Monday, 16 September 2013

ਲੋਕ ਦਿਲਾਂ ਦਾ ਬਾਦਸ਼ਾਹ




ਪੰਜਾਬੀ ਸੱਭਿਆਚਾਰ ਹਰ ਦਿਨ ਲੋਪ ਹੋਣ ਦੀ ਦਿਸ਼ਾ ਵੱਲ ਵਧ ਰਿਹਾ ਹੈ। ਮਾਂ ਬੋਲੀ ਦੀ ਗੁੜ੍ਹਤੀ ਲੈਣ ਵਾਲੇ ਆਪਣੀ ਮਾਂ ਬੋਲੀ ਨਾਲ ਬਦਸਲੂਕੀ ਕਰ ਰਹੇ ਹਨ। ਅੱਜ ਪੱਛਮੀ ਸੱਭਿਆਚਾਰ ਦੀ ਹਨੇਰੀ ਪੂਰੇ ਪੰਜਾਬ ’ਤੇ ਟੁੱਟ ਪਈ ਹੈ। ਪੰਜਾਬੀ ਗਾਇਕੀ ਵਿੱਚ ਵੀ ਲੱਚਰਤਾ ਦਾ ਤੂਫ਼ਾਨ ਪੂਰੇ ਜ਼ੋਰਾਂ ’ਤੇ ਹੈ। ਚਾਰੇ ਪਾਸੇ ਪੈਸੇ ਦੀ ਦੌੜ ਲੱਗੀ ਹੈ, ਨਾ ਕੋਈ ਸੁਰ ਹੈ ਨਾ ਤਾਲ ਹੈ, ਮਾਂ ਬੋਲੀ ਦੇ ਲਾਲ ਅਖਵਾਉਣ ਵਾਲੇ ਗਾਇਕ ਹੀ ਮਾਂ-ਬੋਲੀ ਨੂੰ ਧੁੰਦਲਾ ਕਰਨ ’ਤੇ ਤੁਰ ਪਏ ਹਨ। ਜਦ ਪੁੱਤ ਹੀ ਕਪੁੱਤ ਨਿਕਲ ਆਉਣ ਤਾਂ ਮਾਂ ਦੁਹੱਥੜੇ ਰੋਂਦੀ ਝੱਲੀ ਨਹੀਂ ਜਾਂਦੀ ਪਰ ਜਿੱਥੇ ਕਪੁੱਤ ਪੈਦਾ ਹੁੰਦੇ ਹਨ, ਉੱਥੇ ਸਪੂਤਾਂ ਦੀ ਵੀ ਘਾਟ ਨਹੀਂ। ਆਪਣੇ ਸੱਭਿਆਚਾਰ ਨੂੰ ਨਾ ਭੁੱਲਣ ਵਾਲੇ ਸਾਹਿਤ ਦੇ ਰਖਵਾਲੇ ਅਤੇ ਪਰਿਵਾਰਕ ਗੀਤਾਂ ਦੇ ਰਚੇਤਾ ਅਤੇ ਗਾਇਕਾਂ ਦੀ ਵੀ ਕਤਾਰ ਬਹੁਤ ਲੰਮੀ ਹੈ। ਇਸ ਵਿੱਚ ਅੱਜ ਸਭ ਤੋਂ ਉੱਪਰ ਨਾਂ ਆਉਂਦਾ ਹੈ ਗੁਰਦਾਸ ਮਾਨ।
ਗੁਰਦਾਸ ਮਾਨ ਦਾ ਜਨਮ 4 ਜਨਵਰੀ 1957 ਨੂੰ ਮਾਤਾ ਤੇਜ ਕੌਰ ਦੀ ਕੁੱਖੋਂ, ਪਿਤਾ ਗੁਰਦੇਵ ਸਿੰਘ ਮਾਨ ਦੇ ਘਰ ਦਾਦੀ ਧੰਨ ਕੌਰ ਅਤੇ ਦਾਦਾ ਕਪੂਰ ਸਿੰਘ ਭਾਈ ਜੀ ਦੇ ਵਿਹੜੇ, ਮਾਲਵੇ ਵਿੱਚ ਪੈਂਦੇ ਕਸਬੇ ਗਿੱਦੜਬਾਹੇ ਦੀ ਧਰਤੀ ’ਤੇ ਹੋਇਆ। ਗੁਰਪੰਥ ਸਿੰਘ ਮਾਨ ਦਾ ਵੱਡਾ ਭਰਾ ਤੇ ਭੈਣ ਜਸਵੀਰ ਕੌਰ ਉਰਫ਼ ਗੁੱਡੀ ਦੇ ਵੀਰ ਨੇ ਹਾਕੀ ਦੀ ਖਿਡਾਰਨ ਮਨਜੀਤ ਮਾਨ ਨਾਲ 10 ਅਪਰੈਲ 1980 ਨੂੰ ਵਿਆਹ ਕਰਵਾਇਆ। ਉਨ੍ਹਾਂ ਦੇ ਘਰ 21 ਦਸੰਬਰ 1981 ਨੂੰ ਸਪੁੱਤਰ ਗੁਰਇੱਕ ਮਾਨ ਦਾ ਜਨਮ ਹੋਇਆ।
ਗੁਰਦਾਸ ਮਾਨ ਦੇ ਪਿਤਾ ਜੀ ਮੱਧਵਰਗੀ ਕਿਸਾਨ ਸਨ ਅਤੇ ਉੱਥੋਂ ਦੀ ਨਗਰਪਾਲਿਕਾ ਦੇ ਪ੍ਰਧਾਨ ਸਨ। ਉਨ੍ਹਾਂ ਦੇ ਪਿਤਾ ਮੱਝਾਂ ਦਾ ਵਪਾਰ ਵੀ ਕਰਦੇ ਸਨ ਅਤੇ ਉਨ੍ਹਾਂ ਨੂੰ ਮੱਝ, ਗਾਂ, ਬਲਦ ਅਤੇ ਘੋੜੀ ਆਦਿ ਦੀ ਪੂਰੀ ਪਰਖ ਸੀ। ਉਨ੍ਹਾਂ ਦੇ ਪਿਤਾ ਗੁਰਦੇਵ ਸਿੰਘ ਮਾਨ ਗੁਰਦਾਸ ਦੀ ਗਾਇਕੀ ’ਤੇ ਖ਼ੁਸ਼ ਨਹੀਂ ਸਨ। ਉਹ ਹਮੇਸ਼ਾਂ ਕਹਿੰਦੇ,‘‘ਪੁੱਤ ਮਰਾਸੀਆਂ ਵਾਲੇ ਕੰਮ ਜੱਟਾਂ ਨੂੰ ਨਹੀਂ ਸੋਭਦੇ, ਚਾਰ ਅੱਖਰ ਪੜ੍ਹ ਲੈ ਜਾਂ ਖੇਤੀ ਕਰ ਲਿਆ ਕਰ ਪਰ ਮਾਨ ਸਾਹਿਬ ਨੂੰ ਚਸਕਾ ਪੈ ਚੁੱਕਿਆ ਸੀ ਲਿਖਣ ਤੇ ਗਾਉਣ ਦਾ। ਉਹ ਛੋਟਾ ਹੁੰਦਾ ਇੱਲਤਾਂ ਦੀ ਜੜ੍ਹ ਸੀ, ਸ਼ਰਾਰਤੀ ਹੋਣ ਕਰਕੇ ਆਪਣੀ ਮਾਂ ਨੂੰ ਵੀ ਬਾਬੇ ਦਾ ਭੇਸ ਬਣਾ ਕੇ ਭੁਲੇਖੇ ਵਿੱਚ ਪਾ ਦਿੰਦਾ, ਪਤਾ ਲੱਗਣ ’ਤੇ ਮਾਂ ਮਰਜਾਣਾ ਆਖਦੀ ਜਿਸ ਕਰਕੇ ਇਹ ਮਰਜਾਣਾ ਉਨ੍ਹਾਂ ਦੇ ਨਾਂ ਨਾਲ ਹੀ ਜੁੜ ਗਿਆ।
ਗੁਰਦਾਸ ਮਾਨ ਨੇ ਮੁਢਲੀ ਵਿੱਦਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਅਤੇ 10ਵੀਂ ਗਿੱਦੜਬਾਹਾ ਤੋਂ ਫਿਰ ਡੀ. ਏ. ਵੀ ਕਾਲਜ ਮਲੋਟ ਮੰਡੀ ਦਾਖਲਾ ਲੈ ਲਿਆ। ਉਸ ਤੋਂ ਬਾਅਦ ਬੀ. ਪੀ. ਐਡ. ਜੋ ਬੀ.ਏ. ਦੇ ਬਰਾਬਰ ਦੀ ਡਿਗਰੀ ਹੈ ਲਈ ਪਟਿਆਲੇ ਸਰਕਾਰੀ ਸਰੀਰਕ ਸਿੱਖਿਆ ਕਾਲਜ ਵਿੱਚ ਦਾਖਲਾ ਲੈ ਲਿਆ। ਐਮ. ਪੀ. ਐਡ. ਕਰਨ ਪਿੱਛੋਂ ਐਨ. ਆਈ. ਐਸ. ਤੋਂ ਜੂਡੋ ਵਿੱਚ ਕੋਚਿੰਗ ਦਾ ਕੋਰਸ ਕੀਤਾ। ਉਹ ਫੁੱਟਬਾਲ, ਵਾਲੀਬਾਲ, ਕੁਸ਼ਤੀ, ਕਬੱਡੀ ਅਤੇ ਜੂਡੋ ਦਾ ਵਧੀਆ ਖਿਡਾਰੀ ਰਿਹਾ ਹੈ। ਗੁਰਦਾਸ ਮਾਨ ਦਾ ਬਚਪਨ ਪਿੰਡ ਵਿੱਚ ਹੀ ਗੁੱਲੀ-ਡੰਡਾ, ਚੋਰ ਸਿਪਾਹੀ ਖੇਡਦਾ, ਛੱਪੜਾਂ ਵਿੱਚ ਨਹਾਉਂਦਾ, ਪਿੰਡ ਦੀਆਂ ਗਲੀਆਂ ਵਿੱਚ ਨੱਚਦੇ-ਟੱਪਦੇ ਦਾ ਬੀਤਿਆ ਹੈ। ਮਾਨ, ਬਾਬੂ ਰਜਬ ਅਲੀ ਦੀਆਂ ਰਚਨਾਵਾਂ ਵੀ ਪੜ੍ਹਦਾ ਰਿਹਾ। ਉਹ ਯਮਲੇ ਜੱਟ ਦੇ ਅਖਾੜੇ ਤੇ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦੀ ਕਵੀਸ਼ਰੀ ਤੋਂ ਬਹੁਤ ਪ੍ਰਭਾਵਿਤ ਹੋਇਆ। ਵਾਰਸ ਸ਼ਾਹ ਦੀ ਹੀਰ ਵੀ ਉਹਨੇ ਹੁੱਬ ਕੇ ਪੜ੍ਹੀ। ਖੇਤੀਬਾੜੀ ਦਾ ਸਾਰਾ ਕੰਮ ਉਹ ਕਰਦਾ ਰਿਹਾ।
