Thursday, 19 September 2013

ਆਜ਼ਾਦੀ ਦੀ ਸ਼ਮ੍ਹਾ ਦਾ ਪਰਵਾਨਾ ਸ਼ਹੀਦ ਊਧਮ ਸਿੰਘ



ਸਰਦਾਰ ਊਧਮ ਸਿੰਘ ਆਪਣੀ ਜ਼ਿੰਦਗੀ ਦੇ ਸ਼ੁਰੂ ਵਿੱਚ ਹੀ ਆਜ਼ਾਦੀ ਦੀ ਲਹਿਰ ’ਚ ਕੁੱਦ ਪਿਆ। ਉਸ ਨੇ ਜਲਦੀ ਹੀ ਮਹਾਤਮਾ ਗਾਂਧੀ ਅਤੇ ਉਨ੍ਹਾਂ ਦੀ ਸੋਚ ਤੋਂ ਆਪਣੇ-ਆਪ ਨੂੰ ਅੱਡ ਕਰ ਲਿਆ ਅਤੇ ਗ਼ਦਰ ਲਹਿਰ ਨਾਲ ਜੁੜ ਗਿਆ। ਡਾਇਰੈਕਟਰ ਇੰਟੈਲੀਜੈਂਸ ਬਿਊਰੋ (ਹੋਮ ਵਿਭਾਗ, ਭਾਰਤ ਸਰਕਾਰ) ਵੱਲੋਂ ਸਾਲ 1934 ਵਿੱਚ ਗ਼ਦਰ ਡਾਇਰੈਕਟਰੀ ਜਾਰੀ ਕੀਤੀ ਗਈ ਸੀ ਜਿਸ ਵਿੱਚ ਉਨ੍ਹਾਂ ਦੇ ਨਾਂ ਸ਼ਾਮਲ ਕੀਤੇ ਗਏ ਜਿਨ੍ਹਾਂ ਨੇ ਅਮਰੀਕਾ, ਯੂਰਪ, ਅਫ਼ਗਾਨਿਸਤਾਨ ਅਤੇ ਭਾਰਤ ਵਿੱਚ ਗ਼ਦਰ ਲਹਿਰ ਵਿੱਚ ਹਿੱਸਾ ਲਿਆ। ਊਧਮ ਸਿੰਘ ਦਾ ਨਾਂ ਇਸ ਡਾਇਰੈਕਟਰੀ ਵਿੱਚ ਨੰਬਰ ਐੱਸ.44 (ਪੰਨਾ 267) ’ਤੇ ਦਰਜ ਹੈ। ਇਸ ਅਨੁਸਾਰ ਉਹ ਸ਼ੇਰ ਸਿੰਘ, ਉਦੇ ਸਿੰਘ, ਫਰੈਂਕ ਬਰਾਜ਼ੀਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਹ ਅਮਰੀਕਾ ਵਿੱਚ ਰਹਿਣ ਸਮੇਂ ਗ਼ਦਰ ਪਾਰਟੀ ਦੇ ਸੰਪਰਕ ਵਿੱਚ ਆਇਆ ਤੇ ਇਸ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਤ ਹੋਇਆ।

ਗ਼ਦਰ ਦਾ ਪਹਿਲਾ ਅੰਕ ਉਰਦੂ ਵਿੱਚ ਛਪਿਆ ਸੀ। ਇੱਕ ਮਹੀਨੇ ਬਾਅਦ ਗੁਰਮੁਖੀ ਐਡੀਸ਼ਨ ਛਪਿਆ ਅਤੇ ਮਗਰੋਂ ਬੰਗਾਲੀ, ਹਿੰਦੀ ਤੇ ਗੁਜਰਾਤੀ ਵਿੱਚ ਇਸ ਨੂੰ ਛਾਪਿਆ ਗਿਆ।
ਗ਼ਦਰ ਅਖ਼ਬਾਰ ਨੇ ਹਿੰਦੂ-ਮੁਸਲਮਾਨ ਦੋਵਾਂ ਨੂੰ ਅਪੀਲ ਕੀਤੀ ਕਿ ਉਹ ਆਰਥਿਕ ਮਾਮਲਿਆਂ ਉੱਪਰ ਵੱਧ ਧਿਆਨ ਦੇਣ ਕਿਉਂਕਿ ਉਨ੍ਹਾਂ ਦਾ ਸਭ ਲੋਕਾਂ ਦੀ ਜ਼ਿੰਦਗੀ ਉੱਤੇ ਇੱਕੋ ਜਿਹਾ ਪ੍ਰਭਾਵ ਪੈਂਦਾ ਹੈ। ਪਲੇਗ ਨਾਲ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਮਰ ਰਹੇ ਹਨ। ਕਾਲ ਪੈ ਜਾਣ ’ਤੇ ਦੋਵੇਂ ਹੀ ਅੰਨ ਤੋਂ ਵਾਂਝੇ ਰਹਿੰਦੇ ਹਨ। ਵਗਾਰ ਵਾਸਤੇ ਜ਼ੋਰ-ਜ਼ਬਰਦਸਤੀ ਦੋਵਾਂ ਨਾਲ ਕੀਤੀ ਜਾਂਦੀ ਹੈ ਅਤੇ ਦੋਵਾਂ ਨੂੰ ਹੀ ਵੱਧ ਉੱਚੀਆਂ ਦਰਾਂ ਦਾ ਭੂਮੀ ਲਗਾਨ ਅਤੇ ਪਾਣੀ ਟੈਕਸ ਦੇਣਾ ਪੈਂਦਾ ਹੈ। ਇਹ ਸਮੱਸਿਆ ਹਿੰਦੂ ਬਨਾਮ ਮੁਸਲਮਾਨ ਦੀ ਨਹੀਂ ਸਗੋਂ ਭਾਰਤੀ ਬਨਾਮ ਅੰਗਰੇਜ਼ ਲੋਟੂਆਂ ਦੀ ਹੈ।
ਮਾਈਕਲ ਓਡਵਾਇਰ ਨੇ ਆਪਣੀ ਕਿਤਾਬ ’ਚ ਲਿਖਿਆ ਕਿ ਗ਼ਦਰ ਅਖ਼ਬਾਰ ਪੰਜਾਬ ਤੇ ਵਿਦੇਸ਼ਾਂ ’ਚ ਵੱਸਦੇ ਸਿੱਖਾਂ ਵਿਚਕਾਰ ਬਗ਼ਾਵਤ ਦੇ ਧਰਮ ਸਿਧਾਂਤ ਨੂੰ ਫੈਲਾਉਣ ਲਈ ਵਰਤਿਆ ਜਾਂਦਾ ਸੀ।
ਰਾਕੇਸ਼ ਕੁਮਾਰ, ਮੋਬਾਈਲ: 97792-32276
ਕਰਤਾਰ ਸਿੰਘ ਸਰਾਭਾ ਊਧਮ ਸਿੰਘ ਦਾ ਵੀ ਆਦਰਸ਼ ਸੀ। ਊਧਮ ਸਿੰਘ ਜਿਹੜੇ ਕਾਗਜ਼ 5 ਜੂਨ 1940 ਨੂੰ ਅਦਾਲਤ ਵਿੱਚ ਲੈ ਕੇ ਗਿਆ ਉਸ ਵਿੱਚ ਉਹ ਪੰਜਾਬੀ ਲਾਈਨਾਂ ਆਪਣੇ ਹੱਥ ਨਾਲ ਲਿਖੀਆਂ ਹੋਈਆਂ ਸਨ ਜਿਹੜੀਆਂ ਕਰਤਾਰ ਸਿੰਘ ਸਰਾਭਾ ਨੂੰ ਪਸੰਦ ਸਨ ਅਤੇ ਉਹ ਅਕਸਰ ਗੁਣਗੁਣਾਉਂਦਾ ਸੀ:
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ,
ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਧਰਏ,
ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।

