‘ਆਉਂਦੀ ਕੁੜੀਏ ਜਾਂਦੀ ਕੁੜੀਏ’ ਪੰਜਾਬੀ ਲੋਕ ਕਾਵਿ ਦਾ ਲੋਪ ਹੋ ਰਿਹਾ ਵਿਲੱਖਣ ਕਾਵਿ-ਰੂਪ ਹੈ ਜਿਸ ਨੂੰ ਵਿਆਹ ਦੇ ਮੌਕੇ ’ਤੇ ਮੇਲਣਾ ਬੜੇ ਚਾਵਾਂ ਨਾਲ ਗਾਉਂਦੀਆਂ ਹਨ। ਇਹ ਸਿੱਠਣੀਆਂ ਦਾ ਹੀ ਇੱਕ ਹੋਰ ਰੂਪ ਹੈ ਜੋ ਕਿ ਮਾਲਵੇ ਵਿੱਚ ਪ੍ਰਚਲਤ ਰਿਹਾ ਹੈ। ਇਹ ਉੱਚੀ ਸੁਰ ਵਿੱਚ, ਸਮੂਹਿਕ ਰੂਪ ਵਿੱਚ, ਚਲਦਿਆਂ-ਚਲਦਿਆਂ ਗਾਏ ਜਾਣ ਵਾਲੇ ਹਾਸ ਵਿਅੰਗ ਭਰਪੂਰ ਲੋਕ ਗੀਤ ਹਨ, ਜਿਨ੍ਹਾਂ ਨੂੰ ਗਾ ਕੇ ਔਰਤਾਂ ਆਪਣੇ ਦਿਲ ਦੇ ਗੁਭ-ਗੁਭਾੜ ਹੀ ਨਹੀਂ ਕੱਢਦੀਆਂ ਬਲਕਿ ਸਮੁੱਚੇ ਵਾਤਾਵਰਨ ਵਿੱਚ ਹਾਸੇ-ਠੱਠੇ ਦਾ ਸੰਚਾਰ ਕਰਦੀਆਂ ਹਨ। ਇਨ੍ਹਾਂ ਗੀਤਾਂ ਵਿੱਚ ਪੌਣੀ ਸਦੀ ਪਹਿਲਾਂ ਦੇ ਪੇਂਡੂ ਪੰਜਾਬ ਦਾ ਇਤਿਹਾਸ ਝਲਕਦਾ ਹੈ ਜਿਨ੍ਹਾਂ ਵਿੱਚੋਂ ਪੁਰਾਣੇ ਪੰਜਾਬ ਦੀ ਸਮਾਜਿਕ ਤੇ ਸੱਭਿਆਚਾਰਕ ਝਲਕ ਸਾਫ਼ ਵਿਖਾਈ ਦਿੰਦੀ ਹੈ।ਉਦੋਂ ਵਿਆਹ ਦਾ ਮੌਕਾ ਸਮੁੱਚੇ ਭਾਈਚਾਰੇ ਲਈ ਖ਼ੁਸ਼ੀਆਂ ਲੈ ਕੇ ਆਉਂਦਾ ਸੀ ਤੇ ਹਰ ਇਨਸਾਨ ਇਸ ਦੇ ਪਲ-ਪਲ ਨੂੰ ਮਾਣਦਾ ਹੋਇਆ ਆਪਣੇ ਪੱਬ ਧਰਤੀ ’ਤੇ ਨਹੀਂ ਸੀ ਲਾਉਂਦਾ। ਬਰਾਤਾਂ ਤਿੰਨ-ਤਿੰਨ, ਚਾਰ-ਚਾਰ ਦਿਨ ਕੁੜੀ ਵਾਲਿਆਂ ਦੇ ਪਿੰਡੋਂ ਨਹੀਂ ਸੀ ਮੁੜਦੀਆਂ ਅਤੇ ਔਰਤਾਂ ਅੱਜ ਵਾਂਗ ਬਰਾਤ ਵਿੱਚ ਸ਼ਾਮਲ ਨਹੀਂ ਸੀ ਹੁੰਦੀਆਂ। ਓਧਰ ਧੂੜਾਂ ਪੁੱਟਦਿਆਂ ਬਰਾਤ ਨੇ ਤੁਰਨਾ, ਏਧਰ ਵਿਆਹ ਵਾਲੇ ਘਰ ਨਾਨਕਾ ਮੇਲ ਅਤੇ ਹੋਰ ਰਿਸ਼ਤੇਦਾਰੀਆਂ ’ਚੋਂ ਆਈਆਂ ਮੇਲਣਾਂ ਨੇ ਨੱਚ ਟੱਪ ਕੇ ਸਮਾਂ ਬੰਨ੍ਹ ਦੇਣਾ। ਕਿਧਰੇ ਛੱਜ ਕੁੱਟਣੇ, ਕਿਧਰੇ ਗਿੱਧੇ ਨੇ ਮਘ ਪੈਣਾ ਤੇ ਕਿਧਰੇ ਜਾਗੋ ਕੱਢਣੀ!
ਖੌਰੂ ਪਾਉਂਦੀਆਂ ਚਾਵਾਂ ਮੱਤੀਆਂ ਮੇਲਣਾਂ ਨੇ ਜਦੋਂ ਵਿਆਹ ਵਾਲੇ ਘਰ ਤੋਂ ਸ਼ਰੀਕੇ ਵਿੱਚ ਪੱਤਲ ਦੇਣ ਜਾਂ ਜਠੇਰਿਆਂ ਦੇ ਮੱਥਾ ਟਿਕਾਉਣ ਲਈ ਜਾਣਾ ਤਾਂ ਤੁਰਦਿਆਂ-ਫਿਰਦਿਆਂ ਸਮੂਹਿਕ ਰੂਪ ਵਿੱਚ ‘ਆਉਂਦੀ ਕੁੜੀਏ ਜਾਂਦੀ ਕੁੜੀਏ’ ਨਾਮੀ ਗੀਤ ਲੰਮੀ ਹੇਕ ਨਾਲ ਗਾ ਕੇ ਆਪਣੀ ਹੋਂਦ ਦਾ ਅਹਿਸਾਸ ਕਰਵਾਉਣਾ। ਵਿਆਹੀਆਂ ਔਰਤਾਂ-ਮੁਟਿਆਰਾਂ ਘੱਗਰੇ ਪਾਉਂਦੀਆਂ ਸਨ ਤੇ ਅੱਲ੍ਹੜ ਮੁਟਿਆਰਾਂ ਫਬਵੇਂ ਰੰਗ-ਬਰੰਗੇ ਸੂਟਾਂ ਵਿੱਚ ਸਜੀਆਂ ਮਨਮੋਹਕ ਨਜ਼ਾਰਾ ਪੇਸ਼ ਕਰਦੀਆਂ ਸਨ। ਉਨ੍ਹਾਂ ਤੁਰਨ ਸਮੇਂ ਗੀਤ ਆਰੰਭ ਦੇਣੇ:
ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿੱਚੋਂ ਕਾਨਾ
ਭਗਤੀ ਦੋ ਕਰਗੇ
ਗੁਰੂ ਨਾਨਕ ਤੇ ਮਰਦਾਨਾ
ਫਿਰ ਉਨ੍ਹਾਂ ਨੇ ਵੀਰ ਪਿਆਰ ਦੇ ਗੀਤ ਆਰੰਭ ਦੇਣੇ:
ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿੱਚੋਂ ਝਾਵਾਂ
ਕਹਿ ਦਿਓ ਮੇਰੇ ਚੰਦ ਵੀਰ ਨੂੰ
ਮੇਰੀ ਆਮਨਾ ਰੱਖੇ ਤਾਂ ਆਵਾਂ।
ਭੈਣਾਂ ਤਾਂ ਵੀਰ ਦਾ ਵਿਆਹ ਲੋਚਦੀਆਂ ਹਨ, ਜੇ ਪਿਆਰ ਹੀ ਨਾ ਮਿਲੇ ਤਾਂ ਹਰਖਣਾ ਤਾਂ ਜਾਇਜ਼ ਹੀ ਹੈ:-
ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿੱਚੋਂ ਖੀਰਾ
ਹਰਖਾਂ ਨਾਲ ਮੈਂ ਭਰਗੀ
ਮੇਰਾ ਸਿਰ ਨਾ ਪਲੋਸਿਆ ਵੀਰਾ
ਹਰਖਾਂ ਨਾਲ ਮੈਂ ਭਰਗੀ…।
ਕੋਈ ਭੈਣ ਨਹੀਂ ਚਾਹੁੰਦੀ ਕਿ ਉਹਦਾ ਭਰਾ ਉਹਦੇ ਨਾਲੋਂ ਨਾਤਾ ਤੋੜ ਲਵੇ:
ਆਉਂਦੀ ਕੁੜੀਏ ਜਾਂਦੀ ਕੁੜੀਏ
