Sunday, 15 September 2013

ਛੜਿਆਂ ਦਾ ਸੰਸਾਰ



ਛੜਾ ਸਾਡੇ ਸਮਾਜ ਦਾ ਅਹਿਮ ਪਾਤਰ ਹੈ। ਛੜਾ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਆਪਣੇ ਵਿਆਹ ਦੀ ਨਿਸ਼ਚਿਤ ਉਮਰ ਲੰਘਾ ਚੁੱਕਾ ਹੋਵੇ ਅਤੇ ਅੱਗੋਂ ਉਸ ਦਾ ਵਿਆਹ ਹੋਣ ਦੀ ਕੋਈ ਉਮੀਦ ਬਾਕੀ ਨਾ ਹੋਵੇ। ਪੁਰਾਣੇ ਸਮੇਂ ਵਿੱਚ ਜਿਸ ਪਰਿਵਾਰ ਦੇ ਮਰਦ ਮੈਂਬਰਾਂ ਦੀ ਗਿਣਤੀ ਪੰਜ-ਛੇ ਹੁੰਦੀ ਸੀ, ਉਨ੍ਹਾਂ ਵਿੱਚੋਂ ਇੱਕ-ਦੋ ਛੜੇ ਜ਼ਰੂਰ ਰਹਿ ਜਾਂਦੇ ਸਨ। ਸਾਡੇ ਸੱਭਿਆਚਾਰ ਵਿੱਚ ਛੜਿਆਂ ਨਾਲ ਸਬੰਧਤ ਅਨੇਕਾਂ ਗੀਤ, ਕਬਿੱਤਾਂ, ਅਖੌਤਾਂ ਅਤੇ ਬੋਲੀਆਂ ਪ੍ਰਚਲਤ ਹਨ।

ਛੜੇ ਅਤੇ ਸ਼ਰਾਫ਼ਤ ਦਾ ਕੋਈ ਮੇਲ ਨਹੀਂ ਸਮਝਿਆ ਜਾਂਦਾ। ਛੜੇ ਨੂੰ ਹਮੇਸ਼ਾਂ ਹੀ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਇਸੇ ਕਾਰਨ ਕੋਈ ਇਕੱਲੀ-ਕਹਿਰੀ ਜਨਾਨੀ ਛੜੇ ਦੇ ਘਰ ਕੋਈ ਚੀਜ਼ ਮੰਗ ਕੇ ਲਿਆਉਣ ਤੋਂ ਹਰ ਪਲ ਡਰਦੀ ਰਹਿੰਦੀ ਹੈ। ਇਸੇ ਹਾਲਤ ਨੂੰ ਇਨ੍ਹਾਂ ਬੋਲੀਆਂ ਰਾਹੀਂ ਪ੍ਰਗਟ ਕੀਤਾ ਗਿਆ ਹੈ:-
ਛੜਿਆਂ ਦੇ ਦੋ-ਦੋ ਚੱਕੀਆਂ, ਕੋਈ ਡਰਦੀ ਪੀਹਣ ਨਾ ਜਾਵੇ
ਛੜੇ ਲਈ ਸਭ ਤੋਂ ਵੱਡਾ ਮਸਲਾ ਆਪਣਾ ਵਿਆਹ ਦਾ ਹੁੰਦਾ ਹੈ। ਹਰ ਸਮੇਂ ਉਸ ਦੇ ਦਿਲ ਵਿੱਚ ਵਿਆਹ ਦੇ ਲੱਡੂ ਭੁਰਦੇ ਰਹਿੰਦੇ ਹਨ। ਉਹ ਆਪਣੇ ਦਿਲ ਦੀ ਅਜਿਹੀ ਗੱਲ ਨੂੰ ਕਿਸੇ ਕਬੀਲਦਾਰ ਬੰਦੇ ਕੋਲ ਕਰਨ ਨਾਲੋਂ ਆਪਣੇ ਕਿਸੇ ਸਾਥੀ ਛੜੇ ਨਾਲ ਇਸ ਪ੍ਰਕਾਰ ਸਾਂਝੀ ਕਰਦਾ ਹੈ:-
ਛੜਾ ਛੜੇ ਨਾਲ ਕਰੇ ਦਲੀਲਾਂ, ਆਪਾਂ ਵਿਆਹ ਕਰਵਾਈਏ
ਜਿਹੜੀ ਆਪਾਂ ਵਿਆਹ ਕੇ ਲਿਆਂਦੀ, ਛੱਜ ਟੂੰਮਾਂ ਦਾ ਪਾਈਏ
ਗੱਡੀ ਵਿੱਚ ਰੋਂਦੀ ਨੂੰ ਘੁੱਟ ਕੇ ਕਾਲਜੇ ਲਾਈਏ          ਜਾਂ
ਛੜਾ ਛੜੇ ਨੂੰ ਦੱਸਣ ਲੱਗਾ, ਮੈਨੂੰ ਸੁਪਨਾ ਆਇਆ
ਰਾਤੀਂ ਸੁਪਨੇ ਵਿੱਚ ਮੈਂ ਸੀ, ਵਹੁਟੀ ਨਾਲ ਹੱਸਦਾ
ਤੜਕੇ ਨੂੰ ਉਜੜ ਗਿਆ, ਚੰਗਾ ਭਲਾ ਘਰ ਵਸਦਾ।
ਛੜਿਆਂ ਦੀ ਆਪਣੀ ਹੀ ਰੰਗਲੀ ਦੁਨੀਆਂ ਹੁੰਦੀ ਹੈ। ਉਹ ਸਾਰੀ ਦੁਨੀਆਂ ਤੋਂ ਬੇਪਰਵਾਹ ਹੋ ਕੇ ਆਪਣੀ ਮੌਜ ਵਿੱਚ ਰਹਿੰਦੇ ਹਨ। ਕਈ ਵਾਰ ਅਜਿਹੀਆਂ ਅਜੀਬੋ-ਗਰੀਬ ਹਰਕਤਾਂ ਵੀ ਕਰ ਬੈਠਦੇ ਹਨ ਜਿਨ੍ਹਾਂ ਕਾਰਨ ਉਨ੍ਹਾਂ ਨੂੰ ਸਮਾਜ ਵਿੱਚ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਜਿਵੇਂ:-
ਦੋ ਛੜਿਆਂ ਨੇ ਲਿਆਂਦੀ ਬਾਂਦਰੀ, ਢਾਈ ਰੁਪਈਏ ਲਾ ਕੇ
ਦੋ ਆਨਿਆਂ ਦੀ ਪਾ ਕੇ ਘੱਗਰੀ, ਸਾਰੀ ਰਾਤ ਨਚਾਈ।
