Tuesday, 17 September 2013

ਨਾਭੇ ਦਿਆ ਵੇ ਠਾਣੇਦਾਰਾ





ਪੰਜਾਬੀ ਲੋਕ ਗੀਤਾਂ ਜਾਂ ਬੋਲੀਆਂ ਵਿੱਚ ਜਿੱਥੇ ਪਰਿਵਾਰਕ, ਸਮਾਜਿਕ ਤੇ ਮਨ ਦੇ ਰਿਸ਼ਤਿਆਂ ਦਾ ਜ਼ਿਕਰ ਆਉਂਦਾ ਹੈ, ਉÎੱਥੇ ਸਮੇਂ-ਸਮੇਂ ਪਿੰਡ ਦੇ ਮੁਖੀਆਂ ਤੇ ਸਮੇਂ ਦੀ ਅਫ਼ਸਰਸ਼ਾਹੀ ਨਾਲ ਸਬੰਧਤ ਕਾਵਿ-ਵੰਨਗੀ ਵੀ ਮਿਲਦੀ ਹੈ। ਲੋਕ-ਕਾਵਿ ਸਿਰਜਣ ਵਾਲੀਆਂ ਗੁੰਮਨਾਮ ਕਵਿਤਰੀਆਂ ਨੇ ਸਾਡੇ ਪੁਰਾਣੇ ਸੱਭਿਆਚਾਰ ਦਾ ਕੋਈ ਵੀ ਪੱਖ ਅਛੂਤਾ ਨਹੀਂ ਛੱਡਿਆ। ਠਾਣੇ-ਕਚਹਿਰੀਆਂ ਤੋਂ ਲੈ ਕੇ ਠਾਣੇਦਾਰ ਤੇ ਸੈਸ਼ਨ ਜੱਜ ਤਕ ਦਾ ਜ਼ਿਕਰ ਵੀ ਕੀਤਾ ਗਿਆ ਹੈ। ਇਹ ਲੋਕ ਗੀਤ, ਉਨ੍ਹਾਂ ਸਮੇਂ ਦੀ ਧੂੜ ’ਚ ਦੱਬੇ ਨਾਵਾਂ ਵਾਲੀਆਂ ਕਵਿਤਰੀਆਂ ਦੇ ਪ੍ਰਬੁੱਧ ਤੇ ਪਰਪੱਕ ਕਿਰਦਾਰ ਦੀ ਸ਼ਾਅਦੀ ਭਰਦੀਆਂ ਗ਼ਜ਼ਲਾਂ-ਨਜ਼ਮਾਂ ਹੀ ਜਾਪਦੀਆਂ ਹਨ। ਇਹ ਕੁਝ ਹਿੰਮਤ ਵਾਲੀਆਂ ਸੂਝਵਾਨ ਔਰਤਾਂ ਹੋਣਗੀਆਂ ਜੋ ਆਪਣੇ ਅੰਦਰ ਦੀ ਆਵਾਜ਼ ਨੂੰ ਲੋਕ-ਕਾਵਿ ਦਾ ਨਾਂ ਦੇ ਗਈਆਂ। ਕੁਝ ਉਹ ਵੀ ਹੋਣਗੀਆਂ ਜੋ ਆਪਣੇ ਸੀਨੇ ’ਚ ਖੋਰੂ ਪਾਉਂਦੇ ਵਿਚਾਰਾਂ, ਤਕਰਾਰਾਂ ਜਾਂ ਸੱਧਰਾਂ ਨੂੰ ਹਿੱਕ ’ਚ ਦੱਬ ਕੇ ਹੀ ਇਸ ਦੁਨੀਆਂ ਤੋਂ ਰੁਖਸਤ ਹੋ ਗਈਆਂ ਹੋਣਗੀਆਂ…।
ਲੋਕ-ਕਾਵਿ ਦੇ ਅਨਮੋਲ ਖ਼ਜ਼ਾਨੇ ਵਿੱਚ ਬੜਾ ਕੁਝ ਸਾਂਭਿਆ ਪਿਆ ਹੈ। ਸਮਾਜ ਦੇ ਮੋਹਤਬਰ ਬੰਦਿਆਂ ਜਿਵੇਂ ਸਫ਼ੈਦਪੋਸ਼, ਚੌਧਰੀ, ਜ਼ੈਲਦਾਰ ਤੇ ਲੰਬੜਦਾਰ ਆਦਿ ਤੋਂ ਲੈ ਕੇ ਸਰਕਾਰੀ-ਦਰਬਾਰੀ ਲੋਕ ਵੀ ਇਨ੍ਹਾਂ ਵਿੱਚ ਸ਼ਾਮਲ ਹਨ। ਇਨ੍ਹਾਂ ਗੀਤਾਂ-ਬੋਲੀਆਂ ਵਿੱਚ ਡਿਪਟੀ, ਠਾਣੇਦਾਰ, ਹੌਲਦਾਰ, ਸਿਪਾਹੀ ਤੋਂ ਇਲਾਵਾ ਪਟਵਾਰੀ ਬਹੁ-ਚਰਚਿਤ ਕਿਰਦਾਰ ਹੈ। ਪੰਜਾਬੀ ਲੋਕ-ਕਾਵਿ ਵਿੱਚ ਲੰਬੜਦਾਰ ਦਾ ਵੀ ਬਹੁਤ ਬੋਲਬਾਲਾ ਹੈ। ਬੇਸ਼ੱਕ ਠਾਣੇਦਾਰ ਤੇ ਪਟਵਾਰੀ ਦਾ ਜ਼ਿਕਰ ਸਭ ਤੋਂ ਵੱਧ ਹੈ ਕਿਉਂਕਿ ਇਨ੍ਹਾਂ ਦੋਵਾਂ ਵਿਅਕਤੀਆਂ ਦਾ ਸਾਡੇ ਪੇਂਡੂ ਸਮਾਜ ਨਾਲ ਬਹੁਤ ਵਾਹ-ਵਾਸਤਾ ਰਿਹਾ ਹੈ ਪਰ ਅਸਲ ਵਿੱਚ ਠਾਣੇਦਾਰ ਦਾ ਰੁਤਬਾ ਉਸ ਸਮੇਂ ਬੜੀ ਅਹਿਮੀਅਤ ਰੱਖਦਾ ਸੀ। ਪੰਜਾਬੀ ਵਿਰਸੇ ਦਾ ਸ਼ੀਸ਼ਾ ਆਖੇ ਜਾਣ ਵਾਲੇ ਲੋਕ-ਕਾਵਿ ਵਿੱਚ ਠਾਣੇਦਾਰ ਦਾ ਬਿੰਬ ਬੜਾ ਉਘੜਵਾਂ ਰਿਹਾ ਹੈ। ਪੰਜਾਬੀ ਪੇਂਡੂ ਲੋਕਾਂ ਦਾ ਸੁਭਾਅ ਬੜਾ ਕੋਰਾ-ਕਰਾਰਾ ਤੇ ਖੜਕੇ-ਦੜਕੇ ਵਾਲਾ ਹੁੰਦਾ ਹੈ। ਇਸ ਲਈ ਇਹ ਕਈ ਵਾਰ ਲੋਕ-ਕਾਵਿ ’ਚ ਪ੍ਰਗਟ ਹੁੰਦਾ ਹੈ। ਮਿਸਾਲ ਲਈ ਬੋਲੀ ਪੇਸ਼ ਹੈ:
ਮੱਕੀ ਦੀ ਰੋਟੀ ਉÎੱਤੇ ਮਿਰਚਾਂ ਭੁੱਕਾਂਗੇ,
ਲੈ ਲੈ ਲੰਬੜਦਾਰੀ ਆਪਾਂ ਲੋਕਾਂ ਨੂੰ ਕੁੱਟਾਂਗੇ’’
ਇੱਕ ਹੋਰ ਬੋਲੀ ਵਿੱਚ ਲੰਬੜਦਾਰ ਨੂੰ ਠਾਣੇਦਾਰ ਤੋਂ ਵੱਧ ਤਾਕਤਵਾਰ ਬਣਾ ਕੇ ਪੇਸ਼ ਕੀਤਾ ਹੈ:
ਤੌੜਾ ਆਰ ਸੁੱਟੀਦਾ, ਤੌੜਾ ਪਾਰ ਸੁੱਟੀਦਾ,
