Thursday, 19 September 2013

ਸਿੱਖ ਫ਼ੌਜੀਆਂ ਦਾ ਅਫ਼ਰੀਕਾ ਵਿੱਚ ਯੋਗਦਾਨ



....


ਅਫ਼ਰੀਕਾ ਵਿੱਚ ਆਪਣਾ ਫ਼ਰਜ਼ ਨਿਭਾਉਂਦਾ ਇੱਕ ਸਿੱਖ ਫ਼ੌਜੀ
ਸਿੱਖ ਫ਼ੌਜੀਆਂ ਦੀ ਦਲੇਰੀ, ਦ੍ਰਿੜ੍ਹਤਾ ਅਤੇ ਸਿਰੜ ਆਦਿ ਖ਼ਾਸੀਅਤਾਂ ਤੋਂ ਅੰਗਰੇਜ਼ ਚੰਗੀ ਤਰ੍ਹਾਂ ਜਾਣੂੰ ਸਨ। 19ਵੀਂ ਸਦੀ ਦੇ ਅੱਧ ਵਿੱਚ ਸਿੱਖ ਰਾਜ ਦੇ ਪਤਨ ਤੋਂ ਬਾਅਦ ਉਨ੍ਹਾਂ ਨੇ ਸਿੱਖ ਫ਼ੌਜੀਆਂ ਦੇ ਇਨ੍ਹਾਂ ਗੁਣਾਂ ਦੀ ਬੜੀ ਸਿਆਣਪ ਨਾਲ ਵਰਤੋਂ ਕੀਤੀ ਸੀ। ਸਾਰਾਗੜ੍ਹੀ ਵਿਖੇ ਮੁੱਠੀ ਭਰ ਸਿੱਖ ਫ਼ੌਜੀਆਂ ਵੱਲੋਂ ਦਿਖਾਈ ਸੂਰਬੀਰਤਾ ਨੂੰ ਸਾਰੀ ਦੁਨੀਆਂ ਜਾਣਦੀ ਹੈ। ਅਫ਼ਰੀਕਾ ਵਿੱਚ ਵੀ ਸਿੱਖ ਫ਼ੌਜੀਆਂ ਦਾ ਯੋਗਦਾਨ ਬਹੁਤ ਮਾਣਮੱਤਾ ਰਿਹਾ ਹੈ।
ਅਫ਼ਰੀਕਾ ਵਿੱਚ 19ਵੀਂ ਸਦੀ ਦੇ ਆਖਰੀ ਦਹਾਕਿਆਂ ਵਿੱਚ ਬਸਤੀਵਾਦ ਦੀ ਕਾਰਵਾਈ ਨਾਟਕੀ ਰੂਪ ਧਾਰਨ ਕਰ ਗਈ ਸੀ। ਉਸ ਸਮੇਂ ਯੂਰਪੀ ਦੇਸ਼ਾਂ ਵਿੱਚ ਅਫ਼ਰੀਕਾ ਦੇ ਇਲਾਕਿਆਂ ਉੱਤੇ ਕਬਜ਼ਾ ਕਰਨ ਦੀ ਹੋੜ ਲੱਗੀ ਹੋਈ ਸੀ। ਇਸ ਕਾਰਜ ਵਿੱਚ ਬਰਤਾਨੀਆ ਵੀ ਕਿਸੇ ਦੇਸ਼ ਤੋਂ ਪਿੱਛੇ ਨਹੀਂ ਸੀ। ਖ਼ਾਸਕਰ ਇਸ ਲਈ ਕਿ ਭਾਰਤ ਉੱਤੇ ਕਬਜ਼ਾ ਕਾਇਮ ਰੱਖਣ ਲਈ ਉਸ ਨੂੰ ਮਿਸਰ ਅਤੇ ਦੱਖਣੀ ਅਫ਼ਰੀਕਾ ’ਤੇ ਕਾਬੂ ਰੱਖਣਾ ਜ਼ਰੂਰੀ ਸੀ ਤਾਂ ਜੋ ਉਸ ਦਾ ਭਾਰਤ ਨਾਲ ਤਾਲ-ਮੇਲ ਬਣਿਆ ਰਹੇ। ਇਸ ਸਮੇਂ ਹੈਰੀ ਜਾਨਸਟਨ ਨੂੰ ਕੇਂਦਰੀ ਅਫ਼ਰੀਕਾ ਦਾ ਕਮਿਸ਼ਨਰ ਨਿਯੁਕਤ ਕੀਤਾ ਗਿਆ ਸੀ। ਹੈਰੀ ਜਾਨਸਟਨ ਇੱਕ ਗੁਣਵਾਨ ਖੋਜੀ, ਬਨਸਪਤ ਵਿਗਿਆਨੀ, ਜੰਤੂ ਵਿਗਿਆਨੀ, ਚਿੱਤਰਕਾਰ, ਲੇਖਕ ਅਤੇ ਪ੍ਰਬੰਧਕ ਸੀ। ਕੇਂਦਰੀ ਅਫ਼ਰੀਕਾ ਵਿੱਚ ਉਹ ਬਰਤਾਨੀਆ ਦੇ ਹਿੱਤਾਂ ਦੀ ਰਾਖੀ ਅਤੇ ਵਿਸਤਾਰ ਕਰਨ ਹਿਤ ਪੂਰੀ ਲਗਨ ਨਾਲ ਕੰਮ ਕਰ ਰਿਹਾ ਸੀ। ਕਮਿਸ਼ਨਰ ਦੀ ਜ਼ਿੰਮੇਵਾਰੀ ਦੇ ਨਾਲ ਉਸ ਨੂੰ ਇਹ ਵੀ ਹਦਾਇਤ ਕੀਤੀ ਗਈ ਸੀ ਕਿ ਉਹ ਅਫ਼ਰੀਕਾ ਵਿੱਚ ਬੜੀ ਦੇਰ ਤੋਂ ਹੋ ਰਹੇ ਗੁਲਾਮਾਂ ਦਾ ਵਪਾਰ (ਬਰਦਾ ਫਰੋਸ਼) ਖ਼ਤਮ ਕਰਨ ਦੇ ਉਪਰਾਲੇ ਕਰੇ।
byਡਾ. ਕੰਵਰਜੀਤ ਸਿੰਘ ਕੰਗ
ਅਫ਼ਰੀਕਾ ਵਿੱਚ ਲੋਕਾਂ ਨੂੰ ਬੰਦੀ ਬਣਾ ਕੇ ਵੇਚਣ ਦਾ ਵਪਾਰ ਬਹੁਤ ਦੇਰ ਤੋਂ ਚੱਲ ਰਿਹਾ ਸੀ। ਪੁਰਸ਼ ਗੁਲਾਮਾਂ ਤੋਂ ਬਹੁਤਾ ਨੌਕਰੀ ਦਾ ਕੰਮ ਲਿਆ ਜਾਂਦਾ ਸੀ ਤੇ ਮਹਿਲਾ ਗੁਲਾਮਾਂ ਤੋਂ ਮਜਬੂਰਨ ਰਖੇਲਦਾਰੀ ਦਾ ਨੀਚ ਕੰਮ ਕਰਵਾਇਆ ਜਾਂਦਾ ਸੀ। ਗੁਲਾਮਾਂ ਦੇ ਵਪਾਰ ਦਾ ਇਹ ਨਾਜਾਇਜ਼ ਧੰਦਾ ਕਰਨ ਵਾਲਿਆਂ ਦਾ ਗਰੋਹ ਬਹੁਤ ਬਲਵਾਨ ਸੀ। ਇਸ ਨੂੰ ਖ਼ਤਮ ਕਰਨ ਲਈ ਬੜੀ ਜੁਗਤ ਅਤੇ ਫ਼ੌਜੀ ਦਾਅ-ਪੇਚ ਦੀ ਲੋੜ ਸੀ। ਇਸ ਕਠਿਨ ਕਾਰਜ ਲਈ ਹੈਰੀ ਜਾਨਸਟਨ ਨੇ ਉਸ ਸਮੇਂ ਭਾਰਤ ਦੀ ਬਰਤਾਨਵੀ ਸਰਕਾਰ ਨਾਲ ਸੰਪਰਕ ਕੀਤਾ ਅਤੇ ਉਚਿਤ ਭਾਰਤੀ ਫ਼ੌਜੀਆਂ ਦੀ ਮੰਗ ਕੀਤੀ। ਭਾਰਤ ਦੀ ਅੰਗਰੇਜ਼ ਸਰਕਾਰ ਵੱਲੋਂ ਹੈਰੀ ਜਾਨਸਟਨ ਦੀ ਮੰਗ ਉੱਤੇ ਭੇਜੇ ਗਏ 70 ਫ਼ੌਜੀਆਂ ਵਿੱਚੋਂ 40 ਸਿੱਖ ਅਤੇ ਬਾਕੀ ਦੇ ਹੈਦਰਾਬਾਦ ਲਾਂਸਰਜ਼ ਦੇ ਫ਼ੌਜੀ ਸਨ।
ਅਫ਼ਰੀਕਾ ਦੇ ‘ਆਓ’ ਕਬੀਲੇ ਦਾ ਸਰਦਾਰ ਚਿਕੁੰਬੂ ਗੁਲਾਮਾਂ ਦੇ ਵਪਾਰ ਦੇ ਸਭ ਤੋਂ ਵੱਧ ਬਦਨਾਮ ਗਰੋਹ ਦਾ ਮੁਖੀ ਸੀ। ਉਹ ਵਿਦੇਸ਼ੀਆਂ ਨੂੰ ਆਪਣੇ ਇਲਾਕੇ ਵਿੱਚੋਂ ਲੰਘਣ ਨਹੀਂ ਸੀ ਦਿੰਦਾ ਜਾਂ ਫਿਰ ਰਿਸ਼ਵਤ ਅਤੇ ਨਜ਼ਰਾਨਾ ਲੈ ਕੇ ਲੰਘਣ ਦਿੰਦਾ ਸੀ। ਹੈਰੀ ਜਾਨਸਟਨ ਨੇ ਸਭ ਤੋਂ ਪਹਿਲਾਂ ਉਸ ਨੂੰ ਸੋਧਣ ਲਈ ਸਿੱਖ ਫ਼ੌਜੀਆਂ ਨੂੰ ਭੇਜਿਆ। ਚਿਕੁੰਬੂ ਦੇ ਗਰੋਹ ਵੱਲੋਂ ਨਿਰੰਤਰ ਹਮਲਿਆਂ ਦੇ ਬਾਵਜੂਦ ਸਿੱਖ ਫ਼ੌਜੀਆਂ ਨੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਅਤੇ ਉਹ ਮੈਦਾਨ ਛੱਡ ਕੇ ਭੱਜ ਗਿਆ। ਨਾਲ ਹੀ ਫ਼ੌਜੀਆਂ ਨੇ ਅਨੇਕਾਂ ਬੰਦੀ ਬਣਾਏ ਅਫ਼ਰੀਕੀਆਂ ਨੂੰ, ਜਿਨ੍ਹਾਂ ਨੂੰ ਗੁਲਾਮ-ਵਪਾਰ ਵਿੱਚ ਵੇਚਿਆ ਜਾਣਾ ਸੀ, ਮੁਕਤ ਕਰ ਦਿੱਤਾ।
ਚਿਕੁੰਬੂ ਦੀ ਭੈੜੀ ਹਾਲਤ ਦੇਖ ਕੇ ਗੁਲਾਮਾਂ ਦਾ ਵਪਾਰ ਕਰਨ ਵਾਲੇ ਗਰੋਹ ਇਕੱਠੇ ਹੋ ਕੇ ਮੋੜਵਾਂ ਹਮਲਾ ਕਰਨ ਦੀਆਂ ਵਿਉਂਤਾ ਬਣਾਉਣ ਲੱਗੇ। ਇਸ ਖ਼ਤਰੇ ਨੂੰ ਟਾਲਣ ਲਈ ਹੈਰੀ ਜਾਨਸਟਨ ਨੇ ਸਿੱਖ ਫ਼ੌਜੀਆਂ ਦੀਆਂ ਸੇਵਾਵਾਂ ਲੈ ਕੇ ਇੱਕ ਡੰਗ-ਟਪਾਊ ਗੜ੍ਹੀ ਤਿਆਰ ਕਰਵਾਈ, ਜਿਸ ਦੀ ਚਾਰਦੀਵਾਰੀ ਬਾਂਸ ਬੰਨ੍ਹ ਕੇ ਰੇਤ-ਮਿੱਟੀ ਦੇ ਸਹਾਰੇ ਖੜ੍ਹੀ ਕੀਤੀ ਗਈ। ਇਸ ਤੋਂ ਬਾਹਰ ਡੂੰਘੀ ਖਾਈ ਪੁੱਟ ਦਿੱਤੀ ਗਈ। ਇਸ ਗੜ੍ਹੀ ਦੇ ਸਹਾਰੇ ਸਿੱਖ ਫ਼ੌਜੀਆਂ ਨੇ ਗੁਲਾਮਾਂ ਦਾ ਵਪਾਰ ਕਰਨ ਵਾਲੇ ਅਨੇਕਾਂ ਗਰੋਹਾਂ ਦਾ ਖਾਤਮਾ ਕੀਤਾ ਸੀ।
ਹੈਰੀ ਜਾਨਸਟਨ ਪ੍ਰਸ਼ਾਸਕ ਹੋਣ ਦੇ ਨਾਲ-ਨਾਲ ਚਿੱਤਰਕਾਰ ਵੀ ਸੀ। ਬਰਤਾਨੀਆ ਦੇ ਪ੍ਰਧਾਨ ਮੰਤਰੀ ਲਾਰਡ ਸੈਲਸਬਰੀ ਨੂੰ ਉਸ ਵੱਲੋਂ 24 ਜਨਵਰੀ 1896 ਨੂੰ ਲਿਖੇ ਇੱਕ ਪੱਤਰ ਵਿੱਚ ਦੱਸਿਆ ਗਿਆ ਸੀ ਕਿ ਕੇਂਦਰੀ ਅਫ਼ਰੀਕਾ ਵਿੱਚ ਹੁਣ ਗੁਲਾਮਾਂ ਦਾ ਵਪਾਰ ਕਰਨ ਵਾਲਾ ਕੋਈ ਗਰੋਹ ਨਹੀਂ ਰਿਹਾ। ਇਹ ਦਾਅਵਾ ਉਹ ਸਿੱਖ ਫ਼ੌਜੀਆਂ ਵੱਲੋਂ ਦਿੱਤੇ ਭਰਪੂਰ ਯੋਗਦਾਨ ਸਦਕਾ ਹੀ ਕਰ ਸਕਿਆ ਸੀ।

No comments:

Post a Comment