ਛੜਿਆਂ ਦੀ ਮੰਡਲੀ ਨੂੰ, ਖ਼ਲਕਤ ਦੇਖਣ ਆਈ।
ਛੜਾ ਆਪਣੇ ਮਨ ਦੀ ਤ੍ਰਿਪਤੀ ਲਈ ਹਮੇਸ਼ਾਂ ਅਜਿਹੇ ਮੌਕੇ ਦੀ ਤਲਾਸ਼ ਵਿੱਚ ਰਹਿੰਦਾ ਹੈ ਕਿ ਕਦੋਂ ਵਿਹੜੇ ਵਿੱਚ ਘੁੰਡ ਕੱਢ ਕੇ ਤੁਰੀ ਫਿਰਦੀ ਉਸ ਦੀ ਭਰਜਾਈ ਦਾ ਪੱਲਾ ਮੁੱਖ ਤੋਂ ਸਰਕੇ ਤੇ ਉਹ ਉਸ ਦਾ ਦੀਦਾਰ ਕਰ ਸਕੇ। ਛੜਿਆਂ ਦੀ ਅਜਿਹੀ ਮਾਨਸਿਕਤਾ ਨੂੰ ਇਸ ਗੀਤ ਰਾਹੀਂ ਬਖ਼ੂਬੀ ਪ੍ਰਗਟ ਕੀਤਾ ਗਿਆ ਹੈ:-
ਛੜਾ ਜੇਠ ਨਾ ਹੋਵੇ ਕਿਸੇ ਨਾਰ ਦਾ ਨੀਂ।
ਰਹਿੰਦਾ ਹਰ ਵੇਲੇ ਝਾਤੀਆਂ ਹੀ ਮਾਰਦਾ ਨੀਂ।
ਛੜਾ ਬੰਦਾ ਇੱਕ ਤਾਂ ਪਹਿਲਾਂ ਹੀ ਬੜਾ ਦੁਖੀ ਹੁੰਦਾ ਹੈ ਅਤੇ ਉਤੋਂ ਗਿੱਧੇ ਵਿੱਚ ਕਈ ਵਾਰ ਅੱਲੜ੍ਹ ਮੁਟਿਆਰਾਂ ਅਜਿਹੀਆਂ ਬੋਲੀਆਂ ਪਾ ਦਿੰਦੀਆਂ ਹਨ ਜੋ ਛੜਿਆਂ ਨੂੰ ਧੁਰ ਅੰਦਰ ਤਕ ਝੰਜੋੜ ਕੇ ਰੱਖ ਦਿੰਦੀਆਂ ਹਨ। ਇਨ੍ਹਾਂ ਵਿੱਚੋਂ ਕੁਝ ਬੋਲੀਆਂ ਇਸ ਪ੍ਰਕਾਰ ਹਨ:-
ਕੋਰੇ-ਕੋਰੇ ਕੂੰਡੇ ਵਿੱਚ ਮਿਰਚਾਂ ਮੈਂ ਰਗੜਾਂ
ਛੜੇ ਜੇਠ ਦੀਆਂ ਅੱਖਾਂ ਵਿੱਚ ਪਾ ਦਿੰਨੀ ਆਂ
ਨੀਂ ਘੁੰਡ ਕੱਢਣੇ ਦੀ ਅਲਖ ਮੁਕਾ ਦਿੰਨੀ ਆਂ
ਇਸੇ ਤਰ੍ਹਾਂ ਦੀ ਇੱਕ ਹੋਰ ਬੋਲੀ ਇਸ ਪ੍ਰਕਾਰ ਹੈ:-
ਬੋਲੀ ਪਾਈਏ ਤਾਂ ਕਰੀਏ ਨਾ ਇੱਕ-ਮਿਕ ਨੀਂ
ਬੋਲੀ ਮਾਰੀਏ ਛੜੇ ਦੀ ਹਿੱਕ ਵਿੱਚ ਨੀਂ
ਇੱਕ ਮਨਚਲੀ ਮੁਟਿਆਰ ਛੜੇ ਨੂੰ ਵਿਆਹ ਕਰਵਾਉਣ ਲਈ ਹੇਠ ਲਿਖਿਆ ਢੰਗ ਅਪਨਾਉਣ ਲਈ ਕਹਿੰਦੀ ਹੈ:-
ਜੇ ਛੜਿਓ ਥੋਡਾ ਵਿਆਹ ਨਹੀਂ ਹੁੰਦਾ,
ਤੜਕੇ ਉੱਠ ਕੇ ਨ੍ਹਾਇਆ ਕਰੋ,
ਰੰਨਾਂ ਵਾਲਿਆਂ ਦੇ ਪੈਰੀਂ ਹੱਥ ਲਾਇਆ ਕਰੋ।
ਕਬੀਲਦਾਰ ਬੰਦੇ ਅਤੇ ਛੜੇ ਦੀ ਜ਼ਿੰਦਗੀ ਵਿੱਚ ਬੜਾ ਫ਼ਰਕ ਹੁੰਦਾ ਹੈ। ਕਬੀਲਦਾਰਾਂ ਦੇ ਘਰਾਂ ਵਿੱਚ ਬੱਚਿਆਂ ਦਾ ਚੀਕ-ਚਿਹਾੜਾ ਹਮੇਸ਼ਾਂ ਪਿਆ ਰਹਿੰਦਾ ਹੈ ਪਰ ਛੜਿਆਂ ਦੇ ਘਰ ਦਾ ਮਹੌਲ ਕੁਝ ਵੱਖਰੀ ਤਰ੍ਹਾਂ ਦਾ ਹੀ ਹੁੰਦਾ ਹੈ ਜਿਸ ਦਾ ਜ਼ਿਕਰ ਸਾਡੀਆਂ ਬੋਲੀਆਂ ਵਿੱਚ ਇਸ ਤਰ੍ਹਾਂ ਮਿਲਦਾ ਹੈ:-