ਗੁਰਦਾਸ ਮਾਨ ਨੂੰ ਸਰਕਾਰੀ ਕਾਲਜ ਮੁਕਤਸਰ ਫਿਜ਼ੀਕਲ ਐਜ਼ੂਕੇਸ਼ਨ ਦੇ ਲੈਕਚਰਾਰ ਵਜੋਂ ਪਹਿਲਾਂ ਨੌਕਰੀ ਮਿਲੀ। ਫਿਰ ਸਰਕਾਰੀ ਕਾਲਜ ਡੇਰਾਬਸੀ (ਪਟਿਆਲੇ) ਵਿੱਚ ਪੜ੍ਹਾਇਆ ਅਤੇ ਫਿਰ ਪੰਜਾਬ ਰਾਜ ਬਿਜਲੀ ਬੋਰਡ ਪਟਿਆਲਾ ਵਿੱਚ ਕੁਝ ਸਮਾਂ ਨੌਕਰੀ ਕੀਤੀ। ਇਨ੍ਹਾਂ ਨੌਕਰੀਆਂ ਤੋਂ ਟਾਲਾ ਵੱਟਣਾ ਮਾਨ ਦੀ ਗਾਇਕੀ ਵੱਲ ਦਿਲਚਸਪੀ ਹੋਣ ਕਾਰਨ ਸੀ।
ਗੁਰਦਾਸ ਮਾਨ ਕਾਲਜ ਦੇ ਦਿਨਾਂ ਸਮੇਂ ਹੀ ਗਾਉਣ ਲੱਗ ਪਿਆ ਸੀ। ਕਾਲਜ ਦੀ ਭੰਗੜੇ ਦੀ ਟੀਮ ਵਿੱਚ ਗਾਉਂਦਾ, ਡਰਾਮਿਆਂ ਵਿੱਚ ਭਾਗ ਲੈਂਦਾ, ਸਰੋਤਿਆਂ ਨੂੰ ਕੀਲ ਦਿੰਦਾ ਸੀ। ਉਹ ਉੱਘੇ ਮੰਚ ਨਿਰਦੇਸ਼ਕ ਹਰਪਾਲ ਟਿਵਾਣਾ ਨਾਲ ਨਾਟਕ ਵਿੱਚ ਰੋਲ ਨਿਵਾਉਂਦਾ ਰਿਹਾ। ਉਦੋਂ ਹੀ ਗੁਰਦਾਸ ਮਾਨ ਗਾਇਕ ਬਣਨ ਦੇ ਰਸਤੇ ’ਤੇ ਤੁਰ ਪਿਆ ਅਤੇ ਛੇਤੀ ਹੀ ਸੰਸਾਰ ਵਿੱਚ ਪ੍ਰਸਿੱਧ ਗਾਇਕ ਬਣ ਕੇ, ਫ਼ਿਲਮੀ ਅਦਾਕਾਰ ਵੀ ਬਣ ਗਿਆ।
ਆਓ! ਹੁਣ ਗੁਰਦਾਸ ਮਾਨ ਦੀਆਂ ਮਾਰਕੀਟ ਵਿੱਚ ਆਈਆਂ ਕੈਸਿਟਾਂ ਦੀ ਗਿਣਤੀ ਕਰੀਏ। ‘ਦਿਲ ਦਾ ਬਾਦਸ਼ਾਹ’, ‘ਠਣ-ਠਣ ਗੋਪਾਲ’, ‘ਵਲੈਤਣ’, ‘ਹੀਰ’, ‘ਦਿਲ ਸਾਫ਼ ਹੋਣਾ ਚਾਹੀਦਾ’, ‘ਆ ਜਾ ਸੱਜਣਾ’, ‘ਚੁਗਲੀਆਂ’, ‘ਦਿਲ ਹੋਣਾ ਚਾਹੀਦਾ ਜਵਾਨ’, ‘ਚੱਕਲੋ-ਚੱਕਲੋ’, ‘ਗੀਤਾਂ ਭਰੀ ਪਟਾਰੀ’, ’ਘਰ ਭੁੱਲਗੀ ਮੋੜ ’ਤੇ ਆ ਕੇ’, ‘ਮੁਹੱਬਤ ਜਿੰਦਾਬਾਦ’, ‘ਡਿਸਕੋ’, ‘ਕੁੜੀਆਂ ਨੇ ਜੂਡੋ ਸਿੱਖ ਲਈ’, ‘ਦਿਲ ਦਾ ਬਾਦਸ਼ਾਹ’, ‘ਚੱਕਰ’, ‘ਅੱਖੀਆਂ ਉਡੀਕ ਦੀਆਂ’, ‘ਇਸ਼ਕ ਨਾ ਵੇਖੇ ਜਾਤ’, ‘ਪੰਜੀਰੀ’, ‘ਪੀੜ ਤੇਰੇ ਜਾਣ ਦੀ’, ‘ਆਕੜ ਆ ਜਾਂਦੀ ਏ’, ‘ਮਸਤੀ’, ‘ਯਾਰ ਮੇਰਾ ਪਿਆਰ’, ‘ਲੜ ਗਿਆ ਪੇਚਾ’, ‘ਰਾਤ ਸੁਹਾਨੀ’, ‘ਪਿਆਰ ਕਰਲੋ’, ‘ਵਾਹ ਨੀਂ ਜਵਾਨੀਏ’, ‘ਨੱਚੋ ਬਾਬਿਓ’, ‘ਜਾਦੂਗਰੀਆਂ’, ‘ਬੂਟ ਪਾਲਿਸ਼ਾਂ’ ਅਤੇ ‘ਜੋਗੀਆ’ ਆਦਿ ਕੈਸਿਟਾਂ ਗੁਰਦਾਸ ਨੇ ਸਰੋਤਿਆਂ ਦੀ ਝੋਲੀ ਪਾਈਆਂ ਹਨ।
ਜਿੱਥੇ ਗੁਰਦਾਸ ਮਾਨ ਦੀਆਂ ਕੈਸਿਟਾਂ ਦੀ ਗਿਣਤੀ ਜ਼ਿਆਦਾ ਹੈ, ਉੱਥੇ ਫ਼ਿਲਮਾਂ ਦੀ ਗਿਣਤੀ ਵੀ ਘੱਟ ਨਹੀਂ ਜਿਨ੍ਹਾਂ ਵਿੱਚ ‘ਉੱਚਾ ਦਰ ਬਾਬੇ ਨਾਨਕ ਦਾ’, ‘ਕੁਰਬਾਨੀ ਜੱਟ ਦੀ’, ‘ਲੌਂਗ ਦਾ ਲਿਸ਼ਕਾਰਾ’, ‘ਕੀ ਬਣੂ ਦੁਨੀਆਂ ਦਾ’, ‘ਮਾਮਲਾ ਗੜਬੜ ਹੈ’, ‘ਦੁਸ਼ਮਣੀ ਦੀ ਅੱਗ’, ‘ਸਿਰਫ਼ ਤੁਮ’, ‘ਸਾਲੀ ਅੱਧੀ ਘਰਵਾਲੀ’, ‘ਮੰਮੀ ਜੀ’, ‘ਵੀਰ ਜਾਰਾ’, ‘ਦੇਸ ਹੋਇਆ ਪਰਦੇਸ’, ‘ਸੁਖਮਨੀ’, ‘ਚੱਕ ਜਵਾਨਾ’, ‘ਯਾਰੀਆਂ’, ‘ਵਾਰਸ ਸ਼ਾਹ ਇਸ਼ਕ ਦਾ ਵਾਰਸ’, ‘ਸ਼ਹੀਦੇ-ਏ-ਮੁਹੱਬਤ ਬੂਟਾ ਸਿੰਘ’, ‘ਸ਼ਹੀਦ ਊਧਮ ਸਿੰਘ’, ‘ਕਚਹਿਰੀ’, ‘ਸੂਬੇਦਾਰ’, ‘ਰੂਹਾਨੀ ਤਾਕਤ’, ‘ਪ੍ਰਤਿੱਗਿਆ’, ‘ਜ਼ਿੰਦਗੀ ਖ਼ੂਬਸੂਰਤ ਹੈ’, ‘ਪੱਥਰ ਦਿਲ’, ‘ਛੋਰਾ ਹਰਿਆਣੇ ਕਾ’, ‘ਗੱਭਰੂ ਪੰਜਾਬ ਦਾ’, ‘ਬਗਾਵਤ’, ‘ਮਿੰਨੀ ਪੰਜਾਬ’, ‘ਯਾਰ ਪੰਜਾਬੀ’ ਅਤੇ ‘ਅੰਮ੍ਰਿਤ’ ਆਦਿ ਫ਼ਿਲਮਾਂ  ਸ਼ਾਮਲ ਹਨ।