ਰਿਝਦੀ ਖੀਰ ਵਿੱਚ ਡੋਈ
ਟੁੱਟ ਕੇ ਨਾ ਬਹਿਜੀਂ ਵੀਰਨਾ
ਭੈਣਾਂ ਵਰਗਾ ਸਾਕ ਨਾ ਕੋਈ।
ਪੰਜਾਬ ਵਿੱਚ ਚੱਲੀਆਂ ਸਮਾਜ ਸੁਧਾਰ ਦੀਆਂ ਲਹਿਰਾਂ ਅਕਾਲੀ ਲਹਿਰ, ਸਿੰਘ ਸਭਾ ਲਹਿਰ, ਆਜ਼ਾਦੀ ਲਹਿਰ ਅਤੇ ਸੰਸਾਰ ਜੰਗਾਂ ਦੇ ਪ੍ਰਭਾਵ ਨੂੰ ਵੀ ਪੰਜਾਬ ਦੀ ਔਰਤ ਦੀ ਚੇਤਨਾ ਨੇ ਕਬੂਲਿਆ ਹੈ। ਇਨ੍ਹਾਂ ਲਹਿਰਾਂ ਦਾ ਗੀਤਾਂ ਵਿੱਚ ਜ਼ਿਕਰ, ਇਨ੍ਹਾਂ ਗੀਤਾਂ ਦੀ ਇਤਿਹਾਸਕ ਤੇ ਸਮਾਜਿਕ ਮਹੱਤਤਾ ਨੂੰ ਪੇਸ਼ ਕਰਦਾ ਹੈ। ਆਜ਼ਾਦੀ ਲਹਿਰ ਬਾਰੇ ਵੀ ਪੰਜਾਬ ਦੀ ਮੁਟਿਆਰ ਚੇਤੰਨ ਹੈ:
ਆਉਂਦੀ ਕੁੜੀਏ ਜਾਂਦੀ ਕੁੜੀਏ
ਸਿਰ ’ਤੇ ਟੋਕਰਾ ਨਰੰਗੀਆਂ ਦਾ
ਕਿੱਥੇ ਰੱਖਾਂ ਵੇ ਕਿੱਥੇ ਰੱਖਾਂ ਵੇ
ਰਾਜ ਫਰੰਗੀਆਂ ਦਾ
ਕਿੱਥੇ ਰੱਖਾਂ ਵੇ…।
ਉਹ ਫਰੰਗੀਆਂ ਦੇ ਰਾਜ ਨੂੰ ਜਲਦੀ ਤੋਂ ਜਲਦੀ ਸਮਾਪਤ ਕਰਨਾ ਲੋਚਦੀ ਹੈ:
ਆਉਂਦੀ ਕੁੜੀਏ ਜਾਂਦੀ ਕੁੜੀਏ
ਸਿਰ ’ਤੇ ਟੋਕਰਾ ਨਰੰਗੀਆਂ ਦਾ
ਕਦੋਂ ਜਾਵੇਗਾ ਕਦੋਂ ਜਾਵੇਗਾ
ਨੀਂ ਇਹ ਰਾਜ ਫਰੰਗੀਆਂ ਦਾ
ਕਦੋਂ ਜਾਵੇਗਾ…।
ਦੂਜੀ ਸੰਸਾਰ ਜੰਗ ਦੇ ਪ੍ਰਭਾਵ ਤੋਂ ਵੀ ਉਹ ਅਭਿੱਜ ਨਹੀਂ। ਉਹ ਆਪਣੀ ਰਾਜਸੀ ਸੂਝ ਦਾ ਪ੍ਰਗਟਾਵਾ ਇਸ ਗੀਤ ਰਾਹੀਂ ਕਰਦੀ ਹੈ। ਉਹ ਜਾਣਦੀ ਹੈ ਕਿ ਰਿਆਸਤੀ ਰਾਜੇ ਅੰਗਰੇਜ਼ਾਂ ਦੀ ਪਿੱਠ ਪੂਰਦੇ ਰਹੇ ਹਨ:
ਆਉਂਦੀ ਕੁੜੀਏ ਜਾਂਦੀ ਕੁੜੀਏ
ਤੋੜ ਲਿਆ ਖੇਤ ’ਚੋਂ ਛੇਜਾ
ਨਾਭੇ ਵਾਲਾ ਕਰੇ ਮਦਤਾਂ
ਕਿਤੇ ਹਾਰ ਨਾ ਜਾਈਂ ਅੰਗਰੇਜ਼ਾ।
ਜੰਗ ਵਿੱਚ ਜਰਮਨ ਦੀ ਹਾਰ ਦੇ ਕਾਰਨਾਂ ਬਾਰੇ ਆਖਦੀ ਹੈ:
ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿੱਚੋਂ ਸ਼ੀਸ਼ੀ
ਜਰਮਨ ਹਾਰ ਗਿਆ
ਉਹਦੀ ਮਦਦ ਕਿਸੇ ਨਾ ਕੀਤੀ।
ਭਾਰਤ ਦੀ ਆਜ਼ਾਦੀ ਸਮੇਂ ਦੇਸ਼ ਦੀ ਵੰਡ ਦੇ ਦਰਦ ਨੂੰ ਮਹਿਸੂਸ ਕਰਦੀ ਹੋਈ ਪੰਜਾਬ ਦੀ ਮੁਟਿਆਰ, ਦੇਸ਼ ਦੀ ਵੰਡ ਲਈ ਜਿਨਾਹ ਨੂੰ ਕੋਸਦੀ ਹੈ:
ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨ ਵਿੱਚ ਤਬੀਤੀ
ਮਰਜੇਂ ਜਿਨਾਹ ਬੰਦਿਆ
ਸਾਰੀ ਦੁਨੀਆਂ ਦੀ ਹਿਲਜੁਲ ਕੀਤੀ।
ਸਮਾਜਿਕ ਅਤੇ ਰਾਜਸੀ ਚੇਤਨਾ ਵਾਲੇ ਗੀਤਾਂ ਤੋਂ ਇਲਾਵਾ ਮੇਲਣਾਂ ਹਾਸੇ-ਠੱਠੇ ਦਾ ਮਾਹੌਲ ਪੈਦਾ ਕਰਨ ਲਈ ਨਿਸੰਗ ਹੋ ਕੇ ਰੁਮਾਂਚਕ ਗੀਤ ਵੀ ਗਾਉਂਦੀਆਂ ਹਨ ਤੇ ਇੱਕ-ਦੂਜੀ ਨਾਲ ਨੋਕ-ਝੋਕ ਵੀ ਕਰਦੀਆਂ ਹਨ:-
ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿੱਚੋਂ ਥਾਲੀ
ਤੈਂ ਕੀ ਸ਼ੇਰ ਮਾਰਨਾ
ਤੇਰੇ ਬਾਪ ਨੇ ਬਿੱਲੀ ਨਾ ਮਾਰੀ
ਤੈਂ ਕੀ ਸ਼ੇਰ ਮਾਰਨਾ।
ਜੋਬਨ ਮੱਤੀਆਂ ਸਰੂ ਕੱਦ ਸ਼ੌਕੀਨ ਮੇਲਣਾਂ ਦੇ ਬਣ-ਬਣ ਪੈਂਦੇ ਰੂਪ ਦੀ ਝਾਲ ਝੱਲੀ ਨਹੀਂ ਜਾਂਦੀ। ਵੇਖਣ ਵਾਲਿਆਂ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਹਨ। ਉਹ ਆਪਣੇ ਕਾਰਜ ਛੱਡ ਕੇ ਉਨ੍ਹਾਂ ਵੱਲ ਵੇਖਦੇ ਰਹਿੰਦੇ ਹਨ:-
ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿੱਚੋਂ ਸ਼ੀਸ਼ੀ
ਘੱਗਰੇ ਦਾ ਫੇਰ ਦੇਖ ਕੇ
ਥਾਣੇਦਾਰ ਨੇ ਕਚਹਿਰੀ ਬੰਦ ਕੀਤੀ
ਘੱਗਰੇ ਦਾ ਫੇਰ ਦੇਖ ਕੇ।
