Monday, 16 September 2013

ਲੋਕ ਸਿਆਣਪਾਂ





ਲੋਕ ਸਾਹਿਤ ਮਨੁੱਖ ਦੇ ਵਿਚਾਰਾਂ ਤੇ ਭਾਵਾਂ ਦਾ ਸੁਹਜਮਈ ਪ੍ਰਗਟਾਵਾ ਹੁੰਦਾ ਹੈ। ਸਾਧਾਰਨ ਤੇ ਸਰਲ ਚਿੱਤ ਲੋਕਾਂ ਦੀ ਰਚਨਾ ਜਦੋਂ ਜਨ-ਸਮੂਹ ਦੀ ਪ੍ਰਵਾਨਗੀ  ਲੈ ਕੇ  ਪਰੰਪਰਾ ਦੇ ਅੰਸ਼ਾਂ ਨਾਲ ਲਬਰੇਜ਼, ਮੌਖਿਕ ਰੂਪ ਵਿੱਚ ਸਾਡੇ ਤਕ ਪਹੁੰਚਦੀ ਹੈ ਤਾਂ ਲੋਕ ਸਾਹਿਤ ਅਖਵਾਉਂਦੀ ਹੈ।  ਲੋਕ ਸਾਹਿਤ ਬਾਰੇ ਡਾ. ਵਣਜਾਰਾ ਬੇਦੀ ਲਿਖਦਾ ਹੈ, ‘‘ਲੋਕ ਸਾਹਿਤ ਮਨੁੱਖੀ ਜਜ਼ਬਿਆਂ, ਭਾਵਨਾ ਤੇ ਅਨੁਭਵਾਂ ਨੂੰ ਪ੍ਰਗਟਾਉਂਦੀ ਪਰੰਪਰਾ ਦੇ ਅੰਸ਼ਾਂ  ਨਾਲ ਭਰਪੂਰ ਉਹ ਰਚਨਾ ਹੁੰਦੀ ਹੈ, ਜਿਸ ਨੂੰ ਜਨ-ਸਮੂਹ ਪ੍ਰਵਾਨ ਕਰਕੇ ਪੀੜ੍ਹੀਓ-ਪੀੜ੍ਹੀ ਅੱਗੇ ਤੋਰਦਾ ਹੈ।’’
ਵਿਸ਼ੇ ਦੇ ਪੱਖ ਤੇ ਲੋਕ ਸਾਹਿਤ ਦਾ ਵਿਸ਼ਾ ਖੇਤਰ ਬਹੁਤ ਵਿਸ਼ਾਲ ਹੈ, ਜਿਸ ਵਿੱਚ ਸਮਾਜ ਦੇ ਹਰ ਵਰਤਾਰੇ ਦਾ ਕਿਸੇ ਨਾ ਕਿਸੇ ਰੂਪ ਵਿੱਚ ਵਰਣਨ ਜ਼ਰੂਰ ਮਿਲਦਾ ਹੈ। ਲੋਕ ਸਾਹਿਤ ਦੇ ਅੰਤਰਗਤ ਵਿਚਾਰੇ ਜਾਣ ਵਾਲੇ ਸਾਰੇ ਹੀ ਕਾਵਿ ਰੂਪ ਪ੍ਰਾਚੀਨ ਹਨ। ਇਨ੍ਹਾਂ ਵਿੱਚੋਂ ਜੇ ਸਿਆਣਪਾਂ ਦੀ ਗੱਲ ਕਰ ਲਈ ਜਾਵੇ ਤਾਂ ਸਿਆਣਪਾਂ ਵਿੱਚ ਇਨ੍ਹਾਂ ਦੀ ਸਿਰਜਣਾ ਕਰਨ ਵਾਲੇ ਸਮੂਹ ਕੁੱਜੇ ਵਿੱਚ ਸਮੁੰਦਰ ਬੰਦ ਕਰਕੇ ਸਮਾਜ ਦੇ ਹਰ ਵਰਤਾਰੇ ਦੀ ਪੇਸ਼ਕਾਰੀ ਕਰਦੇ ਹਨ। ਪੰਜਾਬੀਆਂ ਦੇ ਸੁਭਾਅ ਵਿੱਚ ਹੈ ਕਿ ਜਿੱਥੇ ਕਿਤੇ ਸੱਥ ਵਿੱਚ ਚਾਰ ਪੰਜਾਬੀ ਇਕੱਠੇ ਹੋ ਜਾਣ ਤਾਂ ਕਈ ਵਾਰ ਲੋਕ ਸਾਹਿਤ ਦੇ ਰੂਪਾਂ: ਅਖਾਣਾਂ, ਮੁਹਾਵਰੇ ਤੇ ਸਿਆਣਪਾਂ ਜ਼ਰੀਏ ਆਪਸੀ ਵਿਚਾਰ ਵਟਾਂਦਰਾ ਕਰਦੇ ਹਨ। ਪਿੰਡ ਵਿੱਚ ਜੇ ਕਿਸੇ ਘਰ ਦੇ ਰਿਸ਼ਤਾ ਨਹੀਂ ਜੁੜਦਾ ਤਾਂ ਸੱਥਾਂ ਵਿੱਚ ਬਾਬਿਆਂ ਦੀਆਂ ਢਾਣੀਆਂ ਵਿੱਚ ਅਕਸਰ ਸੁਣ ਲਿਆ ਜਾਂਦਾ ਹੈ ਕਿ ਹੁਣ ਟਿੱਬਿਆਂ ’ਤੇ ਪਾਣੀ ਨਹੀਂ ਚੜ੍ਹਦਾ ਪਰ ਜੇ ਕੋਈ ਵਿਚੋਲਗੀ ਕਰਵਾ ਕੇ ਰਿਸ਼ਤਾ ਜੋੜ ਦੇਵੇ ਤਾਂ ਇਸ ਦੇ ਉਲਟ ਸਥਿਤੀ ਵਿੱਚ ‘ਚਾੜ੍ਹ ਤਾ ਨਿੰਮ ’ਤੇ ਕਰੇਲਾ’ ਵਰਗੀ ਸ਼ਬਦਾਵਲੀ ਵਰਤ ਲਈ ਜਾਂਦੀ ਹੈ। ਨਵੀਂ ਵਿਆਹੀ ਆਈ ਜੇ ਗੱਲ-ਗੱਲ ’ਤੇ ਘਰੇ ਲੜਾਈ ਰੱਖਦੀ ਹੈ ਤਾਂ ਅਕਸਰ ਕਿਹਾ ਜਾਂਦਾ ਹੈ ਕਿ ਰੰਨ ਕੁਪੱਤੀ ਘਰ ਬਰਬਾਦ, ਸਾਂਝੀ ਕੁਪੱਤਾ ਸਾਲ ਬਰਬਾਦ। ਪਿੰਡਾਂ ਦੀਆਂ ਸੱਥਾਂ ਵਿੱਚ ਜੁੜ ਕੇ ਬੈਠੀਆਂ ਬਾਬਿਆਂ ਦੀਆਂ ਢਾਣੀਆਂ ਭਾਵੇਂ ਗਿਆਨ ਵਿਹੂਣੀਆਂ ਹੁੰਦੀਆਂ ਹਨ ਪਰ ਕਿਤਾਬੀ ਗਿਆਨ ਤੋਂ ਛੁੱਟ, ਉਨ੍ਹਾਂ ਕੋਲ ਲੰਘੀ ਉਮਰ ਵਿੱਚੋਂ ਮਿਲੇ ਅਨੁਭਵਾਂ ਦਾ ਬੇਅਥਾਹ ਗਿਆਨ ਹੁੰਦਾ ਹੈ। ਇਨ੍ਹਾਂ ਬਾਬਿਆਂ ਦੇ ਮੁਖਾਰਬਿੰਦ ਵਿੱਚੋਂ ਨਿਕਲੀਆਂ ਗੱਲਾਂ ਸਮਾਂ ਪਾ ਕੇ ਸਾਰਥਿਕਤਾ ਗ੍ਰਹਿਣ ਕਰ ਜਾਂਦੀਆਂ ਹਨ ਕਿਉਂਕਿ ਆਮ ਕਹਾਵਤ ਹੈ ਕਿ ਸਿਆਣੇ ਦਾ ਕਿਹਾ ਤੇ ਔਲੇ ਦਾ  ਖਾਧਾ ਬਾਅਦ ਵਿੱਚ ਸੁਆਦ  ਦਿੰਦਾ ਹੈ। ਡਾ. ਨਾਹਰ ਸਿੰਘ ਨੇ ਲੋਕ ਕਾਵਿ-ਰੂਪਾਂ ਨੂੰ ਖੁੱਲ੍ਹੇ ਕਾਵਿ ਰੂਪ ਤੇ ਬੰਦ ਕਾਵਿ ਰੂਪ ਦੋ ਵਰਗਾਂ ਵਿੱਚ ਵੰਡਿਆ ਹੈ ਜਿਸ ਦੇ ਅੰਤਰਗਤ ਗੱਲ ਕਰੀਏ ਤਾਂ ਸਿਆਣਪ ਜਾਂ ਸਿਆਣਪ ਦਾ ਟੋਟਾ ਬੰਦ ਕਾਵਿ ਰੂਪਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ।
ਸਪਸ਼ਟ ਹੈ ਕਿ ਲੋਕ ਸਿਆਣਪਾਂ ਵਿੱਚ ਗੱਲ ਕਹਿਣ ਵਿੱਚ ਸੰਜਮਤਾ, ਘੱਟ ਸ਼ਬਦਾਂ ਵਿੱਚ ਵੱਡੀ ਗੱਲ ਕਹਿਣ ਦਾ ਹੁਨਰ ਹੁੰਦਾ ਹੈ। ਉਮਰ ਦੇ ਵੱਖਰੇ-ਵੱਖਰੇ ਪੜਾਵਾਂ ਵਿੱਚ ਵਿਚਰਦਾ ਮਨੁੱਖ, ਵੱਖਰੇ-ਵੱਖਰੇ ਅਨੁਭਵ ਪ੍ਰਾਪਤ ਕਰਦਾ ਹੈ, ਜਦ ਉਹ ਜ਼ਿੰਦਗੀ ਦੇ ਆਖਰੀ ਪੜਾਅ ’ਤੇ ਪੁੱਜਦਾ ਹੈ ਤਾਂ ਉਸ ਦਾ ਉਚਾਰਿਆ ਲਫ਼ਜ਼ ਵੱਡਾ ਅਰਥ ਰੱਖਦਾ ਨਜ਼ਰੀਂ ਪੈਂਦਾ ਹੈ। ਜਿਹੜੀ ਗੱਲ ਖਾਸ ਧਿਆਨ ਦੀ ਮੰਗ ਕਰਦੀ ਹੈ, ਉਹ ਇਹ ਕਿ ਸਿਆਣਪਾਂ ਜ਼ਰੀਏ ਸਾਨੂੰ ਟੱਪੇ, ਅਖਾਉਤਾਂ, ਬੁਝਾਰਤਾਂ ਜਿਹੇ ਲੋਕ ਸਾਹਿਤ ਰੂਪਾਂ ਦੇ ਦਰਸ਼ਨ ਵੀ ਸਹਿਜੇ ਹੋ ਜਾਂਦੇ ਹਨ, ਭਾਵੇਂ ਇਹ ਵੱਖਰੇ ਕਾਵਿ ਰੂਪ ਹਨ ਜਿਵੇਂ ‘ਮਹਿੰਦੀ ਸ਼ਗਨਾਂ ਦੀ ਧੋਤਿਆਂ ਕਦੇ ਨਾ ਲਹਿੰਦੀ’ ਇੱਕ ਪਾਸੇ ਟੱਪੇ ਵਾਲੇ ਗੁਣ ਅਖਤਿਆਰ ਕਰਦਾ ਹੈ ਪਰ ਸਿਆਣਪ ਦਾ ਟੋਟਾ ਵੀ ਹੈ।
