਣੇ ਵੀਰ ਦੇ ਆਉਣ ਵਾਲੇ ਰਾਹ ’ਚ ਅੱਖਾਂ ਵਿਛਾਈ ਬੈਠੀ ਇਹੋ ਗੁਣਗੁਣਾਉਂਦੀ ਹੈ:-
ਵਗਦੀ ਰਾਵੀ ਵਿੱਚ ਘੁੰਮਣ ਭੰਬੀਰੀਆਂ,
ਵਰਤਿਓ ਵੀਰੋ ਵੇ, ਭੈਣਾਂ ਗੂੜ੍ਹੀਆਂ ਸਕੀਰੀਆਂ।
ਪਤੀ-ਪਤਨੀ ਦਾ ਰਿਸ਼ਤਾ ਬਹੁਤ ਹੀ  ਵਿਸ਼ਵਾਸ ਵਾਲਾ, ਮਿਠਾਸ ਭਰਿਆ, ਨਾਜ਼ੁਕ, ਕੋਮਲ, ਸੰਵੇਦਨਸ਼ੀਲ ਅਤੇ ਸਮਰਪਣ ਦੀ ਭਾਵਨਾ ਵਾਲਾ ਹੈ। ਦੋਵਾਂ ਦੇ ਆਪਸੀ ਪਿਆਰ, ਵਿਸ਼ਵਾਸ ਨਾਲ ਇਸ ਰਿਸ਼ਤੇ ਦੀ ਮਹਿਕ ਨੂੰ ਨਿਰੰਤਰ ਰੱਖਿਆ ਜਾ ਸਕਦਾ ਹੈ ਅਤੇ ਇਸ ਤਰ੍ਹਾਂ ਦਾ ਬਣਾਇਆ ਜਾ ਸਕਦਾ ਹੈ:
ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ, ਤੇਰੀ ਮੇਰੀ ਇੱਕ ਜਿੰਦੜੀ।
ਅਫ਼ਸੋਸ ਅੱਜ ਪਤੀ-ਪਤਨੀ ਦੇ ਰਿਸ਼ਤੇ ’ਚ ਵੀ ਤਣਾਅ ਪੈਦਾ ਹੋ ਗਿਆ ਹੈ। ਪਹਿਲਾਂ ਵਾਂਗ ਇੱਕ-ਦੂਜੇ ਦੇ ਜਜ਼ਬਾਤਾਂ ਦੀ ਕਦਰ ਕਰਦੇ ਹੋਏ, ਇੱਕ-ਦੂਜੇ ਦੀ ਤਕਲੀਫ਼ ਨੂੰ ਆਪਣੀ ਤਕਲੀਫ਼ ਸਮਝਦੇ ਹੋਏ ਇਸ ਨੂੰ ਨਿਭਾਉਣ ਵਾਲਾ ਸਿਰੜ ਹੁਣ ਦੇ ਬੱਚਿਆਂ ਵਿੱਚ ਵਿਖਾਈ ਨਹੀਂ ਦਿੰਦਾ। ਦਿਨੋ-ਦਿਨ ਤਲਾਕਾਂ ਦੀ ਵਧ ਰਹੀ ਗਿਣਤੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ‘ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ’ ਵਾਲਾ ਰਿਸ਼ਤਾ ‘ਟੁੱਟ ਗਈ ਤੜਕ ਕਰਕੇ’ ਵਾਲਾ ਬਣਦਾ ਜਾ ਰਿਹਾ ਹੈ। ਵਧੇਰੇ ਮਾਨਸਿਕ ਤਣਾਅ ਦਾ ਵੱਡਾ ਕਾਰਨ ਵੀ ਤਿੜਕਦੇ ਰਿਸ਼ਤੇ ਹਨ। ਦਿਨੋ-ਦਿਨ ਟੁੱਟ ਰਹੇ ਸਾਂਝੇ ਪਰਿਵਾਰ ਅਤੇ ਆਪਣੇ ਘਰਾਂ ’ਚ ਵੀ ਆਪਣੀ ਦੁਨੀਆਂ ਆਪਣੇ ਇੱਕ ਕਮਰੇ ਅੰਦਰ ਹੀ ਸੀਮਤ ਕਰ ਲੈਣ ਕਾਰਨ ਹੀ ਮਨੁੱਖ ਅੰਦਰ ਉਦਾਸੀ ਘਰ ਕਰ ਜਾਂਦੀ ਹੈ। ਪਤੀ-ਪਤਨੀ ਅਤੇ ਬੱਚਿਆਂ ਦੀ ਆਪਸੀ ਦਿਲੀ ਸਾਂਝ ਘੱਟ ਹੋਣਾ ਵੀ ਇਸ ਦਾ ਮੁੱਖ ਕਾਰਨ ਕਿਹਾ ਜਾ ਸਕਦਾ ਹੈ। ਤੇਜ਼ ਰਫ਼ਤਾਰ ਜ਼ਿੰਦਗੀ ਮਨੁੱਖ ਨੂੰ ਸਾਰਾ ਦਿਨ ਭਜਾਈ ਰੱਖਦੀ ਹੈ। ਉਸ ਕੋਲ ਆਪਣੇ ਦੁੱਖ-ਸੁੱਖ ਕਿਸੇ ਨਾਲ ਸਾਂਝੇ ਕਰਨ ਦਾ ਸਮਾਂ ਹੀ ਨਹੀਂ ਹੈ। ਇਕੱਲਤਾ ਉਦਾਸੀ ਨੂੰ ਜਨਮ ਦੇ ਰਹੀ ਹੈ।
ਆਓ! ਦਿਨੋ-ਦਿਨ ਵਧ ਰਹੇ ਤਣਾਅ ਅਤੇ ਮਾਨਸਿਕ ਪ੍ਰੇਸ਼ਾਨੀਆਂ ਨੂੰ ਘੱਟ ਕਰਨ ਲਈ ਅਸੀਂ ਰਿਸ਼ਤਿਆਂ ਦੀ ਮਿਠਾਸ ਨੂੰ ਜਾਣੀਏ। ਆਪਣੀ ਹਉਮੈਂ, ਆਪਣਾ ਸਵਾਰਥ ਇਨ੍ਹਾਂ ’ਤੇ ਭਾਰੂ ਨਾ ਹੋਣ ਦੇਈਏ। ਸੱਚੀ ਤੇ ਸੁੱਚੀ ਜ਼ਿੰਦਗੀ ਜਿਉਂਦੇ ਹੋਏ ਰਿਸ਼ਤਿਆਂ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹੋਏ ਜ਼ਿੰਦਗੀ ਦੇ ਹਰ ਪਲ ਨੂੰ ਮਾਣੀਏ। ਆਪਣੇ ਬੱਚਿਆਂ ’ਚ ਵੀ ਇਹੋ ਜਿਹੀਆਂ ਭਾਵਨਾਵਾਂ ਪੈਦਾ ਕਰੀਏ ਜਿਸ ਨਾਲ ਉਹ ਰਿਸ਼ਤਿਆਂ ਦਾ ਨਿੱਘਾ ਪਿਆਰ ਮਾਣਦੇ ਹੋਏ, ਤਲਖ਼ ਅਤੇ ਕੌੜੇ ਮਹੌਲ ਤੋਂ ਬਚ ਕੇ ਹਰ ਪਲ ਨੂੰ ਖ਼ੁਸ਼ੀਆਂ ਤੇ ਖੇੜਿਆਂ ’ਚ ਬਦਲ ਕੇ ਆਪਣੀ ਜ਼ਿੰਦਗੀ ਨੂੰ ਖ਼ੂਬਸੂਰਤ ਬਣਾਉਣ ਦੇ ਕਾਬਲ ਬਣ ਜਾਣ।
ਇਸ ਪਦਾਰਥਵਾਦੀ ਯੁੱਗ ’ਚ ਮਨੁੱਖ ਮਸ਼ੀਨਾਂ ਨਾਲ ਇੱਕ ਮਸ਼ੀਨ ਬਣਦਾ ਜਾ ਰਿਹਾ ਹੈ। ਬਹੁਤ ਕੁਝ ਉਸ ਦੇ ਵੱਸੋਂ ਬਾਹਰ ਹੁੰਦਾ ਜਾ ਰਿਹੈ। ਫਿਰ ਵੀ ਕੋਸ਼ਿਸ਼ ਤਾਂ ਕਰੀਏ ਵਕਤ ਜੋ ਮੋਹ ਮੁਹੱਬਤ ਦੀਆਂ ਪੈੜਾਂ ਸਾਡੇ ਰਾਹਾਂ ਤੋਂ ਮਿਟਾ ਰਿਹਾ ਹੈ, ਨੂੰ ਮਿਟਣ ਤੋਂ ਬਚਾਈਏ।

-ਸ਼ਵਿੰਦਰ ਕੌਰ
ਮੋਬਾਈਲ: 99888-62326


No comments:

Post a Comment