Wednesday, 18 September 2013

ਸਾਉਣ ਵੀਰ ’ਕੱਠੀਆਂ ਕਰੇ



ਭਾਰਤ ਰੁੱਤਾਂ-ਤਿਉਹਾਰਾਂ-ਮੇਲਿਆਂ ਦਾ ਦੇਸ਼ ਹੈ। ਇੱਥੋਂ ਦਾ ਸੱਭਿਆਚਾਰ ਆਪਣੇ-ਆਪ ਵਿੱਚ ਖਾਸ ਮਹੱਤਤਾ ਰੱਖਦਾ ਹੈ। ਭਾਰਤ ਦੇਸ਼ ਦੇ ਮੋਢੀ ਪੰਜਾਬ ਦੀ ਜੇ ਗੱਲ ਕਰੀਏ ਤਾਂ ਪ੍ਰਸ਼ੰਸਾ ਲਈ ਸ਼ਬਦ ਹੀ ਨਹੀਂ ਮਿਲਦੇ। ਇੱਥੋਂ ਦੇ ਲੋਕ, ਵਾਤਾਵਰਨ, ਪੌਣ-ਪਾਣੀ ਅਤੇ ਅਮੀਰ ਸੱਭਿਆਚਾਰਕ ਵਿਰਸਾ ਵਿਸ਼ਵ ਭਰ ਵਿੱਚ ਆਪਣੀ ਧਾਕ ਜਮਾਈ ਬੈਠਾ ਹੈ। ਇੱਥੋਂ ਦੇ ਵਸਨੀਕ ਲੋਕਾਂ ਦੀ ਖ਼ੁਸ਼ਹਾਲੀ ਅਤੇ ਖੁੱਲ੍ਹਦਿਲੀ ਨੇ ਲੱਖਾਂ ਪਰਦੇਸੀਆਂ ਨੂੰ ਆਪਣੇ ਵੱਲ ਖਿਚਿਆ ਹੋਇਆ ਹੈ।
ਪੰਜਾਬ ਦੀ ਇਸ ਧਰਤੀ ਨੂੰ ਜੇ ਕਦੀ ਪੋਹ-ਮਾਘ ਦੀਆਂ ਸ਼ੀਤ ਲਹਿਰਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ ਤਾਂ ਫਿਰ ਕਦੇ ਜੇਠ-ਹਾੜ੍ਹ ਦੀਆਂ ਧੁੱਪਾਂ ਨਾਲ ਵੀ ਦੋ-ਚਾਰ ਹੋਣਾ ਪੈਂਦਾ ਹੈ। ਜੇ ਕਦੀ ਇੱਥੇ ਰੇਤਲੀਆਂ ਹਨੇਰੀਆਂ ਤੋਂ ਬਾਅਦ ਘੋਰ ਹੁੰਮਸ ਹੁੰਦਾ ਹੈ ਤਾਂ ਕਦੀ ਠੰਡੀ ਮਿੱਠੀ ਪੌਣ ਵੀ ਇੱਥੋਂ ਹੀ ਲੰਘਦੀ ਹੈ। ਇਸ ਠੰਡੀ ਮਿੱਠੀ ਪੌਣ ਦਾ ਆਨੰਦ ਤਾਂ ਫਿਰ ਪੂਰੀ ਤਰ੍ਹਾਂ ਸਾਉਣ ਮਹੀਨੇ ਵਿੱਚ ਹੀ ਮਾਣਿਆ ਜਾਂਦਾ ਹੈ। ਜੇਠ-ਹਾੜ੍ਹ ਵਿੱਚ ਜਦ ਮਨੁੱਖ ਤਪ ਉੱਠਦੇ ਨੇ ਝੋਨੇ ਪੀਲੇ ਪੈ ਜਾਂਦੇ ਨੇ, ਹਰ ਪਾਸਿਓਂ ਸੇਕ ਮਾਰਦਾ ਹੈ, ਪੰਛੀਆਂ ਦਾ ਚੀਕ-ਚਿਹਾੜਾ ਹੌਲੀ ਪੈ ਜਾਂਦਾ ਹੈ, ਨਰਮੇ ਦੇ ਪੱਤੇ ਕੁਮਲਾ ਜਾਂਦੇ ਨੇ ਤਾਂ ਹਰ ਇੱਕ ਸਾਹ ਰੋਕ ਕੇ ਸਾਉਣ ਮਹੀਨੇ ਦੀ ਉਡੀਕ ਕਰਦਾ ਹੈ ਕਿ ਜਲਦੀ ਤੋਂ ਜਲਦੀ ਸਾਉਣ ਆਵੇ ਮਾਨਸੂਨ ਲੈ ਕੇ ਤੇ ਫਿਰ ਮੀਂਹ ਪਵੇ, ਤਪਦੇ ਦਿਲਾਂ ਨੂੰ ਰਾਹਤ ਮਿਲੇ। ਬਾਰਾਂ ਮਹੀਨਿਆਂ ਬਾਅਦ ਮਸਾਂ ਹੀ ਕਿਤੇ ਸਾਉਣ ਆਉਂਦਾ ਹੈ।
ਬਾਰੀਂ ਮਹੀਨੀਂ ਸਾਵਣ ਆਇਆ,
ਸਾਵਣ ਬੜਾ ਸੁਹਾਵੇ।
ਚੜ੍ਹ ਕੋਠੇ ਮੈਂ ਵੇਖਣ ਲੱਗੀ,
ਬੱਦਲ ਤੁਰਿਆ ਜਾਵੇ।
ਹਵਾਵਾਂ ਪੁਰੇ ਦੀਆਂ,
ਮੇਰੀ ਚੰੁਨੀ ਉੱਡ-ਉੱਡ ਜਾਵੇ।
ਜਿੱਥੇ ਚਿਰਾਂ ਤੋਂ ਉਦਾਸ ਮਨ ਖ਼ੁਸ਼ੀ ਨਾਲ ਝੂਮ ਉੱਠਦੇ ਹਨ, ਉੱਥੇ ਸਹੁਰੇ ਗਈਆਂ ਉਹ ਮੁਟਿਆਰਾਂ ਜਿਹੜੀਆਂ ਸਾਹ ਰੋਕ ਕੇ ਸਾਉਣ ਵੀਰ ਦਾ ਇੰਤਜ਼ਾਰ ਕਰਦੀਆਂ ਨੇ, ਮਹੀਨੇ ਭਰ ਲਈ ਪੂਰੀ ਤਰ੍ਹਾਂ ਆਜ਼ਾਦ ਅਤੇ ਸਹੁਰੇ ਘਰ ਤੋਂ ਬੇਖ਼ਬਰ ਹੋ ਕੇ ਆਪਣੀਆਂ ਬਚਪਨ ਦੀਆਂ ਸਹੇਲੀਆਂ, ਮਾਂ-ਬਾਪ, ਭੈਣ-ਭਰਾਵਾਂ ਨਾਲ ਘੁੱਟ-ਘੁੱਟ ਕੇ ਮਿਲਦੀਆਂ ਹਨ। ਚਿਰਾਂ ਤੋਂ ਵਿਛੜੀਆਂ ਰੂਹਾਂ ਦਾ ਮੇਲ ਹੁੰਦਾ ਹੈ। ਹਰ ਪਾਸੇ ਜਿੱਥੇ ਇਨ੍ਹਾਂ ਮੁਟਿਆਰਾਂ ਲਈ ਖ਼ੁਸ਼ੀ ਹੁੰਦੀ ਹੈ, ਉੱਥੇ ਕਿਸੇ ਇੱਕ ਅੱਧ ਛੈਲੀ ਮੁਟਿਆਰ ਦਾ ਦਿਲ ਪਤਾ ਨਹੀਂ ਕਿਉਂ ਧੜਕਣ ਲੱਗ ਪੈਂਦਾ ਹੈ:
ਮੇਰੀ ਅੱਖ ਫਰਕੇ, ਮੇਰਾ ਦਿਲ ਧੜਕੇ
ਆਇਆ ਸਾਉਣ ਦਾ ਮਹੀਨਾ,
ਮਾਰੋ ਮਾਰ ਕਰਕੇ।