ਬੱਬਰ ਅਕਾਲੀ ਲਹਿਰ ਇਨਕਲਾਬੀ ਲਹਿਰ ਗ਼ਦਰ ਪਾਰਟੀ ਦਾ ਹੀ ਅਗਲਾ ਰੂਪ ਸੀ ਜਿਸ ਦੇ ਇਨਕਲਾਬੀਆਂ ਨੇ ਗ਼ਦਰੀਆਂ ਵਾਂਗ ਕੁਰਬਾਨੀਆਂ ਦਿੱਤੀਆਂ ਅਤੇ ਫ਼ਾਂਸੀਆਂ ਦੇ ਰੱਸੇ ਚੁੰਮੇ ਸਨ। ਇਤਿਹਾਸਕਾਰਾਂ ਅਨੁਸਾਰ ਜਦੋਂ ਮਾਸਟਰ ਮੋਤਾ ਸਿੰਘ ਅਫ਼ਗਾਨਿਸਤਾਨ ਵਿੱਚ ਗ਼ਦਰੀ ਸੰਗਰਾਮੀਆਂ ਨਾਲ ਸੰਪਰਕ ਕਰਨ ਲਈ ਪਹੁੰਚੇ ਸਨ ਤਾਂ ਲੈਨਿਨ ਦੀ ਅਗਵਾਈ ਵਾਲੀ ਬਾਲਸਿਵਿਕ ਪਾਰਟੀ, ਜਿਸ ਨੇ ਕਿਰਤੀਆਂ ਨੂੰ ਜਥੇਬੰਦ ਕਰ ਕੇ ਸਫ਼ਲ ਇਨਕਲਾਬ ਕੀਤਾ ਸੀ, ਦੇ ਕੁਝ ਬਾਲਸਿਵਿਕ ਰੂਸ ਦੇ ਗੁਆਂਢ ਵਿੱਚ ਪੈਂਦੇ ਅਫ਼ਗਾਨਿਸਤਾਨ ਵਿੱਚ ਗੁਪਤ ਰੂਪ ’ਚ ਕੰਮ ਕਰ ਰਹੇ ਸਨ। ਮੋਤਾ ਸਿੰਘ ਤੇ ਉਸ ਦੇ ਨਾਲ ਊਧਮ ਸਿੰਘ ਨੇ ਵੀ ਬਾਲਸਿਵਿਕ ਇਨਕਲਾਬ ਵਿਚਾਰਧਾਰਾ ਤੋਂ ਬੜੀ ਪ੍ਰੇਰਨਾ ਹਾਸਲ ਕੀਤੀ।
ਕੂਚਾ ਕੋੜੀਆਂ ਵਾਲਾ (ਰੀਂਗਣ ਗਲੀ) ਅੰਮ੍ਰਿਤਸਰ ਜਿੱਥੇ ਡਾਇਰ ਵੱਲੋਂ ਰੀਂਗ ਕੇ ਲੰਘਣ ਦਾ ਹੁਕਮ ਲਾਗੂ ਕੀਤਾ ਗਿਆ ਸੀ।
ਊਧਮ ਸਿੰਘ, ਭਗਤ ਸਿੰਘ ਨੂੰ ਆਪਣਾ ਸਭ ਤੋਂ ਵਧੀਆ ਦੋਸਤ ਸਮਝਦਾ ਸੀ ਉਸ ਨੇ 30 ਮਾਰਚ 1940 ਨੂੰ ਬਰਿਕਸਟਨ ਜੇਲ੍ਹ ’ਚੋਂ ਜੌਹਲ ਸਿੰਘ ਨੂੰ ਲਿਖੇ ਪੱਤਰ ’ਚ ਲਿਖਿਆ ਸੀ: ‘‘ਮੈਂ ਮਰਨ ਤੋਂ ਕਦੇ ਵੀ ਨਹੀਂ ਡਰਿਆ ਸੋ ਮੈਂ ਜਲਦੀ ਹੀ ਮੌਤ ਨਾਲ ਵਿਆਹ ਕਰ ਲਵਾਂਗਾ। ਮੈਨੂੰ ਇਸ ਬਾਰੇ ਕੋਈ ਅਫ਼ਸੋਸ ਨਹੀਂ ਕਿਉਂਕਿ ਮੈਂ ਆਪਣੇ ਦੇਸ਼ ਦਾ ਸਿਪਾਹੀ ਹਾਂ। ਇਸ ਨੂੰ 10 ਸਾਲ ਹੋ ਗਏ ਸਨ ਜਦੋਂ ਮੇਰਾ ਸਭ ਤੋਂ ਵਧੀਆ ਦੋਸਤ ਮੈਨੂੰ ਪਿੱਛੇ ਛੱਡ ਕੇ ਚਲਾ ਗਿਆ ਅਤੇ ਮੇਰਾ ਯਕੀਨ ਹੈ ਕਿ ਮੇਰੇ ਮਰਨ ਤੋਂ ਬਾਅਦ ਮੈਂ ਉਸ ਨੂੰ ਮਿਲਾਂਗਾ ਕਿਉਂਕਿ ਉਹ ਮੇਰਾ ਇੰਤਜ਼ਾਰ ਕਰ ਰਿਹਾ ਹੈ। ਇਹ 23 ਤਾਰੀਖ਼ ਸੀ ਅਤੇ ਮੇਰੀ ਉਮੀਦ ਹੈ ਕਿ ਇਹ ਮੈਨੂੰ ਵੀ ਉਸੇ ਤਾਰੀਕ ਨੂੰ ਹੀ ਫ਼ਾਂਸੀ ਦੇਣਗੇ।’’
ਊਧਮ ਸਿੰਘ ਨੇ 5 ਅਪਰੈਲ 1940 ਨੂੰ ਬਰਿਕਸਟਨ ਜੇਲ੍ਹ ’ਚੋਂ ਲਿਖੇ ਇੱਕ ਹੋਰ ਪੱਤਰ ’ਚ ਭਗਤ ਸਿੰਘ ਸਬੰਧੀ ਲਿਖਿਆ: ‘‘…ਮੇਰਾ ਪਿਆਰਾ ਦੋਸਤ ਸਿਰਫ਼ ਇੱਕ ਹੀ ਜਿਹੜਾ ਮੈਂ ਬਣਾਇਆ ਮੈਨੂੰ ਪਿੱਛੇ ਛੱਡ ਗਿਆ ਹੈ। ਮੈਂ ਨਹੀਂ ਕਿਹਾ ਪਰ ਕਹਿਣਾ ਚਾਹਾਂਗਾ ਅਤੇ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਨਹੀਂ ਦੱਸਿਆ ਪਰ ਉਸ ਤੋਂ ਬਿਨਾਂ ਜਿਉਣ ਦਾ ਕੋਈ ਫ਼ਾਇਦਾ ਨਹੀਂ। ਉਸ ਨੂੰ ਫਾਂਸੀ ਦਿੱਤੀ ਗਈ ਸੀ ਅਤੇ ਉਹ ਆਪਣੇ ਵਧੀਆ ਦੋਸਤ ਨੂੰ ਪਿੱਛੇ ਛੱਡ ਗਿਆ। ਇਸ ਕਰਕੇ ਜਿਵੇਂ ਉਹ ਗਿਆ ਮੈਂ ਵੀ ਉਵੇਂ ਹੀ ਮਰਨਾ ਚਾਹੁੰਦਾ ਹਾਂ। ਪਰ ਉਸ ਨੂੰ ਰਾਤ ਨੂੰ ਫਾਂਸੀ ਦਿੱਤੀ ਗਈ ਸੀ, ਮੈਨੂੰ ਹੋ ਸਕਦਾ ਹੈ ਸਵੇਰੇ ਮਿਲੇ…।’’

ਦੇਸ਼ ਦੀ ਆਜ਼ਾਦੀ ਲਈ ਆਪਣੀ ਜ਼ਿੰਦਗੀ ਕੁਰਬਾਨ ਕਰਨ ਵਾਲੇ ਮੁਹੰਮਦ ਸਿੰਘ ਆਜ਼ਾਦ ਉਰਫ਼ ਊਧਮ ਸਿੰਘ ਦਾ ਜਨਮ ਸੁਨਾਮ ਕਸਬੇ ਵਿੱਚ ਇੱਕ ਗ਼ਰੀਬ ਪਰਿਵਾਰ ਵਿੱਚ 26 ਦਸੰਬਰ 1899 ਬਿਕਰਮੀ ਸੰਮਤ ਮੁਤਾਬਕ 1957 ਬਿਕਰਮੀ 13 ਪੋਹ ਨੂੰ ਹੋਇਆ।

ਊਧਮ ਸਿੰਘ ਦੇ ਪਿਤਾ ਦਾ ਨਾਂ ਚੂਹੜ ਅਤੇ ਮਾਤਾ ਦਾ ਨਾਂ ਨਰੈਣੀ ਸੀ। ਸ੍ਰੀ ਚੂਹੜ ਕੰਬੋਜ ਬਰਾਦਰੀ ਨਾਲ ਸਬੰਧਤ ਸਨ ਜਿਨ੍ਹਾਂ ਦਾ ਗੋਤ ਜੰਮੂ ਸੀ। ਊਧਮ ਸਿੰਘ ਦੇ ਬਚਪਨ ਦਾ ਨਾਂ ਸ਼ੇਰ ਸਿੰਘ ਸੀ। ਊਧਮ ਸਿੰਘ ਦਾ ਇੱਕ ਵੱਡਾ ਭਰਾ ਸੀ ਜਿਸ ਦਾ ਨਾਂ ਸਾਧੂ ਸਿੰਘ ਸੀ ਜੋ ਉਮਰ ਵਿੱਚ ਉਸ ਨਾਲੋਂ ਤਿੰਨ ਸਾਲ ਵੱਡਾ ਸੀ।
ਸ੍ਰੀ ਚੂਹੜ ਅੰਮ੍ਰਿਤ ਛਕਿਆ ਸੀ। ਉਨ੍ਹਾਂ ਆਪਣਾ ਨਾਂ ਚੂਹੜ ਸਿੰਘ ਤੋਂ ਬਦਲ ਕੇ ਟਹਿਲ ਸਿੰਘ ਰੱਖਿਆ। ਸਰਦਾਰ ਟਹਿਲ ਸਿੰਘ ਇੱਕ ਗ਼ਰੀਬ ਕਿਸਾਨ ਸੀ ਜਿਸ ਕੋਲ ਥੋੜ੍ਹੀ ਜਿਹੀ ਬੰਜਰ ਜ਼ਮੀਨ ਸੀ। ਆਪਣੇ ਬੱਚਿਆਂ ਦਾ ਢਿੱਡ ਭਰਨ ਲਈ ਉਸ ਨੇ ਕਈ ਛੋਟੇ-ਮੋਟੇ ਧੰਦੇ ਅਪਣਾਏ। ਸ਼ੇਰ ਸਿੰਘ ਅਜੇ ਤਿੰਨ ਸਾਲਾਂ ਦਾ ਹੀ ਸੀ ਜਦੋਂ ਉਸ ਦੀ ਮਾਂ ਦੀ ਮੌਤ ਹੋ ਗਈ। ਇੱਕ ਨਾ ਸਹਿਣਯੋਗ ਘਟਨਾ ਵਾਪਰ ਗਈ, ਘਰ ਤਬਾਹ ਹੋ ਗਿਆ, ਮਾਂ ਦੀ ਮੌਤ ਤੋਂ ਬਾਅਦ ਦੋਵੇਂ ਭਰਾਵਾਂ ਦੇ ਪਾਲਣ-ਪੋਸ਼ਣ ਦਾ ਭਾਰ ਪਿਤਾ ’ਤੇ ਆ ਗਿਆ।
ਸੰਨ 1938 ਦੇ ਲਾਗੇ ਊਧਮ ਸਿੰਘ ਦੀ ਤਸਵੀਰ
ਟਹਿਲ ਸਿੰਘ ਨੇ ਆਪਣੀ ਹਾਲਤ ਵਿਗੜਦੀ ਦੇਖ ਕੇ ਆਪਣੇ ਦੋਵੇਂ ਬੱਚਿਆਂ ਨੂੰ ਸਾਧੂ ਨੂੰ ਸੌਂਪਣ ਦਾ ਫ਼ੈਸਲਾ ਕੀਤਾ। ਸਾਧੂ ਦੋਵੇਂ ਬੱਚਿਆਂ ਨੂੰ ਆਪਣੇ ਨਾਲ ਰੱਖਣ ਲਈ ਸਹਿਮਤ ਹੋ ਗਏ ਅਤੇ ਉਸ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਨ੍ਹਾਂ ਨੂੰ ਬਠਿੰਡਾ ਲਾਗੇ ਆਪਣੇ ਵੱਡੇ ਡੇਰੇ ਲੈ ਜਾਣਗੇ ਤੇ ਆਪਣੇ ਚੇਲੇ ਬਣਾ ਲੈਣਗੇ।