ਗੁਰਦਾਸ ਮਾਨ ਆਪਣੀ ਗੀਤਕਾਰੀ, ਗਾਇਕੀ ਅਤੇ ਅਦਾਕਾਰੀ ’ਚ ਨਵੇਂ ਨਮੂਨੇ ਪੇਸ਼ ਕਰਦਾ ਹੈ। ਉਹ ਗੀਤ-ਸੰਗੀਤ ਦਾ ਧਰੂ-ਤਾਰਾ ਹੈ। ਜਿੰਨਾਂ ਮਾਨ, ਸਨਮਾਨ, ਇੱਜ਼ਤ, ਸਤਿਕਾਰ ਲੋਕਾਂ ਨੇ ਮਾਨ ਸਾਹਿਬ ਨੂੰ ਦਿੱਤਾ ਹੈ ਸ਼ਾਇਦ ਹੀ ਐਨਾ ਕਿਸੇ ਹੋਰ ਦੇ ਹਿੱਸੇ ਆਇਆ ਹੋਵੇ। ਉਨ੍ਹਾਂ ਦਾ ਗਾਇਆ ਹੋਇਆ ਇੱਕ-ਇੱਕ ਸ਼ਬਦ ਲੋਕਾਂ ਦੀ ਜ਼ਬਾਨ ’ਤੇ ਚੜ੍ਹ ਜਾਂਦਾ ਹੈ। ਉਸ ਦੀ ਕਲਮ ਵਿੱਚ ਅਜਿਹਾ ਦਮ ਹੈ ਕਿ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੰਦਾ ਹੈ। ਉਸ ਦੇ ਗੀਤਾਂ ਦੇ ਬੋਲ ਉਸ ਦੀ ਸੋਚ ਤੇ ਮਾਂ ਬੋਲੀ ਲਈ ਅਪਣੱਤ ਦੀ ਗਵਾਹੀ ਭਰਦੇ ਹਨ।
ਗੁਰਦਾਸ ਮਾਨ ਇੱਕ ਨੇਕ, ਸੂਝਵਾਨ, ਵਿਦਵਾਨ, ਯਾਰਾਂ ਦਾ ਯਾਰ, ਦਿਲ ਦਾ ਬਿਲਕੁਲ ਸਾਫ਼ ਅਤੇ ਦਰਵੇਸ਼ ਫਕੀਰ ਹੈ। ਅੱਜ ਗੁਰਦਾਸ ਮਾਨ ਆਪਣੀ ਪਤਨੀ ਮਨਜੀਤ ਮਾਨ ਅਤੇ ਬੇਟੇ ਗੁਰਇੱਕ ਮਾਨ ਨਾਲ ਮੁੰਬਈ ਵਿਖੇ ਰਹਿ ਰਿਹਾ ਹੈ। ਪੰਜਾਬੀ ਮਾਂ ਬੋਲੀ ਦਾ ਨਾਂ ਸੰਸਾਰ ਭਰ ’ਚ ਉੱਚਾ ਕਰਨ ਵਾਲੇ ਗੁਰਦਾਸ ਮਾਨ, ਮਰਜਾਣਾ, ਮਾਨ ਨਿਮਾਣੇ ਦੀਆਂ ਗੁੱਡੀਆਂ ਸਦਾ ਚੜ੍ਹੀਆਂ ਰਹਿਣ ਅਸੀਂ ਦੁਆ ਕਰਦੇ ਹਾਂ।

- ਦਰਸ਼ਨ ਸਿੰਘ ਪ੍ਰੀਤੀਮਾਨ 
* ਮੋਬਾਈਲ:97792-97682


No comments:

Post a Comment