ਲੰਬੜਦਾਰਾਂ ਦੇ ਦਰਵਾਜ਼ੇ ਠਾਣੇਦਾਰ ਕੁੱਟੀਦਾ
ਇਹ ਗੀਤ ਜਾਂ ਬੋਲੀਆਂ ਸਾਡੀ ਪੁਰਾਤਨ ਲੋਕ ਧਾਰਾ ਨਾਲ ਜੁੜੀਆਂ ਹੋਈਆਂ ਹਨ। ਮੁੱਖ ਤੌਰ ’ਤੇ ਠਾਣੇਦਾਰ ਨੂੰ ਹੀ ਇਨ੍ਹਾਂ ’ਚ ਸਿਰਮੌਰ ਮੰਨਿਆ ਗਿਆ ਹੈ। ਇਸ ਦੀ ਪੁਸ਼ਟੀ ਵੀ ਲੋਕ-ਕਾਵਿ ਹੀ ਕਰਦਾ ਹੈ। ਪੁੱਤ ਦੀ ਲੋਹੜੀ ਮੌਕੇ, ਲੋਹੜੀ ਮੰਗਣ ਵਾਲੇ ਉਹਦੀ ਤੁਲਨਾ ਠਾਣੇਦਾਰ ਨਾਲ ਕਰਕੇ ਆਪਣਾ ਚਾਅ ਪੂਰਾ ਕਰਦੇ ਹੋਏ ਗਾਉਂਦੇ ਹਨ:
ਲੋਹੜੀ ਬਈ ਲੋਹੜੀ ਤੇਰਾ ਪੁੱਤ ਚੜੂਗਾ ਘੋੜੀ।
ਜਿਹੜਾ ਦੇਵੇ ਕਣਕ ਜੁਆਰ, ਉਹਦਾ ਪੁੱਤ ਠਾਣੇਦਾਰ।
ਕੋਈ ਪੁੱਤ ਜੇ ਸੱਚਮੁੱਚ ਠਾਣੇਦਾਰ ਬਣ ਜਾਂਦਾ ਤਾਂ ਉਸ ਦੇ ਨੇੜੇ ਦੇ ਰਿਸ਼ਤੇਦਾਰ ਤਾਂ ਕੀ ਦੂਰ ਦੀਆਂ ਸਕੀਰੀਆਂ ਵਾਲੇ, ਦੋਸਤ-ਮਿੱਤਰ ਤੇ ਜਾਣੂ ਵੀ ਆਪਣੀ ਪੂਰੀ ਟੌਹਰ ਸਮਝਦੇ। ਔਰਤਾਂ ਇਸ ਸਾਂਝ ’ਤੇ ਬੜਾ ਮਾਣ ਕਰਦੀਆਂ ਹਨ ਤੇ ਕਈ ਵਾਰ ਕਿਸੇ ਨੂੰ ਦਬਕਾ ਵੀ ਮਾਰਦੀਆਂ:
ਬਾਰੀਂ ਵਰਸੀਂ ਖੱਟਣ ਗਿਆ ਸੀ, ਖੱਟ ਕੇ ਲਿਆਂਦੀ ਥਾਲੀ,
ਕੈਦ ਕਰਾ ਦਊਂਗੀ ਮੈਂ ਠਾਣੇਦਾਰ ਦੀ ਸਾਲੀ
ਇਸੇ ਤਰ੍ਹਾਂ ਠਾਣੇਦਾਰੀ ਦੇ ਦਬਾਅ ਹੇਠ ਆਈ ਕੋਈ ਦੁੱਖ ਰੋਂਦੀ ਹੈ:
ਬਾਰੀਂ ਬਰਸੀਂ ਖੱਟਣ ਗਿਆ ਸੀ, ਖੱਟ ਕੇ ਲਿਆਂਦਾ ਹਾਰ,
ਇੱਕ ਮੇਰੀ ਨਣਦ ਬੁਰੀ, ਨਣਦੋਈਆ ਠਾਣੇਦਾਰ’’