ਪੰਜਾਬੀ ਸੱਭਿਆਚਾਰ ਵਿੱਚ ਰਿਸ਼ਤੇ ਪੱਖੋਂ ਸਾਨੂੰ ਅੱਠ ਕਿਸਮ ਦੇ ਰਿਸ਼ਤੇ ਮਿਲਦੇ ਹਨ, ਜਿਨ੍ਹਾਂ ਦੀ ਆਪਣੇ-ਆਪ ਵਿੱਚ ਸਾਰਥਿਕਤਾ ਹੈ। ਰਿਸ਼ਤਿਆਂ ਦੀ ਵਰਣਮਾਲਾ ਤਹਿਤ ਸਾਨੂੰ ਵੱਖਰੀਆਂ-ਵੱਖਰੀਆਂ ਸਿਆਣਪਾਂ ਮਿਲ ਜਾਂਦੀਆਂ ਹਨ। ਨੂੰਹ-ਸੱਸ ਦਾ ਰਿਸ਼ਤਾ ਕਾਨੂੰਨ ਦਾ ਰਿਸ਼ਤਾ ਹੈ, ਜਿੱਥੇ ਪਰੰਪਰਾ ਤੋਂ ਜਿੱਤ ਹਮੇਸ਼ਾਂ ਸੱਸੀ ਦੀ ਰਹੀ ਹੈ ਪਰ ਲੋਕ ਸਾਹਿਤ ਵਿੱਚ ਨੂੰਹ ਵੀ ਬਰਾਬਰ ਦੀ ਧਿਰ ਬਣਦੀ ਹੈ:
ਸੱਸੇ ਨੀਂ ਬਾਰਾਂ ਤਾਲੀਏ, ਮੈਂ ਤੇਰਾਂ ਤਾਲੀ ਆਈ।
ਰਿਸ਼ਤਾ ਪ੍ਰਬੰਧ ਦੀ ਵਿਵਸਥਾ ਅੰਦਰਲੇ ਪਿਛੋਕੜ ਉੱਤੇ ਝਾਤ ਮਾਰੀਏ ਤਾਂ ਹਰ ਧੀ ਧਿਆਣੀ ਪਿੰਡ ਦੀ ਇੱਜ਼ਤ ਮੰਨੀ ਜਾਂਦੀ ਸੀ। ਜੇ ਕਿਧਰੇ ਕੋਈ ਭੇਤ ਵਾਲੀ ਗੱਲ ਦਾ ਪਤਾ ਲੱਗ ਵੀ ਜਾਂਦਾ ਤਾਂ ਉਸ ਨੂੰ ਆਪਣੇ ਜ਼ਿਹਨ ਵਿੱਚ ਰੱਖਣ ਦੀ ਹਰ ਕਿਸੇ ਕੋਲ ਸਮਰੱਥਾ ਸੀ ਪਰ ਸਮੇਂ ਦੇ ਵਹਾਅ ਅਧੀਨ ਪਿੰਡ ਦੀਆਂ ਕੁੜੀਆਂ ਤੇ ਮੁੰਡਿਆਂ ਦੇ ਆਪਸੀ ਸਬੰਧ ਵਿਗੜਦੇ ਜਾ ਰਹੇ ਹਨ। ਇਨ੍ਹਾਂ ਵਿਗੜਦੇ ਰਿਸ਼ਤਿਆਂ ਨੂੰ ਧਿਆਨ ਹਿੱਤ ਰੱਖਦਿਆਂ ਸਿਆਣਿਆਂ ਦਾ ਕਥਨ ਹੈ ਕਿ ‘ਧੀ ਧਿਆਣੀ ਆਪਣੇ ਘਰ ਸੋਂਹਦੀ ਹੈ।’
ਰਿਸ਼ਤਾ ਪ੍ਰਬੰਧ ਅਧੀਨ ਹੋਰ ਸਿਆਣਪਾਂ ਜਿਵੇਂ ‘ਲਾਈ ਲੱਗ ਨਾ ਹੋਵੇ ਘਰ ਵਾਲਾ, ਚੰਦਰਾ ਗੁਆਂਢ ਨਾ ਹੋਵੇ’, ‘ਪੁੱਤ ਕਪੁੱਤ ਹੋ ਜਾਂਦੇ ਹਨ ਮਾਪੇ ਕੁਮਾਪੇ ਨਹੀਂ ਹੁੰਦੇ’ ਵੀ ਵਿਚਾਰੀਆਂ ਜਾ ਸਕਦੀਆਂ ਹਨ।
