Monday, 16 September 2013

ਮਾਵਾਂ ਤੇ ਧੀਆਂ ਦੀ ਦੋਸਤੀ ਨੀਂ ਮਾਏ



ਹਲਕੀ-ਹਲਕੀ ਵਗਦੀ ਪੁਰੇ ਦੀ ਪੌਣ, ਨਿੱਕੀ-ਨਿੱਕੀ ਕਣੀ ਦਾ ਪੈਂਦਾ ਮੀਂਹ, ਬਾਗਾਂ ਉੱਤੇ ਆਈ ਬਹਾਰ, ਮਲੂਕ ਪੱਤੀਆਂ ’ਤੇ ਪਏ ਤ੍ਰੇਲ ਤੁਪਕੇ, ਸੱਜਰੀ ਸਵੇਰ ਦੇ ਮੁੱਖ ਵਰਗਾਂ ਮਾਂ ਤੇ ਧੀ ਦਾ ਮੋਹ ਭਿੱਜਿਆ ਰਿਸ਼ਤਾ ਹੁੰਦਾ ਹੈ, ਜਿਸ ਅੱਗੇ ਮਖਿਆਲ ਦੇ ਭਰੇ ਛੰਨੇ ਦੀ ਮਿਠਾਸ ਵੀ ਫਿੱਕੀ ਜਾਪਦੀ ਹੈ।
ਬਾਬਲ ਰਾਜੇ ਨਾਲ ਵੀ ਧੀ ਦਾ ਰਿਸ਼ਤਾ ਉਨੇ ਹੀ ਨਿੱਘ, ਪਿਆਰ ਤੇ ਲਾਡ ਭਰਿਆ ਹੈ। ਧੀ ਦੇ ਪਾਲਣ-ਪੋਸ਼ਣ ਤੋਂ ਲੈ ਕੇ ਵਿਦਾਈ ਤੋਂ ਬਾਅਦ ਵੀ ਉਹ ਉਸ ਦੇ ਹਰ ਸੁੱਖ-ਦੁੱਖ ਦਾ ਭਾਗੀਦਾਰ ਬਣਦਾ ਹੈ ਪਰ ਘਰ ਦੀ ਆਰਥਿਕਤਾ ਦੇ ਥੰਮ੍ਹ ਕਾਮੇ ਬਾਬਲ ਨੂੰ ਬਾਹਰ ਜ਼ਿਆਦਾ ਰਹਿਣਾ ਪੈਂਦਾ ਹੈ ਜਦਕਿ ਮੋਹ ਦਾ ਮੁਜੱਸਮਾ ਮਾਂ ਨੇ ਭਾਵੁਕ ਸਾਂਝਾਂ ਦੇ ਕਲਾਵੇ ਵਿੱਚ ਘਰ ਨੂੰ ਬੰਨ੍ਹੀ ਰੱਖਣਾ ਹੁੰਦਾ ਹੈ। ਧੀ ਆਪਣੇ ਦਿਲ ਦੇ ਰਾਜ਼ ਦੱਸਣ ਲਈ ਮਾਂ ਨੂੰ ਮੁਖ਼ਾਤਬ ਹੁੰਦੀ ਹੈੈ- ‘ਰਿਸ਼ਤਾ ਮਾਵਾਂ ਤੇ ਧੀਆਂ ਹੋਰ ਜੱਗ ਵੱਸੇ ਪਰਾਇਆ’।