ਰੰਨਾਂ ਵਾਲਿਆਂ ਦੇ ਰੋਣ ਨਿਆਣੇ, ਛੜਿਆਂ ਦੇ ਰੋਣ ਬਿੱਲੀਆਂ।
ਜਾਂ 
ਰੰਨਾਂ ਵਾਲਿਆਂ ਦੇ ਪੱਕਣ ਪਰੌਂਠੇ ਤੇ ਛੜਿਆਂ ਦੀ ਅੱਗ ਨਾ ਬਲੇ।
ਪਹਿਲੀ ਗੱਲ ਤਾਂ ਆਂਢ-ਗੁਆਂਢ ਵਿੱਚ ਛੜੇ ਨੂੰ ਕੋਈ ਚੀਜ਼ ਦਿੰਦਾ ਹੀ ਨਹੀਂ, ਜੇ ਭੁੱਲ-ਭੁਲੇਖੇ ਕੋਈ ਉਸ ਨੂੰ ਚੀਜ਼ ਦੇ ਦੇਵੇ ਤਾਂ ਉਹ ਕੁਝ ਵਧੇਰੇ ਹੀ ਲਾਲਚ ਕਰਨ ਲੱਗ ਪੈਂਦਾ ਹੈ। ਇਸੇ ਹਾਲਤ ਨੂੰ ਰੂਪਮਾਨ ਕਰਦੀ ਹੈ ਇਹ ਬੋਲੀ:-
ਸਾਡੀ ਗਲੀ ਇੱਕ ਛੜਾ ਸਣੀਂਦਾ, ਨਾਂ ਉਹਦਾ ਜਗਤਾਰੀ,
ਇੱਕ ਦਿਨ ਮੈਥੋਂ ਦਾਲ ਲੈ ਗਿਆ, ਕਹਿੰਦਾ ਬੜੀ ਕਰਾਰੀ,
ਨੀਂ ਚੰਦਰੇ ਨੇ ਹੋਰ ਮੰਗ ਲਈ, ਮੈਂ ਵੀ ਕੜਛੀ ਬੁੱਲ੍ਹਾਂ ’ਤੇ ਮਾਰੀ।
ਜੇ ਗਿੱਧੇ ਦੇ ਪਿੜ੍ਹ ਵਿੱਚ ਪਾਈਆਂ ਜਾਂਦੀਆਂ ਬੋਲੀਆਂ ਵਿੱਚ ਛੜੇ ਦਾ ਜ਼ਿਕਰ ਨਾ ਆਵੇ ਤਾਂ ਗਿੱਧੇ ਦਾ ਸਵਾਦ ਵੀ ਅਧੂਰਾ ਰਹਿ ਜਾਂਦਾ ਹੈ। ਛੜਿਆਂ ਪ੍ਰਤੀ ਆਪਣੇ ਮਨ ਦੀ ਕੜਵਾਹਟ ਨੂੰ ਔਰਤਾਂ ਗਿੱਧੇ ਵਿੱਚ ਬੋਲੀਆਂ ਰਾਹੀਂ ਇਸ ਪ੍ਰਕਾਰ ਪ੍ਰਗਟ ਕਰਦੀਆਂ ਹਨ:
ਖੱਟੀ ਚੁੰਨੀ ਲੈ ਕੇ ਨੀਂ ਮੈਂ, ਧਾਰ ਚੋਣ ਚੱਲੀ ਆਂ।
ਖੱਟੀ ਚੁੰਨੀ ਨੇ ਮੇਰਾ ਗਲ ਘੁੱਟਤਾ,
ਨੀਂ ਮੈਂ ਕੱਟੇ ਦੇ ਭੁਲੇਖੇ ਛੜਾ ਜੇਠ ਕੁੱਟਤਾ।
ਜਾਂ
ਕੋਰੇ-ਕੋਰੇ ਕੁੱਜੇ ਵਿੱਚ ਦਹੀਂ ਮੈਂ ਜਮਾਉਂਨੀ ਆਂ,
ਤੜਕੇ ਉੱਠ ਕੇ ਰਿੜਕਾਂਗੇ।
ਛੜੇ ਆਉਣਗੇ ਲੱਸੀ ਨੂੰ ਝਿੜਕਾਂਗੇ।

                                                                                  ਜੁਗਿੰਦਰਪਾਲ ਕਿਲਾ ਨੌਂ

* ਸੰਪਰਕ: 98155-92951


No comments:

Post a Comment