ਪੰਜਾਬੀ ਸੱਭਿਆਚਾਰ ਹਰ ਪੱਖ ਤੋਂ ਬਹੁਤ ਅਮੀਰ ਸੱਭਿਆਚਾਰ ਹੈ। ਪੰਜਾਬੀ ਸੱਭਿਆਚਾਰ ਵਿੱਚ ਜਿੱਥੇ ਮਹੀਨਿਆਂ, ਤਿੱਥਾਂ, ਤਿਉਹਾਰਾਂ ਨੂੰ ਸੋਹਣੇ-ਸੋਹਣੇ ਗੀਤਾਂ, ਬੋਲੀਆਂ ਵਿੱਚ ਪਰੋਇਆ ਹੋਇਆ ਹੈ, ਉੱਥੇ ਵੰਨ-ਸੁਵੰਨੀਆਂ ਰੁੱਤਾਂ ਨੂੰ ਅਖਾਣਾਂ, ਮੁਹਾਵਰਿਆਂ, ਲਕੋਕਤੀਆਂ ਅਤੇ ਲੋਕਗੀਤਾਂ ਨਾਲ ਗੁੰਦਿਆ ਹੋਇਆ ਹੈ। ਚੁਫੇਰੇ ਗਰਮ-ਗਰਮ ਲੋਆਂ ਵਗਦੀਆਂ ਹਨ। ਪਿੰਡੇ ਮੁੜ੍ਹਕੇ ਨਾਲ ਚਿਉਂਦੇ ਹਨ। ਧੁੱਪ ਚੜ੍ਹਦਿਆਂ ਹੀ ਜਾਨਵਰ ਆਲ੍ਹਣਿਆਂ ਵਿੱਚ ਲੁਕ ਜਾਂਦੇ ਹਨ। ਖੇਤਾਂ ਵਿੱਚ ਲਹਿਰਾਉਂਦੀਆਂ ਫ਼ਸਲਾਂ ਤਿੱਖੜ ਦੁਪਹਿਰਿਆਂ ਵਿੱਚ ਕੁਮਲਾ ਜਾਂਦੀਆਂ ਹਨ। ਅੱਤ ਦੀ ਗਰਮੀ ਨਾਲ ਢਾਬਾਂ, ਟੋਬੇ, ਚੋਆਂ, ਛੱਪੜ ਸੁੱਕ ਜਾਂਦੇ ਹਨ। ਡੈਮਾਂ ਦਾ ਪਾਣੀ ਘਟਣਾ ਸ਼ੁਰੂ ਹੋ ਜਾਂਦਾ ਹੈ। ਪਿੰਡ-ਪਿੰਡ ਚੱਲਦੇ ਹਜ਼ਾਰਾਂ ਟਿਊਬਵੈੱਲ, ਮੋਟਰਾਂ ਫ਼ਸਲਾਂ ਨੂੰ ਔੜ ਤੋਂ ਬਚਾਅ ਨਹੀਂ ਸਕਦੇ। ਪਾਣੀ ਦੀ ਘਾਟ ਕਾਰਨ ਫ਼ਸਲਾਂ ਵੀ ਵਿੱਚ-ਵਿੱਚ ਸੁੱਕਣੀਆਂ, ਮੱਚਣੀਆਂ ਸ਼ੁਰੂ ਹੋ ਜਾਂਦੀਆਂ ਹਨ। ਗਰਮੀ ਨਾਲ ਹਰ ਜੀਵ-ਜੰਤੂ, ਪਸ਼ੂ, ਜਾਨਵਰ, ਬਨਸਪਤੀ ਤ੍ਰਾਹ-ਤ੍ਰਾਹ ਕਰਦਾ ਆਕਾਸ਼ ਵੱਲ ਵੇਖਦਾ ਮੰਗ ਕਰਦਾ ਹੈ ਕਿ ‘ਰੱਬਾ ਮੀਂਹ ਪਾ’। ਗਲੀਆਂ ਵਿੱਚ ਖੇਡਦੀਆਂ ਬੱਚਿਆਂ ਦੀਆਂ ਟੋਲੀਆਂ ਇਹ ਗਾਉਂਦੀਆਂ ਹਨ:ਰੱਬਾ ਰੱਬਾ ਮੀਂਹ ਵਰਸਾ।
ਸਾਡੀ ਕੋਠੀ ਦਾਣੇ ਪਾ।
ਅਤੇ