ਧੀ ਰੂਪੀ ਫੁੱਲ ਨੇ ਇੱਕ ਦਿਨ ਪੇਕਿਆਂ ਦਾ ਘਰ ਛੱਡ ਕੇ ਕਿਸੇ ਹੋਰ ਘਰ ਦੇ ਬਾਗ ਨੂੰ ਜਾ ਕੇ ਮਹਿਕਾਉਣਾ ਹੁੰਦਾ ਹੈ, ਜਿਸ ਪਰਿਵਾਰ ਵਿੱਚ ਜੰਮੀ-ਪਲੀ, ਵੱਡੀ ਹੋਈ, ਲਾਡ ਲਡਾਏ, ਸੁਪਨੇ ਸਿਰਜੇ ਉਸ ਨੂੰ ਛੱਡ ਕੇ ਜਾਣਾ ਬੜਾ ਔਖਾ ਲੱਗਦਾ ਹੈ। ਬੇਗਾਨਾ ਘਰ, ਉਸ ਵਿੱਚ ਵਸਣ ਵਾਲੇ ਅਣਜਾਣ ਅਤੇ ਉਸ ਨਾਲ ਕਿਹੋ ਜਿਹਾ ਵਰਤਾਓ ਕੀਤਾ ਜਾਵੇਗਾ, ਵਰਗੇ ਡਰ ਉਹ ਸਹਿਮੀ ਹੋਈ ਆਪਣੀ ਮਾਂ ਨਾਲ ਸਾਂਝੇ ਕਰਦੀ ਹੈ:
ਕਾਹਨੂੰ ਗੁੰਦਾਈਆਂ ਮਾਏ ਮੇਢੀਆਂ
ਸੂਹਾ ਤੇ ਸਾਵਾ ਪਾਇਆ ਵੇਸ ਨੀਂ
ਅੱਖੀਆਂ ਡੁੱਲ੍ਹ ਡੁੱਲ੍ਹ ਪੈਂਦੀਆਂ ਨੀਂ ਮਾਏ ਭੋਲੀਏ
ਪੁੱਤਾਂ ਨੇ ਮੱਲੇ ਮਹਿਲ ਚੁਬਾਰੇ
ਧੀਆਂ ਦੇ ਵੰਡੇ ਪਰਦੇਸ ਨੀਂ
ਅੱਖੀਆਂ ਡੁੱਲ੍ਹ ਡੁੱਲ੍ਹ ਪੈਂਦੀਆਂ ਨੀਂ ਮਾਏ ਭੋਲੀਏ।
ਏਥੇ ਧੀ ਵੱਲੋਂ ਮਾਂ ਅੱਗੇ ਇੱਕ ਤਰ੍ਹਾਂ ਦਾ ਗਿਲਾ ਵੀ ਕੀਤਾ ਗਿਆ ਹੈ ਕਿ ਪੁੱਤਾਂ ਨੇ ਤਾਂ ਘਰ, ਜਾਇਦਾਦ ਸਾਂਭ ਲਈ ਹੈ ਪਰ ਧੀਆਂ ਨੇ ਬੇਗਾਨੇ ਦੇਸ਼ ਜਾਣਾ ਹੈ ਜੋ ਬੇਘਰਿਆਂ ਦੀ ਮਜਬੂਰੀ ਹੁੰਦੀ ਹੈ। ਸਾਡੇ ਸਮਾਜ ਵਿੱਚ ਧੀਆਂ ਨੂੰ ਬਾਬਲ ਦੇ ਸਾਹਮਣੇ ਬੇਬਾਕ ਹੋਣ ਦੀ ਆਗਿਆ ਨਹੀਂ ਹੈ। ਇਸ ਲਈ ਉਹ ਆਪਣੇ ਦਿਲ ਦੇ ਰਾਜ਼, ਅੰਦਰਲੇ ਭਾਵਾਂ, ਸਿੱਕਾਂ ਤੇ ਸੱਧਰਾਂ ਨੂੰ ਮਾਂ ਨਾਲ ਹੀ ਸਾਂਝੀਆਂ ਕਰਦੀ ਹੈ। ਜਦੋਂ ਉਸ ਦੇ ਹਾਣ ਦੀਆਂ ਸਭ ਸਹੁਰੀ ਚਲੀਆਂ ਜਾਂਦੀਆਂ ਹਨ ਤਾਂ ਆਪਣੇ ਬਾਬਲ ਨੂੰ ਮਾਂ ਰਾਹੀਂ ਸੁਨੇਹਾ ਦਿੰਦੀ ਹੈ ਕਿ ਧੀ ਦੀ ਵਿਆਹ ਯੋਗ ਉਮਰ ਲੰਘਦੀ ਜਾਂਦੀ ਹੈ:
ਸੁਣ ਨੀਂ ਮਾਤਾ ਮੇਰੀਏ,
ਨੀਂ ਮੇਰੇ ਬਾਬਲ ਨੂੰ ਸਮਝਾ
ਹਾਣ ਦੀਆਂ ਸਭ ਸਹੁਰੇ ਗਈਆਂ
ਸਾਡੀ ਉਮਰ ਨਿਕਲਦੀ ਜਾ।
- – - – - – - – - – - – - -
ਧੀਆਂ ਹੋਈਆਂ ਲਟ ਬਾਵਰੀਆਂ
ਕਿਸੇ ਨੌਕਰ ਦੇ ਲੜ ਲਾ।
ਆਖਰ ਹਰ ਧੀ ਨੇ ਇੱਕ ਦਿਨ ਬਾਬਲ ਦਾ ਘਰ ਛੱਡ ਕੇ ਸਹੁਰੇ ਘਰ ਜਾਣਾ ਹੁੰਦਾ ਹੈ। ਧੀ ਦੀ ਡੋਲੀ ਤੋਰਨ ਵੇਲੇ ਜਿੱਥੇ ਮਾਪਿਆਂ ਨੂੰ ਆਪਣਾ ਫ਼ਰਜ਼ ਪੂਰਾ ਕਰ ਸਕਣ ਦੀ ਖ਼ੁਸ਼ੀ ਹੁੰਦੀ ਹੈ, ਉÎੱਥੇ ਸਰੀਰ ਦਾ ਇੱਕ ਅੰਗ ਤੋੜ ਕੇ ਦੂਜੇ ਥਾਂ ਲਾਉਣ ਦਾ ਦੁਖ ਵੀ ਹੁੰਦਾ ਹੈ। ਧੀ ਲਈ ਵੀ ਮੋਹ-ਮਮਤਾ ਛੱਡ ਕੇ ਜਾਣਾ ਸੌਖਾ ਨਹੀਂ ਹੁੰਦਾ। ਉਹ ਮਾਂ ਨੂੰ ਮੁਖ਼ਾਤਬ ਹੁੰਦੀ ਕਹਿੰਦੀ ਹੈ:
ਮੇਰੀ ਡੋਲੀ ਨੂੰ ਰੱਜ ਕੇ ਵੇਖ ਲੈ ਨੀਂ ਮਾਂ
ਮੈਂ ਤਾਂ ਜਾਣਾ ਬਿਗਾਨੜੇ ਦੇਸ ਨੀਂ ਮਾਂ।
ਮਾਂ, ਧੀ ਨੂੰ ਯਾਦ ਕਰਕੇ ਕਈ ਵਾਰ ਰੋ ਪੈਂਦੀ ਹੈ। ਮਨ ਹੀ ਮਨ ਸੋਚਦੀ ਝੂਰਦੀ ਹੈ ਕਿ ਧੀਆਂ ਦਾ ਤਾਂ ਕਿਤੇ ਘਰ ਨਹੀਂ। ਪੇਕੇ ਕਹਿੰਦੇ ਹਨ, ਆਪਣੇ ਘਰ ਜਾਊਗੀ, ਸਹੁਰੇ ਘਰ ਵੀ ਉਸ ਨੂੰ ਪਰਾਈ ਧੀ ਸਮਝਿਆ ਜਾਂਦਾ ਹੈ। ਅੱਖਾਂ ਵਿੱਚੋਂ ਕਿਰਦੇ ਹੰਝੂ ਜਿਵੇਂ ਕਹਿ ਰਹੇ ਹੋਣ ਤੈਨੂੰ ਸਹੁਰੇ ਘਰ ਬੈਠੀ ਧੀ ਪੁੱਛ ਰਹੀ ਹੈ: ਮਾਂ, ਸਾਨੂੰ ਸਹੁਰੇ ਘਰ ਤੋਰ ਕੇ ਤੇਰਾ ਕਿਹੋ ਜਿਹਾ ਜੀ ਲੱਗਦਾ ਹੈ:
ਤ੍ਰਿੰਞਣਾਂ ਦੇ ਵਿੱਚ ਕੱਤਣ ਸਹੇਲੀਆਂ,
ਗੁੱਡੀਆਂ ਨਾਲ ਗੁੱਡੀਆਂ ਜੋੜ।
ਹੁਣ ਕਿਉਂ ਰੋਂਦੀ ਐਂ ਭਲੀਏ, ਧੀਆਂ ਨੂੰ ਸਹੁਰੇ ਤੋਰ।
- – - – - – - – - – - 
ਵਣ ’ਚ ਪੀਲ੍ਹਾਂ ਪੱਕੀਆਂ ਨੀਂ ਮੇਰੀ ਰਾਣੀਏ ਮਾਏ,
ਕੋਈ ਹੋਈਆਂ ਲਾਲੋ ਲਾਲ ਨੀਂ ਭਲੀਏ।
ਧੀਆਂ ਨੂੰ ਸਹੁਰੇ ਤੋਰ ਕੇ, ਤੇਰਾ ਕੇਹਾ ਕੁ ਲੱਗਦਾ ਜੀਅ, ਨੀਂ ਭਲੀਏ।
ਮਾਂ ਨੂੰ ਮੁਖ਼ਾਤਬ ਸ਼ਬਦ ਭਲੀਏ ਜਾਂ ਭੋਲੀਏ ਲੋਕ-ਗੀਤਾਂ ਵਿੱਚ ਆਮ ਹੀ ਵਰਤਿਆ ਜਾਂਦਾ ਹੈ। ਜਿੱਥੇ ਇਹ ਮਾਂ ਪ੍ਰਤੀ ਡੰੂਘੇ ਹੇਰਵੇ ਨੂੰ ਜ਼ਾਹਰ ਕਰਦਾ ਹੈ, ਉੱਥੇ ਮਾਂ ਦੀ ਬੇਵੱਸੀ ਵਾਲੀ ਸਥਿਤੀ ਦਾ ਵੀ ਅਹਿਸਾਸ ਕਰਵਾਉਂਦਾ ਹੈ।
ਆਪਣੀ ਰਾਜ਼ਦਾਰ, ਹਮਦਰਦ ਤੇ ਮੋਹ ਦੀ ਮੂਰਤ ਮਾਂ ਨੂੰ ਛੱਡ ਕੇ ਸਹੁਰੇ ਘਰ ਗਈ ਧੀ ਜਦੋਂ ਉਸ ਨੂੰ ਯਾਦ ਕਰਦੀ ਹੈ ਤਾਂ ਉਸ ਦੇ ਦਿਲ ’ਚੋਂ ਇੱਕ ਹੂਕ ਨਿਕਲਦੀ ਹੈ:
ਮੋਤੀ ਪਾਵਾਂ ਸੁੱਕਣੇ ਕੋਈ ਲੋਕ ਕਹਿਣ ਜਵਾਰ ਵੇ।
ਲੋਕ ਭੋਲੇ ਕੀ ਜਾਣਦੇ ਮਾਂਵਾਂ-ਧੀਆਂ ਦੀ ਸਾਰ ਵੇ।
ਸਾਡੇ ਰਸਮ ਰਿਵਾਜ ਇਹ ਜਿਹੇ ਹਨ ਕਿ ਮਾਵਾਂ ਦਾ ਧੀ ਦੇ ਸਹੁਰੇ ਘਰ ਵਾਰ-ਵਾਰ ਜਾਣਾ ਚੰਗਾ ਨਹੀਂ ਸਮਝਿਆ ਜਾਂਦਾ। ਦੂਜਾ ਧੀਆਂ ਦੇ ਘਰ ਕੁਝ ਨਾ ਕੁਝ ਲੈ ਕੇ ਹੀ ਜਾਣਾ ਹੁੰਦਾ ਹੈ ਜੋ ਮਜਬੂਰੀਵੱਸ ਕਈ ਮਾਪੇ ਦੇ ਨਹੀਂ ਸਕਦੇ। ਇਸ ਤਰ੍ਹਾਂ ਮਾਂ ਨੂੰ ਮਿਲਿਆ ਜਦੋਂ ਕਾਫ਼ੀ ਸਮਾਂ ਲੰਘ ਜਾਂਦਾ ਹੈ ਤਾਂ ਉਹ ਕਦੇ ਮਾਂ ਨੂੰ ਵਿਸਾਰ ਦੇਣ ਦਾ ਉਲਾਂਭਾ ਦਿੰਦੀ ਹੈ ਅਤੇ ਕਦੇ ਮਿੱਟੀ ਦਾ ਬੁੱਤ ਬਣਾ ਕੇ ਉਸ ਵਿੱਚੋਂ ਮਾਂ ਦੇ ਨੈਣ-ਨਕਸ਼ ਤੇ ਮਮਤਾ ਤਲਾਸ਼ਦੀ ਹੈ:
ਮਾਵਾਂ ਤੇ ਧੀਆਂ ਦੀ ਦੋਸਤੀ ਨੀਂ ਮਾਏ,
ਕੋਈ ਟੁੱਟਦੀ ਏ ਕਹਿਰਾਂ ਦੇ ਨਾਲ,
ਕਣਕਾਂ ਨਿੱਸਰੀਆਂ, ਧੀਆਂ ਕਿਉਂ ਵਿੱਸਰੀਆਂ ਨੀਂ ਮਾਏ।
- – - – - – - – - – - – -
ਮਿੱਟੀ ਦਾ ਬੁੱਤ ਬਣਾਨੀ ਆਂ ਨੀਂ ਮਾਏ, ਉਹ ਦੇ ਗਲ ਲੱਗ ਕੇ ਰੋ ਲਾਂ।
ਮਿੱਟੀ ਦਾ ਬੁੱਤ ਤਾਂ ਬੋਲਦਾ ਨੀਂ ਮਾਏ, ਮੈਂ ਰੋ ਰੋ ਹਾਲ ਕਹਾਂ।
ਕਣਕਾਂ ਨਿੱਸਰੀਆਂ, ਧੀਆਂ ਕਿਉਂ ਵਿੱਸਰੀਆਂ, ਨੀਂ ਮਾਏ।
ਧੀਆਂ ਕਦੇ-ਕਦੇ ਪੇਕੇ ਘਰ ਮਿਲਣ ਆਉਂਦੀਆਂ ਹਨ ਤਾਂ ਮਾਂ ਨੂੰ ਚਾਅ ਚੜ੍ਹ ਜਾਂਦਾ ਹੈ। ਸਭ ਨੂੰ ਖ਼ੁਸ਼ੀ-ਖ਼ੁਸ਼ੀ ਦੱਸਦੀ ਫਿਰਦੀ ਐ ਲੈ ਧੀ ਰਾਣੀ ਆਈ ਆਂ। ਧੀ ਤੋਂ ਸਦਕੇ ਵਾਰੀ ਜਾਂਦੀ ਮਾਂ ਉਸ ਲਈ ਭਾਂਤ-ਸੁਭਾਂਤੇ ਖਾਣ-ਪੀਣ ਦੇ ਪਕਵਾਨ ਬਣਾਉਣ ’ਚ ਰੁੱਝ ਜਾਂਦੀ ਹੈ ਪਰ ਧੀ ਨੂੰ ਪਤਾ ਹੈ ਦੋ ਦਿਹਾੜੇ ਕੱਟ ਕੇ ਅਖੀਰ ਆਪਣੇ ਘਰ ਹੀ ਜਾਣਾ ਹੈ। ਉਹ ਮਾਂ ਨੂੰ ਕਹਿੰਦੀ ਹੈ:
ਮਾਏ ਨੀਂ ਸੁਣ ਮੇਰੀਏ ਮਾਏ, ਨਾ ਕਰ ਮੇਰੀ ਮੇਰੀ ਨੀਂ।
ਇਹ ਧੀਆਂ ਦਿਨ ਚਾਰ ਦਿਹਾੜੇ, ਜਿਉਂ ਜੋਗੀ ਦੀ ਫੇਰੀ ਨੀਂ।
ਜਾਂਦੀ ਧੀ ਨੂੰ ਮਾਂ ਸਰਦਾ ਝੱਗਾ, ਚੁੰਨੀ ਜਾਂ ਵਿੱਤ ਅਨੁਸਾਰ ਕੁਝ ਨਾ ਕੁਝ ਦੇ ਦਿੰਦੀ ਹੈ ਤਾਂ ਧੀ ਰਾਣੀ ਤੋਂ ਚਾਅ ਨਹੀਂ ਚੁੱਕਿਆ ਜਾਂਦਾ। ਸਹੁਰੇ ਘਰ ਵਿੱਚ ਬੈਠੀ ਧੀ ਉਨ੍ਹਾਂ ਨੂੰ ਵੇਖਦੀ ਹੈ ਤਾਂ ਇਸ  ਤਰ੍ਹਾਂ ਲੱਗਦਾ ਹੈ ਜਿਵੇਂ ਉਨ੍ਹਾਂ ਵਿੱਚੋਂ ਨਿੱਘੇ ਪਿਆਰ ਦੀ ਸੁਗੰਧੀ ਆ ਰਹੀ ਹੋਵੇ। ਉਸ ਦਾ ਮਨ ਆਪ ਮੁਹਾਰੇ ਹੀ ਗਾ ਉੱਠਦਾ ਹੈ:
ਕਮੀਜ਼ਾਂ ਛੀਂਟ ਦੀਆਂ ਮੁਲਤਾਨੋਂ ਆਈਆਂ ਨੀਂ।
ਮਾਵਾਂ ਆਪਣੀਆਂ ਜਿਨ੍ਹਾਂ ਰੀਝਾਂ ਲਾਈਆਂ ਨੀਂ।
ਦਾਜ ਰੂਪੀ ਦੈਂਤ ਪਤਾ ਨਹੀਂ ਕਿੰਨੀਆਂ ਧੀਆਂ ਦੇ ਸੁਪਨਿਆਂ ਨੂੰ ਡਕਾਰ ਜਾਂਦਾ ਹੈ, ਮਾਪਿਆਂ ਦੇ ਚਾਵਾਂ-ਮਲ੍ਹਾਰਾਂ ਨੂੰ ਦਫ਼ਨ ਕਰ ਦਿੰਦਾ ਹੈ। ਇਹ ਤਾਂ ਉਹੀ ਮਾਪੇ ਜਾਣਦੇ ਹਨ ਜਿਹੜੇ ਦਾਜ ਨਾ ਦੇ ਸਕਣ ਦੀ ਲਾਚਾਰੀ ਕਾਰਨ ਧੀਆਂ ਦਾ ਡੋਲਾ ਘਰੋਂ ਚਾਹੁੰਦੇ ਹੋਏ ਵੀ ਤੋਰ ਨਹੀਂ ਸਕਦੇ। ਧੀ ਦੀ ਲੰਘਦੀ ਜਵਾਨੀ ਨੂੰ ਬੇਵੱਸ ਹੋ ਕੇ ਵੇਖਣ ਲਈ ਮਜਬੂਰ ਹੁੰਦੇ ਹਨ। ਧੀ ਦੇ ਅੰਦਰੋਂ ਨਿਕਲੇ ਹਉਕੇ ਵਰਗੇ ਬੋਲ ਸੁਣਨ ਲਈ ਮਾਵਾਂ ਨੂੰ ਪਤਾ ਨਹੀਂ ਕਿੱਡਾ ਕੁ ਜਿਗਰਾ ਕਰਨਾ ਪੈਂਦਾ ਹੋਵੇਗਾ?
