Thursday, 19 September 2013

ਭੂੰਡ "" ਭਰਿੰਡ



ਭੂੰਡ ਉੱਡਣ ਵਾਲਾ ਇੱਕ ਜੰਗਲੀ ਕੀੜਾ ਹੈ। ਇਹ ਪ੍ਰਜਾਤੀ ਕਈ ਰੰਗਾਂ ਦੀ ਹੁੰਦੀ ਹੈ। ਇਸ ਕੀੜੇ ਦੀ ਲੰਬਾਈ ਇੱਕ ਇੰਚ ਹੁੰਦੀ ਹੈ। ਇਸ ਦੇ ਦੋ ਖੰਭ ਹੁੰਦੇ ਹਨ। ਇਸ ਦੀ ਪੀਲੇ ਮੂੰਹ ਵਾਲੀ ਪ੍ਰਜਾਤੀ ਬਹੁਤ ਜ਼ਹਿਰੀਲੀ ਤੇ ਘਾਤਕ ਹੈ। ਇਹ ਜੀਵ ਬਹੁਤ ਤੇਜ਼ ਉੱਡ ਸਕਦਾ ਹੈ। ਇਹ ਦਰੱਖਤਾਂ, ਇਮਾਰਤਾਂ, ਪੁਲ਼ਾਂ ਹੇਠ ਮਿੱਟੀ ਦੇ ਗੋਲ ਆਕਾਰ ਦੇ ਘਰ ਬਣਾਉਂਦਾ ਹੈ। ਇਸ ਦੇ ਘਰ ਡੇਢ ਵਾਈ ਡੇਢ ਫੁੱਟ ਜਾਂ ਇਸ ਤੋਂ ਵੱਡੇ ਵੀ ਹੁੰਦੇ ਹਨ। ਇਸ ਦੇ ਘਰ ਅੰਦਰ ਕਈ ਸੁਰੱਖਿਅਤ ਖਾਨੇ ਹੁੰਦੇ ਹਨ।
ਇਹ ਮਖੀਰ ਵਾਂਗ ਝੁੰਡ ਬਣਾ ਕੇ ਰਹਿੰਦਾ ਹੈ। ਇੱਕ ਘਰ ਵਿੱਚ ਪੰਜ ਸੌ ਦੇ ਕਰੀਬ ਭੂੰਡ ਨਵ-ਜੰਮੇ ਬੱਚਿਆਂ ਨਾਲ ਰਹਿੰਦੇ ਹਨ। ਇਹ ਦੂਰੋਂ-ਦੂਰੋਂ ਟੋਏ-ਟੋਬਿਆਂ, ਨਾਲੀਆਂ ਆਦਿ ਤੋਂ ਗਿੱਲੀ ਮਿੱਟੀ ਇਕੱਠੀ ਕਰ ਕੇ ਘਰ ਬਣਾਉਂਦਾ ਹੈ। ਇਸ ਦਾ ਘਰ ਵੇਖ ਕੇ ਕੋਈ ਕਾਰੀਗਰ ਵੀ ਹੈਰਾਨ ਰਹਿ ਸਕਦਾ ਹੈ। ਇਸ ਦਾ ਘਰ ਕਲਾ ਦਾ ਉੱਤਮ ਨਮੂਨਾ ਹੈ। ਘਰ ਦੇ ਅੰਦਰ-ਬਾਹਰ ਪਾਣੀ, ਹਵਾ, ਕੁਦਰਤੀ ਆਫ਼ਤਾਂ ਦਾ ਕੋਈ ਅਸਰ ਨਹੀਂ ਹੁੰਦਾ। ਘਰ ਦੀ ਸ਼ੁਰੂਆਤ ਸਮੇਂ ਉਸ ਦਾ ਮੁੰਦ ਖ਼ਾਸ ਕਿਸਮ ਦੀ ਮਿੱਟੀ ਨਾਲ ਪਾਇਆ ਜਾਂਦਾ ਹੈ ਜੋ ਬਹੁਤ ਸਖ਼ਤ ਜੋੜ ਹੁੰਦਾ ਹੈ। ਭੂੰਡ ਦੇ ਘਰ ਅੰਦਰ ਗਰਮੀ ਦਾ ਅਸਰ ਨਹੀਂ ਹੁੰਦਾ ਹੈ। ਇਹ ਕੀਟ ਗਲੇ-ਸੜੇ ਫਲ, ਭੋਜਨ ਤੋਂ ਖੁਰਾਕ ਪ੍ਰਾਪਤ ਕਰਦਾ ਹੈ। ਇਹ ਕੁਦਰਤੀ ਸਾਧਨਾਂ ਤੋਂ ਪਾਣੀ ਵੀ ਪ੍ਰਾਪਤ ਕਰਦਾ ਹੈ। ਇਸ ਦੀ ਪੂਛ ਵਿੱਚ ਖ਼ਤਰਨਾਕ ਡੰਗ ਹੁੰਦਾ ਹੈ। ਇਸ ਨੂੰ ਪ੍ਰੇਸ਼ਾਨ ਕਰਨ ’ਤੇ ਹੀ ਇਹ ਡੰਗ ਮਾਰਦਾ ਹੈ। ਇਸ ਦੇ ਘਰ ਨਾਲ ਛੇੜਛਾੜ ਕਰਨ ’ਤੇ ਇਹ ਇਕੱਠੇ ਹਮਲਾ ਕਰ ਦਿੰਦੇ ਹਨ।
ਇਸ ਦੇ ਕੱਟਣ ’ਤੇ ਬਹੁਤ ਪੀੜ ਹੁੰਦੀ ਹੈ। ਜ਼ਿਆਦਾ ਭੂੰਡ ਲੜਨ ’ਤੇ ਵਿਅਕਤੀ ਦੀ ਮੌਤ ਵੀ ਹੋ ਜਾਂਦੀ ਹੈ। ਜਿਸ ਥਾਂ ਇਹ ਡੰਗ ਮਾਰਦਾ ਹੈ ਉੱਥੋਂ ਚਮੜੀ ਨੀਲੀ ਹੋ ਜਾਂਦੀ ਹੈ। ਕਈ ਵਾਰ ਜ਼ਖ਼ਮ ਅਤੇ ਸੋਜ ਵੀ ਹੋ ਜਾਂਦੀ ਹੈ। ਇਸ ਦੇ ਕੱਟਣ ਨਾਲ ਤੇਜ਼ ਬੁਖ਼ਾਰ ਹੋ ਜਾਂਦਾ ਹੈ। ਸੋਜ ਦਸ ਤੋਂ ਪੰਦਰਾਂ ਦਿਨ ਰਹਿੰਦੀ ਹੈ। ਇਹ ਕੀਟ ਰਾਤ ਨੂੰ ਰੋਸ਼ਨੀ ਵੱਲ ਵੀ ਆਕਰਸ਼ਿਤ ਹੁੰਦਾ ਹੈ। ਇਸ ਦੇ ਘਰ ਬਣਾਉਣ ਦੀ ਕਲਾ ਵਿਗਿਆਨਕ ਢੰਗ ਦੀ ਹੈ। ਇਹ ਕੁਦਰਤ ਦਾ ਮਹਾਨ ਕਾਰੀਗਰ ਹੈ।
-ਮਾ. ਹਰੇਸ਼ ਕੁਮਾਰ

No comments:

Post a Comment