ਕਾਲੀਆਂ ਇੱਟਾਂ ਕਾਲੇ ਰੋੜ।
ਮੀਂਹ ਵਰਸਾ ਦੇ ਜ਼ੋਰੋ ਜ਼ੋਰ।
ਕਈ ਵਾਰ ਪੂਰਾ ਹਾੜ੍ਹ ਮਹੀਨਾ ਲੰਘ ਜਾਂਦਾ ਹੈ ਪਰ ਮੀਂਹ ਦੀ ਇੱਕ ਕਣੀ ਵੀ ਨਹੀਂ ਡਿਗਦੀ ਤੇ ਫਿਰ ਜਦੋਂ ਸਾਉਣ ਮਹੀਨੇ ਦੀ ਸੰਗਰਾਂਦ ਹੁੰਦੀ ਹੈ ਤਾਂ ਸਾਰੇ ਲੋਕਾਂ ਨੂੰ ਪੂਰਨ ਆਸ ਬੱਝ ਜਾਂਦੀ ਹੈ ਕਿ ਹੁਣ ਤਾਂ ਸਾਉਣ ਚੜ੍ਹ ਗਿਆ ਹੁਣ ਤਾਂ ਮੀਂਹ ਪਵੇਗਾ ਹੀ। ਸਾਡੇ ਪੰਜਾਬੀ ਸੱਭਿਆਚਾਰ ਵਿੱਚ ਸਾਉਣ ਮਹੀਨੇ ਦੀ ਇਸੇ ਕਰਕੇ ਬਹੁਤ ਮਹੱਤਤਾ ਹੈ ਕਿ ਇਸ ਮਹੀਨੇ ਵਿੱਚ ਮੀਂਹ ਦੀ ਛਹਿਬਰ ਲੱਗ ਜਾਂਦੀ ਹੈ, ਫ਼ਸਲਾਂ ਝੂੰਮਣ ਲੱਗਦੀਆਂ ਹਨ, ਤੱਤੀਆਂ ਲੋਆਂ ਦੀ ਥਾਂ ਠੰਡੀਆਂ ਹਵਾਵਾਂ ਚੱਲਣ ਲੱਗ ਪੈਂਦੀਆਂ ਹਨ। ਕਾਲੀਆਂ ਘਟਾਵਾਂ ਚੜ੍ਹਨ, ਬੱਦਲ ਗਰਜਣ ਨਾਲ ਹਰ ਤੜਪਦਾ ਮਨ ਠੰਡਕ ਨਾਲ ਸ਼ਾਂਤ ਹੋ ਜਾਂਦਾ ਹੈ। ਸਾਉਣ ਬਾਰੇ ਬਾਬਾ ਬੁੱਲ੍ਹੇ ਸ਼ਾਹ ਆਪਣੀ ਕਾਵਿ ਰਚਨਾ ਵਿੱਚ ਇੰਜ ਲਿਖਦੇ ਹਨ:
ਸਾਵਣ ਮਾਹ ਸੁਹਾਵਣਾ, ਜੋ ਧਰਤੀ ਬੂੰਦ ਪਈ।ਅਨਹਦ ਗਾਜੇ ਮੇਘਲਾ, ਜੋ ਮਨ ਦੀ ਤਪਤ ਗਈ।
ਗੁਰੂ ਨਾਨਕ ਦੇਵ ਜੀ ਵੀ ਗੁਰਬਾਣੀ ਵਿੱਚ ਇਹੋ ਬਿਆਨ ਕਰਦੇ ਹਨ ਕਿ ਸਾਉਣ ਵਿੱਚ ਮੀਂਹ ਪੈਣ ਨਾਲ ਚੁਫੇਰੇ ਖ਼ੁਸ਼ੀਆਂ ਫੈਲ ਜਾਂਦੀਆਂ ਹਨ। ਜਿੱਥੇ ਜੀਵ-ਜੰਤੂ, ਨਾਗ, ਮਿਰਗ, ਮੱਛੀਆਂ ਨੂੰ ਪਾਣੀ ਮਿਲ ਜਾਂਦਾ ਹੈ, ੳੱੁਥੇ ਮੀਂਹ ਨਾਲ ਚੰਗੀਆਂ ਫ਼ਸਲਾਂ ਪੈਦਾ ਹੁੰਦੀਆਂ ਹਨ ਅਤੇ ਘਰ ਵਿੱਚ ਧਨ ਆਉਣ ਲਈ ਵੀ ਰਾਹ ਖੁੱਲ੍ਹ ਜਾਂਦਾ ਹੈ:
ਨਾਨਕ ਸਾਵਣਿ ਜੇ ਵਸੈ, ਚਹੁ ਉਮਾਹਾ ਹੋਇ।
ਨਾਗਾ, ਮਿਰਗਾ ਮਛੀਆ ਰਸੀਆ ਘਰਿ ਧਨੁ ਹੋਇ।
ਗੁਰੂ ਰਾਮਦਾਸ ਜੀ ਦਾ ਵੀ ਸੌਣ ਮਹੀਨੇ ਬਾਰੇ ਇਹੋ ਫੁਰਮਾਨ ਹੈ ਕਿ ਸਾਉਣ ਦੀ ਝੜੀ ਲੱਗਣ ਨਾਲ ਦੁੱਖ-ਭੁੱਖ ਸਭ ਕੱਟੇ ਜਾਂਦੇ ਹਨ। ਸਾਰੀ ਧਰਤੀ ਹਰਿਆਵਲ ਨਾਲ ਝੂੰਮਣ ਲੱਗਦੀ ਹੈ ਅਤੇ ਅੰਨ ਦੇ ਬੋਹਲ ਲੱਗਣ ਦੀ ਸ਼ੁਰੂਆਤ ਹੋ ਜਾਂਦੀ ਹੈ:
ਸਾਵਣੁ ਆਇਆ ਝਿਮਝਿਮਾ
ਹਰਿ ਗੁਰਮੁਖਿ ਨਾਮੁ ਧਿਆਇ।
ਦੁਖ ਭੁਖ ਕਾੜਾ ਸਭੁ ਚੁਕਾਇਸੀ,
ਮੀਹ ਵੁਠਾ ਛਹਿਬਰ ਲਾਇ।
ਸਭ ਧਰਤ ਭਈ ਹਰਿਆਵਲੀ,
ਅੰਨ ਜੰਮਿਆ ਬੋਹਲ ਲਾਇ।
ਸਾਉਣ ਦੇ ਮੀਂਹ ਪੈਣ ਨਾਲ ਜਿੱਥੇ ਪਸ਼ੂ, ਪੰਛੀ, ਚਿੜੀਆਂ, ਘੁੱਗੀਆਂ, ਕੋਇਲਾਂ,ਗਟਾਰਾਂ, ਪਪੀਹੇ, ਇੱਲਾਂ, ਤੋਤੇ ਸਭ ਖ਼ੁਸ਼ੀ ਦਾ ਰਾਗ ਅਲਾਪਦੇ ਹਨ, ਉੱਥੇ ਮੋਰ ਵੀ ਮਿੱਠੀ-ਮਿੱਠੀ ਧੁਨ ਵਿੱਚ ਆਵਾਜ਼ਾਂ ਕੱਢਦੇ ਹਨ ਅਤੇ ਪੈਲ੍ਹਾਂ ਪਾਉਂਦੇ ਹਨ। ਇਸ ਸਬੰਧੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਗੁਰਬਾਣੀ ਰਾਹੀਂ ਆਪਣੇ ਮਨ ਦੇ ਭਾਵ ਇੰਜ ਪ੍ਰਗਟ ਕਰਦੇ ਹਨ:
ਮੋਰੀ ਰੁਣ ਝੁਣ ਲਾਇਆ।
ਭੈਣੇ ਸਾਵਣੁ ਆਇਆ।
ਅੱਤ ਦੀ ਗਰਮੀ ਤੋਂ ਬਾਅਦ ਕਾਲੀਆਂ ਘਟਾਵਾਂ ਅਤੇ ਠੰਡੀਆਂ ਹਵਾਵਾਂ ਲੈ ਕੇ ਆਏ ਸਾਉਣ ਮਹੀਨੇ ਵਿੱਚ ਕਿਨਾਰੇ ਤੋੜ ਮੀਂਹ ਵਰ੍ਹਦਾ ਹੈ। ਤਪ ਰਹੀ ਧਰਤੀ ਮੀਂਹ ਨਾਲ ਸ਼ਾਂਤ ਹੁੰਦੀ ਹੈ। ਔੜ ਨਾਲ ਫ਼ਸਲਾਂ ਖਰਾਬ ਹੋਣ ਤੋਂ ਲੋਕ ਬੇਫ਼ਿਕਰ ਹੋ ਜਾਂਦੇ ਹਨ। ਖੇਤਾਂ ਦੇ ਕੰਮ ਕਾਰ ਘਟ ਜਾਂਦੇ ਹਨ। ਲੋਕਾਂ ਦੇ ਮਨ ਮੀਂਹ ਪੈਣ ਨਾਲ ਗਦ-ਗਦ ਹੋ ਉੱਠਦੇ ਹਨ। ਕੁੜੀਆਂ ਦਾ ਤੀਆਂ ਦਾ ਤਿਉਹਾਰ ਵੀ ਸਾਉਣ ਮਹੀਨੇ ਵਿੱਚ ਹੁੰਦਾ ਹੈ। ਬੇੜੀ ਦੇ ਪੂਰ ਵਾਂਗ ਵਿਛੜ ਕੇ ਸਹੁਰੇ ਘਰ ਗਈਆਂ ਕੁੜੀਆਂ ਨੂੰ ਮੁੜ ਮਿਲਣ ਦਾ ਸਬੱਬ ਵੀ ਸਾਉਣ ਦੀਆਂ ਤੀਆਂ ਵਿੱਚ ਹੀ ਹੁੰਦਾ ਹੈ। ਤੀਆਂ ਦੇ ਪਿੜ ਵਿੱਚ ਇਕੱਠੀਆਂ ਹੋਈਆਂ ਕੁੜੀਆਂ ਦਾ ਹੁਸਨ, ਜੋਸ਼ ਤੇ ਜਵਾਨੀ ਸੋਨੇ ਦੀਆਂ ਤਾਰਾਂ ਵਾਂਗ ਲਿਸ਼ਕਦੀ ਹੈ:
ਸਾਉਣ ਮਹੀਨੇ ਬੱਦਲ ਪੈਂਦਾ, ਨਿੰਮੀਆਂ ਪੈਣ ਫੁਹਾਰਾਂ।
’ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ,
ਇੱਕੋ ਜੇਹੀਆਂ ਮੁਟਿਆਰਾਂ।
ਗਿੱਧੇ ਦੇ ਵਿੱਚ ਲਿਸ਼ਕਣ ਏਦਾਂ,
ਜਿਉਂ ਸੋਨੇ ਦੀਆਂ ਤਾਰਾਂ।
ਦੂਹਰੀਆਂ ਹੋ ਕੇ ਨੱਚਣ ਲੱਗੀਆਂ,
ਜਿਉਂ ਕੂੰਜਾਂ ਦੀਆਂ ਡਾਰਾਂ।
ਜ਼ੋਰ ਜਵਾਨੀ ਦਾ, ਲੁੱਟ ਲਉ ਮੌਜ ਬਹਾਰਾਂ।
ਹਰ ਪਿੰਡ ਵਿੱਚ ਤੀਆਂ ਲੱਗਣ ਦੀ ਥਾਂ ਮੁਕੱਰਰ ਹੁੰਦੀ ਹੈ। ਕਈ ਪਿੰਡਾਂ ਵਿੱਚ ਤੀਆਂ ਟੋਬੇ ਦੇ ਆਲੇ ਦੁਆਲੇ, ਪਿੱਪਲਾਂ-ਬੋਹੜਾਂ ਦੇ ਝੁੰਡ ਵਿੱਚ ਲੱਗਦੀਆਂ ਹਨ। ਜਿੱਥੇ ਕੁੜੀਆਂ ਪੀਂਘਾਂ ਝੂਟਦੀਆਂ ਹਨ ਅਤੇ ਗਿੱਧੇ ਦੀਆਂ ਧਮਾਲਾਂ ਪਾਉਂਦੀਆਂ ਹਨ। ਹੱਥ ਦੇ ਗਿੱਧੇ ਦਾ ਤਾਲ-ਤਾਲ ਨਾਲ ਮਿਲਦਾ ਹੈ। ਝਾਂਜਰਾਂ ਵਾਲੀਆਂ ਅੱਡੀਆਂ ਦੀ ਧਮਕਾਰ ਇਕਮਿਕ ਹੋ ਜਾਂਦੀ ਹੈ। ਬੋਲੀ ਦੀ ਆਵਾਜ਼ ਇੰਦਰ ਦੇਵਤੇ ਨੂੰ ਨਸ਼ਿਆ ਦਿੰਦੀ ਹੈ। ਉਪਰੋਂ ਸਾਉਣ ਦੀਆਂ ਕਾਲੀਆਂ ਘਟਾਵਾਂ ਚੜ੍ਹ ਆਉਂਦੀਆਂ ਹਨ ਤੇ ਕਈ ਵਾਰ ਤਾਂ ਪਹਿਨ ਪੱਚਰ ਕੇ ਗਈਆਂ ਮੁਟਿਆਰਾਂ ਮੀਂਹ ਵਿੱਚ ਭਿੱਜ ਕੇ ਘਰ ਵੜਦੀਆਂ ਹਨ, ਜਿਸ ਦਾ ਵਰਣਨ ਸਾਡੀਆਂ ਲੋਕ ਬੋਲੀਆਂ ਵਿੱਚ ਇੰਜ ਮਿਲਦਾ ਹੈ¸
ਆਇਆ ਸਾਵਣ ਦਿਲ ਪਰਚਾਵਣ,
ਝੜੀ ਲੱਗ ਗਈ ਭਾਰੀ।
ਝੂਟੇ ਲੈਂਦੀ ਮਰੀਆਂ ਭਿੱਜ ਗਈ,
ਨਾਲੇ ਰਾਮ ਪਿਆਰੀ।
ਕੁੜਤੀ ਹਰੋ ਦੀ ਭਿੱਜੀ ਵਰੀ ਦੀ।
ਨੱਬਿਆਂ ਦੀ ਫੁਲਕਾਰੀ।
ਹਰਨਾਮੀ ਦੀ ਸੁੱਥਣ ਭਿੱਜਗੀ।
ਬਹੁਤੇ ਗੋਟੇ ਵਾਲੀ।
ਪੀਂਘ ਝੂਟਦੀ ਸੱਸੀ ਡਿੱਗ ਪਈ,
ਨਾਲੇ ਨਾਭੇ ਵਾਲੀ।
ਸ਼ਾਮੋ ਕੁੜੀ ਦੀ ਝਾਂਜਰ ਗੁਆਚੀ,
ਆ ਰੱਖੀ ਨੇ ਭਾਲੀ।
ਭਿੱਜ ਗਈ ਲਾਜੋ ਵੇ,
ਬਹੁਤੇ ਹਰਖਾਂ ਵਾਲੀ।
ਸਾਉਣ ਦਿਆ ਬੱਦਲਾ ਵੇ,
ਹੀਰ ਭਿੱਜਗੀ ਸਿਆਲਾਂ ਵਾਲੀ।
ਸਾਉਣ ਦੀਆਂ ਤੀਆਂ ਵਿੱਚ ਵੀਰ ਆਪਣੀਆਂ ਭੈਣਾਂ ਨੂੰ ਸਹੁਰੇ ਘਰਾਂ ਤੋਂ ਲੈ ਕੇ ਆਉਂਦੇ ਹਨ ਪਰ ਕਈ ਵਾਰ ਕੰਮਾਂ ਕਾਰਾਂ ਵਿੱਚ ਉਲਝਿਆ ਵੀਰ ਭੈਣ ਨੂੰ ਛੇਤੀ ਲੈਣ ਲਈ ਨਹੀਂ ਜਾ ਸਕਦਾ ਤਾਂ ਭੈਣ ਰਾਹ ਉਡੀਕਦੀ ਥੱਕ ਜਾਂਦੀ ਹੈ। ਉਸ ਨੂੰ ਆਪਣੀਆਂ ਸਹੇਲੀਆਂ ਤੋਂ ਦੂਰ ਇੱਕ-ਇੱਕ ਦਿਨ ਮਹੀਨੇ ਵਰਗਾ ਜਾਪਦਾ ਹੈ। ਉਹ ਆਪਣੀ ਸੱਸ ਨੂੰ ਪੁੱਛਦੀ ਹੈ:
ਹੋਰਨਾਂ ਦੇ ਵੀਰੇ ਆ ਗਏ, ਨੀਂ ਸੱਸੇ ਮੇਰੀਏ,
ਮੇਰਾ ਨਾ ਆਇਆ ਵੀਰ, ਕਿ ਸਾਵਣ ਆ ਗਿਆ…।
ਛਣਕਣ ਲੱਗੇ ਘੁੰਗਰੂ ਨੀਂ ਸੱਸੇ,
ਬੋਲਣ ਲੱਗੇ ਮੋਰ, ਕਿ ਸਾਵਣ ਆ ਗਿਆ…।
ਸਾਉਣ ਦਾ ਮਹੀਨਾ ਜਿੱਥੇ ਨੱਚਣ-ਟੱਪਣ ਦਾ ਮਹੀਨਾ ਹੈ, ੳੱੁਥੇ ਖਾਣ-ਪੀਣ ਲਈ ਵੀ ਇਹ ਮਹੀਨਾ ਖੀਰ, ਪੂੜਿਆਂ, ਗੁਲਗਲੇ, ਮੱਠੀਆਂ, ਪਕੌੜਿਆਂ ਲਈ ਆਪਣੀ ਥਾਂ ਰੱਖਦਾ ਹੈ। ਗਰਮੀ ਵਿੱਚ ਪਾਣੀ ਦੀ ਪਿਆਸ ਹੀ ਦਮ ਨਹੀਂ ਲੈਣ ਦਿੰਦੀ ਪਰ ਸਾਉਣ ਦੇ ਬੱਦਲ ਨਾਲ ਸਰੀਰ ਦੀ ਗਰਮੀ ਨਿਕਲ ਜਾਂਦੀ ਹੈ। ਸੁਆਣੀਆਂ ਨੂੰ ਸਾਉਣ ਮਹੀਨੇ ਦੀਆਂ ਠੰਡੀਆਂ ਫੁਹਾਰਾਂ ਵਿੱਚ ਚੁੱਲ੍ਹੇ ਚੌਂਕੇ ਖੜ੍ਹਨਾ ਵੀ ਸੌਖਾ ਹੋ ਜਾਂਦਾ ਹੈ। ਸਾਡੀਆਂ ਪੁਰਾਤਨ ਲੋਕ ਬੋਲੀਆਂ ਖਾਣ-ਪੀਣ ਨੂੰ ਇੰਜ ਸਪਸ਼ਟ ਕਰਦੀਆਂ ਹਨ:
ਸਾਉਣ ਮਹੀਨੇ ਬੱਦਲ ਜ਼ੋਰ।
ਵਰ੍ਹਦਾ ਮੀਂਹ ਕਿਨਾਰੇ ਤੋੜ।
ਤੀਆਂ, ਰੱਖੜੀਆਂ ਦੇ ਚਾਅ।
ਖਾਈਏ ਪੂੜੇ, ਖੀਰ, ਕੜਾਹ।
ਖਾਣ-ਪੀਣ ਸਬੰਧੀ ਇਹ ਕਹਾਵਤ ਹੈ ਕਿ ‘ਸਾਉਣ ਖੀਰ ਨਾ ਖਾਧੀਆ, ਕਿਉਂ ਜੰਮਿਆਂ ਅਪਰਾਧੀਆਂ’। ਖਾਣ ਨੂੰ ਤਾਂ ਸਭ ਦਾ ਦਿਲ ਕਰਦਾ ਹੈ ਪਰ ਮਹਿੰਗਾਈ ਦੇ ਯੁੱਗ ਨੇ ਹਾਸ਼ੀਏ ’ਤੇ ਰਹਿੰਦੇ ਲੋਕਾਂ ਦੇ ਤਿੱਥ, ਤਿਉਹਾਰ ਅਤੇ ਖਾਣ-ਪੀਣ ਖੋਹ ਲਏ ਹਨ। ਕੋਈ ਭੈਣ ਆਪਣੇ ਵੀਰ ਨੂੰ ਇਹੋ ਕਹਿੰਦੀ ਹੈ:
ਤੇਲ ਬਾਝ ਨਾ ਪੱਕਣ ਗੁਲਗਲੇ
ਦੇਖ ਲਿਆ ਪਰਤਿਆਕੇ।
ਆ ਜਾ ਵੇ ਵੀਰਾ, ਦੇ ਜਾ ਤੇਲ ਲਿਆ ਕੇ…।
