Tuesday, 17 September 2013

ਔਰਤਾਂ ’ਚ ਫ਼ਾਲਤੂ ਕੱਪੜਿਆਂ ਦੀ ਹੋੜ



ਆਦਿ ਕਾਲ ਤੋਂ ਔਰਤਾਂ ਆਪਣੇ-ਆਪ ਨੂੰ ਹੀਰੇ, ਜਵਾਹਰਾਤਾਂ ਨਾਲ ਸਜਾ ਕੇ ਇਸ ਸਮਾਜ ਦੀ ਸ਼ੋਭਾ ਵਧਾਉਂਦੀਆਂ ਰਹੀਆਂ ਹਨ। ਰਾਜੇ-ਮਹਾਰਾਜਿਆਂ ਦੀਆਂ ਰਾਣੀਆਂ ਦੀ ਇਹ ਤੀਬਰ ਇੱਛਾ ਰਹੀ ਹੈ ਕਿ ਉਹ ਜ਼ਰੀ, ਪੱਟ, ਪਸ਼ਮੀਨੇ ਪਹਿਨਣ ਤੇ ਸੋਨੇ ਦੇ ਗਹਿਣਿਆਂ ਤੇ ਹੀਰਿਆਂ ਨਾਲ ਆਪਣੇ-ਆਪ ਨੂੰ ਸ਼ਿੰਗਾਰ ਕੇ ਰੱਖਣ। ਇਹ ਰੁਚੀ ਏਨੀ ਪ੍ਰਬਲ ਰਹੀ ਹੈ ਕਿ ਇੰਗਲੈਂਡ ਦੀ ਰਾਣੀ ਜੋ ਕੱਪੜੇ ਇੱਕ ਦਿਨ ਪਹਿਨ ਲਵੇ, ਉਨ੍ਹਾਂ ਨੂੰ ਦੁਬਾਰਾ ਨਹੀਂ ਪਹਿਨਦੀ। ਸਾਡੇ ਦੇਸ਼ ਵਿੱਚ ਵੀ ਅਮੀਰ ਘਰਾਂ ਦੀਆਂ ਔਰਤਾਂ ਕੱਪੜਿਆਂ ਦੇ ਇੰਨੇ ਥਾਨ ਘਰ ਵਿੱਚ ਜਮ੍ਹਾਂ ਕਰ ਲੈਂਦੀਆਂ ਹਨ ਕਿ ਉਹ ਕਿਸੇ ਛੋਟੀ ਕੱਪੜੇ ਦੀ ਦੁਕਾਨ ਦੇ ਬਰਾਬਰ ਹੁੰਦੇ ਹਨ। ਅੱਜ-ਕੱਲ੍ਹ ਪੜ੍ਹੀਆਂ-ਲਿਖੀਆਂ ਔਰਤਾਂ ਦੀ ਭੁੱਖ ਵੀ ਕੱਪੜੇ ਪ੍ਰਤੀ ਘਟੀ ਨਹੀਂ, ਸਗੋਂ ਨਵੇਂ-ਨਵੇਂ ਗਹਿਣੇ ਤੇ ਮਹਿੰਗੇ ਤੋਂ ਮਹਿੰਗੇ ਕੱਪੜੇ ਇਨ੍ਹਾਂ ਖ਼ੂਬਸੂਰਤ ਔਰਤਾਂ ਦੀ ਸੁੰਦਰਤਾ ਵਿੱਚ ਵਾਧਾ ਕਰੀ ਜਾ ਰਹੇ ਹਨ। ਜਿਹੜੀ ਔਰਤ ਦੇ ਕੱਪੜੇ ਸਾਦੇ ਹੋਣ ਅੱਜ-ਕੱਲ੍ਹ ਉਸ ਨੂੰ ਕਿਸੇ ਗਿਣਤੀ ’ਚ ਨਹੀਂ ਗਿਣਿਆ ਜਾਂਦਾ।
