Friday, 13 September 2013

ਭਾਬੋ ਲਾਡਲੀਏ



ਜ਼ਿੰਦਗੀ ਜਿਉਂਦਿਆਂ ਅਸੀਂ ਅਨੇਕਾਂ ਰਿਸ਼ਤਿਆਂ ਦਾ ਨਿੱਘ ਮਾਣਦੇ ਹਾਂ। ਹਰ ਰਿਸ਼ਤੇ ਦੀ ਆਪੋ-ਆਪਣੀ ਥਾਂ ਅਤੇ ਅਹਿਮੀਅਤ ਹੈ। ਇਨ੍ਹਾਂ ਰਿਸ਼ਤਿਆਂ ਵਿੱਚ ਮੁੱਖ ਤੌਰ ’ਤੇ ਮਾਂ-ਧੀ, ਪਿਓ-ਪੁੱਤ, ਜੀਜਾ-ਸਾਲੀ, ਪਤੀ-ਪਤਨੀ, ਭੈਣ-ਭਰਾ ਅਤੇ ਦਿਉਰ-ਭਰਜਾਈ ਆਦਿ ਰਿਸ਼ਤੇ ਖਾਸ ਖਿੱਚ ਅਤੇ ਦਿਲ ਨੂੰ ਸਕੂਨ ਦੇਣ ਵਾਲੇ ਮੰਨੇ ਗਏ ਹਨ। ਇਨ੍ਹਾਂ ਸਾਰੇ ਰਿਸ਼ਤਿਆਂ ਵਿੱਚੋਂ ਦਿਉਰ-ਭਰਜਾਈ ਦਾ ਰਿਸ਼ਤਾ ਸਨੇਹ ਅਤੇ ਆਪਸੀ ਅਪਣੱਤ ਭਰਪੂਰ ਰਿਸ਼ਤਾ ਹੈ। ਇਸ ਰਿਸ਼ਤੇ ਨੂੰ ਸਾਡੇ ਸਮਾਜ ਵਿੱਚ ਵਿਸ਼ੇਸ਼ ਮਹੱਤਤਾ ਦਿੱਤੀ ਗਈ ਹੈ। ਭਰਜਾਈ ਨੂੰ ਭਾਬੋ ਜਾਂ ਭਾਬੀ ਕਹਿ ਕੇ ਵੀ ਬੁਲਾਇਆ ਜਾਂਦਾ ਹੈ। ਸਾਡੇ ਪੰਜਾਬੀ ਸੱਭਿਆਚਾਰ ਵਿੱਚ ਇਸ ਰਿਸ਼ਤੇ ਨਾਲ ਸਬੰਧਤ ਅਨੇਕਾਂ ਗੀਤ, ਕਬਿਤਾਂ ਅਤੇ ਬੋਲੀਆਂ ਪ੍ਰਚਲਤ ਹਨ।
ਦਿਉਰ ਨੂੰ ਆਪਣੀ ਭਰਜਾਈ ਦੇ ਹਾਰ-ਸ਼ਿੰਗਾਰ ਦਾ ਹਰ ਸਮੇਂ ਫ਼ਿਕਰ ਰਹਿੰਦਾ ਹੈ, ਉਹ ਚਾਹੁੰਦਾ ਹੈ ਕਿ ਉਸ ਦੀ ਭਰਜਾਈ ਹਮੇਸ਼ਾਂ ਸੱਜ-ਸੰਵਰ ਕੇ ਰਹੇ। ਉਸ ਦੇ ਪੈਰਾਂ ਵਿੱਚ ਪਾਈਆਂ ਹੋਈਆਂ ਝਾਂਜਰਾਂ ਜਦ ਛਣ-ਛਣ ਕਰਦੀਆਂ ਹਨ ਤਾਂ ਦਿਉਰ ਨੂੰ ਅਜੀਬ ਜਿਹੀ ਮਸਤੀ ਦਾ ਅਹਿਸਾਸ ਹੁੰਦਾ ਹੈ। ਵੀਣੀ ਵਿੱਚ ਪਾਈਆਂ ਵੰਗਾਂ ਵੀ ਮਧੁਰ ਸੰਗੀਤ ਪੈਦਾ ਕਰਦੀਆਂ ਹਨ। ਦਿਉਰ ਦੀ ਆਪਣੀ ਭਰਜਾਈ ਦੇ ਸ਼ਿੰਗਾਰ ਪ੍ਰਤੀ ਫ਼ਿਕਰਮੰਦੀ ਨੂੰ ਇਸ ਗੀਤ ਰਾਹੀਂ ਬਾਖੂਬੀ ਪੇਸ਼ ਕੀਤਾ ਗਿਆ ਹੈ:
ਆ ਗਿਆ ਵਣਜਾਰਾ ਨੀਂ, ਚੜ੍ਹਾ ਲੈ ਭਾਬੀ ਚੂੜੀਆਂ।
ਸਾਉਣ ਦੇ ਮਹੀਨੇ ਵਿੱਚ ਅੱਲ੍ਹੜ ਮੁਟਿਆਰਾਂ ਤੀਆਂ ਦੇ ਪਿੜ੍ਹ ਵਿੱਚ ਗਿੱਧਾ ਪਾਉਂਦੀਆਂ ਹਨ ਅਤੇ ਨੱਚ-ਨੱਚ ਕੇ ਅੰਬਰਾਂ ਉੱਤੇ ਧੂੜ ਚਾੜ ਦਿੰਦੀਆਂ ਹਨ। ਪਿੱਪਲਾਂ ਉੱਤੇ ਪਾਈਆਂ ਪੀਂਘਾਂ ਹੁਲਾਰੇ ਲੈਂਦੀਆਂ ਹਨ, ਮਾਣ ਮੱਤੀਆਂ ਮੁਟਿਆਰਾਂ ਆਪਸ ਵਿੱਚ ਅਠਖੇਲੀਆਂ ਕਰਦੀਆਂ ਹੋਈਆਂ ਸਾਰੇ ਵਾਤਾਵਰਣ ਨੂੰ ਸੁਗੰਧਿਤ ਕਰ ਦਿੰਦੀਆਂ ਹਨ।
ਇਸ ਸਮੇਂ ਪੌਣਾਂ ਵੀ ਨਸ਼ਿਆ ਜਾਂਦੀਆਂ ਹਨ ਪਰ ਇਸ ਸਭ ਕਾਸੇ ਤੋਂ ਬੇਖ਼ਬਰ ਆਪਣੇ ਘਰ ਕੇ ਕੰਮਾਂ ਵਿੱਚ ਮਗਨ ਭਰਜਾਈ ਨੂੰ ਤੀਆਂ ਵਿੱਚ ਆਉਣ ਲਈ ਇੱਕ ਮਨਚਲਾ ਦਿਉਰ ਇਸ ਪ੍ਰਕਾਰ ਕਹਿੰਦਾ ਹੈ:
ਨੀਂ ਆਜਾ ਭਾਬੀ ਝੂਟ ਲੈ, ਪੀਂਘ ਹੁਲਾਰੇ ਲੈਂਦੀ।
ਵੱਡੀ ਭਰਜਾਈ ਆਪਣੇ ਛੋਟੇ ਦਿਉਰ ਨੂੰ ਪੁੱਤਾਂ ਵਾਂਗ ਲਾਡ ਲਡਾਉਂਦੀ ਹੈ। ਉਹ ਉਸ ਦੀ ਹਰ ਰੀਝ ਪੁਗਾਉਣਾ ਆਪਣਾ ਫ਼ਰਜ਼ ਸਮਝਦੀ ਹੈ। ਉਹ ਆਪਣੇ ਲਾਡਲੇ ਦਿਉਰ ਦਾ ਕਦੇ ਵੀ ਆਖਾ ਨਹੀਂ ਮੋੜਦੀ ਅਤੇ ਹਮੇਸ਼ਾਂ ਉਸ ਦੀ ਲੰਮੀ ਉਮਰ ਦੀਆਂ ਦੁਆਵਾਂ ਕਰਦੀ ਹੈ। ਦਿਉਰ ਵੀ ਹਮੇਸ਼ਾਂ ਅਜਿਹੇ ਮੌਕੇ ਦੀ ਤਲਾਸ਼ ਵਿੱਚ ਰਹਿੰਦਾ ਹੈ ਕਿ ਕਦੋਂ ਉਹ ਆਪਣੀ ਭਾਬੀ ਦੇ ਉਪਕਾਰਾਂ ਦਾ ਬਦਲਾ ਚੁਕਾ ਸਕੇ। ਭਰਜਾਈ ਪ੍ਰਤੀ ਦਿਉਰ ਵੱਲੋਂ ਕੀਤੀ ਗਈ ਸ਼ੁਭਕਾਮਨਾ ਨੂੰ ਇੱਕ ਬੋਲੀ ਰਾਹੀਂ ਇਸ ਤਰ੍ਹਾਂ ਰੂਪਮਾਨ ਕੀਤਾ ਗਿਆ ਹੈ:
ਜੱਗ ਜਿਊਣ ਵੱਡੀਆਂ ਭਰਜਾਈਆਂ, 
ਪਾਣੀ ਮੰਗੇ ਦੁੱਧ ਦਿੰਦੀਆਂ।
ਲੜਕੇ ਦੇ ਵਿਆਹ ਸਮੇਂ ਨਿਭਾਈਆਂ ਜਾਣ ਵਾਲੀਆਂ ਅਨੇਕਾਂ ਰਸਮਾਂ ਵਿੱਚ ਭਰਜਾਈ ਦੀ ਅਹਿਮ ਭੂਮਿਕਾ ਹੁੰਦੀ ਹੈ। ਦਿਉਰ ਦੇ ਵਿਆਹ ਵਿੱਚ ਉਸ ਦੇ ਪੈਰ ਭੁੰਜੇ ਨਹੀਂ ਲੱਗਦੇ। ਉਸ ਨੂੰ ਲੋਹੜੇ ਦਾ ਚਾਅ ਚੜ੍ਹਿਆ ਹੁੰਦਾ ਹੈ, ਉਹ ਚਾਹੁੰਦੀ ਹੈ ਕਿ ਜਲਦੀ ਤੋਂ ਜਲਦੀ ਉਸ ਦੀ ਦਰਾਣੀ ਘਰ ਆ ਜਾਵੇ ਅਤੇ ਉਸ ਨਾਲ ਘਰ ਦੇ ਕੰਮਾਂ ਵਿੱਚ ਹੱਥ ਵਟਾਵੇ। ਉਹ ਖ਼ੁਸ਼ੀ ਵਿੱਚ ਖੀਵੀ ਹੋਈ ਨੱਚ-ਨੱਚ ਕੇ ਧਰਤੀ ਪੁੱਟ ਦੇਣਾ ਚਾਹੁੰਦੀ ਹੈ। ਉਸ ਦੀ ਅਜਿਹੀ ਮਾਨਸਿਕਤਾ ਨੂੰ ਪੇਸ਼ ਕਰਦਾ ਹੈ ਇਹ ਗੀਤ:
ਨੱਚ ਲੈਣ ਦੇ ਨੀਂ ਮੈਨੂੰ ਦਿਉਰ ਦੇ ਵਿਆਹ ਵਿੱਚ
ਮੱਚ ਲੈਣ ਦੇ ਨੀਂ ਮੈਨੂੰ ਅੱਗ ਦੇ ਭੰਬੂਕੇ ਵਾਂਗੂੰ, ਦਿਉਰ ਦੇ ਵਿਆਹ…
ਵਿਆਹ ਸਮੇਂ ਭਾਬੀ ਵੱਲੋਂ ਨਿਭਾਈ ਜਾਣ ਵਾਲੀ ਸੁਰਮਾ ਪਾਉਣ ਦੀ ਰਸਮ ਦੀ ਸਾਡੇ ਸੱਭਿਆਚਾਰ ਵਿੱਚ ਵਿਸ਼ੇਸ਼ ਅਹਿਮੀਅਤ ਹੈ। ਸੁਰਮਾ ਪਾਉਣ ਸਮੇਂ ਭਾਬੀ ਅਨੇਕਾਂ ਨਖਰੇ ਅਤੇ ਮਖੌਲ ਕਰਦੀ ਹੈ।  ਉਸ ਦੇ ਦਿਲ ਦੀ ਵੇਦਨਾ ਨੂੰ ਇਸ ਪ੍ਰਕਾਰ ਪ੍ਰਗਟ ਕੀਤਾ ਗਿਆ ਹੈ:
ਪਹਿਲੀ ਸਲਾਈ ਰਸ ਭਰੀ ਦਿਉਰਾ,
ਦੂਜੀ ਤਿੱਲੇਦਾਰ
ਤੀਜੀ ਸਲਾਈ ਤਾਂ ਪਾਵਾਂ,
ਜੇ ਮੋਹਰਾਂ ਦੇਵੇਂ ਚਾਰ।
ਜਾਂ 
ਭਾਬੀ, ਵੇ ਸੁਹਾਗਣ, ਤੈਨੂੰ ਸੁਰਮਾ ਪਾਵੇ
ਵੇ ਨਿੱਕਿਆ ਰੱਤਾ-ਰੱਤਾ ਡੋਲਾ
ਮਹਿਲੀਂ ਆ ਵੇ ਵੜੇ
ਰੱਤਾ-ਰੱਤਾ ਡੋਲਾ, ਮਹਿਲੀਂ ਆ ਵੇ ਵੜੇ।