ਸਾਉਣ ਮਹੀਨੇ ਦਾ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਵਿਸ਼ੇਸ਼ ਹੀ ਨਹੀਂ ਬਲਕਿ ਅਵੱਲ ਦਰਜੇ ਦਾ ਸਥਾਨ ਹੈ। ਘਰ-ਘਰ ਦੁੱਧ ਆਮ ਹੋ ਜਾਂਦਾ ਹੈ। ਖੀਰ ਪੂੜੇ ਪੱਕਦੇ ਹਨ। ਕਾਲੀਆਂ ਘਟਾਵਾਂ ਅਸਮਾਨ ਦਾ ਸ਼ਿੰਗਾਰ ਬਣਦੀਆਂ ਹਨ। ਇਸ ਤੋਂ ਇਲਾਵਾ ਇਸ ਮਹੀਨੇ ਦਾ ਸ਼ਿੰਗਾਰ ਤੀਆਂ ਤੀਜ ਦੀਆਂ, ਪਿੱਪਲਾਂ ਨੂੰ ਪੀਂਘਾਂ ਤੇ ਪਿੰਡੋਂ ਬਾਹਰ ਛੱਪੜਾਂ ਦੇ ਕੰਢੇ ਪਿੜਾਂ ਦੀਆਂ ਉੱਚੀਆਂ ਲੰਮੀਆਂ ਟਾਹਲੀਆਂ ਅਤੇ ਪਿੱਪਲਾਂ ਕੋਲ ਗਿੱਧੇ ਦੇ ਪਿੜ ਨੇ।
ਚਾਵਾਂ ਤੇ ਮਲ੍ਹਾਰਾਂ ਨਾਲ ਪੂਰੀ ਤਰ੍ਹਾਂ ਹਾਰ ਸ਼ਿੰਗਾਰ ਕਰਕੇ, ਰੰਗ-ਬਰੰਗੀਆਂ ਫੁਲਕਾਰੀਆਂ ਨਾਲ ਸਜ ਕੇ ਵਿਆਹੀਆਂ ਅਤੇ ਸਾਦੇ ਪਰ ਦਿਲਾਂ ਨੂੰ ਟੁੰਬ ਲੈਣ ਵਾਲੇ ਅੰਦਾਜ਼ ’ਚ ਕੁਆਰੀਆਂ ਗਿੱਧੇ ਦੇ ਪਿੜ ਵੱਲ ਜਦ ਮੁਹਾਰ ਕਰਦੀਆਂ ਨੇ ਤਾਂ ਮੜ੍ਹਕ ਕਿਤੇ ਝੱਲੀ ਨਹੀਂ ਜਾਂਦੀ। ਘੇਰਾ ਘੱਤ ਕੇ ਇਹ ਮੁਟਿਆਰਾਂ ਸਭ ਤੋਂ ਪਹਿਲਾਂ ਗਿੱਧੇ ਵਿੱਚ ਸਾਉਣ ਦਾ ਜਸ ਹੀ ਗਾਉਂਦੀਆਂ ਹਨ:
ਸ਼ੌਕ ਨਾਲ ਮੈਂ ਗਿੱਧੇ ’ਚ ਆਵਾਂ
ਬੋਲੀ ਪਾਵਾਂ ਸ਼ਗਨ ਮਨਾਵਾ,
ਸਾਉਣ ਵੀਰਾ ਵੇ,
ਮੈਂ ਤੇਰਾ ਜਸ ਗਿੱਧੇ ’ਚ ਗਾਵਾਂ।
ਇਸ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ ਬੋਲੀਆਂ ਦਾ ਸਿਲਸਿਲਾ। ਮੁਟਿਆਰਾਂ ਦੇ ਥਿਰਕਦੇ ਅੰਗਾਂ ਸਮੇਤ ਜਦ ਬੁੱਲ੍ਹਾਂ ’ਤੇ ਹਾਸਾ ਆਉਂਦਾ ਹੈ ਤਾਂ ਇੱਕ ਤੋਂ ਵਧ ਕੇ ਇੱਕ ਬੋਲੀ ਪਾਉਂਦੀ ਹੈ। ਸਾਉਣ ਦੇ ਮਹੀਨੇ ਜੇ ਕਦੇ ਤੇਜ਼ ਛਰਾਟੇ ਦਾ ਮੀਂਹ ਪੈਂਦਾ ਹੈ ਤਾਂ ਕਈ-ਕਈ ਦਿਨ ਝੜੀ ਲੱਗੀ ਰਹਿੰਦੀ ਹੈ। ਸਭ ਚਾਹੁੰਦੇ ਨੇ ਬਸ ਤੇਜ਼-ਤਰਾਰ ਮੀਂਹ ਪਏ ਤੇ ਝੜੀ ਨਾਲ ਗਾਰਾ ਨਾ ਹੋਵੇ। ਬੱਚੇ ਖੁੱਲ੍ਹ ਕੇ ਖੇਡ ਸਕਣ।
ਇਸੇ ਤਰ੍ਹਾਂ ਜੇ ਕਿਸੇ ਮੁਟਿਆਰ ਦੇ ਮਾਹੀ ਨੇ ਉਸ ਨੂੰ ਸਹੁਰਿਆਂ ਤੋਂ ਪੇਕੇ ਨਾ ਜਾਣ ਦਿੱਤਾ ਹੋਵੇ ਤਾਂ ਉਸ ਦਾ ਗੁੱਸਾ ਦੇਖਣ ਵਾਲਾ ਹੁੰਦਾ ਹੈ। ਮਾਹੀ ਲੱਖ ਕੋਸ਼ਿਸ਼ਾਂ ਕਰਕੇ ਕਈ ਲਾਲਚ ਦੇ ਕੇ ਪਰਚਾਉਂਦਾ ਹੈ ਤੇ ਕਿਣ-ਮਿਣ, ਕਿਣ-ਮਿਣ ’ਚ ਬਿਨਾਂ ਕਿਸੇ ਕੰਮੋਂ ਟਿਊਬਵੈੱਲ ’ਤੇ ਜਾ ਕੇ ਬੈਠ ਜਾਂਦਾ ਹੈ ਨਾਲ ਹੀ ਉਸ ਨੂੰ ਰੋਟੀ ਲੈ ਕੇ ਆਉਣ ਲਈ ਕਹਿ ਜਾਂਦਾ ਹੈ।
ਨਿੱਕੀ-ਨਿੱਕੀ ਕਣੀ ਦਾ ਮੀਂਹ ਵਰਸੇਂਦਾ,
ਮਗਰੋਂ ਪੈਂਦੀ ਭੂਰ।
ਰੋਟੀ ਲੈ ਨਿਕਲੀ, ਖੇਤ ਸੁਣੀਂਦਾ ਦੂਰ।
ਪੇਕੇ ਘਰ ਇਕੱਠੀਆਂ ਹੋਈਆਂ ਮੁਟਿਆਰਾਂ ਨੂੰ ਕਿਸੇ ਕੰਮ ਦਾ ਕੋਈ ਫ਼ਿਕਰ ਨਹੀਂ ਹੁੰਦਾ। ਉਨ੍ਹਾਂ ਤਾਂ ਬਸ ਪੂਰਾ ਮਹੀਨਾ ਐਸ਼ ਕਰਨੀ ਹੁੰਦੀ ਹੈ। ਘਰ ਜਦ ਉਨ੍ਹਾਂ ਦਾ ਦਿਲ ਨਹੀਂ ਲੱਗਦਾ ਤਾਂ ਇਕੱਠੀਆਂ ਹੋ ਕੇ ਆਪਸ ਵਿੱਚ ਹਾਸਾ-ਮਜ਼ਾਕ ਕਰਦੀਆਂ ਰਹਿੰਦੀਆਂ ਹਨ ਤੇ ਕਈ ਵਾਰ ਮੁਟਿਆਰਾਂ ਦਾ ਝੁੰਡ ਇਕੱਠਾ ਹੋ ਕੇ ਪੀਂਘਾਂ ਝੂਟਣ ਲਈ ਤੁਰ ਪੈਂਦਾ ਹੈ ਤੇ ਉੱਥੇ ਆਇਆ ਤੇਜ਼ ਮੀਂਹ ਸਾਰੀਆਂ ਨੂੰ ਭਿਉਂ ਕੇ ਰੱਖ ਦਿੰਦਾ ਹੈ।