ਪੰਜਾਬ ਦੀ ਜ਼ਮੀਨ ਉਪਜਾਊ ਹੋਣ ਕਰਕੇ ਇੱਥੋਂ ਦੀ ਜ਼ਿਆਦਾ ਵਸੋਂ ਖੇਤੀ ਉਪਰ ਨਿਰਭਰ ਹੈ। ਪੰਜਾਬ ਦੀ ਖੇਤੀ ਵਿਵਸਥਾ ਸਬੰਧੀ ਵੀ ਸਾਨੂੰ ਸਿਆਣਪਾਂ ਮਿਲ ਜਾਂਦੀਆਂ ਹਨ। ਵੱਖਰੇ-ਵੱਖਰੇ ਕਿੱਤਿਆਂ ਸਬੰਧੀ ਵੱਖਰੀਆਂ-ਵੱਖਰੀਆਂ ਸਿਆਣਪਾਂ ਮਿਲ ਜਾਂਦੀਆਂ ਹਨ, ਜਿਸ ਤਰ੍ਹਾਂ ਧਰਮ ਦੇ ਖੇਤਰ ਵਿੱਚ ਵਿਸ਼ਵਾਸ ਤੋਂ ਬਿਨਾਂ ਕੋਈ ਕਾਰਜ ਸੰਭਵ ਨਹੀਂ, ਉਸੇ ਤਰ੍ਹਾਂ ਪੰਜਾਬੀ ਸਮਾਜ ਵਿੱਚ ਬਹੁਤ ਵਿਸ਼ਵਾਸ ਅਜਿਹੇ ਮਿਲਦੇ ਹਨ, ਜਿਨ੍ਹਾਂ ਉਪਰ ਪੰਜਾਬੀ ਕਿਸਾਨ ਦੀ ਪੂਰੀ ਟੇਕ ਹੈ। ਜਿਵੇਂ ਲੋਕ ਸਿਆਣਪ ਹੈ:
ਮੰਗਲ ਦਾਤੀ, ਬੁੱਧ ਬਿਜਾਈ, ਕਰਮਾਂ ਵਾਲਿਆਂ ਦੇ ਘਰ ਆਈ
ਮਸ਼ੀਨੀਕਰਨ ਜ਼ਰੀਏ ਭਾਵੇਂ ਹੁਣ ਹੱਥੀਂ ਕਣਕ ਵੱਢਣ ਦਾ ਰੁਝਾਨ ਦਿਨ-ਬ-ਦਿਨ ਘਟ ਰਿਹਾ ਹੈ ਪਰ ਫਿਰ ਵੀ ਜਿਹੜੇ ਹੱਥੀਂ ਕੰਮ ਕਰਨ ਦੇ ਇੱਛੁਕ ਹਨ ਉਹ ਹਮੇਸ਼ਾਂ ਮੰਗਲਵਾਰ ਨੂੰ ਦਾਤੀ ਨੂੰ ਸ਼ੁਭ ਮੰਨਦੇ ਹਨ ਤੇ ਬੁੱਧਵਾਰ ਨੂੰ ਬੀਜ ਬੀਜਣਾ। ਇਸੇ ਤਰ੍ਹਾਂ ਖੇਤੀ ਦੇ ਸਬੰਧ ਵਿੱਚ ਇੱਕ ਹੋਰ ਸਿਆਣਪ ਮਿਲਦੀ ਹੈ:
ਬਗਾਨੇ ਹੱਥ ਖੇਤੀ, ਨਾ ਹੋਣ ਬੱਤੀਓਂ ਤੇਤੀ