ਦਿਉਰ ਨੂੰ ਆਪਣੀ ਭਰਜਾਈ ਉੱਤੇ ਬੜਾ ਮਾਣ ਹੁੰਦਾ ਹੈ। ਉਹ ਉਸ ਨਾਲ ਕਦੇ ਵੀ ਗੁੱਸੇ ਨਹੀਂ ਹੋਣਾ ਚਾਹੁੰਦਾ। ਅਜਿਹੇ ਹੀ ਮਨੋਭਾਵਾਂ ਨੂੰ ਪੇਸ਼ ਕਰਦਾ ਹੈ ਇਹ ਗੀਤ:
ਵੱਡੀ ਭਾਬੀ ਨੇ ਜੇ ਸੁਰਮਾ ਨਾ ਪਾਇਆ, 
ਤਾਂ ਮੈਂ ਵੀ ਜੰਞ ਨਹੀਓਂ ਚੜ੍ਹਨਾ
ਜਦੋਂ ਗਿੱਧੇ ਦੇ ਪਿੜ੍ਹ ਵਿੱਚ ਭਰਜਾਈਆਂ ਵੱਲੋਂ ਦਿਉਰ ਵੱਲ ਸੇਧਤ ਕਰਕੇ ਬੋਲੀਆਂ ਰੂਪੀ ਤੀਰ ਛੱਡੇ ਜਾਂਦੇ ਹਨ ਤਾਂ ਦਿਉਰ ਨੂੰ ਅਜੀਬ ਜਿਹੀ ਮਸਤੀ ਚੜ੍ਹ ਜਾਂਦੀ ਹੈ ਅਤੇ ਉਸ ਦਾ ਰੋਮ-ਰੋਮ ਨੱਚਣ ਲਈ ਕਾਹਲਾ ਪੈਣ ਲੱਗਦਾ ਹੈ। ਗਿੱਧੇ ਵਿੱਚ ਅਕਸਰ ਪਾਈਆਂ ਜਾਂਦੀਆਂ ਕੁਝ ਬੋਲੀਆਂ ਇਸ ਪ੍ਰਕਾਰ ਹਨ:
ਲਿਆ ਦਿਉਰਾ ਤੇਰੇ ਕੱਪੜੇ ਧੋ ਦਿਆਂ
ਵਿੱਚ ਪਾ ਕਲਮੀ ਸ਼ੋਰਾ
ਵਿੱਚ ਭਰਜਾਈਆਂ ਦੇ, ਬੋਲ ਕਲੈਰੀਆ ਮੋਰਾ।
ਜਾਂ
ਨੱਚਣ-ਗਾਉਣ ਬਥੇਰਾ ਜਾਣਦੀ, ਮੈਂ ਗਿੱਧਿਆਂ ਦੀ ਰਾਣੀ
ਜੇ ਤੂੰ ਨੱਚਦੀ ਵੇਖਣਾ, ਲਿਆ ਨਾਲ ਦਰਾਣੀ।
ਨੌਜਵਾਨ ਆਪਣੇ ਰਿਸ਼ਤੇ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨ ਤੋਂ ਹਮੇਸ਼ਾਂ ਝਿਜਕਦਾ ਰਹਿੰਦਾ ਹੈ ਪਰ ਇਹੋ ਗੱਲ ਉਹ ਆਪਣੀ ਭਰਜਾਈ ਨੂੰ ਇਸ ਪ੍ਰਕਾਰ ਸਹਿਜੇ ਹੀ ਆਖ ਦਿੰਦਾ ਹੈ:
ਪਾਈਏ-ਪਾਈਏ-ਪਾਈਏ
ਦਿਉਰ ਕੁਆਰੇ ਨੂੰ ਸਾਕ ਭੈਣ ਦਾ ਲਿਆਈਏ
ਅੱਗੋਂ ਭਰਜਾਈ ਮਜ਼ਾਕੀਆ ਲਹਿਜ਼ੇ ਵਿੱਚ ਉਸ ਨੂੰ ਮੋੜਵਾਂ ਜਵਾਬ ਦਿੰਦੀ ਹੋਈ ਕਹਿੰਦੀ ਹੈ:
ਪਾਈਏ-ਪਾਈਏ-ਪਾਈਏ
ਦਿਉਰ ਕੁਆਰੇ ਦੇ, ਤੱਤਾ ਖੁਰਚਣਾ ਲਾਈਏ।