ਚੰਚਲ ਸਿੰਘ, ਜਿਹੜਾ ਸੁਨਾਮ ਦਾ ਰਹਿਣ ਵਾਲਾ ਸੀ ਅਤੇ ਟਹਿਲ ਸਿੰਘ ਦੇ ਨੇੜੇ ਦਾ ਰਿਸ਼ਤੇਦਾਰ ਸੀ, ਉਸ ਵੇਲੇ ਅੰਮ੍ਰਿਤਸਰ ’ਚ ਰਾਗੀ ਸੀ। ਇੱਕ ਦਿਨ ਚੰਚਲ ਸਿੰਘ ਆਪਣੇ ਸਾਥੀਆਂ ਨਾਲ ਤਾਂਗੇ ’ਚ ਸ਼ਬਦ ਕੀਰਤਨ ਤੋਂ ਬਾਅਦ ਵਾਪਸ ਆ ਰਿਹਾ ਸੀ ਤਾਂ ਉਸ ਨੇ ਬੱਚਿਆਂ ਨੂੰ ਪਛਾਣ ਲਿਆ ਕਿ ਇਹ ਟਹਿਲ ਸਿੰਘ ਦੇ ਬੱਚੇ ਨੇ। ਉਸ ਨੇ ਬੱਚਿਆਂ ਨੂੰ ਆਪਣੇ ਕੋਲ ਰੱਖਿਆ ਤੇ ਟਹਿਲ ਸਿਘ ਨੂੰ ਰਾਮਬਾਗ ਹਸਪਤਾਲ ’ਚ ਦਾਖਲ ਕਰਵਾ ਦਿੱਤਾ। ਉਸ ਸਮੇਂ ਡਾਕਟਰ ਸਰੂਪ ਸਿੰਘ ਡਿਊਟੀ ਉੱਤੇ ਸੀ। ਉਸ ਨੇ ਟਹਿਲ ਸਿੰਘ ਦਾ ਚੈਕਅੱਪ ਕੀਤਾ ਅਤੇ ਚੰਚਲ ਸਿੰਘ ਨੂੰ ਯਕੀਨ ਦਿਵਾਇਆ ਕਿ ਇਹ ਜਲਦੀ ਠੀਕ ਹੋ ਜਾਵੇਗਾ ਪਰ ਟਹਿਲ ਸਿੰਘ ਦੀ ਅਚਾਨਕ ਹਾਲਤ ਜ਼ਿਆਦਾ ਗੰਭੀਰ ਹੋ ਗਈ। ਉਹ ਹਸਪਤਾਲ ’ਚ ਇੱਕ ਰਾਤ ਤੋਂ ਵੱਧ ਨਹੀਂ ਕੱਟ ਸਕਿਆ। ਦੋਵੇਂ ਬੱਚੇ ਅਨਾਥ ਹੋ ਗਏ। ਉਸ ਵੇਲੇ ਊਧਮ ਸਿੰਘ ਦੀ ਉਮਰ ਪੰਜ ਸਾਲ ਸੀ।

‘‘ਹਾਏ ਗੁਲਾਮੀ ਮੇਰੀ ਅਰਜ਼ ਕਬੂਲ ਕਰੀ…
ਪਰ ਰੱਬਾ ਦੁਸ਼ਮਣ ਨੂੰ ਹੀ ਨਸੀਬ ਕਰੀ ਗੁਲਾਮੀ ਗੁਲਾਮੀ ਗੁਲਾਮੀ
ਜਿਸ ਘਰ ਦੇ ਵਿੱਚ ਏਹ ਆਂਦੀ ਏ ਉਸ ਦਾ ਦੀਨ ਈਮਾਨ ਗਵਾਂਦੀ ਹੈ।
ਸਕੇ ਭਾਈਆ ਭਾਈ ਕਟਵਾਦੀ ਏ ਗੁਲਾਮੀ ਆਪਸ ਵਿੱਚ…
ਸ੍ਰੀ ਵਾਹਿਗੁਰੂ-ਈਸ਼ਵਰ ਤੋਂ ਡਰੋਂ ਰਲ ਕੇ ਦੇਸ਼ ਆਪਨੇ ਦੀ ਦੂਰ ਕਰੋ ਗੁਲਾਮੀ
ਸ਼ੇਰ ਜੰਗਲ ਵਿੱਚ ਹੋਂਦਾ ਏ ਜਦ ਪਿੰਜਰੇ ਵਿੱਚ ਆਉਂਦਾ ਏ।
ਉਸ ਨੂੰ ਬਾਂਦਰ ਵਾਂਗ ਨਚਾਂਦੀ ਏ- ਗੁਲਾਮੀ’’
- ਊਧਮ ਸਿੰਘ

‘‘ਹਿੰਦੋਸਤਾਨ ਦੀ ਆਜ਼ਾਦੀ ਦੀ ਜੰਗ ਦੇ ਉਨ੍ਹਾਂ ਬਹਾਦਰ ਸ਼ਹੀਦਾਂ ਨੂੰ ਮੈਂ ਸ਼ਰਧਾਂਜਲੀ ਭੇਟ ਕਰਦਾ ਹਾਂ ਜਿਨ੍ਹਾਂ ਨੇ ਆਪਣਾ ਖ਼ੂਨ ਦੇ ਕੇ ਆਜ਼ਾਦੀ ਦੇ ਝੰਡੇ ਨੂੰ ਉੱਚਿਆਂ ਕੀਤਾ। ਉਨ੍ਹਾਂ ਦੇ ਆਜ਼ਾਦ ਆਦਰਸ਼ ਨੂੰ ਅਪਨਾਉਂਦੇ ਹੋਏ ਅਸੀਂ ਹਕੂਮਤ ਦੇ ਹਰ ਵਾਰ ਅਤੇ ਕਹਿਰ ਨੂੰ ਛਾਤੀਆਂ ’ਤੇ ਝੱਲਾਂਗੇ। ਅੰਗਰੇਜ਼ ਸਾਮਰਾਜ ਨਾਲ ਸਾਡਾ ਸਮਝੌਤਾ ਅਸੰਭਵ ਹੈ। ਇਸ ਵਿਰੁੱਧ ਸਾਡੀ ਜੰਗ ਦਾ ਉਸ ਵੇਲੇ ਅੰਤ ਹੋਵੇਗਾ ਜਦ ਸਾਡੀ ਜਿੱਤ ਦਾ ਕੌਮੀ ਝੰਡਾ ਭਾਰਤ ਵਿੱਚ ਬ੍ਰਿਟਿਸ਼ ਸਾਮਰਾਜ ਦੀ ਕਬਰ ’ਤੇ ਝੂਲੇਗਾ।’’
- ਊਧਮ ਸਿੰਘ

ਅਸਲ ਵਿੱਚ ਪਹਿਲਾਂ ਘਰ ਤੇ ਬਾਅਦ ’ਚ ਯਤੀਮਖਾਨੇ ਘਰ ਦੇ ਮਾਹੌਲ ਨੇ ਉਸ ਵਿੱਚ ਅਨਿਆਂ ਤੇ ਜ਼ੁਲਮ ਖ਼ਿਲਾਫ਼ ਜਦੋਜਹਿਦ ਲਈ ਸ਼ਰਧਾ ਪੈਦਾ ਕੀਤੀ ਤੇ ਨਾਲੇ ਕਿਸੇ ਵੀ ਕੁਰਬਾਨੀ ਲਈ ਤਿਆਰ ਰਹਿਣ ਦੀ ਭਾਵਨਾ ਵੀ। ਉਸ ਨੇ 1919 ਵਿੱਚ ਯਤੀਮਖਾਨਾ ਛੱਡ ਦਿੱਤਾ।

‘‘ਇਨਕਲਾਬ ਦੇ ਅਰਥ ਹਨ, ਬਦੇਸ਼ੀ ਖ਼ੂਨੀ ਜਬਾੜ੍ਹਿਆਂ ਤੋਂ ਛੁਟਕਾਰਾ। ਲੁੱਟ-ਖਸੁੱਟ ਅਤੇ ਉਸ ਨਿਜ਼ਾਮ ਦਾ ਅੰਤ ਜੋ ਅਮੀਰ ਨੂੰ ਹੋਰ ਅਮੀਰ ਬਣਾਉਣ ਅਤੇ ਗ਼ਰੀਬ ਨੂੰ ਕੰਗਾਲੀ ਦੇ ਪੁੜਾਂ ’ਚ ਪੀਸੇ ਜਾਣ ਲਈ ਮਜਬੂਰ ਕਰਦਾ ਹੈ। ਸਾਮਰਾਜੀ ਨਿਜ਼ਾਮ ਕਾਰਨ ਲਖੂਖਾਂ ਕਿਰਤੀ, ਕੁੱਲੀ, ਗੁੱਲੀ, ਜੁੱਲੀ, ਵਿੱਦਿਆ ਅਤੇ ਇਲਾਜ ਤਕ ਦੀਆਂ ਬੁਨਿਆਦੀ ਲੋੜਾਂ ਦੇ ਮੁਹਤਾਜ ਹਨ। ਕਿਹੜਾ ਐਸਾ ਪੱਥਰ ਦਿਲ ਮਨੁੱਖ ਹੈ ਕਿਰਤੀਆਂ ਕਿਸਾਨਾਂ ਦੀ ਬੇਵੱਸੀ ਅਤੇ ਲਾਚਾਰੀ ਨੂੰ ਵੇਖ ਕੇ ਜਿਸ ਦਾ ਖ਼ੂਨ ਉਬਲ ਨਹੀਂ ਪੈਂਦਾ। ਕਹਿਣ ਹੈ ਯਾਰੋ! ਜਿਹੜਾ ਆਪਣੀ ਜ਼ਿੰਦਗੀ ਅਤੇ ਖ਼ੂਨ ਨਾਲ ਸਰਮਾਏਦਾਰੀ ਦੇ ਮਹੱਲ ਉਸਾਰਦਾ ਹੈ ਉਹ ਆਪ ਰਾਤ ਨੂੰ ਢਿੱਡੋਂ ਖਾਲੀ ਤੇ ਕੇਵਲ ਆਕਾਸ਼ ਦੀ ਛੱਤ ਥੱਲੇ ਸੌਵੇਂ। ਅਜਿਹੇ ਨਿਜ਼ਾਮ ਨੂੰ ਸਾੜ ਕੇ ਸੁਆਹ ਕਿਉਂ ਨਹੀਂ ਕਰ ਦਿੱਤਾ ਜਾਂਦਾ। ਹੁਣ ਤਾਂ ਇਨਕਲਾਬ, ਇਨਕਲਾਬ ਦੇ ਵਹਿਣ ’ਤੇ ਖੜ੍ਹਾ ਹੈ। ਅਸੀਂ ਕਰੋੜਾਂ ਲੋਕੀਂ ਜਿਹੜੇ ਬਦੇਸ਼ੀ ਅੱਗ ਵਿੱਚ ਧੁਖ਼ ਰਹੇ ਹਾਂ ਜੇਕਰ ਅਸੀਂ  ਆਪਣੀ ਕਿਸਮਤ ਦੇ ਆਪ ਕਰਿੰਦੇ ਬਣ ਜਾਈਏ ਤਾਂ ਇਸ ਦਾ ਸਿੱਟਾ ਇਨਕਲਾਬ ਹੋਵੇਗਾ ਅਤੇ ਇਹੋ ਇਨਕਲਾਬ ਸਾਡੀ ਆਜ਼ਾਦੀ ਦੀ ਜਾਮਨੀ ਹੈ।’’
- ਊਧਮ ਸਿੰਘ

ਊਧਮ ਸਿੰਘ ਸਬੰਧੀ ਪਹਿਲਾਂ ਮੌਜੂਦ ਜਾਣਕਾਰੀ ਤੇ ਜੂਨ 1997 ਵਿੱਚ ਊਧਮ ਸਿੰਘ ਦੇ ਸਬੰਧ ਵਿੱਚ ਬ੍ਰਿਟਿਸ਼ ਡਾਕੂਮੈਂਟਸ ਜਾਰੀ ਹੋਣ ਨਾਲ ਉਸ ਬਾਰੇ ਹੋਰ ਵਧੇਰੇ ਜਾਣਕਾਰੀ ਦਾ ਪਤਾ ਲੱਗਿਆ ਹੈ ਪਰ ਕਿਤੇ ਵੀ ਇਸ ਗੱਲ ਦਾ ਸਪਸ਼ਟ ਸਬੂਤ ਨਹੀਂ ਮਿਲਦਾ ਕਿ ਊਧਮ ਸਿੰਘ ਆਪ 13-14 ਅਪਰੈਲ 1919 ਨੂੰ ਜਲ੍ਹਿਆਂਵਾਲੇ ਬਾਗ਼ ਵਿੱਚ ਮੌਜੂਦ ਸੀ ਪਰ ਇਹ ਜ਼ਰੂਰ ਲੱਗਦਾ ਹੈ ਕਿ ਬ੍ਰਿਟਿਸ਼ ਸਰਕਾਰ ਵੱਲੋਂ 13 ਅਪਰੈਲ ਨੂੰ 1919 ਨੂੰ ਜਲ੍ਹਿਆਂਵਾਲੇ ਬਾਗ਼ ’ਚ ਵੱਡੀ ਪੱਧਰ ’ਤੇ ਕੀਤੇ ਨਿਹੱਥੇ ਨਿਰਦੋਸ਼ ਭਾਰਤੀ ਲੋਕਾਂ ਦੇ ਕਤਲੇਆਮ ਦਾ ਉਸ ’ਤੇ ਡੰੂਘਾ ਅਸਰ ਪਿਆ ਸੀ। ਇਸ ਘਟਨਾ ਨੇ ਉਸ ਦੇ ਮਨ ਵਿੱਚ ਅੰਗਰੇਜ਼ ਸਰਕਾਰ ਪ੍ਰਤੀ ਨਫ਼ਰਤ ਨੂੰ ਹੋਰ ਵਧੇਰੇ ਪ੍ਰਚੰਡ ਕੀਤਾ ਹੋਵੇਗਾ ਅਤੇ ਬ੍ਰਿਟਿਸ਼ ਸਰਕਾਰ ਵੱਲੋਂ ਲੱਖਾਂ ਭਾਰਤੀ ਲੋਕਾਂ ’ਤੇ ਕੀਤੇ ਜਾ ਰਹੇ ਅਕਹਿ ਜ਼ੁਲਮ, ਨਿਰਦੋਸ਼ ਲੋਕਾਂ ਨੂੰ ਕੁੱਟ-ਕੁੱਟ ਮਾਰਨਾ, ਔਰਤਾਂ ਨੂੰ ਕੁੱਟਣਾ, ਕੋੜੇ ਮਾਰਨਾ, ਤਸੀਹੇ ਦੇਣਾ, ਫਾਂਸੀਆਂ, ਕਾਲੇ ਪਾਣੀ ਦੀਆਂ ਸਜ਼ਾਵਾਂ ਆਦਿ ਜ਼ੁਲਮਾਂ ਦਾ ਬਦਲਾ ਲੈਣ ਦੀ ਸੌਂਹ ਖਾਧੀ ਹੋਵੇ।

