Sunday, 15 September 2013

ਮੱਠੀ ਪਈ ਚਰਖੇ ਦੀ ਘੂਕ




‘ਚਰਖਾ’ ਸ਼ਬਦ ਭਾਵੇਂ ਸਾਡੇ ਲਈ ਨਵਾਂ ਨਹੀਂ ਹੈ ਪਰ ਅੱਜ ਦੇ ਯੁੱਗ ਨੇ ਚਰਖੇ ਦੀ ਮਹੱਤਤਾ ਘਟਾ ਦਿੱਤੀ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਚਰਖੇ ਬਾਰੇ ਬਹੁਤ ਘੱਟ ਜਾਣਕਾਰੀ ਹੈ। ਲੱਕੜ ਦੇ ਬਣੇ ਚਰਖੇ ਵਿੱਚ ਦੋ ਫੱਲੜ ਇੱਕ ਕਾੜ ਨਾਲ ਜੁੜੇ ਹੁੰਦੇ ਹਨ। ਇੱਕ ਫੱਲੜ ਵਿੱਚ ਦੋ ਮੁੰਨਿਆਂ ਵਿਚਕਾਰ ਦੋ ਗੋਲਾਕਾਰ ਫੱਟਿਆਂ ਦੁਆਰਾ ਇੱਕ ਚੱਕਰ ਬਣਿਆ ਹੁੰਦਾ ਹੈ, ਜੋ ਹੱਥੜੇ ਦੁਆਰਾ ਘੁਮਾਇਆ ਜਾਂਦਾ ਹੈ। ਦੋਵਾਂ ਫੱਟਾਂ ਉਤੇ ਕੱਸਣ ਪਾਈ ਹੁੰਦੀ ਹੈ। ਕੱਸਣ ਦੇ ਉÎੱਪਰ ਮਾਲ੍ਹ ਪਾਈ ਹੁੰਦੀ ਹੈ, ਜੋ ਦੂਜੇ ਫੱਲੜ ਉਪਰ ਲੱਗੀਆਂ ਤਿੰਨ ਗੁੱਡੀਆਂ ਦੇ ਵਿੱਚ ਚਰਮਖਾਂ ਦੁਆਰਾ ਟਿਕਾਏ ਤੱਕਲੇ ਦੇ ਪਲਾਨ ਤਕ ਜਾਂਦੀ ਹੈ ਅਤੇ ਚਰਖੇ ਦੇ ਫੱਟ ਘੁਮਾਉਣ ਨਾਲ ਤੱਕਲਾ ਚਲਦਾ ਹੈ।
ਪੰਜਾਬੀ ਸੱਭਿਆਚਾਰ ਵਿੱਚ ਚਰਖੇ ਦੀ ਅਹਿਮ ਥਾਂ ਹੈ। ਤ੍ਰਿੰਞਣ ਵਿੱਚ ਕੁੜੀਆਂ-ਚਿੜੀਆਂ ਦੇ ਗੀਤ ਚਰਖੇ ਦੀ ਘੂਕ ਨਾਲ ਇੱਕਮਿਕ ਹੋ ਜਾਂਦੇ ਹਨ। ਇਨ੍ਹਾਂ ਨੂੰ ਸੁਣ ਕੇ ਤਾਂ ਜ਼ਿੰਦਗੀ ਤੋਂ ਦੂਰ ਗਏ ਜੋਗੀ ਲੋਕ ਵੀ ਪਹਾੜਾਂ ਤੋਂ ਹੇਠਾਂ ਉਤਰ ਆਉਂਦੇ ਹਨ:
‘‘ਜੋਗੀ ਉੱਤਰ ਪਹਾੜੋਂ ਆਇਆ
ਚਰਖੇ ਦੀ ਘੂਕ ਸੁਣ ਕੇ।’’
ਕੰਤ ਦੀ ਯਾਦ ਸਤਾਵੇ ਤਾਂ ਵੀ ਚਰਖਾ ਹੀ ਮਨ ਦਾ ਭਾਰ ਹੌਲਾ ਕਰਾਉਂਦਾ ਹੈ ਅਤੇ ਮੁਟਿਆਰ ਆਪਣੇ-ਆਪ ਇਹ ਗੀਤ ਗੁਣਗੁਣਾਉਣ ਲੱਗਦੀ ਹੈ:
‘‘ਸੁਣ ਚਰਖੇ ਦੀ ਮਿੱਠੀ-ਮਿੱਠੀ ਘੂਕ
ਮਾਹੀ ਮੈਨੂੰ ਯਾਦ ਆਂਵਦਾ।’’
‘‘ਹਰ ਚਰਖੇ ਦੇ ਗੇੜੇ ਮਾਹੀ ਮੈਂ ਤੈਨੂੰ ਯਾਦ ਕਰਾਂ।’’
ਕਦੇ-ਕਦੇ ਜ਼ਿੰਦਗੀ ਉਦਾਸ ਰਸਤੇ ’ਤੇ ਲੰਘਦੀ ਹੈ, ਉਦੋਂ ਬਹਾਰ ਵੀ ਉਜਾੜ ਜਾਪਦੀ ਹੈ। ਹਰ ਪਲ ਸੁੰਨਾ ਤੇ ਹੋਰ ਡਰਾਉਣਾ ਬਣ ਜਾਂਦਾ ਹੈ ਤਾਂ ਗੀਤ ਉਪਜਦਾ ਹੈ:
‘‘ਚਰਖਾ ਮੈਂ ਆਪਣਾ ਕੱਤਾਂ, ਤੰਦ ਤੇਰਿਆਂ ਦੁੱਖਾਂ ਦੀ ਪਾਵਾਂ।’’
ਜਾਂ
‘‘ਪੀੜ ਪਰਾਉਣੀ ਨ੍ਹਾ ਧੋ ਕੇ  ਜਦ ਗ਼ਮ ਦੀ ਚਰਖੀ ਡਾਹਵੇ,
ਪੂਣੀ-ਪੂਣੀ ਹੋ ਕੇ ਨੀਂ ਮੇਰੀ ਜਿੰਦ ਕੱਤੀਂਦੀ ਜਾਵੇ।’’
ਕਈ ਵਾਰ ਕਿਸੇ ਮੁਟਿਆਰ ਦਾ ਆਪਣੇ ਕੰਤ ਨਾਲ ਬੇਹੱਦ ਪਿਆਰ ਹੁੰਦਾ ਹੈ। ਉਹ ਮਾਹੀ ਤੋਂ ਇੱਕ ਪਲ ਵੀ ਦੂਰ ਨਹੀਂ ਹੋਣਾ ਚਾਹੁੰਦੀ। ਇਸ ਮਨੋਭਾਵ ਨੂੰ ਵੀ ਲੋਕ ਗੀਤ ਰਾਹੀਂ ਪ੍ਰਗਟ ਕੀਤਾ ਜਾਂਦਾ ਹੈ।
‘‘ਉੱਥੇ ਲੈ ਚੱਲ ਚਰਖਾ ਮੇਰਾ, ਜਿੱਥੇ ਤੇਰਾ ਹਲ ਵਗਦਾ।’’
ਪ੍ਰੇਮੀਆਂ ਲਈ ਚਰਖਾ ਵਰਦਾਨ ਸਿੱਧ ਹੋਇਆ ਹੈ। ਇੱਕ ਦੂਜੇ ਨੂੰ ਇੱਕ ਪਲ ਦੇਖਣ ਲਈ ਚਰਖਾ ਬਹਾਨਾ ਬਣ ਜਾਂਦਾ ਹੈ ਅਤੇ ਦਰਸ਼ਨ ਕਰਨ ਦੇ ਮੌਕੇ ਪ੍ਰਦਾਨ ਕਰਦਾ ਹੈ।
‘‘ਚੁੱਕ ਚਰਖਾ ਗਲੀ ਦੇ ਵਿੱਚ ਡਾਹੁੰਦੀਆਂ,
ਜਿਨ੍ਹਾਂ ਨੂੰ ਤਾਂਘ ਮਿੱਤਰਾਂ ਦੀ।’’
ਚਰਖੇ ਨਾਲ ਸਾਡੀ ਆਰਥਿਕਤਾ ਵੀ ਜੁੜੀ ਹੋਈ ਹੈ। ਚਰਖਾ ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਵੀ ਹੈ।
‘‘ਚਰਖੀ ਰੰਗਲੀ ਦਾਜ ਦੀ,
ਮੇਰੇ ਵੀਰ ਨੇ ਵਲੈਤੋਂ ਆਂਦੀ।’’
ਪ੍ਰੇਮੀਆਂ ਲਈ ਚਰਖਾ ਭਾਵੇਂ ਵਰਦਾਨ ਹੈ ਪਰ ਛੜਿਆਂ ਦਾ ਚਰਖੇ ਨਾਲ ਬਹੁਤ ਲਗਾਉ ਹੈ। ਉਹ ਚਰਖਾ ਦੇਖ ਕੇ ਖਿਲਦੇ ਹਨ ਤੇ ਗੀਤ ਬਣਦਾ ਹੈ:
‘‘ਚੱਕ ਚਰਖਾ ਪਰਾਂ ਕਰ ਪੀੜ੍ਹੀ,
ਛੜਿਆਂ ਨੇ ਬੋਕ ਬੰਨਣਾ।’’