ਪੰਜਾਬੀ ਜਵਾਨ ਸ਼ੁਰੂ ਤੋਂ ਹੀ ਬਹਾਦਰ, ਜ਼ੋਰਾਵਰ ਤੇ ਦਲੇਰ ਰਹੇ ਹਨ। ਪਿਆਰ ਨਾਲ ਇਹ ਕਰਨ ਗੁਲਾਮੀ ਤੇ ਜਾਨ ਵੀ ਵਾਰ ਦਿੰਦੇ ਹਨ ਪਰ ਟੈਂਅ ਕਿਸੇ ਦੀ ਨਹੀਂ ਮੰਨਦੇ। ਕੰਮ ਕਰਦੇ ਸਮੇਂ ਕਿਸੇ ਦੀ ਨਜ਼ਰ ਲੱਗ ਜਾਣਾ ਤੇ ਫਿਰ ਜਵਾਨ ਦਾ ਹੌਸਲਾ ਟੁੱਟ ਜਾਣਾ, ਸਿਆਣਿਆਂ ਦਾ ਕਥਨ ਹੈ ਕਿ ਨਜ਼ਰ ਪੱਥਰਾਂ ਨੂੰ ਪਾੜ ਦਿੰਦੀ ਹੈ। ਪਿੰਡ ਵਿੱਚ ਕੁਝ ਕੁ ਇਨਸਾਨ ਹੁੰਦੇ ਹਨ ਜਿਨ੍ਹਾਂ ਦੀ ਨਜ਼ਰ ਲੱਗਦੀ ਹੈ। ਭਾਵੇਂ ਇਸ ਪਿੱਛੇ ਵਿਗਿਆਨਕ ਤਰਕ ਨਹੀਂ ਪਰ ਫਿਰ ਵੀ ਇਹ ਸੁਭਾਵਿਕ ਹੈ ਕਿ
ਸੱਪ ਦਾ ਖਾਧਾ ਬਚ ਜਾਂਦਾ ਹੈ, ਨਜ਼ਰ ਦਾ ਖਾਧਾ ਨਹੀਂ
ਨਜ਼ਰ ਜਿਸ ਨੂੰ ਲੱਗ ਜਾਂਦੀ ਹੈ ਉਹ ਦਿਨ-ਬ-ਦਿਨ ਘਟਦਾ ਜਾਂਦਾ ਹੈ। ਲੋਕ ਨਜ਼ਰ ਤੋਂ ਬਚਾਉਣ ਲਈ ਸੋਹਣੇ ਬੱਚਿਆਂ ਦਾ ਨਾਂ ਘਟੀਆ ਰੱਖ ਦਿੰਦੇ ਹਨ। ਮੱਝਾਂ ਦੇ ਗਲਾਂ ਵਿੱਚ ਟੀਂਡੀਆਂ ਪਾ ਦਿੰਦੇ ਹਨ। ਖੇਤਾਂ ਵਿੱਚ ਕਾਲੇ ਕੁੱਜੇ ਲਾ ਦਿੰਦੇ ਹਨ। ਸਿਆਣਪਾਂ ਵਿੱਚ ਕਿੱਤਿਆਂ ਦੀ ਵਾਕਫੀਅਤ ਬਾਰੇ ਸਾਨੂੰ ਹੋਰ ਸਿਆਣਪ ਮਿਲਦੀ ਹੈ:
ਊਠ ਭੱਖੜਾ ਗਾਡੀਵਾਨ
ਤਿੰਨੇ ਮੀਂਹ ਨਾ ਮੰਗਦੇ ਭਾਵੇਂ ਉੱਜੜ ਜਾਵੇ ਜਹਾਨ
ਮਹਿਮਾਨ-ਨਿਵਾਜ਼ੀ ਸਬੰਧੀ ਇੱਕ ਸਿਆਣਪ ਮਿਲਦੀ ਹੈ:
ਦੋ ਦਿਨ ਮਹਿਮਾਨੀ, ਤੀਜੇ ਦਿਨ ਬੇਈਮਾਨੀ
ਭਾਵ ਦੋ ਦਿਨ ਵਧੀਆ ਮਹਿਮਾਨ-ਨਿਵਾਜ਼ੀ ਹੁੰਦੀ ਹੈ ਪਰ ਬਾਕੀ ਦੇ ਦਿਨ ਫੋਕੀ ਆਓ ਭਗਤ ਹੁੰਦੀ ਹੈ। ਇੱਕ ਹੋਰ ਸਿਆਣਪ ਮਿਲਦੀ ਹੈ ਕਿ ‘ਦੋ ਘਰਾਂ ਦਾ ਪ੍ਰਾਹੁਣਾ ਭੁੱਖਾ ਮਰ ਜਾਂਦਾ ਹੈ’ ਕਿਉਂਕਿ ਘਰ ਵਾਲੇ ਇਸ ਝਮੇਲੇ ਵਿੱਚ ਪ੍ਰਾਹੁਣਾ ਭੁੱਖਾ ਮਾਰ ਦਿੰਦੇ ਹਨ ਕਿ ਦੂਜਿਆਂ ਨੇ ਖਾਣਾ ਖਵਾ ਦਿੱਤਾ ਹੋਵੇਗਾ। ਉਪਭੋਗਤਾਵਾਦੀ ਇਸ ਦੌਰ ਵਿੱਚ ਸਾਰੇ ਰਿਸ਼ਤੇ ਗਰਜ਼ਾਂ ਦੇ ਹੋ ਗਏ ਹਨ ਕਿਉਂਕਿ ਪੈਸੇ ਦੀ ਅਹਿਮੀਅਤ ਨੇ ਰਿਸ਼ਤਿਆਂ ਵਿੱਚ ਤਰੇੜਾਂ ਪਾ ਦਿੱਤੀਆਂ ਹਨ।
ਪੈਸਾ ਮਾਂ, ਪੈਸਾ ਬਾਪ, ਪੈਸੇ ਦੇ ਨੇ ਅੱਜ ਕੱਲ੍ਹ ਸਾਕ
ਲੋਕ ਕਾਵਿ ਰੂਪ ਟੱਪਾ ਜਿਸ ਨੂੰ ਸੁਆਣੀਆਂ ਧਾਰਾਂ ਕੱਢਦੀਆਂ, ਕਿਸਾਨ ਹਲ ਵਾਹੁੰਦੇ, ਲੋਕ ਆਪਣੇ-ਆਪਣੇ ਕੰਮ ਕਰਦੇ ਗਾਉਂਦੇ ਰਹਿੰਦੇ ਹਨ। ਟੱਪੇ ਅਕਸਰ ਸਿਆਣਪ ਬਣ ਕੇ ਲੋਕ ਮੂੰਹਾਂ ਉਪਰ ਚੜ੍ਹ ਜਾਂਦੇ ਹਨ ਜਿਵੇਂ:-
ਮਹਿੰਦੀ ਸ਼ਗਨਾਂ ਦੀ, ਧੋਤਿਆਂ ਕਦੇ ਨਾ ਲਹਿੰਦੀ
ਜਾਂ
ਪੁੱਤ ਵੀਰ ਦਾ ਭਤੀਜਾ ਮੇਰਾ, ਭੂਆ ਕਹਿ ਕੇ ਮੱਥਾ ਟੇਕਦਾ
ਉਪਰੋਕਤ ਚਰਚਾ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਸਿਆਣਪਾਂ ਵਿੱਚ ਸਿਆਣਿਆਂ ਦੇ ਕਥਨ ਕੁੱਜੇ ਵਿੱਚ ਸਮੁੰਦਰ ਵਾਂਗ ਬੰਦ ਕਰੇ ਹੁੰਦੇ ਹਨ, ਜਿਨ੍ਹਾਂ ਵਿੱਚ ਸੰਜਮਤਾ, ਸਰਲਤਾ ਤੇ ਸਹਿਜਤਾ ਜ਼ਰੀਏ ਵੱਡੇ ਅਰਥ ਹੁੰਦੇ ਹਨ। ਅਖੀਰ ਕਿਹਾ ਜਾ ਸਕਦਾ ਹੈ ਕਿ ਸਿਆਣਪਾਂ ਵਿੱਚ ਲੋਕਾਂ ਦੇ ਅਨੁਭਵ ਸਮੋਏ ਹੁੰਦੇ ਹਨ।

ਗੁਰਦੀਪ ਸਿੰਘ ਭੁਪਾਲ
* ਮੋਬਾਈਲ: 94177-86546


No comments:

Post a Comment