ਮਾਏ ਨੀਂ ਸੁਣ ਮੇਰੀਏ ਮਾਏ, 
ਦਾਜ ਕਿਦ੍ਹੇ ਕੋਲੋਂ ਮੰਗਾਂ ਨੀਂ,
ਮਛਲੀ ਦੀ ਥਾਂ ਲੌਂਗ ਹੰਢਾਵਾਂ, 
ਚੂੜੇ ਦੀ ਥਾਂ ਵੰਗਾਂ ਨੀਂ।
ਦੁਆਵਾਂ ਤੇ ਰਹਿਮਤਾਂ ਦੀ ਵਰਖਾ ਕਰਨ ਵਾਲੀ ਮਾਂ ਇੱਕ ਦਿਨ ਇਸ ਜਹਾਨ ਤੋਂ ਰੁਖ਼ਸਤ ਹੋ ਜਾਂਦੀ ਹੈ। ਧੀ ਮਾਂ ਤੋਂ ਬਾਅਦ ਕਦੇ ਆਪਣੇ ਨਗਰ ਖੇੜੇ ਮਿਲਣ ਆਉਂਦੀ ਹੈ ਪਰ ਮਾਪਿਆਂ ਦੇ ਘਰ ਉਸ ਦਾ ਸਵਾਗਤ ਪਹਿਲਾਂ ਵਰਗਾ ਨਹੀਂ ਹੁੰਦਾ। ਉਸ ਠੰਢੀ-ਮਿੱਠੀ ਛਾਂ ਨੂੰ ਯਾਦ ਕਰਦਿਆਂ ਧੀ ਦੇ ਅੰਦਰੋਂ ਆਪਣੇ-ਆਪ ਨਿਕਲੇ ਬੋਲ ਜਿਵੇਂ ਮਾਂ ਨੂੰ ਪੁਕਾਰ ਰਹੇ ਹੁੰਦੇ ਹਨ:
ਦੂਰੋਂ ਤਾਂ ਆਈ ਸਾਂ ਚੱਲ ਕੇ ਨੀਂ ਮਾਏ, ਤੇਰੇ ਦਰ ਵਿੱਚ ਰਹੀ ਆਂ ਖਲੋ।
ਭਾਬੀਆਂ ਪੁੱਛਿਆ ਨਾ ਸੁੱਖ ਦਾ ਸੁਨੇਹਾ, ਨਾ ਗਲ ਲੱਗੀਆਂ ਰੋ।
ਕਣਕਾਂ ਲੰਮੀਆਂ ਮਾਏ, ਧੀਆਂ ਕਿਉਂ ਜੰਮੀਆਂ ਨੀਂ ਮਾਏ?
ਲੋਕ ਗੀਤ ਹੌਲੀ-ਹੌਲੀ ਸਾਡੀਆਂ ਯਾਦਾਂ ’ਚੋਂ ਵਿੱਸਰਦੇ ਜਾ ਰਹੇ ਹਨ। ਜੇ ਅਸੀਂ ਇਨ੍ਹਾਂ ਦੀ ਸਾਰ ਨਾ ਲਈ ਤਾਂ ਇਹ ਮੂਲੋਂ ਹੀ ਦੁਰਲੱਭ ਹੋ ਜਾਣਗੇ।

- ਸ਼ਵਿੰਦਰ ਕੌਰ
* ਮੋਬਾਈਲ: 99888-62326


No comments:

Post a Comment