ਮੁੱਢ ਕਦੀਮ ਤੋਂ ਹੀ ਭੈਣਾਂ ਨੂੰ ਆਪਣੇ ਭਰਾਵਾਂ ’ਤੇ ਬੜਾ ਮਾਣ ਰਿਹਾ ਹੈ। ਬੇਸ਼ੱਕ ਅਜੋਕੇ ਯੁੱਗ ਵਿੱਚ ਹੋਰ ਰਿਸ਼ਤਿਆਂ ਵਾਂਗੂੰ ਇਹ ਪਵਿੱਤਰ ਤੇ ਸਭ ਤੋਂ ਨੇੜੇ ਦਾ ਰਿਸ਼ਤਾ ਤਿੜਕ ਗਿਆ ਹੈ ਪਰ ਭੈਣਾਂ ਨੇ ਲੋਕ-ਕਾਵਿ ਵਿੱਚ ਵੀਰ ਨੂੰ ਬੜਾ ਹੀ ਮਾਣ ਤੇ ਸਥਾਨ ਦਿੱਤਾ ਹੈ। ਭੈਣ ਕਹਿੰਦੀ ਹੈ:
ਕੁਰਸੀ ਮੇਰੇ ਵੀਰ ਦੀ ਠਾਣੇਦਾਰ ਦੇ ਬਰਾਬਰ ਡਹਿੰਦੀ।
ਵੀਰ ਮੇਰਾ ਨੀ ਜੁਆਈ ਠਾਣੇਦਾਰ ਦਾ ਸੰਮਾਂ ਵਾਲੀ ਡਾਂਗ ਰੱਖਦਾ।
ਡੱਬੀ ਘੋੜੀ ਮੇਰੇ ਵੀਰ ਦੀ ਠਾਣੇਦਾਰ ਦੀ ਹਵੇਲੀ ਹਿਣਕੇ।
ਠਾਣੇਦਾਰ ਨਾਲ ਸਬੰਧਤ ਵੱਖ-ਵੱਖ ਤਰ੍ਹਾਂ ਦੀਆਂ ਕਾਵਿ-ਟੂਕਾਂ ਪੰਜਾਬੀ ਲੋਕ-ਕਾਵਿ ਵਿੱਚ ਮਿਲਦੀਆਂ ਹਨ ਜੋ ਸਿੱਧੇ ਢੰਗ ਨਾਲ ਵੀ ਗੱਲ ਕਰਦੀਆਂ ਹਨ ਤੇ ‘ਟੇਢੇ’ ਤਰੀਕੇ ਨਾਲ ਵੀ, ਵੰਨਗੀ ਦੇਖੋ:
ਰੜਕੇ-ਰੜਕੇ-ਰੜਕੇ,
ਵਿੱਚ ਕੋਤਵਾਲੀ ਦੇ ਠਾਣੇਦਾਰ ਤੇ ਦਰੋਗਾ ਲੜ ਪੇ।
ਤੀਲੀ ਲੌਂਗ ਦਾ ਮੁਕੱਦਮਾ ਭਾਰੀ, ਠਾਣੇਦਾਰਾ ਸੋਚ ਕੇ ਕਰੀਂ।
ਚੱਕੀ ਹੋਈ ਲੰਬੜਾਂ ਦੀ, ਠਾਣੇਦਾਰ ਦੇ ਬਰਾਬਰ ਬੋਲੇ।
ਇੱਕ-ਦੋ ਸਤਰਾਂ ਵਾਲੀਆਂ ਬੋਲੀਆਂ ਤੋਂ ਇਲਾਵਾ ਲੰਮੀਆਂ ਬੋਲੀਆਂ ਜਾਂ ਲੰਮੇ ਗੌਣਾਂ ਵਿੱਚ ਵੀ ਠਾਣੇਦਾਰ ਹਾਜ਼ਰ ਹੈ। ਕਦੇ ਕੋਈ ਨਖਰੇ ਵਾਲੀ ਮੁਟਿਆਰ ਠਾਣੇਦਾਰ ਨੂੰ ਹੁਕਮ ਚਾੜ੍ਹਦੀ ਹੋਈ ਕਹਿੰਦੀ ਹੈ:
ਆ ਠਾਣੇਦਾਰਾ ਵੇ ਜਾਹ ਠਾਣੇਦਾਰਾ,
ਸਾਡੇ ਬੰਗਲੇ ਨੂੰ ਮੋਰੀਆਂ ਰਖਾ ਠਾਣੇਦਾਰਾ।