ਭਰਜਾਈ ਨੂੰ ਆਪਣੇ ਦਿਉਰ ਦਾ ਭਰਾਵਾਂ ਵਰਗਾ ਆਸਰਾ ਹੁੰਦਾ ਹੈ, ਉਹ ਵਾਰ-ਵਾਰ ਉਸ ਤੋਂ ਕੁਰਬਾਨ ਜਾਂਦੀ ਹੈ। ਦਿਉਰ ਵੀ ਜਿੱਥੇ ਭਰਜਾਈ ਦੇ ਨਿੱਕੇ-ਮੋਟੇ ਕੰਮਾਂ ਵਿੱਚ ਹੱਥ ਵਟਾਉਂਦਾ ਹੈ, ਉੱਥੇ ਉਹ ਦੁੱਖ-ਸੁੱਖ ਸਮੇਂ ਵੀ ਹਮੇਸ਼ਾਂ ਉਸ ਦਾ ਸਾਥ ਦਿੰਦਾ ਹੈ। ਉਸ ਕੋਲੋਂ ਭਰਜਾਈ ਦਾ ਥੋੜ੍ਹਾ ਜਿਹਾ ਦਰਦ ਵੀ ਬਰਦਾਸ਼ਤ ਨਹੀਂ ਹੁੰਦਾ। ਇਸੇ ਹਾਲਤ ਨੂੰ ਰੂਪਮਾਨ ਕਰਦਾ ਹੈ ਇਹ ਗੀਤ:
ਪੁੱਛਦਾ ਦਿਉਰ ਖੜ੍ਹਾ, 
ਤੇਰਾ ਕੀ ਦੁੱਖਦਾ ਭਰਜਾਈਏ।
ਹਰ ਮੁਟਿਆਰ ਦੀ ਇਹ ਦਿਲੀ ਚਾਹਤ ਹੁੰਦੀ ਹੈ ਕਿ ਉਸ ਦੇ ਸਹੁਰੇ ਪਰਿਵਾਰ ਵਿੱਚ ਹੋਰ ਕੁਝ ਹੋਵੇ ਚਾਹੇ ਨਾ ਪਰ ਇੱਕ ਦਿਉਰ ਜ਼ਰੂਰ ਹੋਣਾ ਚਾਹੀਦਾ ਹੈ ਜਿਸ ਨਾਲ ਹਾਸਾ-ਮਖੌਲ ਕਰਕੇ ਉਹ ਆਪਣੇ ਦਿਲ ਦੇ ਵਲਵਲਿਆਂ ਨੂੰ ਪ੍ਰਗਟਾ ਸਕੇ ਕਿਉਂਕਿ ਮਾਹੀ ਦੀ ਗੈਰਹਾਜ਼ਰੀ ਵਿੱਚ ਦਿਉਰ ਹੀ ਅਜਿਹਾ ਸ਼ਖ਼ਸ ਹੁੰਦਾ ਹੈ ਜੋ ਭਰਜਾਈ ਨਾਲ ਨਿੱਕੀਆਂ-ਨਿੱਕੀਆਂ ਪਿਆਰ ਭਰੀਆਂ ਗੱਲਾਂ ਕਰਕੇ ਉਸ ਦੇ ਉਦਾਸ ਮਨ ਨੂੰ ਖ਼ੁਸ਼ੀਆਂ ਅਤੇ ਹਾਸਿਆਂ ਨਾਲ ਭਰ ਸਕਦਾ ਹੈ। ਕਈ ਵਾਰ ਉਹ ਆਪ ਮੁਹਾਰੇ ਹੀ ਆਪਣੇ ਦਿਉਰ ਦੀਆਂ ਸਿਫ਼ਤਾਂ ਇਸ ਪ੍ਰਕਾਰ ਕਰਦੀ ਹੈ:-
ਜਿਸ ਦਿਨ ਦਿਉਰਾ ਤੂੰ ਜਨਮਿਆਂ, 
ਸਾਡੀ ਮਾਂ ਨੇ ਖਾਧੀ ਦਾਲ,
ਕਦੇ ਨਾ ਮੰਦਾ ਬੋਲਿਆ, 
ਤੂੰ ਕਦੇ ਨਾ ਕੱਢੀ ਗਾਲ।
-ਜੁਗਿੰਦਰਪਾਲ 
* ਸੰਪਰਕ: 98155-92951

No comments:

Post a Comment