ਮੀਂਹ ਤੋਂ ਬਾਅਦ ਫਿਰ ਮੁਟਿਆਰਾਂ ਗਿੱਧੇ ਦਾ ਪਿੜ ਬੰਨ੍ਹ ਲੈਦੀਆਂ ਹਨ। ਆਰਥਿਕ, ਸਮਾਜਿਕ ਅਤੇ ਪਰਿਵਾਰਿਕ ਘਟਨਾਵਾਂ ਨੂੰ ਬੋਲੀਆਂ ’ਚ ਪਰੋ ਕੇ ਫਿਰ ਵਾਰੋ-ਵਾਰੀ ਪੇਸ਼ ਕਰਦੀਆਂ ਹਨ। ਜੇ ਕਿਤੇ ਮੁਟਿਆਰਾਂ ਬੋਲੀ ਪਾਉਂਦੀਆਂ ਥਿੜਕ ਜਾਣ ’ਤੇ ਗਿੱਧੇ ਦੀ ਤਾਲ ਮੱਠੀ ਹੁੰਦੀ ਦਿਸੇ ਤਾਂ ਤੁਰੰਤ ਕਿਸੇ ਮੁਟਿਆਰ ਦੇ ਦਿਮਾਗ ’ਚ ਫਲਾਂ ਦਾ ਖਿਆਲਾ ਆ ਜਾਂਦਾ ਹੈ ਤੇ ਉਹ ਸਾਰੀਆਂ ਮੁਟਿਆਰਾਂ ਨੂੰ ਇੱਕ ਵਾਰ ਲਲਚਾਉਣ ਲਾ ਦਿੰਦੀ ਹੈ।
ਜੇਠ-ਹਾੜ ’ਚ ਅੰਬ ਬਥੇਰੇ,
ਸਾਵਣ ਜਾਮਨੂੰ ਪੀਲਾਂ।
ਰਾਂਝਿਆ ਆ ਜਾ ਵੇ,
ਤੈਨੂੰ ਪਾ ਕੇ ਪਟਾਰੀ ਵਿੱਚ ਕੀਲਾਂ।
ਉਹ ਮੁਟਿਆਰ ਜਿਸ ਨੇ ਕਿਸੇ ਨਾਲ ਪ੍ਰੀਤ ਲਾਈ ਹੁੰਦੀ ਹੈ, ਉਸ ਦਾ ਧਿਆਨ ਜਾਮਨੂੰ, ਅੰਬਾਂ ਨੂੰ ਪਰਾਂ ਛੱਡਦਾ ਹੋਇਆ ਇੱਕਦਮ ਆਪਣੇ ਰਾਂਝੇ ਵਲ ਜਾਂਦਾ ਹੈ। ਉਸ ਦਾ ਦਿਲ ਤੜਪ ਉੱਠਦਾ ਹੈ ਤੇ ਉਹ ਆਪਣੇ ਆਪ ਨੂੰ ਹੀਰ ਸਮਝ ਆਪਣੇ ਰਾਂਝੇ ਦੀ ਉਡੀਕ ਦਾ ਦਰਦ ਆਪਣੀਆਂ ਸਹੇਲੀਆਂ ਸਾਵੇਂ ਗਿੱਧੇ ਦੇ ਪਿੜ ’ਚ ਇਉਂ ਰੱਖਦੀ ਹੈ:
ਪਹਿਨ ਪਚਰ ਕੇ ਚੜ੍ਹੀ ਪੀਂਘ ’ਤੇ
ਡਿੱਗੀ ਹੁਲਾਰਾ ਖਾ ਕੇ।
ਪੈਣ ਫੁਹਾਰਾਂ ਚਮਕੇ ਬਿਜਲੀ,
ਵੇਖ ਲੈ ਰਾਂਝਿਆ ਆ ਕੇ।
ਮੈਂ ਤੈਨੂੰ ਤਰਸ ਰਹੀ,
ਬੱਦਲਾਂ ਤੋਂ ਸੁਨੇਹਾ ਪਾ ਕੇ।
ਜੇ ਮੁਟਿਆਰਾਂ ਨੂੰ ਇਸ ਮਹੀਨੇ ਦਾ ਅਥਾਹ ਚਾਅ ਹੁੰਦਾ ਤਾਂ ਗੱਭਰੂ ਵੀ ਇਸ ਮਾਮਲੇ ’ਚ ਕਿਤੇ ਘੱਟ ਨਹੀਂ। ਦਿਲ ਨੂੰ ਟੰੁਬ ਲੈਣ ਵਾਲੇ ਮੌਸਮ ਵਿੱਚ ਜਦ ਹਰ ਪਾਸੇ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੁੰਦੀਆਂ ਨੇ ਤਾਂ ਉਹ ਵੀ ਆਪਣੀ ਇਸ ਖ਼ੁਸ਼ੀ ਉੱਪਰ ਕਾਬੂ ਨਹੀਂ ਪਾ ਸਕਦੇ ਤੇ ਕਹਿ ਉੱਠਦੇ ਹਨ:
ਛਮ-ਛਮ ਪੈਣ ਫੁਹਾਰਾਂ, ਬਿਜਲੀ ਦੇ ਰੰਗ ਨਿਆਰੇ।
ਆਉ ਭਰਾਵੋ ਗਿੱਧਾ ਪਾਈਏ, ਸਾਨੂੰ ਸਾਉਣ ਸੈਨਤਾਂ ਮਾਰੇ।
ਫਿਰ ਕਦ ਨੱਚਾਂਗੇ, ਸਾਉਣ ’ਚ ਨੱਚਣ ਸਾਰੇ।
ਇਸ ਤਰ੍ਹਾਂ ਇਹ ਮਹੀਨਾ ਸਾਡੇ ਸੱਭਿਆਚਾਰ ਦੀ ਅਮੁੱਕ ਸ਼ਾਨ ਹੋ ਨਿੱਬੜਦਾ ਹੈ। ਇਸ ਮਹੀਨੇ ਦਾ ਸਾਡਾ ਸੱਭਿਆਚਾਰ ਅਤੇ ਆਰਥਿਕ ਪਹਿਲੂਆਂ ਨਾਲ ਗੂੜ੍ਹਾ ਸਬੰਧ ਹੈ। ਇਸ ਮਹੀਨੇ ਗਲੀਆਂ ’ਚ ਘੁੰਮਦੇ, ਨੱਚਦੇ ਗਾਉਂਦੇ ਨੰਗ-ਧੜੰਗੇ ਬੱਚੇ, ਬਾਗੀ ਪੈਲਾਂ ਪਾਉਂਦੇ ਮੋਰ, ਆਕਾਸ਼ ’ਚ ਚੀਕਦੇ ਪੰਛੀ-ਪਪੀਹੇ, ਕਾਲੀਆਂ ਬ੍ਰਿਹਾ ਵਰਗੀਆਂ ਘਟਾਵਾਂ ’ਚ ਮਸਤ ਹੋਏ ਲੱਖ ਮਨ, ਸਾਉਣੀ ਦੀਆਂ ਫ਼ਸਲਾਂ ਤੋਂ ਵਿਹਲੇ ਹੋਏ ਕਿਸਾਨ ਪੂਰੀ ਤਰ੍ਹਾਂ ਝੂਮ ਉੱਠਦੇ ਹਨ। ਕਦੀ-ਕਦੀ ਅੱਖ ਮਟੱਕਾ ਕਰਦੀ ਪਰ ਤੇਜ਼ ਧੁੱਪ ਤੋਂ ਬਚਣ ਲਈ ਪਿੱਪਲਾਂ ਤੇ ਬੋਹੜਾਂ ਦੀ ਛਾਵੇਂ ਹਾਸਾ-ਮਜ਼ਾਕ ਕਰਦੇ ਲੋਕ ਪਿਆਰ ਅਤੇ ਸਹਿਚਾਰ ਨੂੰ ਵਧੇਰੇ ਪੱਕਿਆ ਕਰਦੇ ਹਨ। ਉਪਰੋਕਤ ਬਿਰਤਾਂਤਾਂ ਨੂੰ ਮੱਦੇਨਜ਼ਰ ਰੱਖਦਿਆਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਮਹੀਨਾ ਸਾਡੇ ਸਭ ਲਈ ਖ਼ੁਸ਼ੀਆਂ-ਖੇੜਿਆ ਅਤੇ ਰੌਣਕਾਂ ਨਾਲ ਭਰਪੂਰ ਹੁੰਦਾ ਹੈ।
-ਨਰੇਸ਼ ਰੁਪਾਣਾ
* ਮੋਬਾਈਲ:98143-36334

No comments:

Post a Comment