ਬੇਸ਼ੱਕ ਜੇ ਔਰਤ ਸੋਹਣੀ ਹੋਵੇ ਤੇ ਫਬਵੇਂ ਕੱਪੜੇ ਪਹਿਨੇ ਤਾਂ ਇਹ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਕਈ ਔਰਤਾਂ ਰੀਸ ਕਾਰਨ ਵੀ ਕੱਪੜੇ ਦੇ ਜਾਲ ਵਿੱਚ ਇਸ ਕਦਰ ਫਸ ਜਾਂਦੀਆਂ ਹਨ ਕਿ ਬਾਕੀ ਘਰ ਦੇ ਖਰਚੇ ਚਲਾਉਣੇ ਮੁਸ਼ਕਲ ਹੋ ਜਾਂਦੇ ਹਨ। ਗੱਲ ਇਹ ਵੀ ਹੈ ਕਿ ਜੇ ਔਰਤ ਨੂੰ ਰੱਬ ਨੇ ਹੁਸਨ ਦਿੱਤਾ ਹੈ ਤਾਂ ਉਹ ਸਾਦੇ ਕੱਪੜਿਆਂ ’ਚ ਵੀ ਕਿਸੇ ਰਾਣੀ ਨਾਲੋਂ ਘੱਟ ਨਹੀਂ ਹੁੰਦੀ। ਰੱਬ ਵੱਲੋਂ ਦਿੱਤੀ ਸ਼ਕਲ, ਸੂਰਤ ਪਰਮਾਤਮਾ ਦੀ ਬਹੁਤ ਵੱਡੀ ਬਖਸ਼ਿਸ਼ ਹੈ ਤੇ ਕਈ ਵਾਰ ਕੋਈ ਸੋਹਣੀ ਜਿਹੀ ਨੂੰਹ ਸਾਰੇ ਪਿੰਡ ਦੀ ਤਵੱਜੋ ਆਪਣੇ ਵੱਲ ਖਿੱਚਣ ਦੀ ਸ਼ਕਤੀ ਵੀ ਰੱਖਦੀ ਹੈ। ਲੋਕੀਂ ਲੁਕ-ਲੁਕ ਕੇ ਕਿਸੇ ਔਰਤ ਦੇ ਹੁਸਨ ਦੀਆਂ ਝਲਕਾਂ ਵੇਖਦੇ ਹਨ ਤੇ ਉਸ ਦੀ ਖ਼ੂਬਸੂਰਤੀ ਦੀਆਂ ਤਾਰੀਫ਼ਾਂ ਵੀ ਕਰਦੇ ਹਨ। ਸਿਆਣਿਆਂ ਨੇ ਕਿਹਾ ਹੈ ਕਿ ਸੁੰਦਰ ਨਾਰੀ ਤਾਂ ਘਰ ਦਾ ਸ਼ਿੰਗਾਰ ਹੁੰਦੀ ਹੈ। ਇਹੀ ਵਜ੍ਹਾ ਹੈ ਕਿ ਔਰਤ ਨੂੰ ਖ਼ੁਸ਼ ਰੱਖਣ ਲਈ ਘਰ ਦਾ ਮਾਲਕ ਉਸ ਦੀ ਇੱਛਾ-ਪੂਰੀ ਕਰਨ ਵਿੱਚ ਹੀ ਆਪਣਾ ਭਲਾ ਸਮਝਦਾ ਹੈ।
ਕਈ ਔਰਤਾਂ ਹਰ ਮਹੀਨੇ 2 ਜਾਂ 4 ਸੂਟ ਸਿਲਵਾ ਕੇ ਆਪਣੀ ਕੱਪੜਿਆਂ ਪ੍ਰਤੀ ਭੁੱਖ ਨੂੰ ਪੂਰਾ ਕਰਦੀਆਂ ਹਨ। ਕਈਆਂ ਦੀ ਫਿਰ ਵੀ ਤਸੱਲੀ ਨਹੀਂ ਹੁੰਦੀ ਤੇ ਉਹ ਹਰ ਰੋਜ਼ ਹੀ ਬੁਟੀਕਾਂ ਦੇ ਚੱਕਰ ਕੱਟਦੀਆਂ ਵੇਖੀਆਂ ਜਾ ਸਕਦੀਆਂ ਹਨ। ਇਸ ਦਾ ਦਰਜ਼ੀਆਂ ਨੇ ਖ਼ੂਬ ਫਾਇਦਾ ਉਠਾਇਆ ਹੈ ਤੇ ਸ਼ਹਿਰ ਦੀ ਹਰ ਗਲੀ ਜਾਂ ਬਾਜ਼ਾਰ ਵਿੱਚ ਇਨ੍ਹਾਂ ਦੀਆਂ ਦੁਕਾਨਾਂ ਵਧਦੀਆਂ ਹੀ ਜਾ ਰਹੀਆਂ ਹਨ।