ਊਧਮ ਸਿਘ ਸ਼ੁਰੂ ਤੋਂ ਹੀ ਗੁਪਤ ਕ੍ਰਾਂਤੀਕਾਰੀ ਬੈਠਕਾਂ ਵਿੱਚ ਲੁਕ-ਛਿਪ ਕੇ ਜਾਣ ਲੱਗ ਪਿਆ ਸੀ। ਕ੍ਰਾਂਤੀਕਾਰੀ ਲੋਕ ਨੌਜਵਾਨਾਂ ਨੂੰ ਅੰਗਰੇਜ਼ਾਂ ਦੇ ਵਿਰੁੱਧ ਤਿਆਰ ਕਰਨ ਲਈ ਇਹ ਬੈਠਕਾਂ ਤੇ ਮੀਟਿੰਗਾਂ ਗੁਪਤ ਰੂਪ ਵਿੱਚ ਕਰਦੇ ਸਨ। ਊਧਮ ਸਿੰਘ, ਪੰਡਿਤ ਹਰੀ ਚੰਦ, ਜਿਹੜਾ ਵੱਡਾ ਦੇਸ਼ ਭਗਤ ਤੇ ਇਨਕਲਾਬੀ ਵਿਚਾਰਾਂ ਦਾ ਸੀ, ਦੇ ਸੰਪਰਕ ’ਚ ਆ ਗਿਆ ਸੀ। ਉੱਥੇ ਜੋਸ਼ ਭਰੇ ਭਾਸ਼ਣਾਂ ਤੋਂ ਇਲਾਵਾ ਊਧਮ ਸਿੰਘ ਨੂੰ ਵੀਰ ਸਾਵਰਕਰ ਤੇ ਮਦਨ ਲਾਲ ਢੀਂਗਰਾ ਦੇ ਕਾਰਨਾਮੇ ਪੜ੍ਹਨ ਨੂੰ ਮਿਲੇ।

30 ਅਗਸਤ 1927 ਨੂੰ ਸ਼ਾਮ 7 ਵਜੇ ਸਿਟੀ ਕੋਤਵਾਲੀ ਅੰਮ੍ਰਿਤਸਰ ਪੁਲੀਸ ਨੇ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਇੱਕ ਸ਼ੱਕੀ ਆਦਮੀ ਨੂੰ ਫੜਨ ਵਾਸਤੇ ਕਟਰਾ ਸ਼ੇਰ ਸਿੰਘ ਦੀ ਵੇਸਵਾ ਨੂਰ ਜਾਨ ਖ਼ਾਨ ਦੇ ਘਰ ’ਤੇ ਛਾਪਾ ਮਾਰਿਆ। ਉੱਥੇ ਜਾ ਕੇ ਪੁਲੀਸ ਨੂੰ ਪਤਾ ਲੱਗਿਆ ਕਿ ਆਦਮੀ ਹੁਣੇ ਹੀ ਹਾਲ ਬਾਜ਼ਾਰ ਵੱਲ ਗਿਆ ਹੈ। ਪੁਲੀਸ ਨੇ ਹਾਲ ਬਾਜ਼ਾਰ ਵਿੱਚ ਊਧਮ ਸਿੰਘ ਦਾ ਪਿੱਛਾ ਕੀਤਾ ਤੇ ਉਸ ਨੂੰ ਫੜ ਲਿਆ ਗਿਆ। ਉਸ ਵੇਲੇ ਉਸ ਨੇ ਕਾਲੇ ਰੰਗ ਦੀ ਪੈਂਟ ਪਾਈ ਹੋਈ ਸੀ ਤੇ ਪੱਗੜੀ ਬੰਨ੍ਹੀ ਹੋਈ ਸੀ। ਉਸ ਦੀ ਤਲਾਸ਼ੀ ’ਤੇ ਉਸ ਦੇ ਕੋਟ ਦੀ ਜੇਬ੍ਹ ’ਚੋਂ ਇੱਕ ਭਰਿਆ ਹੋਇਆ ਪਿਸਤੌਲ ਮਿਲਿਆ। ਉਸ ਦਾ ਨੰਬਰ 85869 ਸੀ। ਪੁਲੀਸ ਅਨੁਸਾਰ ਪੁੱਛਗਿੱਛ ਦੌਰਾਨ ਉਸ ਵਿਅਕਤੀ ਨੇ ਆਪਣਾ ਨਾਂ ਉਦੇ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਸੁਨਾਮ, ਪਟਿਆਲਾ ਰਿਆਸਤ ਦੱਸਿਆ। ਉਸ ਨੇ ਕਿਹਾ ਕਿ ਅਮਰੀਕਾ ਤੋਂ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਲਈ ਆਇਆ ਹੈ।