ਆਪਣਾ-ਆਪਣਾ ਸ਼ੌਕ ਹੈ:
ਆਉਂਦੀ ਕੁੜੀ ਨੇ ਸੁੱਥਣ ਸਮਾ ਲੀ
ਕੁੰਦੇ ਚਾਰ ਰੱਖਦੀ
ਮਾਰੀ ਸ਼ੌਕ ਦੀ, ਮਾਰੀ ਸ਼ੌਕ ਦੀ
ਹੱਥ ’ਚ ਰੁਮਾਲ ਰੱਖਦੀ।
ਪਿੰਡ ਦੀਆਂ ਗਲੀਆਂ ਵਿੱਚ ਸ਼ੌਕੀਨ ਮੇਲਣਾਂ ਦੀ ਟੋਲੀ ਛੜਿਆਂ ਦੀਆਂ ਹਿੱਕਾਂ ’ਤੇ ਆਫ਼ਤ ਵਰਤਾ ਦਿੰਦੀ ਹੈ। ਛੜੇ ਅਲੂਣੇ ਵਿਸਮਾਦ ਵਿੱਚ ਝੂਮ ਉੱਠਦੇ ਹਨ:
ਆਉਂਦੀ ਕੁੜੀਏ ਜਾਂਦੀ ਕੁੜੀਏ
ਭੰਨ ਕਿੱਕਰਾਂ ਦੇ ਡਾਹਣੇ
ਅੱਜ ਛੜੇ ਮੱਚ ਜਾਣਗੇ
ਪਾਏ ਦੇਖ ਕੇ ਰੰਨਾਂ ਦੇ ਬਾਣੇ
ਅੱਜ ਛੜੇ ਮੱਚ ਜਾਣਗੇ
ਛੜਿਆਂ ਨੇ ਤਾਂ ਮੱਚਣਾ ਹੀ ਹੋਇਆ:
ਮਿੰਦੋ ਕੁੜੀ ਨੇ ਸੁੱਥਣ ਸਮਾਈ
ਸੁੱਥਣ ਸਮਾਈ ਸੂਫ਼ ਦੀ ਨੀਂ
ਜਾਵੇ ਸ਼ੂਕਦੀ, ਛੜੇ ਦੀ ਹਿੱਕ ਫੂਕਦੀ ਨੀਂ।
ਰੁਮਾਂਚਕ ਗੀਤਾਂ ਤੋਂ ਇਲਾਵਾ ਮੇਲਣਾਂ ਹੋਰਨਾਂ ਵਿਸ਼ਿਆਂ ’ਤੇ ਵੀ ਹਾਸਾ-ਠੱਠਾ ਪੈਦਾ ਕਰਨ ਵਾਲੇ ਗੀਤ ਗਾਉਂਦੀਆਂ ਹਨ:
ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨ ਹੁੰਦੇ ਗੂੜ੍ਹੇ
ਬਈ ਸੱਗੀਆਂ ਨਿਲਾਮ ਹੋ ਗਈਆਂ
ਹੁਣ ਚੱਲ ਪਏ ਜਲੇਬੀ ਜੂੜੇ
ਬਈ ਸੱਗੀਆਂ ਨਿਲਾਮ ਹੋ ਗਈਆਂ।
ਪਿੰਡ ਦੀਆਂ ਗਲੀਆਂ ਵਿੱਚ ਖੌਰੂ ਪਾਉਂਦੀਆਂ ਮੇਲਣਾਂ ਨੂੰ ਪਿੰਡ ਦੇ ਹਟਵਾਣੀਆਂ ਦੀਆਂ ਹੱਟੀਆਂ ਤੋਂ ਜਦੋਂ ਮਨਮਰਜ਼ੀ ਦਾ ਸੌਦਾ ਨਹੀਂ ਮਿਲਦਾ ਤਾਂ ਉਨ੍ਹਾਂ ਦਾ ਮਜ਼ਾਕ ਉਡਾਉਂਦੀਆਂ ਹਨ:
ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨ ਦੀਆਂ ਢਾਈਆਂ
ਨੀਂ ਏਥੋਂ ਦੇ ਮਲੰਗ ਬਾਣੀਏ