ਚਰਖਾ ਕੱਤਣਾ ਮਜਬੂਰੀ ਦੇ ਨਾਲ ਸ਼ੌਕ ਵੀ ਬਣਦਾ ਰਿਹਾ ਹੈ। ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਭਾਵੇਂ ਚੰਦਨ ਦੀ ਲੱਕੜੀ ਸਭ ਤੋਂ ਮਹਿੰਗੀ ਮੰਨੀ ਗਈ ਹੈ ਪਰ ਇਸ ਦੀ ਵਰਤੋਂ ਚਰਖਾ ਬਣਾਉਣ ਵਿੱਚ ਵੀ ਕੀਤੀ ਗਈ ਹੈ।
‘‘ਚਰਖਾ ਚੰਦਨ ਦਾ,
ਨੀਂ ਮੈਂ ਕੱਤਾਂ ਪ੍ਰੀਤਾਂ ਨਾਲ।’’
ਜਦੋਂ ਅਨੇਕਾਂ ਚਰਖੇ ਇਕੱਠੇ ਚਲਦੇ ਹਨ ਤਾਂ ਸਾਰਿਆਂ ਦੀ ਘੂਕ ਇੱਕ ਸੰਗੀਤ ਪੈਦਾ ਕਰਦੀ ਹੈ। ਉਸ ਸਮੇਂ ਕੁਦਰਤ ਦੇ ਰੰਗ ਗੂੜ੍ਹੇ ਤੇ ਸੋਹਣੇ ਦਿਖਾਈ ਦਿੰਦੇ ਹਨ ਤੇ ਖ਼ੁਸ਼ੀ ਵਿੱਚ ਇੱਕ ਲੋਕ ਗੀਤ ਉੱਠਦਾ  ਹੈ:
‘‘ਗੂੰਜੇ ਚਰਖਾ ਬਿਸ਼ਨੀਏ ਤੇਰਾ,
ਲੋਕਾਂ ਭਾਣੇ ਮੋਰ ਕੂਕਦਾ।’’
ਪੁਰਾਤਨ ਰਸਮਾਂ-ਰਿਵਾਜ ਨਹੀਂ ਰਹੇ ਸ਼ਾਇਦ ਇਸੇ ਲਈ ਅੱਜ ਦੇ ਲੋਕਾਂ ਵਿੱਚ ਮੋਹ-ਪਿਆਰ, ਭਾਈਚਾਰਕ ਸਾਂਝ ਘੱਟ ਹੋ ਰਹੀ ਹੈ। ਲੋੜ ਹੈ ਪੁਰਾਣੇ ਸਮੇਂ ਦੇ ਅਮੀਰ ਚਿੰਨ੍ਹਾਂ ਦੀ ਸੰਭਾਲ ਕਰਦੇ ਹੋਏ ਅਸੀਂ ਅੱਗੇ ਵਧੀਏ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਮੀਰ ਸੱਭਿਆਚਾਰ ਬਾਰੇ ਜਾਣਕਾਰੀ ਦੇ ਸਕੀਏ। ਦੇਖਿਓ! ਕਿਤੇ ਸਾਡਾ ਅਮੀਰ ਸੱਭਿਆਚਾਰ, ਸਾਡਾ ਪਿਛੋਕੜ ਸਾਡੇ ਤੋਂ ਬਹੁਤ ਪਿੱਛੇ ਨਾ ਰਹਿ ਜਾਵੇ ਅਤੇ ਹੋਰਨਾਂ ਸੱਭਿਆਤਾਵਾਂ ਦੁਆਰਾ ਉਡਾਈ ਗਰਦ ਇਸ ਉਪਰ ਹੀ ਨਾ ਜੰਮ ਜਾਵੇ।

                                                                                        ਗੁਰਜੀਤ ਟਹਿਣਾ

ਸੰਪਰਕ: 94782-77772


No comments:

Post a Comment