ਇਹ ਵੀ ਇੱਕ ਸਚਾਈ ਹੈ ਕਿ ਜੇ ਘਰ ਦੀ ਔਰਤ ਖ਼ੁਸ਼ ਰਹੇਗੀ ਤਾਂ ਘਰ ਵਿੱਚ ਹਾਸੇ, ਕਿਲਕਾਰੀਆਂ ਤੇ ਬੱਚਿਆਂ ਦੀਆਂ ਖ਼ੁਸ਼ੀਆਂ ਬਰਕਰਾਰ ਰਹਿ ਸਕਦੀਆਂ ਹਨ।   ਔਰਤਾਂ ਨੂੰ ਵੀ ਕਿਸੇ ਤਰ੍ਹਾਂ ਦੀ ਖਰੀਦ ਕਰਨ ਤੋਂ ਪਹਿਲਾਂ ਘਰ ਦਾ ਬਜਟ ਜ਼ਰੂਰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਇਹ ਨਾ ਹੋਵੇ ਕਿ ਘਰ ਦੀ ਔਰਤ ਨਵੇਂ-ਨਵੇਂ ਕੱਪੜੇ ਤਾਂ ਬਦਲਾਈ ਜਾਵੇ ਪਰ ਬੱਚਿਆਂ ਦੀ ਖੁਰਾਕ ਤੇ ਪੜ੍ਹਾਈ ਵੱਲ ਕੋਈ ਧਿਆਨ ਨਾ ਦੇਵੇ ਜਾਂ ਘਰ ਦੇ ਬਾਕੀ ਖਰਚਿਆਂ ਵਿੱਚ ਕਿਰਸ ਕਰਨੀ ਪਵੇ। ਚੰਗੀ ਗੱਲ ਤਾਂ ਇਹ ਹੋਵੇਗੀ ਜੇ ਔਰਤ ਸਾਦੇ ਕੱਪੜੇ ਪਹਿਨ ਕੇ ਵੀ ਘਰ ਦੀ ਖ਼ੁਸ਼ੀ ਤੇ ਸ਼ੋਭਾ ਹੋਰ ਵਧਾ ਸਕੇ। ਇਕੱਲੇ ਕੱਪੜਿਆਂ ਨਾਲ ਵੀ ਕੋਈ ਔਰਤ ਏਨੀ ਖ਼ੂਬਸੂਰਤ ਨਹੀਂ ਬਣ ਸਕਦੀ।  ਬਾਹਰਲੀ ਸੁੰਦਰਤਾ ਦੀ ਬਜਾਏ ਜੇ ਅੰਦਰਲੀ ਸੁੰਦਰਤਾ ਵਧਾਈ ਜਾਵੇ ਤਾਂ ਕਿਸੇ ਵੀ ਘਰ ਦਾ ਕਲਿਆਣ ਹੋ ਸਕਦਾ ਹੈ।
ਪੁਰਾਣੇ ਸਮਿਆਂ ’ਚ ਔਰਤਾਂ ਸਾਦੇ ਕੱਪੜੇ ਪਹਿਨ ਕੇ ਵੀ ਕਿੰਨੀਆਂ ਖ਼ੁਸ਼ ਰਹਿੰਦੀਆਂ ਸਨ ਤੇ  ਸਾਰੇ ਘਰ ਦੇ ਖਰਚ ਪੂਰੇ ਕਰ ਲੈਦੀਆਂ ਸਨ। ਕਈ ਵਾਰ ਤਾਂ ਇਹ ਔਰਤਾਂ ਵਿਹਲੇ ਸਮੇਂ ਚਰਖਾ ਕੱਤ ਕੇ ਘਰ ਦੀ ਖ਼ੁਸ਼ੀ ’ਚ ਵਾਧਾ ਕਰਦੀਆਂ ਸਨ। ਘਰੇ ਸੂਤ ਕੱਤ ਕੇ ਕੱਪੜੇ, ਖੇਸ, ਦਰੀਆਂ ਬੁਣ ਲੈਂਦੀਆਂ ਸਨ ਤੇ ਘਰ ਦੀਆਂ ਕੁੜੀਆਂ ਵੀ ਇਸੇ ਰੁਝਾਨ ’ਚ ਪੈ ਕੇ ਆਪਣਾ ਲੋੜੀਂਦਾ ਦਾਜ ਤਿਆਰ ਕਰ ਲੈਂਦੀਆਂ ਸਨ। ਘਰਾਂ ’ਚ ਬੁਣੇ ਗਏ ਕੱਪੜੇ ਵਧੇਰੇ ਹੰਢਣਸਾਰ ਹੁੰਦੇ ਸਨ ਤੇ ਹੱਥੀਂ ਕੀਤੀ ਮਿਹਨਤ ਦਾ ਆਨੰਦ ਵੀ ਆਉਂਦਾ ਸੀ।
ਹੁਣ ਭਾਵੇਂ ਜ਼ਮਾਨੇ ਨਾਲ ਕਦਮ ਮਿਲਾ ਕੇ ਤਾਂ ਚੱਲਣਾ ਹੀ ਪਵੇਗਾ ਪਰ ਸਮਝਦਾਰੀ ਵਰਤਣੀ ਪਵੇਗੀ। ਏਨਾ ਕੁ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਕਿਸੇ ਵੀ ਖ਼ੁਸ਼ੀ ਨੂੰ ਬਰਕਰਾਰ ਰੱਖਣ ਲਈ ਘਰ ਦੀ ਆਮਦਨ ਤੇ ਖਰਚਿਆਂ ਦਾ ਜ਼ਰੂਰ ਖਿਆਲ ਰੱਖਿਆ ਜਾਵੇ ਤਦ ਹੀ ਘਰ ਦੀ ਹੋਂਦ ਨੂੰ ਕਾਇਮ ਰੱਖਿਆ ਜਾ ਸਕਦਾ ਹੈ ਨਹੀਂ ਤਾਂ ਕੱਪੜਿਆਂ ’ਤੇ ਕੀਤਾ ਬੇਲੋੜਾ ਖਰਚ ਕਿਸੇ ਵੀ ਘਰ ਦਾ ਮੂੰਹ ਦੂਜੇ ਪਾਸੇ ਲਾ ਸਕਦਾ ਹੈ ਤੇ ਘਰ ਦੀ ਹੋਂਦ ਨੂੰ ਇਸ ਵਜ੍ਹਾ ਕਾਰਨ ਖਤਰਾ ਪੈਦਾ ਹੋ ਸਕਦਾ ਹੈ।
ਜੇ ਦਿਲ ’ਚ ਮਲਾਲ ਹੋਵੇ ਤੇ ਰੂਹ ’ਚ ਪਿਆਰ ਨਾ ਹੋਵੇ ਤਾਂ ਇਕੱਲਾ ਲਿਬਾਸ ਵੀ ਸਾਨੂੰ ਕੋਈ ਖ਼ੁਸ਼ੀ ਨਹੀਂ ਦੇ ਸਕਦਾ। ਸੁਰਜੀਤ ਪਾਤਰ ਦਾ ਇਹ ਸ਼ੇਅਰ ਇਸ ਦੀ ਤਰਜਮਾਨੀ ਇੰਜ ਕਰਦਾ ਹੈ:
ਕਿੱਥੇ ਨੇ ਤੇਰੇ ਨੈਣੀਂ
ਉਹ ਸੰਦਲੀ ਸਵੇਰੇ
ਕਿੱਥੇ ਉਹ ਤੇਰੇ ਦਿਲ ਦਾ 
ਖਿੜਿਆ ਕੰਵਲ ਗਿਆ ਹੈ।

-ਅਜੀਤ ਸਿੰਘ ਚੰਦਨ 
* ਮੋਬਾਈਲ: 98723-51093


No comments:

Post a Comment