ਡਾ. ਰਾਜਵੰਤ ਕੌਰ ਪੰਜਾਬੀਮੋਬਾਈਲ: 85678-86223 ਪੰਜਾਬ ਦੇ ਮਾਲਵਾ ਖੇਤਰ ਵਿੱਚ ਜਨਮੀ ਕਵੀਸ਼ਰੀ ਦੀ ਪਰੰਪਰਾ ਭੱਟ-ਕਾਵਿ ਨਾਲ ਜਾ ਰਲਦੀ ਹੈ। ਕਬੀਲਾ ਕਾਲ ਸਮੇਂ ਹਰੇਕ ਕਬੀਲੇ ਦੇ ਆਪਣੇ ਭੱਟ ਹੁੰਦੇ ਸਨ ਜੋ ਆਪਣੇ ਕਬੀਲੇ ਦੇ ਵਿਸ਼ੇਸ਼ ਵਿਅਕਤੀਆਂ ਦੀ ਮਹਿਮਾ ਵਿੱਚ ਕਵਿਤਾ ਰਚ ਕੇ ਆਪਣੇ ਸਰੋਤਿਆਂ ਵਿੱਚ ਉਤਸ਼ਾਹ ਪੈਦਾ ਕਰਦੇ ਸਨ। ਹੌਲੀ-ਹੌਲੀ ਭੱਟ ਕਬੀਲਿਆਂ ਨਾਲੋਂ ਟੁੱਟ ਕੇ ਸਿੱਧੇ ਲੋਕਾਂ ਨਾਲ ਜੁੜ ਗਏ। ਇਸ ਤਰ੍ਹਾਂ ਭੱਟਾਂ ਦੀ ਪਰੰਪਰਾ, ਕਵੀਸ਼ਰਾਂ ਦੀ ਸ਼ਕਲ ਵਿੱਚ ਲੋਕ-ਮੁਖੀ ਹੋ ਕੇ ਵਿਕਸਤ ਹੋਈ। ਕਵੀਸ਼ਰਾਂ ਨੇ ਪੰਜਾਬੀ ਦੇ ਕਈ ਕਾਵਿ ਰੂਪਾਂ ਦੀ ਸਿਰਜਣਾ ਕੀਤੀ ਜਿਵੇਂ ਕਿੱਸੇ, ਜੰਞਾਂ ਅਤੇ ਝੇੜੇ ਆਦਿ। ਉਨ੍ਹਾਂ ਨੇ ਕਵੀਸ਼ਰੀ ਨੂੰ ਆਪਣੇ ਕਿੱਤੇ ਵਜੋਂ ਅਪਣਾਇਆ, ਜਿਹੜੇ ਖ਼ੁਦ ਕਾਵਿ ਰਚਨਾ ਕਰਦੇ ਸਨ ਅਤੇ ਲੋਕਾਂ ਦੀ ਮੰਗ ਅਨੁਸਾਰ ਰਚਨਾ ਕਰਦੇ ਸਨ। ਕਵੀ ਦੀ ਰਚਨਾ ਨੂੰ ਈਸ਼ਵਰ ਦੀ ਦੇਣ ਮੰਨ ਕੇ ‘ਕਵੀਸ਼ਰੀ’ ਕਿਹਾ ਜਾਣ ਲੱਗਿਆ। ਕਵੀਸ਼ਰੀ ਦੀ ਭਾਸ਼ਾ ਸਥਾਨਕ ਰੰਗਣ ਤੇ ਪੇਸ਼ਕਾਰੀ ਲੋਕ ਮੁਹਾਵਰੇ ਵਾਲੀ ਹੁੰਦੀ ਹੈ। ਕਵੀਸ਼ਰਾਂ ਨੇ ਲੋਕ-ਕਾਵਿ ਰੂਪ ‘ਝੇੜੇ’ ਨੂੰ ਬਹੁਤ ਪ੍ਰਚਲਤ ਕੀਤਾ। ‘ਝੇੜੇ’ ਨੂੰ ਫਸਾਦ, ਮੁਕੱਦਮਾ, ਝੇਰਾ, ਬਖੇੜਾ ਜਾਂ ਝਗੜਾ ਵੀ ਕਹਿ ਲਿਆ ਜਾਂਦਾ ਹੈ। ਘਰੇਲੂ ਜਾਂ ਸਮਾਜਿਕ ਮਸਲੇ ਦਾ ਜਦੋਂ ਕਵਿਤਾ ਵਿੱਚ ਪ੍ਰਸ਼ਨ-ਉਤਰ ਕਰਕੇ ਹੱਲ ਲੱਭਿਆ ਜਾਵੇ ਤਾਂ ਲੋਕ ਕਵੀ ਉਸ ਨੂੰ ‘ਝੇੜਾ’ ਜਾਂ ‘ਝਗੜਾ’ ਕਹਿੰਦੇ ਹਨ। ਇਹੀ ਟੱਕਰ ਝੇੜਿਆਂ ਵਿੱਚੋਂ ਨਜ਼ਰ ਆਉਂਦੀ ਹੈ। ਝੇੜਿਆਂ ਵਿੱਚ ਦੋ ਧਿਰਾਂ ਦਾ ਝਗੜਾ ਚੱਲਦਾ ਹੈ। ਜਿਵੇਂ ਕਾਨ੍ਹ-ਗੁਜਰੀ, ਨੂੰਹ-ਸੱਸ, ਲੌਂਗ-ਤੀਲੀ, ਦਾੜ੍ਹੀ-ਗੁੱਤ, ਜੀਜਾ-ਸਾਲੀ, ਕੈਂਚੀ-ਸੂਈ, ਨੇਕੀ-ਬਦੀ, ਕਾਂ-ਘੁੱਗੀ, ਸੂਮ-ਸਖੀ, ਛੜਾ-ਕਬੀਲਦਾਰ, ਕਣਕ-ਛੋਲੇ, ਚਾਹ-ਲੱਸੀ, ਜੱਟੀ ਤੇ ਖਤ੍ਰਾਣੀ, ਅਕਲ-ਪ੍ਰੇਮ, ਭੌਰ-ਬੁਲਬੁਲ, ਸ਼ਰਾਬੀ ਤੇ ਉਸ ਦੀ ਪਤਨੀ, ਕ੍ਰਿਸ਼ਨ-ਗੋਪੀਆਂ ਅਤੇ ਪਤੀ-ਪਤਨੀ ਆਦਿ। ਟਾਕਰੇ ਸਮੇਂ ਦੋਵੇਂ ਧਿਰਾਂ ਲੜਾਈ ਨਹੀਂ ਕਰਦੀਆਂ ਸਗੋਂ ਪ੍ਰਤੱਖ ਰੂਪ ਵਿੱਚ ਆਪੋ-ਆਪਣਾ ਪੱਖ ਪੇਸ਼ ਕਰਦੀਆਂ ਹਨ। ਕਈ ਵਾਰੀ ਉਹ ਇੱਕ-ਦੂਜੇ ਨੂੰ ਤਾਅਨੇ, ਮਿਹਣੇ ਵੀ ਦੇਣ ਲੱਗਦੀਆਂ ਹਨ। ਦੋ ਧਿਰਾਂ ਦੇ ਝਗੜੇ ਨੂੰ ਏਨਾ ਰੌਚਕ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਕਿ ਉਨ੍ਹਾਂ ਦੇ ਝਗੜੇ ਵਿੱਚੋਂ ਗੀਤ ਗਾਉਣ ਤੇ ਸੁਣਨ ਵਾਲਿਆਂ ਨੂੰ ਆਨੰਦ ਮਿਲਦਾ ਹੈ। ਕਵੀਸ਼ਰ ਆਪਣੇ ਆਲੇ-ਦੁਆਲੇ ਜੋ ਕੁਝ ਵਾਪਰਦਾ ਦੇਖਦੇ ਹਨ, ਉਸ ਨੂੰ ਸਹਿਜ ਸੁਭਾਅ ਝੇੜਿਆਂ ਵਿੱਚ ਪੇਸ਼ ਕਰਦੇ ਹਨ ਅਤੇ ਨਾਲ ਹੀ ਰਚਨਾ ਦੇ ਅਖ਼ੀਰ ’ਤੇ ਆਪਣੇ ਵੱਲੋਂ ਕੋਈ ਨਾ ਕੋਈ ਸਿੱਖਿਆ ਵੀ ਦੇ ਜਾਂਦੇ ਹਨ। ਕੁਝ ਝੇੜੇ ਜਿਹੜੇ ਲਿਖਤੀ ਰੂਪ ਵਿੱਚ ਸਾਹਮਣੇ ਆ ਚੁੱਕੇ ਹਨ, ਉਨ੍ਹਾਂ ਦੇ ਰਚਨਹਾਰਿਆਂ ਦੇ ਨਾਂ, ਨਾਲ ਦਰਜ ਹਨ। ਕਈ ਝੇੜੇ ਅਜਿਹੇ ਹਨ ਜਿਨ੍ਹਾਂ ਦੇ ਰਚਨਹਾਰਿਆਂ ਦਾ ਨਾਂ ਉਨ੍ਹਾਂ ਨਾਲੋਂ ਲੋਪ ਹੋ ਚੁੱਕਾ ਹੈ, ਉਨ੍ਹਾਂ ਝੇੜਿਆਂ ਨੂੰ ਗਾਉਣ ਵਾਲੇ ਆਪਣੀ ਸੂਝ ਮੁਤਾਬਕ ਸੋਧ ਕੇ ਅਤੇ ਹੋਰ ਸੋਹਣਾ ਬਣਾ ਕੇ ਪੇਸ਼ ਕਰਦੇ ਹਨ। ਇਸ ਤਰ੍ਹਾਂ ਇਹ ਝੇੜੇ ਲੋਕ-ਕਾਵਿ ਦਾ ਅੰਗ ਬਣ ਜਾਂਦੇ ਹਨ। ਪੰਜਾਬੀ ਦੇ ਪ੍ਰਮੁੱਖ ਝੇੜੇ ਦਾਨਾ, ਚਤੁਰ ਦਾਸ, ਬਾਹੂ ਬ੍ਰਾਹਮਣ, ਨਰੈਣ ਸਿੰਘ, ਅਰਜਨ ਸਿੰਘ ਮੈੜ ਰਾਜਪੂਤ, ਛੱਜੂ ਸਿੰਘ, ਗੁਰਦਿੱਤ ਸਿੰਘ, ਬੂਟਾ ਸਿੰਘ ਅਤੇ ਦੀਪ ਚੰਦ ਆਦਿ ਨੇ ਲਿਖੇ ਹਨ। ਝੇੜਾਕਾਰ ਰਚਨਾ ਕਰਦੇ ਸਮੇਂ ਆਪਣੇ ਸਰੋਤਿਆਂ ਨੂੰ ਮੁੱਖ ਰੱਖਦੇ ਹਨ ਭਾਵ ਉਹ ਸੁਣਨ ਵਾਲਿਆਂ ਦੀ ਪਸੰਦ-ਨਾ ਪਸੰਦ ਦਾ ਪੂਰਾ ਖਿਆਲ ਰੱਖ ਕੇ ਉਨ੍ਹਾਂ ਦੀ ਬੋਲੀ ਵਿੱਚ, ਉਨ੍ਹਾਂ ਦੇ ਰਹਿਣ-ਸਹਿਣ ਦੇ ਢੰਗ ਮੁਤਾਬਕ ਸਮੇਂ ਦੇ ਮਾਮਲਿਆਂ ਨੂੰ ਆਧਾਰ ਬਣਾ ਕੇ ਜ਼ਿੰਦਗੀ ਦੇ ਸੱਚ ਨੂੰ ਪੇਸ਼ ਕਰਨ ਵਾਲੇ ਪੱਖਾਂ ’ਤੇ ਚੋਟ ਮਾਰਦੇ ਹਨ ਭਾਵ ਉਹ ਆਪਣੀ ਰਚਨਾ ਦਾ ਵਿਸ਼ਾ ਸਮਾਜਿਕ ਜੀਵਨ ਵਿੱਚੋਂ ਲੈਂਦੇ ਹਨ। ਸਮਾਜ ਵਿੱਚ ਜਿਨ੍ਹਾਂ ਵਸਤਾਂ ਜਾਂ ਰਿਸ਼ਤਿਆਂ ਵਿੱਚ ਆਪਸੀ ਮੱਤਭੇਦ ਹੁੰਦੇ, ਉਹ ਉਨ੍ਹਾਂ ਨੂੰ ਆਪਣੀ ਰਚਨਾ ਦਾ ਆਧਾਰ ਬਣਾਉਂਦੇ ਹਨ। ਅਜਿਹਾ ਕਰਨ ਲਈ ਉਹ ਕਵਿਤਾ ਵਿੱਚ ਪ੍ਰਸ਼ਨ-ਉਤਰ ਘੜਦੇ ਤੇ ਨਾਲ-ਨਾਲ ਉਨ੍ਹਾਂ ਵਿੱਚ ਮਨੋਰੰਜਨ ਦੇ ਤੱਤ ਵੀ ਪਾਈ ਜਾਂਦੇ। ਉਹ ਵਿਅੰਗ, ਕਟਾਖਸ਼, ਤਾਅਨੇ-ਮਿਹਣੇ, ਛੇੜਖਾਨੀ ਅਤੇ ਸ਼ਰਾਰਤਾਂ ਦੀ ਸਹਾਇਤਾ ਲੈਂਦੇ। ਇਸ ਲਈ ਸਮਾਜ ਵਿੱਚ ਹੋ ਰਹੇ ਝਗੜਿਆਂ ਤੋਂ ਲੋਕਾਂ ਨੂੰ ਮੁਕਤੀ ਦਿਵਾਉਣ ਲਈ ਕਵੀਸ਼ਰਾਂ ਨੇ ਸ਼ਬਦਾਂ ਦੇ ਝਗੜੇ ਸਿਰਜੇ।ਡਾ. ਰਾਜਵੰਤ ਕੌਰ ਪੰਜਾਬੀ
ਪੰਜਾਬੀ ਦੇ ਬਹੁਤੇ ਵਿਦਵਾਨਾਂ ਵੱਲੋਂ ਸਾਰੇ ਝੇੜਿਆਂ ਵਿੱਚੋਂ ਕਾਨ੍ਹ-ਗੁਜਰੀ ਦੇ ਝੇੜੇ ਸਭ ਤੋਂ ਵੱਧ ਪੁਰਾਣੇ ਮੰਨੇ ਗਏ ਹਨ। ਪੰਜਾਬੀ ਵਿੱਚ ਸਭ ਤੋਂ ਪਹਿਲਾ ਲਿਖਤੀ ਝੇੜਾ ਕਾਨ੍ਹ ਗੁਜਰੀ ਦਾ, ਕਵੀ ਦਾਨਾ ਵੱਲੋਂ ਲਿਖਿਆ ਮਿਲਦਾ ਹੈ ਜੋ ਬਾਦਸ਼ਾਹ ਫਰਖੁਸਿਅਰ ਦੇ ਸਮੇਂ 1713-1719 ਈਸਵੀ ਵਿੱਚ ਵਿੱਚ ਲਿਖਿਆ ਗਿਆ। ਇਹ ਝੇੜਾ ਸਾਰੇ ਝੇੜਿਆਂ ਨਾਲੋਂ ਵੱਡਾ ਹੈ। ਇਸ ਦੇ 1124 ਪਦੇ ਹਨ ਪਰ ਪਿਆਰਾ ਸਿੰਘ ਪਦਮ ਨੇ ਗੋਰਖ ਨਾਥ ਦੀ ਰਚਨਾ ‘ਦੁਆਦਸ ਮਾਤ੍ਰਾ’ ਨੂੰ ਪੰਜਾਬੀ ਦਾ ਸਭ ਤੋਂ ਪੁਰਾਣਾ ਝੇੜਾ ਮੰਨਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬੇਟੇ ਬਾਬਾ ਸ੍ਰੀ ਚੰਦ ਦੇ ਨਾਂ ’ਤੇ ਮਿਲਦੇ ਝੇੜੇ (ਮਾਤ੍ਰਾ ਕਾ ਝਗੜਾ) ਨੂੰ ਦੁਆਦਸ ਮਾਤ੍ਰਾ ਤੋਂ ਬਾਅਦ ਦਾ ਝੇੜਾ ਮੰਨਿਆ ਗਿਆ ਹੈ। ਕਾਨ੍ਹ-ਗੁਜਰੀ ਤੇ ਦਿਉਰ-ਭਰਜਾਈ ਦੇ ਝੇੜਿਆਂ ਵਿੱਚ ਦੋ ਹਾਣੀਆਂ ਦੀ ਕਸ਼ਮਕਸ਼ ਰਾਹੀਂ ਪਿਆਰ ਦੀ ਭਾਵਨਾ ਮੁੱਖ ਰੂਪ ਵਿੱਚ ਉਭਰਦੀ ਹੈ। ਕਾਨ੍ਹ-ਗੁਜਰੀ ਝੇੜਿਆਂ ਦਾ ਆਧਾਰ ਕ੍ਰਿਸ਼ਨ ਲੀਲ੍ਹਾ ਹੈ ਜਿਸ ਵਿੱਚ ਪੇਂਡੂ ਕਵੀਸ਼ਰ ਕ੍ਰਿਸ਼ਨ ਤੇ ਗੋਪੀਆਂ ਦਾ ਸੰਵਾਦ ਦੇਖਦੇ ਸਨ। ਉਸੇ ਸੰਵਾਦ ਨੂੰ ਆਧਾਰ ਬਣਾ ਕੇ ਉਨ੍ਹਾਂ ਨੇ ਕਾਨ੍ਹ-ਗੁਜਰੀ ਦੇ ਝੇੜੇ ਲਿਖੇ। ਜੱਟੀ-ਖਤ੍ਰਾਣੀ ਝੇੜੇ ਵਿੱਚ ਦੋ ਵਰਗਾਂ ਦੇ ਸੰਘਰਸ਼ ਨੂੰ ਪੇਸ਼ ਕੀਤਾ ਗਿਆ ਹੈ। ਸ਼ਰਾਬੀ ਤੇ ਉਸ ਦੀ ਨਾਰ ਝੇੜੇ ਵਿੱਚ ਸ਼ਰਾਬ ਦੀਆਂ ਹਾਨੀਆਂ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਕਈ ਝੇੜਾਕਾਰਾਂ ਨੇ ਰਚਨਾ ਸ਼ੁਰੂ ਕਰਨ ਤੋਂ ਪਹਿਲਾਂ ਮੰਗਲਾਚਰਨ ਵਜੋਂ ਆਪਣੇ ਇਸ਼ਟ ਦੀ ਅਰਾਧਨਾ ਵੀ ਕੀਤੀ ਹੈ। ਅਜਿਹੇ ਝੇੜਿਆਂ ਵਿੱਚੋਂ ‘ਕਥਾ ਸੋਲ੍ਹਾਂ ਸਹੇਲੀਆਂ ਕੀ’ ਅਤੇ ‘ਵਾਰਤਾ ਸੋਲ੍ਹਾਂ ਸਹੇਲੀਆ ਕੀ’ ਪ੍ਰਮੁੱਖ ਹਨ। ਇਨ੍ਹਾਂ ਦੋਵਾਂ ਝੇੜਿਆਂ ਦੇ ਆਰੰਭ ਕ੍ਰਮਵਾਰ ਇਸ ਤਰ੍ਹਾਂ ਹਨ :
-ਸਿਫ਼ਤ ਕਰਉਂ ਕਰਤਾਰ ਦੀ ਜਿਨ ਸਿਰਜਿਆ ਸਭ ਕੋਇ,
ਸਹੰਸ੍ਰ ਅਠਾਰਹ ਆਲਮਾਂ ਰੋਜ਼ੀ ਦੇਂਦਾ ਸੋਇ।
-ਅੱਵਲਿ ਹਮਦ ਖੁਦਾਇ ਕੋ, ਜਿਸ ਕੀਤਾ ਕੁੱਲ ਸੰਸਾਰ,
ਨਬੀ ਮੁਹੰਮਦ ਸਿਰਜਯੋ, ਆਲਮ ਦਾ ਮੁਖਤਯਾਰ।
ਝੇੜਿਆਂ ਦੇ ਅੰਤ ’ਤੇ ਕਵੀਸ਼ਰ ਆਪਣਾ ਨਾਂ ਅਤੇ ਪਤਾ-ਠਿਕਾਣਾ ਵੀ ਦਿੰਦੇ ਰਹੇ ਹਨ। ਨਗਾਹੀਆ ਰਾਮ ਕਵੀਸ਼ਰ ਨੇ ‘ਕਿੱਸਾ ਦੇਬਰ ਭਾਬੀ’ ਵਿੱਚ ਆਪਣਾ ਥਹੁ-ਟਿਕਾਣਾ ਇਉਂ ਦਿੱਤਾ ਹੈ:
ਨਗਰ ਨਗਾਈਏ ਰਾਮ ਕਾ, ਭਾਈ ਕੇ ਜਸਪਾਲ
ਠਾਣਾ ਜ਼ਿਲ੍ਹਾ ਤਹਿਸੀਲ ਜੋ, ਲੁਦੇਹਾਣਾ ਭਾਲ।।
ਝੇੜਿਆਂ ਵਿੱਚ ਤੋਲ-ਤੁਕਾਂਤ ਪੂਰਾ ਕਰਨ ਲਈ ਕਵੀਸ਼ਰ ਸੁਰ ਅਤੇ ਲੈਅ ਮੁਤਾਬਕ ਆਪਣੇ ਛੰਦ ਘੜਦੇ ਸਨ। ਕੋਰੜਾ ਤੇ ਕਬਿੱਤ ਛੰਦ ਕਵੀਸ਼ਰਾਂ ਦੇ ਪਸੰਦੀਦਾ ਛੰਦ ਰਹੇ ਹਨ।
ਪਿੰਡਾਂ ਵਿੱਚ ਪੰਜਾਬੀ ਸੁਆਣੀਆਂ ਵੱਲੋਂ ਵੀ ਕਈ ‘ਝੇੜੇ’ ਚਰਖਾ ਕੱਤਦਿਆਂ, ਤ੍ਰਿੰਞਣਾਂ ਵਿੱਚ, ਵਿਆਹ ਦੀਆਂ ਗੌਣ ਮਹਿਫਿਲਾਂ ਵਿੱਚ ਗਾਏ ਜਾਂਦੇ ਹਨ। ਇਨ੍ਹਾਂ ਝੇੜਿਆਂ ਦਾ ਕੋਈ ਰਚਨਾਕਾਰ ਨਹੀਂ ਮਿਲਦਾ। ਇਹ ਝੇੜੇ ਮੂੰਹੋਂ-ਮੂੰਹ ਆਪਣਾ ਸਫ਼ਰ ਤਹਿ ਕਰਕੇ ਆਏ ਹਨ। ਇਨ੍ਹਾਂ ਵਿੱਚੋਂ ਮਰਦ-ਔਰਤ, ਬ੍ਰਾਹਮਣ-ਬ੍ਰਾਹਮਣੀ, ਹੀਰ ਤੇ ਉਸ ਦੀ ਨਨਾਣ, ਪਤੀ-ਪਤਨੀ ਅਤੇ ਫ਼ੌਜੀ-ਫ਼ੌਜਣ ਆਦਿ ਦੇ ਝੇੜੇ ਪ੍ਰਮੁੱਖ ਹਨ। ਇਹ ਝੇੜੇ ਵੀ ਲੰਮੇ ਕਾਵਿ ਰੂਪਾਂ ਦੀ ਲੜੀ ਵਿੱਚ ਆਉਂਦੇ ਹਨ ਜਿਨ੍ਹਾਂ ਨੂੰ ਦੋ ਜਾਂ ਦੋ ਤੋਂ ਵੱਧ ਸਵਾਣੀਆਂ ਵੱਲੋਂ ਲੰਮੀ ਹੇਕ ਨਾਲ ਗਾਇਆ ਜਾਂਦਾ ਹੈ।
ਕਿਸੇ ਨਵਵਿਆਹੁਤਾ ਪੰਜਾਬਣ ਨੂੰ ਜਦੋਂ ਪਤਾ ਲੱਗਦਾ ਹੈ ਕਿ ਉਸ ਦਾ ਪਤੀ ਆਪਣੀ ਭਾਬੀ ਨੂੰ ਪਿਆਰ ਕਰਦਾ ਹੈ ਤਾਂ ਉਸ ਨੂੰ ਆਪਣਾ ਦੁੱਖ ਵੱਢ-ਵੱਢ ਖਾਣ ਲੱਗਦਾ ਹੈ। ਉਹ ਝੇੜੇ ਰਾਹੀਂ ਪਤੀ ਨੂੰ ਆਪਣੇ ਰੰਗਲੇ ਚੂੜੇ ਦਾ ਵਾਸਤਾ ਪਾਉਂਦੀ ਘਰ ਵਸਾਉਣ ਦੀ ਪ੍ਰੇਰਨਾ ਦਿੰਦੀ ਹੈ :
ਹੱਥੀਂ ਤਾਂ ਚੂੜਾ ਰੰਗਲਾ ਵੇ ਸਿੰਘ ਜੀ
ਸਿਰ ’ਤੇ ਰੱਤੀ ਵੇ ਫੁਲਕਾਰੀ।
ਚੱਲ ਆਪਾਂ ਘਰ ਵਸੀਏ ਵੇ ਸਿੰਘ ਜੀ
ਵੇ ਤੇਰੀ ਕਿਨ ਮੱਤ ਮਾਰੀ ਵੇ …।
ਤੂੰ ਮਹਿਲਾਂ ਵਿੱਚ ਵੱਸ ਨੀਂ ਨਾਜੋ
ਨੀਂ ਸਾਡੀ ਤਾਂ ਲਾਹੌਰ ਦੀ ਤਿਆਰੀ।
ਨੀਂ ਮੇਰੀ ਨੀਂ ਭਾਬੋ ਨਖਰੈਲੋ
ਨੀਂ ਮੇਰੀ ਉਨ ਮਤ ਮਾਰੀ ਨੀਂ …।
ਅਜੋਕੇ ਸਾਹਿਤਕਾਰਾਂ ਨੇ ਆਪਣੀ ਰਚਨਾ ਲਈ ਇਸ ਕਾਵਿ-ਰੂਪ ਨੂੰ ਆਧਾਰ ਨਹੀਂ ਬਣਾਇਆ। ਇਸ ਕਰਕੇ ਇਸ ਕਾਵਿ-ਰੂਪ ਨੇ ਅਜੋਕੇ ਯੁੱਗ ਵਿੱਚ ਬਹੁਤਾ ਵਿਕਾਸ ਨਹੀਂ ਕੀਤਾ।

No comments:
Post a Comment