ਇੱਕ ਲੰਮੇ ਗੌਣ ਵਿੱਚ ਗਹਿਣਿਆਂ ਨਾਲ ਜੋੜ ਕੇ ਠਾਣੇਦਾਰ ਨੂੰ ਸੰਬੋਧਨ ਕੀਤਾ ਹੈ:
ਸਾਨੂੰ ਟਿੱਕਾ ਘੜਾ ਦੇ ਵੇ, ਨਾਭੇ ਦਿਆ ਠਾਣੇਦਾਰਾ,
ਸਾਡੀ ਦਗੇ ਜਵਾਨੀ ਵੇ, ਜਿਉਂ ਦਗਦਾ ਏ ਆਵਾ…।
ਸਾਨੂੰ ਕੈਂਠੀ ਘੜਾ ਦੇ ਵੇ, ਨਾਭੇ ਦਿਆ ਠਾਣੇਦਾਰਾ,
ਸਾਡੀ ਦਗੇ ਜਵਾਨੀ ਵੇ, ਜਿਉਂ ਦਗਦਾ ਏ ਆਵਾ…।
ਕੋਈ ਸਮਾਂ ਸੀ ਜਦੋਂ ਠਾਣੇਦਾਰ ਨੂੰ ਨਹੀਂ ਬਲਕਿ ਕਿਸੇ ਸਿਪਾਹੀ ਨੂੰ ਦੇਖ ਕੇ ਵੀ ਲੋਕ ਸਕਤੇ ’ਚ ਆ ਜਾਂਦੇ ਸਨ ਕਿਉਂਕਿ ਉਹ ਅੱਜ ਵਰਗਾ ਭ੍ਰਿਸ਼ਟਾਚਾਰ ਤੇ ਜੁਰਮ ਦਾ ਯੁੱਗ ਨਹੀਂ ਸੀ ਕਿ ਥਾਂ-ਥਾਂ ਪੁਲੀਸ ਫਿਰਦੀ ਹੈ ਭਾਵੇਂ ਦੋਸ਼ੀ ਚੋਰ-ਮੋਰੀਆਂ ’ਚੋਂ ਖਿਸਕ ਹੀ ਜਾਂਦੇ ਹਨ। ਇੱਕ ਲੰਮੇ ਗੌਣ ਵਿੱਚ ਇਸ ਤਰ੍ਹਾਂ ਦਾ ਜ਼ਿਕਰ ਹੈ ਜਿਹੜਾ ਡਾ. ਕਰਮਜੀਤ ਸਿੰਘ ਦੀ ਪੁਸਤਕ ਲੋਕ ਗੀਤਾਂ ਦੀ ਪੈੜ ’ਚ ਹੈ:
ਥੱਲੇ ਸੀ ਘੋੜਾ ਪੈਰ ਸੀ ਜੋੜਾ ਲੋਕਾਂ ਭਾਣੇ ਠਾਣੇਦਾਰ ਆਇਆ,
ਰਾਹੀ ਵੀ ਡਰ ਗਏ ਘਾਹੀ ਵੀ ਡਰ ਗਏ ਲੋਕ ਕਹਿੰਦੇ ਠਾਣੇਦਾਰ ਆਇਆ,
ਨਾ ਡਰੋ ਰਾਹੀਓ ਨਾ ਡਰੋ ਘਾਹੀਓ, ਭੈਣਾਂ ਪ੍ਰਦੇਸਣਾਂ ਦਾ ਵੀਰ ਆਇਆ…।
ਪਿਛਲੇ ਸਮਿਆਂ ’ਚ ਮੇਲੇ, ਛਿੰਜਾਂ ਤੇ ਕੁਸ਼ਤੀਆਂ-ਦੰਗਲ ਆਦਿ ਪੇਂਡੂ ਲੋਕਾਂ ਲਈ ਖਾਸ ਖਿੱਚ ਦਾ ਸਥਾਨ ਹੁੰਦੇ। ਇਨ੍ਹਾਂ ਮੇਲਿਆਂ-ਮੁਸਾਹਵਿਆਂ ਵਿੱਚ ਗੱਭਰੂ ਦਾਰੂ ਪਿਆਲਾ ਪੀ ਕੇ ਰੜਕਾਂ ਕੱਢਦੇ ਲੜਾਈ-ਝਗੜੇ ਕਰ ਲੈਂਦੇ, ਜਿਨ੍ਹਾਂ ਦਾ ਜ਼ਿਕਰ ਲੰਮੀਆਂ ਬੋਲੀਆਂ ਵਿੱਚ ਬੜੀ ਖ਼ੂਬਸੂਰਤੀ ਨਾਲ ਕੀਤਾ ਗਿਆ ਹੈ। ਇਹ ਸਾਰੀ ਭੂਤਰੀ ਮੁੰਡੀਹਰ ਠਾਣੇਦਾਰ ਨੂੰ ਵੀ ਵਿੱਚ ਹੀ ਦਵੱਲ ਲੈਂਦੀ ਜੋ ਬੋਲੀ ’ਚ ਵਰਨਣ ਹੈ:
ਆਰੀ-ਆਰੀ-ਆਰੀ, ਵਿੱਚ ਜਗਰਾਵਾਂ ਦੇ ਲੱਗਦੀ ਰੋਸ਼ਨੀ ਭਾਰੀ,
ਵੈਲੀਆਂ ਦਾ ’ਕੱਠ ਹੋ ਗਿਆ ਬੋਤਲਾਂ ਮੰਗਾ ਲਈਆਂ ਚਾਲੀ,
ਚਾਲੀਆਂ ’ਚੋਂ ਇੱਕ ਬਚ ਗਈ ਠਾਣੇਦਾਰ ਦੇ ਮੱਥੇ ਵਿੱਚ ਮਾਰੀ,
ਠਾਣੇਦਾਰ ਇਉਂ ਡਿੱਗਿਆ ਜਿਵੇਂ ਹਲ ਤੋਂ ਡਿੱਗੇ ਪੰਜਾਲੀ…।
ਅਜਿਹਾ ਹੀ ਦ੍ਰਿਸ਼ ਪੇਸ਼ ਕਰਦੀ ਇੱਕ ਹੋਰ ਮਿਲਦੀ-ਜੁਲਦੀ ਬੋਲੀ ਹੈ:
ਆਰੀ-ਆਰੀ-ਆਰੀ, ਮੇਲਾ ਛਪਾਰ ਲੱਗਦਾ, ਲੱਗਦਾ ਜਰਗ ਤੋਂ ਭਾਰੀ,
’ਕੱਠ ਮੁਸ਼ਟੰਡਿਆਂ ਦਾ ਬੋਤਲਾਂ ਮਗਾ ਲਈਆਂ ਚਾਲੀ,
ਤਿੰਨ ਸੇਰ ਸੋਨਾ ਲੁੱਟਿਆ ਭਾਨ ਲੁੱਟੀ ਹੱਟੀ ਦੀ ਸਾਰੀ,
ਠਾਣੇਦਾਰਾ ਚੜ੍ਹ ਘੋੜੀ ਤੇਰਾ ਯਾਰ ਕੁੱਟਿਆ ਪਟਵਾਰੀ,
ਠਾਣੇਦਾਰ ਤਿੰਨ ਚੜ੍ਹ ਗਏ ਲੈ ਕੇ ਨਫਰੀ ਭਾਰੀ,
ਮੁੰਡਿਆਂ ਨੇ ਘੇਰ ਲਿਆ ਹੋ ਗਈ ਝੜੱਪ ਕਰਾਰੀ,
ਸਿਰ ਵਿੱਚ ਠਾਣੇਦਾਰ ਦੇ ਪੈਰ ਜੋੜ ਗੰਡਾਸੀ ਮਾਰੀ,
ਵਾਕਾ ਹੋ ਜਾਂਦਾ ਜੇ ਆਉਂਦੀ ਨਾ ਪੁਲੀਸ ਸਰਕਾਰੀ…।