ਆਖਰ ਸਾਉਣ ਮਹੀਨੇ ਦੇ ਦਿਨ ਪੁਗਣੇ ਸ਼ੁਰੂ ਹੋ ਜਾਂਦੇ ਹਨ। ਤੀਆਂ ਦੀ ‘ਬੱਲ੍ਹੋ’ ਪੈਣ ਨਾਲ ਕੁੜੀਆਂ ਦੇ ਵਿਛੋੜੇ ਦਾ ਦਿਨ ਵੀ ਆ ਜਾਂਦਾ ਹੈ। ਜਿੱਥੇ ਸਾਉਣ ਮਹੀਨਾ ਕੁੜੀਆਂ ਨੂੰ ਆਪਸ ਵਿੱਚ ਤੀਆਂ ਦੇ ਮੇਲੇ ਵਿੱਚ ਮਿਲਾਉਂਦਾ ਹੈ, ਉੱਥੇ ਭਾਦੋਂ ਵਿਛੋੜਾ ਪਵਾਉਣ ਲਈ ਆ ਖਲੋਂਦੀ ਹੈ। ਕੁੜੀਆਂ ਦੇ ਸਹੁਰਿਆਂ ਤੋਂ ਸੁਨੇਹੇ ਆਉਣੇ ਸ਼ੁਰੂ ਹੋ ਜਾਂਦੇ ਹਨ:
ਚੜ੍ਹਿਆ ਸੀ ਸਾਉਣ, ਸਹੁਰੇ ਦਿੱਤੀਆਂ ਵੇ ਛੁੱਟੀਆਂ।
ਚੜ੍ਹ ਗਈ ਭਾਦੋਂ, ਸਹੁਰੇ ਪੌਣ ਵੀਰ ਚਿੱਠੀਆਂ।
ਸਾਡੇ ਸੱਭਿਆਚਾਰ ਵਿੱਚ ਜਿੱਥੇ ਸਾਉਣ ਮਹੀਨੇ ਪ੍ਰਤੀ ਪੁਰਾਤਨ ਗ੍ਰੰਥਾਂ, ਗੁਰਬਾਣੀ ਵਿੱਚ ਬਹੁਤ ਉਸਤਤ ਕੀਤੀ ਹੋਈ ਹੈ, ਉੱਥੇ ਸਾਡੇ ਸੈਂਕੜੇ ਲੋਕ ਗੀਤਾਂ ਅਤੇ ਬੋਲੀਆਂ ਰਾਹੀਂ ‘ਸਾਉਣ’ ਨੂੰ ਸਰਾਹਿਆ ਸ਼ਿੰਗਾਰਿਆ ਮਿਲਦਾ ਹੈ। ਦੁੱਖ ਦੀ ਗੱਲ ਹੈ ਕਿ ਜਿੱਥੇ ਸਾਨੂੰ ਸੰਸਾਰੀਕਰਨ ਨੇ ਸੁਆਰਥੀ ਬਣਾ ਦਿੱਤਾ ਹੈ, ਉੱਥੇ ਤਿੱਥ, ਤਿਉਹਾਰ, ਰੁੱਤਾਂ, ਵੱਖ-ਵੱਖ ਵੰਨਗੀਆਂ ਨਾਲੋਂ ਅਸੀਂ ਟੁੱਟ ਕੇ ਦੂਰ ਜਾ ਰਹੇ ਹਾਂ। ਆਉ! ਆਪਾਂ ਸਾਰੇ ਰਲ ਕੇ ਪੱਛਮਵਾਦ ਨਾਲੋਂ ਟੁੱਟ ਕੇ ਆਪਣੇ ਸੱਭਿਆਚਾਰ ਨੂੰ ਸੰਭਾਲੀਏ ਅਤੇ ਪਿੰਡ-ਪਿੰਡ ਕੁੜੀਆਂ ਪੀਂਘਾਂ ਝੂਟਣ, ਗਿੱਧੇ ਪਾਉਣ, ਤਿੰਝਣਾਂ ਲਾਉਣ, ਆਜ਼ਾਦੀ ਮਾਨਣ ਅਤੇ ਆਪਣੇ ਸੱਭਿਆਚਾਰ ਦੇ ਨਾਲ-ਨਾਲ ਸਾਉਣ ਮਹੀਨੇ ਦੀ ਮਹੱਤਤਾ ਨੂੰ ਸਮਝਣ।
No comments:
Post a Comment