13 ਮਾਰਚ 1940 ਨੂੰ ਦਿਨ ਬੁੱਧਵਾਰ ਸ਼ਾਮ ਦੇ 3 ਵਜੇ ਈਸਟ ਇੰਡੀਆ ਐਸੋਸੀਏਸ਼ਨ ਨੇ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਦੀ ਸਾਂਝ ਨਾਲ ਲੰਡਨ ਦੇ ਕੈਕਸਟਨ ਸਟਰੀਟ, ਵੈਸਟ ਮਿੰਨਸਟਰ ਸਥਿਤ ਕੈਕਸਟਨ ਹਾਲ ਦੇ ਟਿਊਡਰ ਕਮਰੇ ਵਿੱਚ ਮੀਟਿੰਗ ਸੱਦੀ ਸੀ।
ਜਦੋਂ ਹੀ ਮੀਟਿੰਗ ਖ਼ਤਮ ਹੋਈ ਅਤੇ ਲੋਕ ਜਾਣ ਦੀ ਤਿਆਰ ਕਰਨ ਲੱਗੇ। ਮਾਈਕਲ ਓਡਵਾਇਰ, ਲਾਰਡ ਲੈਮਿੰਗਟਨ ਅਤੇ ਲੁਈਸ ਡੇਨ ਪਲੇਟਫਾਰਮ ਦੇ ਨੇੜੇ ਇੱਕ ਛੋਟੇ ਗਰੁੱਪ ’ਚ ਖੜ੍ਹੇ ਸਨ ਅਤੇ ਜੈੱਟਲੈਂਡ ਦਾ ਪਲੇਟਫਾਰਮ ਤੋਂ ਹੇਠਾਂ ਉਤਰਨ ਦਾ ਇੰਤਜ਼ਾਰ ਕਰ ਰਹੇ ਸਨ ਤਾਂ ਕਿ ਮੀਟਿੰਗ ਦੀ ਕਾਮਯਾਬੀ ਲਈ ਉਸ ਨੂੰ ਵਧਾਈ ਦਿੱਤੀ ਜਾਵੇ। ਉਸ ਵੇਲੇ ਊਧਮ ਸਿੰਘ ਨੇ ਆਪਣੀ ਪਿਸਤੌਲ ਤੋਂ ਅੰਗਰੇਜ਼ ਅਫ਼ਸਰਾਂ ’ਤੇ ਛੇ ਗੋਲੀਆਂ ਚਲਾਈਆਂ। ਊਧਮ ਸਿੰਘ ਨੇ ਪਿੱਛੋਂ ਛੇ ਇੰਚ ਦੂਰੀ ਤੋਂ ਦੋ ਗੋਲੀਆਂ ਮਾਈਕਲ ਓਡਵਾਇਰ ਦੇ ਮਾਰੀਆਂ। ਉਹ ਮੌਕੇ ’ਤੇ ਹੀ ਮਰ ਗਿਆ। ਮਾਰਕੁਅਸ ਆਰ ਜੈੱਟਲੈਂਡ ਦੇ ਦੋ ਗੋਲੀਆਂ ਮਾਰੀਆਂ ਜਿਹੜੀਆਂ ਉਸ ਦੇ ਸਰੀਰ ਦੇ ਖੱਬੇ ਪਾਸੇ ਲੱਗੀਆਂ। ਇੱਕ ਗੋਲੀ ਲਾਰਡ ਲੈਮਿੰਗਟਨ ਦੇ ਮਾਰੀ ਉਹ ਉਸ ਦੇ ਸੱਜੇ ਹੱਥ ਵਿੱਚ ਲੱਗੀ। ਇੱਕ ਗੋਲੀ ਲੁਈਸ ਡੇਨ ਦੇ ਮਾਰੀ। ਉਹ ਉਸ ਦੇ ਸੱਜੀ ਬਾਂਹ ਦੇ ਅਗਲੇ ਹਿੱਸੇ ਵਿੱਚ ਲੱਗੀ। ਪਿਛਲੇ ਤਿੰਨਾਂ ਵਿਅਕਤੀਆਂ ਨੂੰ ਜ਼ਖ਼ਮ ਗੰਭੀਰ ਨਹੀਂ ਸਨ। ਗੋਲੀ ਚੱਲਣ ਦੀ ਘਟਨਾ ਨੂੰ ਕਈ ਲੋਕਾਂ ਨੇ ਦੇਖਿਆ। ਗੋਲੀ ਚੱਲਣ ਤੋਂ ਬਾਅਦ ਭਾਰੀ ਹਫ਼ੜਾ-ਦਫ਼ੜੀ ਮੱਚ ਗਈ ਅਤੇ ਊਧਮ ਸਿੰਘ ਭੀੜ ’ਚ ਬਾਹਰ ਨਿਕਲਣ ਲਈ ਦਰਵਾਜ਼ੇ ਵੱਲ ਵਧਿਆ। ਬਰਥਾ ਹੈਰਿੰਗ ਨਾਂ ਦੀ ਔਰਤ ਉਸ ਦੇ ਰਸਤੇ ’ਚ ਆ ਗਈ ਤੇ ਉਸ ਨੂੰ ਮੋਢੇ ਤੋਂ ਫੜ ਲਿਆ। ਉਸੇ ਵੇਲੇ ਇੱਕ ਵਿਅਕਤੀ ਵਿਲੀਅਮ ਹੈਰੀ ਰਿਚਸ਼ ਨੇ ਊਧਮ ਸਿੰਘ ਦੇ ਮੋਢਿਆਂ ’ਤੇ ਛਾਲ ਮਾਰੀ, ਜਿਸ ਨਾਲ ਊਧਮ ਸਿੰਘ ਜ਼ਮੀਨ ਉਪਰ ਡਿੱਗ ਪਿਆ ਅਤੇ ਪਿਸਤੌਲ ਉਸ ਦੇ ਹੱਥ ’ਚੋਂ ਛੁੱਟ ਗਿਆ। ਰਿਚਸ਼ ਨੇ ਪਿਸਤੌਲ ਨੂੰ ਪਰ੍ਹਾਂ ਧੱਕ ਦਿੱਤਾ।