ਪੰਜਾਬੀ ਲੋਕ-ਕਾਵਿ ਵਿੱਚ ਘਰ-ਪਰਿਵਾਰ ਤੋਂ ਕੋਰਟਾਂ-ਕਚਹਿਰੀਆਂ ’ਚੋਂ ਹੁੰਦਾ ‘ਠਾਣੇਦਾਰ’ ਮੇਲਿਆਂ ਤਕ ਪੁੱਜ ਜਾਂਦਾ ਹੈ। ਇਹ ਲੋਕ ਗੀਤਾਂ ਦੀ ਖਾਸੀਅਤ ਹੈ ਕਿ ਉਹ ਸਦਾ ਸਮਾਜ ਦੇ ਵਰਤਾਰੇ ਨੂੰ ਸੱਚੋ-ਸੱਚ ਸਮਾਜ ਦੇ ਸਨਮੁੱਖ ਪੇਸ਼ ਕਰਦੇ ਹਨ। ਰਜਨੀਸ਼ ਓਸ਼ੋ ਅਨੁਸਾਰ ਕਵੀ ਕਈ ਵਾਰ ਭਵਿੱਖਬਾਣੀ ਵੀ ਕਰ ਦਿੰਦਾ ਹੈ। ਮੈਨੂੰ ਜਾਪਦਾ ਹੈ ਸਾਡੀਆਂ ਇਹ ਪੂਰਵਜ ਕਵਿਤਰੀਆਂ, ਜਿਨ੍ਹਾਂ ਕੋਲ ਨਾ ਕਲਮ ਸੀ, ਨਾ ਕਾਗ਼ਜ਼, ਨਾ ਅੱਖਰਾਂ ਦੀ ਪਛਾਣ ਸੀ ਤੇ ਨਾ ਹੀ ਲਿਖਣ ਦੀ ਸੂਝ ਪਰ ਉਹ ਵੀ ਆਪਣੀਆਂ ਡੂੰਘੀਆਂ ਭਾਵਨਾਵਾਂ ਦੇ ਜ਼ੋਰ ਭਵਿੱਖਬਾਣੀ ਕਰਨ ਦੇ ਸਮਰੱਥ ਸਨ। ਸਦੀਆਂ ਪਹਿਲਾਂ ਕੀਤੀ ਉਨ੍ਹਾਂ ਦੀ ਭਵਿੱਖਬਾਣੀ ਅੱਜ ਦੇ ਸਮਾਜ ’ਚ ਪ੍ਰਤੱਖ ਦੇਖੀ ਜਾ ਸਕਦੀ ਹੈ ਜੋ ਉਨ੍ਹਾਂ ਨੇ ਠਾਣੇਦਾਰ ਨਾਲ ਸਬੰਧਤ ਗੀਤ ਵਿੱਚ ਕੀਤੀ ਸੀ:
ਠਾਣੇਦਾਰਾ ਨਵੀਂ ਹਵੇਲੀ ਪਾ, ਵੇ ਠਾਣੇਦਾਰਾ ਦੋ ਮੰਜੀਆਂ ਦੀ ਥਾਂ,
ਇੱਕ ਤੇਰੀ ਤੇ ਇੱਕ ਮੇਰੀ ਵੇ, ਭੁੰਜੇ ਰੁਲੂਗੀ ਤੇਰੀ ਮਾਂ,
ਵੇ ਠਾਣੇਦਾਰਾ ਨਵੀਂ ਹਵੇਲੀ ਪਾ…।
ਇਹ ਗੱਲ ਮਾਣ ਵਾਲੀ ਹੈ ਕਿ ਉਦੋਂ ਦਾ ਠਾਣੇਦਾਰ (ਪੁੱਤ) ਅੱਜ ਦੇ ਠਾਣੇਦਾਰਾਂ ਵਰਗਾ ਨਹੀਂ ਸੀ, ਉਹ ਮਾਪਿਆਂ ਦਾ ਆਦਰ ਕਰਦਾ ਸੀ। ਕਾਸ਼! ਅੱਜ ਦੇ ਅਸਲੀ ਠਾਣੇਦਾਰ ਇਨ੍ਹਾਂ ਵਿਗੜੇ ਠਾਣੇਦਾਰਾਂ (ਪੁੱਤਾਂ) ਨੂੰ ਰਾਹੇ ਪਾਉਣ ਤੇ ਨਸ਼ੇ ਦੇ ਤਸਕਰਾਂ ਨੂੰ ਜੇਲ੍ਹੀਂ ਤਾੜਨ!

-ਪਰਮਜੀਤ ਕੌਰ ਸਰਹਿੰਦ
* ਮੋਬਾਈਲ:98728-98599


No comments:

Post a Comment