ਸਾਨੂੰ ਜੰਗ ਹਰੜਾਂ ਨਾ ਥਿਆਈਆਂ
ਨੀਂ ਏਥੋਂ ਦੇ ਮਲੰਗ ਬਾਣੀਏ…।
ਆਖਰ ਕੁਝ ਦਿਨਾਂ ਦੀ ਮੌਜ-ਮਸਤੀ ਮਗਰੋਂ ਮੇਲਣਾਂ ਨੇ ਆਪਣੇ-ਆਪਣੇ ਪਿੰਡਾਂ ਨੂੰ ਪਰਤਣਾ ਹੀ ਹੁੰਦਾ ਹੈ। ਉਹ ਆਪਸੀ ਮੋਹ ਅਤੇ ਵਿਛੋੜੇ ਦੇ ਭਾਵਾਂ ’ਚ ਹਉਕੇ ਭਰਦੀਆਂ ਹਨ:
ਆਉਂਦੀ ਕੁੜੀਏ ਜਾਂਦੀ ਕੁੜੀਏ
ਚੱਕ ਲਿਆ ਬਾਜ਼ਾਰ ਵਿੱਚੋਂ ਪੇੜਾ
ਅਸਾਂ ਕਿਹੜਾ ਨਿੱਤ ਆਵਣਾ
ਸਾਡਾ ਲੱਗਣਾ ਸਬੱਬ ਨਾਲ ਗੇੜਾ
ਅਸਾਂ ਕਿਹੜਾ ਨਿੱਤ ਆਵਣਾ।
ਪਤਾ ਨਹੀਂ ਦੁਬਾਰਾ ਮੇਲ ਹੋਵੇ ਜਾਂ ਨਾ ਹੋਵੇ:
ਆਉਂਦੀ ਕੁੜੀਏ ਜਾਂਦੀ ਕੁੜੀਏ
ਸੱਚ ਦੇ ਬਚਨ ਵਿੱਚ ਰੌਣਾ
ਨੀਂ ਖੂਹ ਦੇ ਚੱਕ ਵਾਂਗੂੰ
ਫੇਰ ਨੀਂ ਜਗਤ ’ਤੇ ਆਉਣਾ
ਖੂਹ ਦੇ ਚੱਕ ਵਾਂਗੂ।
ਘਰਾਂ ਨੂੰ ਪਰਤਦੀਆਂ ਹੋਈਆਂ ਮੇਲਣਾਂ ਸਮਾਜ ਵਿੱਚ ਨੇਕੀ ਖੱਟਣ ਦਾ ਰਾਜ਼ ਵੀ ਸਮਝਾ ਜਾਂਦੀਆਂ ਹਨ:
ਆਉਂਦੀ ਕੁੜੀਏ ਜਾਂਦੀ ਕੁੜੀਏ
ਮੁਰਕੀ ਚੁਰਕੀ ਕੰਨਾਂ ਦੇ ਵਾਲੇ
ਬਈ ਨੇਕੀ ਖੱਟ ਜਾਣਗੇ
ਮਿੱਠੀਆਂ ਜ਼ਬਾਨਾਂ ਵਾਲੇ
ਬਈ ਨੇਕੀ ਖੱਟ ਜਾਣਗੇ।
ਵਿਆਹ ਸਮਾਗਮਾਂ ਵਿੱਚ ਆਈ ਤਬਦੀਲੀ ਕਾਰਨ ਅੱਜ-ਕੱਲ੍ਹ ਵਿਆਹ ਵਿੱਚ ਸ਼ਰੀਕ ਹੋਈਆਂ ਮੇਲਣਾਂ ਨੂੰ ਇਹ ਗੀਤ ਗਾਉਣ ਦਾ ਮੌਕਾ ਹੀ ਪ੍ਰਾਪਤ ਨਹੀਂ ਹੁੰਦਾ, ਜਿਸ ਕਰਕੇ ਇਨ੍ਹਾਂ ਦੀ ਸਿਰਜਣ ਪ੍ਰਕਿਰਿਆ ਵੀ ਸਮਾਪਤ ਹੋ ਗਈ ਹੈ। ਇਹ ਸੈਂਕੜਿਆਂ ਦੀ ਗਿਣਤੀ ਵਿੱਚ ਉਪਲਬਧ ਹਨ ਤੇ ਇਨ੍ਹਾਂ ਨੂੰ ਫੌਰੀ ਸਾਂਭਣ ਦੀ ਲੋੜ ਹੈ। ਇਹ ਪੰਜਾਬੀ ਲੋਕ ਸਾਹਿਤ ਦਾ ਅਨਿੱਖੜਵਾਂ ਅੰਗ ਹਨ।
No comments:
Post a Comment