ਊਧਮ ਸਿੰਘ ਨੂੰ ਕੈਨਲ ਰੋਅ ਪੁਲੀਸ ਸਟੇਸ਼ਨ ਲਿਜਾਇਆ ਗਿਆ। ਉੱਥੇ ਉਸ ਦੀਆਂ ਉਂਗਲੀਆਂ ਦੇ ਨਿਸ਼ਾਨ ਲਏ ਗਏ। ਉੱਥੇ ਊਧਮ ਸਿੰਘ ਨੇ ਸਾਵਧਾਨੀ ਨਾਲ ਇੱਕ ਬਿਆਨ ਦਰਜ ਕਰਵਾਇਆ ਜਿਸ ਨੂੰ ਜੋਨਜ਼ ਨੇ ਉਸ ਦੀ ਬੇਨਤੀ ’ਤੇ ਲਿਖਿਆ। ਊਧਮ ਸਿੰਘ ਨੇ ਇਸ ਨੂੰ ਪੜ੍ਹਿਆ ਅਤੇ ਫਿਰ ਉਸ ਉੱਪਰ ਦਸਤਖਤ ਕੀਤੇ। ਇਸ ਬਿਆਨ ਮੁਤਾਬਕ ‘‘ਮੈਨੂੰ ਇਸ ਗੱਲ ਬਾਰੇ ਡਿਵੀਜ਼ਨਲ ਡਿਟੈਕਟਿਵ ਇੰਸਪੈਕਟਰ ਸਵੈਨ ਨੇ ਸੁਪਰਡੈਂਟ ਸੈਂਡਜ਼ ਦੀ ਮੌਜੂਦਗੀ ਵਿੱਚ ਚੌਕਸ ਕੀਤਾ ਸੀ ਕਿ ਇਹ ਉਹ ਬਿਆਨ ਹੈ ਜਿਸ ਦੇ ਆਧਾਰ ’ਤੇ ਉਸ ਉੱਪਰ ਮੁਕੱਦਮਾ ਚੱਲੇਗਾ। ਮੈਂ ਜਾਣਦਾ ਹਾਂ ਕਿ ਜੋ ਕੁਝ ਮੈਂ ਕਹਾਂਗਾ ਉਹ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।’’
ਮੈਂ ਇੱਕ ਨੋਟਿਸ (ਇਸ਼ਤਿਹਾਰ) ਲੱਗਾ ਦੇਖਿਆ ਕਿ ਕੈਕਸਟਨ ਹਾਲ ਵਿੱਚ ਇੱਕ ਮੀਟਿੰਗ ਹੋਵੇਗੀ। ਮੈਂ ਬਾਹਰ ਆ ਗਿਆ ਤੇ ਗੇਟ ਉਪਰ ਖੜ੍ਹੇ ਵਿਅਕਤੀ ਨੇ ਕਿਹਾ ਕਿ ਉਹ ਸਰ ਹੁਸਨ ਨੂੰ 3.45 ਵਜੇ ਸ਼ਾਮੀਂ ਮਿਲ ਸਕਦਾ ਹੈ। ਮੈਂ ਉੱਥੋਂ ਤੁਰ ਪਿਆ ਤੇ ਫਿਰ ਵਾਪਸ ਨਹੀਂ ਗਿਆ। ਮੈਂ ਸੋਚਿਆ ਸੀ ਕਿ ਮੈਂ ਉਸ ਨੂੰ ਅੱਜ ਦੀ ਸਵੇਰ ਮਿਲਾਂਗਾ ਤਾਂ ਕਿ ਉਹ ਉਸ ਤੋਂ ਪਾਸਪੋਰਟ ਪਿੱਠਾਂਕਣ ਲਈ ਮਦਦ ਲੈ ਸਕੇ। ਇਸ ਸਵੇਰ (ਅੱਜ) ਮੈਂ ਸਰ ਹੁਸਨ ਨੂੰ ਮਿਲਣ ਦੇ ਇਰਾਦੇ ਨਾਲ ਜਾਗਿਆ ਪਰ ਫਿਰ ਮੈਂ ਮਨ ਬਦਲ ਲਿਆ। ਮੈਂ ਸੋਚਿਆ ਕਿ ਉਹ ਮੇਰੀ ਮਦਦ ਨਹੀਂ ਕਰ ਸਕੇਗਾ। ਅੱਜ ਸਵੇਰ ਜਦੋਂ ਮੈਂ ਕਮਰਾ ਛੱਡਿਆ ਤਾਂ ਸੋਚਿਆ ਕਿ ਲੈਸਟਰ ਸੁਕੇਅਰ ਵਿੱਚ ਪਾਲ ਰੋਬਸਨ ਦੀ ਫ਼ਿਲਮ ਦੇਖੀ ਜਾਵੇ। ਮੈਂ ਉੱਥੇ ਗਿਆ ਪਰ ਥੀਏਟਰ ਹਾਲੇ ਖੁੱਲ੍ਹਾ ਨਹੀਂ ਸੀ। ਮੈਂ ਫਿਰ ਘਰ ਪਰਤ ਆਇਆ, ਫਿਰ ਮੈਂ ਸੋਚਿਆ ਕਿ ਹੁਣ ਸਮਾਂ ਸੀ ਕਿ ਇਸ ਸ਼ਾਮ ਵਾਲੀ ਮੀਟਿੰਗ ਜਾਇਆ ਜਾਵੇ, ਆਪਣਾ ਵਿਰੋਧ ਪ੍ਰਗਟਾਉਣ ਲਈ ਮੈਂ ਘਰੋਂ ਆਪਣਾ ਪਿਸਤੌਲ ਕਿਸੇ ਨੂੰ ਮਾਰਨ ਦੇ ਇਰਾਦੇ ਨਾਲ ਨਹੀਂ ਸੀ ਚੁੱਕਿਆ ਪਰ ਸਿਰਫ਼ ਵਿਰੋਧ ਪ੍ਰਗਟਾਉਣ ਲਈ। ਖ਼ੈਰ, ਜਿਉਂ ਹੀ ਮੀਟਿੰਗ ਖ਼ਤਮ ਹੋਈ, ਮੈਂ ਪਿਸਤੌਲ ਆਪਣੀ ਜੇਬ੍ਹ ’ਚੋਂ ਬਾਹਰ ਕੱਢਿਆ ਅਤੇ ਗੋਲੀ ਚਲਾਈ। ਮੇਰੇ ਖ਼ਿਆਲ ਅਨੁਸਾਰ ਕੰਧ ਉਪਰ ਮੈਂ ਗੋਲੀ ਸਿਰਫ਼ ਰੋਸ ਪ੍ਰਗਟਾਉਣ ਲਈ ਹੀ ਚਲਾਈ। ਮੈਂ ਬ੍ਰਿਟਿਸ਼ ਸਾਮਰਾਜ ਅਧੀਨ ਭਾਰਤ ਵਿੱਚ ਲੋਕਾਂ ਨੂੰ ਭੁੱਖ ਨਾਲ ਮਰਦੇ ਦੇਖਿਆ ਹੈ। ਮੇਰਾ ਇਹ ਪਿਸਤੌਲ ਤਿੰਨ ਜਾਂ ਚਾਰ ਵਾਰ ਚੱਲਿਆ। ਮੈਨੂੰ ਇਹ ਰੋਸ ਪ੍ਰਗਟਾਉਣ ਦਾ ਕੋਈ ਅਫ਼ਸੋਸ ਨਹੀਂ। ਮੁਲਕ ਦੇ ਰੋਸ ਨੂੰ ਪ੍ਰਗਟਾਉਣ ਲਈ ਮੈਨੂੰ ਇਸ ਗੱਲ ਦਾ ਫ਼ਿਕਰ ਨਹੀਂ ਕਿ ਕੀ ਸਜ਼ਾ ਹੋਵੇਗੀ। 10, 20 ਜਾਂ 50 ਸਾਲ ਦੀ ਕੈਦ ਜਾਂ ਫਾਂਸੀ। ਮੈਂ ਆਪਣਾ ਫ਼ਰਜ਼ ਨਿਭਾਅ ਦਿੱਤਾ ਪਰ ਅਸਲ ਵਿੱਚ ਮੇਰਾ ਮੰਤਵ ਕਿਸੇ ਵਿਅਕਤੀ ਦੀ ਜਾਨ ਲੈਣਾ ਨਹੀਂ ਸੀ। ਕੀ ਤੁਸੀਂ ਜਾਣਦੇ ਹੋ ਮੇਰਾ ਮਤਲਬ ਤਾਂ ਸਿਰਫ਼ ਵਿਰੋਧ ਪ੍ਰਗਟਾਉਣਾ ਸੀ। ਤੁਸੀਂ ਜਾਣਦੇ ਹੋ।’’
(ਸ਼ਹੀਦ ਊਧਮ ਸਿੰਘ ਬਾਰੇ ਲਿਖੀ ਪੁਸਤਕ ਦੇ ਕੁਝ ਅੰਸ਼)

No comments:

Post a Comment